ਆਰਫ ਕਾ ਸੁਣ ਵਾਜਾ ਰੇ !    ਮਹਾਰਾਣਾ ਪ੍ਰਤਾਪ ਦਾ ਮੁਗ਼ਲਾਂ ਵਿਰੁੱਧ ਸੰਘਰਸ਼ !    ਸ਼ਹੀਦ ਬਾਬਾ ਦੀਪ ਸਿੰਘ !    ਮੁਗਲ ਇਮਾਰਤ ਕਲਾ ਦੀ ਸ਼ਾਨ ਸਰਾਏ ਅਮਾਨਤ ਖ਼ਾਨ !    ਟਰੰਪ ਖ਼ਿਲਾਫ਼ ਮਹਾਂਦੋਸ਼ ਸਬੰਧੀ ਸੁਣਵਾਈ ਸ਼ੁਰੂ !    ਨੀਰਵ ਮੋਦੀ ਦਾ ਜ਼ਬਤ ਸਾਮਾਨ ਹੋਵੇਗਾ ਨਿਲਾਮ !    ਕੋਲਕਾਤਾ ’ਚੋਂ 25 ਕਿਲੋ ਹੈਰੋਇਨ ਫੜੀ !    ਭਾਜਪਾ ਆਗੂ ਬਿਰੇਂਦਰ ਸਿੰਘ ਵਲੋਂ ਰਾਜ ਸਭਾ ਤੋਂ ਅਸਤੀਫ਼ਾ !    ਮਹਾਰਾਸ਼ਟਰ ਦੇ ਸਕੂਲਾਂ ’ਚ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹਨੀ ਲਾਜ਼ਮੀ ਕਰਾਰ !    ਰੂਸ ਦੇ ਹਵਾਈ ਹਮਲੇ ’ਚ ਸੀਰੀਆ ’ਚ 23 ਮੌਤਾਂ !    

ਗੁਰਬਚਨ ਸਿੰਘ ਭੁੱਲਰ ਅਤੇ ਉਸ ਦੀ ਇੱਕ ਵਿਲੱਖਣ ਕਹਾਣੀ

Posted On November - 1 - 2014

ਗੁਰਬਚਨ ਸਿੰਘ ਭੁੱਲਰ ਆਧੁਨਿਕ ਪੰਜਾਬੀ ਸਾਹਿਤ ਦਾ ਨਾਮਵਰ ਅਤੇ ਬਹੁਪੱਖੀ ਲੇਖਕ ਹੈ। ਕਾਵਿ-ਰਚਨਾ, ਸਫ਼ਰਨਾਮਾ ਸਾਹਿਤ, ਅਨੁਵਾਦ, ਸੰਪਾਦਨ, ਪੱਤਰਕਾਰੀ, ਮੁਲਾਕਾਤਾਂ, ਰੇਖਾ-ਚਿੱਤਰ, ਕੋਸ਼ਕਾਰੀ, ਕਹਾਣੀ ਸਮੀਖਿਆ, ਬਾਲ ਸਾਹਿਤ ਆਦਿ ਸਮੂਹ ਖੇਤਰਾਂ ਵਿੱਚ ਗੁਰਬਚਨ ਸਿੰਘ ਭੁੱਲਰ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਹਨ। ਫਿਰ ਵੀ ਇੱਕ ਕਹਾਣੀਕਾਰ ਵਜੋਂ ਗੁਰਬਚਨ ਸਿੰਘ ਭੁੱਲਰ ਨੇ ਉਹ ਮੁਕਾਮ ਹਾਸਲ ਕੀਤਾ ਹੈ ਕਿ ਉਸ ਦੀ ਇਹ ਪਛਾਣ ਸਭ ਨਾਲੋਂ ਗੂੜ੍ਹੀ ਅਤੇ ਚਿਰ-ਸਥਾਈ ਹੋ ਨਿੱਬੜੀ ਹੈ। ਉਨ੍ਹਾਂ ਦੇ ਕਹਾਣੀ-ਸੰਗ੍ਰਹਿ ‘ਅਗਨੀ-ਕਲਸ’ ਨੂੰ ਸਾਲ 2005 ਵਿੱਚ ਸਾਹਿਤ ਅਕਾਦਮੀ, ਦਿੱਲੀ ਦਾ ਪੁਰਸਕਾਰ ਪ੍ਰਾਪਤ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਗੁਰਬਚਨ ਸਿੰਘ ਭੁੱਲਰ ਨੇ ਕਹਾਣੀ ਕਲਾ ਦੇ ਨਵੇਂ ਪ੍ਰਤਿਮਾਨ ਸਿਰਜੇ ਹਨ।
ਗੁਰਬਚਨ ਸਿੰਘ ਭੁੱਲਰ ਮਾਲਵੇ ਦਾ ਜੰਮਪਲ ਹੈ ਤੇ ਨੌਕਰੀ ਕਾਰਨ ਦਿੱਲੀ ਵਰਗੇ ਵੱਡੇ ਸ਼ਹਿਰ ਵਿੱਚ ਰਹਿ ਰਿਹਾ ਕਹਾਣੀਕਾਰ ਹੈ। ਇਸ ਲਈ ਉਸ ਦੀਆਂ ਕਹਾਣੀਆਂ ਵਿੱਚ ਮਾਲਵੇ ਦੀ ਕਿਸਾਨੀ ਅਤੇ ਖੇਤ-ਮਜ਼ਦੂਰਾਂ ਦੀ ਜ਼ਿੰਦਗੀ ਅਤੇ ਮਹਾਂਨਗਰ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਵਿਸ਼ਾ-ਵਸਤੂ ਬਣਾਇਆ ਗਿਆ ਹੈ। ਗੁਰਬਚਨ ਸਿੰਘ ਭੁੱਲਰ ਦਾ ਜਨਮ ਜ਼ਿਲ੍ਹਾ ਬਠਿੰਡਾ ਦੇ ਪਿੰਡ ਪਿੱਥੋ ਵਿਖੇ 18 ਮਾਰਚ 1937 ਨੂੰ ਸ. ਹਜੂਰਾ ਸਿੰਘ ਦੇ ਪਰਿਵਾਰ ਵਿੱਚ ਹੋਇਆ। ਉਨ੍ਹਾਂ ਨੇ ਮੁੱਢਲੀ ਸਿੱਖਿਆ ਆਪਣੇ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕੀਤੀ। ਫਿਰ ਪੰਜਾਬੀ ਵਿਸ਼ੇ ਵਿੱਚ ਉਚੇਰੀ ਵਿੱਦਿਆ ਹਾਸਲ ਕਰ ਕੇ ਆਪਣੀ ਮਾਂ-ਬੋਲੀ ਦੀ ਸੇਵਾ ਨੂੰ ਆਪਣੇ ਜੀਵਣ ਦਾ ਉਦੇਸ਼ ਬਣਾ ਲਿਆ। ਗੁਰਬਚਨ ਸਿੰਘ ਭੁੱਲਰ ਨੇ ਦਸ ਸਾਲ ਦੇ ਕਰੀਬ ਸਕੂਲ ਵਿੱਚ ਅਧਿਆਪਨ ਦਾ ਕਿੱਤਾ ਅਪਣਾਈ ਰੱਖਿਆ। ਉਨ੍ਹਾਂ ਦੇ ਖੱਬੇ ਪੱਖੀ ਵਿਚਾਰਾਂ ਕਰਕੇ ਅਤੇ ਅਧਿਆਪਕ ਯੂਨੀਅਨ ਦੀਆਂ ਸਰਗਰਮੀਆਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਕਾਰਨ ਉਨ੍ਹਾਂ ਨੂੰ ਅਧਿਆਪਨ ਦੇ ਕਿੱਤੇ ਤੋਂ ਵੱਖ ਹੋਣਾ ਪਿਆ। ਫਿਰ ਉਨ੍ਹਾਂ ਨੇ ਕੁਝ ਸਮਾਂ ਵੱਖ-ਵੱਖ ਕਾਲਜਾਂ ਵਿੱਚ ਸੇਵਾ ਨਿਭਾ ਕੇ ਅੰਤ ਰੁਜ਼ਗਾਰ ਖ਼ਾਤਰ ਦਿੱਲੀ ਨੂੰ ਆਪਣਾ ਵਸੇਬਾ ਬਣਾ ਲਿਆ। ਸੋਵੀਅਤ ਯੂਨੀਅਨ ਦੇ ਦੂਤਾਵਾਸ ਵਿੱਚ ਪਹਿਲਾਂ ਅਨੁਵਾਦਕ ਅਤੇ ਫਿਰ ਸੰਪਾਦਕ ਵਜੋਂ ਕਾਰਜ ਕਰਨ ਮਗਰੋਂ ਗੁਰਬਚਨ ਸਿੰਘ ਭੁੱਲਰ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਦੇ ਅਹੁਦੇ ’ਤੇ ਰਹੇ। ਉੱਥੋਂ ਸੇਵਾਮੁਕਤ ਹੋ ਕੇ ਉਨ੍ਹਾਂ ਨੇ ਕੁਲਵਕਤੀ ਸਾਹਿਤਕਾਰ ਵਜੋਂ ਨਿਰੰਤਰ ਸਰਗਰਮੀ ਨਾਲ ਲਿਖਣ-ਪੜ੍ਹਨ ਦੇ ਕੰਮ ਨੂੰ ਆਪਣਾ ਅਹਿਮ ਰੁਝੇਵਾਂ ਬਣਾ ਲਿਆ।
ਗੁਰਬਚਨ ਸਿੰਘ ਭੁੱਲਰ ਦਾ ਪਹਿਲਾ ਕਹਾਣੀ-ਸੰਗ੍ਰਹਿ ‘ਓਪਰਾ ਮਰਦ’ ਸਾਲ 1969 ਵਿੱਚ ਪ੍ਰਕਾਸ਼ਿਤ ਹੋਇਆ ਤਾਂ ਆਪਣੀਆਂ ਪਹਿਲ-ਪਲੇਠੀਆਂ ਕਹਾਣੀਆਂ ਨਾਲ ਹੀ ਉਨ੍ਹਾਂ ਦਾ ਨਾਂ ਪਹਿਲੀ ਕਤਾਰ ਦੇ ਕਹਾਣੀਕਾਰਾਂ ਵਿੱਚ ਗਿਣਿਆ ਜਾਣ ਲੱਗਾ। ‘ਓਪਰਾ ਮਰਦ’ ਕਹਾਣੀ ਏਨੀ ਚਰਚਿਤ ਹੋਈ ਕਿ ਕਲਾਸਿਕ ਦਾ ਦਰਜਾ ਹਾਸਲ ਕਰ ਗਈ। ਭੁੱਲਰ ਹੋਰਾਂ ਨੇ ਮਾਲਵੇ ਦੇ ਅਛੋਹ ਅਨੁਭਵਾਂ ਨੂੰ ਇਸ ਖ਼ੂਬਸੂਰਤੀ ਨਾਲ ਚਿਤਰਿਆ ਕਿ ਪੜ੍ਹ ਕੇ ਪਾਠਕ ਕੀਲਿਆ ਗਿਆ ਮਹਿਸੂਸ ਕਰਦਾ ਹੈ। ਮਲਵਈ ਜਨ-ਜੀਵਨ ਦੇ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਪੱਖਾਂ ਨੂੰ ਦਰਸਾਉਂਦੇ ਗਲਪੀ ਚਿੱਤਰ ਉਲੀਕ ਕੇ ਉਨ੍ਹਾਂ ਨੇ ਤੀਜੇ ਪੜਾਅ ਦੀ ਪੰਜਾਬੀ ਕਹਾਣੀ ਦਾ ਮੁਹਾਂਦਰਾ ਨਿਖਾਰਨ ਵਾਲਿਆਂ ਵਿੱਚ ਆਪਣਾ ਨਾਂ ਦਰਜ ਕੀਤਾ। ਫਿਰ ਸਮੇਂ-ਸਮੇਂ ਪ੍ਰਕਾਸ਼ਿਤ ਹੋਏ ਕਹਾਣੀ-ਸੰਗ੍ਰਹਿ ‘ਵਖ਼ਤਾਂ ਮਾਰੇ’, ‘ਮੈਂ ਗਜ਼ਨਵੀ ਨਹੀਂ’ ਅਤੇ ‘ਅਗਨੀ-ਕਲਸ’ ਗੁਰਬਚਨ ਸਿੰਘ ਭੁੱਲਰ ਦੀ ਕਹਾਣੀ-ਕਲਾ ਦੇ ਨਵੇਂ ਸਿਖਰ ਸਿਰਜਦੇ ਰਹੇ।

ਡਾ. ਬਲਦੇਵ ਸਿੰਘ ਧਾਲੀਵਾਲ

ਜੇ ਮਾਲਵੇ ਦੀ ਪੈਦਾਇਸ਼ ਨੇ ਗੁਰਬਚਨ ਸਿੰਘ ਭੁੱਲਰ ਨੂੰ ਮਲਵਈ ਸੰਸਕ੍ਰਿਤੀ ਦੀ ਗੁੜ੍ਹਤੀ ਦਿੱਤੀ ਤਾਂ ਦਿੱਲੀ ਦੇ ਵਸੇਬੇ ਨੇ ਮਹਾਂਨਗਰੀ ਚੇਤਨਾ ਦੀ ਪਾਣ ਚਾੜ੍ਹੀ। ਇਸ ਲਈ ਇੱਕ ਪਾਸੇ ਉਨ੍ਹਾਂ ਨੇ ‘ਖ਼ੂਨ’ ਵਰਗੀਆਂ ਮਲਵਈ ਸੰਵੇਦਨਾ ਨਾਲ ਲਬਰੇਜ਼ ਕਹਾਣੀਆਂ ਲਿਖੀਆਂ ਤਾਂ ਦੂਜੇ ਪਾਸੇ ‘ਇੱਕੀਵੀਂ ਸਦੀ’ ਵਰਗੀਆਂ ਅਜਿਹੀਆਂ ਕਹਾਣੀਆਂ ਦੀ ਸਿਰਜਣਾ ਵੀ ਕੀਤੀ ਹੈ ਜਿਨ੍ਹਾਂ ਨਾਲ ਮਹਾਂਨਗਰੀ ਜੀਵਨ ਦੀਆਂ ਕੁੜੱਤਣਾਂ ਅਤੇ ਬਰਕਤਾਂ ਸਾਹਮਣੇ ਆਈਆਂ ਹਨ। ਪੇਂਡੂ ਜਨ-ਜੀਵਨ ਨਾਲ ਸਬੰਧਿਤ ਬਹੁਤ ਜੀਵੰਤ ਕਿਸਮ ਦੇ ਵੇਰਵੇ ਭੱੁਲਰ ਦੀਆਂ ਕਹਾਣੀਆਂ ਵਿੱਚ ਸਾਂਭੇ ਪਏ ਹਨ। ਗੁਰਬਚਨ ਸਿੰਘ ਭੱੁਲਰ ਯਥਾਰਥਵਾਦੀ ਸ਼ੈਲੀ ਦਾ ਕਹਾਣੀਕਾਰ ਹੈ। ਉਹ ਜੀਵਨ ਦੇ ਬਾਹਰੀ ਯਥਾਰਥ ਅਤੇ ਅੰਦਰਲੀਆਂ ਪਰਤਾਂ ਨੂੰ ਬਹੁਤ ਬਾਰੀਕਬੀਨੀ ਨਾਲ ਫੜਨ ਦਾ ਯਤਨ ਕਰਦਾ ਹੈ।
ਕਹਾਣੀ ‘ਜਿਸ ਮਰਨੇ ਤੇ ਜਗ ਡਰੇ…’ ਰਾਹੀਂ ਭੱੁਲਰ ਨੇ ਇਹ ਕਹਿਣਾ ਚਾਹਿਆ ਹੈ ਕਿ ਮਨੱੁਖ ਭਾਵੇਂ ਕਿੰਨਾ ਵੀ ਆਪਣੇ ਮਨ ਨੂੰ ਦੁਨਿਆਵੀ ਦੁਖ-ਸੁਖ ਤੋਂ ਨਿਰਲੇਪ ਰੱਖਣਾ ਚਾਹੇ ਪਰ ਵਾਸਤਵਿਕ ਤੌਰ ’ਤੇ ਇਹ ਸੰਭਵ ਨਹੀਂ ਹੁੰਦਾ। ਕਹਾਣੀ ਦਾ ਮੱੁਖ ਪਾਤਰ ਰਾਮ ਸਿੰਘ ਸਾਰੀ ਉਮਰ ਲੋਕਾਂ ਨੂੰ ਇਹ ਪ੍ਰੇਰਨਾ ਦਿੰਦਾ ਰਿਹਾ ਕਿ ਦੱੁਖ-ਸੱੁਖ ਨੂੰ ਸਮਾਨ ਹੀ ਜਾਣਨਾ ਚਾਹੀਦਾ ਹੈ ਪਰ ਉਹ ਆਪਣੇ ਆਦਰਸ਼ ਤੋਂ ਉਸ ਵੇਲੇ ਡੋਲ ਜਾਂਦਾ ਹੈ ਜਦੋਂ ਉਸ ਦੀ ਪਤਨੀ ਸਦਾ ਲਈ ਵਿਛੋੜਾ ਦੇ ਜਾਂਦੀ ਹੈ। ਰਾਮ ਸਿੰਘ ਇੱਕ ਕਿਸਾਨ ਪੱੁਤਰ ਹੈ। ਜਵਾਨੀ ਵਿੱਚ ਉਹ ਖੇਤੀ ਦਾ ਕੰਮ ਆਪਣੇ ਹੱਥੀਂ ਕਰਦਾ ਰਿਹਾ ਸੀ। ਫਿਰ ਉਹ ਸਿੰਘ ਸਜ ਗਿਆ ਅਤੇ ਭਜਨ ਬੰਦਗੀ ਵੱਲ ਰੁਚਿਤ ਹੋ ਜਾਂਦਾ ਹੈ। ਬੇਔਲਾਦ ਹੋਣ ਕਰਕੇ ਅਤੇ ਜਵਾਨੀ ਢਲ ਜਾਣ ਕਾਰਨ ਉਸ ਨੂੰ ਇਹ ਮਾਰਗ ਵਧੇਰੇ ਖਿੱਚ ਪਾਉਣ ਲੱਗਦਾ ਹੈ। ਹੌਲੀ-ਹੌਲੀ ਉਹ ਰਿਸ਼ਤੇਦਾਰਾਂ ਅਤੇ ਭਾਈ ਭਤੀਜਿਆਂ ਤੋਂ ਵੀ ਦੂਰ ਹੁੰਦਾ ਜਾਂਦਾ ਹੈ। ਗੁਰਬਾਣੀ ਨਾਲ ਉਸ ਦੀ ਸਾਂਝ ਵਧਦੀ ਜਾਂਦੀ ਹੈ। ਗੁਰਬਾਣੀ ਦੇ ਵਿਚਾਰਾਂ ਰਾਹੀਂ ਉਹ ਆਪਣੇ ਮਨ ਨੂੰ ਵੀ ਸਹਿਜ ਵਿੱਚ ਰੱਖਦਾ ਹੈ ਅਤੇ ਦੁੱਖ-ਸੱੁਖ ਵੇਲੇ ਦੂਜਿਆਂ ਨੂੰ ਵੀ ਅਡੋਲ ਰਹਿਣ ਦੀ ਪ੍ਰੇਰਣਾ ਦਿੰਦਾ ਹੈ। ਰਾਮ ਸਿੰਘ ਆਪਣੀ ਪਤਨੀ ਬਚਿੰਤ ਕੌਰ ਨਾਲ ਇੱਕ ਸੀਮਿਤ ਪਰਿਵਾਰਕ ਸੰਸਾਰ ਵਸਾ ਕੇ ਸੰਤੁਸ਼ਟ ਹੈ। ਉਸ ਨੂੰ ਦੁਨਿਆਵੀ ਵਸਤਾਂ ਦੀ ਬਹੁਤੀ ਖਿੱਚ ਨਹੀਂ। ਗੁਰਮਤਿ ਹੀ ਉਸ ਦਾ ਜੀਵਨ ਬਣ ਜਾਂਦਾ ਹੈ। ਰਾਮ ਸਿੰਘ ਦੀ ਪਤਨੀ ਬਚਿੰਤ ਕੌਰ ਬੀਮਾਰ ਰਹਿਣ ਲੱਗ ਪੈਂਦੀ ਹੈ ਅਤੇ ਅੰਤ ਅਕਾਲ ਚਲਾਣਾ ਕਰ ਜਾਂਦੀ ਹੈ। ਉਹ ਬਚਿੰਤ ਦੇ ਅੰਤਿਮ ਸਾਹਾਂ ਤਕ ਉਸ ਦੇ ਸਿਰਹਾਣੇ ਬੈਠਾ ਪਾਠ ਕਰਦਾ ਹੋਇਆ ਗੁਰਬਾਣੀ ਦੇ ਆਸਰੇ ਅਡੋਲ ਰਹਿੰਦਾ ਹੈ। ਬਚਿੰਤ ਕੌਰ ਦੇ ਦਾਹ-ਸੰਸਕਾਰ ਤੋਂ ਪਿੱਛੋਂ ਵੀ ਰਾਮ ਸਿੰਘ ਸੱਥਰ ਉੱਤੇ ਬੈਠਾ ਲੋਕਾਂ ਨੂੰ ਗੁਰਬਾਣੀ ਰਾਹੀਂ ਹੌਸਲਾ ਦਿੰਦਾ ਰਿਹਾ। ਪਰ ਹੌਲੀ-ਹੌਲੀ ਉਸ ਨੂੰ ਬਚਿੰਤ ਕੌਰ ਤੋਂ ਬਿਨਾਂ ਆਪਣਾ ਆਪਾ ਬੜਾ ਸੱਖਣਾ ਜਾਪਣ ਲੱਗਦਾ ਹੈ। ਗੁਰਬਾਣੀ ਪੜ੍ਹਨਾ ਅਤੇ ਗੁਰਦੁਆਰੇ ਜਾਣਾ ਵੀ ਰਾਮ ਸਿੰਘ ਨੂੰ ਧਰਵਾਸ ਨਹੀਂ ਦਿੰਦਾ। ਜਦੋਂ ਉਹ ਬਹੁਤ ਹੀ ਪਰੇਸ਼ਾਨ ਹੋ ਜਾਂਦਾ ਹੈ ਤਾਂ ਬਚਿੰਤ ਕੌਰ ਦੇ ਸਿਵੇ ਉੱਤੇ ਜਾ ਕੇ ਡਿੱਗ ਪੈਂਦਾ ਹੈ ਅਤੇ ਸਵਾਹ ਦੀਆਂ ਮੱੁਠੀਆਂ ਭਰ ਲੈਂਦਾ ਹੈ। ਇਨ੍ਹਾਂ ਘਟਨਾਵਾਂ ਤੋਂ ਪਤਾ ਲੱਗਦਾ ਹੈ ਕਿ ਅਡੋਲ ਰਾਮ ਸਿੰਘ ਅੰਤ ਨੂੰ ਡੋਲ ਜਾਂਦਾ ਹੈ।
ਗੁਰਬਚਨ ਭੱੁਲਰ ਦੀ ਇਹ ਸੰਖੇਪ ਜਿਹੀ ਕਹਾਣੀ ਆਪਣੇ ਵਿੱਚ ਡੂੰਘੇ ਅਰਥ ਛੁਪਾਈ ਬੈਠੀ ਹੈ ਕਿ ਦੱੁਖ-ਸੱੁਖ ਦੇ ਪ੍ਰਭਾਵਾਂ ਤੋਂ ਪੂਰੀ ਤਰ੍ਹਾਂ ਅਟੰਕ ਰਹਿਣਾ ਮਨੱੁਖ ਦੇ ਵੱਸ ਵਿੱਚ ਨਹੀਂ ਹੈ। ਕਈ ਵਾਰ ਕਥਨ ਦੀ ਪੱਧਰ ਉੱਤੇ ਮਨੱੁਖ ਅਡੋਲ ਰਹਿਣ ਦੀਆਂ ਗੱਲਾਂ ਕਰਦਾ ਹੈ ਪਰ ਜਦੋਂ ਖ਼ੁਦ ਉੱਤੇ ਦੁੱਖ-ਸੁੱਖ ਵਾਪਰਦਾ ਹੈ ਤਾਂ ਡੋਲ ਜਾਂਦਾ ਹੈ।
ਇਸ ਕਹਾਣੀ ਦੀ ਪ੍ਰਮੱੁਖ ਘਟਨਾ ਰਾਮ ਸਿੰਘ ਦੀ ਪਤਨੀ ਬਚਿੰਤ ਕੌਰ ਦੀ ਮੌਤ ਹੈ ਜਿਸ ਨਾਲ ਉਸ ਦੀ ਜ਼ਿੰਦਗੀ ਵਿੱਚ ਇੱਕ ਵੱਡਾ ਪਰਿਵਰਤਨ ਆਉਂਦਾ ਹੈ। ਇੱਕ ਗੁਰਮੁਖ ਜੀਵਨ ਦਾ ਅਨੁਸਾਰੀ ਮਨੱੁਖ ਇੱਕ ਆਮ ਸੰਸਾਰੀ ਆਦਮੀ ਵਾਂਗ ਮਹਿਸੂਸ ਕਰਨ ਲੱਗਦਾ ਹੈ। ਬਾਕੀ ਛੋਟੀਆਂ-ਛੋਟੀਆਂ ਘਟਨਾਵਾਂ ਰਾਮ ਸਿੰਘ ਦੇ ਬਾਕੀ ਜੀਵਨ ਦਾ ਬਿਰਤਾਂਤ ਪੇਸ਼ ਕਰਦੀਆਂ ਹਨ ਕਿ ਕਿਵੇਂ ਉਸ ਨੇ ਖੇਤੀ ਛੱਡੀ, ਕਿਵੇਂ ਗੁਰਮਤਿ ਨਾਲ ਜੁੜਿਆ ਅਤੇ ਕਿਵੇਂ ਸਹਿਜ-ਸੰਤੁਲਨ ਵਾਲਾ ਜੀਵਨ ਜੀਵਿਆ। ਇਹ ਘਟਨਾਵਾਂ ਮਿਲ ਕੇ ਰਾਮ ਸਿੰਘ ਦੀ ਜੀਵਨ-ਜਾਚ ਦਾ ਸੰਪੂਰਨ ਗਲਪ ਬਿੰਬ ਸਿਰਜਦੀਆਂ ਹਨ। ਕਹਾਣੀ ਸਹਿਜ ਚਾਲ ਆਪਣੇ ਸਿਖਰ ਵੱਲ ਵਧਦੀ ਜਾਂਦੀ ਹੈ। ਪਾਠਕ ਰੌਚਕਤਾ ਨਾਲ ਰਾਮ ਸਿੰਘ ਦੇ ਜੀਵਨ-ਵੇਰਵਿਆਂ ਨਾਲ ਜੁੜਦਾ ਜਾਂਦਾ ਹੈ। ਬਚਿੰਤ ਕੌਰ ਦੀ ਮੌਤ ਨਾਲ ਕਹਾਣੀ ਸਿਖਰ ਉੱਤੇ ਪਹੁੰਚਦੀ ਹੈ। ਰਾਮ ਸਿੰਘ ਦਾ ਆਪਣੇ ਆਦਰਸ਼ਾਂ ਤੋਂ ਡੋਲ ਜਾਣਾ ਮਨੱੁਖ ਲਈ ਨਵੇਂ ਅਰਥ ਸਿਰਜ ਜਾਂਦਾ ਹੈ ਕਿ ਦੱੁਖ-ਸੱੁਖ ਮਨੱੁਖੀ ਜ਼ਿੰਦਗੀ ਉੱਤੇ ਲਾਜ਼ਮੀ ਪ੍ਰਭਾਵ ਛੱਡਦੇ ਹਨ।
ਇਸ ਕਹਾਣੀ ਦਾ ਮੱੁਖ ਪਾਤਰ ਰਾਮ ਸਿੰਘ ਹੈ। ਉਹ ਸਿੱਖ ਧਰਮ ਦਾ ਪੈਰੋਕਾਰ ਹੈ। ਇਸ ਲਈ ਗੁਰਮਤਿ ਵਿਚਾਰ ਉਸ ਦੀ ਜੀਵਨ-ਜਾਚ ਦਾ ਆਧਾਰ ਹੈ। ਉਹ ਕਿਸੇ ਵੀ ਸੰਕਟ ਸਮੇਂ ਗੁਰਬਾਣੀ ਦੀਆਂ ਤੁਕਾਂ ਉਚਾਰ ਕੇ ਉਨ੍ਹਾਂ ਤੋਂ ਸੇਧ ਪ੍ਰਾਪਤ ਕਰਨ ਲਈ ਆਖਦਾ ਹੈ। ਉਸ ਦੇ ਸਮੱੁਚੇ ਜੀਵਨ ਵੇਰਵਿਆਂ ਤੋਂ ਪਤਾ ਲੱਗਦਾ ਹੈ ਕਿ ਉਹ ਆਪਣੇ ਆਦਰਸ਼ਾਂ ਅਨੁਸਾਰ ਹਰ ਸਥਿਤੀ ਵਿੱਚ ਅਡੋਲ ਰਹੇਗਾ ਪਰ ਉਸ ਦੀ ਪਤਨੀ ਬਚਿੰਤ ਕੌਰ ਦੀ ਮੌਤ ਉਸ ਉੱਤੇ ਬਹੁਤ ਗਹਿਰਾ ਪ੍ਰਭਾਵ ਪਾਉਂਦੀ ਹੈ। ਉਸ ਦੇ ਅੰਦਰਲੇ ਸੱਖਣੇਪਣ ਨੂੰ ਗੁਰਬਚਨ ਭੱੁਲਰ ਨੇ ਬਹੁਤ ਕਲਾਤਮਕਤਾ ਨਾਲ ਚਿਤਰਿਆ ਹੈ:
ਰਾਮ ਸਿੰਘ ਦਾ ਦਿਲ ਬੈਠ ਜਿਹਾ ਗਿਆ। ਪਰ ਇਹ ਤਾਂ ਵਾਹਿਗੁਰੂ ਦਾ ਭਾਣਾ ਸੀ, ਹੁਕਮ ਸੀ, ਉਹ ਮੁੜ ਕੇ ਮੰਜੇ ਉੱਤੇ ਆ ਬੈਠਾ।
ਭਾਰੇ ਮਨ ਨੂੰ ਹੌਲਾ ਕਰਨ ਲਈ ਉਸ ਨੇ ਚਾਹਿਆ ਕਿ ਕੱਲ੍ਹ ਵਾਂਗ ਸ਼ਬਦ ਪੜ੍ਹੇ, ਉੱਚੀ-ਉੱਚੀ ਪੜ੍ਹੇ… ਜਿਸ ਮਰਨੇ ਤੇ ਜਗ ਡਰੈ ਮੇਰੇ ਮਨੁ ਆਨੰਦ ਮਰਨੇ ਹੀ ਤੇ ਕਰ ਪਾਈਐ ਪੂਰਨ ਪਰਮਾਨੰਦ। ਅੱਖਾਂ ਉਹਨੇ ਬੰਦ ਕਰ ਲਈਆਂ ਅਤੇ ਸ਼ਬਦ ਉਚਾਰਿਆ…
ਜਿਸ… ਪਰ ਬੋਲ ਉਹਦੇ ਸੰਘ ਵਿੱਚੋਂ ਨਹੀਂ ਨਿਕਲ ਰਹੇ।
ਇਉਂ ਗੁਰਬਚਨ ਸਿੰਘ ਭੱੁਲਰ ਨੇ ਰਾਮ ਸਿੰਘ ਦੀ ਡੋਲਦੀ ਥਿੜਕਦੀ ਮਾਨਸਿਕਤਾ ਨੂੰ ਬੜੀ ਪ੍ਰਬੀਨਤਾ ਨਾਲ ਚਿਤਰਿਆ ਹੈ। ਭੱੁਲਰ ਹੋਰਾਂ ਨੇ ਗੁਰਬਾਣੀ ਦੀਆਂ ਢੱੁਕਵੀਆਂ ਤੁਕਾਂ ਰਾਹੀਂ ਕਹਾਣੀ ਨੂੰ ਸਜਾਇਆ ਅਤੇ ਅਰਥਪੂਰਨ ਬਣਾਇਆ ਹੈ। ਇਸ ਦੇ ਨਾਲ ਹੀ ਮੁਹਾਵਰੇਦਾਰ ਠੇਠ ਮਲਵਈ ਉਪਭਾਸ਼ਾ ਰਾਹੀਂ ਯਥਾਰਥ ਪ੍ਰਭਾਵ ਸਿਰਜਿਆ ਹੈ। ਗੁਰਬਚਨ ਸਿੰਘ ਭੁੱਲਰ ਅਤਿ ਸੰਵੇਦਨਸ਼ੀਲ ਹੋਣ ਦੇ ਨਾਲ-ਨਾਲ ਬਹੁਤ ਚੇਤੰਨ ਅਤੇ ਸਿਰੜੀ ਸੁਭਾਅ ਵਾਲਾ ਲੇਖਕ ਹੈ। ਸੰਵੇਦਨਸ਼ੀਲਤਾ ਨੇ ਉਨ੍ਹਾਂ ਦੀ ਰਚਨਾ ਨੂੰ ਕਾਵਿਕ ਛੋਹਾਂ ਅਤੇ ਕਲਪਨਾ ਦੀਆਂ ਉਡਾਰੀਆਂ ਬਖ਼ਸ਼ੀਆਂ ਹਨ ਤਾਂ ਚੇਤੰਨਤਾ ਨੇ ਡੂੰਘਾਈ, ਰਾਜਸੀ ਸੂਝ ਅਤੇ ਕਟਾਕਸ਼ ਦੇ ਹਥਿਆਰ ਮੁਹੱਈਆ ਕੀਤੇ ਹਨ। ਅਜਿਹੀਆਂ ਸਾਹਿਤਕ ਜੁਗਤਾਂ ਹੀ ਉਨ੍ਹਾਂ ਦੀ ਅਦਭੁੱਤ ਰਚਨਾਤਮਕ ਸ਼ਕਤੀ ਦਾ ਆਧਾਰ ਬਣਦੀਆਂ ਹਨ।


Comments Off on ਗੁਰਬਚਨ ਸਿੰਘ ਭੁੱਲਰ ਅਤੇ ਉਸ ਦੀ ਇੱਕ ਵਿਲੱਖਣ ਕਹਾਣੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.