ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਬੇਰੁਜ਼ਗਾਰ ਨੌਜਵਾਨਾਂ ਦੇ ਇਕਜੁੱਟ ਸੰਘਰਸ਼ ਦੀ ਲੋੜ !    ਮੈਕਸੀਕੋ ਤੋਂ ਵਤਨ ਪਰਤਾਏ ਪੰਜਾਬੀ ਤੇ ਪਰਵਾਸ !    ਮੱਧ ਪ੍ਰਦੇਸ਼: ਸਰਕਾਰੀ ਤੀਰਥ ਯਾਤਰਾ ਯੋਜਨਾ ’ਚ ਗੁਰਦੁਆਰਾ ਕਰਤਾਰਪੁਰ ਸਾਹਿਬ ਵੀ ਸ਼ਾਮਲ !    ਮਹਿਲਾ ਪੁਲੀਸ ਮੁਲਾਜ਼ਮ ਦਾ ਪਿੱਛਾ ਕਰਨ ਵਾਲਾ ਆਈਬੀ ਮੁਲਾਜ਼ਮ ਗ੍ਰਿਫ਼ਤਾਰ !    ਆਈਐੱਨਐਕਸ: ਚਿਦੰਬਰਮ ਦੀ ਹਿਰਾਸਤ 27 ਤੱਕ ਵਧੀ !    ਜਸਟਿਸ ਰਵੀ ਰੰਜਨ ਝਾਰਖੰਡ ਹਾਈ ਕੋਰਟ ਦੇ ਚੀਫ ਜਸਟਿਸ ਬਣੇ !    ਅੰਮ੍ਰਿਤਸਰ ਬਣਿਆ ਗਲੋਬਲ ਸ਼ਹਿਰੀ ਹਵਾ ਪ੍ਰਦੂਸ਼ਣ ਅਬਜ਼ਰਵੇਟਰੀ ਦਾ ਮੈਂਬਰ !    ਕਾਰੋਬਾਰੀ ਦੀ ਪਤਨੀ ਨੂੰ ਬੰਦੀ ਬਣਾ ਕੇ ਨੌਕਰ ਨੇ ਲੁੱਟੇ 60 ਲੱਖ !    

ਗ਼ਦਰੀ ਬਾਬਾ ਹਰੀ ਸਿੰਘ ਉਸਮਾਨ

Posted On October - 29 - 2013

ਐਨ. ਕਸਤੂਰੀ
ਸੰਪਰਕ:94637-53390
ਵਿਦੇਸ਼ਾਂ ਵਿੱਚ ਖਾਸ ਕਰਕੇ ਅਮਰੀਕਾ-ਕੈਨੇਡਾ ਕਮਾਈਆਂ ਕਰਨ ਗਏ ਭਾਰਤੀਆਂ ਜਿਨ੍ਹਾਂ ਵਿੱਚ ਵੱਡੀ ਗਿਣਤੀ ਪੰਜਾਬੀਆਂ ਦੀ ਸੀ ਨੇ ਡਾਲਰਾਂ ਨੂੰ ਲੱਤ ਮਾਰਕੇ ਹਿੰਦੋਸਤਾਨ ਦੀ ਆਜ਼ਾਦੀ ਲਈ ਗ਼ਦਰ ਲਹਿਰ ਦਾ ਬੀੜਾ ਚੁੱਕਿਆ ਅਤੇ ਗ਼ਦਰ ਲਈ ਤਨ-ਮਨ-ਧਨ ਨਿਛਾਵਰ ਕਰ ਦਿੱਤਾ। ਇਸ ਗ਼ਦਰ ਲਹਿਰ ਦੀ ਮਾਲਾ ਦਾ ਅਣਗੌਲਿਆ ਪਰ ਕੀਮਤੀ ਮਣਕਾ ਹੈ ਗ਼ਦਰੀ ਬਾਬਾ ਹਰੀ ਸਿੰਘ ਉਸਮਾਨ। ਹਰੀ ਸਿੰਘ ਦਾ ਜਨਮ ਲੁਧਿਆਣਾ ਸ਼ਹਿਰ ਦੀ ਵੱਖੀ ਨਾਲ ਲੱਗਦੇ ਪਿੰਡ ਬੱਦੋਵਾਲ ਵਿਖੇ 20 ਅਕਤੂਬਰ 11879 ਨੂੰ ਗਰੀਬ ਕਿਰਸਾਨ ਦੇ ਘਰ ਹੋਇਆ। ਮੁੱਢਲੀ ਪੜ੍ਹਾਈ ਪਿੰਡ ਦੇ ਸਰਕਾਰੀ ਮਿਡਲ ਸਕੂਲ ਤੋਂ ਪ੍ਰਾਪਤ ਕਰਕੇ 20 ਅਕਤੂਬਰ 1898 ਨੂੰ (ਰਾਇਟਰੀ) ਸਿੱਖ ਪਲਟਣ ਨੰਬਰ 45 ਫੌਜ ਵਿੱਚ ਜਾ ਭਰਤੀ ਹੋਇਆ। ਪਰ, ਅਣਖੀ ਸੁਭਾਅ ਦੇ ਮਾਲਕ ਹਰੀ ਸਿੰਘ ਦਾ ਮਨ ਫੌਜ ਵਿੱਚ ਨਾ ਲੱਗਿਆ ਅਤੇ ਪਹਿਲੀ ਅਪਰੈਲ 1905 ਨੂੰ ਫੌਜ ਵਿੱਚੋਂ ਨਾਵਾਂ ਕਟਵਾ ਕੇ ਘਰ ਨੂੰ ਮੁੜ ਆਇਆ। ਪਿੰਡ ਆ ਕੇ ਦੋ-ਢਾਈ ਸਾਲ ਖੇਤੀਬਾੜੀ ਦਾ ਧੰਦਾ ਕੀਤਾ। ਖੇਤੀ ਦਾ ਸਖਤ ਕੰਮ ਕਰਨ ਦੇ  ਬਾਵਜੂਦ ਜਦੋਂ ਬੱਤੀਆਂ ਦੇ ਤੇਤੀ ਨਾ ਬਣੇ ਤਾਂ ਹਰੀ ਸਿੰਘ ਦਾ ਦਿਲ ਉਚਾਟ ਹੋ ਗਿਆ। ਇਨ੍ਹੀਂ ਦਿਨੀਂ ਗਵਰਨਰ ਪੰਜਾਬ ਨੇ ਲਗਾਨ ਵਧਾਉਣ ਦੇ ਫੁਰਮਾਨ ਜਾਰੀ ਕਰ ਦਿੱਤੇ ਤਾਂ ਲੋਕ ਅੰਗਰੇਜ਼ ਸਰਕਾਰ ਵਿਰੁੱਧ ਉੱਠ ਖੜ੍ਹੇ ਹੋਏ। ਬੰਗਾਲ ਦੇ ਸੱਚੇ-ਸੁੱਚੇ ਤੇ ਦ੍ਰਿੜ੍ਹ ਇਰਾਦੇ ਵਾਲੇ ਇਨਕਲਾਬੀ ਸੂਫੀ ਅੰਬਾ ਪ੍ਰਸ਼ਾਦ ਦੇ ਯਤਨਾਂ ਨਾਲ ਸਰਦਾਰ ਅਜੀਤ ਸਿੰਘ (ਸ਼ਹੀਦ ਭਗਤ ਸਿੰਘ ਦੇ ਚਾਚਾ ਜੀ) ਤੇ ਲਾਲਾ ਲਾਜਪਤ ਰਾਏ ਹੁਰਾਂ ਇੱਕ ਸੁਸਾਇਟੀ (ਯੁਗਾਂਤਰ ਆਸ਼ਰਮ) ਬਣਾਈ। ਪੰਜਾਬ ਦੇ ਕਿਸਾਨ-ਮਜ਼ਦੂਰ ਵੀ ਚੋਖੀ ਗਿਣਤੀ ’ਚ ਉਨ੍ਹਾਂ ਦੇ ਨਾਲ ਰਲ ਗਏ। ਸਰਦਾਰ ਅਜੀਤ ਸਿੰਘ ਦੀਆਂ ਅੰਗਰੇਜ਼ ਹਕੂਮਤ ਵਿਰੁੱਧ ਕੀਤੀਆਂ ਜੋਸ਼ੀਲੀਆਂ ਤਕਰੀਰਾਂ ਬੱਦੋਵਾਲ ਦੇ ਗੱਭਰੂ ਹਰੀ ਸਿੰਘ ਦੇ ਕੰਨੀਂ ਪਈਆਂ ਤਾਂ ਉਸ ਦਾ ਖ਼ੂਨ ਖੌਲਣ ਲੱਗ ਪਿਆ ਅਤੇ ਅੰਗਰੇਜ਼ ਸਰਕਾਰ ਵਿਰੁੱਧ ਦੋ ਹੱਥ ਕਰਨ ਲਈ ਹਰੀ ਸਿੰਘ ਦਾ ਜੁਝਾਰੂ ਜਜ਼ਬਾ ਉਸਲਵੱਟੇ ਲੈਣ ਲੱਗਾ। ਪਰ, ਲੀਡਰਾਂ ਦੀ ਫੜੋ-ਫੜਾਈ ਬਾਅਦ ਇਹ ਲਹਿਰ ਦਬ ਗਈ।
ਥੁੜ੍ਹਾਂ ਤੇ ਗਰੀਬੀ ਦਾ ਪਿੰਜਿਆ ਹਰੀ ਸਿੰਘ 30 ਅਕਤੂਬਰ 1907 ਨੂੰ ਫਿਲਪਾਈਨ ਟਾਪੂ ਦੇ ਮਨੀਲਾ ਸ਼ਹਿਰ ਜਾ ਪਹੁੰਚਿਆ। ਦੋ ਸਾਲ ਗੁਜ਼ਾਰਨ ਬਾਅਦ ਜਨਵਰੀ 1910 ਵਿੱਚ ਕੈਲੇਫੋਰਨੀਆਂ (ਅਮਰੀਕਾ) ਚਲਾ ਗਿਆ, ਜਿੱਥੇ ਉਸ ਨੇ ਤਿੰਨ ਸਾਲ ਮਜ਼ਦੂਰੀ ਕਰਕੇ ਕੁਝ ਡਾਲਰ ਵੀ ਜੋੜ ਲਏ। ਪਰ, ਉਸ ਦਾ ਮਨ ਨਾ ਟਿਕਿਆ। ਛੇਕੜ, ਕੈਲੇਫੋਰਨੀਆਂ ਦੀ ਇੰਪੀਰੀਅਲ ਵੈਲੀ ਤੇ ਮੈਕਸੀਕੋ ਦੀ ਕੰਨੀ ’ਤੇ ਪੈਂਦੇ ਸ਼ਹਿਰ ਮੈਕਸੀਵਾਲੀ ਵਿਖੇ ਕਿਸੇ ਕੰਪਨੀ ਤੋਂ 200 ਏਕੜ ਜ਼ਮੀਨ ਠੇਕੇ ’ਤੇ ਲੈ ਕੇ ਕਪਾਹ ਦੀ ਖੇਤੀ ਦਾ ਜੁਗਾੜ ਸ਼ੁਰੂ ਕੀਤਾ। ਉੱਧਰ ਯੁਗਾਂਤਰ ਆਸ਼ਰਮ (ਸਾਨਫਰਾਂਸਿਸਕੋ) ਤੋਂ ਗ਼ਦਰ ਦਾ ਬਿਗਲ ਵੱਜ ਚੁੱਕਾ ਸੀ ਅਤੇ ਗ਼ਦਰ ਅਖ਼ਬਾਰ ਗ਼ਦਰ ਦਾ ਢੰਡੋਰਾ ਦੇਣ ਲਈ ਪਹਿਲੀ ਨਵੰਬਰ 1913 ਤੋਂ ਸ਼ੁਰੂ ਹੋ ਚੁੱਕਾ ਸੀ। ਗ਼ਦਰ ਅਖ਼ਬਾਰ ਜਦੋਂ ਹਰੀ ਸਿੰਘ ਨੂੰ ਮਿਲਿਆ ਗ਼ਦਰ ਪਰਚੇ ਵਿੱਚ ਹਰੀ ਸਿੰਘ ਨੇ ਲਿਖਿਆ ਪੜ੍ਹਿਆ!
ਪਹਿਲਾ ਸਬਕ – ਹਥਿਆਰਬੰਦ ਇਨਕਲਾਬ
ਦੂਜਾ ਸਬਕ – ਮਜ਼ਹਬ ਆਪੋ ਆਪਣਾ, ਧਰਮ ਆਪੋ ਆਪਣਾ
ਤੀਜਾ ਸਬਕ- ਸਭ ਗ਼ੁਲਾਮ ਦੇਸ਼ਾਂ ਦੀ ਆਜ਼ਾਦੀ ਵਿੱਚ ਹਿੱਸਾ ਲੈਣਾ
ਚੌਥਾ ਸਬਕ – ਤਨਖਾਹ ਮੌਤ ਅਤੇ ਇਨਾਮ ਆਜ਼ਾਦੀ।
ਉਸ ਨੇ ਇਹ ਸਬਕ ਕਲਮੇ ਵਾਂਗ ਕੰਠ ਕਰ ਲਏ। ਪਰ, ਹਰੀ ਸਿੰਘ ਨੂੰ ਚੈਨ ਕਿੱਥੇ! ਉਸਨੂੰ ਅਚਵੀ ਜਿਹੀ ਲੱਗ ਗਈ ਅਤੇ ਉਸ ਦੇ ਮਨ ਅੰਦਰ ਆਜ਼ਾਦੀ ਦੀ ਜਵਾਲਾ ਲਟ-ਲਟ ਬਲਣ ਲੱਗੀ। ਕਪਾਹ ਦੀ ਫਸਲ ਵੇਚ ਵੱਟ ਕੇ ਤਿਆਰੀ ਕੱਸ ਲਈ। ਅੰਮ੍ਰਿਤ ਵੇਲੇ ਉੱਠਿਆ। ਲਾਸ ਏਂਜਲਸ ਹੁੰਦਾ ਹੋਇਆ ਹਫ਼ਤੇ ਮਗਰੋਂ 15 ਅਕਤੂਬਰ 1914 ਨੂੰ ਯੁਗਾਂਤਰ ਆਸ਼ਰਮ (ਸਾਨਫਰਾਂਸਿਸਕੋ) ਦਾ ਕੁੰਡਾ ਜਾ ਖੜਕਾਇਆ। ਪਰ, ਗ਼ਦਰ ਦੇ ਪਾਂਧੀ ਗ਼ਦਰੀ ਕਾਫ਼ਲੇ ਗ਼ਦਰ ਮਚਾਵਣ ਲਈ ਆਪਣੀਆਂ ਮੰਜ਼ਲਾਂ ਨੂੰ ਚਾਲੇ ਪਾ ਚੁੱਕੇ ਸਨ। ਹਰੀ ਸਿੰਘ ਬੱਦੋਵਾਲ ਨੇ ਕੁਝ ਮਹੀਨੇ ਗ਼ਦਰ ਅਖ਼ਬਾਰ ਦਾ ਕੰਮ ਸੰਭਾਲਿਆ ਅਤੇ ‘ਫਕੀਰ’ ਦੇ ਤਖਲਸ਼ ਹੇਠਾਂ ਪੰਜਾਬੀ ਤੇ ਉਰਦੂ ਵਿੱਚ ਕਵਿਤਾਵਾਂ ਵੀ ਲਿਖੀਆਂ ਜਿਨ੍ਹਾਂ ਨੂੰ ਪੜ੍ਹ ਕੇ ਉਸ ਦੀ ਸੰਵੇਦਨਾ, ਨਿਹਚਾ, ਸਮਰਪਣ ਤੇ ਪ੍ਰਤੀਬੱਧਤਾ ਦੀਆਂ ਤੈਹਾਂ ਦੇ ਦਰਸ਼ਨ ਹੁੰਦੇ ਹਨ। –
ਗ਼ਦਰ ਹਮਾਰਾ ਮਜ਼ਹਬ ਹੈ, ਗ਼ਦਰ ਹਮਾਰੀ ਜਾਤ।
ਗ਼ਦਰ ਪਾਰਟੀ ਵਾਲਿਓ ਸੁਨੋ ਹਮਾਰੀ ਬਾਤ
——-
ਕਦੇ ਕੰਮ ਗ੍ਰਹਿਸਤ ਦੇ ਮੁੱਕਣੇ ਨਾ, ਬੰਦਾ ਮੁਲਕ ’ਤੇ ਜਾਨ ਨਸਾਰ ਚਾਹੀਏ।
ਗੱਲਾਂ ਨਾਲ ਨਾ ਕਿਸੇ ਦੀ ਫ਼ਤਹਿ ਹੁੰਦੀ, ਖ਼ਾਤਰ ਮੁਲਕ ਦੀ ਹੱਥ ਹਥਿਆਰ ਚਾਹੀਏ
ਹਨੇਰੀ ਗ਼ਦਰ ਦੀ ਮੁਲਕ ਉੱਤੇ ਝੁੱਲਣੀ ਹੈ ਸਾਨੂੰ ਸੂਰਮਾ ਕੋਈ ਸਰਦਾਰ ਚਾਹੀਏ।
ਨਯਾ ਜ਼ਮਾਨਾ, ਨਈ ਕਿਤਾਬੇਂ, ਨਏ ਅਸੂਲ ਬਨਾਏਂਗੇ, ਊਚ-ਨੀਚ ਕਾ ਭੇਦ ਮਿਟਾ ਕਰ, ਸਭ ਕੋ ਇਲਮ ਪੜਾਏਂਗੇ।
ਹੱਕ ਬਰਾਬ ਸਭ ਕੋ ਹੋਗਾ, ਐਸੀ ਰਸਮ ਚਲਾਏਂਗੇ, ਸਭ ਮਜ਼ਦੂਰ ਕਿਸਾਨ ਮਿਲਾ ਕਰ, ਉਨਕੋ ਯਿਹ ਸਮਝਾਏਂਗੇ।
ਰਸਮ ਰਿਵਾਜ ਗ਼ੁਲਾਮੋਂ ਵਾਲੇ, ਲਾ ਕੇ ਆਗ ਜਲਾਏਂਗੇ, ਜਗ੍ਹਾ ਜਗ੍ਹਾ ਪੰਚਾਇਤ ਬਣਾ ਕਰ ਅਪਨਾ ਰਾਜ ਚਲਾਏਂਗੇ।
ਅੰਗਰੇਜ਼ਾਂ ਤੇ ਜਰਮਨਾਂ ਦੀ ਪਹਿਲੀ ਸੰਸਾਰ ਜੰਗ ਸ਼ੁਰੂ ਹੋ ਜਾਣ ਕਰਕੇ ਜਰਮਨ ਕੌਂਸਲ ਗ਼ਦਰੀਆਂ ਦੀ ਮਦਦ ਕਰ ਰਹੀ ਸੀ। ਹਰੀ ਸਿੰਘ ਦਾ ਖ਼ੂਨ ਕੁਝ ਕਰ ਗੁਜ਼ਰਨ ਲਈ ਉਬਾਲੇ ਖਾ ਰਿਹਾ ਸੀ ਅਤੇ ਉਹ ਭਾਰਤ ਜਾਣ ਲਈ ਲੂਰ੍ਹੀਆਂ ਲੈ ਰਿਹਾ ਸੀ ਤਾਂ ਕਿ ਦੇਸ਼ ਗਏ ਗ਼ਦਰੀਆਂ ਨਾਲ ਮਿਲ ਕੇ ਅੰਗਰੇਜ਼ਾਂ ਨੂੰ ਭਾਰਤ ’ਚੋਂ ਦਬੱਲਿਆ ਜਾ ਸਕੇ। ਆਖ਼ਰ, ਫੈਸਲਾ ਹੋਇਆ ਕਿ ਹਿੰਦੋਸਤਾਨ ਪੁੱਜੇ ਗ਼ਦਰੀਆਂ ਨੂੰ ਜਹਾਜ਼ ਰਾਹੀਂ ਹਥਿਆਰ ਪੁੱਜਦੇ ਕੀਤੇ ਜਾਣ। ਇਸ ਕਾਰਜ ਦਾ ਜੁੰਮਾ ਹਰੀ ਸਿੰਘ ਬੱਦੋਵਾਲ ਨੂੰ ਸੌਂਪਿਆ ਗਿਆ। ਹਥਿਆਰਾਂ ਨਾਲ ਲੱਦਿਆ ਜਹਾਜ਼ ਪੰਜ ਮਹੀਨੇ ਭਟਕਣ ਬਾਅਦ ਜਕਾਰਤਾ (ਜਾਵਾ) ਜਾ ਵੜਿਆ ਅਤੇ ਅੰਗਰੇਜ਼ਾਂ ਦੇ ਕਾਬੂ ਆ ਗਿਆ। ਜਰਮਨ ਕੌਂਸਲ ਦੀ ਮਦਦ ਨਾਲ ਹਰੀ ਸਿੰਘ ਉਰਫ ਜਹਾਂਗੀਰ ਬਚ ਨਿਕਲਿਆ। ਪਰ, ਨਾਲ ਦੇ ਸਾਥੀ ਨਾਮ੍ਹਾ, ਕਿਸ਼ਨਾ, ਮੰਗੂ ਤੇ ਰਘਬੀਰ ਗ੍ਰਿਫਤਾਰ ਕਰ ਲਏ ਗਏ। ਮੁਕੱਦਮਾ ਚੱਲਿਆ। ਪਹਿਲੀ ਪੇਸ਼ੀ ਮੌਕੇ ਹੀ ਗ਼ੱਦਾਰ ਰਾਮ ਚੰਦਰ ਅਜੇ ਬਿਆਨ ਦੇਣ ਹੀ ਲੱਗਾ ਸੀ ਕਿ ਰਾਮ ਸਿੰਘ ਧੁਲੇਤਾ ਨੇ ਉਸ ਦੀ ਛਾਤੀ ਵਿੱਚ ਗੋਲੀਆਂ ਮਾਰ ਕੇ ਥਾਏਂ ਢੇਰੀ ਕਰ ਦਿੱਤਾ।
15 ਸਤੰਬਰ 1915 ਨੂੰ ਜਾਵਾ ਪਹੁੰਚ ਕੇ ਹਰੀ ਸਿੰਘ ਦਾ ਮੇਲ ਅੰਮ੍ਰਿਤਸਰ ਦੇ ਅਲੀ ਮੁਹੰਮਦ ਨਾਲ ਹੋਇਆ ਜਿੱਥੇ ਉਸ ਦਾ ਨਾਂ ਡਰਾਮੈਟਿਕ ਢੰਗ ਨਾਲ ਉਸਮਾਨ ਖ਼ਾਂ ਰੱਖਿਆ ਗਿਆ। ਇਹ ਉਸਮਾਨ ਖਾਂ ਨਾਂ ਦਾ ਬੰਦਾ ਅਲੀ ਮੁਹੰਮਦ ਦਾ ਨੌਕਰ ਸੀ ਜੋ ਮਰ ਚੁੱਕਿਆ ਸੀ ਤੇ ਜਿਸ ਦਾ ਚਿਹਰਾ-ਮੋਹਰਾ, ਨੈਣ-ਨਕਸ਼ ਹਰੀ ਸਿੰਘ ਨਾਲ ਮਿਲਦੇ-ਜੁਲਦੇ ਸਨ। ਇਉਂ ਕਰਕੇ ਹਰੀ ਸਿੰਘ ਅੰਗਰੇਜ਼ ਪੁਲੀਸ ਨੂੰ ਚਕਮਾ ਦੇਣ ਵਿੱਚ ਸਫਲ ਹੋਇਆ। ਹਰੀ ਸਿੰਘ/ਉਸਮਾਨ ਖਾਂ ਜਕਾਰਤਾ ਸ਼ਹਿਰ ਛੱਡ ਕੇ ਬਡੁੰਗ ਸ਼ਹਿਰ ਦੇ ਨੇੜੇ ਜੰਗਲ ਦੇ ਰਸਤੇ ’ਗੰਗਾ ਹਾਲੂ’ ਪਹਾੜੀ ’ਤੇ ਜਾ ਵੱਸਿਆ ਅਤੇ ਸੁਡਾਨਿਸ਼ ਕਬੀਲੇ ਦੀ ਔਰਤ ਨਾਲ ਵਿਆਹ ਕਰ ਲਿਆ। ਉਸ ਦੀ ਬੀਵੀ ਨੰਬਰਦਾਰ ਦੀ ਭਾਣਜੀ ਸੀ ਜਿਸ ਕਰਕੇ ਨੰਬਰਦਾਰ ਨੇ ਉਸ ਪਹਾੜੀ ’ਤੇ 25 ਏਕੜ ਜ਼ਮੀਨ ਵਾਹੀ ਵਾਸਤੇ ਮਾਲਕੀ ਵਜੋਂ ਉਸਮਾਨ ਖਾਂ ਨੂੰ ਦੇ ਦਿੱਤੀ। ਉਸ ਦੀ ਪਤਨੀ ਕੋਲ 5 ਬੱਚੇ (ਤਿੰਨ ਧੀਆਂ ਤੇ ਦੋ ਪੁੱਤਰ) ਪੈਦਾ ਹੋਏ। ਜਾਵਾ ਦਾ ਅੰਨ-ਜਲ ਖਾਂਦੇ-ਪੀਂਦੇ ਅਤੇ ਹਰੀਆਂ-ਭਰੀਆਂ ਪਹਾੜੀਆਂ ਵਿੱਚ ਸ਼ਿਕਾਰ ਖੇਡਦਿਆਂ 24 ਸਾਲ ਬੀਤ ਗਏ। ਪਰ, ਆਜ਼ਾਦੀ ਦਾ ਸੁਪਨਾ ਉਸ ਦੀਆਂ ਅੱਖਾਂ ਦੀਆਂ ਪੁਤਲੀਆਂ ਵਿੱਚ ਪਿੰਜਰੇ ਦੇ ਤੋਤੇ ਵਾਂਗ ਪਟਾਕਦਾ ਰਿਹਾ। ਅਗਸਤ 1937 ਵਿੱਚ ਜਦੋਂ ਚੀਨ ਅਤੇ ਜਾਪਾਨ ਦੀ ਜੰਗ ਸ਼ੁਰੂ ਹੋਈ ਤਾਂ ਜਿਹੜੀ ਆਜ਼ਾਦੀ ਦੀ ਚਿਣਗ ਹਰੀ ਸਿੰਘ ਦੇ ਦਿਲ ਅੰਦਰ ਸੁਲਗਦੀ ਰਹੀ ਸੀ ਉਹ ਭਾਂਬੜ ਬਣ ਬਲ ਉੱਠੀ। ਉਸਮਾਨ ਖਾਂ ਇੱਕ ਜਨਵਰੀ 1938 ਨੂੰ  ਆਜ਼ਾਦੀ ਦੇ ਨਸ਼ੇ ਵਿੱਚ ਚੂਰ, ਬੱਚੇ-ਬੀਵੀ ਸੁੱਤੇ ਛੱਡ ਕੇ ਸ਼ੰਘਾਈ ਚਲਿਆ ਗਿਆ। ਉੱਥੇ ਜਾ ਕੇ ਜਾਪਾਨ ਦੀ ਨੇਵੀ ਵਿੱਚ ਸ਼ਾਮਲ ਹੋ ਗਿਆ। ਏਥੇ ਵੀ ਆਜ਼ਾਦੀ ਵਾਸਤੇ ਕਈ  ਤਰ੍ਹਾਂ ਦੇ ਸੰਗਠਨ ਜਿਵੇਂ ਇੰਡੀਅਨ ਇੰਡੀਪੈਂਡੈਂਸ ਲੀਗ, ਹਿੰਦੋਸਤਾਨ ਸੰਘ, ਹਿੰਦ ਸੁਧਾਰ ਸਭਾ ਵਿੱਚ ਜ਼ਿੰਮੇਵਾਰੀਆਂ ਨਿਭਾਉਂਦਿਆਂ ਸ਼ਿੰਘਾਈ, ਹਾਂਗਕਾਂਗ, ਪਿਨਾਂਗ, ਟੋਕੀੳ, ਸਿੰਘਾਪੁਰ, ਰੰਗੂਨ ਵਿਖੇ ਆਜਾ ਦੇ ਦੀਪ ਜਗਾਉਂਦਾ ਰਿਹਾ।
17 ਅਗਸਤ 1942 ਨੂੰ ਹਰੀ ਸਿੰਘ ਉਸਮਾਨ ਆਪਣੇ ਦੋਹਾਂ ਪੁੱਤਰਾਂ ਨੂੰ ਵੀ ਨਾਲ ਲੈ ਆਇਆ ਅਤੇ ਇੰਡੀਅਨ ਨੇੈਸ਼ਨਲ ਆਰਮੀ (ਜੋ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਅਗਵਾਈ ਵਿੱਚ ਸੀ) ਵਿੱਚ ਭਰਤੀ ਕਰਵਾ ਦਿੱਤਾ। ਵੱਡਾ ਲੜਕਾ ਹੈਰੀ (ਹੀਰਾ ਸਿੰਘ) ਜਿਸ ਦੀ ਉਮਰ 18 ਸਾਲ ਸੀ, ਆਜ਼ਾਦ ਹਿੰਦ ਫੌਜ ਦੇ ਲੈਫਟੀਨੈਂਟ ਦੇ ਤੌਰ ’ਤੇ ਇੰਫਾਲ ਫਰੰਟ ਉੱਤੇ ਅੰਗਰੇਜ਼ਾਂ ਵਿਰੁੱਧ ਹਿੰਦ ਦੀ ਆਜ਼ਾਦੀ ਲਈ ਲੜਦਾ ਸ਼ਹੀਦ ਹੋ ਗਿਆ। ਛੋਟੇ ਹੈਰੀ (ਛੋਟਾ ਪੁੱਤਰ) ਜਿਸ ਦੀ ਉਮਰ 14 ਸਾਲ ਨੂੰ ਵੀ ਅੰਗਰੇਜ਼, ਡੱਚ ਤੇ ਜਾਵਾ ਹਾਕਮਾਂ ਦੇ ਅਸਹਿ ਤਸੀਹੇ ਝੱਲਣੇ ਪਏ।
ਹਰੀ ਸਿੰਘ ਉਸਮਾਨ ਜਿੱਥੇ ਇੱਕ ਚੰਗਾ ਕਰਮਯੋਗੀ ਯੋਧਾ ਸੀ ਉੱਥੇ ਲਹਿਰ ਦੀ ਉਸਾਰੀ ਲਈ ਲੀਡਰਾਂ ਵਿੱਚ ਆਉਂਦੇ ਵਿਗਾੜਾਂ ਵਿਰੁੱਧ ਵੀ ਬੇਲਿਹਾਜ ਤੇ ਸਪੱਸ਼ਟਵਾਦੀ ਸੀ।
ਹਰੀ ਸਿੰਘ ਉਸਮਾਨ ਪੜ੍ਹਿਆ ਭਾਵੇਂ ਥੋੜ੍ਹਾ ਸੀ, ਪਰ ਉਸ ਦੀ ਸੂਝ-ਸਿਆਣਪ, ਤੀਖਣ ਬੁੱਧੀ, ਦੂਰ ਦ੍ਰਿਸ਼ਟੀ ਕਈ ਵੱਧ ਪੜ੍ਹਿਆਂ ਨਾਲੋਂ ਵਧੇਰੇ ਸੀ, ਜਿਸ ਦਾ ਪ੍ਰਮਾਣ ਉਸ ਦੀਆਂ ਲਿਖਤਾਂ ਵਿੱਚੋਂ ਨਜ਼ਰ ਆਉਂਦਾ ਹੈ।
ਖੋਲ੍ਹੋ ਅੱਖੀਆਂ ਜ਼ਰਾ ਹੁਸ਼ਿਆਰ ਹੋ ਜੋ, ਮੁਸਲਮਾਨ, ਹਿੰਦੂ ਹਿੰਦੋਸਤਾਨ ਵਾਲੇ।
ਝੂਠੇ ਝਗੜਿਆਂ ਨੇ ਸਾਡਾ ਨਾਸ ਕੀਤਾ, ਗੋਰੇ ਸੁੱਟਦੇ ਪੁੱਤ ਸ਼ੈਤਾਨ ਵਾਲੇ
ਹਾਲਾਤ ਅਨੁਸਾਰ ਪੈਦਾ ਹੋਈਆਂ ਜੰਗੇ-ਆਜ਼ਾਦੀ ਦੀਆਂ ਲੋੜਾਂ ਦੀ ਪੂਰਤੀ ਲਈ ਨੇਤਾ ਜੀ ਦੇ ਕਹਿਣ ’ਤੇ ਹਰੀ ਸਿੰਘ ਉਸਮਾਨ 23 ਸਤੰਬਰ 1944 ਨੂੰ ਜਾਵਾ ਚਲਿਆ ਗਿਆ। ਪਰ, ਉੱਥੇ ਵੀ ਹਾਲਾਤ ਸਾਜ਼ਗਾਰ ਨਹੀਂ ਸਨ ਰਹੇ। ਮੁਸਲਿਮ ਕੱਟੜਪੰਥੀਆਂ ਨੇ ਹਰੀ ਸਿੰਘ ਉਸਮਾਨ ਨੂੰ ਮੌਤ ਦੀ ਸਜ਼ਾ ਦਾ ਫਤਵਾ ਸੁਣਾ ਦਿੱਤਾ। ਕਾਰਨ ਦੱਸਿਆ ਗਿਆ ਕਿ ਉਹ ਮੁਸਲਮਾਨ ਨਹੀਂ ਹੈ। ਇਸ ਦੋਸ਼ ਦਾ ਸਾਹਮਣਾ ਉਸ ਨੇ ਬੜੀ ਹੁਸ਼ਿਆਰੀ ਤੇ ਦਲੇਰੀ ਨਾਲ ਕੀਤਾ ਜਿਸ ਕਰਕੇ ਉਹ ਮੌਤ ਦੇ ਮੂੰਹ ਵਿੱਚੋਂ ਬਚ ਨਿਕਲਿਆ। ਪਰ, ਇਸ ਤੋਂ ਬਾਅਦ ਉਹ ਡੱਚ ਹਾਕਮਾਂ ਦੇ ਕਾਬੂ ਆ ਗਿਆ। ਜੇਕਰ, ਤੇਜੂ ਮੱਲ ਸਿੰਧੀ ਸੇਠ ਉਸਦੀ ਮੱਦਦ ਨਾ ਕਰਦਾ ਤਾਂ ਇਹਨਾਂ ਡੱਚਾਂ ਦੇ ਮੌਤ ਪੰਜਿਆਂ ਵਿੱਚੋਂ ਨਿਕਲਣਾ ਔਖਾ ਸੀ। ਛੇਕੜ, ਤੇਜੂ ਮੱਲ ਸਿੰਧੀ ਸੇਠ ਦੇ ਦਖਲ ਅਤੇ ਮਾਇਕ ਮਦਦ ਨਾਲ ਹਰੀ ਸਿੰਘ ਉਸਮਾਨ ਕਲਕੱਤੇ ਆਣ ਪੁੱਜਾ। ਇੱਕ ਅਕਤੂਬਰ 1948 ਨੂੰ ਆਪਣੀ ਜੰਮਣ ਭੋਇੰ ਬੱਦੋਵਾਲ ਦੀਆਂ ਬਰੂਹਾਂ ’ਤੇ ਆਣ ਪੈਰ ਧਰਿਆ। ਗ਼ਦਰ ਲਹਿਰ ਦੇ ਬਿਖੜੇ ਪੈਂਡਿਆਂ ’ਤੇ ਅਡੋਲ ਤੁਰਦੇ ਇਸ ਅਣਥੱਕ ਸੂਰਮੇ ਦੀ ਮੌਜੂਦਾ ਡਾਵਾਂਡੋਲ ਅਵਸਥਾ ਵਿੱਚ ਬਾਂਹ ਫੜਨ ਦੀ ਬਜਾਏ ‘‘ਸਾਡੀ ਆਪਣੀ’’ ਸਰਕਾਰ ਦੀ ਪੁਲੀਸ ਦੋ ਸਾਲ ਲਗਾਤਾਰ ਦੇਹਲੀਆਂ ਪੁੱਟਦੀ ਰਹੀ। ਤੰਗੀਆਂ-ਤੁਰਸ਼ੀਆਂ ਤੇ ਗਰੀਬੀ ਦੀ ਮਾਰ ਹੇਠ ਆਇਆ ਗ਼ਦਰੀ ਬਾਬਾ ਹਰੀ ਸਿੰਘ ਉਸਮਾਨ 15 ਅਕਤੂਬਰ 1969 ਨੂੰ ਮੌਤ ਦੇ ਆਗੋਸ਼ ਵਿੱਚ ਚਲਿਆ ਗਿਆ।


Comments Off on ਗ਼ਦਰੀ ਬਾਬਾ ਹਰੀ ਸਿੰਘ ਉਸਮਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.