ਜਵਾਨੀ ਦੇ ਅਵੱਲੇ ਜੋਸ਼ ’ਚ ਹੋਸ਼ ਰੱਖਣਾ ਵੀ ਜ਼ਰੂਰੀ !    ਨੌਜਵਾਨ ਸੋਚ:ਵਿਦਿਆਰਥੀ ਸਿਆਸਤ ਦਾ ਉਭਾਰ !    ਸਭ ਦੇ ਸਿਰ ਚੜ੍ਹ ਬੋਲ ਰਹੀ ਟਿੱਕ ਟੌਕ ਦੀ ਦੀਵਾਨਗੀ !    ਖੇਲੋ ਇੰਡੀਆ: ਉਤਕਰਸ਼ ਤੇ ਪ੍ਰਿਯੰਕਾ ਨੂੰ ਸੋਨ ਤਗ਼ਮੇ !    ਰਾਫੇਲ ਨਡਾਲ ਦੀ ਟੈਨਿਸ ਟੂਰਨਾਮੈਂਟ ’ਚ ਵਾਪਸੀ !    ਕੇਰਲ ਹਾਈ ਕੋਰਟ ਨੇ ਕਾਲਜਾਂ ਤੇ ਸਕੂਲਾਂ ਵਿੱਚ ਪ੍ਰਦਰਸ਼ਨ ਕਰਨ ’ਤੇ ਰੋਕ ਲਗਾਈ !    ਨਵੀਨ ਪਟਨਾਇਕ ਬੀਜੇਡੀ ਦੇ ਅੱਠਵੀਂ ਵਾਰ ਪ੍ਰਧਾਨ ਬਣੇ !    ਕੈਨੇਡਾ ਨੇ ਚੀਨ ਦੇ ਸ਼ਹਿਰਾਂ ਨੂੰ ਹਵਾਈ ਸੇਵਾ ਸ਼ੁਰੂ ਨਾ ਕੀਤੀ !    ਸੰਵਿਧਾਨ ਬਚਾਓ ਮੰਚ ਵੱਲੋਂ ਦਿੱਲੀ ਵਿਚ ਫੈਲਾਈ ਜਾ ਰਹੀ ਹਿੰਸਾ ਦੀ ਨਿਖੇਧੀ !    ਢੀਂਡਸਾ ਦੀ ਟਕਸਾਲੀਆਂ ਨਾਲ ਨਹੀਂ ਗਲਣੀ ਸਿਆਸੀ ਦਾਲ !    

ਕਾਠੇ ਲੋਕਾਂ ਦੀ ਦਾਸਤਾਨ

Posted On May - 19 - 2012

 ਹਰਫ਼ਾਂ ਦੇ ਆਰ ਪਾਰ/ ਵਰਿੰਦਰ ਵਾਲੀਆ

ਮੂੰਹ ਵਿੱਚ ਕਾਠ ਦਾ ਚਮਚਾ ਲੈ ਕੇ ਜਨਮੇ ਸਾਧਾਰਨ ਘਰਾਂ ਦੇ ਕਾਠੇ ਲੋਕ (ਕਾਠ ਜਿਹੇ ਕਰੜੇ) ਸਹਿਜੇ ਹੀ ਅਸਾਧਾਰਨ ਪ੍ਰਾਪਤੀਆਂ ਕਰ ਲੈਂਦੇ ਹਨ। ਅਜਿਹੇ ਸਿਰੜੀ ਲੋਕਾਂ ਵਿੱਚ ਸੁਨੀਲ ਕੁਮਾਰ (17) ਦਾ ਨਾਂ ਵੀ ਸ਼ਾਮਲ ਹੋ ਗਿਆ ਹੈ ਜਿਸ ਨੂੰ ਹੁਣ ਤਕ ਪੱਕੀ ਛੱਤ ਵੀ ਨਸੀਬ ਨਹੀਂ ਹੋਈ। ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈ.ਆਈ.ਟੀ.) ਲਈ ਸਾਂਝੀ ਦਾਖ਼ਲਾ ਪ੍ਰੀਖਿਆ ਪਾਸ ਕਰਨ ਵਾਲੇ ਇਸ ਨੌਜਵਾਨ ਦੇ ਪਿਤਾ ਪਿਛਲੇ 25 ਸਾਲਾਂ ਤੋਂ ਚੰਡੀਗੜ੍ਹ ਦੇ ਸੈਕਟਰ 38 ਦੀ ਇੱਕ ਕੋਠੀ ਦੀ ਗੁੱਠ ਵਿੱਚ ਲੋਕਾਂ ਦੇ ਕੱਪੜੇ ਪ੍ਰੈਸ ਕਰਦੇ ਆ ਰਹੇ ਹਨ। ਪੰਜ ਜੀਆਂ ਦੇ ਪਰਿਵਾਰ ਦਾ ਰੈਣ-ਬਸੇਰਾ ਕਾਠ ਦੀ ਝੁੱਗੀ ਹੈ। ਉਸ ਦੇ ਅਨਪੜ੍ਹ ਮਾਂ-ਬਾਪ, ਮਿਠਾਈ ਲਾਲ ਤੇ ਰੇਖਾ ਨੂੰ ਭਾਵੇਂ ਆਈ.ਆਈ.ਟੀ. ਦੇ ਮਾਅਨੇ ਵੀ ਨਹੀਂ ਆਉਂਦੇ ਪਰ ਵਧਾਈਆਂ ਦੇਣ ਵਾਲਿਆਂ ਦੇ ਤਾਂਤੇ ਤੋਂ ਉਹ ਮਹਿਸੂਸ ਕਰਦੇ ਹਨ ਕਿ ‘ਗੋਦੜੀ ਦੇ ਲਾਲ’ ਨੇ ਕੋਈ ਵੱਡਾ ਮਾਅਰਕਾ ਮਾਰਿਆ ਹੈ। ਮਿਠਾਈ ਲਾਲ ਕੋਲ ਇੰਨੇ ਪੈਸੇ ਵੀ ਨਹੀਂ ਹਨ ਕਿ ਉਹ ਹਰ ਕਿਸੇ ਦਾ ਮਠਿਆਈ ਨਾਲ ਮੂੰਹ ਮਿੱਠਾ ਕਰਵਾ ਸਕੇ। ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਨਿਵਾਸੀ ਮਿਠਾਈ ਲਾਲ ਨੇ ਲਗਪਗ 25 ਸਾਲ ਪਹਿਲਾਂ ਚੰਡੀਗੜ੍ਹ ਨੂੰ ਆਪਣਾ ‘ਦੂਜਾ ਘਰ’ ਬਣਾਇਆ ਸੀ। ਸੁਨੀਲ ਦਾ ਅਗਲਾ ਸੁਪਨਾ ਆਈ.ਏ.ਐਸ. ਅਫ਼ਸਰ ਬਣਨਾ ਹੈ। ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਦੇ ਪਰਵਾਸੀ ਮਜ਼ਦੂਰ ਦੇ ਬੇਟੇ ਸੂਰਜ ਨੇ ਵੀ ਇਹ ਦਾਖ਼ਲਾ  ਪ੍ਰੀਖਿਆ ਪਾਸ ਕਰਕੇ ਆਪਣੇ ਮਾਂ-ਬਾਪ ਦਾ ਨਾਂ ਰੋਸ਼ਨ ਕੀਤਾ ਹੈ।
ਇਸ ਵਾਰ ਆਈ.ਏ.ਐਸ. ਅਤੇ ਆਈ.ਆਈ.ਟੀ. ਪਾਸ ਕਰਨ ਵਾਲਿਆਂ ਵਿੱਚ ਦਸਾਂ ਨਹੁੰਆਂ ਦੀ ਕਿਰਤ ਕਰਨ ਵਾਲਿਆਂ ਦੇ ਕਈ ਬੱਚੇ ਸ਼ਾਮਲ ਹਨ। ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਨਿਤਾਣਿਆਂ ਅਤੇ ਨਿਓਟਿਆਂ ਲਈ ਚੱਲ ਰਹੇ ਮੁਫ਼ਤ ਕੋਚਿੰਗ ਸੈਂਟਰ ਦੇ ਤੀਹਾਂ ਵਿੱਚੋਂ 27 ਬੱਚਿਆਂ ਲਈ ਆਈ.ਆਈ.ਟੀ. ਦੇ ਦਰ-ਦਰਵਾਜ਼ੇ ਖੁੱਲ੍ਹ ਗਏ ਹਨ। ਇਸ ਪ੍ਰਾਪਤੀ ਨਾਲ ‘ਸੁਪਰ-30’ ਦੇ ਬਾਨੀ ਆਨੰਦ ਕੁਮਾਰ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਪਾਸ ਹੋਏ ਬੱਚੇ ਉਸ ਨੂੰ ਆਪਣੇ ਮੋਢਿਆਂ ’ਤੇ ਚੁੱਕੀ ਫਿਰਦੇ ਹਨ। ਆਨੰਦ ਕੁਮਾਰ ਨੇ ਇੱਕ ਵਾਰ ਫੇਰ ਸਾਬਤ ਕਰ ਦਿੱਤਾ ਹੈ ਕਿ ਜੇ ਗੁਰਬਤ ਦੀ ਚੱਕੀ ਵਿੱਚ ਪਿਸ ਰਹੇ ਬੱਚਿਆਂ ਨੂੰ ਬਰਾਬਰ ਦੇ ਮੌਕੇ ਮੁਹੱਈਆ ਕਰਵਾਏ ਜਾਣ ਤਾਂ ਉਹ ‘ਮੂੰਹ ਵਿੱਚ ਚਾਂਦੀ ਦਾ ਚਮਚਾ’ ਲੈ ਕੇ ਜਨਮੇ ਬੱਚਿਆਂ ਤੋਂ ਅੱਗੇ ਨਿਕਲ ਸਕਦੇ ਹਨ। ਆਨੰਦ ਕੁਮਾਰ ਦਾ ਜਨਮ 1 ਜਨਵਰੀ 1973 ਨੂੰ ਪਟਨਾ ਵਿੱਚ ਡਾਕਘਰ ਦੇ ਇੱਕ ਕਲਰਕ ਦੇ ਘਰ ਹੋਇਆ ਸੀ। ਸੀਮਤ ਸਾਧਨਾਂ ਕਰਕੇ ਉਹ ਆਪਣੇ ਬੱਚਿਆਂ ਨੂੰ ਪਬਲਿਕ ਸਕੂਲ ਵਿੱਚ ਪੜ੍ਹਾਉਣ ਤੋਂ ਅਸਮਰੱਥ ਸੀ। ਆਨੰਦ ਨੂੰ ਮਜਬੂਰਨ ਹਿੰਦੀ ਮੀਡੀਅਮ ਵਾਲੇ ਸਰਕਾਰੀ ਸਕੂਲ ਵਿੱਚ ਪੜ੍ਹਨਾ ਪਿਆ ਜਿੱਥੇ ਉਸ ਨੇ ਅੰਕੜਿਆਂ ’ਤੇ ਮੁਹਾਰਤ ਹਾਸਲ ਕਰ ਲਈ। ਉਸ ਨੂੰ ਭਾਵੇਂ ਕੈਂਬਰਿਜ ਯੂਨੀਵਰਸਿਟੀ ਵਿੱਚ ਦਾਖ਼ਲਾ ਮਿਲ ਗਿਆ ਸੀ ਪਰ ਉਹ ਪਿਤਾ ਦੀ ਅਚਾਨਕ ਮੌਤ ਤੋਂ ਬਾਅਦ ਘਰ ਦੀ ਪੇਤਲੀ ਆਰਥਿਕ ਦਸ਼ਾ ਕਾਰਨ ਉੱਥੇ ਨਾ ਪੜ੍ਹ ਸਕਿਆ। ਪੜ੍ਹਾਈ ਜਾਰੀ ਰੱਖਣ ਅਤੇ ਘਰ ਦਾ ਨਿਰਬਾਹ ਕਰਨ ਲਈ ਉਸ ਨੂੰ ਸਹੀ ਮਾਅਨਿਆਂ ਵਿੱਚ ਮਾਂ ਨਾਲ ਪਾਪੜ ਵੀ ਵੇਲਣੇ ਪਏ। ਵਿਹਲੇ ਸਮੇਂ ਉਹ ਬੱਚਿਆਂ ਨੂੰ ਹਿਸਾਬ ਦੀ ਟਿਊਸ਼ਨ ਪੜ੍ਹਾ ਕੇ ਕੁਝ ਹੋਰ ਪੈਸੇ ਕਮਾ ਲੈਂਦਾ ਸੀ। ਸੰਨ 1992 ਵਿੱਚ ਉਸ ਨੇ ਪੰਜ ਸੌ ਰੁਪਏ ਮਹੀਨੇ ’ਤੇ ਇੱਕ ਕਮਰਾ ਲੈ ਕੇ ਬੱਚਿਆਂ ਨੂੰ ਹਿਸਾਬ ਦਾ ਵਿਸ਼ਾ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਦੇਖਦਿਆਂ ਹੀ ਦੇਖਦਿਆਂ ਪੜ੍ਹਨ ਵਾਲਿਆਂ ਦੀ ਗਿਣਤੀ 500 ਟੱਪ ਗਈ। ਅੱਖਾਂ ਵਿੱਚ ਸੁਪਨੇ ਸੰਜੋਈ ਇੱਕ ਗ਼ਰੀਬੜੇ ਬੱਚੇ ਨੇ ਉਸ ਕੋਲ ਆ ਕੇ ਤਰਲਾ ਮਾਰਿਆ ਕਿ ਉਹ ਆਈ.ਆਈ.ਟੀ. ਵਿੱਚ ਪੜ੍ਹਨਾ ਤਾਂ ਚਾਹੁੰਦਾ ਹੈ ਪਰ ਉਸ ਕੋਲ ਫ਼ੀਸ ਜੋਗੇ ਪੈਸੇ ਨਹੀਂ ਹਨ। ਆਨੰਦ ਕੁਮਾਰ ਦੇ ਦਿਲ ਵਿੱਚੋਂ ਹੂਕ ਨਿਕਲੀ, ਉਸ ਨੂੰ ਆਪਣੇ ਬਚਪਨ ਦੀਆਂ ਕੁਸੈਲੀਆਂ ਯਾਦਾਂ ਨੇ ਘੇਰ ਲਿਆ। ਆਖਰ ਉਸ ਨੇ ਤਹੱਈਆ ਕੀਤਾ ਕਿ ਉਹ ਹਰ ਸਾਲ ਦੱਬੇ-ਕੁਚਲੇ ਤੇ ਸਮਾਜ ਦੇ ਲਤਾੜੇ ਹੋਏ ਵਰਗ ਦੇ ਘੱਟੋ-ਘੱਟ 30 ਬੱਚਿਆਂ ਨੂੰ ਮੁਫ਼ਤ ਕੋਚਿੰਗ ਮੁਹੱਈਆ ਕਰਵਾਇਆ ਕਰੇਗਾ। ਸੰਨ 2003 ਤੋਂ ਹੁਣ ਤਕ ‘ਸੁਪਰ-30’ ਵਿੱਚੋਂ ਲਗਪਗ 300 ਬੱਚੇ ਆਈ.ਆਈ.ਟੀ. ਪਹੁੰਚਣ ਵਿੱਚ ਕਾਮਯਾਬ ਹੋ ਚੁੱਕੇ ਹਨ। ਇਸ ਤੋਂ ਸਾਫ਼ ਜ਼ਾਹਰ ਹੈ ਕਿ ਬੱਚੇ ਕੱਚੀ ਮਿੱਟੀ ਵਰਗੇ ਹੁੰਦੇ ਹਨ ਜਿਨ੍ਹਾਂ ਨੂੰ ਚੱਕ ’ਤੇ ਕਿਸੇ ਵੀ ਤਰ੍ਹਾਂ ਦਾ ਆਕਾਰ ਦਿੱਤਾ ਜਾ ਸਕਦਾ ਹੈ। ਆਨੰਦ ਕੁਮਾਰ ਨੇ ਗ਼ਰੀਬ ਬੱਚਿਆਂ ਨੂੰ ਅਜਿਹਾ ਅਵਸਰ ਦੇ ਕੇ ਕ੍ਰਿਸ਼ਮਾ ਕਰ ਦਿਖਾਇਆ ਹੈ। ਹਨੇਰੇ ਵਿੱਚ ਚਿਣਗ ਸੁੱਟ ਕੇ ਉਹੀ ਰੋਸ਼ਨੀ ਕਰ ਸਕਦਾ ਹੈ, ਜਿਸ ਦੇ ਆਪਣੇ ਵਿੱਚ ਕੋਈ ਚਿਣਗ ਹੋਵੇ। ਬੁਝੇ ਦੀਵੇ ਦਾ ਧੂੰਆਂ ਹਨੇਰੇ ਨੂੰ ਗਾੜ੍ਹਾ ਤਾਂ ਕਰ ਸਕਦਾ ਹੈ ਪਰ ਕੋਈ ਹੋਰ ਦੀਵਾ ਨਹੀਂ ਜਗਾ ਸਕਦਾ। ਆਨੰਦ ਨੇ ਗੁਰਬਤ ਹੱਡੀਂ ਹੰਢਾਈ ਹੈ, ਇਸੇ ਲਈ ਉਹ ਗ਼ਰੀਬਾਂ ਦੀ ਪੀੜਾ ਨੂੰ ਸਮਝਦਾ ਹੈ। ਉਸ ਨੇ ਗ਼ਰੀਬੀ ਨੂੰ ਗਦਾ ਬਣਾ ਕੇ ਗੁਰਬਤ ਦੀ ਜੰਗ ਜਿੱਤੀ ਹੈ:
ਗਰੀਬੀ ਗਦਾ ਹਮਾਰੀ
ਖੰਨਾ ਸਗਲ ਰੇਨੁ ਛਾਰੀ
ਇਸ ਆਗੈ ਕੋ ਨ ਟਿਕੈ ਵੇਕਾਰੀ
(ਭਾਵ, ਨਿਮਰਤਾ ਕਿੱਲੇਦਾਰ ਗੁਰਜ ਹੈ। ਪੈਰਾਂ ਦੀ ਧੂੜ ਹੋਣਾ ਦੋਧਾਰਾ ਖੰਡਾ ਹੈ। ਇਨ੍ਹਾਂ ਸ਼ਸਤਰਾਂ ਮੂਹਰੇ ਕੋਈ ਨਹੀਂ ਠਹਿਰ ਸਕਦਾ)।
ਇੱਕੀਵੀਂ ਸਦੀ ਵਿੱਚ ਗਿਆਨ ਸਭ ਤੋਂ ਵੱਡਾ ਹਥਿਆਰ ਹੈ। ਪੰਜਾਬ ਸਮੇਤ ਦੂਜੇ ਸੂਬਿਆਂ ਵਿੱਚ ਵੀ ‘ਸੁਪਰ-30’ ਵਰਗੇ ਤਜਰਬੇ ਹੋਣੇ ਚਾਹੀਦੇ ਹਨ। ਦੇਸ਼ ਦਾ ਬੱਚਾ-ਬੱਚਾ ਚੰਗੀ ਵਿੱਦਿਆ ਹਾਸਲ ਕਰ ਗਿਆ ਤਾਂ ਇਨਕਲਾਬ ਆਪਣੇ ਆਪ ਆ ਜਾਵੇਗਾ। ਅਜਿਹਾ ਇਨਕਲਾਬ ਬੰਦੂਕ ਦੀ ਨਾਲੀ ਦੀ ਬਜਾਏ ਕਲਮ ਦੀ ਨੋਕ ’ਚੋਂ ਪਹਿਲਾਂ ਆ ਸਕਦਾ ਹੈ। ਨਸ਼ਿਆਂ-ਪੱਤਿਆਂ ਵਿੱਚ ਪਿੰਡਾਂ ਦੇ ਪਿੰਡ ਗਰਕ ਰਹੇ ਹਨ, ਜਿਸ ਲਈ ਸਰਕਾਰ ਵੀ ਭਾਗੀਦਾਰ ਹੈ। ਵਿਕਾਸ ਦੇ ਕਈ ਖੇਤਰਾਂ ਵਿੱਚ ਪੰਜਾਬ ਵਿੱਚੋਂ ਨਿਕਲੇ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਅੱਗੇ ਨਿਕਲ ਰਹੇ ਹਨ। ਆਈ.ਏ.ਐਸ. ਤੋਂ ਬਾਅਦ ਹੁਣ ਆਈ.ਆਈ.ਟੀ. ਵਿੱਚ ਹਰਿਆਣਾ ਅਤੇ ਪੰਜਾਬ ਦੇ ਬੱਚੇ ´ਮਵਾਰ ਪਹਿਲੇ ਤੇ ਦੂਜੇ ਸਥਾਨ ’ਤੇ ਰਹੇ ਹਨ। ਹਾਂ, ਜੇ ‘ਮਹਾਂ-ਪੰਜਾਬ’ ਦੀ ਗੱਲ ਕਰੀਏ ਤਾਂ ਇਹ ਮਾਣ ਵਾਲੀ ਗੱਲ ਕਹੀ ਜਾ ਸਕਦੀ ਹੈ। ਫਿਰ ਵੀ ਪੰਜਾਬ ਵਿੱਚ ‘ਸੁਪਰ-30’ ਵਰਗੇ ਤਜਰਬਿਆਂ ਲਈ ਸÉੈ-ਸੇਵੀਆਂ ਨੂੰ ਅੱਗੇ ਆਉਣਾ ਪਵੇਗਾ। ਕਲਮ ਵਾਲੇ ਕਕਾਰ ਦੀ ਮਹੱਤਤਾ ਨੂੰ ਸਮਝਣ ਦੀ ਜ਼ਰੂਰਤ ਹੈ। ਇਹ ਕਲਮ ਕਦੇ ਰਾਇ ਭੋਇ ਦੀ ਤਲਵੰਡੀ ਤੋਂ ਤਲਵੰਡੀ ਸਾਬੋ ਤਕ ਨਿਰੰਤਰ ਚੱਲਦੀ ਰਹੀ ਸੀ। ਜੇ ਕੰਧ ’ਤੇ ਲਿਖਿਆ ਪੜ੍ਹ ਕੇ ਅਮਲ ਨਾ ਕੀਤਾ ਤਾਂ ਬਹੁਤ ਦੇਰ ਹੋ ਜਾਵੇਗੀ। ਇਸ ਬੇਸਮਝੀ ਕਰਕੇ ਪੰਜਾਬ ਪਹਿਲਾਂ ਹੀ ਵੱਡਾ ਸੰਤਾਪ ਭੋਗ ਚੁੱਕਿਆ ਹੈ। ਫ਼ੌਜ, ਪੁਲੀਸ ਤੇ ਸੁਰੱਖਿਆ ਬਲ ਦੀ ਭਰਤੀ ਵੇਲੇ ਵੈਸੇ ਹੀ ਪੰਜਾਬੀ ਨੌਜਵਾਨ ਬੁਰੀ ਤਰ੍ਹਾਂ ਪਛੜ ਰਹੇ ਹਨ। ਮੌਤ ਨੂੰ ਮਖੌਲਾਂ ਕਰਨ ਵਾਲੇ ਪੰਜਾਬੀ ਗੱਭਰੂਆਂ ਲਈ ਹੁਣ ਸਰੀਰਕ ਟੈਸਟ ਭਾਰੀ ਪੈ ਰਹੇ ਹਨ। ਪਿਛਲੇ ਮਹੀਨੇ ਜੇਲ੍ਹ ਵਾਰਡਨਾਂ ਦੀ ਭਰਤੀ ਵੇਲੇ ਦੌੜਦਿਆਂ ਕਈ ਨੌਜਵਾਨ ਬੇਸੁੱਧ ਹੋ ਕੇ ਡਿੱਗ ਪਏ ਸਨ। ਨਸ਼ਿਆਂ ਦੇ ਝੰਬੇ ਗੱਭਰੂਆਂ ਵਿੱਚ ਹੱਥੀਂ ਕਾਰ ਕਰਨ ਦੀ ਜਿਵੇਂ ਤਾਕਤ ਹੀ ਨਹੀਂ ਰਹਿ ਗਈ। ਸਰੀਰਕ ਤੇ ਬੌਧਿਕ ਦੋਹਾਂ ਤਰ੍ਹਾਂ ਦੀ ਕਮਜ਼ੋਰੀ ਨੇ ਆਖਰ ਪੰਜਾਬ ਅਤੇ ਪੰਜਾਬੀਆਂ ਨੂੰ ਪਿੱਛੇ ਸੁੱਟ ਦੇਣਾ ਹੈ। ਇਸ ਵੇਲੇ ਪਰਵਾਸੀ ਮਜ਼ਦੂਰਾਂ ਦੀ ਆਮਦ ਤੋਂ ਬਿਨਾਂ ਖੇਤੀਬਾੜੀ ਅਤੇ ਸਨਅਤਾਂ ਚਲਾਉਣ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ‘ਕਰਮ ਕਰੋ’ ਦੇ ਮਹਾਤਮ ਨੂੰ ਨਾ ਸਮਝਿਆ ਤਾਂ ਅਰਸ਼ ਤੋਂ ਫਰਸ਼ ’ਤੇ ਡਿੱਗਣਾ ਪੰਜਾਬੀਆਂ ਦੀ ਹੋਣੀ ਬਣ ਜਾਵੇਗਾ। ਮਿਹਨਤੀ ਕੌਮਾਂ ਅਕਾਸ਼ ਦੇ ਤਾਰਿਆਂ ਵਾਂਗ ਚਮਕਦੀਆਂ ਹਨ ਜਦਕਿ ਅਕਾਸ਼ੋਂ ਟੁੱਟੇ ਤਾਰੇ ਰਾਖ ਬਣ ਕੇ ਧਰਤੀ ’ਤੇ ਡਿੱਗਦੇ ਹਨ:
ਧਰਤੀ ਤੇ ਆਕਾਸਿ ਚਢਾਵੈ
ਚਢੇ ਅਕਾਸਿ ਅਕਾਸਿ ਗਿਰਾਵੈ
ਕਿਸੇ ਵੇਲੇ ਘੋੜਿਆਂ ਦੀਆਂ ਕਾਠੀਆਂ ’ਤੇ ਸੌਣ ਵਾਲੇ ਪੰਜਾਬੀਆਂ ਉੱਤੇ ਹੁਣ ਆਲਸ ਨੇ ਕਾਠੀ ਪਾ ਲਈ ਜਾਪਦੀ ਹੈ। ਜ਼ਮੀਨਾਂ ਦੇ ਭਾਅ ਅਸਮਾਨੀ ਚੜ੍ਹ ਗਏ ਹਨ। ਨਵੀਂ ਪੀੜ੍ਹੀ ਪੁਰਖਿਆਂ ਦੀ ਵੱਤਰ ਕੀਤੀ ਜ਼ਮੀਨ ਨੂੰ ਵੇਚ-ਵੱਟ ਕੇ ਮਹਿੰਗੀਆਂ ਕਾਰਾਂ ਤੇ ਹੋਰ ਸੁਖ-ਸਹੂਲਤਾਂ ਖਰੀਦ ਰਹੀ ਹੈ। ਅਜਿਹੇ ਨੌਜਵਾਨਾਂ ਨੂੰ ਪੜ੍ਹਨ-ਪੜ੍ਹਾਉਣ ਦੀ ਲੋੜ ਹੀ ਮਹਿਸੂਸ ਨਹੀਂ ਹੋ ਰਹੀ ਜਾਪਦੀ। ਪੁਰਾਣੇ ਜ਼ਮਾਨੇ ਵਿੱਚ ਕਿਸੇ ਮੁਲਕ ਨੂੰ ਫ਼ਤਿਹ ਕਰਨ ਤੋਂ ਬਾਅਦ ਕਾਠੀਵੰਡ ਹੁੰਦੀ ਸੀ-ਹਰੇਕ ਕਾਠੀ (ਘੋੜੇ) ਪਿੱਛੇ ਬਰਾਬਰ ਦਾ ਹਿੱਸਾ ਮਿਲਦਾ ਸੀ। ਹੁਣ, ਬਿਨਾਂ ਮਿਹਨਤ-ਮੁਸ਼ੱਕਤ ਕੀਤਿਆਂ ‘ਕਾਠੀਵੰਡ’ ਵਿੱਚ ਜ਼ਮੀਨ ਦੀ ਬਰਾਬਰ ਦਾਤ ਮਿਲ ਜਾਂਦੀ ਹੈ ਜਿਸ ਨੇ ਕਈ ਤਰ੍ਹਾਂ ਦੇ ਵਿਕਾਰਾਂ ਨੂੰ ਜਨਮ ਦਿੱਤਾ ਹੈ। ਲੋੜ ਹੈ ਕਾਠ-ਮਾਰੇ ਹੱਡਾਂ ਦੇ ਜਿੰਦਰੇ ਖੋਲ੍ਹਣ ਦੀ ਨਹੀਂ ਤਾਂ ਖੁੰਝਿਆਂ ਸਮਾਂ ਹੱਥ ਨਹੀਂ ਆਵੇਗਾ।


Comments Off on ਕਾਠੇ ਲੋਕਾਂ ਦੀ ਦਾਸਤਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.