ਗੰਨਮੈਨ 38, ਖ਼ਰਚਾ 18 ਲੱਖ !    ਕੌਮਾਂਤਰੀ ਮੁੱਕੇਬਾਜ਼ੀ ਐਸੋਸੀਏਸ਼ਨ ਵੱਲੋਂ ਇਟਲੀ ਵਿੱਚ ਯੂਰਪੀ ਫੋਰਮ ਰੱਦ !    ਟੋਕੀਓ ਓਲੰਪਿਕ: ਤੈਅ ਪ੍ਰੋਗਰਾਮ ਮੁਤਾਬਕ ਹੋਣਗੀਆਂ ਖੇਡਾਂ: ਰਿਜਿਜੂ !    ‘ਆਪ’ ਵਿਧਾਇਕਾਂ ਵੱਲੋਂ ਵਿਧਾਨ ਸਭਾ ਅੱਗੇ ਪ੍ਰਦਰਸ਼ਨ !    ਕਰੋਨਾਵਾਇਰਸ: ਮੁੱਢਲੀ ਜਾਣਕਾਰੀ ਤੇ ਉਪਾਅ !    ਛਾਤੀ ਵਿੱਚ ਭਾਰਾਪਣ ਹੋਣਾ ਗੰਭੀਰ ਸੰਕੇਤ !    ਸਿੱਖ ਇਤਿਹਾਸ ਦਾ ਉੜੀਆ ’ਚ ਅਨੁਵਾਦ ਕਰਨ ਵਾਲੀ ਸਾਧਨਾ ਪਾਤਰੀ ਦਾ ਸਨਮਾਨ !    ਬੱਚੇ ਦੀ ਮੌਤ: ਸਿਹਤ ਮੰਤਰੀ ਨੇ ਡਾਕਟਰ ਜੋੜੇ ਦੀ ਮੁਅੱਤਲੀ ਦੇ ਹੁਕਮ ਵਾਪਸ ਲਏ !    ਦੋਹਰੇ ਕਤਲ ਕਾਂਡ ਮਾਮਲੇ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ !    ਜਵਾਨੀ ਦੇ ਅਵੱਲੇ ਜੋਸ਼ ’ਚ ਹੋਸ਼ ਰੱਖਣਾ ਵੀ ਜ਼ਰੂਰੀ !    

ਸੱਭਿਆਚਾਰਕ ਤਿਉਹਾਰ – ਬਸੰਤ ਪੰਚਮੀ

Posted On January - 28 - 2012

ਸੁਖਦੇਵ ਮਾਦਪੁਰੀ

ਭਾਰਤ ਨੂੰ ਮੇਲਿਆਂ ਅਤੇ ਤਿਉਹਾਰਾਂ ਦਾ ਦੇਸ਼ ਆਖਿਆ ਜਾਂਦਾ ਹੈ। ਇਹ ਉਨ੍ਹਾਂ ਦੇ ਮਨੋਰੰਜਨ ਦੇ ਪ੍ਰਮੁੱਖ ਸਾਧਨ ਹੀ ਨਹੀਂ ਬਲਕਿ ਇਹ ਭਾਰਤੀ ਸੰਸਕ੍ਰਿਤੀ ਅਤੇ ਸੱਭਿਆਚਾਰ ਦੇ ਦਰਪਣ ਵੀ ਹਨ। ਦੀਵਾਲੀ, ਦੁਸਹਿਰਾ, ਲੋਹੜੀ,  ਵਿਸਾਖੀ ਅਤੇ ਬਸੰਤ ਪੰਚਮੀ ਦੇ ਤਿਉਹਾਰ ਪੰਜਾਬੀਆਂ ਲਈ ਨਵੇਂ ਚਾਅ ਅਤੇ ਮਲਾਰ ਲੈ ਕੇ ਆਉਂਦੇ ਹਨ। ਇਹ ਤਿਉਹਾਰ ਕੇਵਲ ਮਨੋਰੰਜਨ ਹੀ ਪ੍ਰਦਾਨ ਨਹੀਂ ਕਰਦੇ ਬਲਕਿ ਉਨ੍ਹਾਂ ਨੂੰ ਸਦਭਾਵਨਾ ਭਰਪੂਰ ਜੀਵਨ ਜਿਊਣ ਲਈ ਉਤਸ਼ਾਹਤ ਵੀ ਕਰਦੇ ਹਨ। ਇਨ੍ਹਾਂ ਸਦਕਾ ਸਾਂਝਾਂ ਵਧਦੀਆਂ ਹਨ ਅਤੇ ਭਾਈਚਾਰਕ ਏਕਤਾ ਪਕੇਰੀ  ਹੁੰਦੀ ਹੈ।
ਬਸੰਤ ਪੰਚਮੀ ਦਾ ਤਿਉਹਾਰ ਪੰਜਾਬ ਦੇ ਪੇਂਡੂ ਅਤੇ ਸ਼ਹਿਰੀ ਖੇਤਰ ਵਿੱਚ ਬੜੇ ਉਤਸ਼ਾਹ ਅਤੇ ਹੁਲਾਸ ਨਾਲ ਮਨਾਇਆ ਜਾਂਦਾ ਹੈ। ਮਾਘ ਸੁਦੀ ਪੰਜ ਨੂੰ ਮਨਾਇਆ ਜਾਣ ਵਾਲਾ ਇਹ ਅਤਿ ਮਨਮੋਹਕ ਅਤੇ ਖੂਬਸੂਰਤ ਮੌਸਮੀ ਤਿਉਹਾਰ ਹੈ ਜਿਸ ਦੀ ਵਿਸ਼ੇਸ ਇਤਿਹਾਸਕ, ਸੱਭਿਆਚਾਰਕ ਅਤੇ ਸੰਸਕ੍ਰਿਤਕ ਮਹੱਤਤਾ ਹੈ। ਇਹ  ਸਾਨੂੰ ਉਨ੍ਹਾਂ ਮਹਾਂਪੁਰਖਾਂ, ਦੇਸ਼ ਭਗਤਾਂ ਅਤੇ ਆਜ਼ਾਦੀ ਸੰਗਰਾਮ ਦੇ ਸੂਰਵੀਰ ਯੋਧਿਆਂ ਦੀ ਯਾਦ ਦਿਲਾਉਂਦਾ ਹੈ ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ, ਮਨੁੱਖੀ ਆਜ਼ਾਦੀ, ਆਪਣੇ ਦੇਸ਼ ਅਤੇ ਕੌਮ ਲਈ ਅਸਹਿ ਅਤੇ ਅਕਹਿ ਤਸੀਹੇ ਝੱਲੇ ਅਤੇ ਆਪਣੀਆਂ ਜਾਨਾਂ ਵਾਰ ਦਿੱਤੀਆਂ ਜੋ   ‘ਸਾਡਾ ਰੰਗ ਦੇ ਬਸੰਤੀ ਚੋਲਾ’ ਜਿਹੇ ਦੇਸ਼ ਭਗਤੀ ਨਗ਼ਮੇ ਗਾਉਂਦੇ ਹੋਏ ਆਪਣੇ ਦੇਸ਼ ਲਈ ਕੁਰਬਾਨੀਆਂ ਦੇਣ ਲਈ ਸਦਾ ਤਤਪਰ ਰਹਿੰਦੇ ਸਨ।
ਹਕੀਕਤ ਰਾਏ ਦੀ ਸ਼ਹਾਦਤ ਅਤੇੇ ਨਾਮਧਾਰੀ ਗੁਰੂ ਰਾਮ ਸਿੰਘ ਦਾ ਬਸੰਤ ਪੰਚਮੀ ਦੇ ਤਿਉਹਾਰ ਨਾਲ ਬੜਾ ਗੂੜ੍ਹਾ ਸਬੰਧ ਹੈ। ਸਿਆਲ ਕੋਟ ਨਿਵਾਸੀ ਬਾਘ ਮੱਲ ਪੁਰੀ ਦੇ ਘਰ ਸਹਿਜਧਾਰੀ ਸਿੱਖ ਪੁੱਤਰੀ ਗੌਰਾਂ ਦੇ ਕੁੱਖੋਂ ਤੋਂ ਸੰਮਤ 1781 ਵਿੱਚ ਹਕੀਕਤ ਰਾਏ ਦਾ ਜਨਮ ਹੋਇਆ। ਉਸ ਦਾ ਬਟਾਲਾ ਨਿਵਾਸੀ ਸਹਿਜਧਾਰੀ ਸਿੱਖ ਕਿਸ਼ਨ ਚੰਦ ਉੱਪਲ ਖੱਤਰੀ ਦੀ ਸਪੁੱਤਰੀ ਦੁਰਗਾ ਦੇਵੀ ਨਾਲ ਵਿਆਹ ਹੋ ਗਿਆ ਅਤੇ ਭਾਈ ਬੁੱਧ ਸਿੰਘ ਬਟਾਲੀਏ ਦੀ ਸੰਗਤ ਤੋਂ ਉਹ ਸਿੱਖ ਧਰਮ ਦੇ ਨਿਯਮਾਂ ਦਾ ਵਿਸ਼ਵਾਸੀ  ਬਣ ਗਿਆ। ਹਕੀਕਤ ਦੇ ਪਿਤਾ ਨੇ ਉਸ ਨੂੰ ਸਮੇਂ ਦੀ ਰਾਜ ਭਾਸ਼ਾ ਸਿੱਖਣ ਲਈ ਸ਼ਹਿਰ ਦੇ ਸਕੂਲ ਵਿੱਚ ਪੜ੍ਹਨੇ ਪਾ ਦਿੱਤਾ। ਇੱਕ ਦਿਨ ਜਮਾਤ ਦੇ ਮੁਸਲਮਾਨ ਮੁੰਡਿਆਂ ਨਾਲ ਹਕੀਕਤ ਰਾਏ ਦੀ ਧਰਮ ਚਰਚਾ ਛਿੜ ਪਈ। ਉਨ੍ਹਾਂ ਨੇ ਦੇਵੀ ਦੀ ਸ਼ਾਨ ਵਿੱਚ ਕੁਝ ਅਯੋਗ ਤੇ  ਅਪਮਾਨਜਨਕ ਸ਼ਬਦ ਕਹਿ ਦਿੱਤੇ ਜਿਸ ਪਰ ਹਕੀਕਤ ਰਾਏ ਨੇ ਆਖਿਆ, ‘‘ਜੇ ਅਜਿਹੇ ਅਪਮਾਨਜਨਕ ਸ਼ਬਦ ਮੁਹੰਮਦ ਸਾਹਿਬ ਦੀ ਪੁੱਤਰੀ ਫ਼ਾਤਿਮਾ ਦੀ ਸ਼ਾਨ ਵਿੱਚ ਵਰਤੇ ਜਾਣ ਤਾਂ ਤੁਹਾਨੂੰ ਕਿੰਨਾ ਦੁੱਖ ਹੋਵੇਗਾ।’’
ਇਹ ਯੋਗ ਗੱਲ ਵੀ ਮੁੰਡਿਆਂ ਅਤੇ ਮੌਲਵੀ ਤੋਂ ਸਹਾਰੀ ਨਾ ਗਈ। ਉਨ੍ਹਾਂ  ਸਿਆਲਕੋਟ ਦੇ ਹਾਕਮ ਅਮੀਰ ਬੇਗ ਕੋਲ ਹਕੀਕਤ ਰਾਏ ਦੀ ਸ਼ਿਕਾਇਤ ਕਰ ਦਿੱਤੀ ਅਤੇ ਅੱਗੋਂ ਉਸਨੇ ਉਸਦਾ ਚਲਾਨ ਕਰਕੇ ਲਾਹੌਰ ਦੇ ਸੂਬੇ ਪਾਸ ਭੇਜ ਦਿੱਤਾ। ਮੁਸਲਮਾਨ ਹਾਕਮਾਂ ਨੇ ਉਸ ਨੂੰ ਇਸਲਾਮ ਧਰਮ ਕਬੂਲ ਕਰਨ ਲਈ ਆਖਿਆ ਪਰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਲ ਹਕੀਕਤ ਦੇ ਰੋਮ ਰੋਮ ਵਿੱਚ ਰਮੀ ਹੋਈ ਸੀ। ਉਸ ਨੇ ਲਲਕਾਰ ਕੇ ਆਖਿਆ, ‘‘ ਮੈਨੂੰ ਮੌਤ ਪ੍ਰਵਾਨ ਹੈ। ਮੈਂ ਇਸਲਾਮ ਧਰਮ ਕਬੂਲ ਨਹੀਂ ਕਰਾਂਗਾ।’’ ਉਸ ਦੇ ਇਨਕਾਰ ਕਰਨ ’ਤੇ ਲਾਹੌਰ ਦੇ ਗਵਰਨਰ ਖਾਨ ਬਹਾਦਰ ਜ਼ਕਰੀਆ ਖਾਨ ਦੇ ਹੁਕਮ ਨਾਲ ਮਾਘ ਸੁਦੀ ਪੰਜ ਸੰਮਤ 1798 (ਸੰਨ 1841) ਨੂੰ ਹਕੀਕਤ ਰਾਏ ਨੂੰ ਕਤਲ ਕਰ ਦਿੱਤਾ ਗਿਆ। ਉਹ ਸ਼ਹਾਦਤ ਦਾ ਜਾਮ ਪੀ ਗਿਆ। ਹਕੀਕਤ ਰਾਏ ਦੀ ਸਮਾਧ ਲਾਹੌਰ ਤੋਂ ਦੋ ਮੀਲ ਚੜ੍ਹਦੇ ਵੱਲ ਬਣੀ ਹੋਈ ਹੈ ਜਿਸ ’ਤੇ ਬਸੰਤ ਪੰਚਮੀ ਦਾ ਮੇਲਾ ਹਰ ਸਾਲ ਬੜੀ ਧੂਮਧਾਮ ਨਾਲ ਲਗਦਾ ਹੈ। ਲਾਹੌਰ ਨਿਵਾਸੀ ਇਸ ਨੂੰ ‘ਪਤੰਗਾਂ ਦੇ ਤਿਉਹਾਰ’ ਵਜੋਂ ਮਨਾਉਂਦੇ ਹਨ।
ਭਾਰਤ ਦੇ ਆਜ਼ਾਦੀ ਸੰਗਰਾਮ ਵਿੱਚ ਕੂਕਾ ਲਹਿਰ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਲਹਿਰ ਦੇ ਜਨਮ ਦਾਤੇ ਸਮਾਜ ਸੇਵਕ ਅਤੇ ਸੁਤੰਤਰਤਾ ਸੰਗਰਾਮ ਦੇ ਮੋਢੀ ਨਾਮਧਾਰੀ ਗੁਰੂ ਰਾਮ ਸਿੰਘ ਦਾ ਜਨਮ ਵੀ ਫਰਵਰੀ 1816 ਦੀ ਬਸੰਤ ਪੰਚਮੀ ਦੀ ਰਾਤ ਨੂੰ ਪਿੰਡ ਭੈਣੀ ਰਾਈਆਂ ਜ਼ਿਲ੍ਹਾ ਲੁਧਿਆਣਾ ਵਿਖੇ ਜੱਸਾ ਸਿੰਘ ਦੇ ਘਰ ਮਾਤਾ ਸਦਾ ਕੌਰ ਦੇ ਕੁੱਖੋਂ ਹੋਇਆ ਸੀ। ਹਰ ਸਾਲ ਬਸੰਤ ਪੰਚਮੀ ਨੂੰ ਭੈਣੀ ਸਾਹਿਬ ਵਿਖੇ ਉਨ੍ਹਾਂ ਦਾ ਜਨਮ ਉਤਸਵ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਦੇਸ਼ਾਂ ਵਿਦੇਸ਼ਾਂ ਵਿੱਚੋਂ ਹਜ਼ਾਰਾਂ ਨਾਮਧਾਰੀ ਸ਼ਰਧਾਲੂ ਵਹੀਰਾਂ ਘੱਤ ਕੇ ਇਸ ਉਤਸਵ ਵਿੱਚ ਸ਼ਾਮਲ ਹੁੰਦੇ ਹਨ।
ਪੰਜਾਬ ਦੇ ਅਨੇਕਾਂ ਸ਼ਹਿਰਾਂ ਵਿੱਚ ਬਸੰਤ ਪੰਚਮੀ ਦੀਆਂ ਰੌਣਕਾਂ ਧੂਹ ਪਾਉਂਦੀਆਂ ਹਨ। ਲੋਕ ਪੀਲੇ ਕੱਪੜੇ ਪਾਉਂਦੇ ਹਨ। ਪਟਿਆਲਾ ਵਿਖੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਅਤੇ ਅੰਮ੍ਰਿਤਸਰ ਦੇ ਗੁਰਦੁਆਰਾ ਛੇਹਰਟਾ ਸਾਹਿਬ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਸੰਸਕ੍ਰਿਤਕ ਦ੍ਰਿਸ਼ਟੀ ਤੋਂ ਵੀ ਬਸੰਤ ਪੰਚਮੀ ਦਾ ਮਹੱਤਵਪੂਰਨ ਯੋਗਦਾਨ ਹੈ। ਬੱਚਿਆਂ ਅਤੇ ਨੌਜਵਾਨਾਂ ਦੀ ਖੁਸ਼ੀ ਦਾ ਚਾਅ ਸਾਂਭਿਆ ਨਹੀਂ ਜਾਂਦਾ। ਉਹ ਤੜਕਸਾਰ ਹੀ ਆਪਣੇ ਕੋਠਿਆਂ ’ਤੇ ਡੈਕ ਲਾ ਕੇ ਪਤੰਗ ਉਡਾਉਂਦੇ ਹਨ। ਪਤੰਗਾਂ ਦੇ ਮੁਕਾਬਲੇ ਹੁੰਦੇ ਹਨ, ਪਤੰਗ ਕੱਟੇ ਜਾਂਦੇ ਹਨ, ਪਤੰਗ ਲੁੱਟੇ ਜਾਂਦੇ ਹਨ-ਅਸਮਾਨ ਵਿੱਚ ਉੱਡਦੇ ਰੰਗ ਬਰੰਗੇ ਪਤੰੰਗ ਅਦੁੱਤੀ ਨਜ਼ਾਰਾ ਪੇਸ਼ ਕਰਦੇ ਹਨ।
ਬਸੰਤ ਪੰਚਮੀ ਬਸੰਤ ਰੁੱਤ ਦਾ ਢੋਆ ਲੈ ਕੇ ਦਸਤਕ ਦੇਂਦੀ ਹੈ। ਹੱਡ ਠਾਰਵੀਂ ਸਰਦ ਰੁੱਤ ਦਾ ਅੰਤ ਹੋ ਜਾਂਦਾ ਹੈ। ਕਹਾਵਤ ਹੈ-ਆਈ ਬਸੰਤ, ਪਾਲਾ ਉਡੰਤ। ਇਨ੍ਹਾਂ ਦਿਨਾਂ ਵਿੱਚ ਧਰਤੀ ਮੌਲਦੀ ਹੈ ਅਤੇ ਬਨਸਪਤੀ ’ਤੇ ਨਵਾਂ ਨਿਖਾਰ ਆਉਂਦਾ ਹੈ…ਸ਼ਗੂਫੇ ਫੁੱਟਦੇ ਹਨ… ਖੇਤਾਂ ਵਿੱਚ ਸਰੋਂ ਦੇ ਖਿੜੇ ਹੋਏ ਪੀਲੇ ਪੀਲੇ ਫੁੱਲ ਮਨਮੋਹਕ ਨਜ਼ਾਰਾ ਪੇਸ਼ ਕਰਦੇ ਹਨ…ਜਿੱਥੋਂ ਤਕ ਨਿਗਾਹ ਜਾਂਦੀ ਹੈ ਖਿੜੇ ਹੋਏ ਫੁੱਲ ਨਜ਼ਰੀਂ ਪੈਂਦੇ ਹਨ  ਬਾਗ਼ੀਂ ਫੁੱਲ ਖਿੜਦੇ ਹਨ। ਅਜਿਹੇ ਰੁਮਾਂਚਕ ਵਾਤਾਵਰਨ ਵਿੱਚ ਗੱਭਰੂ ਅਤੇ ਮੁਟਿਆਰਾਂ ਨਸ਼ਿਆ ਜਾਂਦੇ ਹਨ ਤੇ ਉਹ ਆਪਣੇ ਆਪ ਨੂੰ ਸਰੋਂ-ਫੁੱਲੇ ਪਹਿਰਾਵੇ ਨਾਲ ਸਜਾ ਕੇ ਅਦੁੱਤੀ ਖੁਸ਼ੀ ਮਹਿਸੂਸ ਕਰਦੇ ਹਨ।
ਗੁਰਬਾਣੀ ਵਿੱਚ ਵੀ ਬਸੰਤ ਰੁੱਤ ਦਾ ਜ਼ਿਕਰ ਹੋਇਆ ਮਿਲਦਾ ਹੈ ਜਿਵੇਂ:
ਮਾਹਾ ਮਾਹ ਮੁਮਾਰਖੀ ਚੜਿਆ ਸਦਾ ਬਸੰਤੁ।।
ਪਰਫੜੁ ਚਿਤ ਸਮਾਲਿ ਸੋਇ ਸਦਾ ਸਦਾ ਗੋਬਿੰਦੁ।। ੧।।

ਇਸ ਸੁਹਾਵਣੀ ਰੁੱਤ ਵਿੱਚ ਅਨੇਕਾਂ ਲੋਕ ਗੀਤ ਉਗਮਦੇ ਹਨ।  ਇਸ ਰੁੱਤ ਨਾਲ ਪੰਜਾਬੀ ਵਿੱਚ ਕਾਫ਼ੀ ਲੋਕ ਗੀਤ ਪ੍ਰਚਲਿਤ ਹਨ ਜਿਵੇਂ:
ਕਾਹਨੂੰ ਆ ਗਿਐਂ ਸਰ੍ਹੋਂ ਦਾ ਫੁੱਲ ਬਣ ਕੇ
ਮਾਪਿਆਂ ਨੇ ਨਹੀਂਓ ਤੋਰਨੀ।
ਆਈ ਬਸੰਤ ਪਾਲਾ ਉਡੰਤ।

ਕਈ ਪੰਜਾਬੀ ਕਵੀਆਂ ਨੇ ਵੀ ‘ਬਸੰਤ’ ਨੂੰ ਆਪਣਾ ਵਿਸ਼ਾ ਬਣਾਇਆ ਹੈ। ਧਨੀ ਰਾਮ ਚਾਤ੍ਰਿਕ ਦੀ ਕਵਿਤਾ ਇਸ ਸੰਦਰਭ ਵਿੱਚ ਵਰਨਣਯੋਗ ਹੈ। ਬਸੰਤ ਪੰਚਮੀ ਦਾ ਇਹ ਤਿਉਹਾਰ ਕੇਵਲ ਬਸੰਤ ਰੁੱਤ ਦੀ ਆਮਦ ਨੂੰ ਜੀ ਆਇਆਂ ਹੀ ਨਹੀਂ ਆਖਦਾ ਬਲਕਿ ਜਨ ਸਾਧਾਰਨ ਲਈ ਖੁਸ਼ਹਾਲੀ, ਸਦਭਾਵਨਾ ਅਤੇ ਮੁਹੱਬਤ ਦਾ ਸੰਦੇਸ਼ ਵੀ ਲੈ ਕੇ ਵੀ ਆਉਂਦਾ ਹੈ।

ਸੰਪਰਕ: 94630-34472


Comments Off on ਸੱਭਿਆਚਾਰਕ ਤਿਉਹਾਰ – ਬਸੰਤ ਪੰਚਮੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.