ਸੋਸ਼ਲ ਮੀਡੀਆ ਸਟਾਰ !    ਉੱਘਾ ਸੰਗੀਤਕਾਰ ਬਾਬਾ ਜੀ. ਏ. ਚਿਸ਼ਤੀ !    ਸਮਾਜ, ਸਾਹਿਤ ਤੇ ਸਿਨਮਾ !    ਸੱਜੇ ਹੱਥ ਵਰਗੇ ਲੋਕ !    ਲੋਪ ਹੋਏ ਟੱਪਾ ਨੁਮਾ ਲੋਕ ਗੀਤ !    ਮੁਆਫ਼ੀ ਅਹਿਸਾਸ ਜਾਂ ਸੰਕਲਪ !    ਖ਼ੂਨੀ ਵਿਸਾਖੀ-ਤਣਾਅ ਤੇ ਦੁਖਾਂਤ ਦੀ ਪੇਸ਼ਕਾਰੀ !    ਚਿੱਤਰਾਂ ਨਾਲ ਸੰਵਾਦ ਰਚਾਉਂਦੀ ਅੰਮ੍ਰਿਤਾ !    ਛੋਟਾ ਪਰਦਾ !    ਕਿਰਤ ਦੇ ਸੱਚ ਨੂੰ ਪ੍ਰਣਾਇਆ ਨੌਜਵਾਨ !    

ਪਾਸ਼-ਕਾਵਿ ਦੀ ਅਦੁੱਤੀ ਪਛਾਣ

Posted On September - 6 - 2014

ਡਾ. ਭੀਮ ਇੰਦਰ ਸਿੰਘ

ਵੀਹਵੀਂ ਸਦੀ ਦਾ ਸੱਤਵਾਂ ਦਹਾਕਾ ਪੰਜਾਬੀ ਕਵਿਤਾ ਦੇ ਇਤਿਹਾਸ ਵਿੱਚ ‘ਪਾਸ਼ ਯੁੱਗ’ ਦਾ ਦਹਾਕਾ ਕਿਹਾ ਜਾ ਸਕਦਾ ਹੈ। ਇਸ ਦਾ ਪ੍ਰਮੁੱਖ ਕਾਰਨ ਇਹ ਸੀ ਕਿ ਪਾਸ਼ ਨੇ ਆਪਣੀ ਕਵਿਤਾ ਰਾਹੀਂ ਨਕਸਲਬਾੜੀ ਲਹਿਰ ਦੇ ਵਿਭਿੰਨ ਸਰੋਕਾਰਾਂ, ਸਰੂਪਾਂ ਤੇ ਸੰਕਲਪਾਂ ਨੂੰ ਰੂਪਮਾਨ ਕਰ ਕੇ ਤਤਕਾਲੀਨ ਪੰਜਾਬੀ ਕਵਿਤਾ ਨੂੰ ਨਵੀਆਂ ਲੀਹਾਂ ’ਤੇ ਤੋਰਿਆ। ਪਾਸ਼ ਦੀ ਕਵਿਤਾ ਨੇ ਉਸ ਵੇਲੇ ਲਿਖੀ ਜਾ ਰਹੀ ਪ੍ਰਯੋਗਵਾਦੀ ਕਵਿਤਾ ਸਾਹਮਣੇ ਪ੍ਰਸ਼ਨ ਚਿੰਨ੍ਹ ਲਾਇਆ। ਇਸ ਦੇ ਨਾਲ ਹੀ ਪਰੰਪਰਾਗਤ ਪ੍ਰਗਤੀਵਾਦੀ ਕਾਵਿ-ਸਿਰਜਣਾ ਦੇ ਅਮਲ ਦੇ ਸਨਮੁੱਖ ਚੁਣੌਤੀ ਪੇਸ਼ ਕੀਤੀ। ਉਸ ਨੇ ਆਪਣੇ ਸਮਕਾਲੀ ਕਵੀਆਂ ਦੇ ਮੱਧ-ਵਰਗੀ ਚਰਿੱਤਰ ਅਤੇ ਸਮਝੌਤਾਵਾਦੀ ਸਿਆਸਤ ਨੂੰ ਨਕਾਰਿਆ। ਸਮਾਜ ਦੀਆਂ ਠੋਸ, ਅਦਿੱਖ ਤੇ ਅਣਮਨੁੱਖੀ ਹਕੀਕਤਾਂ ਨੂੰ ਸਮਝ ਕੇ ਕਵਿਤਾ ਲਿਖਣ ਦੀ ਗੱਲ ਆਖੀ:
ਹੁਣ ਵਕਤ ਆ ਗਿਆ
ਕਿ ਆਪੋ ਵਿਚਲੇ ਰਿਸ਼ਤੇ ਦਾ ਇਕਬਾਲ
ਕਰੀਏ
ਤੇ ਵਿਚਾਰਾਂ ਦੀ ਲੜਾਈ
ਮੱਛਰਦਾਨੀ ਵਿੱਚੋਂ ਬਾਹਰ ਹੋ ਕੇ ਲੜੀਏ।
ਪਾਸ਼ ਨੇ ਆਪਣੇ ਸਮੇਂ ਦੇ ਸਾਹਿਤਕ, ਸਮਾਜਿਕ, ਸਿਆਸੀ ਤੇ ਇਤਿਹਾਸਕ ਆਦਿ ਪੱਖਾਂ ਨਾਲ ਸੰਵਾਦ ਰਚਾ ਕੇ ਅਜਿਹੀ ਕਵਿਤਾ ਦੀ ਰਚਨਾ ਕੀਤੀ ਜੋ ਹਥਿਆਰਬੰਦ ਸੰਘਰਸ਼ ਰਾਹੀਂ ਲੋਕ ਹਿੱਤਾਂ ਦੀ ਹਾਮੀ ਭਰਦੀ ਸੀ। ਭਾਵੇਂ ਪਾਸ਼ ਦੀ ਕਵਿਤਾ ਨਕਸਲਬਾੜੀ ਅੰਦੋਲਨ ਅਧੀਨ ਲੜੇ ਹਥਿਆਰਬੰਦ ਘੋਲ ਦੀ ਤਰਜਮਾਨੀ ਕਰਦੀ ਹੈ ਪਰ ਇਹ ਕਵਿਤਾ ਨਕਸਲਬਾੜੀ ਅੰਦੋਲਨ ਦੀਆਂ ਸੀਮਾਵਾਂ ਨੂੰ ਉਲੰਘ ਕੇ ਕਿਰਤੀ, ਕਿਸਾਨ, ਦਲਿਤ, ਔਰਤ ਆਦਿ ਦੇ ਵਡੇਰੇ ਸਰੋਕਾਰਾਂ ਨੂੰ ਵੀ ਆਪਣੇ ਅੰਦਰ ਸਮੋ ਲੈਂਦੀ ਹੈ। ਇਸੇ ਕਾਰਨ ਪਾਸ਼ ਦੀ ਕਵਿਤਾ ਦੀ ਪ੍ਰਸੰਗਿਕਤਾ ਸਮਕਾਲ ਤੇ ਭਵਿੱਖ ਵਿੱਚ ਵੀ ਬਣੀ ਰਹੇਗੀ।

ਡਾ. ਭੀਮ ਇੰਦਰ ਸਿੰਘ

ਪਾਸ਼ ਦੀ ਕਵਿਤਾ ਦਾ ਨਕਸਲਬਾੜੀ ਲਹਿਰ ਦੇ ਸਿਆਸੀ ਮੋਰਚੇ ਨਾਲੋਂ ਸਾਹਿਤਕ ਖੇਤਰ ਵਿੱਚ ਪਾਇਆ ਯੋਗਦਾਨ ਵਡਮੁੱਲਾ ਤੇ ਵਡੇਰਾ ਹੈ। ਇਹ ਕਵਿਤਾ ਸਿਆਸੀ ਅਜ਼ਾਦੀ ਦੇ ਨਾਲ-ਨਾਲ ਸੰਪੂਰਨ ਮਨੁੱਖੀ ਅਜ਼ਾਦੀ ਲਈ ਨਵੇਂ ਸਮਾਜਵਾਦੀ ਸਮਾਜ ਦੀ ਸਥਾਪਨਾ ਦੇ ਆਦਰਸ਼ ਨੂੰ ਵਾਰ-ਵਾਰ ਦ੍ਰਿੜਾਉਂਦੀ ਤੇ ਦੁਹਰਾਉਂਦੀ ਹੈ। ਇਸ ਮਕਸਦ ਲਈ ਇਹ ਕਵਿਤਾ ਬੁਰਜੂਆ ਸਿਆਸਤ ਦੀਆਂ ਮਿੱਥਾਂ, ਕੂਟਨੀਤੀਆਂ, ਦਾਅ-ਪੇਚਾਂ ਤੇ ਦਾਅਵੇਦਾਰੀਆਂ ਦਾ ਪਰਦਾਫ਼ਾਸ਼ ਕਰਨ ਦੇ ਨਾਲ-ਨਾਲ ਨਵੇਂ ਸਮਾਜ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਆਪਣਾ ਬਣਦਾ ਰੋਲ ਵੀ ਅਦਾ ਕਰਦੀ ਹੈ। ਆਪਣੀ ਸਮਕਾਲੀ ਕਵਿਤਾ ਨਾਲੋਂ ਵਿਲੱਖਣ ਤੇ ਵੱਖਰੇ ਸਾਹਿਤ-ਸੁਹਜ, ਸਾਹਿਤ-ਦ੍ਰਿਸ਼ਟੀ ਤੇ ਵਿਚਾਰਧਾਰਾ ਰਾਹੀਂ ਪਾਸ਼ ਦੀ ਕਵਿਤਾ ਨੇ ਪੰਜਾਬੀ ਕਵਿਤਾ ਨੂੰ ਨਵੀਂ ਇਨਕਲਾਬੀ ਨੁਹਾਰ ਪ੍ਰਦਾਨ ਕੀਤੀ। ਇਸ ਦਾ ਪ੍ਰਮੁੱਖ ਕਾਰਨ ਪਾਸ਼ ਦੀ ਜ਼ਿੰਦਗੀ ਦੀਆਂ ਘਟਨਾਵਾਂ ਤੇ ਵੱਖਰੀ ਸ਼ਖ਼ਸੀਅਤ ਸੀ।
ਪਾਸ਼ ਨੇ ਆਪਣੀ ਜ਼ਿੰਦਗੀ ਦੇ ਤਲਖ਼ ਤਜਰਬਿਆਂ ਦੇ ਆਧਾਰ ’ਤੇ ਨਪੀੜੇ ਜਾ ਰਹੇ ਮਨੁੱਖ ਦੀ ਜ਼ਿੱਲਤ ਤੋਂ ਮੁਕਤੀ ਲਈ ਕਵਿਤਾ ਲਿਖੀ। ਇਹੋ ਕਾਰਨ ਹੈ ਕਿ ਉਸ ਦੀ ਕਵਿਤਾ ਲੁੱਟੇ ਤੇ ਥੱਕੇ-ਟੁੱਟੇ ਮਨ ਦਾ ਆਸਰਾ ਤੇ ਮਨੁੱਖ ਦੇ ਜੂਝਣ ਦੀ ਪ੍ਰੇਰਨਾ ਬਣਦੀ ਹੈ। ਉਸ ਦੀ ਕਵਿਤਾ ਦਾ ਨਾਇਕ ਇਨਕਲਾਬੀ ਤੇ ਇਨਸਾਨੀ ਹੱਕਾਂ ਲਈ ਜੂਝਣ ਵਾਲਾ ਹੈ। ਇਸ ਨਾਇਕ ਦੁਆਰਾ ਇਨਕਲਾਬ ਲਈ ਲਿਆ ਸੁਪਨਾ ਸਮਕਾਲ ਦੇ ਆਰ-ਪਾਰ ਫੈਲਦਾ ਦਿਖਾਈ ਦਿੰਦਾ ਹੈ। ਇਹ ਨਾਇਕ ਕਠੋਰ ਸਮਾਜਿਕ ਪ੍ਰਸਥਿਤੀਆਂ ਲਈ ਪ੍ਰਤੀਰੋਧ ਤੇ ਵਿਦਰੋਹ ਦਾ ਬਿੰਬ ਬਣ ਕੇ ਗ਼ੈਰ-ਮਨੁੱਖੀ ਸਮਾਜ ਨਾਲ ਜੂਝਦਾ ਹੈ। ਮਿਸਾਲ ਵਜੋਂ:
ਅਸੀਂ ਤਾਂ ਖੋਹਣੀ
ਆਪਣੀ ਚੋਰੀ ਹੋਈ ਰਾਤਾਂ ਦੀ ਨੀਂਦ
ਅਸੀਂ ਟੋਹਣਾ ਜ਼ੋਰ
ਖ਼ੂਨ ਲਿਬੜੇ ਹੱਥਾਂ ਦਾ
ਉਨ੍ਹਾਂ ਨੂੰ ਭਲੇ ਲੱਗਣ ਲਈ
ਅਸੀਂ ਹੁਣ ਵੈਣ ਨਹੀਂ ਪਾਉਣੇ
ਕਵਿਤਾ ਦੀਆਂ ਇਹ ਤੁਕਾਂ ਸਪੱਸ਼ਟ ਕਰਦੀਆਂ ਹਨ ਕਿ ਇਹ ਕਵਿਤਾ ਇੱਕ ਵਿਸ਼ੇਸ਼ ਸਿਆਸੀ ਮਾਹੌਲ ਵਿੱਚ ਲਿਖੀ ਹੋਣ ਕਰਕੇ ਇਨਕਲਾਬ ਲਈ ਪ੍ਰਤੀਬੱਧਤਾ ਦੀ ਕਵਿਤਾ ਹੈ। ਸਿਆਸਤ ਇਸ ਕਵਿਤਾ ਦੀ ਕਾਵਿਕ ਬਣਤਰ ਦੀ ਲਾਜ਼ਮੀ ਕੜੀ ਹੈ। ਨਵ-ਸਾਮਰਾਜੀ ਸਿਆਸਤ ਦੇ ਜ਼ੁਲਮ, ਲੁੱਟ, ਭੈਅ ਤੇ ਝੁੂਠ ਨੂੰ ਪਾਸ਼ ਦੀ ਕਵਿਤਾ ਗੁੱਸੇ ਤੇ ਰੋਹ ਰਾਹੀਂ ਸਿਰਜਦੀ। ਉਸ ਨੇ ਕਿਹਾ:
ਉੱਡ ਗਏ ਹਨ ਬਾਜ਼ ਚੁੰਝਾਂ ’ਚ ਲੈ ਕੇ
ਸਾਡੀ ਚੈਨ ਦਾ ਇੱਕ ਪਲ ਬਿਤਾ
ਸਕਣ ਦੀ ਖ਼ਾਹਸ਼
ਦੋਸਤੋ ਹੁਣ ਚੱਲਿਆ ਜਾਵੇ
ਉੱਡਦਿਆਂ ਬਾਜ਼ਾਂ ਮਗਰ…
ਪਾਸ਼ ਇਸ ਗੱਲੋਂ ਚੇਤੰਨ ਸੀ ਕਿ ਅਜੋਕੇ ਬੁਰਜੂਆ-ਜਗੀਰੂ ਸੱਭਿਆਚਾਰ ਨੂੰ ਖ਼ਤਮ ਕਰਨ ਲਈ ਸਾਹਿਤ ਤੇ ਕਲਾ ਦੇ ਖੇਤਰ ਦੇ ਨਾਲ-ਨਾਲ ਆਰਥਿਕ ਤੇ ਸਿਆਸੀ ਲੜਾਈਆਂ ਵੀ ਲੜੀਆਂ ਜਾਣ। ਉਹ ਆਪਣੀ ਕਾਵਿ-ਕਲਾ ਨੂੰ ਜਮਾਤੀ ਨਜ਼ਰੀਏ ਤੋਂ ਵੇਖਦਾ ਤੇ ਲਿਖਦਾ ਹੈ। ਉਹ ਆਪਣੇ ਆਪ ਨੂੰ ਸੁਧਾਰਵਾਦੀ ਕਵੀ ਨਹੀਂ ਸਗੋਂ ਜੁਝਾਰਵਾਦੀ ਕਵੀ ਕਹਾਉਣ ਦੇ ਹੱਕ ਵਿੱਚ ਸੀ। ਉਹ ਆਪਣੇ ਪਾਠਕ ਨੂੰ ਸੁਧਾਰਨ ਦੀ ਕੋਸ਼ਿਸ਼ ਨਹੀਂ ਕਰਦਾ ਸਗੋਂ ਸਮਾਜਿਕ ਪ੍ਰਸਥਿਤੀਆਂ ਨੂੰ ਬਦਲਣ ਲਈ ਕਹਿੰਦਾ ਹੈ। ਅਜਿਹਾ ਕਰਦਿਆਂ ਉਹ ਇੱਕ ਵਿਸ਼ੇਸ਼ ਵਿਚਾਰਧਾਰਾ ਦੇ ਪ੍ਰਚਾਰ ਤੇ ਪਸਾਰ ਉੱਤੇ ਬਲ ਦਿੰਦਾ ਹੋਇਆ ਵੀ ਕਵਿਤਾ ਦੀ ਕਲਾਤਮਿਕਤਾ ਵੱਲ ਵਿਸ਼ੇਸ਼ ਤਵੱਜੋ ਦਿੰਦਾ ਹੈ। ਪਾਸ਼ ਦਾਰਸ਼ਨਿਕ ਪ੍ਰਤੀਬੱਧਤਾ ਦੇ ਪੱਖ ਤੋਂ ਮਾਰਕਸਵਾਦ ਨਾਲ ਪ੍ਰਤੀਬੱਧ ਸ਼ਾਇਰ ਹੈ। ਮਾਰਕਸਵਾਦੀ ਫ਼ਲਸਫ਼ਾ ਉਸ ਦੇ ਕਾਵਿ-ਵਸਤੂ ਤੇ ਕਾਵਿ-ਵਿਧੀ ਨੂੰ ਵੀ ਨਿਰਧਾਰਤ ਕਰਦਾ ਹੈ।
ਪਾਸ਼ ਨੇ ਮਾਰਕਸਵਾਦ ਬਾਰੇ ਮੁੱਢਲੀ ਜਾਣਕਾਰੀ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਸੀ.ਪੀ.ਆਈ) ਦੇ ਪੰਜਾਬ ਵਿੱਚ 1967 ਦੌਰਾਨ ਲੱਗਦੇ ਸਕੂਲਾਂ ਵਿੱਚੋਂ ਹਾਸਲ ਕੀਤੀ। ਸੰਨ 1969 ਵਿੱਚ ਉਸ ਦਾ ਨਕਸਲੀ ਕਾਮਰੇਡਾਂ ਨਾਲ ਮੇਲ-ਜੋਲ ਹੋਇਆ। ਇਸ ਮੇਲ-ਜੋਲ ਕਾਰਨ ਉਸ ਨੂੰ ਜੇਲ੍ਹ ਜਾਣਾ ਪਿਆ। ਜੇਲ੍ਹ ਵਿੱਚ ਰਹਿੰਦਿਆਂ ਉਸ ਦੇ ਮਾਰਕਸੀ ਵਿਚਾਰਾਂ ਵਿੱਚ ਹੋਰ ਪਰਿਪੱਕਤਾ ਆਈ। ਇਸ ਵਿਚਾਰਧਾਰਕ ਪਰਿਪੱਕਤਾ ਨੇ ਉਸ ਦੇ ਮਨ ਵਿੱਚ ਆਪਣੇ ਲੋਕਾਂ ਤੇ ਸਮਾਜ ਪ੍ਰਤੀ ਬੇਚੈਨੀ ਪੈਦਾ ਕੀਤੀ। ਇਹ ਬੇਚੈਨੀ ਪਾਸ਼ ਦੀ ਕਵਿਤਾ ਵਿੱਚ ਸਿਰਫ਼ ਸ਼ਬਦਾਂ ਤੇ ਸ਼ਬਦ-ਚਿੱਤਰਾਂ ਦੇ ਭੇੜ ਵਿੱਚੋਂ ਹੀ ਪੈਦਾ ਨਹੀਂ ਹੁੰਦੀ ਸਗੋਂ ਸਮਾਜਿਕ ਯਥਾਰਥ ਦੇ ਅੰਤਰ-ਵਿਰੋਧਾਂ ਵਿੱਚੋਂ ਪਨਪਦੀ ਹੈ।
ਪਾਸ਼ ਆਪਣੀ ਸਿਆਸੀ ਚੇਤਨਾ ਨੂੰ ਸਮਾਜਵਾਦ ਲਈ ਜੂਝਣ ਹਿੱਤ ਪ੍ਰਯੋਗ ਵਿੱਚ ਲਿਆਉਂਦਾ। ਉਹ ਲੁੱਟੇ ਜਾ ਰਹੇ ਵਰਗਾਂ ਦੀ ਵਿਚਾਰਧਾਰਾ ਨਾਲ ਸਬੰਧਿਤ ਪਾਰਟੀਆਂ ਦੀ ਸਿਆਸਤ ਨਾਲ ਪ੍ਰਤੀਬੱਧ ਹੋ ਕੇ ਲਿਖਦਾ ਹੈ। ਇੱਕ ਚੰਗੇ ਕਮਿਊਨਿਸਟ ਵਾਂਗ ਉਹ ਕਮਿਊਨਿਸਟ ਪਾਰਟੀਆਂ ਦੀ ਆਲੋਚਨਾ ਵੀ ਕਰਦਾ ਹੈ। ਇਹ ਆਲੋਚਨਾ ਗ਼ੈਰ-ਮਾਰਕਸੀ ਨਹੀਂ ਸਗੋਂ ਮਾਰਕਸੀ ਵਿਚਾਰਧਾਰਾ ਨਾਲ ਪ੍ਰਤੀਬੱਧ ਹੋ ਕੇ ਹੁੰਦੀ ਹੈ। ਕਮਿਊਨਿਸਟ ਲਹਿਰ ਵਿੱਚ ਆਏ ਵਿਗਾੜਾਂ ਬਾਰੇ ਉਹ ‘ਕਾਮਰੇਡ ਨਾਲ ਗੱਲਬਾਤ’ ਵਰਗੀਆਂ ਕਵਿਤਾਵਾਂ ਲਿਖ ਕੇ ਗੱਲ ਕਰਦਾ ਹੈ।
ਪਾਸ਼ ਦੀ ਕਵਿਤਾ ਨੇ ਆਪਣਾ ਇਤਿਹਾਸਕ ਫ਼ਰਜ਼ ਪਛਾਣਦਿਆਂ ਸੱਚ ਨੂੰ ਸੱਚ ਕਹਿਣ ਦੀ ਜੁਰੱਅਤ ਕੀਤੀ। ਨਵ-ਸਾਮਰਾਜੀ ਸਿਆਸਤ ਦੁਆਰਾ ਜਦੋਂ ਵੀ ਜ਼ਿੰਦਗੀ ਦੀ ਉਲੰਘਣਾ ਕੀਤੀ ਗਈ ਤਾਂ ਉਸ ਦੀ ਕਲਮ ਇਸ ਜ਼ੁਲਮ ਵਿਰੁੱਧ ਸੰਗੀਨ ਬਣ ਕੇ ਖੜ੍ਹੀ ਹੋਈ। ਉਹ ਸੁਚੇਤ ਸੀ ਕਿ ਜੁਝਾਰਵਾਦੀ ਕਵਿਤਾ ਦੇ ਨਾਂ ਹੇਠ ਅਜਿਹੀ ਕਵਿਤਾ ਵੀ ਲਿਖੀ ਗਈ ਜੋ ਮੁੱਠੀਭਰ ਬੁੱਧੀਜੀਵੀਆਂ, ਵਿਦਿਆਰਥੀਆਂ, ਅਧਿਆਪਕਾਂ ਤੇ ਪੜ੍ਹੇ-ਲਿਖੇ ਮੁਲਾਜ਼ਮਾਂ ਦਾ ਮਨ-ਪ੍ਰਚਾਵਾ ਹੀ ਕਰਦੀ ਰਹੀ। ਅਜਿਹੇ ਮੱਧ-ਵਰਗੀ ਸ਼ਾਇਰਾਂ ਨਾਲੋਂ ਖ਼ੁਦ ਨੂੰ ਨਿਖੇੜਦਿਆਂ ਉਸ ਨੇ ਇੱਕ ਵੱਖਰਾ ਮੁਕਾਮ ਹਾਸਲ ਕੀਤਾ। ‘ਸੱਭਿਆਚਾਰ ਦੀ ਖੋਜ’ ਨਾਂ ਦੀ ਕਵਿਤਾ ਵਿੱਚ ਉਹ ਆਪਣੇ ਆਪ ਨੂੰ ਲੁੱਟੇ ਜਾ ਰਹੇ ਲੋਕਾਂ ਨਾਲ ਜੋੜਦਾ ਹੈ:
ਮੈਂ ਭੁੱਖੇ ਮਰਦੇ ਲੋਕਾਂ ਦਾ
ਭੁੱਖਾ ਮਰਦਾ ਕਲਾਕਾਰ ਹਾਂ
ਤੂੰ ਮੇਰੀ ਜੀਵਨ ਸਾਥੀ ਬਣ ਕੇ ਕੀ ਲੈਣਾ?
ਪਾਸ਼ ਲਈ ਕਵਿਤਾ ਲਿਖਣਾ ਇੱਕ ਸੁਚੇਤ ਰਚਨਾਤਮਕ ਅਮਲ ਸੀ। ਉਹ ਚੇਤੰਨ ਸੀ ਕਿ ਨਿਜ਼ਾਮ ਨੂੰ ਕ੍ਰਾਂਤੀਕਾਰੀ ਅਮਲ ਰਾਹੀਂ ਹੀ ਬਦਲਿਆ ਜਾ ਸਕਦਾ ਹੈ। ਇਸ ਕਾਰਨ ਪਾਸ਼ ਕਈ ਹਾਲਾਤ ਵਿੱਚ ਇਸ ਅਮਲ ’ਚ ਆਪਣੇ ਆਪ ਨੂੰ ਸ਼ਾਮਲ ਵੀ ਕਰਦਾ ਹੈ। ਇਸ ਮਕਸਦ ਲਈ ਉਸ ਦੁਆਰਾ ਰਚੀ ਗਈ ਕਵਿਤਾ ਵੀ ਬੁੁਰਜੂੁਆ ਸੱਭਿਆਚਾਰਕ ਮਾਪਦੰਡਾਂ ਨੂੰ ਨਕਾਰਦੀ ਅਤੇ ਕਿਰਤੀ ਸੱਭਿਆਚਾਰ ਦੀ ਸਿਰਜਣਾ ਲਈ ਯਤਨ ਕਰਦੀ। ਉਸ ਨੂੰ ਪਤਾ ਸੀ ਕਿ ਪੁਰਾਣੇ ਬੁਰਜੂਆ ਮਾਪਦੰਡਾਂ ਨੂੰ ਬਦਲਣਾ ਲੰਮਾ ਤੇ ਔਖਾ ਕਾਰਜ ਹੈ। ਸਮਾਜ ਦੇ ਬੁਨਿਆਦੀ ਢਾਂਚੇ ਨੂੰ ਬਦਲ ਕੇ ਨਵੇਂ ਸਮਾਜ ਵਿੱਚ ਤਬਦੀਲ ਕਰਨ ਸਬੰਧੀ ਪਾਸ਼ ਦੇ ਵਿਚਾਰ ਯਥਾਰਥਮੁਖੀ ਹਨ। ਇਸ ਤਰ੍ਹਾਂ ਆਪਣੀ ਇੱਕ ਹੋਰ ਕਵਿਤਾ ਵਿੱਚ ਉਹ ਯੂਟੋਪੀਆ ਕ੍ਰਾਂਤੀਕਾਰੀ ਵਿਚਾਰਾਂ ’ਤੇ ਕਟਾਖ਼ਸ਼ ਕਰਦਾ ਹੋਇਆ ਲਿਖਦਾ ਹੈ:
ਤਾਰਿਆਂ ਵੱਲ ਤੱਕ ਕੇ ਕ੍ਰਾਂਤੀ ਲਿਆਉਣ ਦੀ
ਨਸੀਹਤ ਦੇਣ ਵਾਲਿਓ
ਕ੍ਰਾਂਤੀ, ਜਦ ਆਈ ਤਾਂ
ਤੁਹਾਨੂੰ ਵੀ ਤਾਰੇ ਦਿਖਾ ਦਏਗੀ।
ਪਾਸ਼ ਦਾ ਮੰਨਣਾ ਦਰੁਸਤ ਹੈ ਕਿ ਨਕਸਲਬਾੜੀ ਲਹਿਰ ਨਾਲ ਸਬੰਧਿਤ ਜੁਝਾਰੂ ਕਵਿਤਾ ਨਕਸਲੀ ਲਹਿਰ ਤੋਂ ਪ੍ਰਭਾਵਿਤ ਸੀ ਪਰ ਇਸ ਦੀ ਸਾਰੀ ਹੋਂਦ, ਪਾਸਾਰ ਤੇ ਵਿਸ਼ਾਲਤਾ ਨਕਸਲੀ ਲਹਿਰ ਵਾਲੀ ਨਹੀਂ ਸੀ। ਉਹ ਸਵੀਕਾਰ ਕਰਦਾ ਸੀ ਕਿ ਜੁਝਾਰੂ ਕਵਿਤਾ ਨੇ ਪੰਜਾਬੀ ਕਵਿਤਾ ਵਿੱਚ ਕ੍ਰਾਂਤੀਕਾਰੀ ਅੰਸ਼ ਭਰਨ ਵਿੱਚ ਵੱਡਾ ਯੋਗਦਾਨ ਪਾਇਆ। ਭਾਵੇਂ ਇਹ ਕਵਿਤਾ ਨਕਸਲੀ ਸਿਆਸਤ ਤੋਂ ਪ੍ਰਭਾਵਿਤ ਸੀ ਪਰ ਇਸ ਕਵਿਤਾ ਨੂੰ ਸਿਰਫ਼ ਇਸ ਪੱਖ ਨਾਲ ਜੋੜ ਕੇ ਵੇਖਣਾ ਇਸ ਕਵਿਤਾ ਨਾਲ ਨਿਆਂ ਨਹੀਂ ਹੋ ਸਕਦਾ। ਸੋ, ਉਸ ਨੇ ਜੁਝਾਰੂ ਕਵਿਤਾ ਦੇ ਵੱਖ-ਵੱਖ ਪ੍ਰਸੰਗਾਂ ਨੂੰ ਸਹੀ ਨਜ਼ਰੀਏ ਤੋਂ ਵੇਖਣ ਦਾ ਯਤਨ ਕੀਤਾ।
ਉਹ ਜੁਝਾਰੂ ਕਵਿਤਾ ਦੀਆਂ ਖ਼ੂਬੀਆਂ ਤੇ ਖ਼ਾਮੀਆਂ ਬਾਰੇ ਵੀ ਚੇਤੰਨ ਸੀ। ਉਸ ਮੁਤਾਬਕ ਜੁਝਾਰੂ ਕਵਿਤਾ ਭਾਵੇਂ ਗੁਣਾਤਮਕ ਪੱਖ ਤੋਂ ਪ੍ਰਗਤੀਵਾਦੀ ਪੰਜਾਬੀ ਕਵਿਤਾ ਨੂੰ ਉੱਚਾ ਸਾਹਿਤਕ ਪੱਧਰ ਪ੍ਰਦਾਨ ਕਰਨ ਵਿੱਚ ਵਿਸ਼ੇਸ਼ ਰੋਲ ਅਦਾ ਕਰਦੀ ਹੈ ਪਰ ਗਿਣਾਤਮਕ ਪੱਖ ਤੋਂ ਸਮੁੱਚੀ ਜੁਝਾਰੂ ਕਵਿਤਾ ਵਿੱਚ ਸਾਹਿਤਕ ਚੇਤਨਾ ਤੇ ਸਾਹਿਤਕ ਗੁਣਾਂ ਦੀ ਘਾਟ ਵੀ ਰੜਕਦੀ ਹੈ। ਬਹੁਤ ਸਾਰੀਆਂ ਕਵਿਤਾਵਾਂ ਸਿਰਫ਼ ਨਾਅਰਾ ਬਣ ਕੇ ਰਹਿ ਗਈਆਂ। ਪਾਸ਼ ਨੂੰ ਕਲਾਤਮਿਕਤਾ ਤੋਂ ਰਹਿਤ ਪ੍ਰਚਾਰ ਪਸੰਦ ਨਹੀਂ ਸੀ। ਉਹ ਤਾਂ ਬੰਦੂਕ ਚੁੱਕਣ ਦੀ ਲੋੜ ਵੀ ਲੋਕ ਰਾਇ ’ਤੇ ਛੱਡਦਾ ਹੈ। ਉਸ ਮੁਤਾਬਕ ਜ਼ਰੂਰੀ ਨਹੀਂ ਹੈ ਕਿ ਹਰ ਵੇਲੇ ਹਥਿਆਰਬੰਦ ਸੰਘਰਸ਼ ਦੀ ਗੱਲ ਸਮਾਜ ’ਤੇ ਲਾਗੂ ਹੁੰਦੀ ਹੋਵੇ।
ਪਾਸ਼ ਨੇ ਆਪਣੀ ਕਵਿਤਾ ਰਾਹੀਂ ਨਵੀਂ ਸੱਭਿਆਚਾਰਕ, ਆਰਥਿਕ, ਸਮਾਜਿਕ ਸਥਿਤੀ ਲਈ ਸੁਪਨੇ ਸਿਰਜੇ ਅਤੇ ਇਨ੍ਹਾਂ ਨੂੰ ਸਾਕਾਰ ਕਰਨ ਦੀ ਵਿਧੀ ਬਾਰੇ ਵੀ ਦੱਸਿਆ। ਆਪਣੀ ਪ੍ਰਸਿੱਧ ਕਵਿਤਾ ‘ਸਭ ਤੋਂ ਖ਼ਤਰਨਾਕ’ ਵਿੱਚ ਉਹ ਨਵੇਂ ਸਮਾਜ ਲਈ ਮਰ ਰਹੇ ਸੁਪਨੇ ਨੂੰ ਸਭ ਤੋਂ ਖ਼ਤਰਨਾਕ ਸਮਝਦਾ ਹੈ। ਇਸ ਕਵਿਤਾ ਰਾਹੀਂ ਆਪਣੇ ਪਾਠਕ ਨੂੰ ਸਿਧਾਂਤਕ ਤੇ ਸਿਆਸੀ ਚੇਤਨਾ ਦੇਣ ਦਾ ਕਾਰਜ ਉਸ ਦੀ ਪ੍ਰਤੀਬੱਧਤਾ ਦਾ ਮਹੱਤਵਪੂਰਨ ਅੰਗ ਹੈ। ਨਵੇਂ ਸਮਾਜ ਦੀ ਸਿਰਜਣਾ ਉਪਰ ਜ਼ੋਰ ਦਿੰਦਾ ਹੋਇਆ ਪਾਸ਼ ਸਿਆਸੀ ਸੰਘਰਸ਼ ਦੇ ਨਾਲ-ਨਾਲ ਆਪਣੇ ਪਾਠਕ ਨੂੰ ਉਸ ਦੀ ਇਤਿਹਾਸਕ ਜ਼ਿੰਮੇਵਾਰੀ ਤੋਂ ਵੀ ਜਾਣੂ ਕਰਵਾਉਂਦਾ ਹੈ। ਲੋਕਾਂ ਵਿੱਚ ਜਾਗੇ ਜ਼ਿੰਮੇਵਾਰੀ ਦੇ ਅਹਿਸਾਸ ਵਿੱਚੋਂ ਹੀ ਨਵੀਆਂ ਸੰਭਾਵਨਾਵਾਂ ਪੈਦਾ ਹੋ ਸਕਦੀਆਂ ਹਨ। ਉਸ ਨੂੰ ਉਮੀਦ ਸੀ ਕਿ ਜਦੋਂ ਪਰਿਵਰਤਨ ਸਦਕਾ ਨਵੀਂ ਸਵੇਰ ਆਵੇਗੀ ਤਾਂ ਬਰਾਬਰੀ, ਪ੍ਰੇਮ, ਪਿਆਰ ਆਦਿ ਦੇ ਰੰਗ ਗੂੜ੍ਹੇ ਹੋ ਜਾਣਗੇ:
ਮਿਹਨਤਾਂ ਦਾ ਮੁੱਲ ਆਪ ਪਾਉਣਾ ਲੋਕਾਂ ਨੇ
ਧਰਤੀ ’ਤੇ ਸੁਰਗ ਬਣਾਉਣਾ ਲੋਕਾਂ ਨੇ
ਇੱਕੋ ਜਿੰਨੀ ਖ਼ੁਸ਼ੀ ਸਾਰਿਆਂ ਦੇ ਜੀਣ ਨੂੰ
ਬਚੇਗਾ ਨਾ ਲੋਟੂ ਕੋਈ ਲਹੂ ਪੀਣ ਨੂੰ
ਸੂਹਾ ਝੰਡਾ ਉੱਚਾ ਲਹਿਰਾਊ ਹਾਣੀਆ।
ਪਾਸ਼ ਦੀ ਪ੍ਰਸੰਗਿਕਤਾ ਉਸ ਦੀ ਕਾਵਿ-ਕਲਾ ਤੇ ਵਿਚਾਰਧਾਰਕ ਸਪੱਸ਼ਟਤਾ ਦੇ ਨਾਲ-ਨਾਲ ਉਸ ਦੀ ਆਪਣੇ ਸਮਾਜ ਪ੍ਰਤੀ ਪ੍ਰਗਤੀਸ਼ੀਲ ਪਹੁੰਚ ਕਰਕੇ ਵੀ ਹੈ। ਉਸ ਨੂੰ ਲੱਗਦਾ ਕਿ ਮੰਡੀ ਦੇ ਮੌਜੂਦਾ ਦੌਰ ਵਿੱਚ ਕਿਰਤੀ ਆਪਣੀ ਕਿਰਤ-ਸ਼ਕਤੀ ਤੋਂ ਵਿਯੋਗਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਉਪਰਲਾ ਤਬਕਾ ਆਪਣੇ ਲੋਟੂ ਰੱਵਈਏ ਕਾਰਨ ਅਣਮਨੁੱਖੀ ਹੋਂਦ ਗ੍ਰਹਿਣ ਕਰਦਾ ਜਾ ਰਿਹਾ ਹੈ। ਇਸ ਦੇ ਸਿੱਟੇ ਵਜੋਂ ਮਨੁੱਖ ਆਪਣੀ ਮਨੁੱਖਤਾ ਕੋਲੋਂ ਟੁੱਟਦਾ ਜਾ ਰਿਹਾ ਹੈ। ਮਨੁੱਖ ਦੀ ਇਸ ਅਣਮਨੁੱਖੀ ਸਥਿਤੀ ਨੂੰ ਪ੍ਰਗਟ ਕਰਦੀ ਪਾਸ਼ ਦੀ ਕਵਿਤਾ ‘ਕੰਡੇ ਦਾ ਜ਼ਖ਼ਮ’ ਵਿਚਲੀਆਂ ਸਤਰਾਂ ਪੇਸ਼ ਹਨ:
ਉਸ ਦੇ ਪੱਕੇ ਹੋਏ ਖ਼ਰਬੂਜ਼ਿਆਂ ਵਰਗੇ
ਉਮਰ ਦੇ ਸਾਲ
ਬਿਨਾਂ ਚੀਰਿਆਂ ਹੀ ਨਿਗਲੇ ਗਏ
ਤੇ ਕੱਚੇ ਦੁੱਧ ਵਰਗੀ ਉਸ ਦੀ ਸੀਰਤ
ਬੜੇ ਹੀ ਸੁਆਦ ਨਾਲ ਪੀਤੀ ਗਈ
ਉਸ ਨੂੰ ਕਦੇ ਵੀ ਨਾ ਪਤਾ ਲੱਗ ਸਕਿਆ
ਉਹ ਕਿੰਨਾ ਸਿਹਤ ਅਫ਼ਤਾ ਸੀ।
ਪਾਸ਼ ਦੀ ਕਵਿਤਾ ਹੁਕਮਰਾਨ ਜਮਾਤ ਦੀ ਅਖੌਤੀ ਰਾਸ਼ਟਰਵਾਦੀ ਪਹੁੰਚ ਨੂੰ ਵੀ ਅਸਵੀਕਾਰ ਕਰਦੀ ਹੈ। ਉਸ ਦੀ ਕਵਿਤਾ ਵਿਚਲੇ ਰਾਸ਼ਟਰ ਦਾ ਸੰਕਲਪ ਅਜੋਕੇ ਬੁਰਜੂਆ ਰਾਸ਼ਟਰਵਾਦੀਆਂ ਵਾਲਾ ਨਹੀਂ ਸਗੋਂ ਇਹ ਰਾਸ਼ਟਰ ਦੀ ਸੰਪੂਰਨ ਖ਼ੁਦਮੁਖ਼ਤਾਰੀ ਵਾਲਾ ਹੈ। ਪਾਸ਼ ਆਪਣੀ ਇੱਕ ਹੋਰ ਪ੍ਰਸਿੱਧ ਕਵਿਤਾ ‘ਭਾਰਤ’ ਵਿੱਚ ਆਜ਼ਾਦੀ ਤੋਂ ਬਾਅਦ ਦੇ ਭਾਰਤ ਦੀਆਂ ਸਮਾਜਿਕ-ਸੱਭਿਆਚਾਰਕ ਪ੍ਰਸਥਿਤੀਆਂ ਬਾਰੇ ਸਰਕਾਰੀ ਜਾਂ ਗ਼ੈਰ-ਸਰਕਾਰੀ ਵਸੀਲਿਆਂ ਰਾਹੀਂ ਫੈਲਾਈਆਂ ਮਿੱਥਾਂ ਨੂੰ ਤੋੜਦਾ ਹੈ। ਉਹ ਇਹ ਭਲੀਭਾਂਤ ਜਾਣਦਾ ਸੀ ਕਿ ਹਾਕਮਾਂ ਦੁਆਰਾ ਦੇਸ਼ ਦੀ ਅਖੰਡਤਾ ਦੇ ਨਾਂ ਹੇਠ ਕਈ ਤਰ੍ਹਾਂ ਦੇ ਵਿਰੋਧਾਂ ਨੂੰ ਦਬਾਇਆ ਜਾਂਦਾ ਹੈ। ਹਾਕਮ ਆਪਣੀ ਵਿਚਾਰਧਾਰਕ ਸਰਦਾਰੀ ਰਾਹੀਂ ‘ਅਨੇਕਤਾ ਵਿੱਚ ਏਕਤਾ’ ਦਾ ਨਾਅਰਾ ਦੇ ਕੇ ਅਨੇਕ ਮਿੱਥਾਂ ਘੜਦੇ ਹਨ। ਪਾਸ਼ ਭਾਰਤ ਦੀਆਂ ਜਾਤੀ, ਜਮਾਤੀ, ਭਾਸ਼ਾਈ, ਧਾਰਮਿਕ ਆਦਿ ਵਿਰੋਧਤਾਵਾਂ ਤੇ ਤਣਾਵਾਂ ਤੋਂ ਪਰਦਾ ਚੁੱਕਦਾ ਹੈ। ਉਸ ਦੀ ਇਹ ਕਵਿਤਾ ਬੁਰਜੂਆ ਰਾਸ਼ਟਰਵਾਦ ਉਪਰ ਕਟਾਖ਼ਸ਼ ਕਰਦੀ ਹੋਈ ਕੌਮੀ ਏਕਤਾ ਦੇ ਨਵੇਂ ਦਿਸਹੱਦਿਆਂ ਨੂੰ ਛੂੰਹਦੀ ਹੈ। ਉਹ ਆਪਸੀ ਸਾਂਝ ਟੁੱਟਣ ਦੇ ਬੁਨਿਆਦੀ ਕਾਰਨ ਆਰਥਿਕ ਨਾ-ਬਰਾਬਰੀ ਮੰਨਦਾ ਅਤੇ ਭਾਰਤ ਦੀ ਕੌਮੀ ਏਕਤਾ ਨੂੰ ਨਵੇਂ ਅਰਥ ਪ੍ਰਦਾਨ ਕਰਦਾ ਹੈ।
ਕਵਿਤਾ ਦੀਆਂ ਵੱਖ-ਵੱਖ ਪੁਸਤਕਾਂ ਰਾਹੀਂ ਪਾਸ਼ ਲਗਾਤਾਰ ਕਾਵਿ-ਕਲਾ ਦੇ ਵਿਕਾਸ ਵੱਲ ਵਧਦਾ ਰਿਹਾ। ਆਪਣੀ ਸਿਧਾਂਤਕ ਪਰਿਪੱਕਤਾ, ਅਨੁਭਵ, ਭਾਸ਼ਾ ਤੇ ਕਾਵਿ-ਜੁਗਤਾਂ ਰਾਹੀਂ ਉਸ ਦੀ ਕਵਿਤਾ ਵਿਕਾਸ ਦਾ ਰੁਖ਼ ਅਖ਼ਤਿਆਰ ਕਰਦੀ ਰਹੀ। ਪਾਸ਼ ਦੀ ਕਵਿਤਾ ਪੰਜਾਬੀ ਕਵਿਤਾ ਦੇ ਰੂੜ੍ਹ ਹੋ ਚੁੱਕੇ ਪ੍ਰਤੀਮਾਨਾਂ ਨੂੰ ਤੋੜਦੀ ਹੋਈ ਨਿਵੇਕਲਾ ਆਲੋਚਨਾਤਮਕ ਨਜ਼ਰੀਆ ਵੀ ਰੱਖਦੀ ਹੈ। ਅਜਿਹੇ ਨਜ਼ਰੀਏ ਰਾਹੀਂ ਇਹ ਕਵਿਤਾ ਜੀਵਨ ਦਾ ਪ੍ਰਤੀਬਿੰੰਬ ਹੀ ਪੇਸ਼ ਨਹੀਂ ਕਰਨ ਦੇ ਨਾਲ-ਨਾਲ ਸੇਧ ਦੇਣ ਤੇ ਜੀਵਨ ਦੀ ਆਲੋਚਨਾ ਕਰਨ ਦਾ ਕਾਰਜ ਵੀ ਕਰਦੀ ਹੈ। ਇਹ ਕਵਿਤਾ ਕਿਰਤ ਕਰਨ ਵਾਲੀਆਂ ਜਮਾਤਾਂ ਦੀ ਪੀੜ ਨੂੰ ਜ਼ੁਬਾਨ ਦਿੰਦੀ ਹੋਈ ਉਨ੍ਹਾਂ ਨੂੰ ਨਵੀਂ ਸੱਭਿਅਤਾ ਉਸਾਰਨ ਦਾ ਸੁਪਨਾ ਵੀ ਵਿਖਾਉਂਦੀ ਹੈ। ਉਹ ਆਪਣੀ ਗੰਭੀਰ ਤੇ ਵਿਅੰਗਾਤਮਕ ਸ਼ੈਲੀ ਰਾਹੀਂ ਸਮਾਜਿਕ, ਸਿਆਸੀ ਤੇ ਸੱਭਿਆਚਾਰਕ ਸਥਿਤੀ ਦੀ ਪੇਸ਼ਕਾਰੀ ਕਰਦਾ ਹੋਇਆ ਨਤੀਜਾ ਕੱਢਦਾ ਕਿ ਹੁਣ ਤਕ ਪ੍ਰਗਤੀ ਦੇ ਨਾਂ ’ਤੇ ਸਭ ਕੁਝ ਕਾਬਜ਼ ਜਮਾਤਾਂ ਲਈ ਅਤੇ ਉਨ੍ਹਾਂ ਦੇ ਹਿੱਤਾਂ ਵਿੱਚ ਵਿਕਸਤ ਹੋਇਆ ਹੈ। ਆਮ ਆਦਮੀ ਵੱਖ-ਵੱਖ ਕਦਰਾਂ-ਕੀਮਤਾਂ ਨੂੰ ਸਿਰਫ਼ ਸਵੀਕਾਰਦਾ ਹੈ, ਪੈਦਾ ਨਹੀਂ ਕਰਦਾ। ਨਿੱਜੀ ਜਾਇਦਾਦ ਦੇ ਜਨਮ ਤੋਂ ਬਾਅਦ ਸੱਭਿਆਚਾਰਕ ਤੇ ਸਦਾਚਾਰਕ ਹਿੱਤ ਉਪਰਲੀਆਂ ਜਮਾਤਾਂ ਦੇ ਹੱਕ ਵਿੱਚ ਭੁਗਤਦੇ ਰਹੇ ਹਨ।
ਖ਼ੂਬਸੂਰਤ ਜ਼ਿੰਦਗੀ ਦੇ ਸੁਪਨੇ ਤੇ ਸਮਾਜਵਾਦ ਨੂੰ ਸੱਚੀ-ਮੁੱਚੀ ਵਾਪਰਿਆ ਵੇਖਣ ਦੀ ਰੀਝ ਰੱਖਣ ਵਾਲਾ ਪਾਸ਼ ਪਾਰਟੀ ਲੇਬਲਾਂ ਤੋਂ ਪਿੱਛਾ ਛੁਡਾਉਣ ਲਈ ਬੜੀਆਂ ‘ਸ਼ਰਾਰਤਾਂ’ ਕਰਦਾ ਰਿਹਾ। ਉਸ ਨੂੰ ਦੁੱਖ ਸੀ ਕਿ ਅਨੇਕ ਖ਼ਤਰੇ ਸਹਿ ਰਹੇ ਆਮ ਆਦਮੀ ਦੀ ਕਿਸੇ ਇਨਕਲਾਬੀ ਪਾਰਟੀ ਨੇ ਬਾਂਹ ਨਾ ਫੜੀ। ਸਾਡੀਆਂ ਖੱਬੇ ਪੱਖੀ ਧਿਰਾਂ ਨੇ ਪੰਜਾਬੀ ਕੌਮ ਜਾਂ ਪੰਜਾਬੀ ਲੋਕਾਂ ਦੀ ਵੇਲੇ ਸਿਰ ਅਗਵਾਈ ਨਾ ਕੀਤੀ। ਸਿੱਟੇ ਵਜੋਂ ਪੰਜਾਬ ਦਾ ਸਿਆਸੀ ਦ੍ਰਿਸ਼ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਗਿਆ। ਉਹ ਪੰਜਾਬ ਜਾਂ ਭਾਰਤ ਵਿੱਚ ਸਹੀ ਮਾਅਨਿਆਂ ਵਿੱਚ ਇਨਕਲਾਬੀ ਪਾਰਟੀ ਦੀ ਲੋੜ ਨੂੰ ਮਹਿਸੂਸਦਾ ਰਿਹਾ।
ਪਾਸ਼ ਦੀ ਕਵਿਤਾ ਕਿਸੇ ਛੰਦ ਵਿੱਚ ਬੱਝੀ ਹੋਈ ਨਹੀਂ ਹੈ। ਇਸ ਦੇ ਬਾਵਜੂਦ ਇਸ ਵਿੱਚ ਆਪਣੀ ਤਰ੍ਹਾਂ ਦੀ ਲੈਅ ਤੇ ਤਾਲ ਮੌਜੂਦ ਹੈ। ਨਵੇਂ-ਨਕੋਰ ਪ੍ਰਤੀਕਾਂ ਰਾਹੀਂ ਉਸ ਨੇ ਆਪਣੀ ਸਿਰਜਣ ਸ਼ਕਤੀ ਤੇ ਮੌਲਿਕ ਪ੍ਰਤਿਭਾ ਦਾ ਪ੍ਰਗਟਾਵਾ ਕੀਤਾ ਹੈ। ਉਸ ਦੀਆਂ ਕਵਿਤਾਵਾਂ ਪੰਜਾਬੀ ਖੁੱਲ੍ਹੀ ਕਵਿਤਾ ਦਾ ਪ੍ਰਤੀਨਿਧ ਰੂਪ ਹੋ ਨਿੱਬੜੀਆਂ ਹਨ। ਮਨੁੱਖ ਦੀ ਤਰਸਯੋਗ ਹਾਲਤ ਦਾ ਪ੍ਰਗਟਾਵਾ ਉਹ ਬਹੁਤ ਹੀ ਸੁਚੇਤ ਤੇ ਸੂਝ ਨਾਲ ਵੱਖ-ਵੱਖ ਪ੍ਰਤੀਕਾਂ ਰਾਹੀਂ ਕਰਦਾ ਹੈ। ਅਜਿਹਾ ਕਰਦਿਆਂ ਉਸ ਦੀ ਕਵਿਤਾ ਨਾ ਤਾਂ ਪੇਤਲੀ ਪੱਧਰ ਦੀ ਰੁਮਾਂਟਿਕ ਨਾਅਰੇਬਾਜ਼ੀ ’ਤੇ ਉਤਰਦੀ ਅਤੇ ਨਾ ਹੀ ਇਹ ਆਪਣੀ ਕਾਵਿ-ਵਿਰਾਸਤ ਤੋਂ ਟੁੱਟਦੀ ਹੈ। ਇਸ ਦਾ ਆਪਣਾ ਇੱਕ ਸਿਆਸੀ ਤੇ ਸਿਧਾਂਤਕ ਆਧਾਰ ਅਤੇ ਸੁਹਜ ਮੁੱਲ ਹੈ। ਇੱਕੀਵੀਂ ਸਦੀ ਵਿੱਚ ਲੜੇ ਜਾਣ ਵਾਲੇ ਲੋਕ-ਪੱਖੀ ਸੰਘਰਸ਼ਾਂ ਲਈ ਪਾਸ਼ ਦੀ ਕਵਿਤਾ ਪ੍ਰੇਰਨਾ-ਸ੍ਰੋਤ ਬਣਦੀ ਰਹੇਗੀ। ਪਾਸ਼ ਨੇ ਪ੍ਰਯੋਗਵਾਦੀ ਅਤੇ ਸ਼ਿਵ ਕੁਮਾਰ ਬਟਾਲਵੀ ਵਰਗੇ ਕਵੀਆਂ ਦੁਆਰਾ ਲਿਖੀ ਜਾ ਰਹੀ ਨਿਰਾਸ਼ਾਵਾਦੀ ਕਵਿਤਾ ਨੂੰ ਵੰਗਾਰਿਆ ਹੀ ਨਹੀਂ ਸਗੋਂ ਖ਼ੁਦ ਇੱਕ ਨਵੇਂ ਨਰੋਏ ਆਸ਼ਾਵਾਦੀ ਨਾਇਕ ਦੀ ਸਿਰਜਣਾ ਕੀਤੀ। ਪਾਸ਼ ਦੀ ਕਵਿਤਾ ਵਾਸਤਵਿਕ ਯਥਾਰਥ ਦੀ ਜਟਿਲਤਾ ਨੂੰ ਪੇਸ਼ ਕਰਦੀ ਹੈ। ਇਹ ਆਪਣੇ ਪਾਠਕ ਦੀ ਮਾਨਸਿਕਤਾ ਦੀ ਕ੍ਰਾਂਤੀਕਾਰੀ ਮਨੋਦਸ਼ਾ ਨੂੰ ਵੀ ਸਿਰਜਦੀ ਹੈ। ਇਹ ਕਵਿਤਾ ਭਵਿੱਖ ਵਿੱਚ ਵੀ ਸਾਨੂੰ ਲੜਨ ਦੀ ਪ੍ਰੇਰਨਾ ਦਿੰਦੀ ਰਹੇਗੀ। ਇਹੋ ਪ੍ਰੇਰਨਾ ਪਾਸ਼ ਦੀ ਕਵਿਤਾ ਦੀ ਅਦੁੱਤੀ ਪਛਾਣ ਤੇ ਪ੍ਰਾਪਤੀ ਹੈ।


Comments Off on ਪਾਸ਼-ਕਾਵਿ ਦੀ ਅਦੁੱਤੀ ਪਛਾਣ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.