ਸੋਸ਼ਲ ਮੀਡੀਆ ਸਟਾਰ !    ਉੱਘਾ ਸੰਗੀਤਕਾਰ ਬਾਬਾ ਜੀ. ਏ. ਚਿਸ਼ਤੀ !    ਸਮਾਜ, ਸਾਹਿਤ ਤੇ ਸਿਨਮਾ !    ਸੱਜੇ ਹੱਥ ਵਰਗੇ ਲੋਕ !    ਲੋਪ ਹੋਏ ਟੱਪਾ ਨੁਮਾ ਲੋਕ ਗੀਤ !    ਮੁਆਫ਼ੀ ਅਹਿਸਾਸ ਜਾਂ ਸੰਕਲਪ !    ਖ਼ੂਨੀ ਵਿਸਾਖੀ-ਤਣਾਅ ਤੇ ਦੁਖਾਂਤ ਦੀ ਪੇਸ਼ਕਾਰੀ !    ਚਿੱਤਰਾਂ ਨਾਲ ਸੰਵਾਦ ਰਚਾਉਂਦੀ ਅੰਮ੍ਰਿਤਾ !    ਛੋਟਾ ਪਰਦਾ !    ਕਿਰਤ ਦੇ ਸੱਚ ਨੂੰ ਪ੍ਰਣਾਇਆ ਨੌਜਵਾਨ !    

ਦੇਖ ਕਬੀਰਾ ਰੋਇਆ…

Posted On November - 22 - 2014

ਹਰਫ਼ਾਂ ਦੇ ਆਰ-ਪਾਰ / ਵਰਿੰਦਰ ਵਾਲੀਆ

ਭਾਰਤ ਰਿਸ਼ੀਆਂ-ਮੁਨੀਆਂ ਅਤੇ ਗੁਰੂਆਂ ਦੇ ਚਰਨ-ਛੋਹ ਵਾਲੀ ਧਰਤੀ ਹੈ ਜਿਨ੍ਹਾਂ ਦੇ ਪ੍ਰਕਾਸ਼ ਨਾਲ ਅੰਧਕਾਰ ਤੇ ਅੰਧਵਿਸ਼ਵਾਸ ਦੀ ਧੁੰਦ ਮਿਟ ਗਈ ਤੇ ਜਗ ਵਿੱਚ ਚਾਨਣ ਹੋਇਆ ਸੀ। ਮੱਧਕਾਲੀਨ ਯੁੱਗ ਵਿੱਚ ਭਗਤੀ ਲਹਿਰ ਚੱਲੀ ਜਿਸ ਨੇ ਲੋਕਾਂ ਦੇ ਮੱਥਿਆਂ ਵਿੱਚ ਚੇਤਨਾ ਦੇ ਚਿਰਾਗ਼ ਬਾਲੇ ਸਨ। ਉਨ੍ਹਾਂ ਵੱਲੋਂ ਰਚੀ ਗਈ ਬਾਣੀ ਨੇ ਸਮਾਜਿਕ ਨਾਬਰਾਬਰੀ ਅਤੇ ਨਫ਼ਰਤ ਨੂੰ ਖ਼ਤਮ ਕਰ ਕੇ ਭਗਤੀ ਅਤੇ ਸਾਂਝੀਵਾਲਤਾ ਦੇ ਦਰ-ਦਰਵਾਜ਼ੇ ਖੋਲ੍ਹੇ ਸਨ। ਇਸ ਲਹਿਰ ਨੂੰ ਭਗਤੀ ਅੰਦੋਲਨ ਕਹਿ ਕੇ ਵੀ ਯਾਦ ਕੀਤਾ ਜਾਂਦਾ ਹੈ। ਕਿਸੇ ਵੀ ਅੰਦੋਲਨ ਲਈ ਬੀਰ-ਰਸ ਕਾਵਿ ਦੀ ਬੇਹੱਦ ਅਹਿਮੀਅਤ ਹੁੰਦੀ ਹੈ। ਗੁਰੂ ਨਾਨਕ ਦੇਵ ਨੇ,‘‘ਜਉ ਤਉ ਪ੍ਰੇਮ ਖੇਲਣ ਕਾ ਚਾਉ।। ਸਿਰੁ ਧਰਿ ਤਲੀ ਗਲੀ ਮੇਰੀ ਆਉ।।’’ ਦਾ ਸ਼ਬਦ ਉਚਾਰ ਕੇ ਇਸ ਲਹਿਰ ਦੀ ਬੁਨਿਆਦ ਨੂੰ ਪੱਕਿਆਂ ਕੀਤਾ ਸੀ।
ਮਹਾਨ ਕ੍ਰਾਂਤੀਕਾਰੀ ਕਬੀਰ ਜੀ ਵੀ ਭਗਤੀ ਲਹਿਰ ਦੇ ਧਰੂ-ਤਾਰੇ ਹਨ। ਅਰਬੀ ਭਾਸ਼ਾ ਵਿੱਚ ਕਬੀਰ ਦਾ ਅਰਥ ‘ਮਹਾਨ’ ਹੈ। ਉਹ ਪਰਮ ਜਗਿਆਸੂ ਅਤੇ ਕ੍ਰਾਂਤੀਕਾਰੀ ਸੰਤ ਸਨ। ਉਨ੍ਹਾਂ ਸਮਾਜਿਕ ਅਨਿਆਂ ਵਿਰੁੱਧ ਬਗ਼ਾਵਤ ਦਾ ਝੰਡਾ ਚੁੱਕ ਕੇ ਨਿਤਾਣਿਆਂ ਤੇ ਨਿਆਸਰਿਆਂ ਨੂੰ ਚਿਣਗਾਂ ਅਤੇ ਚਾਨਣ ਵੰਡਿਆ। ਉਹ ਘੁੱਪ ਹਨੇਰੇ ਵਿੱਚ ਮਸ਼ਾਲ ਵਾਂਗ ਵਿਚਰੇ ਤੇ ਦਬੇ-ਕੁਚਲੇ ਲੋਕਾਂ ਨੂੰ ਜਨਮ-ਮਰਨ ਦੇ ਭੈਅ ਤੋਂ ਮੁਕਤ ਕਰ ਕੇ ਸਿਰ ਉੱਚਾ ਕਰ ਕੇ ਜਿਉਣ ਦੀ ਜਾਚ ਸਿਖਾਈ। ਉਨ੍ਹਾਂ ਫ਼ਰਮਾਇਆ ਕਿ ਜਿਹੜਾ ਜੰਮਿਆ ਹੈ, ਉਸ ਨੇ ਆਖ਼ਰ ਮਰ ਜਾਣਾ ਹੈ ਪਰ ਬਹੁਤੇ ਲੋਕਾਂ ਨੂੰ ਮਰਨ ਦੀ ਜਾਚ ਹੀ ਨਹੀਂ ਆਉਂਦੀ। ‘ਮਰਨ ਦੀ ਜਾਚ’ ਸਿੱਖਣ ਦਾ ਹੋਕਾ ਭਗਤੀ ਅੰਦੋਲਨ ਦੀ ਬੁਨਿਆਦ ਬਣਿਆ ਜਿਸ ਦਾ ਆਮ ਮੌਤ ਨਾਲੋਂ ਬੁਨਿਆਦੀ ਫ਼ਰਕ ਸੀ। ਭਾਵ, ਉਨ੍ਹਾਂ ਮੌਤ ਨੂੰ ਵੀ ਸਨਮਾਨ ਨਾਲ ਜੋੜ ਦਿੱਤਾ ਜਿਸ ਦਾ ਅਰਥ ਸ਼ਹਾਦਤ ਸੀ।
ਕਬੀਰਾ ਮਰਤਾ ਮਰਤਾ ਜਗੁ ਮੁਆ, ਮਰਿ ਭਿ ਨ ਜਾਨੈ ਕੋਇ।।
ਐਸੀ ਮਰਨੀ ਜੋ ਮਰੈ, ਬਹੁਰਿ ਨ ਮਰਨਾ ਹੋਇ।।
ਕਬੀਰ ਸਾਹਿਬ ਦੇ ਦੋਹਿਆਂ ਨੇ ਆਮ ਲੋਕਾਈ ਵਿੱਚ ਨਵੀਂ ਰੂਹ ਫੂਕ ਦਿੱਤੀ ਸੀ। ਉਹ ਜਿਉਂਦੀਆਂ ਲਾਸ਼ਾਂ ਦੀ ਬਜਾਏ ਜਿਉਂਦਾ ਸ਼ਹੀਦਾਂ ਦੀ ਕਤਾਰ ਵਿੱਚ ਖੜ੍ਹਨ ਨੂੰ ਤਰਜੀਹ ਦੇਣ ਲੱਗੇ:
ਕਬੀਰ ਜਿਸੁ ਮਰਨੇ ਤੇ ਜਗੁ ਡਰੈ, ਮੇਰੈ ਮਨਿ ਅਨੰਦੁ
ਮਰਨੇ ਹੀ ਤੇ ਪਾਈਐ, ਪੂਰਨੁ ਪਰਮਾਨੰਦੁ
ਸਮੇਂ ਦੀ ਹਕੂਮਤ ਅਤੇ ਕੱਟੜਪੰਥੀ ਫ਼ਿਰਕਿਆਂ ਲਈ ਵਿਦਰੋਹੀ ਸੁਰ ਵਾਲੀ ਬਾਣੀ ਖ਼ਤਰੇ ਦੀ ਘੰਟੀ ਸੀ। ਕਹਿੰਦੇ ਹਨ ਕਿ ਧਾਰਮਿਕ ਜਨੂੰਨੀਆਂ ਨੇ ਕਬੀਰ ਸਾਹਿਬ ’ਤੇ ਕਈ ਹਮਲੇ ਵੀ ਕਰਵਾਏ ਤਾਂ ਜੋ ਇਨਕਲਾਬ ਦੀ ਚੰਗਿਆੜੀ ਨੂੰ ਭਾਂਬੜ ਬਣਨ ਤੋਂ ਪਹਿਲਾਂ ਹੀ ਬੁਝਾ ਦਿੱਤਾ ਜਾਵੇ। ਜਾਨੀ ਹਮਲਿਆਂ ਦੇ ਬਾਵਜੂਦ ਕਬੀਰ ਜੀ ਦੀ ਕਲਮ, ਕਟਾਰ ਵਾਂਗ ਚੱਲਦੀ ਰਹੀ:
ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ
ਪੁਰਜਾ ਪੁਰਜਾ ਕਟਿ ਮਰੈ, ਕਬਹੂ ਨ ਛਾਡੇ ਖੇਤੁ
ਸਲਾਖਾਂ ਪਿੱਛੇ ਦਿਨ-ਕਟੀ ਕਰ ਰਹੇ ਅਖੌਤੀ ਸੰਤ, ਰਾਮਪਾਲ ਕਬੀਰਪੰਥੀ ਹੋਣ ਦਾ ਦਾਅਵਾ ਕਰਦੇ ਹਨ। ਉਹ ਧਰਮ ਦੀ ਆਪਣੇ ਹੀ ਢੰਗ ਨਾਲ ਪਰਿਭਾਸ਼ਾ ਦੱਸਦਾ ਸੀ ਜਿਸ ਕਰਕੇ ਉਹ ‘ਪੁਰਜਾ ਪੁਰਜਾ ਕਟਿ ਮਰੈ/ਕਬਹੂ ਨ ਛਾਡੈ ਖੇਤੁ’ ਦੇ ਸਿਧਾਂਤ ’ਤੇ ਖਰਾ ਉਤਰਨ ਦੀ ਬਜਾਏ ਆਪਣੇ ਆਲੀਸ਼ਾਨ ਸਤਲੋਕ ਆਸ਼ਰਮ (ਬਰਵਾਲਾ-ਹਰਿਆਣਾ) ਵਿੱਚੋਂ ਦੁਬਕਿਆ ਹੋਇਆ ਫੜਿਆ ਗਿਆ – ਕਬੀਰ ਬੇੜਾ ਜਰਜਰਾ/ਫੂਟੇ ਛੇਕ ਹਜ਼ਾਰ; ਹਰੂਏ ਹਰੂਏ ਤਿਰਿ ਗਏ/ਡੂਬੇ ਜਿਨ ਸਿਰ ਭਾਰ।।
ਧਰਮ ਦਾ ਪ੍ਰਚਾਰ ਕਰਨ ਵਾਲਾ ਅਖੌਤੀ ਬਾਬਾ ਖੁਦ ਕਸੌਟੀ ’ਤੇ ਨਾ ਉਤਰ ਸਕਿਆ – ਕਬੀਰ ਕਸਉਟੀ ਰਾਮ ਕੀ/ਝੂਠਾ ਟਿਕੇ ਨ ਕੋਇ।।
ਅਖੌਤੀ ਸਾਧਾਂ-ਸੰਤਾਂ ਦੇ ਡੇਰੇ ਦਰਅਸਲ ਜੁਗਨੂੰਆਂ ਦੀ ਨਿਆਈਂ ਹੁੰਦੇ ਹਨ ਜੋ ਘੁੱਪ ਹਨੇਰੇ ਵਿੱਚ ਹੀ ਚਮਕ-ਦਮਕ ਸਕਦੇ ਹਨ। ਅਦਨਾ ਜਿਹਾ ਦੀਵਾ ਬਲਣ ਨਾਲ ਹੀ ਅਜਿਹੇ ਟਟਹਿਣਿਆਂ ਦਾ ਪਾਜ ਉੱਘੜ ਜਾਂਦਾ ਹੈ। ਅੰਨ੍ਹੀ ਸ਼ਰਧਾ ਅਤੇ ਅੰਧਵਿਸ਼ਵਾਸ ਅੱਗੇ ਹਜ਼ਾਰ ਅੰਨ੍ਹੇ ਖੂਹ ਪੁੱਟੇ ਪਏ ਮਿਲਦੇ ਹਨ। ਵਿਦਵਾਨ ਵਾਲਟੇਅਰ ਕਹਿੰਦਾ ਹੈ,‘‘ਮੂਰਖਾਂ ਨੂੰ ਉਨ੍ਹਾਂ ਸੰਗਲਾਂ ਤੋਂ ਆਜ਼ਾਦ ਕਰਵਾਉਣਾ ਅਤਿ ਕਠਿਨ ਕਾਰਜ ਹੈ, ਜਿਨ੍ਹਾਂ ਦੀ ਉਹ ਪੂਜਾ ਕਰਦੇ ਹਨ।’’ ਭੇਡਚਾਲ ਨਾਲ ਤਾਲ ਮਿਲਾਉਣ ਵਾਲੇ ਅੰਧਰਾਤੇ ਤੋਂ ਪੀੜਤ ਹੁੰਦੇ ਹਨ। ਇਸੇ ਲਈ ਸਿਰਫ਼ ਭੇਡਾਂ ਨੂੰ ਹੀ ਚਰਵਾਹੇ ਦੀ ਜ਼ਰੂਰਤ ਹੁੰਦੀ ਹੈ। ਚਰਵਾਹੇ ਦੀਆਂ ਅੱਖਾਂ ਵਿੱਚ ਚਿੱਟਾ ਜਾਂ ਕਾਲਾ  ਮੋਤੀਆਬਿੰਦ ਉਤਰ ਜਾਵੇ ਤਾਂ ਭੇਡਾਂ ਦਾ ਫਿਰ ਰੱਬ ਹੀ ਰਾਖਾ ਹੁੰਦਾ ਹੈ।
ਦੇਸ਼ ਧਰੋਹ ਦੇ ਦੋਸ਼ ਭੁਗਤ ਰਹੇ ਸਤਲੋਕ ਆਸ਼ਰਮ ਦੇ ਮੁਖੀ ਸੰਤ ਰਾਮਪਾਲ ਨੇ 1995 ਵਿੱਚ ਕਬੀਰਪੰਥੀ ਸੰਤ ਸਵਾਮੀ ਰਾਮਦੇਵਾਨੰਦ ਜੀ ਮਹਾਰਾਜ ਦੇ ਸਤਿਸੰਗ ਸੁਣਨ ਤੋਂ ਬਾਅਦ 18 ਸਾਲ ਲੰਬੀ ਜੂਨੀਅਰ ਇੰਜੀਨੀਅਰ ਦੀ ਨੌਕਰੀ ਛੱਡ ਕੇ ਖ਼ੁਦ ਸਤਿਸੰਗ ਕਰਨਾ ਸ਼ੁਰੂ ਕਰ ਦਿੱਤਾ ਸੀ। ਸੰਨ 1999 ਵਿੱਚ ਉਸ ਨੇ ਕਰੌਂਥਾ ਪਿੰਡ ਵਿੱਚ ਸਤਲੋਕ ਆਸ਼ਰਮ ਦੀ ਨੀਂਹ ਰੱਖੀ ਸੀ। ਵੇਖਦੇ ਹੀ ਵੇਖਦੇ ਉਸ ਨੇ ਇੱਕ ਅਰਬ ਰੁਪਏ ਦੀ ਜ਼ਮੀਨ, 70 ਲਗਜ਼ਰੀ ਗੱਡੀਆਂ ਦਾ ਫਲੀਟ ਅਤੇ ਬੇਸ਼ੁਮਾਰ ਧਨ-ਦੌਲਤ ਇਕੱਠੀ ਕਰ ਲਈ। ਉਸ ਦਾ ਆਸ਼ਰਮ ਮਹਿਲਨੁਮਾ ਤੋਂ ਇਲਾਵਾ ਕਿਲ੍ਹਾਨੁਮਾ ਹੈ ਜਿਸ ਦੀ ਚਾਰਦੀਵਾਰੀ ਅੰਦਰ ਧਰਮ ਨੂੰ ਇੱਕ ਸਨਅਤ ਵਾਂਗ ਚਲਾਇਆ ਜਾ ਰਿਹਾ ਸੀ। ਅਖੌਤੀ ਬਾਬਿਆਂ ਦੇ ਡੇਰੇ ਅਜਿਹੇ ਉਦਯੋਗ ਹਨ ਜਿਨ੍ਹਾਂ ਨੂੰ ਕਦੇ ਘਾਟਾ ਨਹੀਂ ਪੈਂਦਾ। ਸੱਚਾ ਵਣਜ ਕਰਨ ਦਾ ਦਾਅਵਾ ਕਰਨ ਵਾਲੇ ਦਰਅਸਲ ਕੂੜ ਦਾ ਸੌਦਾ ਵੇਚ ਰਹੇ ਹੁੰਦੇ ਹਨ। ਪੁੱਜੇ ਹੋਏ ਸੰਤਾਂ ਦੀ ਮਹਿਮਾ ਹੋਰ ਗੱਲ ਹੈ। ਉਹ ਕਾਮ, ਕਰੋਧ, ਲੋਭ, ਮੋਹ ਤੇ ਹੰਕਾਰ ਵਰਗੇ ਵਿਕਾਰਾਂ ਤੋਂ ਨਿਰਲੇਪ ਹੁੰਦੇ ਹਨ। ਅਜਿਹੇ ਸੰਤਾਂ ’ਤੇ ਦੂਸ਼ਣ ਲਾਉਣ ਵਾਲਿਆਂ ਨੂੰ ਕਿਸੇ ਦਰਗਾਹ ਢੋਈ ਨਹੀਂ ਮਿਲਦੀ – ਸੰਤ ਕੈ ਦੂਖਨਿ ਜਮ ਤੇ ਨਹੀ ਛੁਟੈ।। ਇੱਥੇ ਅਸੀਂ ਅਖੌਤੀ ਸੰਤ-ਬਾਬਿਆਂ ਦੀ ਚਰਚਾ ਕਰ ਰਹੇ ਹਾਂ ਜੋ ਰੱਬ ਤੇ ਭੋਲੇ-ਭਾਲੇ ਲੋਕਾਂ ਦਰਮਿਆਨ ਠੇਕੇਦਾਰੀ ਕਰਦੇ ਹਨ। ਅਜਿਹੇ ਧਰਮ ਦੇ ਠੇਕੇਦਾਰ ਰੱਬ ਦੀ ਮਨਘੜਤ ਪਰਿਭਾਸ਼ਾ ਦੇ ਕੇ ਭੋਲੇ ਭਾਲੇ ਲੋਕਾਂ ਨੂੰ ਆਪਣੇ ਚੁੰਗਲ ਵਿੱਚ ਫਸਾਉਂਦੇ ਹਨ। ਭਟਕ ਰਹੇ ਜਗਿਆਸੂ ਦੇ ਪੈਰ ਗਾਡੀ ਰਾਹ ਤੋਂ ਉੱਖੜ ਜਾਂਦੇ ਹਨ। ਫਰਾਂਸ ਵਿੱਚ ਇੱਕ ਅਖਾਣ ਹੈ,‘‘ਜੇ ਤ੍ਰਿਕੋਣਾਂ ਦਾ ਕੋਈ ਰੱਬ ਹੁੰਦਾ ਤਾਂ ਉਹ ਵੀ ਤਿੰਨ ਕੋਣਾਂ ਵਾਲਾ ਹੀ ਹੋਣਾ ਸੀ।’’ ਕਬੀਰ ਸਾਹਿਬ ਫ਼ਰਮਾਉਂਦੇ ਹਨ – ਐਸੋ ਅਚਰਜੁ ਦੇਖਿਓ ਕਬੀਰ।। ਦਧਿ ਕੈ ਭੋਲੈ ਬਿਰੋਲੈ ਨੀਰੁ।। (ਭਾਵ, ਕਬੀਰ ਐਹੋ ਜਿਹੇ ਅਸਚਰਜ ਵੇਖੇ ਹਨ ਕਿ ਦਹੀਂ ਦੇ ਭੁਲੇਖੇ ਪਾਣੀ ਨੂੰ ਰਿੜਕਿਆ ਜਾ ਰਿਹਾ ਹੈ)।
ਅਪਰਾਧ ਦੀ ਬੁਨਿਆਦ ’ਤੇ ਖੜ੍ਹਾ ਤਲਿਸਮ ਆਖ਼ਰ ਜ਼ਮੀਨਦੋਜ਼ ਹੋ ਜਾਂਦਾ ਹੈ। ਸਵਰਗਾਂ ਦਾ ਰਾਹ ਵਿਖਾਉਣ ਵਾਲਾ ਜਦੋਂ ਖ਼ੁਦ ਨਰਕ ਦੀ ਦਲਦਲ ਵਿੱਚ ਫਸ ਜਾਵੇ ਤਾਂ ਢੌਂਗ ਚਿੱਪਰ-ਚਿੱਪਰ ਹੋ ਜਾਂਦਾ ਹੈ। ਅਜਿਹਾ ਹਸ਼ਰ ਆਸਾਰਾਮ ਅਤੇ ਰਾਮਪਾਲ ਸਮੇਤ ਕਈ ਅਖੌਤੀ ਸੰਤਾਂ ਦਾ ਹੋ ਚੁੱਕਾ ਹੈ। ਮਰਨ-ਮਰਾਉਣ ’ਤੇ ਉਤਰਨ ਵਾਲੇ ਅਤੇ ਸਤਲੋਕ ਆਸ਼ਰਮ ’ਤੇ ਬਣੇ ਮਚਾਣਾਂ ’ਤੇ ਖੜ੍ਹੇ ਤਿੰਨ ਹਜ਼ਾਰ ਤੋਂ ਵੱਧ ਸ਼ਰਧਾਲੂ ਤੇ ਪ੍ਰਾਈਵੇਟ ਬਲੈਕ ਕਮਾਂਡੋ ਆਪਣੇ ‘ਸਾਈਂ’ ਨੂੰ ਸਲਾਖਾਂ ਪਿੱਛੇ ਜਾਣ ਤੋਂ ਨਹੀਂ ਬਚਾ ਸਕੇ। ਉਨ੍ਹਾਂ ਨੂੰ ਵਿਸ਼ਵਾਸ ਸੀ ਕਿ ਜੇ ਉਹ ਆਪਣੇ ਸੰਤ ਨੂੰ ਬਚਾਉਣ ਖਾਤਰ ‘ਸ਼ਹੀਦ’ ਵੀ ਹੋ ਗਏ ਤਾਂ ਉਨ੍ਹਾਂ ਲਈ ਸਵਰਗ ਦੇ ਦਰਵਾਜ਼ੇ ‘ਸਿਮ ਸਿਮ ਖੁੱਲ੍ਹ ਜਾ’ ਵਾਂਗ ਖੁੱਲ੍ਹ ਜਾਣਗੇ। ਹੁਣ ਦਰਵਾਜ਼ੇ ਤਾਂ ਕੀ, ਉਨ੍ਹਾਂ ਲਈ ਤਮਾਮ ਖਿੜਕੀਆਂ ਅਤੇ ਰੋਸ਼ਨਦਾਨ ਵੀ ਬੰਦ ਹੋ ਗਏ। ਆਸਥਾ ਚਕਨਾਚੂਰ ਹੋ ਗਈ ਹੈ। ਕਾਨੂੰਨ ਨੂੰ ਠੁੱਠ ਵਿਖਾਉਣ ਵਾਲੇ ਰਾਮਪਾਲ ਦੀਆਂ ਅੱਖਾਂ ਵਿੱਚ ਅੱਜ ਲਾਚਾਰੀ ਹੈ। ਕਾਨੂੰਨ ਦੇ ਸ਼ਿਕੰਜੇ ਵਿੱਚ ਜਕੜਿਆ ਹੋਇਆ ਅੱਜ ਉਹ ਇਕੱਲਾ ਹੈ। ਆਪਣੇ ਭਗਤਾਂ ਨੂੰ ਚਮਤਕਾਰ ਵਿਖਾਉਣ ਵਾਲਾ ਬਾਬਾ ਆਪਣੀ ਰਿਹਾਈ ਲਈ ਚਮਤਕਾਰ ਦਿਖਾਉਣ ਤੋਂ ਅਸਮਰੱਥ ਹੈ। ਕਾਲ ਕੋਠੜੀ ਵਿੱਚ ਸ਼ਾਇਦ ਉਸ ਨੂੰ ਸਤਲੋਕ ਦੀ ਬੇਸਮੈਂਟ ਵਿੱਚ ਬਣਿਆ ਸਵਿਮਿੰਗ ਪੂਲ ਯਾਦ ਆ ਰਿਹਾ ਹੋਵੇਗਾ। ਹਾਈਡਰੋਲਿਕ ਲਿਫਟ ਵੀ ਯਾਦ ਆ ਰਹੀ ਹੋਵੇਗੀ ਜਿਸ ਦੀ ਬਦੌਲਤ ਉਹ ਭੋਰੇ ’ਚੋਂ ਸਤਸੰਗ ਕਰਨ ਲਈ ‘ਪ੍ਰਗਟ’ ਹੋਇਆ ਕਰਦੇ ਸਨ। ਇੰਜ ਲੱਗਦਾ ਸੀ ਜਿਵੇਂ ਕੋਈ ਮਹਾਂਪੁਰਸ਼ ਜ਼ਮੀਨ ਪਾੜ ਕੇ ਬਾਹਰ ਆ ਰਿਹਾ ਹੋਵੇ। ਉਸ ਨੂੰ ਬੁਲਟ ਪਰੂਫ਼ ਲਗਜ਼ਰੀ ਗੱਡੀਆਂ ਤੇ ਸਾਰੀਆਂ ਸੁੱਖ-ਸਹੂਲਤਾਂ ਦੀ ਵੀ ਯਾਦ ਜ਼ਰੂਰ ਸਤਾਉਂਦੀ ਹੋਵੇਗੀ। ਇੱਕ-ਇੱਕ ਕਰ ਕੇ ਸੰਤ ਜੀ ਦੇ ਰਾਜ਼ ਖੁੱਲ੍ਹ ਰਹੇ ਹਨ। ਸਤਲੋਕ ਦੇ ਰਹਸਲੋਕ ਵਿੱਚ ਅਗਨ ਹਥਿਆਰਾਂ ਤੋਂ ਇਲਾਵਾ ਲਾਲ ਮਿਰਚ ਪਾਊਡਰ ਦੇ ਪੈਕਟ ਵੀ ਮਿਲੇ ਹਨ। ਜਿਵੇਂ ਸੰਤ ਜੀ ਆਪਣੇ ਸ਼ਰਧਾਲੂਆਂ ਦੀਆਂ ਅੱਖਾਂ ਵਿੱਚ ਧੂੜ ਪਾਉਂਦੇ ਸਨ ਤਿਵੇਂ ਉਨ੍ਹਾਂ ਦੇ ਮਰਜੀਵੜੇ ਬਾਹਰੋਂ ਆਏ ਦੁਸ਼ਮਣ ਦੀਆਂ ਅੱਖਾਂ ਵਿੱਚ ਲਾਲ ਮਿਰਚ ਦਾ ਧੂੜਾ ਪਾਉਣ ਲਈ ਤਿਆਰ-ਬਰ-ਤਿਆਰ ਰਹਿੰਦੇ ਸਨ। ਅਜਿਹੇ ਮਾਹੌਲ ਵਿੱਚ ‘ਸੰਗਤ’, ‘ਮਹਾਂਪੁਰਸ਼’ ਦੇ ਚਰਨਾਂ ਦੀ ਧੂੜ ਵਾਸਤੇ ਉਤਾਵਲੀ ਰਹਿੰਦੀ ਸੀ। ਹਿੰਦੁਸਤਾਨ ਵਰਗੇ ਗ਼ਰੀਬ ਦੇਸ਼ ਜਿੱਥੇ 36 ਕਰੋੜ ਤੋਂ ਵੱਧ ਆਬਾਦੀ ਗ਼ਰੀਬ ਅਤੇ 27 ਫ਼ੀਸਦੀ ਲੋਕ ਅਨਪੜ੍ਹ ਹਨ, ਵਿੱਚ ਅੰਧਵਿਸ਼ਵਾਸ ਦੀ ਸੰਘਣੀ ਧੁੰਦ ਪਸਰਨਾ ਆਮ ਵਰਤਾਰਾ ਹੈ। ਅੰਕੜਿਆਂ ਮੁਤਾਬਿਕ ਵਿਸ਼ਵ ਵਿੱਚ ਖੁਦਕੁਸ਼ੀਆਂ ਕਰਨ ਅਤੇ ਡਿਪਰੈਸ਼ਨ ਦੇ ਸ਼ਿਕਾਰ ਲੋਕਾਂ ਦੀ ਗਿਣਤੀ ਵਿੱਚ ਭਾਰਤ ਵਿਸ਼ਵ ਦਾ ਮੋਹਰੀ ਦੇਸ਼ ਹੈ। ਹਤਾਸ਼ ਤੇ ਉਦਾਸ ਲੋਕਾਂ ਲਈ ਅਖੌਤੀ ਸੰਤ ‘ਡੁੱਬਦੇ ਨੂੰ ਤਿਣਕੇ ਦਾ ਸਹਾਰਾ’ ਵਾਂਗ ਓਟ-ਆਸਰਾ ਦੇ ਕੇ ‘ਨਵੀਂ ਜ਼ਿੰਦਗੀ’ ਬਖਸ਼ਦੇ ਹਨ। ਵਿਗਿਆਨਕ ਦ੍ਰਿਸ਼ਟੀਕੋਣ ਤੋਂ ਵਿਰਵੇ ਲੋਕ ‘ਤਿੰਨ ਕੋਣਾਂ’ ਵਾਲੇ ਰੱਬ ਦੇ ਦਰਸ਼ਨ ਕਰ ਕੇ ਨਿਹਾਲ ਹੋ ਜਾਂਦੇ ਹਨ। ਚੌਥਾ ਕੋਣ ਵਿਗਿਆਨਕ ਦ੍ਰਿਸ਼ਟੀਕੋਣ ਵਾਲੇ ਨੂੰ ਦਿਸਦਾ ਹੈ, ਅਲਪ-ਦ੍ਰਿਸ਼ਟੀ ਵਾਲਿਆਂ ਨੂੰ ਨਹੀਂ। ਪਖੰਡੀ ਬਾਬਿਆਂ ਕੋਲ ਦਲਦਲ ਹੁੰਦੀ ਹੈ ਪਰ ਇਸ ’ਚੋਂ ਨਿਕਲਣ ਲਈ ਚੱਪੂ ਨਹੀਂ ਹੁੰਦੇ। ਕਸੂਤੀ ਸਥਿਤੀ ਵਿੱਚ ਫਸੇ ਹੋਏ ਲੋਕ ਚੱਕੀ ਦੇ ਦੋਹਾਂ ਪੁੜਾਂ ਵਿੱਚ ਪਿਸ ਰਹੇ ਹੁੰਦੇ ਹਨ – ਚਲਦੀ ਚਾਕੀ ਦੇਖ ਕਰ, ਦੀਆ ਕਬੀਰਾ ਰੋਏ; ਦੂਈ ਪਤਨ ਕੇ ਬੀਚ ਮੇ, ਸਾਬਤ ਬਚਾ ਨਾ ਕੋਇ।


Comments Off on ਦੇਖ ਕਬੀਰਾ ਰੋਇਆ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.