ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਬੇਰੁਜ਼ਗਾਰ ਨੌਜਵਾਨਾਂ ਦੇ ਇਕਜੁੱਟ ਸੰਘਰਸ਼ ਦੀ ਲੋੜ !    ਮੈਕਸੀਕੋ ਤੋਂ ਵਤਨ ਪਰਤਾਏ ਪੰਜਾਬੀ ਤੇ ਪਰਵਾਸ !    ਮੱਧ ਪ੍ਰਦੇਸ਼: ਸਰਕਾਰੀ ਤੀਰਥ ਯਾਤਰਾ ਯੋਜਨਾ ’ਚ ਗੁਰਦੁਆਰਾ ਕਰਤਾਰਪੁਰ ਸਾਹਿਬ ਵੀ ਸ਼ਾਮਲ !    ਮਹਿਲਾ ਪੁਲੀਸ ਮੁਲਾਜ਼ਮ ਦਾ ਪਿੱਛਾ ਕਰਨ ਵਾਲਾ ਆਈਬੀ ਮੁਲਾਜ਼ਮ ਗ੍ਰਿਫ਼ਤਾਰ !    ਆਈਐੱਨਐਕਸ: ਚਿਦੰਬਰਮ ਦੀ ਹਿਰਾਸਤ 27 ਤੱਕ ਵਧੀ !    ਜਸਟਿਸ ਰਵੀ ਰੰਜਨ ਝਾਰਖੰਡ ਹਾਈ ਕੋਰਟ ਦੇ ਚੀਫ ਜਸਟਿਸ ਬਣੇ !    ਅੰਮ੍ਰਿਤਸਰ ਬਣਿਆ ਗਲੋਬਲ ਸ਼ਹਿਰੀ ਹਵਾ ਪ੍ਰਦੂਸ਼ਣ ਅਬਜ਼ਰਵੇਟਰੀ ਦਾ ਮੈਂਬਰ !    ਕਾਰੋਬਾਰੀ ਦੀ ਪਤਨੀ ਨੂੰ ਬੰਦੀ ਬਣਾ ਕੇ ਨੌਕਰ ਨੇ ਲੁੱਟੇ 60 ਲੱਖ !    

ਪੰਜਾਬੀ ਰੰਗਮੰਚ ਦੀ ਪਹਿਲੀ ਅਭਿਨੇਤਰੀ

Posted On August - 11 - 2012

ਕੇਵਲ ਧਾਲੀਵਾਲ

ਇਹ ਉਨ੍ਹਾਂ ਸਮਿਆਂ ਦੀ ਗੱਲ ਹੈ ਜਦੋਂ ਹਾਲੇ ਨਾਟਕਾਂ ਵਿੱਚ ਮੁੰਡੇ ਹੀ ਕੁੜੀਆਂ ਦੇ ਰੋਲ ਕਰਿਆ ਕਰਦੇ ਸਨ, ਜਦੋਂ ਪੰਜਾਬੀ ਦੀ ਪਹਿਲੀ ਨਾਟਕ ਟੋਲੀ ਪ੍ਰਿੰ. ਸ.ਸ. ਅਮੋਲ ਹੁਰਾਂ ਬਣਾਈ ”ਪੰਜਾਬੀ ਨਾਟਕ ਸਭਾ” ਤਾਂ ਉਸ ਵੇਲੇ ਵੀ ਨਾਟਕਾਂ ਵਿੱਚ ਮੁੰਡੇ ਹੀ ਕੁੜੀਆਂ ਦੇ ਰੋਲ ਕਰਿਆ ਕਰਦੇ ਸਨ। ਆਪਣੇ ਸਮਿਆਂ ਦੇ ਪੰਜਾਬੀ ਜ਼ੁਬਾਨ ਦੇ ਵੱਡੇ ਆਲੋਚਕ ਤੇ ਵਿਦਵਾਨ ਡਾ. ਕੁਲਬੀਰ ਸਿੰਘ ਕਾਂਗ ਵੀ ਨਿੱਕੇ ਹੁੰਦਿਆਂ ਅਮੋਲ ਸਾਹਿਬ ਦੇ ਨਾਟਕਾਂ ਵਿੱਚ ਕੁੜੀਆਂ ਦੇ ਪਾਰਟ ਅਦਾ ਕਰਿਆ ਕਰਦੇ ਸਨ। ਬੇਸ਼ੱਕ 1895 ‘ਚ ਅੰਮ੍ਰਿਤਸਰ ਟੈਂਪਰੈਂਸ ਹਾਲ ਵਿਖੇ ਖੇਡੇ ਗਏ ਨਾਟਕ ”ਸ਼ਰਾਬ ਕੌਰ” ਨਾਲ ਪੰਜਾਬੀ ਨਾਟ ਪੇਸ਼ਕਾਰੀ ਦਾ ਮੁੱਢ ਤਾਂ ਬੱਝ ਗਿਆ ਸੀ ਪਰ ਇਸ ਨੂੰ ਲਗਾਤਾਰਤਾ ਤੇ ਪਛਾਣ ਆਈ.ਸੀ. ਨੰਦਾ ਦੇ ਪਹਿਲੇ ਇਕਾਂਗੀ ”ਸੁਹਾਗ” ਨਾਲ ਮਿਲੀ। ਉਦੋਂ ਬੇਸ਼ੱਕ ਪੰਜਾਬੀ ਨਾਟਕ ਲਿਖੇ ਜਾ ਰਹੇ ਸੀ, ਤੇ ਟਾਵੇਂ-ਟਾਵੇਂ ਖੇਡੇ ਵੀ ਜਾ ਰਹੇ ਸੀ, ਪਰ ਹਾਲੇ ਨਾ  ਸਮਾਜ ਨੇ ਤੇ ਨਾ ਹੀ ਮਾਪਿਆਂ ਨੇ ਆਪਣੀਆਂ ਧੀਆਂ ਨੂੰ ਨਾਟਕਾਂ ਵਿੱਚ ਕੰਮ ਕਰਨ ਦੀ ਇਜਾਜ਼ਤ ਦਿੱਤੀ ਸੀ। ਰੰਗਮੰਚ ਦੇ ਇਸ ਸਫ਼ਰ ਨੂੰ ਉਦੋਂ ਨਵਾਂ ਹੁਲਾਰਾ ਮਿਲਿਆ ਜਦੋਂ ਸੁਪਨਸਾਜ਼ ਸ. ਗੁਰਬਖ਼ਸ਼ ਸਿੰਘ ਪ੍ਰੀਤ ਲੜੀ ਨੇ 1938 ਵਿੱਚ ਪ੍ਰੀਤ ਨਗਰ ਵਸਾਇਆ ਤੇ ਉਥੋਂ ਦੇ ਸੁੱਕੇ ਤਾਲਾਬ ਨੂੰ ਓਪਨ ਏਅਰ ਥੀਏਟਰ ਦਾ ਰੂਪ ਦਿੱਤਾ। ਉਥੇ ਹੀ ਸ: ਗੁਰਬਖ਼ਸ਼ ਸਿੰਘ ਨੇ ਆਪਣਾ ਲਿਖਿਆ ਨਾਟਕ ”ਰਾਜਕੁਮਾਰੀ ਲਤਿਕਾ” ਖੇਡਣਾ ਚਾਹਿਆ। ਰਾਜਕੁਮਾਰ ਦਾ ਰੋਲ ਉਦੋਂ ਨੌਜਵਾਨ ਕਹਾਣੀਕਾਰ ਨਵਤੇਜ ਸਿੰਘ ਨੂੰ ਦਿੱਤਾ ਗਿਆ (ਨਵਤੇਜ ਸਿੰਘ ਸ: ਗੁਰਬਖ਼ਸ਼ ਸਿੰਘ ਜੀ ਦੇ ਵੱਡੇ ਸਪੁੱਤਰ ਸਨ) ਪਰ ਹੁਣ ਨਾਟਕ ਦੇ ਮੁੱਖ ਕਿਰਦਾਰ ਰਾਜਕੁਮਾਰੀ ਲਤਿਕਾ ਨੂੰ ਨਿਭਾਉਣ ਲਈ ਕੋਈ ਵੀ ਕੁੜੀ ਅੱਗੇ ਨਹੀਂ ਸੀ ਆ ਰਹੀ ਤੇ ਸ. ਗੁਰਬਖ਼ਸ਼ ਸਿੰਘ ਕਿਸੇ ਮੁੰਡੇ ਕੋਲੋਂ ਇਹ ਰੋਲ ਕਰਵਾਉਣਾ ਨਹੀਂ ਸੀ ਚਾਹੁੰਦੇ। ਉਹ ਅਗਾਂਹਵਧੂ ਵਿਚਾਰਧਾਰਾ ਵਾਲੇ ਸਨ। ਇਸ ਲਈ ਉਨ੍ਹਾਂ ਨੇ ਤੁਰੰਤ ਫੈਸਲਾ ਕੀਤਾ ਕਿ ਰਾਜਕੁਮਾਰੀ ਲਤਿਕਾ ਦਾ ਰੋਲ ਉਨ੍ਹਾਂ ਦੀ ਵੱਡੀ ਬੇਟੀ ਉਮਾ ਕਰੇਗੀ। ਨਾਟਕ ਤਿਆਰ ਹੋਇਆ, ਖੇਡਿਆ ਵੀ ਬੜੀ ਸਫ਼ਲਤਾ ਨਾਲ ਗਿਆ, ਪਰ ਲੋਕਾਂ ਦੀ ਜ਼ੁਬਾਨ ‘ਤੇ ਉਸ ਸਮੇਂ ਇਹ ਚਰਚਾ ਦਾ ਵਿਸ਼ਾ ਸੀ ਕਿ ਨਾਟਕ ਵਿੱਚ ਕਿਸੇ ਕੁੜੀ ਨੇ ਕੰਮ ਕੀਤਾ ਹੈ ਤੇ ਸਭ ਤੋਂ ਵੱਧ ਚਰਚਾ ਇਸ ਗੱਲ ਦੀ ਸੀ ਕਿ ਹੀਰੋ-ਹੀਰੋਇਨ ਦਾ ਰੋਲ ਸਕੇ ਭੈਣ ਭਰਾਵਾਂ ਨੇ ਕੀਤਾ।

ਪ੍ਰੀਤ ਨਗਰ ਦੀ ਧਰਤੀ ‘ਤੇ 7 ਜੂਨ 1939 ਨੂੰ ਖੇਡੇ ਇਸ ਨਾਟਕ ਨਾਲ ‘ਉਮਾ’ ਦੇ ਰੂਪ ਵਿੱਚ ਪੰਜਾਬੀ ਰੰਗਮੰਚ ਨੂੰ ਪਹਿਲੀ ਅਭਿਨੇਤਰੀ ਮਿਲੀ। ਉਮਾ ਭੈਣ ਜੀ ਦੇ ਰੰਗਮੰਚ ਪਿੜ ਵਿੱਚ ਆਉਣ ਨਾਲ ਹੋਰ ਵੀ ਕੁੜੀਆਂ ਨੂੰ ਹੱਲਾਸ਼ੇਰੀ ਮਿਲੀ ਤੇ ਫੇਰ ਉਨ੍ਹਾਂ ਨੇ ਵੀ ਨਾਟਕਾਂ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ। ਪ੍ਰੀਤ ਨਗਰ ਦੇ ਸਕੂਲ ਵਿੱਚ ਮੰਗਲਵਾਰ ਦੀ ਰਾਤ ਗੋਲਡਨ ਨਾਈਟ ਹੁੰਦੀ ਸੀ, ਜਿਥੇ ਬੱਚਿਆਂ ਦੇ ਨਾਟਕ ਤੇ ਹੋਰ ਸੰਗੀਤਕ ਪੇਸ਼ਕਾਰੀਆਂ ਵੀ ਹੁੰਦੀਆਂ ਸਨ। ਉਸ ਤੋਂ ਬਾਅਦ ਲਗਾਤਾਰ ਭੈਣ ਜੀ ਨੇ ”ਸਾਡੀ ਹੋਣੀ ਦਾ ਲਿਸ਼ਕਾਰਾ”, ”ਪ੍ਰੀਤ ਮੁਕਟ” ਤੇ ”ਪ੍ਰੀਤ ਮਣੀ” ਨਾਟਕਾਂ ਵਿੱਚ ਅਦਾਕਾਰੀ ਕੀਤੀ। ਉਨ੍ਹਾਂ ਨੇ ਹੌਲੀ ਹੌਲੀ ਸ਼ੀਲਾ ਭਾਟੀਆ ਨਾਲ ਮਿਲ ਕੇ ਲਾਹੌਰ ਦੇ ਓਪਨ ਏਅਰ ਥੀਏਟਰ (ਨਿਊ ਗਾਰਡਨ ਹੁਣ ਫਾਤਿਮਾ ਜਿਨਹਾ ਪਾਰਕ) ਵਿੱਚ ਹੁੰਦੇ ਉਪੇਰਿਆਂ ਵਿੱਚ ਭਾਗ ਲੈਣਾ ਸ਼ੁਰੂ ਕੀਤਾ। ਉਹ ਬਹੁਤ ਵਾਰ ਲਹੌਰ ਦੇ ਗਲੀਆਂ ਮੁਹੱਲਿਆਂ ਵਿੱਚ ਵੀ ਨਾਟਕ ਖੇਡਣ ਜਾਂਦੇ। ਉਨ੍ਹਾਂ ਦੇ ਨਾਲ ਉਦੋਂ ਸ਼ੀਲਾ ਭਾਟੀਆ, ਪੈਰਨ ਰਮੇਸ਼ ਚੰਦਰ, ਲਿਟੂ ਘੋਸ਼ (ਅਜੈ ਘੋਸ਼ ਦੀ ਪਤਨੀ), ਸਵੀਰਾ ਮਾਨ, ਪੂਰਨ ਤੇ ਕੁਝ ਹੋਰ ਕੁੜੀਆਂ ਨੇ ਵੀ ਨਾਟਕਾਂ ਵਿੱਚ ਭਾਗ ਲੈਣਾ ਸ਼ੁਰੂ ਕਰ ਦਿੱਤਾ। ਭੈਣ ਜੀ ਦੇ ਨਾਟਕਾਂ ਨੂੰ ਕਈ ਵਾਰ ਸਰੋਜਿਨੀ ਨਾਇਡੂ ਵੀ ਦੇਖਣ ਆਏ। ਬਹੁਤੇ ਨਾਟਕ ਗੀਤ ਤੇ ਨ੍ਰਿਤ ਨਾਟਕ ਹੁੰਦੇ ਸੀ। ਉਮਾ ਵਧੀਆ ਤੇ ਉੱਚੀ ਆਵਾਜ਼ ਵਿੱਚ ਗਾਉਂਦੇ ਸੀ। ਉਨ੍ਹਾਂ ਦਿਨਾਂ ਵਿੱਚ ਹੀ ਕਾਮਰੇਡ ਦਲੀਪ ਸਿੰਘ ਟਪਿਆਲਾ ਨੇ ਉਨ੍ਹਾਂ ਦੀ ਉੱਚੀ ਆਵਾਜ਼ ਸੁਣ ਕੇ ਕਿਹਾ ”ਕੁੜੀਏ ਮੈਂ ਤੇ ਸੋਚਦਾ ਸੀ ਕਿ ਸਟੇਜਾਂ ‘ਤੇ ਮੈਂ ਹੀ ਸਭ ਤੋਂ ਉੱਚੀ ਆਵਾਜ਼ ‘ਚ ਭਾਸ਼ਨ ਦੇਂਦਾ ਵਾਂ, ਤੂੰ ਤਾਂ ਮੇਰੇ ਤੋਂ ਵੀ ਉੱਚੀ ਆਵਾਜ਼ ‘ਚ ਗੀਤ ਗਾਉਨੀ ਏਂ।” ਇਹ ਇਕ ਤਰ੍ਹਾਂ ਨਾਲ ਉਮਾ ਭੈਣ ਜੀ ਨੂੰ ਕਾਮਰੇਡ ਟਪਿਆਲਾ ਦਾ ਅਸ਼ੀਰਵਾਦ ਤੇ ਹੱਲਾ- ਸ਼ੇਰੀ ਹੀ ਸੀ। ਉਦੋਂ ਹੀ ਜਦੋਂ ਇਹ ਕੁੜੀਆਂ 1945 ਵਿੱਚ ਨਾਟਕ ”ਹੁਲੇ ਹੁਲਾਰੇ” ਖੇਡ ਰਹੀਆਂ ਸਨ ਤਾਂ ਅੰਗਰੇਜ਼ ਹਕੂਮਤ ਨੂੰ ਤਕਲੀਫ ਹੋਣੀ ਸ਼ੁਰੂ ਹੋ ਗਈ। ”ਹੁਲੇ ਹੁਲਾਰੇ” ਵਿੱਚ ਸੱਤ ਕੁੜੀਆਂ ਹੀ ਕੰਮ ਕਰਦੀਆਂ ਸਨ। ਇਸ ਨਾਟਕ ਦੇ ਲਗਪਗ ਉਦੋਂ ਵੀਹ ਤੋਂ ਵੱਧ ਸ਼ੋਅ ਲਾਹੌਰ, ਮੋਗੇ, ਅੰਮ੍ਰਿਤਸਰ, ਪ੍ਰੀਤ ਨਗਰ ਤੇ ਚੁਗਾਵਾਂ ਵਿੱਚ ਹੋਏ। ”ਹੁਲੇ ਹੁਲਾਰੇ” ਵਿੱਚ ਕੁਝ ਲਾਈਨਾਂ ਸਨ ”ਕੱਢ ਦਿਉ ਬਾਹਰ ਫਰੰਗੀ ਨੂੰ, ਕਰ ਦਿਉ ਪਾਰ ਫਰੰਗੀ ਨੂੰ।” ਨਾਟਕ ਦੀਆਂ ਇਹੋ ਸਤਰਾਂ ਅੰਗਰੇਜ਼ ਹਕੂਮਤ ਕੋਲੋਂ ਬਰਦਾਸ਼ਤ ਨਾ ਹੋਈਆਂ ਤੇ ਉਨ੍ਹਾਂ ਨੇ ਉਮਾ ਭੈਣ ਜੀ ਸਮੇਤ ਸਾਰੀਆਂ ਕੁੜੀਆਂ ਜੋ ਨਾਟਕ ਵਿੱਚ ਭਾਗ ਲੈ ਰਹੀਆਂ ਸਨ, ਨੂੰ ਗ੍ਰਿਫ਼ਤਾਰ ਕਰਕੇ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਕੈਦ ਕਰ ਦਿੱਤਾ। ਗ੍ਰਿਫ਼ਤਾਰ ਹੋਣ ਵਾਲੀਆਂ ਕੁੜੀਆਂ ਵਿੱਚ ਉਮਾ, ਉਰਮਿਲਾ, ਪ੍ਰਤਿਮਾ, ਸ਼ਕੁੰਤਲਾ, ਸ਼ੀਲਾ ਸੰਧੂ, ਸੁਰਜੀਤ ਕੌਰ ਤੇ ਇਕ ਹੋਰ ਨਾਟਕਕਾਰ ਬਲਵੰਤ ਗਾਰਗੀ ਦੀ ਰਿਸ਼ਤੇਦਾਰ, ਜਿਸ ਨੂੰ ਸਾਰੇ ਚਾਚੀ ਕਹਿੰਦੇ ਸੀ। ਇਹ ਸਾਰੀਆਂ ਕੁੜੀਆਂ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਇਕ ਮਹੀਨਾ ਕੈਦ ਰਹੀਆਂ, ਪਰ ਉਥੇ ਵੀ ਆਜ਼ਾਦੀ ਦੇ ਗੀਤ ਗਾਉਂਦੀਆਂ ਰਹੀਆਂ। ਫੇਰ ਇਨ੍ਹਾਂ ਦਾ ਮੁਕੱਦਮਾ ਸ. ਖੁਸ਼ਵੰਤ ਸਿੰਘ (ਲੇਖਕ ਤੇ ਪੱਤਰਕਾਰ) ਨੇ ਲੜਿਆ ਤੇ ਇਹ ਕੁੜੀਆਂ ਰਿਹਾਅ ਹੋਈਆਂ। ਉਮਾ ਭੈਣ ਜੀ ਨੇ ਸੰਗੀਤ ਦੀ ਵਿਦਿਆ ਦਿੱਲੀ ਤੋਂ ਹਾਸਲ ਕੀਤੀ। ਉਦੋਂ ਨਾਟਕਾਂ ਦੀਆਂ ਰਿਹਰਸਲਾਂ ਪ੍ਰੀਤ ਨਗਰ ਹੀ ਹੁੰਦੀਆਂ ਸਨ। ਉਮਾ ਭੈਣ ਜੀ ਨੂੰ ਤਾਂ ਵਿਰਾਸਤ ਵਿੱਚ ਗੁੜ੍ਹਤੀ ਹੀ ਸਾਹਿਤ ਦੀ ਮਿਲੀ ਸੀ। ਤੇ ਖਾਸ ਤੌਰ ‘ਤੇ ਪ੍ਰੀਤ ਨਗਰ ਦਾ ਮਹੌਲ, ਜਿਸ ਦੇ ਚੱਪੇ-ਚੱਪੇ ‘ਤੇ ਸ਼ਬਦ ਤੇ ਕਲਾ ਨੇ ਪੈੜਾਂ ਪਾਈਆਂ, ਜਿਥੇ ਲੇਖਕਾਂ ਦੀਆਂ ਪ੍ਰੀਤ ਮਿਲਣੀਆਂ ਹੁੰਦੀਆਂ ਸਨ, ਬੱਚਿਆਂ ਦੀਆਂ ਬਾਲ ਪ੍ਰੀਤ ਮਿਲਣੀਆਂ ਤੇ ਹਰ ਵੱਡਾ ਛੋਟਾ ਲੇਖਕ ਪ੍ਰੀਤ ਨਗਰ ਵਿੱਚ ਆ ਕੇ ਰਹਿਣ ਲੱਗਾ ਸੀ। ਉਥੇ ਹੀ ਬਲਰਾਜ ਸਾਹਨੀ ਆਪਣੀ ਪ੍ਰਸਿੱਧ ਰਚਨਾ ”ਮੇਰਾ ਪਾਕਿਸਤਾਨੀ ਸਫਰਨਾਮਾ” ਲਿਖ ਰਹੇ ਸੀ, ਉਥੇ ਹੀ ਸ: ਨਾਨਕ ਸਿੰਘ ਨੇ ”ਚਿੱਟਾ ਲਹੂ” ਵਰਗੀ ਸ਼ਾਹਕਾਰ ਰਚਨਾ ਲਿਖੀ, ਉਥੇ ਹੀ ਪ੍ਰਸਿੱਧ ਕਵਿੱਤਰੀ ਅੰਮ੍ਰਿਤ ਕੌਰ ਤੋਂ ਅੰਮ੍ਰਿਤਾ ਪ੍ਰੀਤਮ ਬਣੀ, ਉਥੇ ਹੀ ਬਲਵੰਤ ਗਾਰਗੀ ਨੇ ਪਹਿਲਾ ਨਾਟਕ ”ਲੋਹਾ ਕੁੱਟ” ਲਿਖਿਆ, ਉਥੇ ਹੀ ਨੌਰਾ ਰਿਚਰਡ, ਸਾਹਿਰ ਲੁਧਿਆਣਵੀ, ਫੈਜ਼ ਅਹਿਮਦ ਫੈਜ਼, ਕੈਫ਼ੀ ਆਜ਼ਮੀ, ਦਰਸ਼ਨ ਸਿੰਘ ਅਵਾਰਾ, ਸ਼ਿਵ ਕੁਮਾਰ ਬਟਾਲਵੀ, ਨਵਤੇਜ ਸਿੰਘ, ਜਗਜੀਤ ਸਿੰਘ ਅਨੰਦ, ਪਿਆਰਾ ਸਿੰਘ ਸਹਿਰਾਈ, ਸੁਜਾਨ ਸਿੰਘ ਤੇ ਹੋਰ ਅਨੇਕਾਂ ਲੇਖਕਾਂ ਨੇ ਰਚਨਾਵਾਂ ਰਚੀਆਂ। ਪ੍ਰਸਿੱਧ ਚਿੱਤਰਕਾਰ ਸ. ਸੋਭਾ ਸਿੰਘ ਨੇ ਸੋਹਣੀ ਮਹੀਵਾਲ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਪੇਂਟਿੰਗਜ਼ ਵੀ ਉਥੇ ਹੀ ਬਣਾਈਆਂ। ਅਜਿਹੇ ਮਾਹੌਲ ਨੇ ਉਮਾ ਭੈਣ ਜੀ ਨੂੰ ਹੋਰ ਵੀ ਬਲਵਾਨ ਬਣਾਇਆ ਅਤੇ ਰੰਗਮੰਚ ਤੇ ਸੰਗੀਤ ਨਾਲ ਨੇੜਤਾ ਵਧਾਈ। ਪੰਡਿਤ ਜਵਾਹਰ ਲਾਲ ਨਹਿਰੂ ਜਦੋਂ 1942 ਵਿੱਚ ਪ੍ਰੀਤ ਨਗਰ ਵੇਖਣ ਆਏ ਤਾਂ ਉਨ੍ਹਾਂ ਦੇ ਸਾਹਮਣੇ ਵੀ ਉਮਾ ਭੈਣ ਜੀ ਨੂੰ ਆਪਣੀ ਅਦਾਕਾਰੀ ਦਿਖਾਉਣ ਦਾ ਮੌਕਾ ਮਿਲਿਆ। ਉਮਾ ਜੀ ਨੇ ਉਦੋਂ ਸੁਰਿੰਦਰ ਕੌਰ ਨਾਲ ਵੀ ਨਾਟ ਉਪੇਰਿਆਂ ਵਿੱਚ ਗੀਤ ਗਾਏ। ਉਦੋਂ ਉਮਾ ਭੈਣ ਜੀ ਨਾਲ ਨਿਰੰਜਨ ਮਾਨ ਦੀ ਪਤਨੀ ਰਾਜਵੰਤ, ਬੀਰ ਕਲਸੀ ਦੀਆਂ ਭੈਣਾਂ, ਪ੍ਰੀਤਮ ਬੇਲੀ ਦੀ ਭੈਣ ਰਜਿੰਦਰ ਕੌਰ, ਲੈਫਟੀਨੈਂਟ ਜਗਜੀਤ ਸਿੰਘ ਦੀਆਂ ਭੈਣਾਂ ਆਗਿਆ ਤੇ ਸੰਪੂਰਨ (ਸੰਪੂਰਨ ਭਾਅ ਜੀ ਗੁਰਸ਼ਰਨ ਸਿੰਘ ਦੇ ਵੱਡੇ ਭਰਾ ਇੰਦਰਜੀਤ ਸਿੰਘ ਦੀ ਪਤਨੀ) ਉਥੇ ਹੀ ਚਿੱਤਰਕਾਰ ਸ: ਸੋਭਾ ਸਿੰਘ ਨੇ ਸ. ਗੁਰਬਖ਼ਸ਼ ਸਿੰਘ ਦੇ ਨਾਟਕ ”ਹਰੀਸ਼ਚੰਦਰ” ਵਿੱਚ ਮੁੱਖ ਭੂਮਿਕਾ ਨਿਭਾਈ, ਜਿਸ ਵਿੱਚ ਉਮਾ ਭੈਣ ਜੀ ਨੇ ਵੀ ਰੋਲ ਕੀਤਾ। ਉਦੋਂ ਹੀ ਪ੍ਰੀਤ ਨਗਰ ਵਿਖੇ ਰਹਿੰਦਿਆਂ ਬਲਵੰਤ ਗਾਰਗੀ ਨੇ ਆਪਣਾ ਪਹਿਲਾ ਨਾਟਕ ”ਲੋਹਾ ਕੁੱਟ” ਲਿਖਿਆ ਤੇ ਪ੍ਰੀਤ ਨਗਰ ਦੇ ਓਪਨ ਏਅਰ ਥੀਏਟਰ ਵਿੱਚ ਇਸ ਦਾ ਪਹਿਲਾ ਸ਼ੋਅ ਕੀਤਾ। ਇਸ ਨਾਟਕ ਵਿੱਚ ਸੰਤੀ ਦੀ ਭੂਮਿਕਾ ”ਅਚਲਾ ਸਚਦੇਵ” ਨੇ ਨਿਭਾਈ, ਜੋ ਬਾਅਦ ਵਿੱਚ ਹਿੰਦੀ ਫ਼ਿਲਮਾਂ ਦੀ ਮੰਨੀ-ਪ੍ਰਮੰਨੀ ਅਭਿਨੇਤਰੀ ਬਣੀ। ਉਮਾ ਭੈਣ ਜੀ ਨੇ ਤੇਰਾ ਸਿੰਘ ਚੰਨ ਨਾਲ ਬਠਿੰਡਾ, ਮੋਗਾ, ਚਿਤਰਾ ਟਾਕੀ ਅੰਮ੍ਰਿਤਸਰ ਵਿੱਚ ਵੀ ”ਲੱਕੜ ਦੀ ਲੱਤ” ਤੇ ”ਅਮਰ ਪੰਜਾਬ” ਉਪੇਰੇ ਨਾਟਕਾਂ ਦੇ ਸ਼ੋਅ ਕੀਤੇ। ਨਿਰੰਜਨ ਮਾਨ, ਅਮਰਜੀਤ ਗੁਰਦਾਸਪੁਰੀ, ਜਗਦੀਸ਼ ਫਰਿਆਦੀ, ਹੁਕਮ ਚੰਦ ਖਲੀਲੀ, ਤੇ ਜੋਗਿੰਦਰ ਬਾਹਰਲਾ ਦੇ ਨਾਟ ਉਪੇਰੇ ”ਹਾੜ੍ਹੀਆਂ ਸੌਣੀਆਂ” ਵਿੱਚ ਵੀ ਕੰਮ ਕੀਤਾ। ਉਮਾ ਭੈਣ ਜੀ ਜਦੋਂ ਨਾਟਕਾਂ ਵਿੱਚ ਗੀਤ ਗਾਉਂਦੇ ਤਾਂ ਉਦੋਂ ”ਰਵੀ” (ਜੋ ਬਾਅਦ ਵਿੱਚ ਹਿੰਦੀ ਫ਼ਿਲਮਾਂ ਦਾ ਵੱਡਾ ਸੰਗੀਤਕਾਰ ਬਣਿਆ) ਵਾਇਲਨ ਵਜਾਉਂਦਾ ਸੀ। ਜਦੋਂ ਸਟੇਜ ‘ਤੇ ਭੈਣ ਜੀ ਨਾਟਕ ਖੇਡਦੇ ਉਦੋਂ ਅੰਮ੍ਰਿਤਾ ਪ੍ਰੀਤਮ ਸਟੇਜ ‘ਤੇ ਨਾਲ ਕਵਿਤਾ ਬੋਲਦੀ ਸੀ। ਉਦੋਂ ਹੀ ਡਾ: ਜਸਵੰਤ ਗਿੱਲ ਵੀ ਪ੍ਰੀਤ ਨਗਰ ਵਿੱਚ ਰਹਿੰਦੇ ਸਨ ਤੇ ਨਾਟਕਾਂ ਵਿੱਚ ਸਹਿਯੋਗ ਦੇਂਦੇ ਸਨ। ਤੇਰਾ ਸਿੰਘ ਚੰਨ ਦੇ ਉਪੇਰੇ ਅਮਰ ਪੰਜਾਬ ਵਿੱਚ ਉਮਾ ਭੈਣ ਜੀ ਤੇ ਭਾਬੀ ਜੀ ਮਹਿੰਦਰ ਕੌਰ (ਪਤਨੀ ਨਵਤੇਜ ਸਿੰਘ) ਨੇ ਵੀ ਰੁੜਕੇਲਾ ਤੇ ਕਲਕੱਤਾ ਤੇ ਹੋਰ ਥਾਵਾਂ ‘ਤੇ ਸ਼ੋਅ ਕੀਤੇ। ਭੈਣ ਜੀ ਦੀ ਆਵਾਜ਼ ਸੁਣ ਕੇ ਉਦੋਂ ਹੀ ਮੁੰਬਈ ਤੋਂ ਡਾ. ਗੰਗਾਧਰ ਅਧਿਕਾਰੀ ਨੇ ਪੀ.ਸੀ. ਜੋਸ਼ੀ ਰਾਹੀਂ ਪੰਜਾਬ ਤੋਂ ਸੰਗੀਤਕਾਰ ਪ੍ਰੇਮ ਧਵਨ ਤੇ ਉਮਾ ਭੈਣ ਜੀ ਨੂੰ ਬੰਬਈ ਬੁਲਾਇਆ ਪਰ ਉਮਾ ਨੂੰ ਨਾਟਕ ਤੇ ਰੰਗਮੰਚ ਨਾਲ ਮੋਹ ਸੀ, ਇਸ ਲਈ ਉਹ ਬੰਬਈ ਨਹੀਂ ਗਏ ਤੇ ਪੰਜਾਬ ਵਿੱਚ ਹੀ ਨਾਟਕ ਖੇਡਦੇ ਰਹੇ।
ਉਮਾ ਭੈਣ ਜੀ ਨੇ ਐਫ.ਸੀ. ਕਾਲਜ ਲਾਹੌਰ ਤੋਂ ਬੀ.ਏ. ਕੀਤੀ ਦੂਜੇ ਮੁਲਕਾਂ ਬੁਖਾਰੈਸਟ, ਰੋਮਾਨੀਆ ਵਗੈਰਾ ਵਿੱਚ ਤੇ ਯੂਥ ਫੈਸਟੀਵਲਾਂ ਵਿੱਚ ਵੀ ਭਾਗ ਲੈਣ ਜਾਂਦੇ ਰਹੇ। ਉਹ ਚੀਨ, ਹਾਂਗਕਾਂਗ, ਆਸਟਰੀਆ, ਸਵਿਟਜ਼ਰਲੈਂਡ ਤੇ ਦਾਰ ਜੀ ਸ. ਗੁਰਬਖ਼ਸ਼ ਸਿੰਘ ਨਾਲ ਕੈਨੇਡਾ, ਵੈਨਜ਼ੂਏਲਾ, ਅਮਰੀਕਾ ਤੇ ਦੋ ਵਾਰ ਰੂਸ ਵੀ ਗਏ। ਰੂਸ ਜਾ ਕੇ ਵੀ ਉਨ੍ਹਾਂ ਨੇ ਬੈਲੇ ਸਵਾਨਲੇਕ ਤੇ ਉਜ਼ਬੇਕਿਸਤਾਨ ਵਿੱਚ ਬੈਲੇ ਡਾਨਕੀਜ਼ੋ ਦੇਖੇ। ਉਹ ਉਦੋਂ ਰੰਗਮੰਚ ਦੇ ਨਾਲ-ਨਾਲ ‘ਪ੍ਰੀਤ ਲੜੀ’ ਨੂੰ ਪੋਸਟ ਕਰਨ ਦੀ ਜ਼ਿੰਮੇਵਾਰੀ ਵੀ ਨਿਭਾਉਂਦੇ ਸੀ। ਉਦੋਂ ਪ੍ਰੀਤ ਲੜੀ ਦੀ ਛਪਣ ਗਿਣਤੀ 50,000 (ਪੰਜਾਹ ਹਜ਼ਾਰ) ਸੀ। ਉਹ ਆਪਣੀਆਂ ਸਾਥਣਾਂ ਨਾਲ ਬੈਠ ਕੇ, ਰਸਾਲੇ ‘ਤੇ ਡਾਕ ਟਿਕਟਾਂ ਲਗਾਉਂਦੇ ਤੇ ਫਿਰ ਗੱਡੇ ‘ਤੇ ਲੱਦ ਕੇ ਪੋਸਟ ਆਫਿਸ ਲੈ ਕੇ ਜਾਂਦੇ। ਉਨ੍ਹਾਂ ਲੰਮਾ ਸਮਾਂ ਪੰਜਾਬੀ ਰੰਗਮੰਚ ਤੇ ਸੰਗੀਤ ਦਾ ਪੱਲਾ ਫੜੀ ਰੱਖਿਆ। ਉਦੋਂ ਹੀ ਸ਼ੀਲਾ ਦੀਦੀ (ਸੋਸ਼ਲ ਵਰਕਰ) ਰਿਹਰਸਲਾਂ ਅਤੇ ਸ਼ੋਆਂ ਵਿੱਚ ਭਾਗ ਲੈਣ ਲਈ ਉਨ੍ਹਾਂ ਕੋਲ ਆਉਂਦੇ ਰਹੇ। ਉਨ੍ਹਾਂ ਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਉਨ੍ਹਾਂ ਨੇ ਲਾਹੌਰ ਦੇ ਇਕ ਆਡੀਟੋਰੀਅਮ ਵਿੱਚ ਸਰੋਦ ਵਾਦਕ ਅਲੀ ਅਕਬਰ ਖ਼ਾਨ ਤੇ ਰਵੀ ਸ਼ੰਕਰ ਨਾਲ ਵੀ ਸਟੇਜ ਸਾਂਝੀ ਕੀਤੀ ਸੀ। ਜਦੋਂ 1947 ਵਿੱਚ ਦੇਸ਼ ਵੰਡਿਆ ਗਿਆ ਤਾਂ ਉਸ ਵੇਲੇ ਪ੍ਰੀਤ ਨਗਰ ਵੀ ਉੱਜੜ ਗਿਆ, ਪਰ ਉਨ੍ਹਾਂ ਹਿੰਮਤ ਨਹੀਂ ਹਾਰੀ, ਪ੍ਰੀਤ ਨਗਰ ਵਿੱਚ ਵੱਸਦੇ ਮੁਸਲਮਾਨ ਪਰਿਵਾਰਾਂ ਦੀਆਂ ਔਰਤਾਂ ਨੂੰ ਉਨ੍ਹਾਂ ਨੇ ਬੜੀ ਹਿਫਾਜ਼ਤ ਨਾਲ ਪ੍ਰੀਤ ਨਗਰ ‘ਚ ਇਕ ਬਿਲਡਿੰਗ ਵਿੱਚ ਲੁਕੋ ਕੇ ਰੱਖਿਆ। ਕੁਝ ਮੁਸਲਮਾਨ ਔਰਤਾਂ ਨੂੰ ਗੰਨਿਆਂ ਦੇ ਖੇਤਾਂ ਵਿੱਚ ਲੁਕਾ ਕੇ ਰੱਖਿਆ ਤੇ ਉਮਾ ਭੈਣ ਜੀ ਫਸਾਦੀਆਂ ਤੋਂ ਛੁਪ ਕੇ ਉਨ੍ਹਾਂ ਨੂੰ ਉਥੇ ਖਾਣਾ ਪਹੁੰਚਾਂਦੇ ਰਹੇ। ਕੁਝ ਦਿਨਾਂ ਬਾਅਦ ਉਮਾ ਭੈਣ ਜੀ, ਪ੍ਰੀਤ ਸੈਨਿਕ ਦਰਸ਼ਨ ਸਿੰਘ ਤੇ ਹੋਰ ਸਾਥੀਆਂ ਸਮੇਤ ਉਨ੍ਹਾਂ ਨੂੰ ਹਿਫਾਜ਼ਤ ਨਾਲ ਸਰਹੱਦ ਤੱਕ ਛੱਡ ਕੇ ਆਏ।
ਉਮਾ ਭੈਣ ਜੀ ਅੱਜ ਵੀ ਸਾਡੇ ਕੋਲ ਪੰਜਾਬੀ ਰੰਗਮੰਚ ਦੀ ਪਹਿਲੀ ਅਭਿਨੇਤਰੀ ਦੇ ਰੂਪ ਵਿੱਚ ਇਕ ਖਜ਼ਾਨਾ ਸਾਂਭਿਆ ਪਿਆ ਹੈ। ਉਹ ਪੰਜਾਬੀ ਰੰਗਮੰਚ ਦੇ ਇਤਿਹਾਸ ਨੂੰ ਨਵਾਂ ਮੋੜ ਦੇਣ ਵਾਲੀ ਪਹਿਲੀ ਮਹਿਲਾ ਅਦਾਕਾਰਾ ਹੈ, ਜਿਸ ਨੇ ਸੰਗੀਤ ਤੇ ਅਦਾਕਾਰੀ ਨੂੰ ਉਨ੍ਹਾਂ ਸਮਿਆਂ ਵਿੱਚ ਅਪਣਾਇਆ ਜਦੋਂ ਕੁੜੀਆਂ ਦਾ ਸਟੇਜ ‘ਤੇ ਆਉਣਾ ਤਾਂ ਦੂਰ ਘਰਾਂ ਤੋਂ ਨਿਕਲਣਾ ਵੀ ਮੁਸ਼ਕਲ ਸੀ। ਉਨ੍ਹਾਂ ਨੇ ਅੱਜ ਲਗਪਗ 86-87 ਸਾਲ ਦੀ ਉਮਰ ਵਿੱਚ ਵੀ ਪ੍ਰੀਤ ਨਗਰ ਦੀ ਰੰਗਮੰਚ ਪ੍ਰੰਪਰਾ ਨੂੰ ਜ਼ਿੰਦਾ ਰੱਖਿਆ ਹੋਇਆ ਹੈ। ਪਿਛਲੇ 9-10 ਸਾਲਾਂ ਤੋਂ ਗੁਰਬਖ਼ਸ਼ ਸਿੰਘ ਨਾਨਕ ਸਿੰਘ ਫਾਊਂਡੇਸ਼ਨ ਬਣਾ ਕੇ ਉਨ੍ਹਾਂ ਨੇ ਪ੍ਰੀਤ ਨਗਰ ਵਿਖੇ ਬਹੁਤ ਹੀ ਖੂਬਸੂਰਤ ਆਡੀਟੋਰੀਅਮ ਤੇ ਓਪਨ ਏਅਰ ਥੀਏਟਰ ਬਣਾਇਆ ਹੈ। ਹਿੰਦੁਸਤਾਨ ਦੇ ਕਿਸੇ ਪਿੰਡ ਵਿੱਚ, ਉਹ ਵੀ ਬਾਰਡਰ ਏਰੀਏ ਵਿੱਚ ਏਨਾ ਖੂਬਸੂਰਤ ਤੇ ਤਕਨੀਕੀ ਤੌਰ ‘ਤੇ ਸੰਪੰਨ ਨਾਟ-ਘਰ ਆਪਣੇ ਆਪ ਵਿੱਚ ਇਕ ਮਿਸਾਲ ਹੈ। ਪਿਛਲੇ 9-10 ਸਾਲਾਂ ਤੋਂ ਹਰ ਮਹੀਨੇ ਤੀਸਰੇ ਬੁੱਧਵਾਰ ਪ੍ਰੀਤ ਨਗਰ ਦੇ ਇਸ ਓਪਨ ਏਅਰ ਥੀਏਟਰ ਵਿੱਚ ਪੰਜਾਬ ਦੀ ਕਿਸੇ ਨਾ ਕਿਸੇ ਟੀਮ ਨੂੰ ਬੁਲਾ ਕੇ ਨਾਟਕ ਜ਼ਰੂਰ ਕਰਵਾਉਂਦੇ ਨੇ। ਉਮਾ ਭੈਣ ਜੀ ਵੱਲੋਂ ਆਯੋਜਿਤ ਇਨ੍ਹਾਂ ਨਾਟ ਪੇਸ਼ਕਾਰੀਆਂ ਦਾ ਸਿਲਸਿਲਾ ਜਾਰੀ ਹੈ। ਪਿੰਡਾਂ ਵਿੱਚ ਵੀ ਭਰੂਣ ਹੱਤਿਆ, ਨਸ਼ਿਆਂ ਦੇ ਖਿਲਾਫ ਅਤੇ ਕਿਸਾਨ ਖੁਦਕਸ਼ੀਆਂ ਬਾਰੇ ਨਾਟਕ ਖੇਡਦੇ ਹਨ। ਉਮਾ ਭੈਣ ਜੀ ਬੇਹੱਦ ਮਿਲਾਪੜੇ ਸੁਭਾਅ ਦੇ ਨੇ। ਕਦੇ ਵੀ ਮੱਥੇ ‘ਤੇ ਸ਼ਿਕਨ ਨਹੀਂ ਆਉਂਦੀ। ਹਮੇਸ਼ਾ ਪਿਛੇ ਰਹਿ ਕੇ, ਸਭਨਾਂ ਦਾ ਸਾਥ ਦਿੰਦੇ ਨੇ। ਉਹ ਪੰਜਾਬੀ, ਹਿੰਦੀ, ਉਰਦੂ, ਅੰਗਰੇਜ਼ੀ ਜੁਬਾਨਾਂ ਦੇ ਵੀ ਮਾਹਿਰ ਨੇ।  ਉਹ ਕਹਿੰਦੇ ਨੇ, ”ਫੇਰ ਕੀ ਹੋਇਆ ਜੇ ਮੈਂ ਹੁਣ ਅਦਾਕਾਰੀ ਨਹੀਂ ਕਰਦੀ, ਗੀਤ ਨਹੀਂ ਗਾਉਂਦੀ ਪਰ ਮੈਂ ਹਰ ਮਹੀਨੇ ਪ੍ਰੀਤ ਨਗਰ ਵਿੱਚ ਨਾਟਕ ਕਰਵਾ ਕੇ, ਸੰਗੀਤ ਸੁਣ ਕੇ ਆਪਣੇ ਅੰਦਰ ਦੀ ਅਦਾਕਾਰਾ ਨੂੰ ਮਰਨ ਨਹੀਂ ਦਿੱਤਾ। ਦੂਜਿਆਂ ਨੂੰ ਨਾਟਕ ਕਰਦਿਆਂ ਵੇਖ ਕੇ ਮੈਨੂੰ ਖੁਸ਼ੀ ਹੁੰਦੀ ਹੈ ਤੇ ਖਾਸ ਤੌਰ ‘ਤੇ ਜਦੋਂ ਮੈਂ ਨੌਜਵਾਨ ਕੁੜੀਆਂ ਨੂੰ ਸਟੇਜ ‘ਤੇ ਕੰਮ ਕਰਦਿਆਂ ਵੇਖਦੀ ਹਾਂ, ਉਦੋਂ ਦਿਲ ਨੂੰ ਸਕੂਨ ਮਿਲਦਾ ਹੈ ਕਿ ਜੋ ਹਿੰਮਤ ਅਸੀਂ ਕੀਤੀ ਸੀ ਉਹ ਅਜਾਈਂ ਨਹੀਂ ਗਈ।” ਉਨ੍ਹਾਂ ਨੂੰ ਰੰਗਮੰਚ ਦਾ ਏਨਾ ਸ਼ੌਕ ਹੈ ਕਿ ਉਹ ਆਪਣੇ ਛੋਟੇ ਭਰਾ ਹਿਰਦੇਪਾਲ ਸਿੰਘ ਤੇ ਭਾਬੀ ਪਰਵੀਨ ਦੇ ਨਾਲ ਅੰਮ੍ਰਿਤਸਰ ਸ਼ਹਿਰ ਵਿੱਚ ਹੋਣ ਵਾਲੇ ਨਾਟਕਾਂ ਨੂੰ ਦੇਖਣ ਲਈ ਅਕਸਰ ਆਉਂਦੇ ਰਹਿੰਦੇ ਨੇ। ਉਮਾ ਭੈਣ ਜੀ ਅੱਜ ਵੀ ਨੌਜਵਾਨ ਕਲਾਕਾਰਾਂ ਲਈ ਪ੍ਰੇਰਨਾ ਸਰੋਤ ਨੇ। ਉਮਾ ਭੈਣ ਜੀ ਦੀ ਅਸੀਂ ਲੰਮੀ ਉਮਰ ਤੇ ਚੰਗੀ ਸਿਹਤ ਲਈ ਦੁਆ ਵੀ ਕਰਦੇ ਆਂ ਤੇ ਚਾਹੁੰਦੇ ਹਾਂ ਕਿ ਉਨ੍ਹਾਂ ਦਾ ਅਸ਼ੀਰਵਾਦ ਹਮੇਸ਼ਾ ਨਵੇਂ ਕਲਾਕਾਰਾਂ ਦੇ ਸਿਰ ‘ਤੇ ਬਣਿਆ ਰਹੇ। ਪੰਜਾਬੀ ਰੰਗਮੰਚ ਦੇ ਲੰਮੇ ਸਫ਼ਰ ਵਿੱਚ ਇਤਿਹਾਸਕ ਭੂਮਿਕਾ ਨਿਭਾਉਣ ਵਾਲੀ ਅਦਾਕਾਰਾ ਉਮਾ ਗੁਰਬਖ਼ਸ਼ ਸਿੰਘ ਨੂੰ ਸਲਾਮ।

*ਮੋਬਾਈਲ: 98142-99422


Comments Off on ਪੰਜਾਬੀ ਰੰਗਮੰਚ ਦੀ ਪਹਿਲੀ ਅਭਿਨੇਤਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.