ਤਿੰਨ ਵਰ੍ਹਿਆਂ ਦਾ ਬੱਚਾ ਬੋਰਵੈੱਲ ਵਿੱਚ ਡਿੱਗਿਆ !    10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਜੱਦੀ ਜ਼ਿਲ੍ਹਿਆਂ ਤੋਂ ਦੇ ਸਕਦੇ ਹਨ ਵਿਦਿਆਰਥੀ: ਨਿਸ਼ੰਕ !    ਕਿਸਾਨ ਨੇ 10 ਪਰਵਾਸੀ ਕਾਮਿਆਂ ਲਈ ਕੀਤਾ ਹਵਾਈ ਟਿਕਟਾਂ ਦਾ ਪ੍ਰਬੰਧ !    ਤਬਲੀਗੀ ਮਾਮਲਾ: 294 ਵਿਦੇਸ਼ੀਆਂ ਖ਼ਿਲਾਫ਼ 15 ਨਵੇਂ ਦੋਸ਼-ਪੱਤਰ ਦਾਖ਼ਲ !    ਪਿੰਡ ਖੁਰਾਲਗੜ ਵਿੱਚ ਇਕ ਹੋਰ ਮਜ਼ਦੂਰ ਨੇ ਫਾਹਾ ਲਿਆ !    ਹਿਮਾਚਲ ਦੇ ਭਾਜਪਾ ਪ੍ਰਧਾਨ ਦਾ ਅਸਤੀਫ਼ਾ !    ਖਾਲੀ ਜੇਬਾਂ ਨਾਲ ਪੰਜਾਬੀ ’ਵਰਸਿਟੀ ਦੇ ਪੈਨਸ਼ਨਰਾਂ ਵੱਲੋਂ ਧਰਨਾ !    ਬਦਨਾਮੀ ਖੱਟੀ ਤੇ ਜੇਲ੍ਹ ਵੀ ਗਿਆ ਪਰ ਫੌਜੀ ਨੇ ਮੈਦਾਨ ਨਾ ਛੱਡਿਆ !    ਹੁਣ ਭਾਰਤ-ਚੀਨ ਮਾਮਲੇ ’ਚ ਟਰੰਪ ਨੇ ਮਾਰਿਆ ‘ਜੰਪ’ !    ਪਛਾਣ ਦੀ ਫ਼ਿਕਰ ਦੂਰ !    

ਮੇਰੀਆਂ ਮਨਪਸੰਦ ਪੁਸਤਕਾਂ

Posted On August - 8 - 2012

ਲੇਖਕ ਜਸਬੀਰ ਸਿੰਘ ਭੁੱਲਰ ਦਾ ਨਾਵਲ ‘ਮਹੂਰਤ’ ਪੰਜਾਬੀ ਦੇ ਬਿਹਤਰੀਨ ਨਾਵਲਾਂ ਵਿੱਚੋਂ ਇਕ ਹੈ। ਫਿਲਮੀ ਦੁਨੀਆਂ ਬਾਰੇ ਠੋਸ ਤੇ ਕਰੂਰ ਸੱਚ ਨੂੰ ਬਿਆਨ ਕਰਨ ਵਾਲਾ ਸ਼ਾਇਦ ਪੰਜਾਬੀ ਦਾ ਇਹ ਇਕੋ-ਇਕ ਨਾਵਲ ਹੈ। ਇਹ ਨਾਵਲ ਮਹਾਂ ਨਗਰ ਮੁੰਬਈ ਦੀ ਫਿਲਮ ਸਨਅਤ ਬਾਰੇ ਹੈ। ਮੁੰਬਈ ਨੂੰ ਮਾਇਆ ਨਗਰੀ ਵੀ ਕਹਿੰਦੇ ਹਨ। ਇਹ ਬਹੁਤ ਖੂਬਸੂਰਤ ਸ਼ਹਿਰ ਹੈ। ਸਮੁੰਦਰ ਦੀਆਂ ਲਹਿਰਾਂ ਇਹਦੇ ਪੈਰਾਂ ਨੂੰ ਚੁੰਮਦੀਆਂ ਤੇ ਵਾਪਸ ਪਰਤ ਜਾਂਦੀਆਂ ਨੇ। ਇਹ ਸ਼ਹਿਰ ਕਦੀ ਸੌਂਦਾ ਨਹੀਂ। ਇਹ ਦਿਨੇ ਸ਼ੋਰ ਵਿੱਚ ਡੁੱਬਿਆ ਰਹਿੰਦਾ  ਤੇ ਰਾਤ ਨੂੰ ਰੌਸ਼ਨੀਆਂ ਵਿੱਚ ਨਹਾਉਂਦਾ ਹੈ। ਲੋਕ ਦੂਰੋਂ-ਦੂਰੋਂ ਇਹਦੀ ਕਸ਼ਿਸ਼ ਦੇ ਖਿੱਚੇ ਆਉਂਦੇ ਤੇ ਫਿਰ ਹਮੇਸ਼ਾ ਲਈ ਇਸ ਦੀ ਆਗੋਸ਼ ਵਿੱਚ ਸਮਾ ਜਾਂਦੇ ਹਨ।
ਇਥੇ ਬਹੁਤ ਭੀੜ ਹੈ। ਕੀੜਿਆਂ ਦੇ ਭੌਣ ਵਾਂਗ ਮਨੁੱਖ ਕੁਰਬਲ-ਕੁਰਬਲ ਕਰਦੇ ਹਨ। ਫਿਰ ਵੀ ਇਥੇ ਹਰ ਮਨੁੱਖ ਇਕੱਲਾ ਆਪਣੀ ਲੜਾਈ ਆਪ ਲੜਦਾ ਹੈ। ਕੁਝ ਲੋਕਾਂ ਨੂੰ ਇਹ ਫਕੀਰ ਤੋਂ ਬਾਦਸ਼ਾਹ ਵੀ ਬਣਾ ਦਿੰਦਾ ਹੈ। ਫੁੱਟਪਾਥ ਜਾਂ ਝੌਂਪੜ-ਪੱਟੀਆਂ ਤੋਂ ਚੁੱਕ ਕੇ ਮਹਿਲਾਂ ਵਿੱਚ ਤਾਂ ਬਿਠਾ ਦਿੰਦਾ ਹੈ ਪਰ ਉਨ੍ਹਾਂ ਦਾ ਹਸ਼ਰ ਵੀ ਅੰਤ ਨੂੰ ਪਰਵੀਨ ਬਾਬੀ ਵਾਲਾ ਹੀ ਹੁੰਦਾ ਹੈ। ਇਥੇ ਮਨੁੱਖ ਨੂੰ ਸਭ ਕੁਝ ਮਿਲ ਸਕਦਾ ਹੈ। ਪੈਸਾ, ਸ਼ੁਹਰਤ, ਅੱਯਾਸ਼ੀ, ਔਰਤਾਂ ਦੇ ਖੂਬਸੂਰਤ ਜਿਸਮ ਤੇ ਜ਼ਿੰਦਗੀ ਦੀ ਹਰ ਸਹੂਲਤ। ਪਰ ਮੋਹ ਨਹੀਂ ਮਿਲ ਸਕਦਾ। ਇਥੇ ਮੋਹ ਦੀ ਇਕ-ਇਕ ਬੂੰਦ ਨੂੰ ਤਰਸਦਾ ਆਦਮੀ ਮਰ ਜਾਂਦਾ ਹੈ।
ਇਸ ਮਾਇਆ ਨਗਰੀ ਬਾਰੇ ਜਸਬੀਰ ਭੁੱਲਰ ਲਿਖਦਾ ਹੈ, ”ਇਸ ਸ਼ਹਿਰ ਦੀ ਅਜੀਬ ਫਿਤਰਤ ਹੈ ਜਿਥੇ ਔਰਤਾਂ ਪੋਸਟਰ ਬਣਨ ਲਈ ਤਰਲੋ-ਮੱਛੀ ਹੁੰਦੀਆਂ ਰਹਿੰਦੀਆਂ ਹਨ। ਸੈਲੂਲਾਈਡ ਦੇ ਜਾਲਾਂ ਵਿੱਚ ਉਲਝ ਜਾਂਦੀਆਂ ਹਨ। ਸੈਲੂਲਾਈਡ ਦੇ ਸੁਪਨੇ ਪਹਿਲਾਂ ਪਿਘਲ ਕੇ ਚੂੜੀਆਂ ਬਣਦੇ ਹਨ ਤੇ ਫਿਰ ਚੂੜੀਆਂ ਟੁੱਟ ਕੇ ਸਿਰਫ ਬਾਹਵਾਂ ਹੀ ਜ਼ਖਮੀ ਨਹੀਂ ਕਰਦੀਆਂ, ਸਮੁੱਚਾ ਵਜੂਦ ਜ਼ਖਮੀ ਕਰ ਦਿੰਦੀਆਂ ਹਨ। ਉਹ ਅੰਦਰ ਖਾਤੇ ਲਹੂ-ਲੁਹਾਣ ਹੋਈਆਂ ਬੇਸ਼ਰਮ ਹਾਸਾ ਹੱਸਦੀਆਂ ਹਨ। ਉਦੋਂ ਸ਼ਹਿਰ ਵੀ ਉਨ੍ਹਾਂ ਦੇ ਨਾਲ ਹੱਸਦਾ ਹੈ। ਇਸ ਸ਼ਹਿਰ ਵਿੱਚ ਲੋਕਾਂ ਕੋਲ ਬਹੁਤ ਸੁਆਲ ਹਨ, ਪਰ ਜੁਆਬ ਉਨ੍ਹਾਂ ਨੂੰ ਵਕਤ ਦਿੰਦਾ ਹੈ।”
‘ਮਹੂਰਤ’ ਫਿਲਮੀ ਜ਼ਿੰਦਗੀ ਦਾ ਪੇਤਲਾ ਵੇਰਵਾ ਨਹੀਂ ਦਿੰਦਾ। ਜਸਬੀਰ ਭੁੱਲਰ ਨੇ ਫਿਲਮੀ ਜੀਵਨ ਨੂੰ ਬਹੁਤ ਤੀਖਣ ਦ੍ਰਿਸ਼ਟੀ ਨਾਲ, ਪਾਤਰਾਂ ਤੇ ਘਟਨਾਵਾਂ ਦੇ ਧੁਰ ਅੰਦਰ ਤਕ ਜਾ ਕੇ ਚਿਤਰਿਆ ਹੈ। ਸ਼ਿਲਪ ਦੀ ਦ੍ਰਿਸ਼ਟੀ ਤੋਂ ਇਹ ਲਾਜਵਾਬ ਹੈ।  ਜਸਬੀਰ ਭੁੱਲਰ ਦੀ ਕਾਵਿਕ-ਭਾਸ਼ਾ ਵੀ ਸੰਚਾਰ ਲਈ ਕੋਈ ਸੰਕਟ ਉਤਪੰਨ ਨਹੀਂ ਕਰਦੀ। ਉਹ ਤਾਂ ਭਾਸ਼ਾ ਨੂੰ ਇਕ ਅਜਿਹੇ ਔਜ਼ਾਰ ਵਜੋਂ ਵਰਤਦਾ ਹੈ ਜਿਸ ਨਾਲ ਮਨੁੱਖੀ ਮਨ ਦੀ ਸੰਵੇਦਨਾ ਤੇ ਕੋਮਲ ਅਹਿਸਾਸਾਂ ਦਾ ਇਜ਼ਹਾਰ ਬਾਖੂਬੀ ਕੀਤਾ ਜਾ ਸਕੇ। ਇਹ ਨਾਵਲ ਉਨ੍ਹਾਂ ਵਿਦਵਾਨਾਂ, ਆਲੋਚਕਾਂ, ਲੇਖਕਾਂ/ਪਾਠਕਾਂ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਹੈ ਜਿਨ੍ਹਾਂ ਦਾ ਗਿਲਾ ਹੈ ਕਿ ਪੰਜਾਬੀ ਵਿੱਚ ਉੱਤਮ ਸਾਹਿਤ ਰਚਿਆ ਨਹੀਂ ਜਾ ਰਿਹਾ।
ਪਰਗਟ ਸਿੰਘ ਸਿੱਧੂ, ਸੇਖਾ (ਬਰਨਾਲਾ)
99885-10366
ਲੇਖਕ ਅਜੀਤ ਸਿੰਘ ਚੰਦਨ ਦੀ ਪੁਸਤਕ ‘ਸਲੀਕੇ ਨਾਲ ਜੀਓ’ ਜ਼ਿੰਦਗੀ ਦੇ ਸਾਰੇ ਪੱਖਾਂ ਦਾ ਡੂੰਘਾ ਚਿੰਤਨ ਕਰਦੀ ਹੈ। ਇਹ ਪੁਸਤਕ ਮੇਰੀ ਰੂਹ ਦਾ ਸੋਕਾ ਖਤਮ ਕਰਕੇ ਉਸ ਨੂੰ ਹਰਾ-ਭਰਾ ਕਰ ਗਈ ਹੈ। ਇਹ ਪੁਸਤਕ ਸੰਗਮ ਪਬਲੀਕੇਸ਼ਨਜ਼ ਪੁਸਤਕ ਭੰਡਾਰ ਵਿੱਚ ਮੇਰੇ ਨਜ਼ਰੀਂ ਪਈ। ਇਸ ਦੇ ਅਰਥ-ਭਰਪੂਰ ਸਿਰਲੇਖ ਨੇ ਮੈਨੂੰ ਅਜਿਹੀ ਧੂਹ ਪਾਈ ਕਿ ਮੈਂ ਕਈ ਵਾਰਤਕ ਦੀਆਂ ਵਿਸ਼ੇਸ਼ ਪੁਸਤਕਾਂ ਛੱਡ ਕੇ, ਇਸੇ ਦੀ ਚੋਣ ਕਰ ਲਈ। ਇਸ ਦਾ ਸਰਵਰਕ ਪਲਟ ਕੇ ਜਦ ਮੈਂ ਇਸ ਦੇ ਨਿਬੰਧਾਂ ‘ਤੇ ਪੰਛੀ-ਝਾਤ ਮਾਰੀ ਤਾਂ ਮੈਨੂੰ ਸਾਰੇ ਹੀ ਲੇਖ ‘ਸੋਨੇ ਦੇ ਅੱਖਰਾਂ’ ਵਿੱਚ ਲਿਖੇ ਹੋਏ ਲੱਗੇ। ਇਸੇ ਕਰਕੇ ਇਹ ਪੁਸਤਕ ਵਾਰਤਕ ਦੇ ਖੇਤਰ ਵਿੱਚ ਸਾਹਿਤਕ ਗੁਣਾਂ ਕਰਕੇ ਵੱਡੀ ਪ੍ਰਾਪਤੀ ਸਾਬਤ ਹੋਈ ਹੈ। ਇਸ ਪੁਸਤਕ ਦੇ ਸਾਰੇ ਲੇਖ ਹੀ ਹਰ ਪੱਖੋਂ ‘ਜ਼ਿੰਦਗੀ ਦੇ ਸਾਰੇ ਰੰਗਾਂ’ ਦੀ ਬਾਤ ਪਾਉਂਦੇ ਹਨ। ਪੁਸਤਕ ਦੀ ਬੁੱਕਲ ਵਿੱਚ ਸਮੋਏ ਸਾਰੇ ਹੀ ਉਸਾਰੂ ਨਿਬੰਧ ਪਾਠਕਾਂ ਨੂੰ ਕੁੰਭਕਰਨੀ ਨੀਂਦ ਵਿੱਚੋਂ ਜਗਾ ਕੇ ਉਨ੍ਹਾਂ ਨੂੰ ਮਨੁੱਖਤਾ ਦੀ ਭਲਾਈ ਵੱਲ ਤੋਰਦੇ ਕਿਧਰੇ ਵੀ ਝੋਲ ਨਹੀਂ ਖਾਂਦੇ। ਸਾਰੇ ਨਿਬੰਧ ਭਰਪੂਰ ਜਾਣਕਾਰੀ ਨਾਲ ਓਤ-ਪੋਤ ਹਨ। ਇਸ ਪੁਸਤਕ ਦੇ ਲੇਖਾਂ ਵਿੱਚੋਂ ‘ਵਗਦੇ ਪਾਣੀਆਂ ਦੇ ਗੀਤ’ ਲੇਖ ਪਾਠਕਾਂ ਦੀ ਰੂਹ ਨੂੰ ਹਰਾ-ਭਰਾ ਕਰਨ ਦੇ ਸਮਰੱਥ ਹੈ।
ਸਫਲ ਹੋਣ ਲਈ ਜ਼ਿੰਦਗੀ ਵਿੱਚ ਵਧੇਰੇ ਮਾਇਆ ਦੀ ਲੋੜ ਨਹੀਂ ਸਗੋਂ ਜ਼ਿੰਮੇਵਾਰੀ ਦੀ ਭਾਵਨਾ, ਵਿਸ਼ਵਾਸ ਦੀ ਦਿੜ੍ਹਤਾ, ਪਰਪੱਕ ਭਰੋਸਾ, ਭਰਪੂਰ ਲਗਨ, ਲਾਸਾਨੀ ਹਿੰਮਤ ਅਤੇ ਸਾਧਨਾ ਭਰੀ ਮਿਹਨਤ ਦੀ ਲੋੜ ਹੈ। ਕਈ ਲੇਖਕ ਸਾਧੂ ਸੰਤਾਂ, ਫਕੀਰਾਂ ਅਤੇ ਪੈਗੰਬਰਾਂ ਵਾਂਗ ਆਉਂਦੇ ਹਨ। ਉਹ ਆਪਣੇ ਅੰਤਮ ਸਾਹਾਂ ਤਕ ਕਰਤਾਰੀ ਤੇ ਉਪਕਾਰੀ ਇਤਿਹਾਸਕ ਕਾਰਜ ਕਰਦੇ ਹੋਏ ਮਨੁੱਖਤਾ ਦੇ ਵਿਰਸੇ ਦੀ ਵਿਸ਼ੇਸ਼ ਰੂਹ ਬਣ ਜਾਂਦੇ ਹਨ। ਅਜੀਤ ਸਿੰਘ ਚੰਦਨ ਵੀ ਅਜਿਹੇ ਲੇਖਕਾਂ ਵਿੱਚੋਂ ਹੈ। ਉਹ ਆਖਦੇ ਹਨ ”ਕਈ ਪਾਰਖੂ ਨੈਣਾਂ ਵਾਲੇ ਪੱਥਰਾਂ ਵਿੱਚੋਂ ਵੀ ਹੀਰੇ ਲੱਭ ਲੈਂਦੇ ਹਨ। ਪਰਬਤਾਂ ਨਾਲ ਮੱਥੇ ਲਾਉਂਦੇ ਹੋਏ ”ਯੁੱਗ ਪਲਟਾਊ” ਇਤਿਹਾਸ ਦੀ ਸਿਰਜਣਾ ਕਰ ਜਾਂਦੇ ਹਨ। ਸਾਰੇ ਨਿਬੰਧਾਂ ਦੀਆਂ ਤਿੱਤਰ-ਖੰਭੀਆਂ ਜੂਹਾਂ ਲੰਘ, ਜਦੋਂ ਅਸੀਂ ਪੁਸਤਕ ਦੇ ਸ਼ਾਹੀ ਚਿੰਤਨ ਦੇ ਸਰੋਕਾਰਾਂ ਤਕ ਪਹੁੰਚਦੇ ਹਾਂ ਤਾਂ ਇਸ ਪੁਸਤਕ ਦਾ ਆਪ ਮੁਹਾਰੇ ਬੋਲਦਾ ਗਿਆਨ ਦੱਸਦਾ ਹੈ ਕਿ ਇਸ ਉਚੇਰੇ ਮਿਆਰ ਦੀ ਪੁਸਤਕ ਦੀ ਨਿੱਘੀ ਬੁੱਕਲ ਵਿੱਚ ਸਾਰੇ ਨਿਬੰਧ ਜ਼ਿੰਦਗੀ ਦੇ ਸਾਰੇ ਹੀ ਰੰਗ-ਰੰਗ-ਰੱਤੜੇ ਜਜ਼ਬਿਆਂ ਭਰੇ ਅੰਦਾਜ਼ ਵਿੱਚ ਪਾਠਕਾਂ ਦੀ ਸੁਰਤ ਨੂੰ ਜਗਾਉਂਦੇ ਹਨ। ਪੁਸਤਕ ਦੇ ਸੰਧੂਰੀ ਪੰਨਿਆਂ ਵਿੱਚੋਂ ਜਿਥੇ ਸੁੱਚੇ ਗਿਆਨ ਚਾਨਣ ਡੁੱਲ੍ਹ-ਡੱੁਲ੍ਹ ਪੈਂਦੇ ਹਨ। ਉਥੇ ਸਰਬੱਤ ਦੇ ਭਲੇ ਦੀ ਖੁਸ਼ਬੂ ਵੀ ਜ਼ਿੰਦਗੀ ਦੇ ਇਲਾਹੀ ਪੈਂਡਿਆਂ ਨੂੰ ਵੀ ਧੰਨਵਾਨ ਬਣਾਉਂਦੀ ਨਵੇਂ ਅਕਸ ਸਿਰਜਦੀ ਹੈ। ਪੁਸਤਕ ਦਾ ਗਿਆਨ ਪਾਠਕਾਂ ਨੂੰ ਦੱਸਦਾ ਹੈ ਹੈ ਕਿ ਆਪਣੇ ਉਤਸ਼ਾਹ ਨੂੰ ਸੌਣ ਨਾ ਦੇਵੋ। ਸੌਣ ਦਾ ਨਹੀਂ ਜਾਗਣ ਦਾ ਵੇਲਾ ਹੈ।
ਇਸ ਪੁਸਤਕ ਦੇ ਲੇਖਕ ਨੇ ਆਪਣੀ ਵੱਖਰੀ ਵਾਰਤਕ ਦਿੱਖ ਨਾਲ ਅਜੋਕੇ  ਯੁੱਗ ਦੀ ਸੁਨਹਿਰੀ ਵਾਰਤਕ ਨੂੰ ਸਿਖਰਾਂ ‘ਤੇ ਪਹੁੰਚਾ ਕੇ ਸਾਡਾ ਮਾਣ ਨਾਲ ਸਿਰ ਉੱਚਾ ਕੀਤਾ ਤੇ ਸਾਹਿਤ ਦੀ ਵਿਰਾਸਤ ਨੂੰ ਹਰ ਪੱਖੋਂ ਅਮੀਰੀ ਬਖਸ਼ੀ ਹੈ।
ਹਰਭਜਨ ਨੀਰ, ਆਫੀਸਰ ਕਲੋਨੀ, ਸੰਗਰੂਰ
90410-03443
ਮੈਂ ਨਾਨਕ ਸਿੰਘ ਤੇ ਹੋਰ ਕਈ ਸਿਰਕੱਢ ਨਾਵਲਕਾਰਾਂ ਦੇ ਪੰਜਾਬੀ ਨਾਵਲ ਪੜ੍ਹੇ ਹਨ। ਉਨ੍ਹਾਂ ਵਿੱਚ ਮਾਲਵੇ, ਮਾਝੇ ਤੇ ਦੁਆਬੇ ਦੀ ਕਿਰਸਾਨੀ ਤੇ ਸਭਿਆਚਾਰ ਦੀ ਗੱਲ ਕੀਤੀ ਹੋਈ ਹੈ, ਪਰ ਜਦੋਂ ਧਰਮਪਾਲ ਸਾਹਿਲ ਦਾ ਨਾਵਲ ‘ਪਥਰਾਟ’ ਪੜ੍ਹਨਾ ਸ਼ੁਰੂ ਕੀਤਾ ਤਾਂ ਮੈਂ ਕਿਸੇ ਅਲੌਕਿਕ ਦੁਨੀਆਂ ਵਿੱਚ ਪੁੱਜ ਗਈ। ਇਸ ਨਾਵਲ ਨੇ ਮੈਨੂੰ ਇਸ ਕਦਰ ਬੰਨਿ੍ਹਆ ਕਿ ਮੈਂ ਸਵੇਰੇ ਇਸ ਨਾਵਲ ਨੂੰ ਪੜ੍ਹਨ ਬੈਠੀ, ਕੁਝ ਕਾਂਡ ਪੜ੍ਹਨ ਮਗਰੋਂ ਖਾਣਾ-ਪੀਣਾ ਤੇ ਸੌਂਣਾ ਭੁੱਲ ਗਈ। ਲਗਾਤਾਰ ਪੜ੍ਹਦਿਆਂ ਰਾਤ ਦੇ ਲਗਪਗ ਇਕ ਵਜੇ 225 ਸਫ਼ਿਆਂ ਦਾ ਇਹ ਨਾਵਲ ਸਾਰਾ ਪੜ੍ਹ ਕੇ ਹੀ ਸੁੱਤੀ। ਤੁਸੀਂ ਸੋਚੋਗੇ ਕਿ ਆਖਰ ਇਸ ਨਾਵਲ ਵਿੱਚ ਅਜਿਹਾ ਖਾਸ ਕੀ ਹੈ? ਉਹ ਹੈ ਨਾਵਲ ਵਿਚਲੇ ਕੰਢੀ ਖੇਤਰ ਦਾ ਪਹਾੜੀ ਪ੍ਰੀਵੇਸ਼, ਪਹਾੜੀ ਬੋਲੀ, ਸਧਾਰਨ ਭੋਲੇ-ਭਾਲੇ, ਪਰ ਜ਼ਿੰਦਗੀ ਨਾਲ ਲਬਰੇਜ਼ ਪਾਤਰ। ਸਭ ਤੋਂ ਵੱਡੀ ਗੱਲ ਲੇਖਕ ਦੀ ਵਿਲੱਖਣ ਨਰੋਈ ਸ਼ੈਲੀ। ਇਹ ਨਾਵਲ ਆਪਣੇ-ਆਪ ਵਿੱਚ ਇਕ ਮੁਕੰਮਲ ਕਹਾਣੀ ਵੀ ਹੈ। ਹਰੇਕ ਕਾਂਡ ਨੂੰ ਇਕ ਢੁਕਵਾਂ ਸਿਰਲੇਖ ਦਿੱਤਾ ਗਿਆ ਹੈ। ਹਰੇਕ ਕਾਂਡ ਵਿੱਚ ਨਵੇਂ ਪਾਤਰ, ਨਵੀਂ ਸਮੱਸਿਆ, ਨਵਾਂ ਕਲਾਈਮੈਕਸ। ਤੁਸੀਂ ਨਾਵਲ ਜਿਹੜੇ ਮਰਜ਼ੀ ਕਾਂਡ ਤੋਂ ਪੜ੍ਹਨਾ ਸ਼ੁਰੂ ਕਰੋ, ਪਾਠਕ ਝੱਟ ਨਾਵਲ ਦੀ ਮੁੱਖ ਥੀਮ ਨਾਲ ਜੁੜ ਜਾਂਦਾ ਹੈ।
ਪਥਰਾਟ ਨਾਵਲ ਵਿੱਚ ਖਾਸ ਕਰਕੇ  ਇਸਤਰੀ ਪਾਤਰ ਸ਼ੈਲ, ਕਮਲੋ, ਰੋਸ਼ਨੀ, ਰਕਸ਼ਾ, ਗੌਰੀ ਨੇ ਤਾਂ ਮੇਰੇ ਮਨ ‘ਤੇ ਇੰਨਾ ਡੂੰਘਾ ਅਸਰ ਪਾਇਆ ਕਿ ਮੈਂ ਕਈ ਵਾਰੀ ਆਪਣੇ-ਆਪ ਨੂੰ ਇਨ੍ਹਾਂ ਪਾਤਰਾਂ ਦੇ ਰੂਪ ਵਿੱਚ ਚਿਤਵਿਆ ਹੈ। ਉਨ੍ਹਾਂ ਪਾਤਰਾਂ ਨੂੰ ਮਿਲਣ ਲਈ ਉਸ ਰਮਣੀਕ ਪਹਾੜੀ ਖੇਤਰ ਵਿੱਚ ਘੁੰਮਣ ਲਈ ਉਤਾਵਲੀ ਹੋ ਉੱਠੀ ਹਾਂ। ਕੁੱਕੂ, ਮਾਨਾ, ਰਣ ਵਿਜੈ ਸਿੰਘ, ਬਾਂਕਾਂ ਤੇ ਨਾਵਲ ਦਾ ਸੂਤਰਧਾਰ ਮਾਸਟਰ ਵਰਗੇ ਅਸਾਧਾਰਨ ਕਿਰਦਾਰ ਵਾਲੇ ਪਾਤਰ ਮੈਨੂੰ ਪੰਜਾਬੀ ਨਾਵਲਾਂ ਵਿੱਚੋਂ ਪਹਿਲੋਂ ਬਹੁਤ ਘੱਟ ਨਜ਼ਰ ਆਏ ਹਨ।
ਨਾਵਲਕਾਰ ਸਾਹਿਲ ਨੇ ਕੰਢੀ ਬੋਲੀ ਨੂੰ ਪੰਜਾਬੀ ਲਿਬਾਸ ਪੁਆ ਕੇ ਪੰਜਾਬੀ ਬੋਲੀ ਨੂੰ ਹੋਰ ਅਮੀਰ ਕੀਤਾ ਹੈ। ਕੰਢੀ ਦਾ ਸਾਹਿਤਕ ਪੱਖੋਂ ਅਣਗੌਲਿਆ ਸਭਿਆਚਾਰ ਪੰਜਾਬੀ ਸਾਹਿਤ ਜਗਤ ਦੀ ਮੁੱਖ ਧਾਰਾ ਨਾਲ ਜੁੜਿਆ ਹੈ।
ਕੰਢੀ ਖੇਤਰ ਦੀ ਮਿੱਠੀ ਪਹਾੜੀ ਬੋਲੀ, ਪਥਰੀਲੀ ਮਿੱਟੀ ਦੀ ਸੁਗੰਧ ਤੇ ਪਹਾੜੀ ਸਭਿਆਚਾਰ ਦੀ ਖੁਸ਼ਬੂ ਨੂੰ ਸਾਂਭਣ ਦਾ ਬਹੁਤ ਹੀ ਮਹਤੱਵਪੂਰਨ ਉਪਰਾਲਾ ਕੀਤਾ ਗਿਆ ਹੈ। ਧਰਮਪਾਲ ਸਾਹਿਲ ਦਾ ਨਾਵਲ ‘ਪਥਰਾਟ’ ਪੰਜਾਬੀ ਪਾਠਕਾਂ ਲਈ ਵਡਮੁੱਲਾ ਤੋਹਫ਼ਾ ਹੈ।
ਪਰਮਵੀਰ ਕੌਰ ਜ਼ੀਰਾ।
ਸਾਲ 1999 ਦੇ ਇਰਦ-ਗਿਰਦ ‘ਪੰਜਾਬੀ ਟ੍ਰਿਬਿਊਨ’ ਵਿੱਚ ਸ਼ਨਿਚਰਵਾਰ ਨੂੰ ‘ਵੰਨ ਸੁਵੰਨ’ ਅੰਕ ਛਪਦਾ ਹੁੰਦਾ ਸੀ ਤੇ ਮੈਨੂੰ ਉਸ ਵਿੱਚ ਲੜੀਵਾਰ ਪ੍ਰਕਾਸ਼ਤ ਕੀਤੀ ਜਾਂਦੀ ਪੁਸਤਕ ‘ਮੈਂ ਸਾਂ ਜੱਜ ਦਾ ਅਰਦਲੀ’ ਦੀ ਬੇਸਬਰੀ ਨਾਲ ਉਡੀਕ ਰਹਿੰਦੀ ਸੀ। ਲੇਖਕ ਨੇ ਆਪਣੀ ਸਵੈ-ਜੀਵਨੀ (ਹੱਡਬੀਤੀ) ਨੂੰ ਵੱਖਰੇ ਅੰਦਾਜ਼ ਵਿੱਚ ਬਿਆਨ ਕੀਤਾ ਹੋਇਆ ਸੀ।
ਮੈਂ ਇਹ ਗੱਲ ਬੜੀ ਸ਼ਿੱਦਤ ਨਾਲ ਮਹਿਸੂਸ ਕੀਤੀ ਹੈ ਕਿ ਜੇ ਇਹ ਕਿਤਾਬ ਕਿਸੇ ਡਾਕਟਰ ਜਾਂ ਪ੍ਰੋਫੈਸਰ ਵੱਲੋਂ ਲਿਖੀ ਹੁੰਦੀ ਤਾਂ ਇਹਦੀ ਮਹੱਤਤਾ ਹੋਰ ਹੋਣੀ ਸੀ। ਇਹਦੀ ਮਹੱਤਤਾ ਉਦੋਂ ਹੋਰ ਵਧ ਗਈ, ਜਦੋਂ ਇਸ ਪੁਸਤਕ ਨੂੰ ਇਕ ਅਰਦਲੀ ਰਹੇ ਮੁੰਡੇ ਨੇ ਖੁਦ ਲਿਖਿਆ ਸੀ। ਮੈਂ ਇਹ ਪੁਸਤਕ ਪੜ੍ਹ ਕੇ ਕਈ ਵਾਰ ਬਹੁਤ ਹੈਰਾਨ ਵੀ ਹੋਇਆ। ਸਾਡੇ ਕੋਈ ਰਿਸ਼ਤੇਦਾਰ ਉੱਚ ਪੁਲੀਸ ਅਫਸਰ ਤੇ ਜੱਜ ਹਨ। ਮੈਂ ਸਭਨਾਂ ਨੂੰ ਇਸ ਦੀ ਇਕ-ਇਕ ਕਾਪੀ ਭੇਜੀ ਕਿ ਪੜ੍ਹੋ ਤਾਂ ਸਹੀ? ਲਗਪਗ ਸਭਨਾਂ ਦਾ ਕਿਤਾਬ ਪੜ੍ਹਨ ਬਾਅਦ ਪ੍ਰਤੀਕਰਮ ਸੀ ਕਿ ਉਹ ਆਪਣੇ ਅਰਦਲੀਆਂ ਨਾਲ ਇੰਜ ਨਹੀਂ ਕਰਨਗੇ। ਮੈਨੂੰ ਉਨ੍ਹਾਂ ਦੀ ਇਹ ਗੱਲ ਬੜੀ ਚੰਗੀ ਲੱਗੀ ਸੀ।
ਨਿੰਦਰ ਘੁਗਿਆਣਵੀ ਦੀਆਂ ਹੁਣ ਤੱਕ ਲਿਖੀਆਂ ਸਭਨਾਂ ਪੁਸਤਕਾਂ ਵਿੱਚੋਂ ਇਹ ਵਧੇਰੇ ਹਰਮਨਪਿਆਰੀ ਰਚਨਾ ਹੈ। ਨਿੰਦਰ ਨੇ ਇਸ ਨੂੰ ਬੜੀ ਬੇਬਾਕੀ ਨਾਲ ਲਿਖਿਆ ਹੈ। ਆਪਣਾ ਵੀ ਲਿਹਾਜ਼ ਨਹੀਂ ਕੀਤਾ। ਮੈਂ ਮਹਿਸੂਸ ਕੀਤਾ ਕਿ ਜੇ ਕੋਈ ਹੋਰ ਲੇਖਕ ਹੁੰਦਾ ਉਹ ਆਪਣੀ ਬੇਇੱਜ਼ਤੀ ਵਾਲੀਆਂ ਗੱਲਾਂ ਲੁਕੋ ਜਾਂਦਾ। ਨਿੰਦਰ ਤਾਂ ਸਾਹਬ ਨੂੰ ਤੂੰਬੀ ‘ਤੇ ਗਾ ਕੇ ਸੁਣਾਉਂਦਾ ਰਿਹਾ ਹੈ। ਉਸ ਤੋਂ ਕੁੱਟ ਵੀ ਖਾਂਦਾ ਰਿਹਾ ਹੈ। ਫਿਰ ਵੀ ਉਸ ਦੀ ਖਿਦਮਤ ਕਰਦਾ ਰਿਹਾ ਹੈ, ਰੋਂਦਾ ਹੈ।
ਮੈਂ ਇਸ ਕਿਤਾਬ ਨੂੰ ਵਾਰ-ਵਾਰ ਪੜ੍ਹਿਆ ਹੈ। ਨਿੰਦਰ ਜਿਹੇ ਕਿੰਨੇ ਹੋਰ ਨਿਮਨ ਕਰਮਚਾਰੀ ਦੁੱਖ ਭੋਗ ਰਹੇ ਹੋਣਗੇ? ਇਹ ਉਨ੍ਹਾਂ ਸਭਨਾਂ ਦੀ ਆਵਾਜ਼ ਹੈ। ਸਾਡੇ ਨਿਆਂਇਕ ਢਾਂਚੇ ਬਾਰੇ ਪਹਿਲੀ ਵਾਰੀ ਇਕ ਅਰਦਲੀ ਦਾ ਇਹ ਦਲੇਰੀ ਭਰਿਆ ਯਤਨ ਸੀ। ਇਸ ਪੁਸਤਕ ਦੇ ਅੱਖਰ-ਅੱਖਰ ਵਿੱਚ ਸੁਨੇਹਾ ਭਰਿਆ ਪਿਆ ਹੈ, ਜੋ ਕਈ ਵਾਰ ਸੋਚਣ ਲਈ ਮਜਬੂਰ ਕਰ ਦਿੰਦਾ ਹੈ। ਇਸ ਕਿਤਾਬ ਦੀ ਹਰਮਨਪਿਆਰਤਾ ਤੇ ਪ੍ਰਸਿੱਧੀ ਛੋਟੀ ਉਮਰ ਦੇ ਮੁੰਡੇ ਨੂੰ ਵੱਡਾ ਲੇਖਕ ਬਣਾਉਂਦੀ ਹੈ। ਮੇਰੀ ਇਹ ਮਨਪਸੰਦ ਪੁਸਤਕ ਹੈ।
ਭਾਈ ਨਰਿੰਦਰ ਸਿੰਘ, ਮੁਕਤਸਰ।
ਪ੍ਰਤਿਭਾਸ਼ੀਲ ਲੇਖਕ ਡਾ. ਹਰਚੰਦ ਸਿੰਘ ਸਰਹਿੰਦੀ ਦੀ ਨਵੀਂ ਪੁਸਤਕ ‘ਖ਼ੂਨੀ ਦੀਵਾਰ ਸਿੱਖ ਰਾਜ ਦਾ ਨੀਂਹ ਪੱਥਰ’ 2012 ‘ਚ ਪ੍ਰਕਾਸ਼ਿਤ ਹੋਈ ਹੈ। ਲੋਕ ਗੀਤ ਪ੍ਰਕਾਸ਼ਨ ਵੱਲੋਂ ਇਹ ਛਾਪੀ ਗਈ ਹੈ। ਦਸਮ ਪਾਤਸ਼ਾਹ ਦੇ ਦੋ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਨੂੰ ਸਮੇਂ ਦੀ ਜ਼ਾਲਮ ਹਕੂਮਤ ਨੇ ਦੀਵਾਰਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਸੀ। ਇਹ ਜ਼ੁਲਮ ਪੰਜਾਬ ਦੀ ਧਰਤੀ ‘ਤੇ ਸਰਹਿੰਦ ਵਿਖੇ 27 ਦਸੰਬਰ 1704 ਈ. ਨੂੰ ਵਾਪਰਿਆ ਸੀ। ਇਸ ਇਤਿਹਾਸਕ ਘਟਨਾ ਨੂੰ ਸਿੱਖ ਕੌਮ ਨੇ ਸਾਕਾ ਸਰਹੰਦ ਦਾ ਨਾਂ ਦਿੱਤਾ। ਇਤਫ਼ਾਕ ਵੱਸ ਇਸ ਨਵੀਂ ਪੁਸਤਕ ਦਾ ਲੇਖਕ ਸਰਹਿੰਦ ਦਾ ਵਸਨੀਕ ਹੈ। ਉਸ ਦੇ ਧੁਰ ਅੰਦਰ ਤੱਕ ਸਿੱਖ ਇਤਿਹਾਸ ਦਾ ਇਹ ਅਧਿਆਇ ਡੂੰਘੀ ਚੀਸ ਵਾਂਗ ਕਰਵਟ ਲੈਂਦਾ ਹੈ।
ਸਿੱਖ ਇਤਿਹਾਸ ਨਾਲ ਸਬੰਧਤ ਲੇਖਕ ਦੀ ਇਹ ਪੰਜਵੀਂ ਪੁਸਤਕ ਹੈ। ਇਸ ਤੋਂ ਪਹਿਲਾਂ ਲਿਖੀਆਂ ਪੁਸਤਕਾਂ ‘ਜੋੜਾ ਕਿਸੇ ਪਾਸੇ ਜੋੜਾ ਕਿਸੇ ਪਾਸੇ’, ‘ਸੱਚ ਨੀਹਾਂ ਵਿੱਚ ਚਮਕੇ’, ‘ਖੂਨੀ ਸਾਕਿਆਂ ਦੀ ਦਾਸਤਾਨ ਅਲ੍ਹਾ ਯਾਰ ਖਾਂ ਜੋਗੀ ਦੀ ਜ਼ੁਬਾਨੀ’, ‘ਸਰਹੰਦ ਦਾ ਜੇਤੂ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ’।
ਹਥਲੀ ਪੁਸਤਕ ਵਿੱਚ ਲੇਖਕ ਨੇ ਇਸ ਇਤਿਹਾਸਕ ਪ੍ਰਸੰਗ ਨੂੰ ਇੱਕੀ ਕਾਂਡ ਬਣਾ ਕੇ ਅਜਿਹਾ ਨਕਸ਼ਾ ਖਿੱਚਿਆ ਕਿ ਤਿੰਨ ਸੌ ਸਾਲ ਦਾ ਇਤਿਹਾਸ ਪਾਠਕਾਂ ਅੱਗੇ ਤਸਵੀਰ ਬਣ ਕੇ ਪੇਸ਼ ਹੋ ਜਾਂਦਾ ਹੈ। ਇਤਿਹਾਸ ਆਪਣੇ ਆਪ ਵਿੱਚ ਕਿਸੇ ਵੀ ਕੌਮ ਦਾ ਅਤੀਤ ਹੈ, ਮਹਾਨ ਵਿਰਸਾ ਹੈ। ਲੇਖਕ ਨੇ ਪੁਸਤਕ ਵਿੱਚ ਥਾਂ-ਥਾਂ ‘ਤੇ ਗੁਰਬਾਣੀ ਦੀਆਂ ਪਾਵਨ ਤੁਕਾਂ, ਸ਼ਾਇਰਾਂ ਦੇ ਕਥਨ, ਕਾਵਿ ਟੁਕੜੀਆਂ, ਢੁਕਵੀਆਂ ਤਸਵੀਰਾਂ, ਸਵੈਕਥਨ, ਹਰੇਕ ਘਟਨਾ ਦੇ ਸਬੰਧ ਵਿੱਚ ਨਾਮਵਰ ਇਤਿਹਾਸਕਾਰਾਂ ਦੇ ਗੰਭੀਰ ਹਵਾਲੇ, ਵਿਦੇਸ਼ੀ ਇਤਿਹਾਸਕਾਰ, ਚਿੰਤਕ, ਗੰਭੀਰ ਲੇਖਕਾਂ ਦੇ ਵਿਚਾਰ ਦੇ ਕੇ ਪੁਸਤਕ ਨੂੰ ਨਿਵੇਕਲੀ ਦਿੱਖ ਦਿੱਤੀ ਹੈ। ਸਾਹਿਬਜ਼ਾਦਿਆਂ ਦੀਆਂ ਪੇਸ਼ੀਆਂ, ਦਰਬਾਰ ਵਿੱਚ ਉਨ੍ਹਾਂ ਦੇ ਉੱਤਰ, ਸੂਬਾ ਸਰਹਿੰਦ ਦੀ ਕਚਹਿਰੀ ਦਾ ਨਕਸ਼ਾ, ਦੀਵਾਨ ਸੁੱਚਾ ਨੰਦ ਦੀ ਭੂਮਿਕਾ, ਮਾਲੇਰਕੋਟਲਾ ਦੇ ਨਵਾਬ ਵੱਲੋਂ ਮਾਰਿਆ ਹਾਅ ਦਾ ਨਾਅਰਾ ਸਤਵੇਂ ਕਾਂਡ ਵਿੱਚ ਪੜ੍ਹ ਕੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ।
ਇਹ ਪੁਸਤਕ ਪੰਜਾਬ ਤੇ ਹਿੰਦੋਸਤਾਨ ਦੇ ਇਤਿਹਾਸ ਨੂੰ ਸਾਂਭਣ ਵਾਲੀ ਬੇਸ਼ਕੀਮਤੀ ਦਸਤਾਵੇਜ਼ ਹੈ। ਟਾਈਟਲ ‘ਤੇ ਸਾਹਿਬਜ਼ਾਦਿਆਂ ਤੇ ਬੰਦਾ ਬਹਾਦ  ਦੀਆਂ ਤਸਵੀਰਾਂ ਪਾਠਕਾਂ ਉਪਰ ਗਹਿਰਾ ਪ੍ਰਭਾਵ ਪਾਉਂਦੀਆਂ ਹਨ।
ਪ੍ਰਿੰ. ਗੁਰਮੀਤ ਸਿੰਘ ਫਾਜ਼ਿਲਕਾ
98148-56160
ਵਿਭਿੰਨ ਪ੍ਰੇਸ਼ਾਨੀਆਂ ਤੇ ਤਣਾਓ ਤੋਂ ਮੁਕਤੀ ਦਾ ਨਾਂ ਹੈ ‘ਅੰਦਰਲਾ ਮਨੁੱਖ’। ਪ੍ਰੌਢ ਉਮਰ ਦੇ ਸੇਵਾਮੁਕਤ ਅਧਿਆਪਕ ਸੁਖਦੇਵ ਸਿੰਘ ਆਰਟਿਸਟ ਦੀ ਉਪਰੋਕਤ ਪੁਸਤਕ ਵਿੱਚ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਕੁੱਲ ਤੇਰਾਂ ਲੇਖ ਸ਼ਾਮਲ ਹਨ। ਇਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ: ਮਨੁੱਖੀ ਮਨ ਦੀਆਂ ਅਦਭੁਤ ਸ਼ਕਤੀਆਂ, ਸੰਮੋਹਕ ਵਿਗਿਆਨ, ਟੈਲੀਪਾਥੀ, ਔਰਾ, ਮਨ ਤੇ ਬਾਹਰੀ ਸ਼ਕਤੀਆਂ ਦਾ ਪ੍ਰਭਾਵ (ਚੰਦਰਮਾ, ਰੰਗ, ਇਨਫ਼ਰਾ ਸਾਊਂਡ), ਇੱਛਾ ਸ਼ਕਤੀ, ਕਾਮ, ਕ੍ਰੋਧ, ਪਸ਼ੂ ਬਿਰਤੀ, ਮਨ ਦੀ ਇਕਾਗਰਤਾ, ਮੁਕਤੀ, ਸ਼ੱਕ ਤੇ ਵਿਸ਼ਵਾਸ ਅਤੇ ਰਾਜਨੀਤੀ। ਇਹ ਸਾਰੇ ਲੇਖ ਮਨੁੱਖੀ ਮਨ ਨੂੰ ਮਾਨਸਿਕ ਪ੍ਰੇਸ਼ਾਨੀਆਂ ਅਤੇ ਤਣਾਓ ਤੋਂ ਮੁਕਤੀ ਪ੍ਰਦਾਨ ਕਰਨ ਵਿੱਚ ਸਹਾਈ ਹੁੰਦੇ ਹਨ।
ਸੁਖਦੇਵ ਸਿੰਘ ਆਰਟਿਸਟ ਨੇ ਮਨੁੱਖਾਂ ਨੂੰ ਪਸ਼ੂਆਂ, ਪੰਛੀਆਂ ਅਤੇ ਸ਼ੈਤਾਨਾਂ ਤੋਂ ਉਪਰ ਉਠ ਕੇ ਇਨਸਾਨਾਂ ਵਾਲੇ ਸ਼ੁਭ ਕਰਮ ਕਰਨ ਲਈ ਪ੍ਰੇਰਿਤ ਕੀਤਾ ਹੈ। ਡਰਾਉਣਾ, ਧਮਕਾਉਣਾ, ਕਬਜ਼ੇ ਦੀ ਭਾਵਨਾ, ਚਮਚਾਗਿਰੀ, ਵੱਡੇ ਬਣਨ ਦੀ ਲਾਲਸਾ, ਚਲਾਕੀ, ਠੱਗੀ, ਧੋਖਾ, ਹਉਮੈ, ਘ੍ਰਿਣਾ, ਦੁਸ਼ਮਣੀ, ਝੂਠ ਆਦਿ ਬੁਰਾਈਆਂ ਦਾ ਤਿਆਗ ਕਰਕੇ ਜੀਵਨ ਜੀਣ ਨੂੰ ਇਨਸਾਨੀਅਤ ਦੱਸਿਆ ਹੈ। ਆਰਥਰ ਸ਼ਾਪਨਹਾਵਰ (ਆਰਟ ਆਫ਼ ਲਿਟਰੇਚਰ) ਅਨੁਸਾਰ ਲੇਖਕ ਦੋ ਪ੍ਰਕਾਰ ਦੇ ਹੁੰਦੇ ਹਨ: ਇਕ ਉਹ, ਜਿਹੜੇ ਕਿਸੇ ਵਿਸ਼ੇ ਲਈ ਲਿਖਦੇ ਹਨ ਅਤੇ ਦੂਜੇ ਉਹ, ਜਿਹੜੇ ਕੁਝ ਲਿਖਣ ਲਈ ਲਿਖਦੇ ਹਨ। ਇਨ੍ਹਾਂ ਕੋਲ ਕੋਈ ਵਿਸ਼ੇਸ਼ ਵਿਸ਼ਾ, ਭਾਵ, ਖਿਆਲ ਤੇ ਅਨੁਭਵ ਦੂਜਿਆਂ ਤੱਕ ਪਹੁੰਚਾਉਣ ਲਈ ਹੁੰਦਾ ਹੈ। ਦੂਜੇ ਸਿਰਫ਼ ਕਿੱਤੇ ਵਾਲਿਆਂ ਵਾਂਗ ਆਰਥਿਕ ਦ੍ਰਿਸ਼ਟੀਕੋਣ ਤੋਂ ਹੀ ਲਿਖਦੇ ਹਨ। ਜਦ ਤੱਕ ਕੋਈ ਲੇਖਕ ਕਿਸੇ ਵਿਸ਼ੇਸ਼ ਭਾਵ ਜਾਂ ਵਿਸ਼ੇ ਲਈ ਨਹੀਂ ਲਿਖਦਾ, ਉਹਦੀ ਲਿਖਤ ਨਿਰਾਰਥਕ ਹੁੰਦੀ ਹੈ। ਚੰਗੇ ਲੇਖਕ ਦੀ ਲਿਖਤ ਵਿੱਚ ਉਹਦੇ ਨਿੱਜੀ ਵਿਚਾਰ ਤੇ ਅਨੁਭਵ ਜ਼ਰੂਰ ਹੋਣੇ ਚਾਹੀਦੇ ਹਨ। ਅਸਲ ਲੇਖਕ ਉਹ ਹੀ ਹੁੰਦਾ ਹੈ, ਜਿਸ ਨੇ ਵਿਸ਼ੇਸ਼ ਭਾਵ ਲੱਭੇ ਹੋਣ, ਜਿਨ੍ਹਾਂ ਨੂੰ ਪੜ੍ਹ ਕੇ ਪਾਠਕ ਵਿਸ਼ੇ ਬਾਰੇ ਸੋਚਣ ਲਈ ਮਜਬੂਰ ਹੋ ਜਾਵੇ। ਸੁਖਦੇਵ ਸਿੰਘ ਆਰਟਿਸਟ ਦਾ ਜ਼ਿਕਰ ਪਹਿਲੀ ਸ਼੍ਰੇਣੀ ਦੇ ਲੇਖਕਾਂ ਵਿੱਚ ਕੀਤਾ ਜਾ ਸਕਦਾ ਹੈ।
ਲੇਖਕ ਨੂੰ ਧਰਮ, ਰਾਜਨੀਤੀ ਅਤੇ ਵਿਰਸੇ ਦੀ ਡੂੰਘੀ ਜਾਣਕਾਰੀ ਹੈ। ਇਕ ਗੱਲ ਹੋਰ ਕਿ ਉਹ ਅੰਗਰੇਜ਼ੀ ਸਾਹਿਤ ਦਾ ਇਕ ਗੰਭੀਰ ਪਾਠਕ ਹੈ। ਮੂਲ ਤੌਰ ‘ਤੇ ਇਕ ‘ਆਰਟਿਸਟ’ ਹੋਣ ਕਰਕੇ ਉਹ ਚਿੱਤਰਕਾਰਾਂ ਅਤੇ ਚਿੱਤਰਕਾਰੀ ਬਾਰੇ ਪੈਨੀ ਸੂਝ ਰੱਖਦਾ ਹੈ।
ਜੇਮਜ਼ ਆਰ. ਸਦਰਲੈਂਡ (ਆਨ ਇੰਗਲਿਸ਼ ਪਰੋਜ਼) ਅਨੁਸਾਰ ਚੰਗੀ ਵਾਰਤਕ ਉਹ ਹੀ ਹੁੰਦੀ ਹੈ,  ਜਿਹੜੀ ਮਨ ਦੇ ਭਾਵਾਂ ਨੂੰ ਪਾਠਕਾਂ ਤੱਕ ਐਨ ਸਹੀ ਤੌਰ ‘ਤੇ ਬਿਨਾਂ ਕਿਸੇ ਰੋਕ, ਔਖ ਤੇ ਸੰਕੋਚ ਤੋਂ ਪੁਚਾ ਦੇਵੇ। ਇਸ ਦ੍ਰਿਸ਼ਟੀ ਤੋਂ ਵੀ ‘ਆਰਟਿਸਟ’ ਸਫ਼ਲ ਹੋਇਆ ਹੈ।
ਪ੍ਰੋ. ਨਵ ਸੰਗੀਤ ਸਿੰਘ
94176-92095
ਮੇਰੀ ਮਨਪਸੰਦ ਪੁਸਤਕ ‘ਮੇਰਾ ਜੀਵਨ ਸਫਰ’ ਹੈ। ਇਹ ਉੱਘੇ ਲੇਖਕ ਰਘਬੀਰ ਸਿੰਘ ਭਰਤ ਨੇ ਲਿਖੀ ਹੈ। ਉਹ ਬਹੁ-ਵਿਧਾਵੀ ਕਲਮਕਾਰ ਹੈ। ਉਹ ਗੀਤ, ਕਹਾਣੀ ਤੇ ਆਲੋਚਨਾ ਦੇ ਖੇਤਰ ਵਿੱਚ ਨਾਮ ਕਮਾ ਚੁੱਕਾ ਹੈ। ਲਗਪਗ ਇਕ ਦਰਜਨ ਪੁਸਤਕਾਂ ਲਿਖਣ ਬਾਅਦ ਵੀ ਕਲਮ ਦਾ ਸਫਰ ਜਾਰੀ ਹੈ। ਮੈਂ ਗੋਰਕੀ ਦਾ ਨਾਵਲ ‘ਮਾਂ’ ਸੱਤਵੀ (1974) ‘ਚ ਪੜ੍ਹਦਿਆਂ ਹੀ ਪੜ੍ਹ ਲਿਆ ਸੀ। ਫੇਰ ਨਾਨਕ ਸਿੰਘ, ਭਾਈ ਵੀਰ ਸਿੰਘ ਤੇ ਸ਼ਿਵ ਨੂੰ ਪੜ੍ਹਿਆ। ਐਮ ਏ ਪੰਜਾਬੀ (1985) ‘ਚ ਪ੍ਰੋ. ਪੂਰਨ ਸਿੰਘ ਨੂੰ ਨਿੱਠ ਕੇ ਪੜ੍ਹਿਆ। ਰਾਮ ਸਰੂਪ ਅਣਖੀ ਤੇ ਦਰਸ਼ਨ ਮਿੱਤਵਾ ਪੜ੍ਹਿਆ ਤੇ ਹੁਣ ਕਿਤਾਬ ‘ਮੇਰਾ ਜੀਵਨ ਸਫਰ’ ਹੱਥ ‘ਚ ਆਈ ਹੈ। ਇਹ ਇਸੇ ਵਰ੍ਹੇ ਹੀ ਛਪੀ ਹੈ। ‘ਮੇਰਾ ਜੀਵਨ ਸਫਰ’ ਪੁਸਤਕ ਨੂੰ 13 ਕਾਂਡਾਂ ਵਿੱਚ ਵੰਡਿਆ ਗਿਆ ਹੈ। ਦੋ ਸ਼ਬਦ ਨੂੰ ਕਾਂਡ ਨੰਬਰ ਇਕ ਦਰਸਾਇਆ ਗਿਆ ਹੈ ਜੋ ਕਿ ਗਲਤ ਹੈ। ਕਾਂਡ ਨੰਬਰ ਇਕ ਅਤੇ ਦੋ ਨੂੰ ਕਾਂਡ ਨਹੀਂ ਸਮਝਿਆ ਜਾ ਸਕਦਾ। ਜੀਵਨੀ ਕਾਂਡ ਨੰਬਰ 3 ਤੋਂ 15 ਤਕ ਬਣਦਾ ਹੈ। ਜ਼ਿੰਦਗੀ ਦੀ ਹਰ ਗੱਲ ਨੂੰ ਨਿੱਠ ਕੇ ਕੀਤਾ ਗਿਆ ਹੈ। ਜੀਵਨ ਦੀਆਂ ਦੁਸਵਾਰੀਆਂ, ਤੰਗੀਆਂ, ਤੁਰਸ਼ੀਆਂ ਦੀ ਗੱਲ ਕਰਦਿਆਂ ਲੇਖਕ ਝਿਜਕਦਾ ਨਹੀਂ। ਮੇਰਾ ਦਾਦਕਾ ਤੇ ਮੇਰਾ ਨਾਨਕਾ ਪਿੰਡ (18) ਦੋ ਵੱਖ ਵੱਖ ਅਧਿਆਏ ਹਨ ਪ੍ਰੰਤੂ ਇਕ ਨਾਂ ਪਤਾ ਨਹੀਂ ਕਿਉਂ ਦਿੱਤਾ ਗਿਆ ਹੈ। ਕਾਂਡ ਨੰਬਰ 5 ਦਿਲਚਸਪ ਹੈ। ਇਸ ਵਿੱਚ ਲੇਖਕ ਨੇ ਆਪਣੇ ਸਕੂਲੀ ਦਿਨਾਂ ਦੀ ਗੱਲ ਕੀਤੀ ਹੈ ਪ੍ਰੰਤੂ 1947 ਦੇ ਆਰ-ਪਾਰ ਕਾਂਡ ਨੂੰ ਇਸੇ ਵਿੱਚ ਜੋੜ ਦਿੱਤਾ ਗਿਆ ਹੈ, ਪਤਾ ਨਹੀਂ ਕਿਉਂ?
ਕਾਂਡ ਨੰਬਰ 9 ਪੰਨਾ (44) ਵਿੱਚ ਲੇਖਕ ਨੇ ਮਾਛੀਵਾੜੇ ਬਾਰੇ ਜਾਣਕਾਰੀ ਦੇ ਕੇ ਚੰਗਾ ਉਪਰਾਲਾ ਕੀਤਾ ਹੈ। ਮਾਛੀਵਾੜੇ ਦੀ ਧਰਤੀ ਨੂੰ ਮਾਣ ਹੈ ਕਿ ਇਥੇ ਪਹਿਲੇ ਜਾਮੇ ਵਿੱਚ ਗੁਰੂ ਨਾਨਕ ਦੇਵ ਜੀ ਆਏ ਅਤੇ ਫਿਰ ਦਸਵੇਂ ਜਾਮੇ ਵਿੱਚ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਆਏ। ਪੰਨਾ 51 ਉਤੇ ਮੁਲਾਕਾਤਾਂ ਦੇ ਕੇ ਲੇਖਕ ਨੇ ਠੀਕ ਨਹੀਂ ਕੀਤਾ। ਪੁਸਤਕ ਬਾਰੇ ਮੁਲਾਕਾਤਾਂ ਅਤੇ ਯਾਦਗਾਰੀ ਤਸਵੀਰਾਂ ਜੇਕਰ ਅੰਤਿਮ ਕਾਂਡ ਵਿੱਚ ਛਪ ਜਾਂਦੀਆਂ ਤਾਂ ਸੋਨੇ ਉਤੇ ਸੁਹਾਗੇ ਵਾਲੀ ਗੱਲ ਹੋ ਜਾਣੀ ਸੀ। ਸਨਮਾਨ ਪੱਤਰ ਤੇ ਪੁਸਤਕ ਵਿਚਕਾਰ (61) ਅੰਤਿਮ ਪੰਨੇ ਵਿੱਚ ਸ਼ਾਮਲ ਕੀਤੀਆਂ ਜਾ ਸਕਦੀਆਂ ਸਨ। ਮੈਂ ਕੁੱਲ ਮਿਲਾ ਕੇ ਕਹਿ ਸਕਦਾ ਹਾਂ ਕਿ ਪੁਸਤਕ ਚੰਗਾ ਉਪਰਾਲਾ ਹੈ। ਸਵੈ-ਜੀਵਨੀ ਦੇ ਖੇਤਰ ਵਿੱਚ ਪੁਸਤਕ ਇਕ ਮੀਲ ਪੱਥਰ  ਬਣੇਗੀ।
ਰਾਜਿੰਦਰ ਵਰਮਾ
ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ ਦੁਆਰਾ ਰਚਿਤ ‘ਲੋਕਧਾਰਾ ਵਿਸ਼ਵਕੋਸ਼’ ਮੇਰੀ ਮਨਪਸੰਦ ਪੁਸਤਕ ਹੈ। ਅੱਠ ਜਿਲਦਾਂ ਵਿੱਚ ਛਪੇ ਇਸ ਵਿਸ਼ਵਕੋਸ਼ ਦੇ ਪੰਨੇ ਫਰੋਲਦਿਆਂ ਮੈਂ ਦੰਗ ਰਹਿ ਗਿਆ, ਇੰਨਾ ਖੂਬਸੂਰਤ ਕੰਮ। ਪੰਜਾਬੀ ਭਾਸ਼ਾ ਵਿੱਚ ਲੋਕਧਾਰਾ ਬਾਰੇ ਕੰਮ ਦੂਜੀਆਂ ਭਾਸ਼ਾਵਾਂ ਦੇ ਮੁਕਾਬਲੇ ਕਾਫੀ ਪਛੜ ਕੇ ਸ਼ੁਰੂ ਹੋਇਆ। ਸਹੀ ਢੰਗ ਨਾਲ ਇਹ ਕੰਮ ਸ਼ੁਰੂ ਹੋਇਆਂ ਅਜੇ ਕੁਝ ਦਹਾਕੇ ਹੀ ਹੋਏ ਹਨ। ਪਰ ਜਦੋਂ ਅਸੀਂ ਲੋਕਧਾਰਾ ਉੱਤੇ ਹੋਏ ਕੰਮ ‘ਤੇ ਝਾਤੀ ਮਾਰਦੇ ਹਾਂ ਤਾਂ ਅੱਧੇ ਨਾਲੋਂ ਵੱਧ ਕੰਮ ਤਾਂ ਇਕੱਲੇ ਵਣਜਾਰਾ ਬੇਦੀ ਦਾ ਹੀ ਕੀਤਾ ਮਿਲਦਾ ਹੈ। ਵਣਜਾਰਾ ਬੇਦੀ ਨੇ ਵਿਸ਼ਵਕੋਸ਼ ਦੀ ਪੂਰਤੀ ਲਈ ਆਪਣੀ ਜ਼ਿੰਦਗੀ ਦੇ 45 ਵਰ੍ਹੇ ਖਰਚ ਕੀਤੇ। ਉਹ ਲਿਖਦਾ ਹੈ: ਮੈਨੂੰ ਇਉਂ ਜਾਪਦਾ ਹੈ ਕਿ ਮੈਂ ਪਿਛਲੇ ਕਈ ਜਨਮਾਂ ਤੋਂ ਲੋਕਾਂ ਵਿੱਚ ਰਲ ਕੇ ਲੋਕਧਾਰਾ ਦੀਆਂ ਰੂੜ੍ਹੀਆਂ ਨੂੰ ਸਿਰਜਦਾ ਅਤੇ ਬਾਰ-ਬਾਰ ਉਨ੍ਹਾਂ ਦੀ ਪੁਨਰ ਰਚਨਾ ਕਰਦਾ ਰਿਹਾ ਹਾਂ ਤੇ ਹੁਣ ਇਨ੍ਹਾਂ ਰੂੜ੍ਹੀਆਂ ਨੂੰ ਇਕੱਤਰ ਕਰਕੇ ਸਾਂਭਣ ਦਾ ਕੰਮ ਵੀ ਜਿਵੇਂ ਕੁਦਰਤ ਨੇ ਮੈਨੂੰ ਸੌਂਪਿਆ ਹੋਵੇ। ਵਣਜਾਰਾ ਬੇਦੀ ਨੇ ਵਿਸ਼ਵਕੋਸ਼ ਵਿਚਲੀ ਜਾਣਕਾਰੀ ਵਿਭਿੰਨ ਖੇਤਰਾਂ ਵਿੱਚੋਂ ਘੰੁਮ ਕੇ ਇਕੱਤਰ ਕੀਤੀ ਹੈ। ਖੇਤਰੀ ਕਾਰਜ ਕਰਨਾ ਕੋਈ ਸੌਖਾ ਕੰਮ ਨਹੀਂ ਹੈ। ਇਸ ਦੇ ਲਈ ਖੁੱਲ੍ਹਾ ਸਮਾਂ, ਪੈਸਾ ਅਤੇ ਸਿਰੜ ਦੀ ਜ਼ਰੂਰਤ ਹੁੰਦੀ ਹੈ। ਬੇਦੀ ਕੋਲ ਸਮਾਂ ਅਤੇ ਸਿਰੜ ਤਾਂ ਸੀ ਪਰ ਪੈਸੇ ਪੱਖੋਂ ਉਸ ਦਾ ਹੱਥ ਤੰਗ ਰਿਹਾ। ਇਹ ਤੰਗੀਆਂ ਤੁਰਸ਼ੀਆਂ ਵੀ ਉਸ ਦੇ ਰਾਹ ਦਾ ਰੋੜਾ ਨਾ ਬਣ ਸਕੀਆਂ। ਵਿਸ਼ਵਕੋਸ਼ ਵੱਲ ਝਾਤੀ ਮਾਰਿਆਂ ਪਤਾ ਲਗਦਾ ਹੈ ਕਿ ਬੇਦੀ ਦਾ ਕੰਮ ਇਕ ਯੂਨੀਵਰਸਿਟੀ ਤੋਂ ਵੀ ਜ਼ਿਆਦਾ ਹੈ। ਪਰ ਉਹ ਫਿਰ ਵੀ ਕਹਿੰਦਾ ਹੈ ਕਿ ਲੋਕਧਾਰਾ ਦੇ ਖੇਤਰ ਵਿੱਚ ਮੇਰੇ ਦੁਆਰਾ ਕੀਤਾ ਕੰਮ ‘ਬੋਹਲ ਵਿੱਚੋਂ ਇਕ ਪਰਾਗਾ ਛੱਟਣ ਦੇ ਤੁੱਲ ਹੈ।’ ਢੇਰ ਸਾਰਾ ਕੰਮ ਕਰਨਾ ਤਾਂ ਅਜੇ ਬਾਕੀ ਹੈ।
ਡਾ. ਵਣਜਾਰਾ ਬੇਦੀ ਨੇ ਵਿਸ਼ਵਕੋਸ਼ ਦੇ ਹਰ ਸ਼ਬਦ ਦਾ ਢੁਕਵਾਂ, ਸਰਲ ਅਤੇ ਸਪਸ਼ਟ ਅਰਥ ਦੇਣ ਦੇ ਨਾਲ-ਨਾਲ ਉਸ ਸ਼ਬਦ ਬਾਰੇ ਇਕ ਕਥਾ ਵਾਚਕ ਸ਼ੈਲੀਕਾਰ ਵਾਂਗ ਲੋਕਧਾਰਕ ਜਾਣਕਾਰੀ ਵੀ ਦਿੱਤੀ ਹੈ।
ਵਿਸ਼ਵਕੋਸ਼ ਵਿੱਚ ਇਕ ਸ਼ਬਦ ਹੈ ‘ਅਮਰਵੇਲ’। ਇਸ ਦਾ ਅਰਥ ਹੈ ਇਕ ਵਿਸ਼ੇਸ਼ ਵੇਲ ਜੋ ਇਸ ਬ੍ਰਿਸ਼ ‘ਤੇ ਫੈਲਦੀ, ਉਸ ਦਾ ਸਾਰਾ ਰਸ ਚੂਸ ਕੇ ਉਸ ਨੂੰ ਨਸ਼ਟ ਕਰ ਦਿੰਦੀ ਹੈ। ਇਸੇ ਨੂੰ ਆਕਾਸ਼ ਵੇਲ ਵੀ ਕਹਿੰਦੇ ਹਨ। ਇਸ ਵੇਲ ਨਾਲ ਕਈ ਵਹਿਮ-ਭਰਮ ਤੇ ਵਿਚਾਰ ਜੁੜੇ ਹੋਏ ਹਨ। ਅਮਰ ਵੇਲ ਦੀ ਜੜ੍ਹ ਕਦੇ ਕਿਧਰੇ ਵਿਖਾਈ ਨਹੀਂ ਦਿੰਦੀ। ਧਾਰਨਾ ਹੈ ਕਿ ਜਿਹੜਾ ਸ਼ਖ਼ਸ ਇਸ ਦੀ ਜੜ੍ਹ ਲੱਭ ਲਏ ਉਹ ਕੁਝ ਦਿਨਾਂ ਵਿੱਚ ਹੀ ਧਨੀ ਹੋ ਜਾਂਦਾ ਹੈ। ਇਕ ਹੋਰ ਮਨੌਤ ਅਨੁਸਾਰ ਅਮਰ ਵੇਲ ਦੀ ਜੜ੍ਹ ਨੂੰ ਅੱਖ ਵਿੱਚ ਫੇਰਨ ਨਾਲ ਪ੍ਰਾਣੀ ਅਦ੍ਰਿਸ਼ ਹੋ ਜਾਂਦਾ, ਉਹ ਦੂਜਿਆਂ ਨੂੰ ਤਾਂ ਵੇਖ ਸਕਦਾ ਹੈ ਪਰ ਦੂਜੇ ਉਸ ਨੂੰ ਨਹੀਂ ਵੇਖ ਸਕਦੇ। ਇਕ ਹੋਰ ਵਿਸ਼ਵਾਸ ਅਨੁਸਾਰ ਅਮਰ ਵੇਲ ਦੀਆਂ ਟਹਿਣਾਂ ਵਗਦੇ ਪਾਣੀ ਵਿੱਚ ਸੁੱਟੀਆਂ ਜਾਣ ਤਾਂ ਉਹ ਸੱਪ ਬਣ ਜਾਂਦੀਆਂ ਹਨ। ਇਸ ਤਰ੍ਹਾਂ ਵਣਜਾਰਾ ਬੇਦੀ ਹਰ ਸ਼ਬਦ ਦੇ ਅਰਥ ਇਕ ਲੰਮੀ ਅਤੇ ਦਿਲਚਸਪ ਕਥਾ ਨਾਲ ਜੋੜਦਾ ਹੈ। ਇਹ ਲੋਕ ਕਥਾਵਾਂ ਮਨ ਮੋਂਹਦੀਆਂ ਹਨ ਅਤੇ ਸਾਡੀ ਅਮੀਰ ਪਰੰਪਰਾ ਦੀ ਬਾਤ ਪਾਉਂਦੀਆਂ ਹਨ। ਡਾ. ਵਣਜਾਰਾ ਬੇਦੀ ਦਾ ਲੋਕਧਾਰਾ ਵਿਸ਼ਵਕੋਸ਼ ਸੱਚਮੁੱਚ ਪੰਜਾਬੀ ਲੋਕਧਾਰਾ ਦੀ ਇਕ ਅਮੁੱਲ ਕਿਰਤ ਹੈ। ਇਸ ਦਾ ਅਧਿਐਨ ਵਿਦਵਾਨਾਂ, ਸਾਹਿਤਕਾਰਾਂ ਅਤੇ ਲੋਕਧਾਰਾ ਵਿੱਚ ਰੁਚੀ ਰੱਖਣ ਵਾਲੇ ਖੋਜੀਆਂ ਲਈ ਬਹੁਤ ਸਹਾਇਕ ਹੈ। ਅੱਠ ਜਿਲਦਾਂ ਵਿੱਚ ਪ੍ਰਕਾਸ਼ਿਤ ਇਹ ਵਿਸ਼ਵਕੋਸ਼ ਡਾ. ਵਣਜਾਰਾ ਬੇਦੀ ਦੀ ਸਖ਼ਤ ਮਿਹਨਤ ਦਾ ਨਮੂਨਾ ਹੈ। ਇਸ ਪੁਸਤਕ ਜ਼ਰੀਏ ਮੈਨੂੰ ਪੰਜਾਬੀ ਲੋਕਧਾਰਾ ਦੇ ਖ਼ਜ਼ਾਨੇ ਬਾਰੇ ਗਹਿਰਾ ਗਿਆਨ ਪ੍ਰਾਪਤ ਹੋਇਆ ਹੈ, ਜਿਸ ਸਦਕਾ ਮੈਂ ਆਪਣੇ ਖੋਜਕਾਰਜ ਨੂੰ ਇਕ ਸਹੀ ਦਿਸ਼ਾ ਦੇ ਸਕਿਆ ਹਾਂ।

ਜਸਵੰਤ ਰਾਏ
98158-25999


Comments Off on ਮੇਰੀਆਂ ਮਨਪਸੰਦ ਪੁਸਤਕਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.