ਬੂੰਦ ਬੂੰਦ ਤਰਸ ਗਏ, ਅਸੀਂ ਪੁੱਤ ਦਰਿਆਵਾਂ ਦੇ... !    ਜਮਹੂਰੀਅਤ ਵਿਚ ਵਿਰੋਧੀ ਸੁਰਾਂ ਦੀ ਅਹਿਮੀਅਤ !    ਅੰਕੜਿਆਂ ਦੀ ਖੇਡ, ਵਿਕਾਸ ਦੀ ਹਨੇਰੀ ਤੇ ਬਾਸ਼ਾ ਡਰਾਈਵਰ !    ਮੋਗਾ ਦੀਆਂ ਤਿੰਨ ਮੁਟਿਆਰਾਂ ’ਤੇ ਡਾਕੂਮੈਂਟਰੀ ਰਿਲੀਜ਼ !    ਘੱਗਰ ਕਰੇ ਤਬਾਹੀ: ਸੁੱਤੀਆਂ ਸਰਕਾਰਾਂ ਨਾ ਲੈਣ ਸਾਰਾਂ !    ਆੜ੍ਹਤੀਏ ਖ਼ਿਲਾਫ਼ 34 ਲੱਖ ਰੁਪਏ ਦੀ ਠੱਗੀ ਦਾ ਕੇਸ ਦਰਜ !    ਸੈਲਾਨੀਆਂ ਲਈ 24 ਤੋਂ 31 ਜੁਲਾਈ ਤਕ ਬੰਦ ਰਹੇਗਾ ਵਿਰਾਸਤ-ਏ-ਖਾਲਸਾ !    ਅਕਾਲੀ ਦਲ ਨੇ ਜੇਲ੍ਹਾਂ ਵਿਚ ਅਪਰਾਧੀਆਂ ਦੀਆਂ ਹੋਈਆਂ ਮੌਤਾਂ ਦੀ ਜਾਂਚ ਮੰਗੀ !    ਕੋਇਨਾ ਮਿੱਤਰਾ ਨੂੰ ਛੇ ਮਹੀਨੇ ਦੀ ਕੈਦ !    ਮਾਲੇਗਾਓਂ ਧਮਾਕਾ: ਹਾਈ ਕੋਰਟ ਵਲੋਂ ਸੁਣਵਾਈ ਮੁਕੰਮਲ ਹੋਣ ਤੱਕ ਦਾ ਸ਼ਡਿਊਲ ਦੇਣ ਦੇ ਆਦੇਸ਼ !    

ਜਿਊਣਾ ਮਿਸਾਲ ਬਣ ਕੇ

Posted On March - 16 - 2013

ਵਰਿੰਦਰ ਵਾਲੀਆ

ਕਾਂਗਰਸ ਪਾਰਟੀ ਨੇ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਵਿੱਚ ਇੱਕ ਅਕਾਲੀ ਮੰਤਰੀ ਵੱਲੋਂ ਬੋਲੇ ‘ਅਪਸ਼ਬਦ’ ਵਾਲੀ ਸੀ.ਡੀ. ਨੂੰ ਮਾਘੀ ਦੇ ਜੋੜ-ਮੇਲੇ ’ਤੇ ਦਿਖਾ ਕੇ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਸੀ। ਕਾਂਗਰਸ ਦਾ ਮਕਸਦ ਕੋਈ ਵੀ ਹੋਵੇ  ਪਰ ਇਸ ਨੇ ਵਿਧਾਨ ਸਭਾ ਦੀ ਭੰਗ ਹੋਈ ਮਰਿਆਦਾ ਨੂੰ ਇਸ ਪਵਿੱਤਰ ਦਿਹਾੜੇ ’ਤੇ ਦਿਖਾ ਕੇ ਧਾਰਮਿਕ ਮਰਿਆਦਾ ਨੂੰ ਭੰਗ ਕੀਤਾ ਸੀ। ਮਾਘੀ ਵਾਲੇ ਦਿਨ ਲੋਕ ਚਾਲ਼ੀ ਮੁਕਤਿਆਂ ਦੇ ਖ਼ੂਨ ਨਾਲ ਸਿੰਜੀ ਹੋਈ ਧਰਤੀ ਨੂੰ ਨਤਮਸਤਕ ਹੋਣ ਜਾਂਦੇ ਹਨ। ਅਜਿਹੇ ਮੁਕੱਦਸ ਮੌਕੇ ’ਤੇ ਕੰਨਾਂ ਵਿੱਚ ਗੁਰਬਾਣੀ ਹੀ ਪੈਣੀ ਚਾਹੀਦੀ ਹੈ,ਅਜਿਹੀ  ਬੋਲਬਾਣੀ ਨਹੀਂ।
ਵਿਧਾਨ ਸਭਾ ਵਿੱਚ ‘ਅਪਸ਼ਬਦ’ ਬੋਲਣ ’ਤੇ ਸਖ਼ਤ ਇਤਰਾਜ਼ ਕਰਨ ਵਾਲੀ ਕਾਂਗਰਸ ਨੇ ਬਜਟ ਸੈਸ਼ਨ ਦੌਰਾਨ ਸਪੀਕਰ ਦੀ ਕੁਰਸੀ ’ਤੇ ਕਬਜ਼ਾ ਕਰਨ ਤੇ ਕਾਗ਼ਜ਼ੀ ਰਾਕਟ ਸੁੱਟਣ ਤੋਂ ਇਲਾਵਾ ਧੱਕਾ-ਮੁੱਕੀ ਕਰ ਕੇ ਸੰਸਦੀ ਮਰਿਆਦਾ ਬਾਰੇ ਦੋਹਰਾ ਮਾਪਦੰਡ ਅਪਣਾਇਆ ਹੈ।
ਬੇਰੀ ਨੂੰ ਫਲ ਲੱਗਣ ਤੋਂ ਬਾਅਦ ਉਹ ਝੁਕ ਜਾਂਦੀ ਹੈ।  (ਧਰਿ ਤਰਾਜੂ ਤੋਲੀਐ/ ਨਿਵੈ ਸੁ ਗਉਰਾ ਹੋਇ-ਆਸਾ ਕੀ ਵਾਰ) ਇਨਸਾਨਾਂ ਵਿੱਚ ਇਹ ਸਿਆਣਪ ਘੱਟ-ਵੱਧ ਹੁੰਦੀ ਹੈ।   ਜੇਤੂਆਂ ਵਿੱਚ ਹੈਂਕੜ ਆ ਜਾਣੀ ਕੁਦਰਤੀ ਵਰਤਾਰਾ ਹੈ। ਜੇਤੂ ਛੋਟੀ ਜਿਹੀ ਗੱਲ ’ਤੇ ਵੀ ਵੱਟ ਖਾ ਸਕਦਾ ਹੈ। ਜਿੱਤ ਦੇ ਨਸ਼ੇ ਵਿੱਚ ਚੂਰ ਕਿਸੇ ਵਿਅਕਤੀ ਦੇ ਮੂੰਹ ’ਚੋਂ ਅਜਿਹੇ ਸ਼ਬਦ ਨਿਕਲਣੇ ਜੱਗੋਂ ਬਾਹਰੀ ਗੱਲ ਨਹੀਂ ਹੁੰਦੀ। ਹਾਰੇ ਹੋਏ ਦਾ ਗੁੱਸਾ ਮਾਯੂਸੀ ਵਿੱਚੋਂ ਨਿਕਲਦਾ ਹੈ। ਹਾਰ ਦੀ ਮਾਯੂਸੀ ਇਨਸਾਨ ਨੂੰ ਪਤਾਲ ਵੱਲ ਲੈ ਜਾਂਦੀ ਹੈ। ਨਿਰਾਸ਼ਾ ਵਿੱਚ ਉਹ ਕੁਝ ਵੀ ਕਰ ਬੈਠਦਾ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਹੋਈ ਕਾਂਗਰਸ ਦੀ ਹਾਰ ਅਤੇ ਹਾਕਮ ਜਮਾਤ ਦੀ ਲਗਾਤਾਰ ਦੂਜੀ ਜਿੱਤ ਨਾਲ ਸੂਬੇ ’ਚ ਕੁੜੱਤਣ ਵਾਲਾ ਮਾਹੌਲ ਪੈਦਾ ਹੋ ਗਿਆ ਸੀ।
ਵਿਧਾਨ ਸਭਾ ਤੋਂ ਬਾਹਰ ਇੱਕ- ਦੂਜੇ ’ਤੇ ਛੱਡੇ ਸ਼ਬਦ-ਬਾਣ ਨਾਲ ਕੁਝ ਖ਼ਾਸ ਫ਼ਰਕ ਨਹੀਂ ਪੈਂਦਾ ਪਰ ਗਲੀ-ਮੁਹੱਲੇ ਵਾਲੀ ਲੜਾਈ ਨੂੰ ਵਿਧਾਨ ਸਭਾ ਵਿੱਚ ਲੈ ਜਾਣਾ ਸਾਡੀਆਂ ਪੁਰਾਤਨ ਕਦਰਾਂ-ਕੀਮਤਾਂ ਦੇ ਖ਼ਿਲਾਫ਼ ਹੈ। ਇਸ ਤਰ੍ਹਾਂ ਲੋਕਤੰਤਰ ਤਾਰ-ਤਾਰ ਹੋਣ ਦਾ ਖ਼ਤਰਾ ਪੈਦਾ ਹੋ ਜਾਂਦਾ ਹੈ। ਲਾਸਾਨੀ ਕੁਰਬਾਨੀਆਂ ਤੋਂ ਬਾਅਦ ਸਾਨੂੰ ਜਮਹੂਰੀਅਤ ਨਸੀਬ ਹੋਈ ਹੈ। ਚੁਣੇ ਹੋਏ ਨੁਮਾਇੰਦਿਆਂ ਲਈ ਵਿਧਾਨ ਸਭਾ ਸਭ ਤੋਂ ਵੱਡਾ ਸ਼ਰਧਾ ਦਾ ਧਾਮ ਹੁੰਦਾ ਹੈ ਜਿੱਥੇ ਗਾਲੀ-ਗਲੋਚ ਲਈ ਕੋਈ ਥਾਂ ਨਹੀਂ ਹੁੰਦੀ। ਮਨੁੱਖ ਦੀ ਆਜ਼ਾਦੀ ਪਿੱਛੇ ਸਦੀਆਂ ਦਾ ਸੰਘਰਸ਼ ਬੋਲਦਾ ਹੈ। ਐਮ.ਇਲੀਨ ਅਤੇ ਵਾਈ.ਸਹਿਗਲ ਦੀ ਪੁਸਤਕ, ‘ਮਨੁੱਖ ਮਹਾਂਬਲੀ ਕਿਵੇਂ ਬਣਿਆ’ ਵਿੱਚ ਇਸ ਸੰਘਰਸ਼ ਦੇ ਖ਼ੂਬਸੂਰਤ ਵੇਰਵੇ ਮਿਲਦੇ ਹਨ। ਉਸ ਨੇ ਆਪਣੇ ਚੁਪਾਇਆ ਸਾਥੀਆਂ ’ਤੇ ਕਾਠੀ ਇੱਕ ਦਿਨ ਵਿੱਚ ਨਹੀਂ ਸੀ ਪਾਈ। ਸਾਡੇ ਲੋਕ ਨੁਮਾਇੰਦਿਆਂ ਨੂੰ ਇਲਮ ਹੋਣਾ ਚਾਹੀਦਾ ਹੈ ਕਿ ਜਿਨ੍ਹਾਂ ਹੱਥਾਂ ਨਾਲ ਉਹ ਕਿਸੇ ’ਤੇ ਕਾਗ਼ਜ਼ਾਂ ਦੇ ਜਹਾਜ਼ ਸੁੱਟਦੇ ਹਨ ਜਾਂ ਕਿਸੇ ਦੀ ਗਿੱਚੀ ਮਲਦੇ ਹਨ, ਉਨ੍ਹਾਂ ਨੂੰ ਆਜ਼ਾਦ ਹੋਣ ਲੱਗਿਆਂ ਹਜ਼ਾਰਾਂ ਸਾਲ ਲੱਗੇ ਸਨ। ਹੱਥ ਆਜ਼ਾਦ ਹੋਣ ਤੋਂ ਬਾਅਦ ਮਨੁੱਖ ਨੇ ਪੱਥਰਾਂ ਨੂੰ ਨੁਕੀਲਾ ਘੜ ਕੇ ਹਥਿਆਰ ਵਜੋਂ ਵਰਤਣਾ ਸ਼ੁਰੂ ਕੀਤਾ ਸੀ। ਆਪਣੇ ਚੁਪਾਇਆ ਸਾਥੀਆਂ ਨਾਲ ਲੜਦਿਆਂ ਉਹ ਅਕਸਰ ਹਾਰ ਜਾਂਦਾ ਸੀ। ਰਿੱਛ  ਅਤੇ ਹੋਰ ਖ਼ਤਰਨਾਕ ਜਾਨਵਰਾਂ ਦਾ ਸ਼ਿਕਾਰ ਕਰਨ ਲਈ ਉਸ ਨੂੰ ਲੰਮੇ ਹੱਥਾਂ ਦੀ ਲੋੜ ਪਈ ਤਾਂ ਉਸ ਨੇ ਬਰਛਾ ਈਜਾਦ ਕਰ ਲਿਆ। ਲੰਮੀਆਂ ਬਾਹਾਂ ਹੋਣ ਤੋਂ ਬਾਅਦ ਉਹ ਸਹਿਜੇ ਹੀ ਘੁਰਨਿਆਂ ਵਿੱਚ ਬੈਠੇ ਜਾਨਵਰਾਂ ਦਾ ਸ਼ਿਕਾਰ ਕਰ ਲੈਂਦਾ ਸੀ। ਦੌੜਦੇ ਹੋਏ ਜਾਨਵਰ ਲਈ ਉਸ ਨੇ ਉੱਡਣ ਵਾਲੇ ਬਰਛੇ (ਜੈਵੇਲਿਨ) ਦੀ ਕਾਢ ਕੱਢ ਲਈ ਤਾਂ ਉਸ ਦਾ ਹੱਥ ਹੋਰ ਲੰਮਾ ਹੋ ਗਿਆ। ਕੁਹਾੜਾ ਬਣਾ ਕੇ ਉਸ ਨੇ ਜੰਗਲ ਸਾਫ਼ ਕਰਨਾ ਸ਼ੁਰੂ ਕੀਤਾ ਤਾਂ ਆਪਣੀ ਰਿਹਾਇਸ਼ ਲਈ ‘ਘਰ’ ਉਸਾਰਨੇ ਸ਼ੁਰੂ ਕਰ ਦਿੱਤੇ। ਮਨੁੱਖ ਦੇ ਨਿੱਕੇ-ਨਿੱਕੇ ਹੱਥਾਂ ਨੇ ਜੰਗਲ ਵਿੱਚ ਮੰਗਲ ਕਰ ਦਿੱਤਾ। ਹੱਥਾਂ ਦੇ ਆਜ਼ਾਦ ਹੋਣ ਤੋਂ ਬਾਅਦ ਮਨੁੱਖ ਨੇ ਆਪਸੀ ਸੰਵਾਦ ਲਈ ਭਾਸ਼ਾ ਈਜਾਦ ਕਰ ਲਈ। ਜੰਗਲ ਵਿੱਚੋਂ ਬਾਹਰ ਆਉਣ ਵਾਲੇ ਮਨੁੱਖ ਦੇ ਅੰਦਰਲੇ ਜੰਗਲ ਨੂੰ ਸਾਫ਼ ਕਰਨ ਲਈ ਭਾਸ਼ਾ ਨੇ ਵੱਡੀ ਭੂਮਿਕਾ ਨਿਭਾਈ। ਭਾਸ਼ਾ ਦੀ ਵਰਤੋਂ ਅਤੇ ਦੁਰਵਰਤੋਂ ਮਨੁੱਖ ਨੂੰ ਸੱਭਿਅਕ ਅਤੇ ਅਸੱਭਿਅਕ ਸ਼੍ਰੇਣੀਆਂ ਵਿੱਚ ਵੰਡਦੀ ਹੈ। ਚੁਪਾਇਆਂ ਦੇ ਮੁਕਾਬਲੇ ਜਦੋਂ ਮਨੁੱਖ ਨੇ ਆਪਣੇ ਹੱਥਾਂ ਨੂੰ ਆਜ਼ਾਦ ਕਰ ਲਿਆ ਤਾਂ ਉਸ ਨੇ ਰਾਕਟ ਬਣਾ ਕੇ ਹੋਰ ਧਰਤੀਆਂ ਲੱਭਣੀਆਂ ਸ਼ੁਰੂ ਕਰ ਦਿੱਤੀਆਂ। ਨਿੱਕੇ-ਨਿੱਕੇ ਆਜ਼ਾਦ ਹੱਥਾਂ ਨੇ ਆਪਣੇ ਪ੍ਰਾਚੀਨ ਚੁਪਾਇਆ ਸਾਥੀਆਂ ’ਤੇ ਕਾਠੀ ਪਾ ਕੇ ਉਨ੍ਹਾਂ ਨੂੰ ਪਾਲਤੂ ਬਣਾਇਆ ਸੀ। ਨੰਨ੍ਹੇ-ਮੁੰਨ੍ਹੇ ਬਾਲ ਜਦੋਂ ਕਾਗ਼ਜ਼ ਦੀਆਂ ਬੇੜੀਆਂ ਜਾਂ ਰਾਕਟ ਬਣਾਉਂਦੇ ਹਨ ਤਾਂ ਉਨ੍ਹਾਂ ਦੀਆਂ ਅੱਖਾਂ ਵਿੱਚ ਤੈਰਦੇ ਹੋਏ ਸੁਪਨੇ ਵੇਖੇ ਜਾ ਸਕਦੇ ਹਨ। ਬਾਰਸ਼ ਦੇ ਦਿਨਾਂ ਵਿੱਚ ਕਾਗਜ਼ ਦੀਆਂ ਬੇੜੀਆਂ ਨੂੰ ਠੇਲ੍ਹਣ ਵੇਲੇ ਉਹ ਕਿਨਾਰਿਆਂ ਦੀ ਨਹੀਂ ਸਗੋਂ ਵਿਸ਼ਾਲਤਾ ਦੀ ਤਲਾਸ਼ ਵਿੱਚ ਹੁੰਦੇ ਹਨ। ਇਸੇ ਤਰ੍ਹਾਂ ਕਾਗ਼ਜ਼ਾਂ ਦੇ ਰਾਕਟ ਉਡਾਉਣ ਸਮੇਂ ਉਹ ਬੁਲੰਦੀਆਂ ਨੂੰ ਨਾਪ ਰਹੇ ਹੁੰਦੇ ਹਨ। ਮਨੁੱਖ ਦੇ ਬੱਚੇ ਹੀ ਅਜਿਹਾ ਕਰ ਸਕਦੇ ਹਨ ਕਿਉਂਕਿ ਉਨ੍ਹਾਂ ਦੇ ਹੱਥ ਆਜ਼ਾਦ ਹਨ। ਲੱਖਾਂ ਸਾਲਾਂ ਬਾਅਦ ਇਹ ਸੁਪਨੇ ਸਾਕਾਰ ਹੋਣ ਬਾਅਦ ਹੀ ਰਾਕਟ ਸਾਇੰਸ ਦਾ ਜਨਮ ਹੋਇਆ ਸੀ। ਕਾਗ਼ਜ਼ ਦੀ ਕਿਸ਼ਤੀ ਹੋਵੇ ਜਾਂ ਰਾਕਟ, ਇਹ ਅਜੇ ਵੀ ਨਿਆਣਿਆਂ ਦੀ ਖੇਡ ਹੈ, ਸਿਆਣਿਆਂ- ਬਿਆਣਿਆਂ ਦੀ ਨਹੀਂ।
ਦੇਸ਼ ਦੀ ਸੰਸਦ ਜਾਂ ਸੂਬਾ ਸਰਕਾਰਾਂ ਦੀਆਂ ਵਿਧਾਨ ਸਭਾਵਾਂ ਵਿੱਚ ਹਾਕਮ ਅਤੇ ਵਿਰੋਧੀ ਸ਼੍ਰੇਣੀਆਂ ਦਰਮਿਆਨ ਹੋਣ ਵਾਲਾ ਟਕਰਾਅ ਜਦੋਂ ਧੱਕਾ-ਮੁੱਕੀ ਜਾਂ ਗਾਲ੍ਹਾਂ ਕੱਢਣ ਤਕ ਪਹੁੰਚ ਜਾਂਦਾ ਹੈ ਤਾਂ ਲੋਕਤੰਤਰ ਸ਼ਰਮਸਾਰ ਹੋ ਜਾਂਦਾ ਹੈ। ਲੋਕਾਂ ਰਾਹੀਂ ਚੁਣੇ ਗਏ ਨਿਜ਼ਾਮ ਵਿੱਚ ਲੋਕਾਂ ਦੇ ਸਰੋਕਾਰ ਹੀ ਗੌਲਣੇ ਚਾਹੀਦੇ ਹਨ। ਉੱਥੇ  ਜੰਗਲ ਰਾਜ ਨਹੀਂ ਸਗੋਂ ਲੋਕ-ਰਾਜ ਹੋਣਾ ਚਾਹੀਦਾ ਹੈ। ਜੰਗਲ ਤਾਂ ਲੱਖਾਂ ਸਾਲ ਪਿੱਛੇ ਰਹਿ ਗਿਆ ਹੈ। ਕਿਸੇ ਵਿਧਾਨਕਾਰ ਜਾਂ ਸਾਂਸਦ ਵੱਲੋਂ ਲੋਕਾਂ ਦੇ ਵਿਸ਼ਵਾਸ ਨੂੰ ਤੋੜਨ ਨਾਲ ਸਦਨ ਦੀ ਮਰਿਆਦਾ ਭੰਗ ਹੁੰਦੀ ਹੈ। ਉਹ ਲੋਕਾਂ ਲਈ ਮਿਸਾਲ ਹੋਣੇ ਚਾਹੀਦੇ ਹਨ:
ਜਗਣਾ ਮਸ਼ਾਲ ਬਣ ਕੇ, ਜਿਊਣਾ ਮਿਸਾਲ ਬਣ ਕੇ
ਛੁਪਣਾ ਨਾ ਓਹਲਿਆਂ ਵਿੱਚ, ਧੜਿਆਂ ਜਾਂ ਟੋਲਿਆਂ ਵਿੱਚ (ਪਾਤਰ)
ਬਜਟ ਸੈਸ਼ਨ ਵਿੱਚ ਹੋਏ ਹੰਗਾਮੇ ਤੋਂ ਬਾਅਦ ਭਖਦੇ ਮਸਲਿਆਂ ਤੋਂ ਧਿਆਨ ਖੰਡਿਤ ਹੋ ਗਿਆ ਹੈ। ਕਿਸੇ ਸਮੇਂ ਦੇਸ਼ ਦਾ ਮੋਹਰੀ ਸੂਬਾ ਪੰਜਾਬ, ਹੁਣ ਵਿੱਤੀ ਸੰਕਟ ਵਿੱਚ ਘਿਰਿਆ ਹੋਇਆ ਹੈ। ਸੈਸ਼ਨ ਠੀਕ ਤਰ੍ਹਾਂ ਚੱਲਦਾ ਤਾਂ ਵਿਰੋਧੀ ਧਿਰ ਨੇ ਟਕੇ-ਟਕੇ ਦਾ ਵੀ ਹਿਸਾਬ ਪੁੱਛਣਾ ਸੀ। ਇਸ ਗ਼ੈਰ-ਜ਼ਿੰਮੇਵਾਰੀ ਕਾਰਨ ਹਾਕਮ ਧਿਰ ਨੂੰ ਖੁੱਲ੍ਹੀ ਛੁੱਟੀ ਮਿਲ ਗਈ ਹੈ। ਉਸਾਰੂ ਬਹਿਸ ਦਾ ਸਮਾਂ ਨਾ ਮਿਲਿਆ ਤਾਂ ਉਨ੍ਹਾਂ ਨੂੰ ਲੋਕ-ਕਚਹਿਰੀ ਵਿੱਚ ਹਿਸਾਬ-ਕਿਤਾਬ ਦੇਣਾ ਮੁਸ਼ਕਲ ਹੋਵੇਗਾ।
ਹਾਕਮ ਸ਼੍ਰੇਣੀ ਨੂੰ ਜਿੱਤ ਦੇ ਸਰੂਰ ਅਤੇ ਵਿਰੋਧੀ ਧਿਰ ਨੂੰ ਹਾਰ ਦੀ ਮਾਯੂਸੀ ਵਿੱਚੋਂ ਨਿਕਲਣਾ ਚਾਹੀਦਾ ਹੈ। ‘ਹਾਰ’ ਅਤੇ ‘ਜਲੂਸ’ ਦੇ ਸ਼ਬਦਜੋੜ ਇੱਕੋ ਜਿਹੇ ਹੁੰਦਿਆਂ ਵੀ ਇਨ੍ਹਾਂ ਦੇ ਅਰਥ ਵੱਖੋ-ਵੱਖਰੇ ਹਨ। ਹਾਰ ਦਾ ਭਾਵ, ਸ਼ਿਕਸਤ ਜਾਂ ਭਾਂਜ ਹੈ। ਧਾਗੇ ਵਿੱਚ ਪਰੋਏ ਹੋਏ ਫੁੱਲ ਜਾਂ ਮੋਤੀਆਂ ਦੀ ਲੜੀ ਜਾਂ ਮਾਲਾ ਨੂੰ ਵੀ ਹਾਰ ਕਹਿੰਦੇ ਹਨ। ਵੱਖੋ-ਵੱਖਰੇ ਅਰਥਾਂ ਵਾਲੇ ‘ਹਾਰ’ ਇੱਕ ਫ਼ਿਕਰੇ ਵਿੱਚ ਘੱਟ ਹੀ ਇਕੱਠੇ ਹੁੰਦੇ ਹਨ ਕਿਉਂਕਿ ਹਾਰਿਆਂ ਹੋਇਆਂ ਦੇ ਗਲਾਂ ਵਿੱਚ ਕੋਈ ਹਾਰ ਨਹੀਂ ਪਾਉਂਦਾ। ਹਾਰ ਪੁਆਉਣ ਗਿੱਝੇ ਲੋਕਾਂ ਨੂੰ ਹਾਰ ਨਸੀਬ ਹੋਵੇ ਤਾਂ ਉਹ ਘੋਰ ਨਿਰਾਸ਼ਾ ਵਿੱਚ ਚਲੇ ਜਾਂਦੇ ਹਨ। ਮਾਯੂਸੀ ਵਿੱਚ ਗ੍ਰਸੇ ਹੋਏ ਕੋਈ ਨਾ ਕੋਈ ਅਜਿਹੀ ਗ਼ਲਤੀ ਕਰ ਬੈਠਦੇ ਹਨ ਜਿਸ ਨਾਲ ਨਿਰਾਸ਼ਾ ਹੋਰ ਵਧ ਜਾਂਦੀ ਹੈ। ‘ਜਲੂਸ’ ਸ਼ਬਦਜੋੜ ਦੇ ਵੀ ਦੋ ਵੱਖਰੇ ਅਰਥ ਹਨ। ਪਹਿਲੇ ਦਾ ਭਾਵ, ਸ਼ਾਹੀ ਸਵਾਰੀ ਨਿਕਲਣਾ ਜਾਂ ਨਗਰ ਕੀਰਤਨ ਕੱਢਣਾ ਜਦੋਂਕਿ ਦੂਜੇ ਦਾ ਅਰਥ ਬੇਇੱਜ਼ਤੀ ਕਰਨੀ ਹੁੰਦਾ ਹੈ। ਦੋਵਾਂ ਧਿਰਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਅਜਿਹਾ ਕੋਈ ਕਦਮ ਨਾ ਚੁੱਕਣ ਜਿਸ ਨਾਲ ਜਮਹੂਰੀਅਤ ਦਾ ਜਲੂਸ ਨਿਕਲੇ। ਦੁਸ਼ਯੰਤ ਕੁਮਾਰ ਦਾ ਸ਼ਿਅਰ ਆਤਮਸਾਤ ਕਰੋ:
ਇਸ ਅਹਾਤੇ ਕੇ ਅੰਧੇਰੇ ਮੇਂ ਧੂੰਆਂ-ਸਾ ਭਰ ਗਯਾ
ਤੁਮਨੇ ਜਲਤੀ ਲਕੜੀਆਂ ਸ਼ਾਇਦ ਬੁਝਾਕਰ ਫੈਂਕ ਦੀ


Comments Off on ਜਿਊਣਾ ਮਿਸਾਲ ਬਣ ਕੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.