ਸਰਪੰਚ ਨੇ ਮਜ਼ਦੂਰ ਦੇ ਘਰ ਨੂੰ ਤਾਲਾ ਲਗਾਇਆ !    ਨੌਜਵਾਨ ਸੋਚ: ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੋ ਵਹੀਕਲ ਜ਼ੋਨ: ਅੱਧੀ ਤਿਆਰੀ ਕਾਰਨ ਦੁਕਾਨਦਾਰ ਤੇ ਲੋਕ ਹੋਏ ਪ੍ਰੇਸ਼ਾਨ !    ਜੇ ਪੰਜਾਬ ਦਾ ਪਾਣੀ ਰੋਕਿਆ ਤਾਂ ਰਾਜਸਥਾਨ ਦਾ ਵੀ ਬੰਦ ਕਰਾਂਗੇ: ਲੱਖੋਵਾਲ !    ਸੋਨੇ ਵਿੱਚ ਆਈ ਤੇਜ਼ੀ !    ਇਰਾਨ ਦੇ ਰਾਸ਼ਟਰਪਤੀ ਦਾ ਭਰਾ 5 ਸਾਲ ਲਈ ਜੇਲ੍ਹ ਵਿੱਚ ਬੰਦ !    ਹਰਿਆਣਾ ’ਚ ਜਜਪਾ ਨੂੰ ਹਮਾਇਤ ਦਿੱਤੀ: ਤੰਵਰ !    ਪੀਸਾ ਪ੍ਰੀਖਿਆ: ਨਿਰੀਖਣ ਕਮੇਟੀਆਂ ਵੱਲੋਂ ਸਕੂਲਾਂ ਦਾ ਜਾਇਜ਼ਾ !    ਮੁਹਾਲੀ ਦਾ ਬੱਸ ਅੱਡਾ: ਨਵਾਂ ਚੱਲਿਆ ਨਹੀਂ ਤੇ ਪੁਰਾਣਾ ਕੀਤਾ ਬੰਦ !    

ਤੂੰ ਮੇਰੀ ਖ਼ੁਸ਼ਬੋ ਮਾਹੀਆ…

Posted On March - 24 - 2012

ਸੁਖਦੇਵ ਮਾਦਪੁਰੀ

‘ਮਾਹੀਆ’ ਲੋਕ ਪ੍ਰਤਿਭਾ ਦੇ ਮੁੱਢ ਕਦੀਮੀਂ ਸਰੋਦੀ ਸੋਮਿਆਂ ਵਿੱਚੋਂ ਵਿਕਸਤ ਹੋਇਆ ਛੋਟੀ ਸਿਨਫ਼ ਦਾ ਲੋਕ ਕਾਵਿ-ਰੂਪ ਹੈ ਜਿਸ ਨੇ ਮਨੁੱਖੀ ਪਿਆਰ, ਰਿਸ਼ਤਿਆਂ ਦੀ ਸਦੀਵੀ ਮੁਹੱਬਤ ਅਤੇ ਅਪਣੱਤ ਨੂੰ ਆਪਣੇ ਵਿੱਚ ਸਮੋਇਆ ਹੋਇਆ ਹੈ। ਅਸਲ ਵਿੱਚ ‘ਮਾਹੀਆ’ ਪਿਆਰ ਗੀਤ ਹੈ ਜਿਸ ਨੂੰ ਬਹੁਤ ਹੀ ਸਰਲ ਅਤੇ ਸਾਦਾ ਭਾਸ਼ਾ ਵਿੱਚ ਸ਼ਿੰਗਾਰ ਰਸ ਅਤੇ ਕਰੁਣਾ ਰਸ ਦੀ ਚਾਸ਼ਨੀ ਵਿੱਚ ਗਲੇਫ਼ ਕੇ ਲੋਕ ਪ੍ਰਤਿਭਾ ਨੇ ਸਿਰਜਿਆ ਹੈ। ਇਹ ਪੰਜਾਬ ਦੀਆਂ ਸਾਰੀਆਂ ਉਪ ਬੋਲੀਆਂ ਵਿੱਚ ਰਚਿਆ ਹੋਇਆ ਮਿਲਦਾ ਹੈ। ਮੁਲਤਾਨ, ਸਿਆਲਕੋਟ, ਪੋਠੋਹਾਰ ਅਤੇ ਜੰਮੂ ਦੇ ਪਹਾੜੀ ਖੇਤਰਾਂ ਵਿੱਚ ਇਹ ਪੁਰਾਤਨ ਕਾਲ ਤੋਂ ਹੀ ਲੋਕਪ੍ਰਿਆ ਰਿਹਾ ਹੈ। ਇਨ੍ਹਾਂ ਸਾਰੇ ਖੇਤਰਾਂ ਵਿੱਚ ਇਸ ਦਾ ਰੂਪ ਵਿਧਾਨ ਤੇ ਗਾਉਣ ਦੀ ਪ੍ਰਥਾ ਇਕਸਾਰ ਹੈ।
ਮਾਹੀ ਦੇ ਸ਼ਾਬਦਕ ਅਰਥ ਮੱਝਾਂ ਚਰਾਉਣ ਵਾਲਾ ਹਨ। ਰਾਂਝਾ ਬਾਰਾਂ ਵਰ੍ਹੇ ਹੀਰ ਲਈ ਮੱਝਾਂ ਚਰਾਉਂਦਾ ਰਿਹਾ ਹੈ ਜਿਸ ਕਰਕੇ ਹੀਰ ਉਸ ਨੂੰੂ ਮਾਹੀ ਆਖ ਕੇ ਬੁਲਾਉਂਦੀ ਸੀ। ਹੀਰ ਰਾਂਝੇ ਦੀ ਪ੍ਰੀਤ ਕਥਾ ਦਾ ਪੰਜਾਬ ਦੇ ਜਨ ਜੀਵਨ ’ਤੇ ਅਮਿੱਟ ਪ੍ਰਭਾਵ ਪਿਆ ਹੈ, ਜਿਸ ਕਰਕੇ ਮਾਹੀ ਸ਼ਬਦ ਦਾ ਪਦਨਾਮ ਮਹਿਬੂਬ ਅਤੇ ਪਤੀ ਲਈ ਪ੍ਰਚਲਤ ਹੋ ਗਿਆ। ਪੰਜਾਬ ਦੀ ਮੁਟਿਆਰ ਆਪਣੇ ਮਹਿਬੂਬ ਨੂੰ ਬੜੇ ਚਾਅ ਨਾਲ ‘ਮਾਹੀਆ’ ਆਖ ਕੇ ਸੱਦਦੀ ਹੈ।
ਮਾਹੀਆ ਗੀਤ-ਰੂਪ ਦਾ ਆਪਣਾ ਰੂਪ ਵਿਧਾਨ ਹੈ। ਕਰਤਾਰ ਸਿੰਘ ਸ਼ਮਸ਼ੇਰ ਅਨੁਸਾਰ ਇਸ ਦੀਆਂ ਤਿੰਨ ਤੁਕਾਂ ਹੁੰਦੀਆਂ ਹਨ ਪਰ ਡਾਕਟਰ ਵਣਜਾਰਾ ਬੇਦੀ ਅਨੁਸਾਰ ਇਹ ਛੋਟੇ ਆਕਾਰ ਦਾ ਦੋ ਸਤਰਾਂ ਦਾ ਗੀਤ ਹੈ। ਪਹਿਲੀ ਸਤਰ ਆਕਾਰ ਵਿੱਚ ਦੂਜੀ ਸਤਰ ਨਾਲੋਂ ਅੱਧੀ ਹੁੰਦੀ ਹੈ। ਦੂਜੀ ਸਤਰ ਦੇ ਦੋ ਤੁਕਾਂਗ ਹੁੰਦੇ ਹਨ। ਇਨ੍ਹਾਂ ਦੋ ਤੁਕਾਂਗਾਂ ਨੂੰ ਕਈ ਦੋ ਸਤਰਾਂ ਮੰਨ ਕੇ ਮਾਹੀਏ ਦੀਆਂ ਤਿੰਨ ਤੁਕਾਂ ਗਿਣਦੇ ਹਨ। ਕਰਤਾਰ ਸਿੰਘ ਸ਼ਮਸ਼ੇਰ ਦੇ ਸ਼ਬਦਾਂ ਵਿੱਚ ਮਾਹੀਏ ਦਾ ਰੂਪ ਵਿਧਾਨ ਇਸ ਪ੍ਰਕਾਰ ਹੈ: ਸਾਧਾਰਨ ਤੱਤ ਇਸ ਦੀਆਂ ਤਿੰਨ ਤੁਕਾਂ ਹਨ। ਪਹਿਲੀ ਤੁਕ ਵਿੱਚ ਕੋਈ ਦ੍ਰਿਸ਼ਟਾਂਤ ਹੁੰਦਾ ਹੈ। ਕਲਾ ਦੇ ਪੱਖ ਤੋਂ ਉੱਤਮ ਪ੍ਰਕਾਰ ਦੇ ਮਾਹੀਆ ਲੋਕ ਗੀਤਾਂ ਵਿੱਚ ਪਹਿਲੀ ਤੁਕ ਵੀ ਓਨੀ ਹੀ ਅਰਥਪੂਰਨ ਤੇ ਭਾਵਪੂਰਨ ਹੁੰਦੀ ਹੈ, ਜਿੰਨੀਆਂ ਕੁ ਬਾਕੀ ਦੀਆਂ ਤੁਕਾਂ। ਕਈਆਂ ਵਿੱਚ ਇਹ ਤੁਕ ਨਿਰਾਰਥਕ ਹੀ ਹੁੰਦੀ ਹੈ ਅਤੇ ਅਨੁਪਰਾਸ ਮੇਲਣ ਲਈ ਹੀ ਵਰਤੀ ਜਾਂਦੀ ਹੈ। ਜਜ਼ਬੇ ਦੀ ਤਸਵੀਰ ਹੇਠਲੀਆਂ ਦੋ ਤੁਕਾਂ ਵਿੱਚ ਖਿੱਚੀ ਹੁੰਦੀ ਹੈ। ਪਹਿਲੀ ਅਤੇ ਤੀਜੀ ਤੁਕ ਦਾ ਅਨੁਪਰਾਸ ਮਿਲਦਾ ਹੈ। ਵਿਚਲੀ ਤੁਕ ਕੁਝ ਛੋਟੀ ਹੁੰਦੀ ਹੈ। ਇਨ੍ਹਾਂ ਦੋ ਤੁਕਾਂ ਵਿੱਚ ਜਜ਼ਬਿਆਂ ਨੂੰ ਠੋਸ ਚਿੱਤਰਾਂ ਵਿੱਚ ਸਾਕਾਰ ਕਰਨਾ ਹੁੰਦਾ ਹੈ ਜਾਂ ਇਸ ਤਰ੍ਹਾਂ ਕਹਿ ਲਈਏ ਕਿ ਕੁੱਜੇ ਵਿੱਚ ਦਰਿਆ ਨੂੰ ਬੰਦ ਕਰਨਾ ਇਨ੍ਹਾਂ ਲੋਕ ਕਲਾਕਾਰਾਂ ਦੀ ਪ੍ਰਤਿਭਾ ਹੈ। ਜਜ਼ਬਿਆਂ ਨੂੰ ਸਾਕਾਰ ਕਰਨ ਲਈ ਜਿਹੜੇ ਚਿੱਤਰ ਖਿੱਚੇ ਜਾਂਦੇ ਹਨ, ਉਨ੍ਹਾਂ ਵਿਚਲੀ ਘਟਨਾ ਦੀ ਚੋਣ ਪ੍ਰਤਿਭਾ ਦੀ ਅਸਲ ਕਸੌਟੀ ਹੈ।
ਪੰਜਾਬ ਵਿੱਚ ਵਿਸ਼ੇਸ਼ ਕਰਕੇ ਧਨ ਪੋਠੋਹਾਰ ਵਿੱਚ ਮਾਹੀਏ ਦਾ ਇੱਕ ਹੋਰ ਰੂਪ ਵੀ ਪ੍ਰਚਲਤ ਹੈ, ਜਿਸ ਨੂੰ ‘ਬਾਲ੍ਹੋ ਮਾਹੀਏ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਰੂਪ ਕਿਸੇ ਸਮੇਂ ਬੜਾ ਪ੍ਰਚਲਤ ਹੋਇਆ ਸੀ। ਬਾਲ੍ਹੋ  ਗੁੱਜਰਾਂਵਾਲੇ ਦੀ ਰਹਿਣ ਵਾਲੀ ਇੱਕ ਸੁੰਦਰ ਮੁਟਿਆਰ ਸੀ ਜਿਸ ਦਾ ਪਿਆਰ ਮੁਹੰਮਦ ਅਲੀ ਨਾਂ ਦੇ ਗੱਭਰੂ ਨਾਲ ਸੀ, ਜਿਸ ਨੂੰ ਉਹ ਪਿਆਰ ਨਾਲ ‘ਮਾਹੀਆ’ ਸੱਦਿਆ ਕਰਦੀ ਸੀ। ਦੋਹਾਂ ਦਾ ਆਪੋ ਵਿੱਚ ਅਮੁੱਕ ਪਿਆਰ ਸੀ ਤੇ ਰੱਬ ਨੇ ਇਨ੍ਹਾਂ ਦੋਹਾਂ ਨੂੰ ਹੁਸਨ ਦੇ ਨਾਲ ਆਵਾਜ਼ ਵੀ ਸੁਰੀਲੀ ਬਖ਼ਸ਼ੀ ਸੀ। ਇਨ੍ਹਾਂ ਦੋਹਾਂ ਨੇ ਮਾਹੀਏ ਦੀਆਂ ਨਵੀਆਂ ਧੁਨਾਂ ਪ੍ਰਚਲਤ ਕੀਤੀਆਂ, ਜੋ ਸਵਾਲਾਂ-ਜਵਾਬਾਂ ਵਿੱਚ ਹਨ। ਇੱਕ ਟੱਪੇ ਵਿੱਚ ਬਾਲੋ੍ਹ ਦਾ ਨਾਂ ਆਉਂਦਾ ਹੈ ਤੇ ਦੂਜੇ ਵਿੱਚ ਮਾਹੀਆ ਸ਼ਬਦ ਆਉਂਦਾ ਹੈ। ਇਸ ਵਿੱਚ ਹੁਸਨ ਇਸ਼ਕ ਦੀ ਚਰਚਾ ਹੁੰਦੀ ਹੈ ਜਿਵੇਂ:-
ਹੱਟੀਆਂ ’ਤੇ ਫੀਤਾ ਈ
ਸੱਚ ਦੱਸ ਨੀਂ ਬਾਲ੍ਹੋ,
ਕਦੇ ਯਾਦ ਵੀ ਕੀਤਾ ਈ

ਮੈਂ ਖੜ੍ਹੀ ਆਂ ਵਿੱਚ ਬੇਲੇ
ਕਸਮ ਖੁਦਾ ਦੀ ਮਾਹੀਆ
ਯਾਦ ਕਰਨੀ ਆਂ ਹਰ ਵੇਲੇ

ਇਹ ਸਵਾਲਾਂ-ਜਵਾਬਾਂ ਵਾਲਾ ਮਾਹੀਆ ਅੱਜ ਵੀ ‘ਬਾਲੋ੍ਹ-ਮਾਹੀਆ’ ਦੇ ਨਾਂ ਨਾਲ ਪ੍ਰਸਿੱਧ ਹੈ।
ਅਸਲ ਵਿੱਚ ‘ਮਾਹੀਆ’ ਜਜ਼ਬਿਆਂ ਭਰਪੂਰ ਕਾਵਿ-ਰੂਪ ਹੈ ਜਿਸ ਵਿੱਚ ਮੁੱਖ ਤੌਰ ’ਤੇ ਰੁਮਾਂਚਿਕ ਵਿਸ਼ਿਆਂ ਨੂੰ ਹੀ ਰੂਪਮਾਨ ਕੀਤਾ ਗਿਆ ਹੈ। ਇਸ ਵਿੱਚ ਮੁਹੱਬਤ ਦੀਆਂ ਕੂਲ੍ਹਾਂ ਵਹਿ ਰਹੀਆਂ ਹਨ। ਇਨ੍ਹਾਂ ਗੀਤਾਂ ਵਿੱਚ ਪੰਜਾਬ ਦੀ ਮੁਟਿਆਰ ਆਪਣੇ ਮਾਹੀਏ ਦੇ ਹੁਸਨ ਦੇ ਵਾਰੇ ਜਾਂਦੀ ਹੋਈ ਉਸ ਲਈ ਆਪਣੀ ਬੇਪਨਾਹ ਮੁਹੱਬਤ ਦਾ ਇਜ਼ਹਾਰ ਹੀ ਨਹੀਂ ਕਰਦੀ ਬਲਕਿ ਸ਼ਿਕਵਿਆਂ, ਨਿਹੋਰਿਆਂ ਦੇ ਬਾਣਾਂ ਅਤੇ ਵਿਛੋੜੇ ਦੇ ਸੱਲ੍ਹਾਂ ਦਾ ਵਰਣਨ ਵੀ ਬੜੇ ਅਨੂਠੇ ਅਤੇ ਦਰਦੀਲੇ ਬੋਲਾਂ ਵਿੱਚ ਕਰਦੀ ਹੈ:-
ਕੋਠੇ ’ਤੇ ਖਲੋ ਮਾਹੀਆ
ਤੂੰ ਫੁੱਲ ਤੋਰੀਏ ਦਾ
ਮੈਂ ਤੇਰੀ ਖ਼ੁਸ਼ਬੋ ਮਾਹੀਆ

ਪਿਆਰ ਤਾਂ ਇੱਕ ਰੱਬੀ ਦਾਤ ਦੇ ਰੂਪ ਵਿੱਚ ਪ੍ਰਾਪਤ ਹੁੰਦਾ ਹੈ:-
ਪੱਤੇ ਪਿੱਪਲਾਂ ਦੇ ਹਿਲਦੇ ਨੇ
ਰੱਬ ਜਦੋਂ ਮਿਹਰ ਕਰੇ
ਓਦੋਂ ਦੋ ਦਿਲ ਮਿਲਦੇ ਨੇ

ਜਾਤ-ਪਾਤ ਦੀਆਂ ਦੀਵਾਰਾਂ ਵੀ ਮੁਹੱਬਤਾਂ ਦੇ ਵਹਿਣਾਂ ਅੱਗੇ ਵਹਿ ਟੁਰਦੀਆਂ ਹਨ:-
ਕਾਲਾ ਫੁੰਮਣ ਪਰਾਂਦੇ ਦਾ
ਅਸਾਂ ਤੇਰੀ ਜਾਤ ਨਾ ਪੁੱਛੀ
ਪੱਲਾ ਫੜ ਲਿਆ ਜਾਂਦੇ ਦਾ

ਮਾਹੀ ਵੀ ਹੁਣ ਉਸ ਲਈ ਸਭੋ ਕੁਝ ਏ। ਉਸ ਦੇ ਤੁਲ ਦੁਨੀਆਂ ’ਚ ਕੋਈ ਹੋਰ ਸ਼ੈਅ ਨਹੀਂ:-
ਰਿਹਾ ਚਮਕ ਸਤਾਰਾ ਈ
ਓਡਾ ਮੈਨੂੰ ਹੋਰ ਕੋਈ ਨਾ
ਜਿੱਡਾ ਮਾਹੀ ਪਿਆਰਾ ਈ

ਮਾਹੀਏ ਦੀ ਹਰ ਸ਼ੈਅ ਉਸ ਨੂੰ ਪਿਆਰੀ ਲੱਗਦੀ ਏ:-
ਫੁੱਲਾ ਵੇ ਗੁਲਾਬ ਦਿਆ
ਤੈਨੂੰ ਸੀਨੇ ਨਾਲ ਲਾਵਾਂ
ਮੇਰੇ ਮਾਹੀਏ ਦੇ ਬਾਗ ਦਿਆ

ਕਦੋਂ ਉਸ ਨਾਲ ਮਿਲਾਪ ਹੋਵੇ, ਦਿਲ ਵਸਲ ਲਈ ਤੜਪ ਰਿਹਾ ਹੈ:-
ਬਾਗੇ ਵਿੱਚ ਆ ਮਾਹੀਆ
ਨਾਲੇ ਸਾਡੀ ਗੱਲ ਸੁਣ ਜਾ
ਨਾਲੇ ਘੜਾ ਵੇ ਚੁਕਾ ਮਾਹੀਆ

ਕਿੰਨੀ ਨਾਜ਼ੁਕ ਖਿਆਲੀ ਹੈ, ਇਨ੍ਹਾਂ ਬੋਲਾਂ ਵਿੱਚ:-
ਛਤਰੀ ਦੀ ਛਾਂ ਕਰ ਲੈ
ਜਿੱਥੇ ਮਾਹੀ ਆਪ ਵਸੇਂ
ਉੱਥੇ ਸਾਡੀ ਵੀ ਥਾਂ ਕਰ ਲੈ

ਉਹ ਤਾਂ ਆਪਣੇ ਮਾਹੀ ਲਈ ਸੈਆਂ ਜ਼ਫ਼ਰ ਝੱਲਣ ਲਈ ਤਤਪਰ ਹੈ:
ਫੁੱਲਾਂ ਦੀ ਫਲਾਈ ਮਾਹੀਆ
ਇੱਕ ਤੇਰੀ ਜਿੰਦ ਬਦਲੇ
ਜਿੰਦ ਕੰਡਿਆਂ ’ਤੇ ਪਾਈ ਮਾਹੀਆ

ਉਹ ਤਾਂ ਆਪਣੇ ਮਹਿਬੂਬ ਲਈ ਆਪਣੀ ਜਿੰਦੜੀ ਦਾ ਹਰ ਕਿਣਕਾ ਕੁਰਬਾਨ ਕਰਨ ਲਈ ਤਿਆਰ ਹੈ:
ਚਿੱਟਾ ਵੇ ਗੁਦਾਮ ਹੋਸੀ
ਜੀਂਦਿਆਂ ਨੌਕਰ ਤੇਰੀ ਵੇ
ਮੋਇਆਂ ਮਿੱਟੀ ਵੀ ਗ਼ੁਲਾਮ ਹੋਸੀ

ਉਸ ਨੂੰ ਤਾਂ ਮਾਹੀਏ ਵਿੱਚੋਂ ਰੱਬ ਦੇ ਦੀਦਾਰ ਹੁੰਦੇ ਨੇ। ਕਿੰਨੀ ਇੰਤਹਾ ਹੈ ਮੁਹੱਬਤ ਦੀ:
ਨਾ ਲਿਖਿਆ ਮਿਟਦਾ ਏ
ਮੈਨੂੰ ਤਾਂ ਰੱਬ ਮਾਹੀਆ
ਬਸ ਤੇਰੇ ’ਚੋਂ ਦਿਸਦਾ ਏ

ਮਾਹੀ ਦੇ ਮਿਲਾਪ ਨਾਲ ਉਹ ਸ਼ਰਸ਼ਾਰ ਹੋ ਜਾਂਦੀ ਏ:
ਪਾਣੀ ਨਹਿਰਾਂ ਦਾ ਵਗਦਾ ਏ
ਅੱਜ ਮੇਰਾ ਮਾਹੀ ਮਿਲਿਆ
ਭੁੰਜੇ ਪੈਰ ਨਾ ਲੱਗਦਾ ਏ

ਮੋਹ-ਮੁਹੱਬਤਾਂ ਭਰੀ ਮੁਟਿਆਰ ਨਾਲ ਦੋ ਬੋਲ ਸਾਂਝੇ ਕਰਨ ਲਈ ਮਾਹੀਆ ਵੀ ਆਪਣੀ ਤੜਪ ਦਾ ਪ੍ਰਗਟਾਵਾ ਕਿਉਂ ਨਾ ਕਰੇ:
ਲਾਡਾਂ ਨਾਲ ਪਲੀਏ ਨੀਂ
ਮਿੱਠੀ-ਮਿੱਠੀ ਗੱਲ ਕਰ ਜਾ
ਮਿਸ਼ਰੀ ਦੀਏ ਡਲੀਏ ਨੀਂ

ਉਹ ਵੀ ਉਸ ਦੀ ਮੁਹੱਬਤ ਅਤੇ ਹੁਸਨ ’ਤੇ ਵਾਰੇ-ਵਾਰੇ ਜਾਂਦਾ ਹੈ:
ਚੰਦ ਚੜ੍ਹਿਆ ਲੋਈ ਵਾਲਾ
ਤੂੰ ਮੇਰੀ ਬੁਲਬੁਲ ਨੀਂ
ਮੈਂ ਫੁੱਲ ਖ਼ੁਸ਼ਬੋਈ ਵਾਲਾ

ਬੇਮੁਹੱਬਤੇ ਸਮਾਜ ਵਿੱਚ ਇਸ਼ਕ ਪਾਲਣਾ ਕਿਹੜਾ ਸੌਖਾ ਏ:
ਪਾਣੀ ਖਾਰੇ ਨੇ ਸਮੁੰਦਰਾਂ ਦੇ
ਨੀਂ ਯਾਰੀ ਤੇਰੀ ਦੋ ਦਿਨ ਦੀ
ਮਿਹਣੇ ਖੱਟ ਲਏ ਉਮਰਾਂ ਦੇ

ਕਦੀ-ਕਦੀ ਜਦੋਂ ਮਾਹੀ ਨੂੰ ਆਪਣੇ ਪਿਆਰੇ ਦਾ ਵਸਲ ਪ੍ਰਾਪਤ ਨਹੀਂ ਹੁੰਦਾ ਤਾਂ ਉਹ ਵੀ ਮਿਹਣਾ ਮਾਰਦਾ ਹੈ:
ਕੰਨੀਂ ਬੁੰਦੇ ਪਾਏ ਹੋਏ ਨੇ
ਸਾਡੇ ਨਾਲੋਂ ਬਟਨ ਚੰਗੇ
ਜਿਹੜੇ ਹਿੱਕ ਨਾਲ ਲਾਏ ਹੋਏ ਨੇ

ਪੁਰਾਣੇ ਸਮਿਆਂ ਵਿੱਚ ਗੱਭਰੂਆਂ ਨੂੰ ਰੁਜ਼ਗਾਰ ਲਈ ਦੂਰ-ਦੁਰਾਡੇ ਜਾਣਾ ਪੈਂਦਾ ਸੀ। ਕਈ-ਕਈ ਵਰ੍ਹੇ ਉਹ ਆਪਣੇ ਘਰਾਂ ਨੂੰ ਨਹੀਂ ਸੀ ਪਰਤਦੇ, ਜਿਸ ਕਾਰਨ ਆਪਣੇ ਪਿਆਰਿਆਂ ਦੇ ਵਿਛੋੜੇ ਦੇ ਪਲਾਂ ਨੂੰ ਸਹਿਣਾ ਅਸਹਿ ਹੋ ਜਾਂਦਾ ਸੀ। ਵਿਯੋਗ ਦੇ ਇਨ੍ਹਾਂ ਪਲਾਂ ਨੂੰ ਪੰਜਾਬ ਦੀ ਮੁਟਿਆਰ ਨੇ ਬੜੇ ਦਰਦੀਲੇ ਬੋਲਾਂ ਨਾਲ ਬਿਆਨ ਕੀਤਾ ਹੈ:
ਦੋ ਪੱਤਰ ਅਨਾਰਾਂ ਦੇ
ਮਾਹੀਏ ਦੇ ਹਿਜ਼ਰ ਸੜਾਂ
ਹੋ ਗਏ ਢੇਰ ਅੰਗਿਆਰਾਂ ਦੇ
ਚੁੰਨੀ ਹੋ ਗਈ ਲੀਰਾਂ ਵੇ
ਆ ਕੇ ਅੱਖੀਂ ਵੇਖ ਚੰਨਾਂ
ਹੋਇਆ ਹਾਲ ਫ਼ਕੀਰਾਂ ਵੇ
ਤੰਦੂਰੀ ਤਾਈ ਹੋਈ ਆ
ਬਾਲਣ ਹੱਡੀਆਂ ਦਾ
ਰੋਟੀ ਇਸ਼ਕੇ ਦੀ ਲਾਈ ਹੋਈ ਆ
ਕਾਈ ਚੜ੍ਹਿਆ ਈ ਚੰਨ ਮਾਹੀਆ
ਇਸ਼ਕੇ ਦੀ ਕਸਕ ਬੁਰੀ ਵੇ
ਪਿੰਜਰ ਛੱਡਿਆ ਈ ਭੰਨ ਮਾਹੀਆ

ਸੈਂਕੜਿਆਂ ਦੀ ਗਿਣਤੀ ਵਿੱਚ ਇਹ ਗੀਤ ਲੋਕ ਮਾਨਸ ਦੇ ਹਿਰਦਿਆਂ ਵਿੱਚ ਵਸੇ ਹੋਏ ਹਨ। ਇਨ੍ਹਾਂ ਗੀਤਾਂ ਵਿੱਚ ਵਰਤੀਆਂ ਤਸ਼ਬੀਹਾਂ ਆਲੇ-ਦੁਆਲੇ ਵਿੱਚੋਂ ਹੀ ਲਈਆਂ ਗਈਆਂ ਹਨ। ਕਿਧਰੇ-ਕਿਧਰੇ ਸੂਖ਼ਮ ਬਿੰਬਾਂ ਨੂੰ ਵੀ ਵਰਤੋਂ ਵਿੱਚ ਲਿਆਂਦਾ ਗਿਆ ਹੈ। ਮਧੁਰ ਸੁਰ ਵਿੱਚ ਗਾਏ ਜਾਣ ਵਾਲੇ ਇਨ੍ਹਾਂ ਗੀਤਾਂ ਦੇ ਬੋਲ ਸਰੋਤੇ ਦੇ ਧੁਰ ਅੰਦਰ ਲਹਿ ਜਾਂਦੇ ਹਨ ਤੇ ਉਹ ਇੱਕ ਅਨੂਠਾ ਤੇ ਅਗੰਮੀ ਸੁਆਦ ਮਾਣਦਾ ਹੋਇਆ ਆਪਣੇ ਆਪ ਵਿੱਚ ਲੀਨ ਹੋ ਜਾਂਦਾ ਹੈ।

ਮੋਬਾਈਲ: 94630-34472


Comments Off on ਤੂੰ ਮੇਰੀ ਖ਼ੁਸ਼ਬੋ ਮਾਹੀਆ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.