ਗੰਨਮੈਨ 38, ਖ਼ਰਚਾ 18 ਲੱਖ !    ਕੌਮਾਂਤਰੀ ਮੁੱਕੇਬਾਜ਼ੀ ਐਸੋਸੀਏਸ਼ਨ ਵੱਲੋਂ ਇਟਲੀ ਵਿੱਚ ਯੂਰਪੀ ਫੋਰਮ ਰੱਦ !    ਟੋਕੀਓ ਓਲੰਪਿਕ: ਤੈਅ ਪ੍ਰੋਗਰਾਮ ਮੁਤਾਬਕ ਹੋਣਗੀਆਂ ਖੇਡਾਂ: ਰਿਜਿਜੂ !    ‘ਆਪ’ ਵਿਧਾਇਕਾਂ ਵੱਲੋਂ ਵਿਧਾਨ ਸਭਾ ਅੱਗੇ ਪ੍ਰਦਰਸ਼ਨ !    ਕਰੋਨਾਵਾਇਰਸ: ਮੁੱਢਲੀ ਜਾਣਕਾਰੀ ਤੇ ਉਪਾਅ !    ਛਾਤੀ ਵਿੱਚ ਭਾਰਾਪਣ ਹੋਣਾ ਗੰਭੀਰ ਸੰਕੇਤ !    ਸਿੱਖ ਇਤਿਹਾਸ ਦਾ ਉੜੀਆ ’ਚ ਅਨੁਵਾਦ ਕਰਨ ਵਾਲੀ ਸਾਧਨਾ ਪਾਤਰੀ ਦਾ ਸਨਮਾਨ !    ਬੱਚੇ ਦੀ ਮੌਤ: ਸਿਹਤ ਮੰਤਰੀ ਨੇ ਡਾਕਟਰ ਜੋੜੇ ਦੀ ਮੁਅੱਤਲੀ ਦੇ ਹੁਕਮ ਵਾਪਸ ਲਏ !    ਦੋਹਰੇ ਕਤਲ ਕਾਂਡ ਮਾਮਲੇ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ !    ਜਵਾਨੀ ਦੇ ਅਵੱਲੇ ਜੋਸ਼ ’ਚ ਹੋਸ਼ ਰੱਖਣਾ ਵੀ ਜ਼ਰੂਰੀ !    

ਭਾਸ਼ਾ ਦਾ ਗ਼ਲਬਾ ਤੇ ਅਨੁਵਾਦ

Posted On October - 12 - 2013

ਮਨਮੋਹਨ

ਕਿਸੇ ਵੀ ਭਾਸ਼ਾ ਦੇ ਅਰਥਾਂ ਦੇ ਸਹੀ ਰੂਪ ਤੇ ਆਤਮਾ ਨੂੰ ਉਸ ਦੇ ਆਪਣੇ ਸੱਭਿਆਚਾਰਕ ਅਤੇ ਸਮਾਜਿਕ ਪਰਿਪੇਖ ’ਚ ਹੀ ਸਮਝਿਆ ਜਾ ਸਕਦਾ ਹੈ ਭਾਵ ਇਸ ਦਾ ਹੂ-ਬ-ਹੂ ਅਨੁਵਾਦ ਕਰ ਸਕਣਾ ਬੜਾ ਕਠਿਨ ਹੈ। ਹਰ ਭਾਸ਼ਾ ਦੇ ਕਈ ਸ਼ਬਦ ਹੁੰਦੇ ਹਨ ਜਿਨ੍ਹਾਂ ਨੂੰ ਉਨ੍ਹਾਂ ਦੇ ਸਹੀ ਭਾਵ ਨਾਲ ਕਿਸੇ ਦੂਜੀ ਭਾਸ਼ਾ ’ਚ ਉਲਥਾਅ ਸਕਣਾ ਔਖਾ ਹੀ ਨਹੀਂ ਸਗੋਂ ਅਸੰਭਵ ਕਾਰਜ ਹੈ। ਇਸੇ ਕਰਕੇ ਅੱਜਕੱਲ੍ਹ ਅਨੁਵਾਦ ਨੂੰ ਇੱਕ ਵਿਕਸਿਤ ਵਿਧਾ ਵਜੋਂ ਮਾਨਤਾ ਮਿਲ ਰਹੀ ਹੈ। ਭਾਰਤ ਜਿਹੇ ਬਹੁ-ਭਾਸ਼ਾਈ, ਬਹੁ-ਖੇਤਰੀ, ਬਹੁ-ਸੱਭਿਆਚਾਰਕ ਦੇਸ਼ ’ਚ ਅਨੁਵਾਦ ਦੀ ਮਹੱਤਤਾ ਬੜੀ ਵਧ ਰਹੀ ਹੈ। ਭਾਰਤੀ ਭਾਸ਼ਾਵਾਂ ਦੇ ਅਨੁਵਾਦ ਵਿਦੇਸ਼ੀ ਭਾਸ਼ਾਵਾਂ ’ਚ ਹੋ ਰਹੇ ਹਨ ਅਤੇ ਵਿਦੇਸ਼ੀ ਭਾਸ਼ਾਵਾਂ ਦੇ ਅਨੁਵਾਦ ਭਾਰਤੀ ਭਾਸ਼ਾਵਾਂ ’ਚ ਪਰ ਇਸ ਗੱਲ ਦਾ ਖ਼ਦਸ਼ਾ ਹਮੇਸ਼ਾਂ ਬਣਿਆ ਰਹਿੰਦਾ ਹੈ ਕਿ ਕੀ ਕੀਤੇ ਗਏ ਅਨੁਵਾਦਾਂ ’ਚ ਮੂਲ ਭਾਸ਼ਾ ਦਾ ਸਾਰ ਤੇ ਆਤਮਾ ਦਾ ਪ੍ਰਤੌਅ ਹੋ ਰਿਹਾ ਹੈ? ਜਿਵੇਂ ਜਿੱਥੇ ਪੰਜਾਬੀ ਦੇ ਸ਼ਬਦ ‘ਸਹਿਜ’ ਦਾ ਜਾਂ ਗੁਰਬਾਣੀ ਵਿਚਲੇ ‘ਹੁਕਮਿ’ ਦਾ ਅਨੁਵਾਦ ਕਰ ਸਕਣਾ ਬਹੁਤ ਮੁਸ਼ਕਿਲ ਹੈ ਉੱਥੇ ਸ਼ਬਦ ‘ਗੁਰੂ’, ‘ਬੱੁਧ’, ‘ਬੋਧੀਸਤਵ’ ਦਾ ਉਲਥਾ ਵੀ ਬੜਾ ਕਠਿਨ ਹੈ। ਇਉਂ ਹੀ ਚੀਨੀ ਭਾਸ਼ਾ ਦੇ ਸ਼ਬਦ ‘ਯਿਨ’, ‘ਯਾਂਗ’, ‘ਕੁੰਗਫੂ’, ‘ਫੇਂਗਸ਼ੂਈ’ ਸ਼ਬਦਾਂ ਦਾ ਵੀ ਕਿਸੇ ਹੋਰ ਭਾਸ਼ਾ ’ਚ ਤਰਜਮਾ ਕਰਨਾ ਔਖਾ ਹੈ।
ਇਉਂ ਹੀ ਜੇ ਤੁਸੀਂ ਅੰਗਰੇਜ਼ੀ ਜਾਂ ਕਿਸੇ ਹੋਰ ਪੱਛਮੀ ਭਾਸ਼ਾਹਾਰੀ ਹੋ ਤਾਂ ਇਹ ਸੰਭਵ ਹੈ ਕਿ ਤੁਸਾਂ ‘ਸ਼ੇਂਗ੍ਰੇਨ’, ‘ਮਿੰਝੂ’, ‘ਵੇਂਮਿੰਗ’ ਜਿਹੇ ਸ਼ਬਦ ਕਦੇ ਨਾ ਸੁਣੇ ਹੋਣ। ਜੇ ਤੁਸੀਂ ਇਸ ਦਾ ਅਨੁਵਾਦ ਕਰ ਕੇ ਕਿਤੇ ਪ੍ਰਯੋਗ ਕਰ ਰਹੇ ਹੋਵੋਗੇ ਤਾਂ ਹੋ ਸਕਦਾ ਹੈ ਕਿ ਤੁਸੀਂ ਗ਼ਲਤ ਕਰ ਰਹੇ ਹੋਵੋਗੇ ਕਿਉਂਕਿ ਇਹ ਸ਼ਬਦ ਚੀਨੀ ਧਾਰਨਾਵਾਂ ਨਾਲ ਜੁੜੇ ਹਨ। ‘ਸ਼ੇਂਗ੍ਰੇਨ’ ਦਾ ਅਨੁਵਾਦ ਅੰਗਰੇਜ਼ੀ ’ਚ ਦਾਰਸ਼ਨਿਕ, ‘ਮਿੰਝੂ’ ਦਾ ਲੋਕਤੰਤਰ ਤੇ ‘ਵੇਂਮਿੰਗ’ ਦਾ ਸੱਭਿਅਤਾ ਕੀਤਾ ਜਾ ਰਿਹਾ ਹੈ ਪਰ ਇਨ੍ਹਾਂ ਵਿੱਚੋਂ ਇਹ ਕਿਸੇ ਦਾ ਵੀ ਅਰਥ ਨਹੀਂ ਹੈ। ਇਨ੍ਹਾਂ ਦਾ ਅਰਥ ਕੁਝ ਹੋਰ ਹੀ ਹੈ ਜਿਸ ਨੂੰ ਅਨੁਵਾਦ ਨਹੀਂ ਕੀਤਾ ਜਾ ਸਕਦਾ। ਇਹੋ ਹਰ ਭਾਸ਼ਾ ਦੀ ਸਮਰੱਥਾ ਦੀ ਅਮੀਰੀ ਤੇ ਜਿੰਦ ਜਾਨ ਹੈ। ਇਸੇ ਕਰਕੇ ਹਰ ਭਾਸ਼ਾ ਦਾ ਆਪਣੇ ਆਪ ’ਚ ਆਪਣੀ ਵਿਸ਼ੇਸ਼ਤਾ ਸਦਕਾ ਇੱਕ ਗ਼ਲਬਾ ਹੁੰਦਾ ਹੈ ਜਿਸ ਨੂੰ ਜਿੰਨਾ ਛੇਤੀ ਤੇ ਸਹਿਜ ਨਾਲ ਸਵੀਕਾਰ ਕਰ ਲਈਏ ਓਨਾ ਚੰਗਾ ਹੈ। ਇਸ ਵਿੱਚ ਕਿਸੇ ਦੇਸ਼ ਦੀ ਅੰਤਰਰਾਸ਼ਟਰੀ ਪੱਧਰ ’ਤੇ ਆਰਥਿਕ, ਸੈਨਿਕ, ਰਾਜਨੀਤਕ ਸੱਤਾ ਜਾਂ ਕੂਟਨੀਤਕ ਹੈਂਕੜ ਕੰਮ ਨਹੀਂ ਕਰਦੀ।
‘ਜਨ ਮੀਡੀਆ’ ਵਿੱਚ ਪੀਕਿੰਗ ਯੂਨੀਵਰਸਿਟੀ ਦੇ ਜਰਮਨ ਮੂਲ ਦੇ ਲੇਖਕ ਥਾਰਸਟਨ ਪੈਟਬਰਗ ਨੇ ਆਪਣੀ ਕਿਤਾਬ ‘ਦਿ ਈਸਟ ਵੈਸਟ ਡਾਈਕਾਟਮੀ ਐਂਡ ਸ਼ੇਂਗ੍ਰੇਨ-ਫ਼ਿਲਾਸਫ਼ੀ ਐਂਡ ਬਿਆਂਡ ਰਿਲੀਜਨ’ ਵਿੱਚ ਲਿਖਿਆ ਹੈ ਕਿ ‘ਵੇਂਮਿੰਗ’ ਉੱਚੇ ਪੱਧਰ ਦੀ ਨੈਤਿਕਤਾ ਅਤੇ ਲੋਕਾਂ ਦੇ ਸੌਮਯ ਆਚਰਨ ਦੀ ਗੱਲ ਕਰਦਾ ਹੈ ਜਦੋਂਕਿ ਅੰਗਰੇਜ਼ੀ ਸ਼ਬਦ ਸੱਭਿਅਤਾ, ਤਕਨੀਕ ਅਤੇ ਭੌਤਿਕ ਵਸਤੂਆਂ ’ਤੇ ਸ਼ਹਿਰੀ ਲੋਕਾਂ ਦੇ ਅਧਿਕਾਰ ਦੀ ਗੱਲ ਕਰਦਾ ਹੈ। ਸੱਭਿਅਤਾ ਦਾ ਚੀਨੀ ਭਾਸ਼ਾ ’ਚ ਸਟੀਕ ਅਨੁਵਾਦ ‘ਚੇਂਗਸ਼ੀ ਜਿਸ਼ੂ ਯੂਈ’ ਹੋਣਾ ਚਾਹੀਦਾ ਹੈ। ਵੇਂਮਿੰਗ ਠੀਕ ਹੈ ਪਰ ਇਸ ਦਾ ਅਨੁਵਾਦ ਨਹੀਂ ਹੈ। ਸੱਭਿਅਤਾ ਦੀ ਖੋਜ ਜਿੱਥੇ ਅਠਾਰ੍ਹਵੀਂ ਸਦੀ ਦੀ ਯੂਰਪੀ ਧਾਰਨਾ ਹੈ ਉੱਥੇ ਵੇਂਮਿੰਗ ਅਜਿਹੀ ਧਾਰਨਾ ਹੈ ਜਿਸ ਦਾ ਵਜੂਦ ਚੀਨ ’ਚ ਹਜ਼ਾਰਾਂ ਸਾਲਾਂ ਤੋਂ ਹੈ। ਦਰਅਸਲ ਚੀਨ ਕੋਲ ਨਿੱਜੀ/ਵਿਅਕਤੀਗਤ ਜਾਂ ਪ੍ਰੇਮ ਜਿਹੀ ਕੋਈ ਧਾਰਨਾ ਹੀ ਨਹੀਂ ਹੈ ਕਿਉਂਕਿ ਇਹ ਸ਼ਬਦ ਪੱਛਮੀ ਹਨ ਅਤੇ ਪੱਛਮੀ ਇਤਿਹਾਸਕ ਪਰਿਪੇਖ ਤੋਂ ਪ੍ਰੇਰਿਤ ਹਨ। ਦੂਜੇ ਪਾਸੇ ਚੀਨੀ ਕੋਲ ‘ਸਾਈਰਨ’ ਤੇ ‘ਰਿਨਾਈ’ ਜਿਹੇ ਸ਼ਬਦ ਹਨ ਜਿਸ ਦੇ ਪੱਛਮੀ ਭਾਸ਼ਾ ’ਚ ਸੰਵਾਦ ਲਈ ਕੋਈ ਸ਼ਬਦ ਨਹੀਂ।
‘ਲੋਕਤੰਤਰ’ ਦੀ ਧਾਰਨਾ ਦਾ ਜਨਮ ਯੂਨਾਨ ’ਚ ਹੋਇਆ। ਯੂਨਾਨੀ/ਰੋਮਨ ਸੱਭਿਅਤਾ ਦਾ ਨਾਮੋ-ਨਿਸ਼ਾਨ ਕਈ ਸਦੀਆਂ ਪਹਿਲਾਂ ਮਿਟ ਚੁੱਕਿਆ ਹੈ। ਚੀਨ ਦਾ ‘ਵੇਂਮਿੰਗ’ ਅੱਜ ਪੰਜ ਹਜ਼ਾਰ ਸਾਲ ਬਾਅਦ ਵੀ ਜਿਉਂ ਦਾ ਤਿਉਂ ਹੀ ਹੈ। ਲੋਕਤੰਤਰ ਦਾ ਤਾਅਲੁਕ ਮੂਲ ਰੂਪ ’ਚ ਲੋਕਾਂ ਵੱਲੋਂ ਵੋਟ ਦਿੱਤੇ ਜਾਣ, ਲੋਕਾਂ ਦੁਆਰਾ ਦੇਸ਼ ’ਤੇ ਸ਼ਾਸਨ ਕਰਨ ਤੋਂ ਉਲਟ ਗ਼ਾਲਬੀ ਸਮੂਹਾਂ ਵੱਲੋਂ ਸਾਧਨਾਂ ’ਤੇ ਆਪਣੇ ਅਧਿਕਾਰ ਦੀ ਸਥਾਪਤੀ ਅਤੇ ਹਰ ਸਮੂਹ ਵੱਲੋਂ ਸ਼ਹਿਰ ਭਰ ’ਚ ਆਪਣੇ ਹਮਾਇਤੀ ਜੋੜਨ ਨਾਲ ਹੈ। ਉਧਰ ਚੀਨ ’ਚ ਅਸੀਂ ਅਜੇ ਵੀ ਪਰਿਵਾਰਕ ਮੁੱਲਾਂ ’ਤੇ ਆਧਾਰਿਤ ਸਮਾਜਿਕ ਪ੍ਰਕਿਰਿਆ ਹੈ ਜਦੋਂਕਿ ਪੱਛਮ ’ਚ ਇਹੋ ਪ੍ਰਕਿਰਿਆ ਉਨ੍ਹਾਂ ਦੇ ਹਿੱਤ ਸਮੂਹਾਂ ’ਤੇ ਆਧਾਰਿਤ ਮਿਲਦੀ ਹੈ। ਤੁਸੀਂ ਉੱਥੇ ਆਪਣੇ ਪਰਿਵਾਰ ਲਈ ਸਖ਼ਤ ਕਾਨੂੰਨ ਜਾਂ ਗਠਬੰਧਨ ਤੈਅ ਨਹੀਂ ਕਰ ਸਕਦੇ ਸਗੋਂ ਇਹ ਇੱਕ ਤਰ੍ਹਾਂ ਦੀ ਨੈਤਿਕਤਾ ਤੇ ਕੀਮਤ ਪ੍ਰਧਾਨਤਾ ਤੋਂ ਪ੍ਰੇਰਿਤ ਹੈ।
ਵੀਹਵੀਂ ਸਦੀ ਤਕ ਯੂਰਪ ਦਾ ਇਹ ਮੰਨਣਾ ਸੀ ਕਿ ਚੀਨ ’ਚ ਸੱਭਿਅਤਾ ਨਾਂ ਦੀ ਕੋਈ ਸ਼ੈਅ ਨਹੀਂ ਕਿਉਂਕਿ ਉੱਥੇ ਕੋਈ ਪੁਲੀਸ ਜਿਹੀ ਕੋਈ ਧਾਰਨਾ ਨਹੀਂ ਹੈ। ਇਸ ਪੁਲੀਸ ਦੀ ਸੱਤਾ ਦਾ ਵਿਸਥਾਰ ਸਹਿਤ ਵਿਸ਼ਲੇਸ਼ਣ ਮਿਸ਼ੇਲ ਫੂਕੋ ਨੇ ਆਪਣੀ ਕਿਤਾਬ ‘ਡਿਸਿਪਲਿਨ ਐਂਡ ਪਨਿਸ਼ਮੈਂਟ’ ਵਿੱਚ ਕੀਤਾ ਹੈ ਜਿੱਥੇ ਸਟੇਟ ਆਪਣੀ ਸੱਤਾ ਨੂੰ ਚਿਰਸਥਾਈ ਤੇ ਲੋਕਾਂ ਨੂੰ ਸੱਭਿਅਕ ਬਣਾਉਣ ਲਈ ਪੁਲੀਸ ਦਾ ਇਸਤੇਮਾਲ ਕਰਦੀ ਹੈ। ਇਸ ਦੇ ਉਲਟ ਚੀਨੀਆਂ ਦਾ ਮੰਨਣਾ ਹੈ ਕਿ ਯੂਰਪ ਕੋਲ ‘ਵੇਂਮਿੰਗ’ ਜਿਹਾ ਕੋਈ ਸੰਕਲਪ ਹੀ ਨਹੀਂ ਹੈ। ਜਿੱਥੇ ਪਰਿਵਾਰਕ ਮੁੱਲਾਂ, ਧੀਰਜ ਅਤੇ ਦੂਜੇ ਮਾਨਵੀ ਗੁਣਾਂ ਦੀ ਘੋਰ ਕਮੀ ਹੈ। ‘ਸ਼ੇਂਗ੍ਰੇਨ’ ਇੱਕ ਆਦਰਸ਼ ਸ਼ਖ਼ਸੀਅਤ ਅਤੇ ਪਰਿਵਾਰਕ ਮੁੱਲਾਂ ’ਤੇ ਆਧਾਰਿਤ ਚੀਨੀ ਪਰੰਪਰਾ ’ਚ ਸਭ ਤੋਂ ਵੱਡਾ ਜਣਾ ਹੁੰਦਾ ਹੈ। ਇੱਕ ਸੰਤ ਵਾਂਗ ਜਿਸ ਦੇ ਉੱਚੇ ਪੱਧਰ ਦੇ ਨੈਤਿਕ ਮੁੱਲ ਹੁੰਦੇ ਹਨ ਜਿਸ ਨੂੰ ‘ਡੇ’ ਕਹਿੰਦੇ ਹਨ, ਜੋ ‘ਰੇਨ’, ‘ਯੀ’, ‘ਲੀ’, ‘ਯੀ’, ‘ਜ਼ਿਨ’ ਦੇ ਸਿਧਾਂਤਾਂ ਨੂੰ ਪਰਨਾਅ ਕੇ ਸਾਰਿਆਂ ਨੂੰ ਇੱਕ ਪਰਿਵਾਰ ਵਾਂਗ ਜੋੜਦਾ ਹੈ। ਇਉਂ ਹੀ ਚੀਨੀ ’ਚ ਦਾਰਸ਼ਨਿਕ ਲਈ ‘ਯੇਕਸੂਜ਼ੀਆ’ ਸ਼ਬਦ ਹੈ ਜੋ ਚੀਨ ਦੇ ਕਿਸੇ ਪੁਰਾਣੇ ਗ੍ਰੰਥ ’ਚ ਨਹੀਂ ਮਿਲਦਾ। ਇਸ ਦੇ ਬਾਵਜੂਦ ਪੱਛਮੀ ਲੋਕਾਂ ਨੂੰ ਇਹ ਦੱਸਿਆ ਜਾਂਦਾ ਹੈ ਕਿ ਕਨਫਿਊਸ਼ਿਸ਼ ਇੱਕ ਦਾਰਸ਼ਨਿਕ ਸੀ ਅਤੇ ਉਸ ਦੇ ਵਿਚਾਰ ਦਰਸ਼ਨ। ਇਸ ਦੇ ਬਰਅਕਸ ਜਰਮਨੀ ’ਚ ਕਨਫਿਊਸ਼ਿਸ਼ ਲਈ ‘ਹੇਈਲਾਜਰ’ ਸ਼ਬਦ ਵਰਤਿਆ ਜਾਂਦਾ ਹੈ ਜਿਸ ਦੇ ਅਰਥ ਹਨ ਸੰਤ ਜਾਂ ਪਵਿੱਤਰ ਵਿਅਕਤੀ।
ਇਸ ਲਈ ਕਿਹਾ ਜਾ ਸਕਦਾ ਹੈ ਕਿ ਹਰ ਭਾਸ਼ਾ ਦੀ ਆਪਣੀ ਪਰੰਪਰਾ ਤੇ ਇਤਿਹਾਸ ਹੈ। ਇਸ ਲਈ ਕੋਈ ਵੀ  ਭਾਸ਼ਾ ਦੂਜੀ ਭਾਸ਼ਾ ਦੇ ਸ਼ਬਦਾਂ ਦੇ ਅਰਥਾਂ ਨੂੰ ਆਤਮਸਾਤ ਨਹੀਂ ਕਰ ਸਕਦੀ। ਇਸ ਲਈ ਇਸ ਦਾ ਹੱਲ ਇਹ ਹੋ ਸਕਦਾ ਹੈ ਕਿ ਮਹੱਤਵਪੂਰਨ ਵਿਦੇਸ਼ੀ ਸ਼ਬਦਾਂ ਦਾ ਅਨੁਵਾਦ ਕੀਤੇ ਬਿਨਾਂ ਉਨ੍ਹਾਂ ਨੂੰ ਹੂ-ਬ-ਹੂ ਪ੍ਰਯੋਗ ਕਰ ਲਿਆ ਜਾਵੇ। ਇਸ ਤਰ੍ਹਾਂ ਕੋਈ ਵੀ ਭਾਸ਼ਾ ਕਿਸੇ ਉਪਰ ਗ਼ਾਲਿਬ ਨਹੀਂ ਹੋਵੇਗੀ ਅਤੇ ਹਰ ਭਾਸ਼ਾ ਦਾ ਆਪਣੀ ਆਤਮਾ ਤੇ ਰੂਹਦਾਰੀ ਦਾ ਖ਼ਾਸ ਨਿੱਜ ਬਰਕਰਾਰ ਰਹੇਗਾ ਪਰ ਅਨੁਵਾਦ ਦਾ ਕਰਮ ਨਿਰੰਤਰ ਚੱਲਦਾ ਰਹਿਣਾ ਚਾਹੀਦਾ ਹੈ।

* ਮੋਬਾਈਲ: 82839-48811


Comments Off on ਭਾਸ਼ਾ ਦਾ ਗ਼ਲਬਾ ਤੇ ਅਨੁਵਾਦ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.