ਸੋਸ਼ਲ ਮੀਡੀਆ ਸਟਾਰ !    ਉੱਘਾ ਸੰਗੀਤਕਾਰ ਬਾਬਾ ਜੀ. ਏ. ਚਿਸ਼ਤੀ !    ਸਮਾਜ, ਸਾਹਿਤ ਤੇ ਸਿਨਮਾ !    ਸੱਜੇ ਹੱਥ ਵਰਗੇ ਲੋਕ !    ਲੋਪ ਹੋਏ ਟੱਪਾ ਨੁਮਾ ਲੋਕ ਗੀਤ !    ਮੁਆਫ਼ੀ ਅਹਿਸਾਸ ਜਾਂ ਸੰਕਲਪ !    ਖ਼ੂਨੀ ਵਿਸਾਖੀ-ਤਣਾਅ ਤੇ ਦੁਖਾਂਤ ਦੀ ਪੇਸ਼ਕਾਰੀ !    ਚਿੱਤਰਾਂ ਨਾਲ ਸੰਵਾਦ ਰਚਾਉਂਦੀ ਅੰਮ੍ਰਿਤਾ !    ਛੋਟਾ ਪਰਦਾ !    ਕਿਰਤ ਦੇ ਸੱਚ ਨੂੰ ਪ੍ਰਣਾਇਆ ਨੌਜਵਾਨ !    

ਰਿਬੇਰੋ ਦੀ ਆਪਬੀਤੀ ਦੇ ਕੁਝ ਅੰਸ਼

Posted On January - 18 - 2014

ਇੰਦਰਾ ਗਾਂਧੀ ਦੇ ਕਤਲ ਦੀ ਖ਼ਬਰ ਪੁਣੇ ਉਦੋਂ ਪੁੱਜੀ ਜਦੋਂ ਮੁੱਖ ਮੰਤਰੀ ਵਸੰਤ ਦਾਦਾ ਪਾਟਿਲ ਸੀਨੀਅਰ ਪੁਲੀਸ ਅਫ਼ਸਰਾਂ ਸਾਹਮਣੇ ਭਾਸ਼ਣ ਕਰ ਰਹੇ ਸਨ। ਇੰਸਪੈਕਟਰ ਜਨਰਲ ਪੁਲੀਸ ਮੇਧਾਕਰ ਨੂੰ ਕਿਹਾ ਗਿਆ ਕਿ ਬਾਹਰ ਆ ਕੇ ਫ਼ੋਨ ਸੁਣਨ। ਜਦੋਂ ਉਹ ਫ਼ੋਨ ਸੁਣ ਕੇ ਕਾਨਫ਼ਰੰਸ ਹਾਲ ਵਿੱਚ ਪਰਤਿਆ, ਉਸ ਦੇ ਹੋਸ਼-ਹਵਾਸ ਉੱਡੇ ਹੋਏ ਸਨ। ਉਸ ਨੇ ਮੁੱਖ ਮੰਤਰੀ ਦੇ ਕੰਨ ਵਿੱਚ ਕੁਝ ਕਿਹਾ ਜੋ ਗੱਲ ਸੁਣਦਿਆਂ ਹੀ ਸੁੰਨ ਹੋ ਗਿਆ। ਮੁੱਖ ਮੰਤਰੀ, ਆਈਜੀ ਅਤੇ ਸਕੱਤਰ ਕਾਹਲੀ ਨਾਲ ਘੁਸਰ-ਮੁਸਰ ਕਰਨ ਲੱਗੇ ਜਿਸ ਦਾ ਬਾਕੀਆਂ ਨੂੰ ਕੋਈ ਪਤਾ ਨਹੀਂ ਸੀ, ਅੰਦਾਜ਼ੇ ਲੱਗ ਰਹੇ ਸਨ ਕਿ ਕਿਸੇ ਗੱਲ ਦੀ ਬੇਚੈਨੀ ਹੈ। ਮੁੱਖ ਮੰਤਰੀ ਅਚਾਨਕ ਚਲਿਆ ਗਿਆ ਤੇ ਆਈਜੀ ਨੇ ਐਲਾਨ ਕੀਤਾ ਕਿ ਫਟਾਫਟ ਆਪੋ-ਆਪਣੇ ਇਲਾਕਿਆਂ ’ਤੇ ਪੁੱਜ ਜਾਉ।
ਪਤਾ ਲੱਗਾ ਕਿ ਇੰਦਰਾ ਗਾਂਧੀ ਉਪਰ ਹਮਲਾ ਹੋਇਆ ਹੈ ਤੇ ਉਸ ਦੀ ਹਾਲਤ ਨਾਜ਼ੁਕ ਹੈ। ਨਿੱਜੀ ਸਰੋਤਾਂ ਰਾਹੀਂ ਸਾਨੂੰ ਪਤਾ ਲੱਗ ਗਿਆ ਕਿ ਉਸ ਦੀ ਮੌਤ ਹੋ ਚੁੱਕੀ ਹੈ। ਖ਼ਬਰ ਇਸ ਕਰਕੇ ਨਸ਼ਰ ਨਹੀਂ ਕੀਤੀ ਗਈ ਤਾਂ ਕਿ ਸਾਨੂੰ ਬਚਾਅ ਸਾਧਨਾਂ ਲਈ ਵਕਤ ਮਿਲ ਸਕੇ। ਮੈਂ ਕਾਰ ਚਲਾ ਕੇ ਪੁਣੇ ਦੇ ਸਿਟੀ ਪੁਲੀਸ ਕੰਟਰੋਲ ਰੂਮ ਵਿੱਚ ਗਿਆ ਤੇ ਉੱਥੋਂ ਮੁੰਬਈ ਦੇ ਕੰਟਰੋਲ ਰੂਮ ਨਾਲ ਸੰਪਰਕ ਜੋੜਿਆ। ਮੈਂ ਇੱਕ ਸੰਦੇਸ਼ ਲਿਖਵਾਇਆ ਕਿ ਵਾਇਰਲੈੱਸ ਰਾਹੀਂ ਸ਼ਹਿਰ ਦੇ ਹਰ ਥਾਣੇ ਅਤੇ ਗਸ਼ਤ ਕਰਦੀਆਂ ਪੁਲੀਸ ਟੁਕੜੀਆਂ ਤਕ ਪੁਚਾਇਆ ਜਾਵੇ। ਇੱਕ ਥਾਂ ਆਪਣਾ ਸੰਦੇਸ਼ ਭੇਜ ਕੇ ਮੈਂ ਸੰਦੇਸ਼ ਪ੍ਰਾਪਤ ਕਰਨ ਵਾਲੇ ਅਫ਼ਸਰ ਨੂੰ ਕਿਹਾ ਕਿ ਇਹ ਮੈਨੂੰ ਟੈਲੀਫੋਨ ’ਤੇ ਪੜ੍ਹ ਕੇ ਸੁਣਾ। ਮੈਂ ਜਾਣਨਾ ਸੀ ਕਿ ਸਹੀ ਰਿਕਾਰਡਿੰਗ ਪੁੱਜੀ ਹੈ ਕਿ ਨਹੀਂ।
ਇਸ ਸੰਦੇਸ਼ ਵਿੱਚ ਮੈਂ ਆਪਣੇ ਅਫ਼ਸਰਾਂ ਨੂੰ ਚਿਤਾਵਨੀ ਦਿੱਤੀ ਸੀ ਕਿ ਸਿੱਖਾਂ ਅਤੇ ਉਨ੍ਹਾਂ ਦੀਆਂ ਜਾਇਦਾਦਾਂ ’ਤੇ ਹਮਲਾ ਹੋ ਸਕਦਾ ਹੈ। ਮੁੰਬਈ ਵਿੱਚ ਮੈਂ ਅਜਿਹੀ ਕੋਈ ਵਾਰਦਾਤ ਹੋਣ ਨਹੀਂ ਦੇਣੀ। ਸਿੱਖ ਬਸਤੀਆਂ ਜਿਵੇਂ ਸੀਓਂ ਕੋਲੀਵਾੜਾ, ਵਿਖਰੋਲੀ, ਚਿੰਬੁਰ, ਲੈਮਿੰਗਟਨ ਰੋਡ ਉੱਤੇ ਸਪੇਅਰ ਪਾਰਟਸ ਦੀਆਂ ਦੁਕਾਨਾਂ ਦੀ ਰਾਖੀ ਲਈ ਵੱਡੀ ਗਿਣਤੀ ਵਿੱਚ ਹਥਿਆਰਬੰਦ ਪੁਲੀਸ ਟੁਕੜੀਆਂ ਗਸ਼ਤ ਕਰਨ। ਸੀਨੀਅਰ ਪੁਲੀਸ ਅਫ਼ਸਰ ਨਿਗਰਾਨੀ ਕਰਦੇ ਰਹਿਣ ਕਿ ਕਿਤੇ ਕੁਝ ਗ਼ਲਤ ਤਾਂ ਨਹੀਂ ਹੋ ਰਿਹਾ, ਕਿਸੇ ਦਾ ਨੁਕਸਾਨ ਤਾਂ ਨਹੀਂ ਹੋ ਰਿਹਾ। ਮੈਂ ਆਪਣੇ ਸੰਦੇਸ਼ ਵਿੱਚ ਸਾਫ਼ ਲਿਖਵਾਇਆ ਸੀ ਕਿ ਜਿਸ ਕਿਸੇ ਨੂੰ ਸਿੱਖਾਂ ਦਾ ਜਾਨੀ-ਮਾਲੀ ਨੁਕਸਾਨ ਕਰਦਿਆਂ ਦੇਖੋ, ਉਸ ਨੂੰ ਗੋਲੀ ਨਾਲ ਫੁੰਡ ਦਿਉ।
ਪੁਣੇ ਮੈਂ ਕਾਰ ਵਿੱਚ ਗਿਆ ਸਾਂ, ਵਾਪਸੀ ਕਾਰ ਰਾਹੀਂ ਹੋਣੀ ਸੀ, ਛੇਤੀ ਹੋਣੀ ਸੀ। ਚਾਰ ਘੰਟਿਆਂ ਵਿੱਚ ਮੈਂ ਮਟੂੰਗਾ ਨਜ਼ਦੀਕ ਪੁੱਜ ਗਿਆ। ਜਦੋਂ ਮੁੰਬਈ ਪੁੱਜਿਆ ਤਾਂ ਪੁਲੀਸ ਗੱਡੀਆਂ ਗਸ਼ਤ ਕਰਦੀਆਂ ਨਜ਼ਰ ਪਈਆਂ, ਉਨ੍ਹਾਂ ਨੂੰ ਹਦਾਇਤਾਂ ਦਿੱਤੀਆਂ। ਮੁੰਬਈ ਪਰਤਣ ਦਾ ਐਲਾਨ ਕਰ ਕੇ ਮੈਂ ਡਿਪਟੀ ਕਮਿਸ਼ਨਰ ਪੁਲੀਸ ਪਵਾਰ ਨੂੰ ਕਿਹਾ ਕਿ ਮੈਨੂੰ ਕੋਲੀਵਾੜਾ ਸਥਾਨ ’ਤੇ ਮਿਲੋ ਜਿੱਥੇ ਸਿੱਖਾਂ ਦੀ ਸੰਘਣੀ ਆਬਾਦੀ ਸੀ। ਮੇਰੇ ਪੁੱਜਣ ਤੋਂ ਪਹਿਲਾਂ ਸਿਰ ਉਪਰ ਲੋਹਟੋਪ ਪਹਿਨੀ ਪਵਾਰ ਉੱਥੇ ਖਲੋਤਾ ਸੀ। ਪਵਾਰ ਅਤੇ ਮੈਂ ਸਿੱਖਾਂ ਵਿੱਚ ਘਿਰੇ ਖਲੋਤੇ ਹਾਂ ਤੇ ਸਿੱਖ ਉਸ ਪਾਸੇ ਇਸ਼ਾਰਾ ਕਰ ਰਹੇ ਹਨ ਜਿੱਧਰੋਂ ਪਥਰਾਅ ਹੋਇਆ। ਇਹ ਤਸਵੀਰ ‘ਇਲੱਸਟਰੇਟਡ ਵੀਕਲੀ’ ਸਮੇਤ ਬਹੁਤ ਸਾਰੇ ਅਖ਼ਬਾਰਾਂ ਰਸਾਲਿਆਂ ਵਿੱਚ ਛਪੀ। ਅਗਲੇ ਦਿਨ ਦਫ਼ਤਰ ਵਿੱਚ ਮੇਰੇ ਕੋਲ ਬਾਲ ਠਾਕਰੇ ਦਾ ਫ਼ੋਨ ਆਇਆ। ਉਸ ਨੇ ਪੁੱਛਿਆ- ਕਿਸ ਹੈਸੀਅਤ ਵਿੱਚ ਪੁਲੀਸ ਨੂੰ ਫਾਇਰ ਖੋਲ੍ਹ ਦੇਣ ਦਾ ਹੁਕਮ ਦਿੱਤਾ ਗਿਆ ਹੈ ਜਦੋਂਕਿ ਸ਼ਹਿਰ ਵਿੱਚ ਕੋਈ ਬੁਰੀ ਘਟਨਾ ਨਹੀਂ ਘਟੀ। ਮੈਂ ਉਸ ਨੂੰ ਕਿਹਾ ਕਿ ਮੇਰੇ ਹੁਕਮ ਵਿਚਲਾ ਸ਼ਬਦ ‘ਜੇ’ ਪੜ੍ਹ, ਮੈਂ ਕਿਹਾ ਹੈ ਜੇ ਕਿਸੇ ਨੇ ਸਿੱਖਾਂ ਦੀ ਜਾਨ-ਮਾਲ ਨੂੰ ਨੁਕਸਾਨ ਪੁਚਾਇਆ ਤਾਂ…। ਭਾਰਤੀ ਸੰਵਿਧਾਨ ਦੀ ਧਾਰਾ 101 ਸਵੈ-ਰੱਖਿਆ ਦੇ ਅਧਿਕਾਰ ਵਾਸਤੇ ਹੈ, ਜਿਸ ਉਪਰ ਹਮਲਾ ਹੋਵੇ ਉਹੀ ਨਹੀਂ, ਉਸ ਨੂੰ ਬਚਾਉਣ ਵਾਸਤੇ ਮਦਦ ਲਈ ਆਉਣ ਵਾਲੇ ਪਾਸ ਵੀ ਇਹ ਅਧਿਕਾਰ ਹੈ ਕਿ ਬਚਣ ਬਚਾਉਣ ਲਈ ਗੋਲੀ ਚਲਾਵੇ। ਜਿੱਥੋਂ ਤਕ ਪੁਲੀਸ ਦਾ ਸਵਾਲ ਹੈ, ਆਪਣੇ-ਆਪਣੇ ਅਧਿਕਾਰ ਖੇਤਰਾਂ ਵਿੱਚ ਇਹ ਨਾਗਰਿਕਾਂ ਦੀ ਸੁਰੱਖਿਆ ਕਰਨ ਲਈ ਵਚਨਬੱਧ ਹੈ। ਮੇਰੀਆਂ ਹਦਾਇਤਾਂ ਪੁਲੀਸ ਦੇ ਸਰਕੁਲਰ ਪੁਲੀਸ ਨੋਟਿਸ ਰਾਹੀਂ ਅਫ਼ਸਰਾਂ ਪਾਸ ਪੁੱਜੀਆਂ। ਇਹ ਪੁਲੀਸ ਗਜ਼ਟ ਸਿਰਫ਼ ਪੁਲੀਸ ਮੁਲਾਜ਼ਮਾਂ ਵਾਸਤੇ ਹੁੰਦਾ ਹੈ ਪਰ ਮੈਂ ਜਾਣਦਾ ਸਾਂ ਕਿ ਪੁਲੀਸ ਵਿੱਚ ਵੀ ਸ਼ਿਵ ਸੈਨਾ ਦੇ ਭਗਤ ਮੌਜੂਦ ਸਨ। ਬਾਲ ਠਾਕਰੇ ਕੋਲ ਉਨ੍ਹਾਂ ਰਾਹੀਂ ਹਰ ਖ਼ਬਰ ਪਹੁੰਚ ਜਾਂਦੀ ਸੀ। ਮੈਨੂੰ ਪਤਾ ਸੀ ਕਿ ਮੇਰੇ ਆਰਡਰਾਂ ਦੀ ਖ਼ਬਰ ਨੂੰ ਉਸ ਕੋਲ ਪੁੱਜਦਿਆਂ ਦੇਰ ਨਹੀਂ ਲੱਗਣੀ।
1984 ਦੇ ਫ਼ਿਰਕੂ ਦੰਗਿਆਂ ਦੌਰਾਨ, ਪੁਲੀਸ ਨੋਟਿਸ ਵਿੱਚ ਮੈਂ ਆਪਣੇ ਅਫ਼ਸਰਾਂ ਨੂੰ ਸੁਆਲ ਪੁੱਛਿਆ, ‘‘ਦੱਸੋ ਮੁੰਬਈ ਦੀਆਂ ਗਲੀਆਂ ਦੀ ਇੰਚਾਰਜ ਪੁਲੀਸ ਹੈ ਕਿ ਸ਼ਿਵ ਸੈਨਾ?’’ ਅਗਲੇ ਦਿਨ ਇਹ ਵਾਕ ਵੱਡੇ ਅਖ਼ਬਾਰਾਂ ਦੀ ਸੁਰਖ਼ੀ ਬਣ ਗਿਆ। ਇੱਥੋਂ ਪਤਾ ਲੱਗਦਾ ਹੈ ਕਿ ਗੁਪਤ ਖ਼ਬਰਾਂ ਕਿੰਨੀ ਤੇਜ਼ੀ ਅਤੇ ਆਸਾਨੀ ਨਾਲ ਬੰਦਿਆਂ ਅਤੇ ਏਜੰਸੀਆਂ ਤਕ ਪੁੱਜ ਜਾਂਦੀਆਂ ਹਨ। ਠਾਕਰੇ ਅੱਗ-ਬਗੂਲਾ ਹੋ ਗਿਆ ਤਾਂ ਕੀ, ਮੇਰਾ ਸੁਨੇਹਾ ਉਸ ਤਕ ਪੁੱਜਣਾ ਜ਼ਰੂਰੀ ਸੀ। ਗੁਪਤ ਰਿਪੋਰਟਾਂ ਦਾ ਫ਼ਾਇਦਾ ਸੀ, ਜਿੱਥੇ ਪੁੱਜਣੀਆਂ ਚਾਹੀਦੀਆਂ ਸਨ, ਪੁੱਜ ਰਹੀਆਂ ਸਨ। ਜਿਵੇਂ ਜਾਨ-ਮਾਲ ਦੀ ਹਿਫ਼ਾਜ਼ਤ ਕੀਤੀ, ਮੁੰਬਈ ਦੇ ਸਿੱਖ ਦਿਲੋਂ ਸ਼ੁਕਰਗੁਜ਼ਾਰ ਸਨ। ਦੇਸ਼ ਦੇ ਬਹੁਤ ਸਾਰੇ ਵੱਡੇ-ਛੋਟੇ ਸ਼ਹਿਰਾਂ ਵਿੱਚ ਜਿਵੇਂ ਬੇਅੰਤ ਜਾਨਾਂ ਗਈਆਂ, ਤਬਾਹੀ ਹੋਈ, ਮੁੰਬਈ ਵਿੱਚ ਇੱਕ ਵੀ ਬੁਰੀ ਵਾਰਦਾਤ ਨਹੀਂ ਹੋਈ ਜਿੱਥੇ ਰੱਜੇ-ਪੁੱਜੇ ਸਿੱਖਾਂ ਦੇ ਚੰਗੇ ਕਾਰੋਬਾਰ ਹਨ। ਮਈ 1985 ਵਿੱਚ ਜਦੋਂ ਮੈਂ ਬਦਲੀ ਕਾਰਨ ਰਵਾਨਗੀ ਰਿਪੋਰਟ ਲਿਖੀ ਤਦ ਸਿੱਖ ਆਗੂਆਂ ਨੇ ਸੰਗਤ ਵਿੱਚ ਸੱਦ ਕੇ ਮੈਨੂੰ ਰਵਾਇਤੀ ਸਿਰੋਪਾ ਅਤੇ ਕਿਰਪਾਨ ਦੇ ਕੇ ਸਨਮਾਨ ਦਿੱਤਾ, ਸ਼ੁਕਰਾਨਾ ਕੀਤਾ।
ਕੁਝ ਮਹੀਨੇ ਪਹਿਲਾਂ ਜਦੋਂ ਅੰਮ੍ਰਿਤਸਰ ਵਿੱਚ ਸਾਕਾ ਨੀਲਾ ਤਾਰਾ ਹੋਇਆ, ਸਿੱਖਾਂ ਨੇ ਦਾਦਰ ਅਤੇ ਪਾਰਿਲ ਇਲਾਕਿਆਂ ਵਿੱਚੋਂ ਭਾਰੀ ਨਗਰ ਕੀਰਤਨ ਰੋਸ ਵਜੋਂ ਕੱਢੇ, ਇਨ੍ਹਾਂ ਇਲਾਕਿਆਂ ਵਿੱਚ ਉਨ੍ਹਾਂ ਦੇ ਕਾਫ਼ੀ ਗੁਰਦੁਆਰੇ ਹਨ। ਉਹ ਬਹੁਤ ਗੁੱਸੇ ਵਿੱਚ ਸਨ, ਉਹ ਕਿਸੇ ਵਕਤ ਵੀ ਸੀਮਾ ਉਲੰਘ ਕੇ ਹਿੰਸਕ ਹੋ ਸਕਦੇ ਸਨ। ਉਸ ਪਾਸੇ ਦਾ ਡਿਪਟੀ ਕਮਿਸ਼ਨਰ ਪੁਲੀਸ ਘਬਰਾਇਆ ਹੋਇਆ ਸੀ। ਉਸ ਨੇ ਮੇਰੇ ਨਾਲ ਫ਼ੋਨ ’ਤੇ ਗੱਲ ਕੀਤੀ ਤਾਂ ਮੈਂ ਭਾਂਪ ਗਿਆ ਕਿ ਉਸ ਵਿੱਚ ਆਤਮ-ਵਿਸ਼ਵਾਸ ਦੀ ਘਾਟ ਹੈ, ਸੋ ਫਟਾਫਟ ਉੱਥੇ ਪੁੱਜ ਗਿਆ। ਸਰਕਾਰ ਨੂੰ ਮੰਗ ਪੱਤਰ ਦੇਣ ਵਾਸਤੇ ਉਹ ਉਸ ਪਾਸਿਉਂ ਦੀ ਜਾਣਾ ਚਾਹੁੰਦੇ ਸਨ ਜਿੱਧਰ ਸ਼ਿਵ ਸੈਨਾ ਦਾ ਗੜ੍ਹ ਹੈ। ਮੈਂ ਜਲੂਸ ਦਾ ਰੂਟ ਬਦਲਣ ਲਈ ਕਿਹਾ, ਉਹ ਨਹੀਂ ਮੰਨੇ। ਫਿਰ ਮੈਂ ਕਿਹਾ ਕਿ ਠੀਕ ਹੈ ਜਿਧਰ ਦੀ ਜੀਅ ਕਰਦੈ ਜਾਓ ਪਰ ਜ਼ਾਬਤੇ ਵਿੱਚ ਰਹਿਣਾ। ਉਨ੍ਹਾਂ ਨੇ ਵਾਅਦਾ ਕੀਤਾ ਤੇ ਨਿਭਾਇਆ। ਦਰਬਾਰ ਸਾਹਿਬ ਵਿੱਚ ਫ਼ੌਜੀ ਐਕਸ਼ਨ ਦੀ ਨਿਖੇਧੀ ਕਰਨ ਵਾਲਾ ਮੰਗ ਪੱਤਰ ਮੁੱਖ ਮੰਤਰੀ ਨੂੰ ਦੇ ਕੇ ਪਰਤ ਗਏ।
ਦਰਬਾਰ ਸਾਹਿਬ ਉਪਰ ਫ਼ੌਜੀ ਐਕਸ਼ਨ ਨੇ ਸਿੱਖਾਂ ਨੂੰ ਆਪੇ ਤੋਂ ਬਾਹਰ ਕਰਨਾ ਹੀ ਸੀ ਕਿਉਂਕਿ ਇਹ ਐਕਸ਼ਨ ਪੂਰੀ ਤਰ੍ਹਾਂ ਗੁਪਤ ਸੀ, ਅਸੀਂ ਵੀ ਖ਼ਬਰ ਸੁਣ ਕੇ ਅਵਾਕ ਰਹਿ ਗਏ। ਸਾਨੂੰ ਪਤਾ ਹੁੰਦਾ ਤਾਂ ਅਸੀਂ ਕੁਝ ਅਗੇਤੇ ਬੰਦੋਬਸਤ ਕਰ ਲੈਂਦੇ, ਸਿੱਖ ਲੀਡਰਾਂ ਨਾਲ ਬੈਠ ਕੇ ਕੁਝ ਸਲਾਹ-ਮਸ਼ਵਰਾ ਕਰ ਲੈਂਦੇ। ਅਪਰੈਲ 1985 ਵਿੱਚ ਮੈਨੂੰ ਕੇਂਦਰੀ ਗ੍ਰਹਿ ਸਕੱਤਰ ਆਰ.ਡੀ.ਪ੍ਰਧਾਨ ਦਾ ਸੁਨੇਹਾ ਮਿਲਿਆ ਕਿ ਤੁਹਾਨੂੰ ਦਿੱਲੀ ਦਾ ਪੁਲੀਸ ਚੀਫ਼ ਲਾ ਦਿੱਤਾ ਹੈ, ਦਿੱਲੀ ਪੁੱਜੋ। ਮੈਂ ਕਿਹਾ: ਕੈਂਸਰ ਤੋਂ ਪੀੜਤ ਮੇਰੀ ਮਾਂ ਟਾਟਾ ਕੈਂਸਰ ਹਸਪਤਾਲ ਮੁੰਬਈ ਵਿੱਚ ਦਾਖ਼ਲ ਹੈ, ਆਪਰੇਸ਼ਨ ਹੋਵੇਗਾ। ਫਿਰ ਮੈਂ ਗੋਆ ਆਪਣੇ ਘਰ ਜਾ ਕੇ ਕੁਝ ਪਰਿਵਾਰਕ ਮੁਸ਼ਕਿਲਾਂ ਹੱਲ ਕਰਨੀਆਂ ਹਨ, ਜੱਦੀ ਘਰ ਦੀ ਵੰਡ-ਵੰਡਾਈ ਦਾ ਮਸਲਾ ਹੈ। ਇਸ ਲਈ 2 ਤੋਂ 31 ਮਈ ਤਕ ਦੀ ਛੁੱਟੀ ਅਪਲਾਈ ਕਰ ਦਿੱਤੀ। ਪ੍ਰਧਾਨ ਨੇ ਕਿਹਾ: ਕੁਝ ਬਹੁਤ ਅਸਰ ਰਸੂਖ਼ ਵਾਲੇ ਅਫ਼ਸਰ ਦਿੱਲੀ ਪੋਸਟਿੰਗ ਲਈ ਕੋਸ਼ਿਸ਼ ਕਰ ਰਹੇ ਹਨ, ਪਹਿਲਾਂ ਜੁਆਇਨ ਕਰ, ਫਿਰ ਛੁੱਟੀ ਚਲਾ ਜਾਈਂ। ਮੈਂ ਕਿਹਾ: ਮੈਂ ਕਿਹੜਾ ਦਿੱਲੀ ਦੀ ਪੋਸਟਿੰਗ ਮੰਗੀ ਹੈ? ਮੈਂ ਚੋਰਾਂ ਵਾਂਗ ਅੱਖ ਬਚਾ ਕੇ ਜੁਆਇਨ ਕਿਉਂ ਕਰਾਂ? ਤਿੰਨ ਸਾਲ ਦੀ ਸੈਂਸਿਟਿਵ ਡਿਊਟੀ ਮਗਰੋਂ ਹੁਣ ਮੈਨੂੰ ਮਹੀਨੇ ਦੀ ਛੁੱਟੀ ਚਾਹੀਦੀ ਹੈ। ਮਈ ਦੇ ਅਖ਼ੀਰ ਵਿੱਚ ਸਾਮਾਨ ਦਾ ਟਰੱਕ ਭਰ ਕੇ ਮੈਂ ਦਿੱਲੀ ਵੱਲ ਕੂਚ ਕਰ ਦਿੱਤਾ। ਯੂਟੀ ਕੇਡਰ ਦੇ ਵੇਦ ਮਰਵਾਹ ਨੂੰ ਮੈਂ ਆਪਣੇ ਦਿੱਲੀ ਆਉਣ ਦਾ ਸੁਨੇਹਾ ਦੇ ਦਿੱਤਾ। ਜਾ ਕੇ ਮਰਵਾਹ ਨੂੰ ਮੈਂ ਰਿਲੀਵ ਕਰਨਾ ਸੀ। ਉਸ ਨੇ ਸੁਨੇਹੇ ਦਾ ਕੋਈ ਉੱਤਰ ਨਹੀਂ ਦਿੱਤਾ। ਟਰੱਕ ਡਰਾਈਵਰ ਦਾ ਫ਼ੋਨ ਆਇਆ ਕਿ ਖਾਲੀ ਪਏ ਕਮਿਸ਼ਨਰ ਹਾਊਸ ਵਿੱਚ ਤੁਹਾਡੇ ਸਾਮਾਨ ਵਾਲਾ ਟਰੱਕ ਪੁਲੀਸ ਵਾਲੇ ਲੰਘਣ ਨਹੀਂ ਦਿੰਦੇ।
ਇੱਕ ਹਫ਼ਤਾ ਜੁਆਇਨਿੰਗ ਟਾਈਮ ਮਿਲਦਾ ਸੀ। ਸੋ ਮੈਂ ਸੋਚਿਆ ਕਿ ਆਰਾਮ ਨਾਲ 6-7 ਜੂਨ ਨੂੰ ਪੁੱਜ ਕੇ ਜੁਆਇਨ ਕਰ ਲਵਾਂਗੇ। ਪ੍ਰਧਾਨ ਦਾ ਫ਼ੋਨ ਫਿਰ ਆਇਆ ਕਿ ਮਰਵਾਹ ਨੇ ਇਸੇ ਪੋਸਟ ਉਪਰ ਟਿਕੇ ਰਹਿਣ ਦਾ ਜੁਗਾੜ ਕਰ ਲਿਆ ਹੈ। ਪ੍ਰਧਾਨ ਦਾ ਖ਼ਿਆਲ ਸੀ ਕਿ ਇਸ ਖ਼ਬਰ ਨਾਲ ਮੈਂ ਅਪਸੈੱਟ ਹੋ ਜਾਵਾਂਗਾ ਜਦੋਂਕਿ ਅਜਿਹੀ ਕੋਈ ਗੱਲ ਨਹੀਂ ਹੋਈ। ਉਸ ਨੇ ਆਪਣੀ ਕਿਤਾਬ ਵਿੱਚ ਲਿਖਿਆ ਹੈ, ‘‘ਜਦੋਂ ਮੈਂ ਸੁਪਰਕੌਪ ਰਿਬੇਰੋ ਨੂੰ ਮਰਵਾਹ ਦੀ ਖ਼ਬਰ ਦਿੱਤੀ, ਉਹ ਬੜਾ ਘਬਰਾਇਆ।’’ ਮੇਰੀ ਘਬਰਾਹਟ ਦਾ ਫ਼ਰਜ਼ੀ ਅੰਦਾਜ਼ਾ ਉਸ ਨੇ ਕਿਵੇਂ ਲਾ ਲਿਆ ਪਤਾ ਨਹੀਂ ਕਿਉਂਕਿ ਘਬਰਾਹਟ ਤਾਂ ਫੋਨ ਰਾਹੀਂ ਮੇਰੇ ਬੋਲਾਂ ਵਿੱਚ ਦੀ ਜਾਣੀ ਸੀ, ਹੋਰ ਕੋਈ ਮੇਰੇ ਕੋਲ ਹੈ ਨਹੀਂ ਸੀ ਉਸ ਤਕ ਖ਼ਬਰ ਪਹੁੰਚਾਉਣ ਵਾਲਾ। ਪ੍ਰਧਾਨ ਨੇ ਫਿਰ ਕਿਹਾ ਕਿ ਆਪਣੇ ਤੌਖ਼ਲਿਆਂ ਦਾ ਜ਼ਿਕਰ ਪ੍ਰੈੱਸ ਵਿੱਚ ਨਾ ਕਰੀਂ। ਮੈਂ ਹੈਰਾਨ ਹੋਈ ਜਾ ਰਿਹਾ ਸਾਂ ਕਿ ਘਬਰਾਇਆ ਤਾਂ ਪ੍ਰਧਾਨ ਲੱਗਦਾ ਹੈ। ਮੈਂ ਪ੍ਰੈੱਸ ਵਿੱਚ ਆਪਣੇ ਨਿੱਜੀ ਦੁੱਖ ਕਦੀ ਨਹੀਂ ਰੋਏ। ਗੱਲ ਮੁਕਾਵਾਂ, ਮੈਂ ਪ੍ਰਧਾਨ ਨੂੰ ਕਿਹਾ ਕਿ ਆਪਣਾ ਸਾਮਾਨ ਤਾਂ ਮੈਂ ਹੁਣ ਦਿੱਲੀ ਲੈ ਹੀ ਆਇਆ ਹਾਂ, ਸੀਆਰਪੀਐੱਫ ਦਾ ਚੀਫ਼ ਰਿਟਾਇਰ ਹੋ ਗਿਆ ਹੈ, ਬਸ ਉਸ ਥਾਂ ਦੇ ਆਰਡਰ ਦੇ ਦੇ, ਮੇਰਾ ਪਹਿਲਾਂ ਦਿੱਲੀ ਪੁਲੀਸ ਕਮਿਸ਼ਨਰ ਵਾਲਾ ਆਰਡਰ ਰੱਦ ਕੀਤੇ ਬਿਨਾਂ ਸੀਆਰਪੀਐੱਫ ਚੀਫ਼ ਦਾ ਦੂਜਾ ਆਰਡਰ ਮੇਰੇ ਹੱਥ ਫੜਾ ਦਿੱਤਾ।
4 ਮਾਰਚ 1987 ਨੂੰ ਦਿੱਲੀ ਵਿਖੇ ਦੇਸ਼ ਦੇ ਪੁਲੀਸ ਚੀਫ਼ਜ਼ ਅਤੇ ਇੰਸਪੈਕਟਰ ਜਨਰਲਜ਼ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਕਿਹਾ, ‘‘ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਮਿਸਟਰ ਰਿਬੇਰੋ ਨੂੰ ਉਸ ਦੇ ਹੌਸਲੇ, ਸਿਰੜ ਵਾਸਤੇ ਵਧਾਈ ਦੇਈਏ। ਵਧਾਈ ਦਿੰਦਿਆਂ ਮੇਰੇ ਮਨ ਵਿੱਚ ਤੁਹਾਡੇ ਅੱਗੇ ਇੱਕ ਸੁਆਲ ਵੀ ਹੈ। ਜਦੋਂ ਮੈਂ ਗ੍ਰਹਿ ਮੰਤਰੀ ਜਾਂ ਚਿਦੰਬਰਮ ਨੂੰ ਪੁੱਛਦਾ ਹਾਂ ਕਿ ਫਲਾਣਾ ਔਖਾ ਕੰਮ ਕੌਣ ਕਰ ਸਕਦਾ ਹੈ, ਉਦੋਂ ਰਿਬੇਰੋ ਦਾ ਨਾਂ ਲਿਆ ਜਾਂਦਾ ਹੈ। ਰਿਬੇਰੋ ਵਰਗਾ ਹੋਰ ਕੋਈ ਕਿਉਂ ਨਹੀਂ ਹੈ? ਸਾਡੇ ਕੋਲ ਬਹੁਤ ਸਾਰੇ ਰਿਬੇਰੋ ਕਿਉਂ ਨਹੀਂ? ਪੁਲੀਸ ਨੂੰ ਜਿਸ ਸਹੀ ਰਸਤੇ ਲਿਜਾਣਾ ਬਣਦਾ ਹੈ, ਸਾਡੇ ਅਫ਼ਸਰਾਂ ਵਿੱਚ ਅਗਵਾਈ ਕਰਨ ਵਾਲੀ ਸ਼ਾਨਦਾਰ ਲੀਡਰਸ਼ਿਪ ਕਿਉਂ ਨਹੀਂ? ਮੈਂ ਤੁਹਾਡੇ ਅੱਗੇ ਔਖਾ ਸੁਆਲ ਰੱਖਿਆ ਹੈ, ਆਪਣੇ ਆਪ ਤੋਂ ਇਸ ਦਾ ਜੁਆਬ ਮੰਗਿਓ।’’
ਪੰਜਾਬ ਅਤੇ ਅਤਿਵਾਦ, ਦੋਵੇਂ ਮੇਰੇ ਲਈ ਅਜਨਬੀ ਸਨ। ਜਦੋਂ ਆਈਪੀਐੱਸ ਆਪਣੀ ਸਰਵਿਸ ਸ਼ੁਰੂ ਕਰਦਾ ਹੈ, ਕਾਡਰ ਅਨੁਸਾਰ ਉਸ ਨੂੰ ਜਿਹੜੀ ਸਟੇਟ ਮਿਲਦੀ ਹੈ, ਜੇ ਨਵੀਂ ਹੈ ਤਾਂ ਵੀ ਉੱਥੇ ਕੰਮ ਕਰਦਿਆਂ ਵਾਕਫ਼ੀ ਹੋ ਜਾਂਦੀ ਹੈ। ਪੰਜਾਬ ਜਾਣ ਦੀ ਮੇਰੀ ਮਨਸ਼ਾ ਨਹੀਂ ਸੀ, ਸੁਰਜੀਤ ਸਿੰਘ ਬਰਨਾਲਾ ਨੇ ਪ੍ਰਧਾਨ ਮੰਤਰੀ ਤੋਂ ਮੰਗ ਕੇ ਮੈਨੂੰ ਲਿਆਂਦਾ ਸੀ। ਪੰਜਾਬ ਦੇ ਲੋਕ ਮਰਾਠਿਆਂ ਤੋਂ ਉਸੇ ਤਰ੍ਹਾਂ ਵੱਖਰੇ ਹਨ ਜਿਵੇਂ ਰੂਸੀ, ਅੰਗਰੇਜ਼ਾਂ ਤੋਂ। ਪੰਜਾਬੀ ਬਹੁਤ ਹਿੰਮਤੀ ਹਨ। ਉਹ ਨਿਰੰਤਰ ਆਪਣਾ ਜੀਵਨ ਪੱਧਰ ਉੱਚਾ ਚੁੱਕਣ ਵਿੱਚ ਲੱਗੇ ਰਹਿੰਦੇ ਹਨ। ਮੇਜ਼ਬਾਨੀ ਕਰਨ ਵੇਲੇ ਵੀ ਧੱਕੜਸ਼ਾਹ ਹਨ। ਪੰਜਾਬੀ ਘਰ ਵਿੱਚ ਜਾਉ, ਲੱਸੀ ਜਾਂ ਚਾਹ ਪੀਤੇ ਬਗੈਰ ਤੁਸੀਂ ਬਾਹਰ ਨਹੀਂ ਨਿਕਲ ਸਕਦੇ। ਜੇ ਤੁਸੀਂ ਪਹਿਲੋਂ ਵਧੀਕ ਚਾਹ ਪੀ ਰੱਖੀ ਹੈ ਤਾਂ ਚੰਗਾ ਹੋਵੇਗਾ ਪੰਜਾਬੀ ਘਰ ਵਿੱਚ ਜਾਓ ਹੀ ਨਾ। ਘਰ ਦਾ ਮਾਲਕ ਜੇ ਤੁਹਾਨੂੰ ਪਸੰਦ ਨਹੀਂ ਕਰਦਾ ਤਾਂ ਵੀ ਖਾਣ-ਪੀਣ ਲਈ ਕੁਝ ਨਾ ਕੁਝ ਦੇਵੇਗਾ ਹੀ ਦੇਵੇਗਾ। ਪੰਜਾਬੀ ਵਧੀਆ ਯੋਧੇ ਹਨ। ਲੜਨ ਲਈ ਹਮੇਸ਼ਾਂ ਤਿਆਰ, ਭਾਵੇਂ ਜਿਸ ਮਰਜ਼ੀ ਸਾਈਡ ਤੋਂ ਲੜਾ ਲਵੋ। ਜਿੰਨਾ ਚਿਰ ਮੈਂ ਪੰਜਾਬ ਵਿੱਚ ਤਾਇਨਾਤ ਰਿਹਾ, ਮੇਰੇ ਸੁਰੱਖਿਆ ਗਾਰਡ ਜੱਟ ਸਿੱਖ ਸਨ, ਪੂਰੇ ਵਫ਼ਾਦਾਰ। ਕਿਉਂਕਿ ਮੈਂ ਉਨ੍ਹਾਂ ਦਾ ਲੀਡਰ ਸਾਂ ਤੇ ਸਰਕਾਰ ਦੇ ਉਹ ਮੁਲਾਜ਼ਮ, ਇਸ ਲਈ ਮੇਰੀ ਯਾਨੀ ਕਿ ਸਰਕਾਰ ਦੀ ਸਾਈਡ ਤੋਂ ਲੜੇ।
ਪੰਜਾਬ ਦੀ ਪੇਂਡੂ ਵਸੋਂ ਵਿਚਲੀ ਧੜੇਬਾਜ਼ੀ, ਦੁਸ਼ਮਣੀ, ਬਦਲਾ ਆਦਿਕ ਵਰਗਾ ਮਹਾਰਾਸ਼ਟਰ ਵਿੱਚ ਬਿਲਕੁਲ ਨਹੀਂ। ਮਰਾਠੇ ਕਾਨੂੰਨੀ ਪ੍ਰਕਿਰਿਆ ਰਾਹੀਂ ਬਦਲਾ ਲੈਣਗੇ। ਮਰਾਠਿਆਂ ਨੂੰ ਅਦਾਲਤਾਂ ਰਾਹੀਂ ਇਨਸਾਫ਼ ਮਿਲਦਾ ਵੀ ਹੈ। ਇਸ ਕਰਕੇ ਇਸ ਦੀ ਕਦਰ ਹੈ। ਪੰਜਾਬੀ ਲੋਕ ਸਜ਼ਾ ਦੇਣ ਵਾਸਤੇ ਅਦਾਲਤ ਦਾ ਲੰਮਾ ਸਮਾਂ ਬਰਦਾਸ਼ਤ ਨਹੀਂ ਕਰ ਸਕਦੇ। ਇਹ ਕੰਮ ਉਹ ਆਪੇ ਨਿਬੇੜਦੇ ਹਨ।
ਅਤਿਵਾਦ ਦਾ ਤਜਰਬਾ ਮੇਰੇ ਲਈ ਅਜਨਬੀ ਸੀ। ਮੈਂ ਵਿਅਕਤੀਗਤ ਅਤੇ ਸੰਗਠਿਤ ਅਪਰਾਧਾਂ ਨਾਲ ਸਿੱਝਿਆ ਸਾਂ, ਪਰ ਖਾੜਕੂਵਾਦ ਪੂਰਨ ਨਵਾਂ ਅਜੂਬਾ ਸੀ। ਅਖ਼ਬਾਰਾਂ ਵਿੱਚ ਅਤਿਵਾਦ ਬਾਰੇ ਪੜ੍ਹਦਾ ਰਹਿੰਦਾ ਸਾਂ, ਪੰਜਾਬ ਵਿੱਚ ਆ ਕੇ ਇਸ ਬਾਰੇ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ।
ਜਦੋਂ ਤਕ ਤੁਸੀਂ ਅਤਿਵਾਦ ਵਿੱਚੋਂ ਦੀ ਲੰਘਦੇ ਨਹੀਂ, ਤੁਹਾਨੂੰ ਇਸ ਦਾ ਪਤਾ ਨਹੀਂ ਲੱਗਦਾ। ਅਤਿਵਾਦੀ ਦਹਿਲਾ  ਦੇਣ ਵਾਲੀ ਵਾਰਦਾਤ ਕਰਦੇ ਹਨ, ਇੰਨੀ ਵੱਡੀ ਵਾਰਦਾਤ ਕਿ ਲੋਕ ਸੋਚ ਵੀ ਨਾ ਸਕਣ। ਅਚਾਨਕ ਮਾਸੂਮ ਲੋਕ ਗੋਲੀਆਂ ਨਾਲ ਭੁੰਨ ਦਿੱਤੇ ਜਾਂਦੇ ਹਨ ਤਾਂ ਕਿ ਅਫ਼ਰਾ-ਤਫ਼ਰੀ ਫੈਲ ਜਾਵੇ। ਅਚਾਨਕ ਬੇਵਕਤੇ ਹਮਲੇ, ਕੋਈ ਨਹੀਂ ਜਾਣਦਾ ਅਗਲਾ ਸ਼ਿਕਾਰ ਕੌਣ ਹੋ ਜਾਵੇ। ਵਿਆਪਕ ਦਹਿਸ਼ਤ ਛਾਈ ਰਹਿੰਦੀ ਹੈ। ਬੱਚਿਆਂ ਉਪਰ ਹਮਲਾ ਹੋ ਸਕਦਾ ਹੈ ਕਿਉਂਕਿ ਫੁੰਡਣੇ ਆਸਾਨ ਹਨ।
ਭੈਅਭੀਤ ਪੰਜਾਬੀ ਹੋਰ ਸੁਰੱਖਿਆ ਮੰਗਣ ਲੱਗੇ ਕਿ ਸਰਕਾਰ ਅਤਿਵਾਦ ਨੂੰ ਖ਼ਤਮ ਕਿਉਂ ਨਹੀਂ ਕਰਦੀ? ਸਰਕਾਰ ਭਰੋਸਾ ਦਿਵਾਉਂਦੀ ਰਹਿੰਦੀ ਕਿ ਜੋ ਹੋ ਸਕਦਾ ਹੈ ਕਰ ਰਹੇ ਹਾਂ। ਬਹੁਤੇ ਲੋਕਾਂ ਦਾ ਅਦਾਲਤਾਂ ਤੋਂ ਵਿਸ਼ਵਾਸ ਉੱਠ ਗਿਆ ਸੀ। ਉਹ ਪੁਲੀਸ ਰਾਹੀਂ ਅਤਿਵਾਦੀਆਂ ਨੂੰ ਕਾਬੂ ਕਰਵਾਉਣ ਦੇ ਚਾਹਵਾਨ ਸਨ। ਨਿਰਾਸ਼ ਹੋਏ ਲੋਕਾਂ ਵਾਸਤੇ ਇਹੋ ਇਲਾਜ ਬਚਦਾ ਸੀ। ਬਹੁਤ ਸਾਰੇ ਜੱਜ ਨਹੀਂ ਚਾਹੁੰਦੇ ਸਨ ਕਿ ਅਤਿਵਾਦੀਆਂ ਦੇ ਕੇਸ ਉਨ੍ਹਾਂ ਕੋਲ ਆਉਣ। ਜ਼ਮਾਨਤਾਂ ਨਹੀਂ ਦਿੰਦੇ ਤਾਂ ਜੱਜਾਂ ਦੇ ਬੱਚੇ ਜਾਂ ਹੋਰ ਰਿਸ਼ਤੇਦਾਰ ਫੁੰਡੇ ਜਾ ਸਕਦੇ ਸਨ।
ਖਾੜਕੂਆਂ ਖ਼ਿਲਾਫ਼ ਮੁਕੱਦਮੇ ਚਲਾਉਣ ਲਈ ਜਿਹੜੀਆਂ ਵਿਸ਼ੇਸ਼ ਅਦਾਲਤਾਂ ਕਾਇਮ ਕੀਤੀਆਂ ਗਈਆਂ ਉਨ੍ਹਾਂ ਦੇ ਜੱਜ ਜਾਂ ਤਾਂ ਛੁੱਟੀ ਚਲੇ ਜਾਂਦੇ ਜਾਂ ਆਪਣੇ ਸੀਨੀਅਰਾਂ ਅੱਗੇ ਕਿਤੇ ਹੋਰ ਥਾਂ ਬਦਲੀ ਵਾਸਤੇ ਤਰਲੇ ਮਾਰਦੇ ਰਹਿੰਦੇ। ਜਿਨ੍ਹਾਂ ਸਿਆਸਤਦਾਨਾਂ ਦੀਆਂ ਕਰਤੂਤਾਂ ਸਦਕਾ ਅਤਿਵਾਦ ਪਣਪਿਆ ਉਹ ਡਰਦੇ ਉਨ੍ਹਾਂ ਇਲਾਕਿਆਂ ਵਿੱਚ ਨਾ ਜਾਂਦੇ ਜਿੱਧਰ ਅਤਿਵਾਦੀਆਂ ਦਾ ਦਬਦਬਾ ਹੁੰਦਾ। ਫ਼ਲਸਰੂਪ ਮੈਦਾਨ ਅਤਿਵਾਦੀਆਂ ਵਾਸਤੇ ਸਾਫ਼ ਸੀ ਜਾਂ ਉਨ੍ਹਾਂ ਵਾਸਤੇ ਸੀ ਜਿਹੜੇ ਸਰਕਾਰ ਵੱਲੋਂ ਹਥਿਆਰਬੰਦ ਕੀਤੇ ਗਏ, ਯਾਨੀ ਕਿ ਪੁਲੀਸ।

– ਹਰਪਾਲ ਸਿੰਘ ਪੰਨੂ
ਸੰਪਰਕ: 94642-51454


Comments Off on ਰਿਬੇਰੋ ਦੀ ਆਪਬੀਤੀ ਦੇ ਕੁਝ ਅੰਸ਼
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.