ਮੁਕਾਬਲੇ ਵਿੱਚ ਜੈਸ਼-ਏ-ਮੁਹੰਮਦ ਦਾ ਕਮਾਂਡਰ ਹਲਾਕ !    ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਤੁਰਕੀ ਬੰਬ ਹਮਲੇ ’ਚ ਪੰਜ ਹਲਾਕ !    ਵਿਹਲੇ ਸਮੇਂ ਕਿਤਾਬਾਂ ਪੜ੍ਹਨਾ ਉੱਤਮ ਰੁਝੇਵਾਂ !    ਪੁਣੇ ’ਚ ਅੱਠ ਦੀ ਮੌਤ, ਮ੍ਰਿਤਕਾਂ ਦੀ ਗਿਣਤੀ 16 ਹੋਈ !    ਵਿਦਿਆਰਥੀਆਂ ’ਚ ਮੁਕਾਬਲੇ ਦੀ ਭਾਵਨਾ ਪੈਦਾ ਕਰਨੀ ਜ਼ਰੂਰੀ !    ਕਰੋਨਾ ਬਨਾਮ ਸਾਡਾ ਨਿੱਘਰ ਰਿਹਾ ਸਮਾਜਿਕ ਢਾਂਚਾ !    ਸੁਲਤਾਨਪੁਰ ਲੋਧੀ ਹਸਪਤਾਲ ’ਚੋਂ ਸਰਕਾਰ ਨੇ ਵੈਂਟੀਲੇਟਰ ‘ਚੁੱਕੇ’ !    ਜਹਾਂਗੀਰ ਵਾਸੀਆਂ ਦੀ ਪਹਿਲਕਦਮੀ: ਆਪਣਿਆਂ ਵੱਲੋਂ ਨਕਾਰਿਆਂ ਦੀ ਅਰਥੀ ਨੂੰ ਦੇਣਗੇ ਮੋਢਾ !    ਪਰਵਾਸੀ ਔਰਤ ਦੇ ਸਸਕਾਰ ਲਈ ਸ਼ਮਸ਼ਾਨ ਦੇ ਬੂਹੇ ਕੀਤੇ ਬੰਦ !    

ਸਭ ਨੂੰ ਸੁਨੇਹਾ ਦਿਓ – ਹਰ ਮਨੁੱਖ ਲਾਵੇ ਇਕ ਰੁੱਖ

Posted On August - 6 - 2011

2011-ਜੰਗਲ ਬਚਾਓ ਕੌਮਾਂਤਰੀ ਵਰ੍ਹਾ

ਜੰਗਲਾਂ ਦੀ ਅੰਨ੍ਹੇਵਾਹ ਕਟਾਈ ਦੀ ਇਕ ਮੂੰਹ ਬੋਲਦੀ ਤਸਵੀਰ

ਪ੍ਰੋ. ਹਰੀ ਸਿੰਘ

ਕਰੋੜਾਂ ਸਾਲ ਪਹਿਲਾਂ ਇਹ ਧਰਤੀ ਇਕ ਅੱਗ ਦਾ ਗੋਲਾ ਸੀ। ਸਹਿਜੇ-ਸਹਿਜੇ ਇਹ ਗੋਲਾ ਠੰਢਾ ਹੁੰਦਾ ਗਿਆ ਅਤੇ ਫਿਰ ਇਸ ਧਰਤੀ ‘ਤੇ ਹਰੇ ਪੌਦੇ ਉਪਜੇ ਜੋ ਫਿਰ ਜੰਗਲਾਂ ਦੀ ਸ਼ਕਲ ਧਾਰ ਗਏ। ਕਈ ਤਰ੍ਹਾਂ ਦੇ ਫਲ ਤੇ ਫੁੱਲ ਬੂਟੇ ਨਜ਼ਰ ਆਉਣ ਲੱਗ ਪਏ। ਇਨ੍ਹਾਂ ਜੰਗਲਾਂ ‘ਚ ਫਿਰ ਜਾਨਵਰ ਤੇ ਮਨੁੱਖ ਪੈਦਾ ਹੋ ਗਏ ਜਿਨ੍ਹਾਂ ਨੂੰ ਜੰਗਲਾਂ ਨੇ ਮਾਂ ਦੀ ਤਰ੍ਹਾਂ ਖਾਣ ਲਈ ਦਿੱਤਾ ਅਤੇ ਪਿਤਾ ਦੀ ਤਰ੍ਹਾਂ ਸਹਾਰਾ ਦਿੱਤਾ। ਪਹਿਲਾਂ ਮਨੁੱਖ  ਪਹਾੜੀ ਗੁਫਾਵਾਂ ‘ਚ ਰਹਿੰਦਾ ਸੀ ਤੇ ਫਿਰ ਉਸ ਨੇ ਇਨ੍ਹਾਂ ਜੰਗਲਾਂ ਦੀਆਂ ਲੱਕੜਾਂ ਨਾਲ ਘਰ ਬਣਾਉਣੇ ਸਿੱਖ ਲਏ। ਇਨ੍ਹਾਂ ਜੰਗਲਾਂ ਨੇ ਮਨੁੱਖ ਨੂੰ ਖਾਣ ਲਈ ਵੰਨ-ਸੁਵੰਨੀ ਖੁਰਾਕ ਦਿੱਤੀ। ਜਾਨਵਰਾਂ ਨੂੰ ਚਾਰਾ ਅਤੇ ਪੰਛੀਆਂ ਦੇ ਖਾਣ ਲਈ ਕੀੜੇ-ਮਕੌੜੇ, ਫਲ ਤੇ ਬੀਜ ਦਿੱਤੇ। ਇੰਜ ਮਨੁੱਖ ਤੇ ਜੀਵ-ਜੰਤੂਆਂ ਲਈ ਜੰਗਲ ਵੱਡਾ ਆਸਰਾ ਬਣੇ।
ਦੁਖ ਦੀ ਗੱਲ ਹੈ ਕਿ ਅੱਜ ਉਸੇ ਜੀਵਨ ਦਾਨ ਦੇਣ ਵਾਲੇ ਜੰਗਲਾਂ ਨੂੰ, ਮਨੁੱਖ ਉਸ ਦੀ ਸੇਵਾ ਨੂੰ ਭੁੱਲੀ ਜਾ ਰਿਹਾ ਹੈ ਅਤੇ ਜੰਗਲਾਂ ਦੀ ਬੇਤਹਾਸ਼ਾ ਕੱਟ-ਵੱਢ ਕਰਕੇ ਉਸ ਦੇ ਖੇਤਰ-ਫਲ ਨੂੰ ਘਟਾਈ ਜਾ ਰਿਹਾ ਹੈ। ਭਾਰਤ ਵਿਚ ਜੰਗਲ ਬਹੁਤ ਸਨ ਪਰ ਹੁਣ 20% ਧਰਤੀ ਦਾ ਹਿੱਸਾ ਹੀ ਜੰਗਲਾਂ ਹੇਠ ਹੈ ਜੋ ਹੋਰ ਵੀ ਘਟਦਾ ਜਾ ਰਿਹਾ ਹੈ। ਸਾਨੂੰ ਇਸ ਬਾਰੇ ਸੁਚੇਤ ਹੋਣਾ ਚਾਹੀਦਾ ਹੈ ਕਿ ਜੰਗਲਾਂ ਨੂੰ ਖਤਮ ਕਰਕੇ, ਸਾਡੇ ਲਈ ਜੀਊਣਾ ਮੁਸ਼ਕਲ ਹੋ ਜਾਵੇਗਾ।
ਯੂ.ਐਨ.ਓ. ਨੇ 2 ਫਰਵਰੀ 2011 ਨੂੰ ਜੰਗਲ ਬਚਾਓ ਵਿਸ਼ਵ ਸਾਲ ਐਲਾਨਿਆ ਹੈ। ਇਸ ਸਾਲ ਵਿਸ਼ਵ ਭਰ ਵਿਚ ਇਹ ਸਮਝਾਓਣ ਦਾ ਯਤਨ ਕੀਤਾ ਜਾਵੇਗਾ ਕਿ ਜੰਗਲ ਲੋਕਾਂ ਦੇ ਰੱਖਿਅਤ ਹਨ। ਇਹ ਮਨੁੱਖ ਨੂੰ ਸਾਫ ਪਾਣੀ, ਦਵਾਈਆਂ ਦਿੰਦੇ ਹਨ ਅਤੇ ਸਾਰੇ ਵਾਤਾਵਰਣ ਨੂੰ ਸ਼ੁੱਧ ਤੇ ਸੰਤੁਲਨ ਬਣਾਈ ਰੱਖਦੇ ਹਨ। ਇਹ ਵਿਸ਼ਵ ‘ਚ 700 ਕਰੋੜ ਵੱਸਦੇ ਲੋਕਾਂ ਲਈ ਵਰਦਾਨ ਹਨ।
ਜੰਗਲਾਂ ਦੇ ਲਾਭ ਇਸ ਪ੍ਰਕਾਰ ਹਨ: ਜੰਗਲ ਧਰਤੀ ਦੇ ਫੇਫੜੇ ਹਨ ਜੋ ਸਾਨੂੰ ਜੀਊਣ ਲਈ ਆਕਸੀਜਨ ਸਪਲਾਈ ਕਰਦੇ ਹਨ।
ਬਹੁਤ ਸਾਰੇ ਲੋਕ ਜੰਗਲਾਂ ਵਿਚ ਰਹਿੰਦੇ ਹਨ। ਖਾਸ ਤੌਰ ‘ਤੇ ਬਹੁਤ ਸਾਰੇ ਕਬਾਇਲੀ ਲੋਕ ਜੰਗਲਾਂ ਉਪਰ ਹੀ ਜੀਵਨ ਲਈ ਨਿਰਭਰ ਕਰਦੇ ਹਨ। ਮਾਓਵਾਦੀ ਲਹਿਰ ‘ਚ ਬਹੁਤੇ ਲੋਕ ਉਹੋ ਹੀ ਹਨ ਜੋ ਜੰਗਲਾਂ ਨੂੰ ਬਚਾਉਣ ਲਈ ਲੜ ਰਹੇ ਹਨ। ਇਨ੍ਹਾਂ ਦੇ ਇਲਾਕਿਆਂ ‘ਚ ਉਦਯੋਗਪਤੀ ਕਾਰਖਾਨੇ ਲਾਉਣ ਲਈ ਅਤੇ ਲੈਂਡ-ਮਾਫੀਆ ਜ਼ਮੀਨੀ ਵਪਾਰ ਲਈ ਜੰਗਲੀ ਜ਼ਮੀਨ ਨੂੰ ਹੜੱਪ ਕਰਨਾ ਚਾਹੁੰਦਾ ਹੈ।
ਜੰਗਲ ਸਾਨੂੰ ਮਕਾਨ ਉਸਾਰੀ ਲਈ,  ਬਾਲਣ ਲਈ, ਫਰਨੀਚਰ ਲਈ ਲੱਕੜ, ਚਾਰਾ, ਖੁਰਾਕ, ਸ਼ਹਿਦ, ਰਬਰ, ਰਸਾਇਣ ਪੌਦੇ ਜੋ ਦਵਾਈਆਂ ਬਣਾਉਣ ਦੇ ਕੰਮ ਆਉਂਦੇ ਹਨ ਆਦਿ ਵਸਤੂਆਂ ਦਿੰਦੇ ਹਨ।
ਜੰਗਲਾਂ ਦੇ ਥਾਈਂ ਕਈ-ਕਈ ਸਾਲ ਦੱਬੇ ਰਹਿਣ ਕਾਰਨ ਸਾਨੂੰ ਪੈਟਰੋਲੀਅਮ ਪਦਾਰਥ ਪ੍ਰਾਪਤ ਹੋਏ ਜੋ ਅੱਜ ਸਾਡੇ ਜੀਵਨ ਲਈ ਜ਼ਰੂਰੀ ਹਨ।
ਜੰਗਲ ਬਾਰਸ਼ ਸਮੇਂ ਪਾਣੀ ਦੀ ਗਤੀ ਨੂੰ ਕਾਬੂ ਕਰਦੇ ਹਨ ਜਿਸ ਕਾਰਨ ਮੈਦਾਨੀ ਇਲਾਕਿਆਂ ‘ਚ ਧਰਤੀ ਉਪਰ ਉਪਜਾਊ ਧਰਤੀ ਦੀ ਤੈਅ ਖੁਰਦੀ ਨਹੀਂ। ਜੰਗਲ ਗੰਦ-ਮੰਦ ਨੂੰ ਜਜ਼ਬ ਕਰ ਲੈਂਦੇ ਹਨ ਜਿਸ ਕਾਰਨ ਵਾਤਾਵਰਣ ਸਵੱਛ ਰਹਿੰਦਾ ਹੈ।
ਜੰਗਲਾਂ ਨੂੰ ਖਤਰਾ: ਅੱਜ ਜੰਗਲਾਂ ਨੂੰ ਧੜਾ-ਧੜ ਕੱਟਿਆ ਜਾ ਰਿਹਾ ਹੈ ਕਿਉਂਕਿ ਖੇਤੀਬਾੜੀ ਲਈ ਹੋਰ ਜ਼ਮੀਨ ਚਾਹੀਦੀ ਹੈ। ਘਰ-ਉਸਾਰੀ ਲਈ ਲੱਕੜ ਦੀ ਮੰਗ ਵੱਧ ਰਹੀ ਹੈ, ਅੱਗ ਬਾਲਣ ਦੀ ਲੋੜ ਵੱਧ ਰਹੀ ਹੈ। ਇੰਜ ਹੀ ਨਵੀਆਂ ਕਲੋਨੀਆਂ ਬਣਾਈਆਂ ਜਾ ਰਹੀਆਂ ਹਨ। ਕਾਰਖਾਨੇ ਸਥਾਪਿਤ ਕੀਤੇ ਜਾ ਰਹੇ ਹਨ, ਡੈਮ ਤੇ ਬਿਜਲੀ-ਘਰ ਬਣਾਏ ਜਾ ਰਹੇ ਹਨ। ਇਨ੍ਹਾਂ ਸਭ ਲਈ ਜ਼ਮੀਨ ਦੀ ਲੋੜ ਹੈ ਜੋ ਜੰਗਲਾਂ ਦੇ ਖੇਤਰਫਲ ਨੂੰ ਘਟਾਈ ਜਾ ਰਹੀ ਹੈ।
ਜੰਗਲਾਂ ਦੇ ਘਟਣ ਨਾਲ ਕਈ ਸਮੱਸਿਆਵਾਂ ਪੈਦਾ ਹੋ ਰਹੀਆਂ ਹੈ ਜਿਵੇਂ ਕਿ:- ਵਾਤਾਵਰਣ ‘ਚ ਗੰਦਗੀ ਵੱਧ ਰਹੀ ਹੈ ਜਿਸ ਕਾਰਨ ਸਾਹ-ਰੋਗ (ਅਸਥਮਾ) ਵੱਧ ਰਹੇ ਹਨ।
ਵਾਤਾਵਰਣ ਦਾ ਤਾਪਮਾਨ ਵੱਧ ਰਿਹਾ ਹੈ ਕਿਉਂਕਿ ਕਾਰਬਨ ਡਾਇਓਆਕਸਾਈਡ ਦੀ ਮਾਤਰਾ ਵੱਧ ਰਹੀ ਹੈ। ਇਸ ਨਾਲ ਕਈ ਬੀਮਾਰੀਆਂ ਪੈਦਾ ਹੋ ਰਹੀਆਂ ਹਨ। ਕਬਾਇਲੀ ਲੋਕ ਜੰਗਲਾਂ ਦੇ ਸਹਾਰੇ ਜੀਵਨ ਬਤੀਤ ਕਰਦੇ ਹਨ। ਉਨ੍ਹਾਂ ਦਾ ਜੀਵਨ ਮੁਸ਼ਕਲ ਹੋ ਜਾਵੇਗਾ ਅਤੇ ਉਹ ਹੋਰ ਗਰੀਬ ਹੋ ਜਾਣਗੇ। ਜੰਗਲ ਕਾਰਬਨ ਨੂੰ ਜਜ਼ਬ ਕਰਨ ਦਾ ਇਕ ਖੂਹ ਹੈ। ਘੱਟ ਰਹੇ ਜੰਗਲਾਂ ਨਾਲ ਕਾਰਬਨ ਦੀ ਮਾਤਰਾ ਵੱਧ ਰਹੀ ਹੈ ਜੋ ਆਲੇ-ਦਆਲੇ ਨੂੰ ਦੂਸ਼ਤ ਕਰੇਗੀ। ਆਕਸੀਜਨ ਦੀ ਮਾਤਰਾ ਘਟੇਗੀ ਜੋ ਸਾਡੀ ਸਿਹਤ ਨੂੰ ਕਮਜ਼ੋਰ ਕਰੇਗੀ। ਘਟ ਰਹੇ ਜੰਗਲ ਧਰਤੀ ਦੀ ਉਪਜਾਊ ਸ਼ਕਤੀ ਨੂੰ ਕਮਜ਼ੋਰ ਕਰਨਗੇ।
ਜੰਗਲਾਂ ਨੂੰ ਬਚਾਓ: ਸਾਨੂੰ ਹੁਣ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਜੰਗਲਾਂ ਦੇ ਕੱਟਣ ਨਾਲ ਜਾਂ ਇਨ੍ਹਾਂ ਦੇ ਘਟਣ ਨਾਲ ਸਾਡਾ ਜੀਵਨ ਮੁਸ਼ਕਲਾਂ ਨਾਲ ਘਿਰ ਜਾਵੇਗਾ। ਸਾਨੂੰ ਜਿੱਥੇ ਵੀ ਥਾਂ ਮਿਲੇ ਉਥੇ ਹੀ ਰੁੱਖ ਲਾਉਣੇ ਚਾਹੀਦੇ ਹਨ। ਸ਼ਹਿਰਾਂ ਵਿਚ ਰੁੱਖ ਬੁਰੀ ਤਰ੍ਹਾਂ ਕੱਟੇ ਜਾ ਰਹੇ ਹਨ। ਲੁਧਿਆਣੇ ਸ਼ਹਿਰ ‘ਚ 150 ਦੇ ਕਰੀਬ ਪਿੱਪਲ ਦੇ ਰੁੱਖ ਕੱਟੇ ਗਏ ਜੋ ਰੁੱਖ ਵਾਤਾਵਰਣ ਨੂੰ ਬਹੁਤ ਸਾਫ ਰੱਖਦੇ ਹਨ ਅਤੇ ਇਸ ਵਿਚ ਕਈ ਬੀਮਾਰੀਆਂ ਦੂਰ ਕਰਨ ਦੇ ਗੁਣ ਹਨ। ਸਾਨੂੰ ਹਰ ਗਲੀ,  ਸਕੂਲਾਂ, ਕਾਲਜਾਂ, ਹਸਪਤਾਲਾਂ, ਸ਼ਮਸ਼ਾਨ-ਘਾਟ, ਧਾਰਮਿਕ ਸੰਸਥਾਵਾਂ ਆਦਿ ਥਾਵਾਂ ‘ਤੇ ਰੁੱਖ ਲਾਉਣੇ ਚਾਹੀਦੇ ਹਨ। ਇਸ ਦੇ ਨਾਲ ਹੀ ਆਮ ਲੋਕਾਂ ‘ਚ ਰੁੱਖਾਂ ਦੀ ਸੰਭਾਲ ਲਈ ਚੇਤਨਾ ਪੈਦਾ ਕਰਨੀ ਚਾਹੀਦੀ ਹੈ। ਸਾਡਾ ਨਾਅਰਾ ਹੋਣਾ ਚਾਹੀਦਾ ਹੈ।
‘ਹਰ ਮਨੁੱਖ, ਲਾਵੇ ਇਕ ਰੁੱਖ’
ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ
ਕੁਝ ਰੁੱਖ ਲੱਗਦੇ ਮਾਵਾਂ,
ਕੁਝ ਰੱਖ ਨੂੰਹਾਂ-ਧੀਆਂ ਲੱਗਦੇ
ਕੁਝ ਰੁੱਖ ਵਾਂਗ ਭਰਾਵਾਂ
ਕੁਝ ਰੁੱਖ ਮੇਰੇ ਬਾਬੇ ਵਾਕਣ
ਪੁੱਤਰ ਟਾਵਾਂ ਟਾਵਾਂ
ਕੁਝ ਰੁੱਖ ਮੇਰੀ ਦਾਦੀ ਵਰਗੇ
ਚੂਰੀ ਪਾਵਣ ਕਾਵਾਂ
ਕੁਝ ਰੁੱਖ ਯਾਰਾਂ ਵਰਗੇ ਲੱਗਦੇ
ਚੁੰਮਾਂ ਤੇ ਗੱਲ ਲਾਵਾਂ
ਕੁਝ ਰੁੱਖ ਮੇਰਾ ਦਿਲ ਕਰਦਾ ਐ,
ਮੋਢੇ ਚੁੱਕ ਖਿਡਾਵਾਂ
ਮੇਰਾ ਵੀ ਇਹ ਦਿਲ ਕਰਦਾ
ਰੁੱਖ ਦੀ ਜੂਨੇ ਆਵਾਂ
ਜੇ ਤੁਸੀਂ, ਮੇਰਾ ਗੀਤ ਹੈ ਸੁਣਨਾ
ਮੈਂ ਰੁੱਖਾਂ ਵਿਚ ਗਾਵਾਂ
ਰੁੱਖ ਤਾਂ ਮੇਰੀ ਮਾਂ ਵਰਗੇ ਨੇ
ਜਿਊਣ ਰੁੱਖਾਂ ਦੀਆਂ ਛਾਵਾਂ।

* ਮੋਬਾਈਲ: 98155-51549


Comments Off on ਸਭ ਨੂੰ ਸੁਨੇਹਾ ਦਿਓ – ਹਰ ਮਨੁੱਖ ਲਾਵੇ ਇਕ ਰੁੱਖ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.