ਜਵਾਨੀ ਦੇ ਅਵੱਲੇ ਜੋਸ਼ ’ਚ ਹੋਸ਼ ਰੱਖਣਾ ਵੀ ਜ਼ਰੂਰੀ !    ਨੌਜਵਾਨ ਸੋਚ:ਵਿਦਿਆਰਥੀ ਸਿਆਸਤ ਦਾ ਉਭਾਰ !    ਖੇਲੋ ਇੰਡੀਆ: ਉਤਕਰਸ਼ ਤੇ ਪ੍ਰਿਯੰਕਾ ਨੂੰ ਸੋਨ ਤਗ਼ਮੇ !    ਰਾਫੇਲ ਨਡਾਲ ਦੀ ਟੈਨਿਸ ਟੂਰਨਾਮੈਂਟ ’ਚ ਵਾਪਸੀ !    ਕੇਰਲ ਹਾਈ ਕੋਰਟ ਨੇ ਕਾਲਜਾਂ ਤੇ ਸਕੂਲਾਂ ਵਿੱਚ ਪ੍ਰਦਰਸ਼ਨ ਕਰਨ ’ਤੇ ਰੋਕ ਲਗਾਈ !    ਨਵੀਨ ਪਟਨਾਇਕ ਬੀਜੇਡੀ ਦੇ ਅੱਠਵੀਂ ਵਾਰ ਪ੍ਰਧਾਨ ਬਣੇ !    ਕੈਨੇਡਾ ਨੇ ਚੀਨ ਦੇ ਸ਼ਹਿਰਾਂ ਨੂੰ ਹਵਾਈ ਸੇਵਾ ਸ਼ੁਰੂ ਨਾ ਕੀਤੀ !    ਸੰਵਿਧਾਨ ਬਚਾਓ ਮੰਚ ਵੱਲੋਂ ਦਿੱਲੀ ਵਿਚ ਫੈਲਾਈ ਜਾ ਰਹੀ ਹਿੰਸਾ ਦੀ ਨਿਖੇਧੀ !    ਢੀਂਡਸਾ ਦੀ ਟਕਸਾਲੀਆਂ ਨਾਲ ਨਹੀਂ ਗਲਣੀ ਸਿਆਸੀ ਦਾਲ !    ਦਿੱਲੀ ਹਿੰਸਕ ਘਟਨਾਵਾਂ: ਕਾਂਗਰਸ ਵੱਲੋਂ ਕੇਂਦਰ ਸਰਕਾਰ ਵਿਰੁੱਧ ਰੋਸ ਵਿਖਾਵਾ !    

ਅਗਨ-ਬਾਣ ਬਨਾਮ ਅਮਨ ਦਾ ਨਗਮਾ

Posted On April - 21 - 2012

ਹਰਫ਼ਾਂ ਦੇ ਆਰ ਪਾਰ/ ਵਰਿੰਦਰ ਵਾਲੀਆ

ਇੱਕ ਨੁਕਤੇ ਦੇ ਹੇਰ-ਫੇਰ ਨਾਲ ਜਿਵੇਂ ਮਹਿਰਮ ਤੋਂ ਮੁਜਰਮ ਬਣ ਜਾਂਦਾ ਹੈ, ਤਿਵੇਂ ਕੰਨੇ ਅਤੇ ਹੋੜੇ ਦੇ ਏਧਰ-ਓਧਰ ਹੋਣ ਨਾਲ ਚੰਡੋਲ ਤੋਂ ਚੰਡਾਲ ਬਣ ਜਾਂਦਾ ਹੈ।
ਤਾਮਸੀ ਸੁਭਾਅ ਅਤੇ ਉਪ-ਜੀਵਕਾ ਵਾਲੇ ਵਿਅਕਤੀ ਨੂੰ ਚੰਡਾਲ ਕਹਿੰਦੇ ਹਨ। ਚੰਡੋਲ, ਖਾਕੀ ਰੰਗ ਦਾ ਪੰਛੀ ਹੈ ਜਿਸ ਦਾ ਆਲ੍ਹਣਾ ਜ਼ਮੀਨ ’ਤੇ ਹੁੰਦਾ ਹੈ। ਇਹ ਪੰਛੀ ਅੰਮ੍ਰਿਤ ਵੇਲੇ ਮਿੱਠੜੇ ਬੋਲ ਬੋਲਦਾ ਹੈ। ਇਹ ਸਾਥੀ ਪੰਛੀਆਂ ਦੇ ਬੋਲਾਂ ਦਾ ਹੁੰਗਾਰਾ ਉਨ੍ਹਾਂ ਦੀ ਬੋਲੀ ਵਿੱਚ ਭਰਦਾ ਹੈ। ਗੁਟਾਰ ਤੋਂ ਛੋਟੇ ਕੱਦ ਦਾ ਇਹ ਕਲਗੀਧਾਰੀ ਪੰਛੀ ਪੰਜਾਬ ਦਾ ਵਾਸੀ ਹੋਣ ਦੇ ਬਾਵਜੂਦ ਅਨੇਕਾਂ ਪਰਵਾਸੀ ਪੰਛੀਆਂ ਦੀਆਂ ਬੋਲੀਆਂ ਬੋਲ ਕੇ ਸਾਂਝੀਵਾਲਤਾ ਦਾ ਪ੍ਰਤੀਕ ਬਣਦਾ ਹੈ। ਅਗਨ ਨਾਂ ਦਾ ਇੱਕ ਹੋਰ ਪੰਛੀ ਵੀ ਅਨੇਕ ਪ੍ਰਕਾਰ ਦੀਆਂ ਬੋਲੀਆਂ ਜਾਣਦਾ ਹੈ। ਵੰਨ-ਸੁਵੰਨੀਆਂ ਬੋਲੀਆਂ ਬੋਲਣ ਦੀ ਕਲਾ ਵਿੱਚ ਮੁਹਾਰਤ ਹੋਣ ਕਰਕੇ ਕਈ ਕਵੀਆਂ ਨੇ ਚੰਡੋਲ ਅਤੇ ਅਗਨ (ਚੰਡੋਲ ਤੋਂ ਥੋੜ੍ਹੇ ਛੋਟੇ ਕੱਦ ਦਾ ਪੰਛੀ) ਨੂੰ ਹਜ਼ਾਰ-ਦਾਸਤਾਂ (ਹਜ਼ਾਰ ਦਾਸਤਾਨ) ਦਾ ਨਾਮ ਦਿੱਤਾ ਹੈ। ਚੰਡਾਲ ਦੇ ਮੁਖ ’ਚੋਂ ਅੱਗ ਵਰ੍ਹਦੀ ਹੈ ਜਦੋਂਕਿ ਚੰਡੋਲ ਅਤੇ ਅਗਨ ਨਾਂ ਦੇ ਪੰਛੀਆਂ ਦੇ ਮੁਖਾਰਬਿੰਦ ਵਿੱਚੋਂ ਮਾਨਵਤਾ ਦੇ ਨਗਮੇ ਨਸ਼ਰ ਹੁੰਦੇ ਹਨ।
ਪੰਜ ਹਜ਼ਾਰ ਕਿਲੋਮੀਟਰ ਤਕ ਮਾਰ ਕਰਨ ਦੀ ਸਮਰੱਥਾ ਵਾਲੀ ਅਗਨੀ-5 ਦੀ ਸਫ਼ਲ ਉਡਾਣ ਤੋਂ ਬਾਅਦ ਸਾਰੇ ਦੇਸ਼ ਵਿੱਚ ਉਤਸਵ ਵਾਲਾ ਮਾਹੌਲ ਹੈ। ਭਾਰਤ ਨੂੰ ਮਿਲੇ ਨਵੇਂ ਸੁਰੱਖਿਆ ਕਵਚ ਤੋਂ ਬਾਅਦ ਚੀਨ ਸਮੇਤ ਕਈ ਗੁਆਂਢੀ ਮੁਲਕਾਂ ਦੀ ਨੀਂਦ ਉੱਡ ਗਈ ਹੈ। ਇਸ ਨਾਲ ਖਿੱਤੇ ਵਿੱਚ ਅਗਨ-ਹਥਿਆਰਾਂ ਦੀ ਨਵੀਂ ਦੌੜ ਛਿੜਨ ਦਾ ਵੀ ਖ਼ਦਸ਼ਾ ਪੈਦਾ ਹੋ ਗਿਆ ਹੈ। ਇਸ ਤੋਂ ਪਹਿਲਾਂ ਅਗਨੀ-1 (700 ਕਿਲੋਮੀਟਰ), ਅਗਨੀ-2 (2000 ਕਿਲੋਮੀਟਰ), ਅਗਨੀ-3 ਅਤੇ 4 (2500 ਤੋਂ 3500 ਕਿਲੋਮੀਟਰ) ਦਾਗੀਆਂ ਜਾ ਚੁੱਕੀਆਂ ਹਨ। ਮਿਜ਼ਾਈਲ ਵਿਗਿਆਨੀਆਂ ਵੱਲੋਂ ਨਵਾਂ ਇਤਿਹਾਸ ਰਚਣ ਤੋਂ ਬਾਅਦ ਭਾਰਤ ਬਹੁਤ ਵੱਡੀ ਫ਼ੌਜੀ ਤਾਕਤ ਬਣ ਗਿਆ ਹੈ।
ਅਗਨੀ-5 ਦੀ ਸਫ਼ਲ ਉਡਾਣ ਤੋਂ ਬਾਅਦ ਅੱਗ (ਅਗਨਿ ਜਾਂ ਅਗਨੀ) ਨਾਲ ਜੁੜੇ ਇਤਿਹਾਸਕ ਅਤੇ ਮਿਥਿਹਾਸਕ ਹਵਾਲੇ ਦਿਲਚਸਪੀ ਪੈਦਾ ਕਰਦੇ ਹਨ। ਜਨਾਬ ਕਮਲ ਨਸੀਮ ਵੱਲੋਂ ਹਿੰਦੀ ਵਿੱਚ ਤਿਆਰ ਕੀਤੇ ਗਏ ‘ਗਰੀਸ ਪੁਰਾਣ ਕਥਾ ਕੋਸ਼’ ਵਿੱਚ ਪ੍ਰੋਮੀਥੀਅਸ ਦੇਵਤੇ ਦਾ ਇੰਦਰਾਜ ਹੈ ਜਿਸ ਨੂੰ ਮਨੁੱਖਤਾ ਦੀ ਭਲਾਈ ਖਾਤਰ ਸਵਰਗ ਵਿੱਚੋਂ ਅੱਗ ਚੁੱਕਣ ਦੇ ਦੋਸ਼ ਵਿੱਚ ਅਮਰ-ਲੋਕ ਵਿੱਚੋਂ ਕੱਢ ਦਿੱਤਾ ਗਿਆ ਸੀ। ਇਸ ਮਿਥਿਹਾਸਕ ਹਵਾਲੇ ਅਨੁਸਾਰ ਸ੍ਰਿਸ਼ਟੀ ਦੀ ਰਚਨਾ ਯੂਨਾਨ ਦੇ ਏਰਾਸ ਨੇ ਕੀਤੀ ਤਾਂ ਚਾਰ-ਚੁਫ਼ੇਰਾ ਹਰਿਆ-ਭਰਿਆ ਹੋ ਗਿਆ। ਪ੍ਰਮੀਥੀਊ ਅਤੇ ਪ੍ਰੋਮੀਥੀਅਸ ਨਾਂ ਦੇ ਦੋ ਦੇਵਤੇ-ਭਰਾਵਾਂ ਨੇ ਜੀਵ-ਜੰਤੂ, ਝਰਨੇ, ਪਹਾੜ ਅਤੇ ਹੋਰ ਦੁਨਿਆਵੀ ਚੀਜ਼ਾਂ ਪੈਦਾ ਕਰਕੇ ਮਾਤ-ਲੋਕ ਨੂੰ ਹੋਰ ਸੁਹਾਵਣਾ ਬਣਾ ਦਿੱਤਾ। ਅੱਗ (ਅਗਨਿ) ’ਤੇ ਸਿਰਫ਼ ਦੇਵਤਿਆਂ ਦਾ ਏਕਾਧਿਕਾਰ ਸੀ ਜਿਸ ਤੋਂ ਬਿਨਾਂ ਮਨੁੱਖ ਨੂੰ ਮਹਾਂਬਲੀ ਬਣਾਉਣ ਬਾਰੇ ਸੋਚਿਆ ਵੀ ਨਹੀਂ ਸੀ ਜਾ ਸਕਦਾ। ਪ੍ਰੋਮੀਥੀਅਸ ਸਵਰਗ ਵਿੱਚੋਂ ਬਲ ਰਹੀ ਸੂਰਜ ਦੀ ਅੱਗ ਵਿੱਚੋਂ ਮਸ਼ਾਲ ਚੁਰਾ ਕੇ ਧਰਤੀ ’ਤੇ ਲੈ ਗਿਆ। ਜਿਉਸ ਦੇਵਤਾ ਨੇ ਧਰਤੀ ’ਤੇ ਚਾਨਣ ਦੇਖਿਆ ਤਾਂ ਪ੍ਰੋਮੀਥੀਅਸ ਨੂੰ ਕਕੇਸ਼ੀਅਨ ਪਰਬਤ ’ਤੇ ਚੱਟਾਨਾਂ ਨਾਲ ਬੰਨ੍ਹ ਕੇ ਮਿਸਾਲੀ ਸਜ਼ਾ ਦੇਣ ਦਾ ਹੁਕਮ ਦਿੱਤਾ। ਅੱਗ ਚੁਰਾਉਣ ਦੇ ਦੋਸ਼ ਕਰਕੇ ਉਸ ਦੇ ਸਵਰਗ ਵਿੱਚ ਦਾਖ਼ਲੇ ’ਤੇ ਪੂਰਨ ਪਾਬੰਦੀ ਲੱਗ ਗਈ। ਪ੍ਰੋਮੀਥੀਅਸ ਦੀ ਯਾਦ ਵਿੱਚ ਯੂਨਾਨ ਵਿੱਚ ਥਾਂ-ਥਾਂ ਅਗਨ-ਮੰਦਰ ਬਣੇ ਹੋਏ ਹਨ ਜਿੱਥੇ ਉਸ ਦੀ ਪੂਜਾ ਹੁੰਦੀ ਹੈ। ਇਸ ਮਿਥਿਹਾਸਕ ਹਵਾਲੇ ਮੁਤਾਬਕ ਅੱਗ ਵਿਨਾਸ਼ ਨਹੀਂ ਸਗੋਂ ਮਨੁੱਖਤਾ ਦੇ ਵਿਕਾਸ ਖਾਤਰ ਧਰਤੀ ’ਤੇ ਲਿਆਂਦੀ ਗਈ ਸੀ।
ਜੌਨ ਡੌਸਨ ਵੱਲੋਂ ਤਿਆਰ ਕੀਤੇ ‘ਹਿੰਦੂ ਮਿਥਿਹਾਸ ਕੋਸ਼’ ਮੁਤਾਬਕ ਅੱਗ (ਅਗਨੀ) ਹਿੰਦੂਆਂ ਦੀ ਪੂਜਾ ਪ੍ਰਣਾਲੀ ਦਾ ਪ੍ਰਾਚੀਨ ਤੇ ਪਵਿੱਤਰ ਦੇਵਤਾ ਹੈ। ਇਹ ਤਿੰਨ ਰੂਪਾਂ ਵਿੱਚ ਪ੍ਰਗਟ ਹੁੰਦਾ ਹੈ। ਆਕਾਸ਼ ਵਿੱਚ ਸੂਰਜ ਦੇ ਰੂਪ ਵਿੱਚ, ਪੁਲਾੜ ਵਿੱਚ ਬਿਜਲੀ ਅਤੇ ਧਰਤੀ ’ਤੇ ਸਾਧਾਰਨ ਅੱਗ ਦੇ ਰੂਪ ਵਿੱਚ। ਅਗਨੀ, ਵੇਦਾਂ ਦੇ ਪ੍ਰਮੁੱਖ ਦੇਵਤਿਆਂ ਵਿੱਚੋਂ ਹੈ ਅਤੇ  ਰਿਚਾਵਾਂ ਦੀ ਬਹੁ-ਗਿਣਤੀ ਸ਼ਾਇਦ ਸਭ ਦੇਵਤਿਆਂ ਨਾਲੋਂ ਵਧੇਰੇ ਇਸੇ ਨੂੰ ਸੰਬੋਧਨ ਕਰ ਕੇ ਕੀਤੀ ਗਈ ਹੈ। ਇਹ ਤਿੰਨ ਮਹਾਨ ਦੇਵਤਿਆਂ, ਅਗਨੀ, ਵਾਯੂ ਅਤੇ ਸੂਰਜ ਵਿੱਚੋਂ ਇੱਕ ਹੈ, ਜਿਹੜੇ ´ਮਵਾਰ ਪ੍ਰਿਥਵੀ, ਪੁਲਾੜ ਅਤੇ ਆਕਾਸ਼ ਉੱਤੇ ਆਪਣੀ ਪ੍ਰਭੁਤਾ ਰੱਖਦੇ ਹਨ। ਪ੍ਰਤਿਸ਼ਠਾ ਵਿੱਚ ਤਿੰਨੇ ਇੱਕ ਸਮਾਨ ਹਨ। ਇਹ ਮਨੁੱਖਾਂ ਤੇ ਦੇਵਤਿਆਂ ਵਿੱਚ ਮਧਿਅਸਤ, ਮਨੁੱਖਾਂ ਦੇ ਘਰਾਂ ਦਾ ਰੱਖਿਅਕ ਅਤੇ ਉਨ੍ਹਾਂ ਦੇ ਅਮਲਾਂ ਦਾ ਸਾਥੀ ਮੰਨਿਆ ਜਾਂਦਾ ਹੈ। ਇਸੇ ਲਈ ਸਾਰੇ ਪਵਿੱਤਰ ਅਵਸਰਾਂ ਅਤੇ ਵਿਆਹ ਦੀ ਰਸਮ ਵੇਲੇ ਇਸ ਦੀ ਅਰਾਧਨਾ ਕੀਤੀ ਜਾਂਦੀ ਹੈ। ਇਸ ਦੀਆਂ ਸੱਤ ਜੀਭਾਂ ਹਨ ਜੋ ਯੱਗ ਦੀ ਸਮੱਗਰੀ ਨੂੰ ਚੱਟਦੀਆਂ ਹਨ। ਇਹ ਅੱਠ ਲੋਕਪਾਲਾਂ ਵਿੱਚੋਂ ਇੱਕ ਹੋਣ ਕਾਰਨ ਦੱਖਣ-ਪੂਰਬ ਦਿਸ਼ਾ ਦਾ ਰੱਖਿਅਕ ਹੈ। ਦੋ ਲੋਹੇ ਵਰਗੇ ਵੱਡੇ ਦੰਦਾਂ ਨੂੰ ਤਿੱਖਾ ਕਰਦਾ ਹੈ। ਆਪਣੇ ਵੈਰੀ ਨੂੰ ਮੂੰਹ ਵਿੱਚ ਪਾ ਕੇ ਨਿਗਲ ਜਾਂਦਾ ਹੈ। ਆਪਣੇ ਤੀਰਾਂ ਦੀਆਂ ਧਾਰਾਂ ਤਿੱਖੀਆਂ ਕਰਦਾ ਹੈ ਅਤੇ ਉਨ੍ਹਾਂ ਨੂੰ ਰਾਕਸ਼ ਦੀਆਂ ਛਾਤੀਆਂ ਵਿੱਚ ਖੋਭ ਦਿੰਦਾ ਹੈ। ਤੰਤ੍ਰ-ਸ਼ਾਸਤ੍ਰ ਵਿੱਚ ਵਿਸ਼ਵਾਸ ਕਰਨ ਵਾਲੇ ਮੰਨਦੇ ਹਨ ਕਿ ਅਗਨਿ ਦੇਵਤਾ ਦਾ ਮੰਤਰ (ਅਗਨਿ ਅਸਤ੍ਰ) ਸਿੱਧ ਕਰਕੇ ਜੇ ਸ਼ਸਤਰ ਚਲਾਇਆ ਜਾਵੇ ਤਾਂ ਉਹ ਵੈਰੀ ਨੂੰ ਭਸਮ ਕਰ ਦਿੰਦਾ ਹੈ ਅਤੇ ਅੱਗ ਦੀ ਵਰਖਾ ਹੋਣ ਲੱਗ ਪੈਂਦੀ ਹੈ।
ਗੁਰਬਾਣੀ ਵਿੱਚ ਵੀ ਕਈ ਥਾਂ ਅਗਨੀ ਦਾ ਹਵਾਲਾ ਮਿਲਦਾ ਹੈ। ਆਸਾ ਕੀ ਵਾਰ ਵਿੱਚ ਅੰਕਿਤ ਹੈ:
ਸਤਜੁਗਿ ਰਥੁ ਸੰਤੋਖ ਕਾ
ਧਰਮ ਅਗੈ ਰਥਵਾਹੁ
ਤਰੇਤੈ ਰਥੁ ਜਤੈ ਕਾ
ਜੋਰੁ ਅਗੈ ਰਥਵਾਹ
ਦੁਆਪਰਿ ਰਥੁ ਤਪੈ ਕਾ
ਸਤੁ ਅਗੈ ਰਥਵਾਹੁ
ਕਲਜੁਗਿ ਰਥੁ ਅਗਨਿ ਕਾ
ਕੂੜੁ ਅਗੈ ਰਥਵਾਹੁ
(ਭਾਵ, ਸੁਨਹਿਰੀ ਯੁਗ-  ਸਤਯੁਗ ਅੰਦਰ ਸੰਤੁਸ਼ਟਤਾ ਗੱਡੀ ਹੈ ਅਤੇ ਪਵਿੱਤਰਤਾ ਗਾਡੀਵਾਨ ਹੈ। ਚਾਂਦੀ ਯੁਗ- ਤਰੇਤਾ ਵਿੱਚ ਪਰਹੇਜ਼ਗਾਰੀ ਦਾ ਰਥਵਾਨ ਤਾਕਤ; ਪਿੱਤਲ ਯੁਗ- ਦੁਆਪਰ ਅੰਦਰ ਤਪੱਸਿਆ ਦਾ ਵਾਹਨ ਸੱਚ ਹੈ ਜਦੋਂਕਿ ਕਲਯੁਗ- ਲੋਹੇ ਦੇ ਸਮੇਂ ਅੰਦਰ ਅੱਗ ਦੇ ਰੱਥ ਦਾ ਰਥਵਾਨ ਝੂਠ ਹੈ)।
ਅਗਨੀ ਤੋਂ ਬਿਨਾਂ ਜੀਵਨ ਦਾ ਤਸੱਵਰ ਹੀ ਨਹੀਂ ਕੀਤਾ ਜਾ ਸਕਦਾ ਹੈ। ਜਦੋਂ ਮਨੁੱਖ ਨੇ ਪੱਥਰਾਂ ਨੂੰ ਰਗੜ   ਕੇ ਅੱਗ ਲੱਭੀ ਸੀ ਤਾਂ ਉਸ ਦੀ ਉਸ ਵੇਲੇ ਦੀ ਸਭ ਤੋਂ ਵੱਡੀ ਪ੍ਰਾਪਤੀ ਮੰਨੀ ਗਈ ਸੀ। ਚੁੱਲ੍ਹਿਆਂ ਵਿੱਚ ਬਲਦੀ ਅੱਗ ਨੇ ਮਨੁੱਖ ਨੂੰ ਮਹਾਂਬਲੀ ਬਣਾਉਣ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਇਆ। ਭੁੱਬਲ ਵਿੱਚ ਅੱਗ ਸਾਂਭ ਕੇ ਰੱਖਣਾ ਅਤੇ ਇਸ ਦਾ ਇੱਕ ਪੀੜ੍ਹੀ ਤੋਂ ਅਗਲੀ ਪੀੜ੍ਹੀ ਨੂੰ ਸੌਂਪਣਾ ਪਵਿੱਤਰ ਕਾਰਜ ਸਮਝਿਆ ਜਾਂਦਾ ਸੀ। ਅੱਗ ਦੇ ਮਹੱਤਵ ਨੇ ਇਸ ਨੂੰ ਹਵਨ-ਕੁੰਡ ਅਤੇ ਅਗਨ-ਮੰਦਰਾਂ ਵਿੱਚ ਪੂਜਣਯੋਗ ਸਥਾਨ ’ਤੇ ਪਹੁੰਚਾਇਆ। ਅਗਨੀ ਦੀ ਬਦੌਲਤ ਸੋਨੇ, ਚਾਂਦੀ, ਕਾਂਸੀ ਅਤੇ ਲੋਹੇ ਵਰਗੀਆਂ ਧਾਤਾਂ ਨੂੰ ਮਨੁੱਖ ਦੀ ਮਰਜ਼ੀ ਦੇ ਆਕਾਰ ਤੇ ਨਕਸ਼ ਮਿਲਣੇ ਸ਼ੁਰੂ ਹੋਏ। ਅੱਗ ਤੋਂ ਬਿਨਾਂ ਅਜਿਹੀਆਂ ਧਾਤਾਂ ਨੂੰ ਟਾਂਕਾ ਵੀ ਨਹੀਂ ਲਗਾਇਆ ਜਾ ਸਕਦਾ:
ਕੈਹਾ ਕੰਚਨੁ ਤੂਟੈ ਸਾਰੁ
ਅਗਨੀ ਗੰਢੁ ਪਾਏ ਲੋਹਾਰੁ
ਜਦੋਂ ਮਨੁੱਖ ਮਾਇਆਜਾਲ ਵਿੱਚ ਫਸ ਗਿਆ ਅਤੇ ਉਸ ਦੀਆਂ ਇੱਛਾਵਾਂ/ਕਾਮਨਾਵਾਂ ਦੀ ਕੋਈ ਸੀਮਾ ਨਾ ਰਹੀ ਤਾਂ ਉਸ ਨੇ ਪਵਿੱਤਰ ਅਗਨੀ ਨੂੰ ਵਿਕਾਸ ਦੀ ਬਜਾਏ ਵਿਨਾਸ਼ ਲਈ ਵਰਤਣਾ ਸ਼ੁਰੂ ਕਰ ਦਿੱਤਾ। ਪਾਪੀ ਦੇ ਘਰ ਦਾ ਸਿਰਨਾਵਾਂ ਵੀ ਅੱਗ ਮੰਨਿਆ ਗਿਆ ਹੈ ਜਿਹੜਾ ਹਰ ਵੇਲੇ ਮੱਚਦਾ ਰਹਿੰਦਾ ਹੈ ਅਤੇ ਇਸ ਦੀ ਅੱਗ ਕਦੇ ਨਹੀਂ ਬੁਝਦੀ। ਭਗਤ ਨਾਮਦੇਵ ਫ਼ੁਰਮਾਉਂਦੇ ਹਨ:
ਪਾਪੀ ਕਾ ਘਰੁ ਅਗਨੇ ਮਾਹਿ
ਜਲਤ ਰਹੈ ਮਿਟਵੈ ਕਬ ਨਾਹਿ
ਅਜਿਹੇ ਲੋਕਾਂ ਦਾ ਚੋਲਾ ਵੀ ਅਗਨਿ ਦਾ ਹੁੰਦਾ ਹੈ। ਤਾਮਸੀ ਲਿਬਾਸ ਵਾਲੇ ਲੋਕਾਂ ਦੇ ਬੋਲਾਂ ਵਿੱਚੋਂ ਹਮੇਸ਼ਾ ਅੱਗ ਵਰ੍ਹਦੀ ਹੈ। ਪੰਜਾਬੀ ਦਾ ਉਸਤਾਦ ਗ਼ਜ਼ਲਗੋ ਅਮਰਜੀਤ ਸਿੰਘ ਸੰਧੂ ਕਹਿੰਦਾ ਹੈ ਕਿ ਇਸ ਵੇਲੇ ਸਾਰੇ ਸੰਸਾਰ ’ਤੇ ਜੋ ਅਸ਼ਾਂਤੀ ਅਤੇ ਅਰਾਜਕਤਾ ਦਾ ਮਾਹੌਲ ਬਣਿਆ ਹੋਇਆ ਹੈ, ਜੋ ਕਿਸੇ ਨਾ ਕਿਸੇ ਰੂਪ ਵਿੱਚ ਅਤ੍ਰਿਪਤ ਇੱਛਾਵਾਂ ਦਾ ਹੀ ਸੰਘਰਸ਼ ਹੈ। ਸੰਸਾਰ ਵਿੱਚ ਅਮੋੜ ਕਾਮਨਾਵਾਂ ਭਟਕਦੀਆਂ ਫਿਰਦੀਆਂ ਹਨ, ਆਪਸ ਵਿੱਚ ਟਕਰਾਉਂਦੀਆਂ ਹਨ, ਧਮਾਕੇ ਹੁੰਦੇ ਹਨ। ਭਾਰਤ ਵਰਗੇ ਅਮਨ-ਪਸੰਦ ਅਤੇ ਅਹਿੰਸਾ ਦੇ ਪੁਜਾਰੀ ਮਹਾਤਮਾ ਗਾਂਧੀ ਦੇ ਦੇਸ਼ ਵੱਲੋਂ ਹਥਿਆਰਾਂ ਦੀ ਦੌੜ ਵਿੱਚ ਪੈਣ ਦੀ ਮਜਬੂਰੀ ਬਾਰੇ ਉਹ ਕਹਿੰਦਾ ਹੈ:
ਘੁੱਗੀ ਬੇਸ਼ੱਕ ਭੋਲੀ ਹੈ, ਮਜ਼ਲੂਮ ਹੈ
ਅਮਨ-ਪਸੰਦ ਹੈ ਲੇਕਿਨ
ਬੱਚਿਆਂ ਨੂੰ ਖ਼ਤਰਾ ਜਾਪੇ ਤਾਂ,
ਉਹ ਕਾਂ ਨਾਲ ਵੀ ਭਿੜ ਜਾਂਦੀ ਏ।
ਡਰ ਕਰਕੇ ਵਿਨਾਸ਼ਕਾਰੀ ਤਾਕਤਾਂ ਇੱਕ-ਦੂਜੇ ਨੂੰ ਘੂਰਦੀਆਂ ਹਨ। ਇਨਸਾਨ ਲਹੂ ਦੇ ਧੱਬਿਆਂ ਨੂੰ ਲਹੂ ਨਾਲ ਧੋਣ ਦਾ ਯਤਨ ਕਰਦਾ ਹੈ ਅਤੇ ਫਿਰ ਅਗਨ-ਬਾਣਾਂ ਦੀ ਲੋੜ ਪੈਂਦੀ ਹੈ ਜਿਹੜੇ ਕਿਸੇ ਸ਼ਾਂਤ ਮਹਾਂਸਾਗਰ ਵਿੱਚ ਸਮਾਅ ਕੇ ਉਸ ਦੀ ਸ਼ਾਂਤੀ ਭੰਗ ਕਰਦੇ ਹਨ। ਜਿਸ ਦੇ ਫ਼ਲਸਰੂਪ ਅਦਨੇ ਜਿਹੇ ਪੰਛੀ, ਅਗਨ ਦੇ ਕੰਠ ਦੀਆਂ ਨਾੜਾਂ ਭਾਵੇਂ ਸੂਤੀਆਂ ਜਾਂਦੀਆਂ ਹਨ ਫਿਰ ਵੀ ਉਹ ਅਮਨ ਦਾ ਨਗਮਾ ਗਾਉਣ ਦੀ ਮੁੜ ਕੋਸ਼ਿਸ਼ ਕਰਦਾ ਹੈ।


Comments Off on ਅਗਨ-ਬਾਣ ਬਨਾਮ ਅਮਨ ਦਾ ਨਗਮਾ
1 Star2 Stars3 Stars4 Stars5 Stars (1 votes, average: 4.00 out of 5)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.