ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਬੇਰੁਜ਼ਗਾਰ ਨੌਜਵਾਨਾਂ ਦੇ ਇਕਜੁੱਟ ਸੰਘਰਸ਼ ਦੀ ਲੋੜ !    ਮੈਕਸੀਕੋ ਤੋਂ ਵਤਨ ਪਰਤਾਏ ਪੰਜਾਬੀ ਤੇ ਪਰਵਾਸ !    ਮੱਧ ਪ੍ਰਦੇਸ਼: ਸਰਕਾਰੀ ਤੀਰਥ ਯਾਤਰਾ ਯੋਜਨਾ ’ਚ ਗੁਰਦੁਆਰਾ ਕਰਤਾਰਪੁਰ ਸਾਹਿਬ ਵੀ ਸ਼ਾਮਲ !    ਮਹਿਲਾ ਪੁਲੀਸ ਮੁਲਾਜ਼ਮ ਦਾ ਪਿੱਛਾ ਕਰਨ ਵਾਲਾ ਆਈਬੀ ਮੁਲਾਜ਼ਮ ਗ੍ਰਿਫ਼ਤਾਰ !    ਆਈਐੱਨਐਕਸ: ਚਿਦੰਬਰਮ ਦੀ ਹਿਰਾਸਤ 27 ਤੱਕ ਵਧੀ !    ਜਸਟਿਸ ਰਵੀ ਰੰਜਨ ਝਾਰਖੰਡ ਹਾਈ ਕੋਰਟ ਦੇ ਚੀਫ ਜਸਟਿਸ ਬਣੇ !    ਅੰਮ੍ਰਿਤਸਰ ਬਣਿਆ ਗਲੋਬਲ ਸ਼ਹਿਰੀ ਹਵਾ ਪ੍ਰਦੂਸ਼ਣ ਅਬਜ਼ਰਵੇਟਰੀ ਦਾ ਮੈਂਬਰ !    ਕਾਰੋਬਾਰੀ ਦੀ ਪਤਨੀ ਨੂੰ ਬੰਦੀ ਬਣਾ ਕੇ ਨੌਕਰ ਨੇ ਲੁੱਟੇ 60 ਲੱਖ !    

ਭਾਅ ਜੀ ਗੁਰਸ਼ਰਨ ਸਿੰਘ ਦੀ ਬਰਸੀ ਪਹਿਲੇ ‘ਇਨਕਲਾਬੀ ਰੰਗ ਮੰਚ ਦਿਹਾੜੇ’ ਵਜੋਂ ਮਨਾਈ

Posted On September - 27 - 2012

ਚੰਡੀਗੜ੍ਹ ਦੇ ਬਾਲ ਭਵਨ ਵਿੱਚ ਵੀਰਵਾਰ ਨੂੰ ਗੁਰਸ਼ਰਨ ਸਿੰਘ ਭਾਅ ਜੀ ਦੀ ਯਾਦ ’ਚ ਕਰਵਾਏ ਸਮਾਗਮ ਦੌਰਾਨ ਖੇਡੇ ਗਏ ਨਾਟਕ ‘ਟੁੰਡਾ ਹਵਾਲਦਾਰ’ ਦਾ ਇਕ ਦ੍ਰਿਸ਼ (ਫੋਟੋ ਪ੍ਰਵੇਸ਼ ਚੌਹਾਨ)

ਸੁਖਵਿੰਦਰ ਸਿੰਘ ਸ਼ਾਨ
ਚੰਡੀਗੜ੍ਹ, 27 ਸਤੰਬਰ
ਪੰਜਾਬ ਦੇ ਕਿਰਤੀਆਂ, ਕਿਸਾਨਾਂ, ਨਾਟਕਕਾਰਾਂ ਅਤੇ ਲੇਖਕਾਂ ਨੇ ਸ਼੍ਰੋਮਣੀ ਨਾਟਕਕਾਰ, ਇਨਕਲਾਬੀ ਜਮਹੂਰੀ ਲਹਿਰ ਦੇ ਥੰਮ੍ਹ ਅਤੇ ਸਮਾਜਕ ਬਰਾਬਰੀ ਦੇ ਅਲੰਬਰਦਾਰ ਗੁਰਸ਼ਰਨ ਸਿੰਘ ਉਰਫ ਭਾਅ ਜੀ ਦੀ ਬਰਸੀ ਅੱਜ ਪਹਿਲੇ ‘ਇਨਕਲਾਬੀ ਰੰਗ ਮੰਚ ਦਿਹਾੜੇ’ ਵਜੋਂ ਉਤਸ਼ਾਹ ਨਾਲ ਮਨਾਈ। ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬ ਦੇ ਕੋਨੋ ਕੋਨੇ ਤੋਂ ਆਏ ਲੋਕਾਂ ਨੇ ਇੱਥੇ ਸੈਕਟਰ 23 ਸਥਿਤ ਬਾਲ ਭਵਨ ਵਿੱਚ ਭਾਅ ਜੀ ਨੂੰ ਨਾਟਕਾਂ, ਗੀਤਾਂ ਅਤੇ ਇਨਕਲਾਬ ਦੇ ਨਾਅਰਿਆਂ ਨਾਲ ਸ਼ਰਧਾਂਜਲੀ ਦਿੱਤੀ। ਇਸ ਮੌਕੇ ਭਾਈ ਗੁਰਸ਼ਰਨ ਸਿੰਘ ਦੀ ਪਤਨੀ ਕੈਲਾਸ਼ ਕੌਰ, ਉਨ੍ਹਾਂ ਦੀਆਂ ਧੀਆਂ  ਡਾ. ਅਰੀਤ, ਡਾ. ਨਵਸ਼ਰਨ ਅਤੇ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਜਦੋਂ ਭਾਅ ਜੀ ਦੀ ਫੋਟੋ ’ਤੇ ਫੁੱਲ ਭੇਟ ਕੀਤੇ ਗਏ ਤਾਂ ਪੰਡਾਲ ‘ਇਨਕਲਾਬੀ ਰੰਗ ਮੰਚ ਦਿਹਾੜਾ ਜ਼ਿੰਦਾਬਾਦ’ ਦੇ ਨਾਅਰਿਆਂ ਨਾਲ ਗੂੰਜ ਉਠਿਆ।
ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਦੀ ਸੀਨੀਅਰ ਮੀਤ ਪ੍ਰਧਾਨ ਡਾ. ਅਰੀਤ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਨਕਲਾਬੀ ਰੰਗ ਮੰਚ ਮੁਹਿੰਮ ਦੌਰਾਨ ਲੋਕਾਂ ਤੋਂ ਮਿਲੇ ਹੁੰਗਾਰੇ ਤੋਂ ਉਨ੍ਹਾਂ ਨੂੰ ਵਿਸ਼ਵਾਸ ਹੋ ਗਿਆ ਕਿ ਉਨ੍ਹਾਂ ਦੇ ਪਿਤਾ ਦੀ ਸੋਚ ਨੂੰ ਅਮਲੀ ਜਾਮਾ ਪਹਿਨਾਉਣ ਵਾਲੇ ਅਸਲੀ ਨਾਇਕ ਅਤੇ ਇਨਕਲਾਬੀ ਜਨਤਕ ਸ਼ਕਤੀ ਜ਼ਰੂਰ ਨਵੀਆਂ ਪੈੜਾਂ ਪਾਵੇਗੀ। ਉਨ੍ਹਾਂ ਦਲਿਤ ਵਰਗ, ਉਜਾੜੇ ਦੇ ਮੂੰਹ ਆਈ ਕਿਸਾਨੀ, ਪੰਜਾਬ ਦੀ ਜਵਾਨੀ ਅਤੇ ਔਰਤਾਂ ਨੂੰ ਮੁਖਾਤਬ ਹੁੰਦਿਆਂ ਕਿਹਾ ਕਿ ਇਨ੍ਹਾਂ ਲੋਕਾਂ ਦੀ ਜਾਗਦੀ ਅੱਖ ਅਤੇ ਆਪਾ ਵਾਰਨ ਵਾਲੀ ਭਾਵਨਾ ਸ਼ਕਤੀ ਸਾਡੇ ਗਲੇ ਸੜੇ ਸਮਾਜ ਨੂੰ ਮੁੱਢੋਂ ਬਦਲ ਕੇ ਨਵਾਂ ਨਰੋਆ ਅਤੇ ਲੋਕਾਂ ਦੀ ਪੁਗਤ ਵਾਲਾ ਸਮਾਜ ਸਿਰਜਣ ਦੀ ਸਮਰੱਥਾ ਰੱਖਦੀ ਹੈ।
ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਦੇ ਪ੍ਰਧਾਨ ਅਮੋਲਕ ਸਿੰਘ ਨੇ ਇਨਕਲਾਬੀ ਰੰਗ ਮੰਚ ਦਿਹਾੜੇ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ 27 ਸਤੰਬਰ ਗੁਰਸ਼ਰਨ ਸਿੰਘ ਭਾਅ ਜੀ ਦੇ ਵਿਛੋੜੇ ਅਤੇ 28 ਸਤੰਬਰ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਵਿਚਕਾਰਲੀ ਰਾਤ ਇਨਕਲਾਬੀਆਂ ਲਈ ਬਹੁਤ ਅਹਿਮ ਹੋ ਗਈ ਹੈ। ਇਸ ਰਾਤ ਨੂੰ ਪੰਜਾਬ ਦੇ ਕੋਨੇ ਕੋਨੇ ਤੋਂ ਰੰਗ ਕਰਮੀਆਂ, ਸਾਹਿਤਕਾਰਾਂ, ਬੁੱਧੀਜੀਵੀਆਂ ਅਤੇ ਮਿਹਨਤਕਸ਼ ਲੋਕਾਂ ਦਾ ਸੈਲਾਬ ਇਨ੍ਹਾਂ ਮਹਾਨ ਹਸਤੀਆਂ ਦੇ ਸੁਪਨਿਆਂ ਦੀ ਪੂਰਤੀ ਲਈ ਆਪੋ ਆਪਣੀ ਕਲਾ ਅਤੇ ਸੰਗਰਾਮ ਦੇ ਖੇਤਰਾਂ ਅੰਦਰ ਉਚਿਆਉਣ ਅਤੇ ਨਵੇਂ ਮੁਕਾਮ ’ਤੇ ਪਹੁੰਚਾਉਣ ਲਈ ਦ੍ਰਿੜ ਸੰਕਲਪ ਹੈ।
ਮੰਚ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਭਾਈ ਗੁਰਸ਼ਰਨ ਸਿੰਘ ਦਾ ਰੰਗ ਮੰਚ ਅਜੋਕੇ ਮਲਕ ਭਾਗੋਆਂ ਨਾਲੋਂ ਲਕੀਰ ਖਿੱਚਕੇ ਚੱਲੇਗਾ, ਜਿਹੜੇ ਕਿਰਤੀ ਲੋਕਾਂ, ਮੁਲਕ ਦੇ ਮਾਲ ਖ਼ਜ਼ਾਨਿਆਂ ਅਤੇ ਕਲਾ ਕੌਸ਼ਲਤਾ ਨੂੰ ਦੇਸ਼ੀ-ਵਿਦੇਸ਼ੀ ਸਰਮਾਏਦਾਰਾਂ ਅੱਗੇ ਪਰੋਸ ਰਹੇ ਹਨ ਅਤੇ ਮੁਲਕ ਨੂੰ ਭੁੱਖ ਨੰਗ, ਮਹਿੰਗਾਈ, ਕਰਜ਼ੇ, ਬੇਰੁਜ਼ਗਾਰੀ, ਸਿੱਖਿਆ, ਸਿਹਤ ਦੇ ਉਧਾਲੇ ਤੇ ਜਮਹੂਰੀ ਹੱਕਾਂ ਦੇ ਘਾਣ ਵੱਲ ਧੱਕ ਰਹੇ ਹਨ। ਸ੍ਰੀ ਖੰਨਾ ਨੇ ਇਨਕਲਾਬੀ ਰੰਗ ਮੰਚ ਦਿਹਾੜਾ ਹਰ ਵਰ੍ਹੇ ਮਨਾਉਣ ਦਾ ਅਹਿਦ ਪੜ੍ਹਿਆ ਤਾਂ ਲੋਕਾਂ ਨੇ ਬਾਹਾਂ ਖੜ੍ਹੀਆਂ ਕਰਕੇ ਪ੍ਰਵਾਨਗੀ ਦਿੱਤੀ।
ਪਲਸ ਮੰਚ ਦੇ ਸਹਾਇਕ ਸਕੱਤਰ ਮਾਸਟਰ ਤਰਲੋਚਨ ਸਿੰਘ ਵੱਲੋਂ ਭਾਅ ਜੀ ਬਾਰੇ ਬਣਾਈ ਗਈ ਦਸਤਾਵੇਜ਼ੀ  ਫਿਲਮ ‘ਸਦਾ ਸਫਰ ’ਤੇ ਭਾਅ ਜੀ ਗੁਰਸ਼ਰਨ ਸਿੰਘ’ ਦਿਖਾਈ ਗਈ। ਚੰਡੀਗੜ੍ਹ ਸਕੂਲ ਆਫ ਡਰਾਮਾ (ਏਕੱਤਰ) ਵੱਲੋਂ ‘ਖੂਹ’,  ਅਦਾਕਾਰ ਮੰਚ ਮੁਹਾਲੀ (ਡਾ. ਸਾਹਿਬ ਸਿੰਘ) ਵੱਲੋਂ ‘ਟੁੰਡਾ ਹੌਲਦਾਰ’, ਮੰਚ ਰੰਗ ਮੰਚ ਅੰਮ੍ਰਿਤਸਰ (ਕੇਵਲ ਧਾਲੀਵਾਲ) ਵੱਲੋਂ ‘ਧਮਕ ਨਗਾਰੇ ਦੀ’, ਸੁਚੇਤਕ ਰੰਗ ਮੰਚ ਮੁਹਾਲੀ (ਅਨੀਤਾ ਸ਼ਬਦੀਸ਼) ਵੱਲੋਂ ਐਕਸ਼ਨ ਗੀਤ ‘ਮਸ਼ਾਲਾ ਬਾਲ ਕੇ ਚੱਲਣਾ’ ਅਤੇ ‘ਹਮ ਜੰਗੇ ਅਵਾਮੀ ਸੇ ਕੁਹਰਾਮ ਮਚਾ ਦੇਂਗੇ’ ਪੇਸ਼ ਕੀਤੇ ਗਏ। ਅਹਿਮਦਾਬਾਦ (ਗੁਜਰਾਤ) ਤੋਂ ਆਏ ਵਿਨੈ ਅਨੁਚਾਰੁਲ ਨੇ ਇਨਕਲਾਬੀ ਕਵਿਸ਼ਰੀ ਅਤੇ ਦਿੱਲੀ ਤੋਂ ਆਏ ਸਮਸ਼ਲ ਦੇ ਗਰੱਪ ਵੱਲੋਂ ਇਨਕਲਾਬੀ ਗੀਤ ਪੇਸ਼ ਕੀਤੇ ਗਏ। ਜੁਗਰਾਜ ਧੌਲਾ, ਲੋਕ ਸੰਗੀਤ ਮੰਡਲੀ (ਧੌਲਾ), ਕ੍ਰਾਂਤੀਕਾਰੀ ਸਭਿਆਚਾਰਕ ਕੇਂਦਰ, ਲੋਕ  ਸੰਗੀਤ ਮੰਡਲੀ ਜੀਦਾ (ਜਗਸੀਰ ਜੀਦਾ) ਅਤੇ ਬਲਕਰਨ ਬੱਲ ਨੇ ਗੀਤ -ਸੰਗੀਤ ਰਾਹੀਂ ਸਰੋਤਿਆਂ ਨੂੰ ਕੀਲਿਆ। ਪਰਮਾਨੰਦ ਸ਼ਾਸਤਰੀ ਵੱਲੋਂ ਹਿੰਦੀ ਵਿੱਚ ਲਿਖੀ  ਭਾਅ ਜੀ ਦੇ ਪੰਜਾਬੀ ਨਾਟਕਾਂ ਦੀ ਕਿਤਾਬ, ਜਸਪਾਲ ਜੱਸੀ ਤੇ ਪਾਵੇਲ ਕੁਸਾ ਦਾ ਰਸਾਲਾ ਲਾਲ ਸਲਾਮ ਅਤੇ ਰਣਜੀਤ ਲਹਿਰ ਤੇ ਕਮਲਜੀਤ ਖੰਨਾ, ਨਰਾਇਣ ਦੱਤ ਦਾ ਰਸਾਲਾ ਲਾਲ ਪਰਚਮ ਮਾਤਾ ਕੈਲਾਸ਼ ਕੌਰ ਵੱਲੋਂ ਲੋਕ ਅਰਪਨ ਕੀਤੇ ਗਏ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ, ਪੰਜਾਬ  ਖੇਤ ਮਜ਼ਦੂਰ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਲੰਗਰ ਦਾ ਬੰਦੋਬਸਤ ਕੀਤਾ ਹੋਇਆ ਸੀ ।


Comments Off on ਭਾਅ ਜੀ ਗੁਰਸ਼ਰਨ ਸਿੰਘ ਦੀ ਬਰਸੀ ਪਹਿਲੇ ‘ਇਨਕਲਾਬੀ ਰੰਗ ਮੰਚ ਦਿਹਾੜੇ’ ਵਜੋਂ ਮਨਾਈ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.