ਜਿਨਸੀ ਸ਼ੋਸ਼ਣ !    ਬਰਤਾਨਵੀ ਚੋਣਾਂ: ਬਦਲਵੀਂ ਸਿਆਸਤ ਦਾ ਮੈਨੀਫੈਸਟੋ !    ਵਿਦੇਸ਼ਾਂ ਤੋਂ ਆਏ ਚੋਣ ਫੰਡ ਬਣੇ ਸਿਆਸੀ ਸਿਰਦਰਦੀ... !    ਉੱਚਿਤ ਰੁਜ਼ਗਾਰ ਹੋਵੇ, ਆਪਣਾ ਪੰਜਾਬ ਹੋਵੇ !    ਅਸਾਂ ਫੜ ਕੇ ਮਾਰੇ, ਉਹਨਾਂ ਦੋਸ਼ੀ ਸਾਬਤ ਕਰ ਛੱਡ ਦਿੱਤੇ !    ਬਲਾਤਕਾਰ ਮੁਲਜ਼ਮਾਂ ਦੇ ਪਰਿਵਾਰਾਂ ਨੂੰ ਮਿਲੀ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੀ ਟੀਮ !    ਹਿਮਾਚਲ ’ਚ ਹਾਕੀ ਦੇ ਵਿਕਾਸ ਲਈ ਦੋ ਰੋਜ਼ਾ ਸਮਾਗਮ !    ਦਿੱਲੀ ’ਚ ਬਹੁ-ਮੰਜ਼ਿਲਾ ਫੈਕਟਰੀ ਨੂੰ ਅੱਗ, 43 ਮੌਤਾਂ !    ਰੰਗਮੰਚ ਨੂੰ ਨਵੀਂ ਦਿਸ਼ਾ ਤੇ ਦਸ਼ਾ ਦੇਣ ਲਈ ਯਤਨਸ਼ੀਲ ‘ਸਾਰਥਕ ਰੰਗਮੰਚ ਪਟਿਆਲਾ’ !    ਨਾਟਕਾਂ ਰਾਹੀਂ ਸਮਾਜਿਕ ਤਬਦੀਲੀ ਦਾ ਹੋਕਾ ਦਿੰਦਾ ਹੈ ਸੈਮੁਅਲ !    

ਸਰਹਿੰਦ ਦੀ ਗੋਦ ’ਚ ਸੁੱਤੇ ਅਫ਼ਗ਼ਾਨ ਹਾਕਮ

Posted On January - 8 - 2012

ਗੁਰ ਕ੍ਰਿਪਾਲ ਸਿੰਘ ਅਸ਼ਕ

ਸ਼ਾਹ ਜ਼ਮਾਨ ਦਾ ਮਕਬਰਾ

ਸਰਹਿੰਦ ਦਾ ਇਤਿਹਾਸ ਸਦੀਆਂ ਪੁਰਾਣਾ ਹੈ। ਕਿਸੇ ਸਮੇਂ ਲਾਹੌਰ ਅਤੇ ਦਿੱਲੀ ਵਿਚਕਾਰ ਸੱਤਾ ਦੇ ਕੇਂਦਰ ਰਹੇ ਇਸ ਨਗਰ ਵਿੱਚ 360 ਮਸਜਿਦਾਂ, ਮਕਬਰੇ, ਸਰਾਵਾਂ ਤੇ ਖੂਹ ਸਨ। ਅਕਬਰ ਦੇ ਸਮੇਂ ਪ੍ਰਸਿੱਧ ਹੋਏ ਸਰਹਿੰਦ ਦੇ ਕਵੀ ਨਾਸਿਰ ਅਲੀ ਸਰਹਿੰਦੀ ਵੱਲੋਂ ਫ਼ਾਰਸੀ ਵਿੱਚ ਲਿਖੀ ਇੱਕ ਪੁਸਤਕ ਮੁਤਾਬਕ ਹੰਸਲਾ ਨਦੀ ਦੇ ਕਿਨਾਰੇ ’ਤੇ ਇਹ ਨਗਰ ਤਿੰਨ ਕੋਹ ਤੱਕ ਵਸਿਆ ਹੋਇਆ ਸੀ। ਉੱਚੀਆਂ ਕੰਧਾਂ ਨਾਲ ਘਿਰੇ ਇਸ ਨਗਰ ਦੇ ਚਾਰ ਵੱਡੇ ਅਤੇ ਚਾਰ ਛੋਟੇ ਦਰਵਾਜ਼ੇ ਸਨ। ਦਰਿਆ ਦੇ ਕਿਨਾਰੇ ਬਣਿਆ ਕਿਲ੍ਹਾ ਸ਼ਹਿਰ ਦੇ ਬਿਲਕੁਲ ਵਿਚਕਾਰ ਸੀ ਜੋ ਸੁਰੰਗ ਨਾਲ ਸ਼ਾਹੀ ਬਾਗ਼ ਨਾਲ ਜੁੜਿਆ ਹੋਇਆ ਸੀ। ਕਹਿੰਦੇ ਹਨ ਕਿ ਇੱਥੇ ਇਮਾਰਤਾਂ ਦੀ ਕੀਮਤ ਦਿੱਲੀ ਨਾਲੋਂ ਦੁੱਗਣੀ ਸੀ। ਚੀਨ ਦਾ ਬਣਿਆ ਸਮਾਨ ਇੱਥੋਂ ਦੇ ਬਾਜ਼ਾਰਾਂ ਵਿੱਚ ਵਿਕਦਾ ਸੀ। ਇਸ ਦੇ ਦੋ ਚੌਂਕ ਅਤੇ ਵੀਹ ਮੁਹੱਲੇ ਸਨ। ਅੱਜ ਉਹ ਸਰਹਿੰਦ ਕਿਧਰੇ ਵੀ ਦਿਖਾਈ ਨਹੀਂ ਦਿੰਦਾ। ਹੰਸਲਾ ਨਦੀ ਹੁਣ ਸਰਹਿੰਦ ਚੋਅ ਵਿੱਚ ਬਦਲ ਚੁੱਕੀ ਹੈ। ਕਿਲ੍ਹੇ ਦੀ ਥਾਂ ’ਤੇ ਹੁਣ ਇੱਕ ਥੇਹ ਹੈ ਜਿਸ ਦੇ ਹੇਠਾਂ ਪੁਰਾਣੇ ਕਿਲ੍ਹੇ ਦੇ ਨਿਸ਼ਾਨ ਜ਼ਰੂਰ ਦਿਖ ਜਾਂਦੇ ਹਨ। ਸ਼ਾਹੀ ਬਾਗ਼ ’ਚ ਕੁਝ ਖੰਡਰਨੁਮਾ ਇਮਾਰਤਾਂ ਦਿਖਾਈ ਦਿੰਦੀਆਂ ਹਨ। ਕਿਲ੍ਹੇ ਤੋਂ ਸ਼ਾਹੀ ਬਾਗ਼ ਤੱਕ ਆਉਣ ਵਾਲੀ ਸੁਰੰਗ ਦਾ ਕੋਈ ਵਜੂਦ ਨਹੀਂ ਮਿਲਦਾ। ਸਰਹਿੰਦ ਹੁਣ ਛੋਟਾ ਜਿਹਾ ਨਗਰ ਹੈ। ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਮਗਰੋਂ ਇੱਥੋਂ ਦੇ ਮਗਰੂਰ ਹੁਕਮਰਾਨਾਂ ਨੂੰ ਸਬਕ ਸਿਖਾਉਣ ਲਈ ਸੰਨ 1710 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ’ਤੇ ਹਮਲਾ ਕੀਤਾ। 12 ਮਈ ਨੂੰ ਚੱਪੜਚਿੜੀ ਦੇ ਮੈਦਾਨ ਵਿੱਚ ਇੱਥੋਂ ਦੇ ਸੂਬੇਦਾਰ ਵਜ਼ੀਰ ਖ਼ਾਂ ਨੂੰ ਮਾਰਨ ਮਗਰੋਂ 14 ਮਈ ਨੂੰ ਸਿੰਘਾਂ ਨੇ ਸਰਹਿੰਦ ’ਤੇ ਕਬਜ਼ਾ ਕਰ ਲਿਆ ਅਤੇ ਬਾਜ਼ ਸਿੰਘ ਨੂੰ ਇੱਥੋਂ ਦਾ ਹੁਕਮਰਾਨ ਥਾਪ ਦਿੱਤਾ। ਸਿੰਘਾਂ ਦਾ ਕਬਜ਼ਾ ਬਹੁਤੀ ਦੇਰ ਨਾ ਰਿਹਾ।
ਸਿੱਖ ਜਰਨੈਲ ਜੱਸਾ ਸਿੰਘ ਆਹਲੂਵਾਲੀਆ ਨੇ 14 ਜਨਵਰੀ 1764 ਨੂੰ ਸਰਹਿੰਦ ’ਤੇ ਹਮਲਾ ਕੀਤਾ। ਨੇੜੇ ਦੇ ਪਿੰਡ ਮਨਹੇੜਾ ਵਿੱਚ ਇੱਥੋਂ ਦੇ ਸੂਬੇਦਾਰ ਜੈਨ ਖ਼ਾਂ ਨੂੰ ਮਾਰ ਕੇ ਉਨ੍ਹਾਂ ਸਰਹਿੰਦ ’ਤੇ ਕਬਜ਼ਾ ਕਰ ਲਿਆ। ਫ਼ਿਰ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦਾਂ ਨੂੰ ਸੱਚ ਕਰ ਵਿਖਾਉਂਦਿਆਂ ਇੱਥੋਂ ਦੀ ਇੱਟ ਨਾਲ ਇੱਟ ਖੜਕਾ ਦਿੱਤੀ। ਕਾਫ਼ੀ ਦੇਰ ਤੱਕ ਸਿੱਖ ਇੱਥੋਂ ਦੀਆਂ ਇੱਟਾਂ ਲਿਜਾ ਕੇ ਸਤਲੁਜ ਅਤੇ ਯਮੁਨਾ ਦਰਿਆਵਾਂ ਵਿੱਚ ਸੁੱਟਣਾ ਆਪਣਾ ਪਰਮ ਧਰਮ ਸਮਝਦੇ ਰਹੇ ਪਰ ਇਹ ਸਿੱਖਾਂ ਦੀ ਫ਼ਰਾਖਦਿਲੀ ਸੀ ਕਿ ਉਨ੍ਹਾਂ ਨੇ ਧਾਰਮਿਕ ਸਥਾਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ। ਇਨ੍ਹਾਂ ਵਿੱਚੋਂ ਕਈ ਧਾਰਮਿਕ ਸਥਾਨ ਅੱਜ ਵੀ ਸਰਹਿੰਦ ਨੇੜੇ ਵੇਖੇ ਜਾ ਸਕਦੇ ਹਨ।
ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਸਰਹਿੰਦ ਦੀ ਧਰਤੀ ਨੇ ਅਫ਼ਗ਼ਾਨਿਸਤਾਨ ਦੇ ਹੁਕਮਰਾਨਾਂ ਨੂੰ ਸਦਾ ਲਈ ਆਰਾਮ ਦੀ ਨੀਂਦ ਸੌਣ ਵਾਸਤੇ ਜਗ੍ਹਾ ਦਿੱਤੀ। ਇਨ੍ਹਾਂ ਵਿੱਚ 1793 ਤੋਂ 1801 ਤੱਕ ਤਕਰੀਬਨ ਅੱਠ ਸਾਲ ਅਫ਼ਗ਼ਾਨਿਸਤਾਨ ’ਤੇ ਰਾਜ ਕਰਨ ਵਾਲੇ ਸੁਲਤਾਨ ਸ਼ਾਹ ਜ਼ਮਾਨ ਦੁਰਾਨੀ ਅਤੇ 1879 ਵਿੱਚ ਅਫ਼ਗ਼ਾਨਿਸਤਾਨ ਦੇ ਹੈਰਾਤ ਖਿੱਤੇ ਦੇ ਗਵਰਨਰ ਮੁਹੰਮਦ ਯਾਕੂਬ ਖ਼ਾਂ ਦਾ ਨਾਂ ਸ਼ਾਮਲ ਹੈ। ਇਨ੍ਹਾਂ ਨਾਲ ਸਬੰਧਿਤ ਤਕਰੀਬਨ ਤਿੰਨ ਦਰਜਨ ਵਿਅਕਤੀ ਆਪਣੇ ਮੁਰਸ਼ਦ ਹਜ਼ਰਤ ਖ਼ਵਾਜਾ ਸ਼ੇਖ਼ ਅਹਿਮਦ ਫਾਰੂਕੀ ਸਰਹਿੰਦੀ ਦੀ ਗੋਦ ਵਿੱਚ ਰੋਜ਼ਾ ਸ਼ਰੀਫ ਵਿਖੇ ਆਰਾਮ ਫਰਮਾ ਰਹੇ ਹਨ।
ਹਜ਼ਰਤ ਸਾਹਿਬ, ਜਿਨ੍ਹਾਂ ਨੂੰ ਮੁਜ਼ੱਦਿਦ ਅਲਿਫ਼-ਏ-ਸਾਨੀ ਵਜੋਂ ਵੀ ਜਾਣਿਆ ਜਾਂਦਾ ਹੈ, ਸੂਫ਼ੀ ਮੁਸਲਮਾਨਾਂ ਦੇ ਨਕਸ਼ਬੰਦੀ ਸਿਲਸਿਲੇ ਦੀ 25ਵੀਂ ਕੜੀ ਸਨ। ਇਸ ਸਿਲਸਿਲਾ ਆਪਣੇ ਆਪ ਨੂੰ ਹਜ਼ਰਤ ਅਬੂ ਬਕਰ ਸਦੀਕ ਰਾਹੀਂ ਸਿੱਧਾ ਮੁਹੰਮਦ ਸਾਹਿਬ ਨਾਲ ਜੋੜਦਾ ਹੈ। ਦੁਨਿਆਵੀ ਰਿਸ਼ਤੇ ਦੇ ਤੌਰ ’ਤੇ ਅਬੂ ਬਕਰ ਪੈਗੰਬਰ ਮੁਹੰਮਦ ਸਾਹਿਬ ਦੇ ਸਹੁਰਾ ਸਨ ਪਰ ਮੁਹੰਮਦ ਸਾਹਿਬ ਮਗਰੋਂ ਉਹ ਮੁਸਲਿਮ ਸਮਾਜ ਦੇ ਪਹਿਲੇ ਖ਼ਲੀਫ਼ਾ ਬਣੇ।
ਭਾਰਤ ਵਿੱਚ ਇਸ ਸਿਲਸਿਲੇ ਦੀ ਆਮਦ ਮੁਗ਼ਲ ਰਾਜ ਦੀ ਸਥਾਪਤੀ ਨਾਲ ਹੁੰਦੀ ਹੈ। ਤੁਰਕਾਂ ਦੀ ਧਰਤੀ ’ਤੇ ਸ਼ੁਰੂ ਹੋਇਆ ਇਹ ਸਿਲਸਿਲਾ ਪਹਿਲਾਂ ‘ਸਿਲਸਿਲਾ-ਏ-ਖ਼ਵਾਜ਼ਗਾਨ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਸਿਲਸਿਲੇ ਦੀ 17ਵੀਂ ਕੜੀ ਖ਼ਵਾਜਾ ਕੁਤਬ ਅਤ ਤਾਰਿਕਾਹ ਸ਼ਾਹ ਬਹਾਉਦੀਨ ਨਕਸ਼ਬੰਦ ਮਗਰੋਂ ਇਹ ਨਕਸ਼ਬੰਦੀ ਸਿਲਸਿਲੇ ਵਜੋਂ ਜਾਣਿਆ ਜਾਣ ਲੱਗਿਆ।
ਇਸ ਸਿਲਸਿਲੇ ਦੀ 14ਵੀਂ ਕੜੀ ਖ਼ਵਾਜਾ ਮੁਹੰਮਦ ਅਲ ਬਾਕੀ ਬਿਲਾਹ ਦਾ ਜਨਮ 1563-64 ਵਿੱਚ ਕਾਬਲ ਵਿੱਚ ਹੋਇਆ ਸੀ। ਉਹ ਨਕਸ਼ਬੰਦੀ ਸਿਧਾਂਤਾ ਦੇ ਪ੍ਰਚਾਰ ਹਿੱਤ ਪਹਿਲਾਂ ਲਾਹੌਰ ਪਹੁੰਚੇ ਅਤੇ ਫਿਰ ਦਿੱਲੀ। ਉਹ ਉੱਥੇ ਫਿਰੋਜੀ ਕਿਲ੍ਹੇ ਵਿੱਚ ਆਪਣੇ ਇੰਤਕਾਲ ਦੇ ਸਮੇਂ ਸੰਨ 1603 ਤੱਕ ਰਹੇ।
ਸ਼ੇਖ਼ ਅਹਿਮਦ ਸਰਹਿੰਦੀ, ਖ਼ਵਾਜ਼ਾ ਬਾਕੀ ਬਿਲਾਹ ਦੇ ਪ੍ਰਮੁੱਖ ਪੈਰੋਕਾਰਾਂ ਵਿੱਚੋਂ ਸਨ ਜਿਨ੍ਹਾਂ ਦਾ ਜਨਮ 26 ਮਈ 1564 ਨੂੰ ਸਰਹਿੰਦ ਵਿੱਚ ਹੋਇਆ ਸੀ ਜੋ ਉਸ ਸਮੇਂ ਅਫ਼ਗ਼ਾਨਾਂ ਦੇ ਤਗੜਾ ਕੇਂਦਰ ਸੀ।
ਹਜ਼ਰਤ ਸ਼ੇਖ਼ ਅਹਿਮਦ ਸਰਹਿੰਦੀ ਦਾ ਮਕਬਰਾ ਰੋਜ਼ਾ ਸਰੀਫ਼ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਦੀ ਮੌਜੂਦਾ ਇਮਾਰਤ ਸੌਰਾਸ਼ਟਰ (ਗੁਜਰਾਤ) ਦੇ ਹਾਜੀ ਹਾਸ਼ਿਮ ਅਤੇ ਹਾਜੀ ਵਲੀ ਮੁਹੰਮਦ ਨੇ ਸੰਨ 1929 ਵਿੱਚ ਤਿਆਰ ਕਰਵਾਈ ਸੀ। ਇੱਥੇ ਹਜ਼ਰਤ ਸਾਹਿਬ ਦੇ ਨਾਲ ਉਨ੍ਹਾਂ ਦੇ ਦੋ ਪੁੱਤਰ ਖ਼ਵਾਜਾ ਸਾਦਿਕ ਅਤੇ       ਖ਼ਵਾਜ਼ਾ ਮੁਹੰਮਦ ਸਈਦ ਤੋਂ ਇਲਾਵਾ ਉਨ੍ਹਾਂ ਦੀ ਬੇਟੀ ਵੀ ਆਰਾਮ ਫਰਮਾ ਰਹੀ ਹੈ। ਇਸ ਥਾਂ ਔਰਤਾਂ ਦੇ ਦਾਖ਼ਲੇ ’ਤੇ ਪਾਬੰਦੀ ਹੈ। ਹਜ਼ਰਤ ਸਾਹਿਬ ਦੇ ਪਰਿਵਾਰ ਦੇ ਹੋਰ ਮੈਂਬਰ ਵੀ ਰੋਜ਼ਾ ਸ਼ਰੀਫ਼ ਦੇ ਅਹਾਤੇ ਵਿੱਚ ਹੀ ਆਰਾਮ ਫਰਮਾ ਰਹੇ ਹਨ।
ਅਫ਼ਗ਼ਾਨਿਸਤਾਨ ਦੀ ਦੁਰਾਨੀ ਸਲਤਨਤ ਦੇ ਤੀਜੇ ਬਾਦਸ਼ਾਹ, ਅਹਿਮਸ਼ਾਹ ਦੇ ਪੋਤਰੇ ਅਤੇ ਤੈਮੂਦ ਸ਼ਾਹ ਦੇ ਪੰਜਵੇਂ ਪੁੱਤਰ ਸ਼ਾਹ ਜ਼ਮਾਨ ਦੁਰਾਨੀ ਨੇ ਬਾਪ ਦੀ ਮੌਤ ਮਗਰੋਂ ਆਪਣੇ 23 ਭਰਾਵਾਂ ਨੂੰ ਖੂੰਜੇ ਲਾ ਕੇ 18 ਮਈ 1793 ਨੂੰ ਰਾਜ ਗੱਦੀ ਪ੍ਰਾਪਤ ਕੀਤੀ ਸੀ। ਇਸ ਜੰਗ ਵਿੱਚ ਉਸ ਨੇ ਆਪਣੇ ਆਖ਼ਰੀ ਵਿਰੋਧੀ ਆਪਣੇ ਭਰਾ ਮਹਿਮੂਦ ਨੂੰ ਹੈਰਾਤ ਖ਼ਿੱਤੇ ਦਾ ਗਵਰਨਰ ਬਣਾ ਕੇ ਕਾਬਲ ਵਿੱਚ ਆਪਣਾ ਰਾਜ ਚਲਾਉਣਾ ਸ਼ੁਰੂ ਕੀਤਾ। ਇੱਕ ਸਮਾਂ ਆਇਆ ਕਿ ਉਸ ਨੇ ਆਪਣੇ ਇਸ ਭਰਾ ਨੂੰ ਵੀ ਦੇਸ਼ ਨਿਕਾਲਾ ਦੇ ਕੇ ਪਰਸ਼ੀਆ ਵੱਲ ਧੱਕ ਦਿੱਤਾ।
ਸੰਨ 1801 ਵਿੱਚ ਮੁਹੰਮਦ ਨੇ ਇੱਕ ਪ੍ਰਭਾਵਸ਼ਾਲੀ ਯੋਧੇ ਫ਼ਤਿਹ ਖ਼ਾਂ ਨਾਲ ਹੱਥ ਮਿਲਾ ਕੇ ਕਾਬਲ ’ਤੇ ਹਮਲਾ ਕਰ ਦਿੱਤਾ। ਸ਼ਾਹ ਜ਼ਮਾਨ ਭੱਜ ਕੇ ਪੇਸ਼ਾਵਰ ਵੱਲ ਆ ਗਿਆ ਪਰ ਰਾਹ ਵਿੱਚ ਹੀ ਫੜਿਆ ਗਿਆ। ਮੁਹੰਮਦ ਨੇ ਉਸ ਨੂੰ ਅੰਨ੍ਹਾ ਕਰਕੇ ਕਾਬਲ ਦੇ ਬਾਹਰ ਬਾਲਾ ਹਿਸਾਰ ਕਿਲ੍ਹੇ ਵਿੱਚ ਕੈਦ ਕਰ ਦਿੱਤਾ। ਇਸ ਮਗਰੋਂ ਉਹ 40 ਸਾਲ ਜਿਉਂਦਾ ਰਿਹਾ। ਕਹਿੰਦੇ ਹਨ ਕਿ ਕੈਦ ਦੇ 12 ਸਾਲਾਂ ਮਗਰੋਂ ਉਹ ਰਾਵਲਪਿੰਡੀ ਆ ਗਿਆ। ਸਿੱਖ ਇਨਸਾਈਕਲੋਪੀਡੀਆ ਮੁਤਾਬਕ ਰਾਵਲਪਿੰਡੀ ’ਚ ਉਸ ਦੀ ਮੁਲਾਕਾਤ ਮਹਾਰਾਜਾ ਰਣਜੀਤ ਸਿੰਘ ਨਾਲ ਹੋਈ। ਮਹਾਰਾਜੇ ਨੇ ਉਸ ਨੂੰ ਲਾਹੌਰ ਸੱਦ ਲਿਆ ਤੇ 1500 ਰੁਪਏ ਮਹੀਨਾ ਦੇਣਾ ਸ਼ੁਰੂ ਕਰ ਦਿੱਤਾ। ਦੱਸਿਆ ਜਾਂਦਾ ਹੈ ਕਿ ਉਸ ਦੀ ਮੌਤ ਲੁਧਿਆਣਾ ਵਿਖੇ ਅੰਗਰੇਜ਼ਾਂ ਦੀ ਜੇਲ੍ਹ ਵਿੱਚ ਹੋਈ। ਉਹ ਇੱਥੇ ਕਿਵੇਂ ਪੁੱਜਿਆ, ਇਸ ਸਬੰਧੀ ਇਤਿਹਾਸ ਖ਼ਾਮੋਸ਼ ਹੈ। ਇਤਿਹਾਸ ਇਸ ਸਬੰਧੀ ਵੀ ਖ਼ਾਮੋਸ਼ ਹੈ ਕਿ ਉਸ ਦੀ ਦੇਹ ਸਰਹਿੰਦ ਕਿਵੇਂ ਪੁੱਜੀ ਅਤੇ ਕਿਸ ਤਰ੍ਹਾਂ ਰੋਜ਼ਾ ਸ਼ਰੀਫ਼ ਦੇ ਅਹਾਤੇ ਵਿੱਚ ਸਪੁਰਦ-ਏ-ਖ਼ਾਕ ਕੀਤਾ ਗਿਆ।
ਉਸ ਦਾ ਮਕਬਰਾ ਰਾਮਪੁਰ ਸਟੇਟ ਦੇ ਨਵਾਬ ਨੇ ਤਿਆਰ ਕਰਵਾਇਆ ਜੋ ਹਜ਼ਰਤ ਸਾਹਿਬ ਦੇ ਮਕਬਰੇ ਵੱਲ ਜਾਂਦੀਆਂ ਪੌੜੀਆਂ ਦੇ ਸਾਹਮਣੇ ਹੈ। ਇਸ ਅੰਦਰ ਦੋ ਕਬਰਾਂ ਹਨ, ਦੂਜੀ ਕਬਰ ਸ਼ਾਹ ਜ਼ਮਾਨ ਦੀ ਬੇਗਮ ਦੀ ਦੱਸੀ ਜਾਂਦੀ ਹੈ।
ਅਫ਼ਗ਼ਾਨਿਸਤਾਨ ਦੇ ਦੂਜੇ ਹੁਕਮਰਾਨਾਂ ’ਚੋਂ ਇੱਕ ਕਬਰ ਮੁਹੰਮਦ ਯਾਕੂਬ ਖ਼ਾਂ ਦੀ ਹੈ ਜਿਸ ਨੂੰ ਅਮੀਰ ਦੀ ਪਦਵੀ ਹਾਸਲ ਸੀ। ਯਾਕੂਬ ਖ਼ਾਂ 21 ਫਰਵਰੀ 1879 ਤੋਂ 12 ਅਕਤੂਬਰ 1879 ਤੱਕ ਹੈਰਾਤ ਸੂਬੇ ਦਾ ਗਵਰਨਰ ਰਿਹਾ। ਉਸ ਦੀ ਮੌਤ 15 ਨਵੰਬਰ 1923 ਹੋਈ ਅਤੇ ਉਸ ਦੀ ਦੇਹ ਨੂੰ ਸਪੁਰਦ-ਏ-ਖ਼ਾਕ ਕਰਨ ਲਈ ਰੋਜ਼ਾ ਸ਼ਰੀਫ਼ ਸਰਹਿੰਦ ਵਿਖੇ ਲਿਆਂਦਾ ਗਿਆ। ਉਸ ਦੀਆਂ ਦੋ ਬੇਟੀਆਂ ਵੀ ਇੱਥੇ ਹੀ ਦਫ਼ਨ ਹਨ।
ਦਰਗਾਹ ਦੇ ਮੌਜੂਦਾ ਖ਼ਲੀਫ਼ਾ ਸਈਅਦ ਮੁਹੰਮਦ ਸਾਦਿਕ ਰਜ਼ਾ ਮੁਤਾਬਕ ਅਫ਼ਗ਼ਾਨਿਸਤਾਨ ਦੇ ਸ਼ਾਹੀ ਪਰਿਵਾਰ ਦੇ ਕਰੀਬ ਤਿੰਨ ਦਰਜਨ ਵਿਅਕਤੀ ਇੱਥੇ ਦਫ਼ਨ ਹਨ। ਦੇਸ਼ ਦੀ ਵੰਡ ਤੋਂ ਪਹਿਲਾਂ ਸ਼ਾਹੀ ਖ਼ਾਨਦਾਨ ਦੇ ਲੋਕਾਂ ਨੂੰ ਵੀ ਇੱਥੇ ਹੀ ਲਿਆਇਆ ਜਾਂਦਾ ਸੀ। ਸੰਨ 1947 ਮਗਰੋਂ ਅਫ਼ਗ਼ਾਨਿਸਤਾਨ ਤੋਂ ਇੱਥੇ ਕਿਸੇ ਨੂੰ ਵੀ ਦਫ਼ਨ ਕਰਨ ਲਈ ਨਹੀਂ ਲਿਆਂਦਾ ਗਿਆ। ਉਂਜ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਉੱਥੋਂ ਮਹੱਤਵਪੂਰਨ ਵਿਅਕਤੀ ਆਉਂਦੇ ਰਹੇ ਹਨ। ਇਨ੍ਹਾਂ ਵਿੱਚ ਅਫ਼ਗ਼ਾਨਿਸਤਾਨ ਦੇ ਸਾਬਕਾ ਅੰਤਰਿਮ ਰਾਸ਼ਟਰਪਤੀ ਪ੍ਰੋ. ਸਿਬਗਤ-ਉਲਾ-ਅਲ-ਮੁਜ਼ੱਦਿਦ ਦਾ ਨਾਂ ਸ਼ਾਮਲ ਹੈ।
ਹਰ ਸਾਲ ਰੋਜ਼ਾ ਸ਼ਰੀਫ਼ ਵਿਖੇ ਉਰਸ ਭਰਦਾ ਹੈ ਜਿਸ ਵਿੱਚ ਮਹਾਰਾਸ਼ਟਰ, ਗੁਜਰਾਤ, ਉੱਤਰ ਪ੍ਰਦੇਸ਼, ਬਿਹਾਰ ਅਤੇ ਦੇਸ਼ ਦੇ ਹੋਰ ਸੂਬਿਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦਾ ਇੱਕ ਜਥਾ ਪਾਕਿਸਤਾਨ ਤੋਂ ਵੀ ਆਉਂਦਾ ਹੈ। ਉਂਜ ਆਮ ਦਿਨਾਂ ਵਿੱਚ ਤੁਰਕੀ ਅਤੇ ਹੋਰ ਮੁਸਲਿਮ ਦੇਸ਼ਾਂ ਤੋਂ ਸ਼ਰਧਾਲੂ ਆਉਂਦੇ ਹੀ ਰਹਿੰਦੇ ਹਨ।
* ਮੋਬਾਈਲ:98780-19889


Comments Off on ਸਰਹਿੰਦ ਦੀ ਗੋਦ ’ਚ ਸੁੱਤੇ ਅਫ਼ਗ਼ਾਨ ਹਾਕਮ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.