ਗੰਨਮੈਨ 38, ਖ਼ਰਚਾ 18 ਲੱਖ !    ਕੌਮਾਂਤਰੀ ਮੁੱਕੇਬਾਜ਼ੀ ਐਸੋਸੀਏਸ਼ਨ ਵੱਲੋਂ ਇਟਲੀ ਵਿੱਚ ਯੂਰਪੀ ਫੋਰਮ ਰੱਦ !    ਟੋਕੀਓ ਓਲੰਪਿਕ: ਤੈਅ ਪ੍ਰੋਗਰਾਮ ਮੁਤਾਬਕ ਹੋਣਗੀਆਂ ਖੇਡਾਂ: ਰਿਜਿਜੂ !    ‘ਆਪ’ ਵਿਧਾਇਕਾਂ ਵੱਲੋਂ ਵਿਧਾਨ ਸਭਾ ਅੱਗੇ ਪ੍ਰਦਰਸ਼ਨ !    ਕਰੋਨਾਵਾਇਰਸ: ਮੁੱਢਲੀ ਜਾਣਕਾਰੀ ਤੇ ਉਪਾਅ !    ਛਾਤੀ ਵਿੱਚ ਭਾਰਾਪਣ ਹੋਣਾ ਗੰਭੀਰ ਸੰਕੇਤ !    ਸਿੱਖ ਇਤਿਹਾਸ ਦਾ ਉੜੀਆ ’ਚ ਅਨੁਵਾਦ ਕਰਨ ਵਾਲੀ ਸਾਧਨਾ ਪਾਤਰੀ ਦਾ ਸਨਮਾਨ !    ਬੱਚੇ ਦੀ ਮੌਤ: ਸਿਹਤ ਮੰਤਰੀ ਨੇ ਡਾਕਟਰ ਜੋੜੇ ਦੀ ਮੁਅੱਤਲੀ ਦੇ ਹੁਕਮ ਵਾਪਸ ਲਏ !    ਦੋਹਰੇ ਕਤਲ ਕਾਂਡ ਮਾਮਲੇ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ !    ਜਵਾਨੀ ਦੇ ਅਵੱਲੇ ਜੋਸ਼ ’ਚ ਹੋਸ਼ ਰੱਖਣਾ ਵੀ ਜ਼ਰੂਰੀ !    

ਮਹਾਨ ਗ਼ਦਰੀ ਗੁਲਾਬ ਕੌਰ

Posted On May - 28 - 2013

ਗ਼ਦਰ ਸ਼ਤਾਬਦੀ ਵਰ੍ਹਾ 2013

ਬਰਿੰਦਰ ਕੌਰ

ਸੰਗਰੂਰ ਜ਼ਿਲ੍ਹੇ ਦੇ ਪਿੰਡ ਬਖਸ਼ੀਵਾਲਾ ਵਿੱਚ ਇਕ ਥੁੜ੍ਹਾਂ ਮਾਰੇ ਪਰਿਵਾਰ ਵਿੱਚ ਗੁਲਾਬ ਕੌਰ ਦਾ ਜਨਮ ਹੋਇਆ। ਮਿਹਨਤੀ ਪਰਿਵਾਰ ਦੀ ਉਸ ਜਾਈ ਦਾ ਵਿਆਹ ਪਿੰਡ ਜਖੇਪਲ ਦੇ ਮਾਨ ਸਿੰਘ ਦੇ ਨਾਲ ਹੋਇਆ। ਦੋਵੇਂ ਜੀਅ ਰੋਜ਼ੀ-ਰੋਟੀ ਦੇ ਲਈ ਅਮਰੀਕਾ ਜਾਣ ਲਈ ਮਨੀਲਾ ਪੁੱਜੇ। ਜਿੱਥੇ ਮਿਹਨਤ-ਮਜ਼ਦੂਰੀ ਕਰਦਿਆਂ ਉਨ੍ਹਾਂ ਨੂੰ ਗ਼ਦਰੀ ਇਨਕਲਾਬੀਆਂ ਦੇ ਵਿਚਾਰ ਅਕਸਰ ਸੁਣਨ ਨੂੰ ਮਿਲਦੇ ਸਨ। ਜਿਸ ਤੋਂ ਪ੍ਰਭਾਵਿਤ ਹੋ ਕੇ ਗੁਲਾਬ ਕੌਰ ਤੇ ਉਸ ਦੇ ਪਤੀ ਨੇ ਦੇਸ਼ ਦੀ ਆਜ਼ਾਦੀ ਲਈ ਆਪਣੇ ਨਾਮ ਗ਼ਦਰ ਪਾਰਟੀ ਆਗੂਆਂ ਕੋਲ ਪੇਸ਼ ਕੀਤੇ। ਪਰ ਜਦੋਂ ਦੇਸ਼ ਨੂੰ ਪਰਤਣ ਦੀਆਂ ਘੜੀਆਂ ਆਈਆਂ ਤਾਂ ਗੁਲਾਬ ਕੌਰ ਦੇ ਪਤੀ ਮਾਨ ਸਿੰਘ ਦਾ ਦਿਲ ਡੋਲ ਗਿਆ, ਜਿਸ ’ਤੇ ਗੁਲਾਬ ਕੌਰ ਨੇ ਉਸ ਨੂੰ ਫਿੱਟ ਲਾਹਨਤਾਂ ਪਾਈਆਂ ਤੇ ਉਹ ਮਹਾਨ ਵੀਰਾਂਗਣ ਪਤੀ ਨੂੰ ਛੱਡ ਕੇ ਦੇਸ਼ ਦੀ ਆਜ਼ਾਦੀ ਲਈ ਗ਼ਦਰੀਆਂ ਨਾਲ ਹੋ ਤੁਰੀ। ਪਤੀਵਰਤਾ ਦੀਆਂ ਜ਼ੰਜੀਰਾਂ ਨੂੰ ਤੋੜ ਕੇ ਤੁਰੀ ਉਹ ਸੰਗਰਾਮਣ ਭਾਰਤ ’ਚ ਗ਼ਦਰ ਮਚਾਉਣ ਦੇ ਵਿਚਾਰ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਸੀ। ਉਹ ਆਪਣੇ ਨਾਲ ਦੇ ਗ਼ਦਰੀ ਸਾਥੀਆਂ ਦੇ ਸਤਿਕਾਰ ਦੀ ਹਮੇਸ਼ਾ ਪਾਤਰ ਰਹੀ। ਗ਼ਦਰੀ ਗੁਲਾਬ ਕੌਰ ਜ਼ੋਸ਼ੀਲੇ ਭਾਸ਼ਣਾਂ ਦੇ ਨਾਲ-ਨਾਲ ਆਪਣੀ ਸੁਰੀਲੀ ਤੇ ਜ਼ੋਸ਼ੀਲੀ ਆਵਾਜ਼ ’ਚ ਗ਼ਦਰ ਦੀ ਗੂੰਜ ਵਿਚੋਂ ਕਵਿਤਾਵਾਂ ਪੜ੍ਹ ਕੇ ਵੀ ਸੁਣਾਉਂਦੀ। ਆਪਣੇ ਜ਼ੋਸ਼ੀਲੇ ਭਾਸ਼ਣਾਂ ਦੌਰਾਨ ਉਹ ਡਰਪੋਕ ਤੇ ਦੁਚਿੱਤੀ ’ਚ ਰਹਿਣ ਵਾਲੇ ਲੋਕਾਂ ਨੂੰ ਆਪਣੇ ਖੱਬੇ ਹੱਥ ਵਿਚੋਂ ਵੰਗਾਂ ਉਤਾਰ ਕੇ ਲਲਕਾਰਦੀ ਕਿ ਇਹ ਚੂੜੀਆਂ ਪਾ ਕੇ ਘਰ ਬੈਠ ਜਾਵੋ। ਅਸੀਂ ਤੀਵੀਆਂ ਤੁਹਾਡੀ ਜਗ੍ਹਾ ਲੜਾਂਗੀਆਂ। ਇਸ ਤਰ੍ਹਾਂ ਉਹ ਕਮਜ਼ੋਰ ਦਿਲਾਂ ’ਚ ਨਿਡਰਤਾ ਦੀ ਇਕ ਨਵੀਂ ਰੂਹ ਫੂਕ ਦਿੰਦੀ। ਦੇਸ਼ ਪਰਤ ਕੇ ਘਰ ਨੂੰ ਅਲਵਿਦਾ ਕਹਿਣ ਵਾਲੀ ਉਹ ਸੰਗਰਾਮਣ ਪਾਰਟੀ ਲਈ ਅਣਥੱਕ ਕੰਮ ਕਰਦੀ ਤੇ ਕਿਸੇ ਵੀ ਤਰ੍ਹਾਂ ਦੇ ਸ਼ੱਕ ਤੋਂ ਬਚਾਅ ਲਈ ਪੁਲੀਸ ਰਿਕਾਰਡ ਵਿੱਚ ਉਸ ਨੇ ਆਪਣਾ ਨਾਂ ਜੀਵਨ ਸਿੰਘ ਦੀ ਪਤਨੀ ਵਜੋਂ ਦਰਜ ਕਰਵਾਇਆ। ਗ਼ਦਰੀਆਂ ਦੇ ਸੁਨੇਹੇ ਇਧਰ-ਉਧਰ ਪਹੁੰਚਾਉਣ ਤੇ ਪੁਲੀਸ ਤੋਂ ਬਚ ਕੇ ਨਿਕਲ ਜਾਣ ਲਈ ਉਹ ਭੇਸ ਬਦਲਣ ਵਿਚ ਮਾਹਿਰ ਸੀ। ਹੁਸ਼ਿਆਰਪੁਰ, ਜਲੰਧਰ ਤੇ ਕਪੂਰਥਲਾ ਗ਼ਦਰੀ ਗੁਲਾਬ ਕੌਰ ਦਾ ਮੁੱਖ ਕਾਰਜ ਖੇਤਰ ਸੀ। ਜਿੱਥੇ ਉਹ ਗੁਪਤ ਮੀਟਿੰਗਾਂ ਵਿਚ ਸ਼ਾਮਲ ਹੁੰਦੀ ਤੇ ਗ਼ਦਰ ਪਾਰਟੀ ਦਾ ਪ੍ਰਚਾਰ ਕਰਨ ਲਈ ਗ਼ਦਰ ਸਾਹਿਤ ਵੀ ਵੰਡਦੀ। ਉਸ ਦੁਆਰਾ ਗ਼ਦਰੀਆਂ ਨੂੰ ਪੁਲੀਸ ਤੋਂ ਬਚਾਉਣ ਦੇ ਅਨੇਕਾਂ ਕਿੱਸੇ ਸੁਣਨ ਨੂੰ ਮਿਲਦੇ ਹਨ। ਗ਼ਦਰੀ ਗੁਲਾਬ ਕੌਰ ਅੰਮ੍ਰਿਤਸਰ ਤੇ ਲਾਹੌਰ ਵਿਚ ਗ਼ਦਰ ਪਾਰਟੀ ਦੇ ਮੁੱਖ ਦਫ਼ਤਰ ਦਾ ਕੰਮਕਾਰ ਕਰਦੀ ਰਹੀ। ਗ਼ਦਰ ਦੇ ਫੇਲ੍ਹ ਹੋ ਜਾਣ ’ਤੇ ਗੁਲਾਬ ਕੌਰ ਪਿੰਡ ਕੋਟਲਾ ਨੌਧ ਸਿੰਘ ਆ ਕੇ ਰਹਿਣ ਲੱਗੀ ਤੇ ਹੁਸ਼ਿਆਰਪੁਰ ਦੇ ਪਿੰਡਾਂ ਵਿਚ ਗ਼ਦਰ ਪਾਰਟੀ ਦਾ ਪ੍ਰਚਾਰ ਕਰਨ ਲੱਗੀ ਜਿੱਥੇ ਹਰਿਆਣਾ ਦੀ ਪੁਲੀਸ ਨੇ ਉਸ ਨੂੰ ਗ੍ਰਿਫਤਾਰ ਕਰਕੇ ‘‘ਹਿੰਦ ਸੁਰੱਖਿਆ ਕਾਨੂੰਨ’’ ਤਹਿਤ ਬਿਨਾਂ ਮੁਕੱਦਮਾ ਚਲਾਏ ਜੇਲ੍ਹ ਬੰਦ ਕਰ ਦਿੱਤਾ। 27 ਸਤੰਬਰ 1916 ਨੂੰ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਤੇ 1931 ਤੱਕ ਪੁਲੀਸ ਦੀ ਨਿਗਰਾਨੀ ਹੇਠ ਉਸ ਨੂੰ ਜੂਹਬੰਦ ਕਰ ਦਿੱਤਾ ਗਿਆ।
ਇੱਥੇ ਨਜ਼ਰਬੰਦੀ ਹੇਠ ਰਹਿੰਦਿਆਂ ਉਹ ਮਹਾਨ ਸੰਗਰਾਮਣ 1941 ਵਿਚ ਇਸ ਦੁਨੀਆਂ ਤੋਂ ਵਿਦਾ ਹੋ ਗਈ। ਅੱਜ ਮੁਲਕ ਦੀਆਂ ਔਰਤਾਂ ਜਦੋਂ ਅਨੇਕਾਂ ਬੰਦਸ਼ਾਂ, ਲੁੱਟ, ਜਬਰ ਤੇ ਅਨਿਆ ਦਾ ਸਾਹਮਣਾ ਕਰ ਰਹੀਆਂ ਹਨ ਤਾਂ ਦਾਬੇ ਤੇ ਗੁਲਾਮੀ ਹੇਠੋਂ ਉੱਠ ਖੜ੍ਹੇ ਹੋਣ ਲਈ ਉਸ ਮਹਾਨ ਸੰਗਰਾਮਣ ਦੀ ਦ੍ਰਿੜਤਾ ਤੇ ਕੁਰਬਾਨੀ ਦੀ ’ਸਪਿਰਟ ਨੂੰ ਮੁੜ ਤਾਜ਼ਾ’ ਕਰਨ ਲਈ ਔਰਤਾਂ ਨੂੰ ਲਾਜ਼ਮੀ ਹੀ ਅੱਗੇ ਆਉਣਾ ਚਾਹੀਦਾ ਹੈ।

* ਸੰਪਰਕ: 98768-92847


Comments Off on ਮਹਾਨ ਗ਼ਦਰੀ ਗੁਲਾਬ ਕੌਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.