ਆਰਫ ਕਾ ਸੁਣ ਵਾਜਾ ਰੇ !    ਮਹਾਰਾਣਾ ਪ੍ਰਤਾਪ ਦਾ ਮੁਗ਼ਲਾਂ ਵਿਰੁੱਧ ਸੰਘਰਸ਼ !    ਸ਼ਹੀਦ ਬਾਬਾ ਦੀਪ ਸਿੰਘ !    ਮੁਗਲ ਇਮਾਰਤ ਕਲਾ ਦੀ ਸ਼ਾਨ ਸਰਾਏ ਅਮਾਨਤ ਖ਼ਾਨ !    ਟਰੰਪ ਖ਼ਿਲਾਫ਼ ਮਹਾਂਦੋਸ਼ ਸਬੰਧੀ ਸੁਣਵਾਈ ਸ਼ੁਰੂ !    ਨੀਰਵ ਮੋਦੀ ਦਾ ਜ਼ਬਤ ਸਾਮਾਨ ਹੋਵੇਗਾ ਨਿਲਾਮ !    ਕੋਲਕਾਤਾ ’ਚੋਂ 25 ਕਿਲੋ ਹੈਰੋਇਨ ਫੜੀ !    ਭਾਜਪਾ ਆਗੂ ਬਿਰੇਂਦਰ ਸਿੰਘ ਵਲੋਂ ਰਾਜ ਸਭਾ ਤੋਂ ਅਸਤੀਫ਼ਾ !    ਮਹਾਰਾਸ਼ਟਰ ਦੇ ਸਕੂਲਾਂ ’ਚ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹਨੀ ਲਾਜ਼ਮੀ ਕਰਾਰ !    ਰੂਸ ਦੇ ਹਵਾਈ ਹਮਲੇ ’ਚ ਸੀਰੀਆ ’ਚ 23 ਮੌਤਾਂ !    

ਨਵਤੇਜ ਭਾਰਤੀ ਦੀ ਕਾਵਿ-ਟੁਕੜੀ

Posted On April - 29 - 2012

ਅਜਮੇਰ ਰੋਡੇ

ਨਵਤੇਜ ਭਾਰਤੀ

ਅਜਮੇਰ ਰੋਡੇ ਅਤੇ ਨਵਤੇਜ ਭਾਰਤੀ, ਦੋਵੇਂ ਭਰਾ ਪੰਜਾਬ ਦੇ ਪਿੰਡ ਰੋਡੇ, ਜ਼ਿਲ੍ਹਾ ਮੋਗਾ ਦੇ ਜੰਮਪਲ ਹਨ। ਰੋਡੇ ਪੰਜਾਬੀ ਅਤੇ ਅੰਗਰੇਜ਼ੀ ਦਾ ਲੇਖਕ ਹੈ। ਉਹ ਕੈਨੇਡਾ ਦੇ ਸ਼ਹਿਰ ਵੈਨਕੂਵਰ ਵਿੱਚ ਰਹਿੰਦਾ ਹੈ ਜਦੋਂਕਿ ਭਾਰਤੀ ਕੈਨੇਡਾ ਦੇ ਸ਼ਹਿਰ ਲੰਡਨ ਦਾ ਵਾਸੀ ਹੈ। ਰੋਡੇ ਨੇ ਕਵਿਤਾ, ਨਾਟਕ, ਵਾਰਤਕ ਅਤੇ ਅਨੁਵਾਦ ਦੀਆਂ ਪੁਸਤਕਾਂ ਪ੍ਰਕਾਸ਼ਤ ਕੀਤੀਆਂ ਹਨ। ਉਸ ਦੀ ਬਹੁਤੀ ਕਾਵਿ-ਰਚਨਾ ਨਵਤੇਜ ਭਾਰਤੀ ਨਾਲ ਮਿਲ ਕੇ ਲਿਖੀ 1052 ਪੰਨਿਆਂ ਦੀ ਪੁਸਤਕ ‘ਲੀਲ੍ਹਾ’ ਵਿੱਚ ਸ਼ਾਮਲ ਹੈ ਜਿਸ ਨੂੰ ਵੀਹਵੀਂ ਸਦੀ ਦੀਆਂ ਮਹੱਤਵਪੂਰਨ ਕਾਵਿ-ਪੁਸਤਕਾਂ ਵਿੱਚ ਗਿਣਿਆ ਜਾਂਦਾ ਹੈ। ਅਜਮੇਰ ਕੈਨੇਡਾ ਵਿੱਚ ਪੰਜਾਬੀ ਰੰਗਮੰਚ ਸਥਾਪਤ ਕਰਨ ਵਾਲੇ ਮੋਢੀ ਨਾਟਕਕਾਰਾਂ ਵਿੱਚੋਂ ਹੈ। ਉਸ ਨੇ ਦਰਜਨ ਦੇ ਕਰੀਬ ਨਾਟਕ ਲਿਖੇ ਅਤੇ ਨਿਰਦੇਸ਼ਤ ਕੀਤੇ ਹਨ। ਉਸ ਨੂੰ ਮਿਲਣ ਵਾਲੇ ਪੁਰਸਕਾਰਾਂ ਵਿੱਚ ਭਾਸ਼ਾ ਵਿਭਾਗ ਪੰਜਾਬ, ਪੰਜਾਬ ਆਰਟਸ ਕਾਊਂਸਲ ਅਤੇ ਉੱਚ-ਪ੍ਰਤਿਸ਼ਠਾ ਵਾਲਾ ‘ਅਨਾਦ ਕਾਵਿ ਸੰਮਾਨ-2010’ ਸ਼ਾਮਲ ਹਨ। ਇੰਜਨੀਅਰ ਵਜੋਂ ਉਸ ਨੇ ਅਸਿਸਟੈਂਟ ਪ੍ਰੋਫ਼ੈਸਰ, ਕੰਪਿਊਟਰ ਇੰਜਨੀਅਰ ਅਤੇ ਪਲੈਨਿੰਗ ਇੰਜਨੀਅਰ ਦੇ ਤੌਰ ‘ਤੇ ਕੰਮ ਕੀਤਾ।

ਨਵਤੇਜ ਭਾਰਤੀ ਦੀ ਕਾਵਿ-ਟੁਕੜੀ

ਧੁੱਪ ਚੜ੍ਹਦੇ ਚੇਤ ਦੀ
ਘਾਹ ‘ਤੇ ਬੈਠੇ ਚਾਹ ਪੀਂਦੇ
ਸਭ ਜਣੇ
ਹੌਲੀ ਹੌਲੀ ਘੁੱਟਾਂ ਭਰਦੇ
ਸਹਿਜੇ ਸਹਿਜੇ ਗੱਲਾਂ ਕਰਦੇ
ਹਰੀ ਗਾਨੀ ਵਾਲੇ ਪਿਆਲਿਆਂ ਵਿੱਚੋਂ
ਸਲੇਟੀ ਭਾਫ ਉਡਦੀ ਵਲ ਖਾਂਦੀ
ਛੱਲੇ ਬਣ ਬਣ ਖੁੱਲ੍ਹਦੇ

ਲਾਲੀ ਪਿਆਲਾ ਉਪਰ ਚੁਕਦਾ ਆਖਦਾ
ਸੂਰਜ ਦੇਵ,
ਸਾਡੀ ਪਹਿਲੀ ਘੁੱਟ ਤੇਰੇ ਨਾਂ
ਤੂੰ ਸਾਨੂੰ ਇੱਕ ਹੋਰ ਦਿਨ ਦਿੱਤਾ ਹੈ
ਜਿਉਣ ਲਈ
ਤੇਰੀ ਧੁੱਪ ਦਾ ਸ਼ੁਕਰ ਕਰਾਂਗੇ
ਆਪਣੇ ਹੋਣ ਦੀ ਕਥਾ ਕਹਾਂਗੇ

ਤੂੰ ਸਾਡੇ ਸਾਹਵੇਂ
ਸ੍ਰਿਸ਼ਟੀ ਦਾ ਮੇਲਾ ਲਾ ਦਿੱਤਾ ਹੈ
ਧਰਤੀ ਵਿਛਾਅ ਨੀਲਾ ਤਾਣਿਆ ਤੰਬੂ
ਤਾਰਿਆਂ ਦੀਆਂ ਭੰਬੀਰੀਆਂ ਘੂਕਦੀਆਂ
ਖੰਡ ਮੰਡਲ ਝੂਟੇ ਲੈਂਦੇ ਚਕਰ ਚੂੰਡਿਆਂ ਉੱਤੇ
ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ
ਤਾਰਿਕਾ ਮੰਡਲ ਜਨਕ ਮੋਤੀ
ਧੂਪੁ ਮਲਆਨਲੋ ਪਵਣੁ ਚਵਰੋ ਕਰੇ
ਸਗਲ ਬਨਰਾਇ ਫੂਲੰਤ ਜੋਤੀ

ਰੇੜ੍ਹੀ ਵਾਲਾ ਫਿਰਦਾ ਹੋਕਾ ਦਿੰਦਾ
ਕਾਲੇ ਕਾਲੇ ਰਾਅ ਜਾਮਨੂੰ
ਠੰਢ ਦੇਣਗੇ ਪਾਅ ਜਾਮਨੂੰ
ਲੈ ਲੋ ਸਸਤੇ ਭਾਅ ਜਾਮਨੂੰ
ਕਲ੍ਹ ਨਹੀਂ ਮਿਲਣੇ ਰਾਅ ਜਾਮਨੂੰ

ਤੇਰੇ ਕਰਿਆਨੇ ਦੀ ਹੱਟੀ ‘ਤੇ ਬੈਠਾ ਕੋਈ ਗਾਵੇ
ਕਾਚੂ ਕੈਂਚੀ ਅੱਠ ਆਨੇ
ਸੁਰਮਾ ਸ਼ੀਸ਼ਾ ਅੱਠ ਆਨੇ
ਲਾਲ ਪਰਾਂਦੀ ਅੱਠ ਆਨੇ
ਕੋਈ ਚੀਜ਼ ਚੱਕ ਲੋ ਅੱਠ ਆਨੇ
ਫੇਰ ਨਹੀਂ ਮਿਲਣੀ ਅੱਠ ਆਨੇ

ਥਾਂ ਥਾਂ ਤੇਰੀਆਂ ਬਰਕਤਾਂ ਦੇ ਬੋਹਲ ਲੱਗੇ
ਸਾਡੀਆਂ ਝੋਲੀਆਂ ਨਿੱਕੀਆਂ
ਭਰ ਭਰ ਡੁਲ੍ਹਦੀਆਂ
ਤੂੰ ਲੁੱਟ ਪਾ ਰੱਖੀ ਹੈ ਤੇਰਾ ਤੇਰਾ ਕਹਿ ਕੇ

ਤੇਰੀ ਧੁੱਪ ਨਾਲ ਅਸੀਂ
ਆਪਣੇ ਆਪ ਨੂੰ ਭਰਦੇ, ਖਾਲੀ ਹੁੰਦੇ
ਭਰ ਭਰ ਖਾਲੀ ਹੋਣ ਦੀ ਖੇਡ
ਤੇਰੇ ਨਾਲ ਖੇਡਦੇ
ਜੁਗਾਂ ਜੁਗਾਂ ਤੋਂ ਡੁਲ੍ਹਦਾ ਤੂੰ
ਖਾਲੀ ਨਹੀਂ ਹੋਇਆ
ਥੱਕੇ ਅਸੀਂ ਵੀ ਨਹੀਂ ਜਿਉਣ ਤੋਂ
ਓਸੇ ਮਿੱਟੀ ਦੇ ਬਣੇ ਹਾਂ ਜਿਹੜੀ
ਉਗਣਾ ਹੀ ਜਾਣਦੀ

ਕਹੇ ਹਰਿੰਦਰ
ਤੇਰੀ ਧੁੱਪ ‘ਚ ਸਾਨੂੰ ਦੂਰ ਤਕ ਦਿਸਦਾ
ਰੰਗਾਂ ਦੀ ਬਰਖਾ ਵਿੱਚ ਨ੍ਹਾਤੀਆਂ ਚੀਜ਼ਾਂ
ਸੋਹਣੀਆਂ ਲੱਗਦੀਆਂ
ਧਰਤੀ ਕਪਾਹ ਵਾਂਗੂ ਖਿੜਦੀ
ਤੂੰ ਹਰ ਟੀਂਡੇ ‘ਚੋਂ ਲਮਕਦਾ

ਕਹੇ ਅਮਰਜੀਤ
ਏਨੀ ਸੁਹਣੀ ਹੈ ਇਹ ਦੁਨੀਆਂ
ਸਾਨੂੰ ਸੱਚ ਨਹੀਂ ਆਉਂਦਾ
ਅਸੀਂ ਹੱਥ ਲਾ ਲਾ ਵੇਖਦੇ, ਕੰਨ ਜੋੜ ਜੋੜ ਸੁਣਦੇ
ਸੁੰਘ ਸੁੰਘ ਵੇਖਦੇ

ਜੇ ਇਹ ਮਾਇਆ ਹੈ ਤਾਂ ਵੀ ਧੰਨ ਹੈ
ਅਸੀਂ ਉਸ ਪਰਮ ਸੱਤ ਨੂੰ ਕੀ ਕਰਨਾ ਹੈ
ਜੀਹਦਾ ਨਾ ਰੂਪ ਹੈ ਨਾ ਰੰਗ ਹੈ
ਨਾ ਰੇਖ ਹੈ ਨਾ ਵੇਸ ਹੈ
ਨਾ ਕੋਈ ਸੂਹੀ ਹੁੰਦੀ ਪਹਿਲੀ ਛੁਹ ਨਾਲ
ਨਾ ਰੋਸਾ ਕਰਦੀ:
“ਸ਼ਿੰਗਾਰ ਕਰੇਂਦੀ ਦਾ ਗੁਜ਼ਰ ਗਿਆ ਡੇਹੁੰ ਸਾਰਾ
ਮੁਸਾਗ ਮਲੇਂਦੀ ਦਾ ਗੁਜ਼ਰ ਗਿਆ ਡੇਹੁੰ ਸਾਰਾ”

ਗਰਮ ਘੁੱਟ ਭਰ ਕੇ ਨੂਰ ਆਖੇ
ਤੇਰੀ ਧੁੱਪ, ਘਰ ਦੇ ਬੁਣੇ ਖੱਦਰ ਦੀ ਖੇਸੀ
ਇਹਦੀ ਬੁੱਕਲ ‘ਚ ਸਾਨੂੰ
ਵਗਦੇ ਠੱਕੇ ਤੋਂ ਡਰ ਨਹੀਂ ਲਗਦਾ

ਤੇਰੇ ਧਿਆਨ ‘ਚ ਅਟਕੀ ਸਾਡੀ ਧਰਤ ਘੁੰਮਦੀ
ਤੂੰ ਪਲ ਭਰ ਵੀ ਧਿਆਨ ਟੁਟਣ ਨਹੀਂ ਦਿੰਦਾ
ਮਤੇ ਇਹ ਮਹਾਂ ਸੁੰਨ ਵਿੱਚ ਗਰਕ ਹੋ ਜਾਵੇ

ਤੂੰ ਵੇਖਦੈਂ ਤਾਂ ਖਿੜਦੈ ਸੂਰਜਮੁਖੀ
ਖਿੜਿਆ ਰਹਿੰਦਾ ਜਦ ਤਕ ਤੂੰ ਵੇਖਦਾ ਰਹਿੰਦੈ
ਜੋ ਵੀ ਹੁੰਦੈ ਤੇਰੀ ਅੱਖ ਵਿੱਚ ਹੁੰਦੈ:
ਕੀੜੀ ਤੁਰਦੀ, ਨਦੀ ਵਗਦੀ ਅਸੀਂ ਚਾਹ ਦੀ ਘੁੱਟ ਭਰਦੇ

ਤੂੰ ਅੱਖ ਨਹੀਂ ਝਪਕਦਾ
ਮਤੇ ਜੋ ਹੈ ਉਹ ਖੈ ਹੋ ਜਾਵੇ
ਤੇਰੀ ਸਦਾ ਜਾਗਦੀ ਅੱਖ ਦਾ
ਅਸੀਂ ਅਭਿਨੰਦਨ ਕਰਦੇ ਹਾਂ

ਕਵੀ ਕੁਲਵੰਤ ਆਖੇ
ਤੇਰੇ ਚੱਕ ਤੋਂ ਗਿੜ ਗਿੜ ਲਹਿੰਦੇ
ਬਰਸ ਮਹੀਨੇ ਦਿਵਸ ਪਹਿਰ ਤੇ ਘੜੀਆਂ
ਤੇਰੇ ਕੋਲੋਂ ਵੇਲਾ ਤੁਰਦਾ ਪਾ ਖੜਾਵਾਂ
ਤੇਰੇ ਮੱਟ ‘ਚ ਚੁੰਨੀਆਂ ਰੰਗ ਕੇ
ਰੁਤਾਂ ਫਿਰਨ ਮੇਲਣਾਂ ਵਾਂਙੂ
ਤੇਰੇ ਸਦਕਾ ਇਸ ਧਰਤੀ ਦਾ ਹਰ ਦਿਨ ਸਾਹੇ ਵਰਗਾ

(ਭੂਤਵਾੜੇ ਦੀ ਪੰਜਾਹਵੀਂ ਵਰ੍ਹੇਗੰਢ ਨੂੰ ਸਮਰਪਤ, ਨਵੀਂ ਛਪੀ ਪੁਸਤਕ ਲਾਲੀ ‘ਚੋਂ)
* ਮੋਬਾਈਲ (ਭਾਰਤ): 94651-63058

ਅਜਮੇਰ ਰੋਡੇ ਦੀਆਂ ਚਾਰ ਰਚਨਾਵਾਂ

(1)
ਮਨ ਬੰਦੇ ਦਾ ਬੜੀ ਸਾਧਾਰਨ ਸ਼ੈਅ
ਬਣ ਬੈਠਾ
ਨਿਸ ਦਿਨ ਵੇਖੇ ਜੋ ਕੁਝ
ਉਸੇ ਦਾ ਆਦੀ ਹੋ ਰਹਿੰਦਾ
ਘਰ ਦੇ ਅੱਗੇ ਰੋਜ਼ ਦਿਹਾੜੀ
ਲਹੂ ਡੁਲ੍ਹਦਾ ਪਾਣੀ ਦਾ ਛਿੜਕਾ ਬਣ ਜਾਂਦਾ
ਭੈਅ ਵਿੱਚ ਉਠਣਾ ਭੈਅ ਵਿੱਚ ਸੌਣਾ
ਭੈਅ ਨੂੰ ਸਵੀਕਾਰ ਕਰ ਲੈਣਾ
ਬਹੁਤ ਗੰਭੀਰ ਅਵਸਥਾ

ਪਿਆਰੇ ਸ਼ੁਭਚਿੰਤਨ
ਕੋਈ ਨਿਰਭੈ ਲਾਟ ਜਗਾਓ
ਸਹਿਜੇ ਸਹਿਜੇ ਟਿਕਦੀ ਜਾਂਦੀ
ਉਦਾਸੀਨਤਾ
ਰੂਹਾਂ ‘ਚੋਂ ਪਿਘਲਾਓ

ਸ਼ੁਭ ਨੀਤੀ ਤੋਂ ਸੱਖਣਾ ਚਿੰਤਨ
ਜੇ ਹੋਵੇ ਕਿਉਂ ਹੋਵੇ
ਬਿਨ ਸ਼ੁਭ ਕਰਮ, ਧਰਮ ਜੇ ਹੋਵੇ
ਨਾ ਮੰਨੀਏ ਕੀ ਖੋਵੇ
ਪਰਉਪਕਾਰ ਤੋਂ ਸੱਖਣੀ ਮਨਸ਼ਾ
ਜਦ ਤੋਂ ਸਾਡੀ ਹੋਈ
ਸ਼ੁਭ ਪ੍ਰਭਾਤ ਉਦੈ ਨਾ ਹੁੰਦੀ
ਬਹੁਤ ਅਸ਼ੁਭ ਸੰਧਿਆ ਆਵੇ

ਪਿਆਰੇ ਸ਼ੁਭਚਿੰਤਨ
ਜੀ ਆਇਆਂ ਨੂੰ ਲੰਘ ਆਵੋ
ਥਾਂ ਥਾਂ ਪੁਸ਼ਪ ਜਿਹੇ ਖਿੜ ਜਾਵਣ
ਇਉਂ ਦੇਸ ਪੰਜਾਬ ‘ਤੇ ਛਾਵੋ।
(2)
ਮਾਨਸਰੋਵਰ ਝੋਰਾ ਕਰਦੀ
ਸਤਲੁਜ ਅੱਥਰਾ
ਮੇਰੀ ਇੱਕ ਨਾ ਮੰਨੇ
ਰੋਜ਼ ਦਿਹਾੜੀ ਓਹੀ ਲੱਛਣ
ਜਦ ਜੀਅ ਆਵੇ
ਹੱਦਾਂ ਬੰਨੇ ਭੰਨਦਾ
ਲੜਦਾ ਭਿੜਦਾ ਸ਼ੋਰ ਮਚਾਂਦਾ
ਸਾਗਰ ਵੱਲ ਨੂੰ ਤੁਰ ਜਾਂਦਾ ਹੈ
ਹੌਲ ਵਾਂਗਰ ਉਠਿਆ
ਸ਼ਕਤੀ ਦਾ ਇੱਕ ਗੋਲਾ
ਵਾਂਗ ਤ੍ਰੇਲੀ ਠਰ ਜਾਂਦਾ ਹੈ

ਨਾ ਕੋਈ ਨਵਾਂ ਵਹਿਣ ਹੀ ਬਦਲੇ
ਨਾ ਕੋਈ ਸਿਰਜੇ
ਨੀਲੇ ਡੂੰਘੇ ਪਾਣੀਆਂ ਵਾਲੀ
ਝੀਲ ਸਦੀਵੀ
ਹੜ੍ਹ ਆਵੇ ਲਹਿ ਜਾਵੇ

ਇੰਜ ਸਭਿਤਾ ਕੋਈ
ਕਦੋਂ ਭਲਾ ਸਿਖਰਾਂ ਨੂੰ ਛੋਹੰਦੀ
ਕੌਣ ਗੁਰੂ ਇਸ ਨੂੰ ਸਮਝਾਵੇ
(3)
ਮੈਂ ਜਮਨਾ
ਓਦੋਂ ਵੀ ਇੰਜ ਹੀ ਵਗਦੀ।
ਸੰਧਿਆ ਵੇਲੇ
ਇੱਕ ਦੂਜੇ ਨੂੰ ਕਹਿੰਦੇ ਸੁਣਦੇ
ਕਵੀ ਬਵੰਜਾ ਮੇਰੇ ਕੰਢੇ ਜੁੜਦੇ
ਉੱਚੇ ਪਰਬਤ ਸਾਹਵੇਂ ਸਜਦਾ ਕਰਦੇ
ਮਹਾਂ ਕਵੀ ਨੂੰ ਸੀਸ ਝੁਕਾਉਂਦੇ
ਤੇ ਬਹਿ ਜਾਂਦੇ ਮਾਰ ਚੌਂਕੜੀ
ਅੱਗੇ ਪਿੱਛੇ।
ਬਾਂਕੇ ਸ਼ਬਦ ਨਵੇਂ ਅਲੰਕਾਰ ਸਾਂਭਣੇ
ਮੁਸ਼ਕਲ ਹੁੰਦੇ
ਕਵਿਤਾ ਵਾਂਗ ਫੁਹਾਰੇ ਉਠਦੀ
ਵਾਹਵਾ ਹੁੰਦੀ ਤੇ ਖਿੰਡ ਜਾਂਦੀ
ਮੇਰੀਆਂ ਛੱਲਾਂ ਉੱਤੇ ਛਹਿਬਰ ਬਣ ਕੇ
ਹੁਣ ਵੀ ਜਦ ਕੋਈ ਸ਼ਾਇਰ ਕਤਲ ਹੋਵੰਦਾ
ਆਪਣੀ ਲੱਥ-ਪੱਥ ਰੂਹ ਦੀ
ਲਾਸ਼ ਉਠਾ ਕੇ
ਚੁੱਪ-ਚਾਪ ਆ ਬੈਠੇ ਮੇਰੇ ਏਸੇ ਕੰਢੇ
ਏਥੇ ਥਾਂ ‘ਤੇ
(ਪਾਸ਼ ਨੂੰ ਸਮਰਪਿਤ)
(4)
ਟੁਕੜੇ ਟੁਕੜੇ ਨਾਦ ਅੰਬਰੀ ਘੁੰਮੇ
ਕੁਝ ਚੀਕਾਂ ਦੀਆਂ ਲੀਰਾਂ ਲੀਰਾਂ
ਕੁਝ ਹੌਕਿਆਂ ਦੇ ਫੰਬੇ ਫੰਬੇ
ਚਿੱਟੇ ਬੱਦਲਾਂ ਵਾਂਗ ਭਟਕਦੇ ਫਿਰਦੇ।
ਕਿਸ ਘਰ ਦੀ ਛੱਤ ਹੌਕੇ ਨੇ ਜਾ ਟਿਕਣਾ
ਕੌਣ ਬਨੇਰੇ ਚੀਕਾਂ ਨੇ ਜਾ ਵੱਜਣਾ
ਕਿਹੜਾ ਜਾਣੇ

ਸ਼ਾਇਰ ਚੁੱਪ ਦੀ ਬੁੱਕਲ ਮਾਰੀ
ਫੰਬਿਆਂ ਪਿੱਛੇ ਫਿਰਦੇ ਲੀਰਾਂ ‘ਕੱਠੀਆਂ ਕਰਦੇ
ਅੰਦਰੇ ਅੰਦਰ ਰੋਹ ਦੀਆਂ ਸਤਰਾਂ ਲਿਖ ਲਿਖ
ਭਰਦੇ ਜਾਂਦੇ
ਕਦੇ ਕਦੇ ਬਸ ਮੰਚ ‘ਤੇ ਚੜ੍ਹਦੇ
ਮਾਇਕ ਫੜਦੇ
ਸ਼ਬਦਾਂ ਤੋਂ ਅਰਥਾਂ ਤਕ ਲੱਖਾਂ ਵਲ ਵਿੰਗ ਪਾਉਂਦੇ
ਖੁੱਲ੍ਹ ਕੇ ਕੁਝ ਨਾ ਕਹਿੰਦੇ।

ਕਲਾਕਾਰ ਕੁਝ ਐਸੇ ਵੀ ਨੇ
ਜੋ ਕੁਝ ਕਹਿੰਦੇ ਫਤਵੇ ਵਾਂਗ ਸੁਣਾਉਂਦੇ
ਜੋ ਕੁਝ ਵਾਹੁੰਦੇ ਤਿੱਖੀ ਨੋਕ ਨਾਲ ਹੀ ਵਾਹੁੰਦੇ
ਪੰਨੇ ਪਾੜ ਪਾੜ ਕੇ ਪੈਰਾਂ ਥੱਲੇ ਸੁੱਟੀ ਜਾਂਦੇ
ਕਲਮਾਂ ਬੁਰਸ਼ਾਂ ਹੱਥਾਂ ਉੱਤੇ ਭੁਬਲਾਂ ਪਾਉਂਦੇ
ਜੀਭਾਂ ਕੱਟ ਕੱਟ ਬਰਫ਼ਾਂ ਥੱਲੇ ਰੱਖੀ ਜਾਂਦੇ
ਬਹੁਤ ਬਿਸ਼ਰਮੀ ਦੇ ਸੰਗ
ਹਸਦੇ ਹਸਦੇ
ਹੌਕੇ ਚੀਕਾਂ ਸਿਰਜੀ ਜਾਂਦੇ


Comments Off on ਨਵਤੇਜ ਭਾਰਤੀ ਦੀ ਕਾਵਿ-ਟੁਕੜੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.