ਮੁਕਾਬਲੇ ਵਿੱਚ ਜੈਸ਼-ਏ-ਮੁਹੰਮਦ ਦਾ ਕਮਾਂਡਰ ਹਲਾਕ !    ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਤੁਰਕੀ ਬੰਬ ਹਮਲੇ ’ਚ ਪੰਜ ਹਲਾਕ !    ਵਿਹਲੇ ਸਮੇਂ ਕਿਤਾਬਾਂ ਪੜ੍ਹਨਾ ਉੱਤਮ ਰੁਝੇਵਾਂ !    ਪੁਣੇ ’ਚ ਅੱਠ ਦੀ ਮੌਤ, ਮ੍ਰਿਤਕਾਂ ਦੀ ਗਿਣਤੀ 16 ਹੋਈ !    ਵਿਦਿਆਰਥੀਆਂ ’ਚ ਮੁਕਾਬਲੇ ਦੀ ਭਾਵਨਾ ਪੈਦਾ ਕਰਨੀ ਜ਼ਰੂਰੀ !    ਕਰੋਨਾ ਬਨਾਮ ਸਾਡਾ ਨਿੱਘਰ ਰਿਹਾ ਸਮਾਜਿਕ ਢਾਂਚਾ !    ਸੁਲਤਾਨਪੁਰ ਲੋਧੀ ਹਸਪਤਾਲ ’ਚੋਂ ਸਰਕਾਰ ਨੇ ਵੈਂਟੀਲੇਟਰ ‘ਚੁੱਕੇ’ !    ਜਹਾਂਗੀਰ ਵਾਸੀਆਂ ਦੀ ਪਹਿਲਕਦਮੀ: ਆਪਣਿਆਂ ਵੱਲੋਂ ਨਕਾਰਿਆਂ ਦੀ ਅਰਥੀ ਨੂੰ ਦੇਣਗੇ ਮੋਢਾ !    ਪਰਵਾਸੀ ਔਰਤ ਦੇ ਸਸਕਾਰ ਲਈ ਸ਼ਮਸ਼ਾਨ ਦੇ ਬੂਹੇ ਕੀਤੇ ਬੰਦ !    

ਨਵੀਂ ਪੀੜ੍ਹੀ ਨੂੰ ਖੇਤਾਂ ਵੱਲ ਮੋੜਨ ਦੀ ਲੋੜ

Posted On August - 6 - 2011

ਕਿਸਾਨਾਂ ਲਈ ਅਗਸਤ ਦਾ ਪਹਿਲਾ ਪੰਦਰਵਾੜਾ

ਡਾ. ਰਣਜੀਤ ਸਿੰਘ

ਅਗਸਤ ਦੇ ਮਹੀਨੇ ਪਿੰਡਾਂ ਵਿੱਚ ਆਮ ਕਰਕੇ ਵਿਹਲ ਦੇ ਦਿਨ ਗਿਣੇ ਜਾਂਦੇ ਹਨ। ਘਰਾਂ ਵਿੱਚ ਦੁੱਧ, ਘਿਓ ਖੁੱਲ੍ਹਾ ਹੁੰਦਾ ਹੈ। ਗੱਭਰੂ ਅਖਾੜਿਆਂ ਵਿੱਚ ਜ਼ੋਰ-ਅਜ਼ਮਾਈ ਕਰਦੇ ਹਨ ਤੇ ਇਸੇ ਮਹੀਨੇ ਬਹੁਤੇ ਪਿੰਡਾਂ ਵਿੱਚ ਛਿੰਜਾਂ ਪੈਂਦੀਆਂ ਹਨ। ਕਈਆਂ ਪਿੰਡਾਂ ਵਿੱਚ ਤਾਂ ਇਨ੍ਹਾਂ ਨੇ ਤਿਉਹਾਰ ਦਾ ਰੂਪ ਧਾਰ ਲਿਆ ਹੈ। ਮੇਰੇ ਆਪਣੇ ਪਿੰਡ ਸੂਰਾਪੁਰ (ਨਵਾਂ ਸ਼ਹਿਰ) ਵਿੱਚ ਛਿੰਜ ਕਈ ਸਦੀਆਂ ਤੋਂ ਪੈ ਰਹੀ ਹੈ। ਪਟਕੇ ਦੇ ਜੇਤੂ ਪਹਿਲਵਾਨ ਨੂੰ ਕਦੇ ਪੰਜ ਰੁਪਏ ਮਿਲਦੇ ਸਨ ਜਿਹੜੇ ਹੁਣ 51000/- ਹੋ ਗਏ ਹਨ ਤੇ ਨਾਲ ਹੀ ਸੋਨੇ ਦੀ ਮੰੁਦਰੀ ਤੇ ਚੈਨ ਵੀ ਕਈ ਪ੍ਰਵਾਸੀਆਂ ਵੱਲੋਂ ਭੇਟ ਕੀਤੀ ਜਾਂਦੀ ਹੈ। ਛਿੰਜ ਪੈਣ ਤੋਂ ਕਈ ਦਿਨ ਪਹਿਲਾਂ ਤੋਂ ਗੁੱਗਾ ਪੀਰ ਦੀ ਪੂਜਾ ਸ਼ੁਰੂ ਹੋ ਜਾਂਦੀ ਹੈ। ਚੇਲੇ ਪਿੰਡ ਦੇ ਵਸੀਮੇ ਤੋਂ ਖੇਲਦੇ ਹੋਏ ਪਿੰਡ ਦੇ ਵਿਚਕਾਰ ਬਣੀ ਗੁੱਗੇ ਦੀ ਮਾੜੀ ਤੱਕ ਆਉਂਦੇ ਹਨ। ਸਾਰਾ ਪਿੰਡ ਪ੍ਰਾਹੁਣਿਆਂ ਨਾਲ ਭਰਿਆ ਹੁੰਦਾ ਹੈ। ਪਰ ਇਸ ਮਹੀਨੇ ਫਸਲਾਂ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ। ਬਰਸਾਤ ਵਿੱਚ ਕੀੜਿਆਂ ਤੇ ਬਿਮਾਰੀਆਂ ਦਾ ਹਮਲਾ ਵੀ ਵਧੇਰੇ ਹੁੰਦਾ ਹੈ। ਕਮਾਦ ਦੀ ਫਸਲ ਵੀ ਇਨ੍ਹਾਂ ਦੀ ਲਪੇਟ ਵਿੱਚ ਆ ਜਾਂਦੀ ਹੈ। ਫਸਲਾਂ ਦਾ ਧਿਆਨ ਰੱਖੋ। ਸਵੇਰੇ-ਸ਼ਾਮ ਖੇਤਾਂ ਵਿੱਚ ਗੇੜਾ ਮਾਰੋ। ਜਿੱਥੇ ਗੋਡੀ ਦੀ ਲੋੜ ਹੈ ਉੱਥੇ ਗੋਡੀ ਕਰੋ ਤੇ ਜੇਕਰ ਪਾਣੀ ਦੀ ਲੋੜ ਹੈ ਤਾਂ ਸਿੰਚਾਈ ਕਰੋ।
ਨਵੀਂ ਪੀੜ੍ਹੀ ਨੂੰ ਖੇਤ ਵੱਲ ਮੋੜਨ ਦੀ ਲੋੜ ਹੈ। ਅਜਿਹਾ ਉਦੋਂ ਹੀ ਹੋ ਸਕਦਾ ਹੈ ਜੇਕਰ ਉਨ੍ਹਾਂ ਨੂੰ ਕੁਝ ਨਵਾਂ ਕਰਨ ਲਈ ਉਤਸ਼ਾਹਿਤ ਕੀਤਾ ਜਾਵੇ। ਇਹ ਦਿਨ ਸਦਾਬਹਾਰ ਰੁੱਖ ਲਗਾਉਣ ਲਈ ਢੁੱਕਵੇਂ ਹਨ। ਕੁਝ ਰੁੱਖ ਆਪਣੀ ਬੰਬੀ ਉੱਤੇ ਜ਼ਰੂਰ ਲਗਾਵੋ। ਨਵੀਂ ਪੀੜ੍ਹੀ ਨੂੰ ਫਲਦਾਰ ਬੂਟੇ ਲਗਾਉਣ ਲਈ ਉਤਸ਼ਾਹਿਤ ਕਰੋ। ਪੰਜਾਬ ਵਿੱਚ ਨਿੰਬੂ, ਅੰਬ, ਕਿੰਨੂ, ਬੇਰ, ਅਮਰੂਦ, ਆੜੂ ਦੇ ਬੂਟੇ ਲਗਾਏ ਜਾ ਸਕਦੇ ਹਨ। ਉਨ੍ਹਾਂ ਨੂੰ ਸਬਜ਼ੀਆਂ ਦੀ ਕਾਸ਼ਤ ਲਈ ਵੀ ਤਿਆਰ ਕਰੋ। ਇਨ੍ਹਾਂ ਦੀ ਕਾਸ਼ਤ ਵਿੱਚ ਨਿੱਤ ਨਵੇਂ ਤਜਰਬੇ ਕੀਤੇ ਜਾ ਸਕਦੇ ਹਨ। ਨਵੀਂ ਨਸਲ ਦੀਆਂ ਮੱਝਾਂ ਤੇ ਗਾਵਾਂ ਰੱਖੋ। ਉਹ ਹੌਲੀ-ਹੌਲੀ ਖੇਤੀ ਵੱਲ ਮੁੜ ਆਉਣਗੇ ਕਿਉਂਕਿ ਨਵੀਂ ਪੀੜ੍ਹੀ ਹੀ ਪੰਜਾਬ ਦੀ ਖੇਤੀ ਨੂੰ ਅਗਲਾ ਮੋੜ ਦੇ ਸਕਦੀ ਹੈ। ਪੰਜਾਬ ਵਿੱਚ ਬਹੁਤੇ ਛੋਟੇ ਕਿਸਾਨ ਹਨ, ਉਨ੍ਹਾਂ ਦੀ ਸਫਲਤਾ ਮਿੱਸੀ ਖੇਤੀ ਦੀ ਸਫਲਤਾ ਉੱਤੇ ਹੀ ਨਿਰਭਰ ਕਰਦੀ ਹੈ।
ਅਸੀਂ ਹਰੇਕ ਵੀਰ ਨੂੰ ਅਪੀਲ ਕਰਦੇ ਹਾਂ ਕਿ ਘਰ ਦੀ ਵਰਤੋਂ ਲਈ ਕੁਝ ਫਲਦਾਰ ਬੂਟੇ ਤੇ ਥੋੜ੍ਹੇ ਰਕਬੇ ਵਿੱਚ ਸਬਜ਼ੀਆਂ ਦੀ ਕਾਸ਼ਤ ਕਰੋ। ਬਾਜ਼ਾਰ ਵਿੱਚ ਇਹ ਮਹਿੰਗੀਆਂ ਹਨ। ਉਂਜ ਵੀ ਤਾਜ਼ੇ ਤੇ ਜ਼ਹਿਰ ਰਹਿਤ ਫਲ ਤੇ ਸਬਜ਼ੀਆਂ ਖਾਣ ਦਾ ਵੱਖਰਾ ਹੀ ਅਨੰਦ ਹੈ। ਇਹ ਖੁਰਾਕੀ ਤੱਤਾਂ ਨਾਲ ਵੀ ਭਰਪੂਰ ਹੁੰਦੇ ਹਨ। ਫਲਦਾਰ ਬੂਟੇ ਲਗਾਉਣ ਲਈ ਪਹਿਲਾਂ ਟੋਏ ਪੁੱਟਣੇ ਜ਼ਰੂਰੀ ਹਨ। ਇਹ ਟੋਏ ਇਕ ਮੀਟਰ ਡੰੂਘੇ ਤੇ ਇਕ ਮੀਟਰ ਘੇਰੇ ਵਾਲੇ ਪੁੱਟੋ। ਇਨ੍ਹਾਂ ਟੋਇਆਂ ਨੂੰ ਉਪਰਲੀ ਮਿੱਟੀ ਅਤੇ ਰੂੜ੍ਹੀ ਮਿਲਾ ਕੇ ਉਪਰ ਤੱਕ ਭਰ ਦੇਵੋ। ਟੋਏ ਵਿੱਚ 30 ਗ੍ਰਾਮ Çਲੰਡੇਨ 5% ਜਾਂ ਪੰਜ ਮਿਲੀਲਿਟਰ ਕਲੋਰੋਪਾਈਰੀਫਾਸ, 20 ਈ.ਸੀ. ਦੋ ਕਿਲੋ ਮਿੱਟੀ ਵਿੱਚ ਰਲਾ ਕੇ ਸਿਉਂਕ ਤੋਂ ਬਚਾ ਲਈ ਪਾਵੋ। ਬੂਟਿਆਂ ਨੂੰ ਗਾਚੀ ਸਮੇਤ ਲਗਾਵੋ। ਬੂਟੇ ਕਿਸੇ ਭਰੋਸੇਯੋਗ ਨਰਸਰੀ ਤੋਂ ਰੋਗ ਰਹਿਤ, ਸਹੀ ਉਮਰ ਅਤੇ ਢੁੱਕਵੀਂ ਕਿਸਮ ਦੇ ਹੋਣੇ ਚਾਹੀਦੇ ਹਨ। ਅਮਰੂਦ ਦੀਆਂ ਅਲਾਹਾਬਾਦ ਸਫੈਦ, ਸਰਦਾਰ ਤੇ ਅਰਕਾ ਅਮੁਲਿਆ ਕਿਸਮਾਂ ਦੇ ਬੂਟੇ ਲਗਾਵੋ। ਅੰਬ ਦੀਆਂ ਦੁਸਹਿਰੀ, ਲੰਗੜਾ ਜਾਂ ਅਲਫ਼ੈਂਜੋ ਕਿਸਮ ਲਗਾਵੋ। ਨਿੰਬੂ ਦੀਆਂ ਯੂਰੇਕਾ, ਪੀਏ ਯੂ ਬਾਰਾਮਾਸੀ ਨਿੰਬੂ ਤੇ ਕਾਗਜ਼ੀ ਸਿਫਾਰਸ਼ ਕੀਤੀਆਂ ਕਿਸਮਾਂ ਹਨ। ਉਮਰਾਨ, ਸਨੌਰ-2, ਕੈਂਥਲੀ, ਜ਼ੈੱਡ.ਜੀ.-2 ਅਤੇ ਵਲੈਤੀ ਬੇਰਾਂ ਦੀਆਂ ਉੱਨਤ ਕਿਸਮਾਂ ਹਨ। ਇਸ ਵੇਰ ਗਰਮੀ ਘਟ ਹੀ ਪਈ ਹੈ ਤੇ ਮੀਂਹ ਵੀ ਪੈਂਦੇ ਹੀ ਰਹੇ ਹਨ। ਕਣਕ ਦੀ ਕੋਈ ਵਧੀਆ ਫਸਲ ਵਾਂਗ ਝੋਨੇ ਦੀ ਵੀ ਵਧੀਆ ਫਸਲ ਹੋਣ ਦੀ ਉਮੀਦ ਹੈ।
ਕੀੜੇ ਤੇ ਬਿਮਾਰੀਆਂ ਦੀ ਰੋਕਥਾਮ: ਪਹਿਲਾਂ ਵੀ ਲਿਖਿਆ ਸੀ ਕਿ ਬਰਸਾਤ ਦੇ ਦਿਨਾਂ ਵਿੱਚ ਬਿਮਾਰੀਆਂ ਤੇ ਕੀੜਿਆਂ ਦਾ ਹਮਲਾ ਵਧੇਰੇ ਹੁੰਦਾ ਹੈ। ਨਰਮਾ ਸਭ ਤੋਂ ਵੱਧ ਪ੍ਰਭਾਵਿਤ ਹੁੰਦਾ ਹੈ। ਬੀ.ਟੀ. ਕਿਸਮਾਂ ਆਉਣ ਨਾਲ ਕੁਝ ਰਾਹਤ ਹੋਈ ਹੈ ਪਰ ਫਿਰ ਵੀ ਇਸ ਫਸਲ ਦਾ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ। ਨਰਮੇ ਦੀ ਫਸਲ ਨੂੰ ਕੀੜਿਆਂ ਤੋਂ ਬਚਾਉਣ ਲਈ ਮਾਹਿਰਾਂ ਦੀ ਸਲਾਹ ਅਨੁਸਾਰ ਹੀ ਜ਼ਹਿਰਾਂ ਦੀ ਵਰਤੋਂ ਕਰੋ। ਇਸ ਵਿੱਚ ਆਪਣੀ ਜਾਂ ਕਿਸੇ ਦੁਕਾਨਦਾਰ ਦੀ ਮਰਜ਼ੀ ਨਾ ਕਰੋ। ਕੇਵਲ ਉਨ੍ਹਾਂ ਜ਼ਹਿਰਾਂ ਦੀ ਵਰਤੋਂ ਕਰੋ ਜਿਨ੍ਹਾਂ ਦੀ ਸਿਫਾਰਸ਼ ਮਾਹਿਰਾਂ ਵੱਲੋਂ ਕੀਤੀ ਗਈ ਹੈ। ਇਹ ਛਿੜਕਾਅ ਦੱਸੀ ਮਾਤਰਾ, ਠੀਕ ਸਮੇਂ ਅਤੇ ਸਹੀ ਢੰਗ ਨਾਲ ਕਰੋ। ਜੇਕਰ ਕੋਈ ਔਕੜ ਆਵੇ ਤਾਂ ਆਪਣੇ ਨੇੜੇ ਦੇ ਖੇਤੀਬਾੜੀ ਅਫਸਰ ਜਾਂ ਪੰਜਾਬ ਐਗਰੀ ਯੂਨੀਵਰਸਿਟੀ ਦੇ ਮਾਹਿਰਾਂ ਨਾਲ ਸੰਪਰਕ ਕਰੋ। ਇਸੇ ਹੀ ਤਰ੍ਹਾਂ ਜੇਕਰ ਝੋਨੇ ਉੱਤੇ ਕਿਸੇ ਕੀੜੇ ਦਾ ਹਮਲਾ ਨਜ਼ਰ ਆਵੇ ਤਾਂ ਮਾਹਿਰ ਦੀ ਸਲਾਹ ਅਨੁਸਾਰ ਹੀ ਜ਼ਹਿਰ ਦੀ ਵਰਤੋਂ ਕਰੋ। ਬਾਸਮਤੀ ਉੱਤੇ ਕੀੜਿਆਂ ਦਾ ਵਧੇਰੇ ਹਮਲਾ ਹੁੰਦਾ ਹੈ। ਤਣੇ ਦੇ ਗੜੰੂਏ ਦਾ ਹਮਲਾ ਆਮ ਹੋ ਜਾਂਦਾ ਹੈ। ਜੇਕਰ ਪੰਜ ਪ੍ਰਤੀਸ਼ਤ ਤੋਂ ਵੱਧ ਬੂਟਿਆਂ ਦੀਆਂ ਗੋਭਾਂ ਸੁੱਕ ਜਾਣ ਤਾਂ ਜ਼ਹਿਰ ਦੀ ਵਰਤੋਂ ਕਰਨੀ ਚਾਹੀਦੀ ਹੈ। ਇਨ੍ਹਾਂ ਦੀ ਰੋਕਥਾਮ ਲਈ 350 ਮਿ. ਲਿਟਰ ਹੋਸਟਾਥੀਆਨ 40 ਈ.ਸੀ. (ਟਰਾਈ ਐਜ਼ੋਫਾਸ) ਜਾਂ 560 ਮਿ. ਲਿਟਰ ਮੋਨੋਸਿਲ 36 ਐਸ.ਐਲ. (ਮੋਨੋਕਰੋਟੋਫਾਸ) ਜਾਂ ਇਕ ਲਿਟਰ ਕੋਰੋਬਾਨ/ਡਰਸਬਾਨ/ ਲੀਥਲ/ ਕਲੋਰ ਗਾਰਡ/ ਡਰਮਟ/ਕਲਾਸਿਕ/ਫੋਰਸ 20 ਈ.ਸੀ. (ਕਲੋਰਪਾਈਰੀਫਾਸ) ਪ੍ਰਤੀ ਏਕੜ 100 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਇਨ੍ਹਾਂ ਦਿਨਾਂ ਵਿੱਚ ਕਮਾਦ ਦੀ ਫਸਲ ਉੱਤੇ ਵੀ ਕਈ ਕੀੜਿਆਂ ਦਾ ਹਮਲਾ ਹੁੰਦਾ ਹੈ। ਇਨ੍ਹਾਂ ਵਿੱਚ ਕਮਾਦ ਦਾ ਘੋੜਾ ਅਤੇ ਚਿੱਟੀ ਮੱਖੀ ਦਾ ਹਮਲਾ ਪ੍ਰਮੁੱਖ ਹੈ। ਚਿੱਟੀ ਮੱਖੀ ਦੀ ਰੋਕਥਾਮ ਲਈ 40 ਮਿਲੀਲਿਟਰ ਕੋਨਫੀਡੋਰ 200 ਐਸ.ਐਲ. ਜਾਂ 600 ਮਿ. ਲਿਟਰ ਹੋਸਟਾਥਿਆਨ 40 ਈ.ਸੀ. 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਇਨ੍ਹਾਂ ਦਿਨਾਂ ਵਿੱਚ ਆਗ ਦਾ ਗੜੰੂਆਂ ਵੀ ਕਮਾਦ ਦਾ ਚੋਖਾ ਨੁਕਸਾਨ ਕਰਦਾ ਹੈ। ਜੇਕਰ ਇਸ ਦਾ ਹਮਲਾ ਨਜ਼ਰ ਆਵੇ ਤਾਂ ਕੀੜੇ ਦੇ ਭੰਬਟ ਅਤੇ ਆਂਡੇ ਇਕੱਠੇ ਕਰਕੇ ਨਸ਼ਟ ਕਰ ਦੇਵੋ।
ਚਾਰਾ: ਚਾਰੇ ਦੇ ਜਿਹੜੇ ਖੇਤ ਵਿਹਲੇ ਹੋ ਰਹੇ ਹਨ, ਉੱਥੇ ਮੁੜ ਚਾਰਾ ਬੀਜ ਦੇਣਾ ਚਾਹੀਦਾ ਹੈ। ਹੁਣ ਮੱਕੀ ਦੀ ਚਾਰੇ ਲਈ ਬਿਜਾਈ ਕੀਤੀ ਜਾ ਸਕਦੀ ਹੈ। ਚਾਰੇ ਲਈ ਜੇ 1006 ਕਿਸਮ ਦੀ ਸਿਫਾਰਸ਼ ਕੀਤੀ ਗਈ ਹੈ। ਜੇਕਰ ਇਸ ਦਾ ਬੀਜ ਨਾ ਮਿਲੇ ਤਾਂ ਪ੍ਰਭਾਤ, ਕੇਸਰੀ ਅਤੇ ਮੇਘਾ ਕਿਸਮਾਂ ਨੂੰ ਬੀਜਿਆ ਜਾ ਸਕਦਾ ਹੈ। ਇਕ ਏਕੜ ਵਿੱਚ 30 ਕਿਲੋ ਬੀਜ ਪਾਵੋ। ਬਾਜਰੇ ਦੀ ਬਿਜਾਈ ਵੀ ਚਾਰੇ ਲਈ ਕੀਤੀ ਜਾ ਸਕਦੀ ਹੈ। ਪੀ.ਐਚ.ਬੀ.ਐਫ.-1, ਪੀ.ਸੀ.ਬੀ.-164, ਐਫ.ਬੀ.ਸੀ.-16 ਕਿਸਮਾਂ ਦੀ ਬਿਜਾਈ ਕੀਤੀ ਜਾ ਸਕਦੀ ਹੈ। ਇਕ ਏਕੜ ਵਿੱਚ ਸੱਤ ਕਿਲੋ ਬੀਜ ਪਾਵੋ। ਬੀਜਣ ਤੋਂ ਪਹਿਲਾਂ ਬੀਜ ਨੂੰ ਤਿੰਨ ਗ੍ਰਾਮ ਐਗਰੋਜ਼ਿਮ 50 ਡਬਲਿਊ.ਪੀ.+ਥੀਰਮ (1:1) ਜਾਂ ਐਗਰੋਜ਼ਿਮ+ਕੈਪਟਾਨ (1:1) ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਵੋ। ਗੁਆਰੇ ਦੀ ਕਾਸ਼ਤ ਵੀ ਹੁਣ ਕੀਤੀ ਜਾ ਸਕਦੀ ਹੈ। ਗੁਆਰਾ 80 ਕਿਸਮ ਦੀ ਸਿਫਾਰਸ਼ ਕੀਤੀ ਗਈ ਹੈ। ਇਕ ਏਕੜ ਵਿੱਚ 20 ਕਿਲੋ ਬੀਜ ਵਰਤੋ। ਜੇਕਰ ਚਾਰਾ ਫਾਲਤੂ ਹੈ ਤਾਂ ਉਸ ਨੂੰ ਸੁਕਾ ਕੇ ਰੱਖ ਲੈਣਾ ਚਾਹੀਦਾ ਹੈ। ਸਰਦੀਆਂ ਵਿੱਚ ਬਰਸੀਮ ਨਾਲ ਰਲਾ ਕੇ ਵਰਤਿਆ ਜਾ ਸਕਦਾ ਹੈ। ਚਾਰੇ ਦਾ ਅਚਾਰ ਵੀ ਬਣਾਇਆ ਜਾ ਸਕਦਾ ਹੈ ਜਿਹੜਾ ਘਾਟ ਦੇ ਦਿਨਾਂ ਵਿੱਚ ਵਰਤਿਆ ਜਾ ਸਕਦਾ ਹੈ। ਮੱਕੀ, ਚਰ੍ਹੀ, ਬਾਜਰਾ, ਮੱਕਚਰੀ ਤੇ ਗਿੰਨੀ ਘਾਹ ਦਾ ਵਧੀਆ ਅਚਾਰ ਬਣਦਾ ਹੈ। ਪਸ਼ੂਆਂ ਨੂੰ ਚਾਰੇ ਦੀ ਘਾਟ ਨਹੀਂ ਆਉਣੀ ਚਾਹੀਦੀ ਤਾਂ ਜੋ ਦੁੱਧ ਪੂਰਾ ਮਿਲਦਾ ਰਹਿ ਸਕੇ।
ਮੱਕੀ ਦੀ ਕਾਸ਼ਤ: ਮਾਹਿਰਾਂ ਦਾ ਇਹ ਮੰਨਣਾ ਹੈ ਕਿ ਜੇਕਰ ਮੱਕੀ ਦੀ ਬਿਜਾਈ ਅਗਸਤ ਦੇ ਦੂਜੇ ਪੰਦਰਵਾੜੇ ਕੀਤੀ ਜਾਵੇ ਤਾਂ ਝਾੜ ਵੱਧ ਪ੍ਰਾਪਤ ਹੁੰਦਾ ਹੈ। ਇਸ ਬਿਜਾਈ ਉੱਤੇ ਕੀੜਿਆਂ ਦਾ ਹਮਲਾ ਵੀ ਘਟ ਹੀ ਹੁੰਦਾ ਹੈ। ਜੇਕਰ ਖੇਤ ਛੇਤੀ ਵਿਹਲੇ ਕਰਨੇ ਹਨ ਤਾਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਪੀ.ਐਮ.ਐਚ.-2 ਜਾਂ ਜੇ.ਐਚ.-3459 ਬੀਜੋ। ਇਹ 100 ਦਿਨਾਂ ਵਿੱਚ ਪੱਕ ਜਾਂਦੀਆਂ ਹਨ। ਸਭ ਤੋਂ ਵੱਧ ਝਾੜ ਦੇਣ ਵਾਲੀ ਕਿਸਮ ਪੀ.ਐਮ.ਐਚ.-1 ਦੀ ਬਿਜਾਈ ਕਰੋ। ਇਹ ਪੱਕਣ ਵਿੱਚ 115 ਦਿਨ ਲੈਂਦੀ ਹੈ ਅਤੇ 21 ਕੁਇੰਟਲ ਪ੍ਰਤੀ ਏਕੜ ਝਾੜ ਪ੍ਰਾਪਤ ਹੋ ਜਾਂਦਾ ਹੈ। ਪ੍ਰਭਾਤ ਅਤੇ ਕੇਸਰੀ ਕਿਸਮਾਂ ਦੀ ਬਿਜਾਈ ਵੀ ਕੀਤੀ ਜਾ ਸਕਦੀ ਹੈ। ਪੱਕਣ ਸਮੇਂ ਮੌਸਮ ਠੰਢਾ ਹੋਣ ਕਰਕੇ ਇਹ ਪੱਕਣ ਵਿੱਚ ਵਧੇਰੇ ਸਮਾਂ ਲੈਂਦੀਆਂ ਹਨ। ਇਕ ਏਕੜ ਵਿੱਚ ਅੱਠ ਕਿਲੋ ਬੀਜ ਪਾਵੋ। ਬੀਜਣ ਤੋਂ ਪਹਿਲਾਂ ਬੀਜ ਨੂੰ ਬਾਵਿਸਟਨ ਜਾਂ ਡੈਰੋਸਲ ਜਾਂ ਐਗਰੋਜ਼ਿਮ 50 ਡਬਲਿਊ.ਪੀ. ਜ਼ਹਿਰ ਨਾਲ ਸੋਧੋ। ਇਕ ਕਿਲੋ ਬੀਜ ਲਈ ਤਿੰਨ ਗ੍ਰਾਮ ਜ਼ਹਿਰ ਵਰਤੋਂ। ਬਿਜਾਈ ਚੰਗੀ ਤਰ੍ਹਾਂ ਤਿਆਰ ਕੀਤੇ ਖੇਤ ਵਿੱਚ ਕਰੋ। ਜੇਕਰ ਬਿਜਾਈ ਵੱਟਾਂ ਉੱਤੇ ਕਰੋ ਤਾਂ ਵਧੀਆ ਰਹੇਗਾ। ਇਸ ਨਾਲ ਪਾਣੀ ਦੀ ਵਰਤੋਂ ਘਟ ਜਾਂਦੀ ਹੈ ਅਤੇ ਫਸਲ ਡਿਗਦੀ ਵੀ ਨਹੀਂ ਹੈ। ਬਿਜਾਈ ਸਮੇਂ ਕਤਾਰਾਂ ਵਿਚਕਾਰ ਫਾਸਲਾ 60 ਸੈਂਟੀਮੀਟਰ ਰੱਖੋ। ਪੀ.ਐਮ.ਐਚ.-1 ਕਿਸਮ ਦੇ ਬੂਟਿਆਂ ਵਿਚਕਾਰ ਫਾਸਲਾ 20 ਸੈ.ਮੀਟਰ ਰੱਖੋ। ਪੀ.ਐਮ.ਐਚ.-2, ਜੇ.ਐਚ.-3459 ਅਤੇ ਪ੍ਰਕਾਸ਼ ਲਈ ਇਹ ਫਾਸਲਾ 15 ਸੈ.ਮੀਟਰ ਕਰ ਦੇਵੋ। ਫਸਲ ਨੂੰ ਪਹਿਲੀ ਗੋਡੀ 15 ਦਿਨਾਂ ਪਿੱਛੋਂ ਤੇ ਦੂਜੀ ਬਿਜਾਈ ਤੋਂ ਇਕ ਮਹੀਨੇ ਪਿੱਛੋਂ ਕਰੋ। ਖੇਤ ਵਿੱਚ ਪਾਣੀ ਖੜ੍ਹਾ ਨਾ ਹੋਣ ਦੇਵੋ। ਖੇਤ ਤਿਆਰ ਕਰਦੇ ਸਮੇਂ 10 ਗੱਡੇ ਰੂੜੀ ਦੇ ਪ੍ਰਤੀ ਏਕੜ ਜ਼ਰੂਰ ਪਾਵੋ। ਮੱਕੀ ਨੂੰ ਇਕ ਕੁਇੰਟਲ ਯੂਰੀਆ ਪ੍ਰਤੀ ਏਕੜ ਪਾਵੋ। ਇਹ ਖਾਦ ਤਿੰਨ ਹਿੱਸਿਆਂ ਵਿੱਚ ਪਾਵੋ। ਪਹਿਲਾ ਹਿੱਸਾ ਬਿਜਾਈ ਸਮੇਂ, ਦੂਜਾ ਹਿੱਸਾ ਜਦੋਂ ਫਸਲ ਗੋਡੇ-ਗੋਡੇ ਹੋ ਜਾਵੇ ਅਤੇ ਤੀਜਾ ਹਿੱਸਾ ਫਸਲ ਦੇ ਨਿਸਰਨ ਸਮੇਂ ਪਾਵੋ। ਜੇਕਰ ਮੱਕੀ ਦੀ ਫਸਲ ਤੋਂ ਪਹਿਲਾਂ ਵਾਲੀ ਫਸਲ ਨੂੰ ਫ਼ਾਸਫ਼ੋਰਸ ਪਾਈ ਹੋਵੇ ਤਾਂ ਹੋਰ ਫ਼ਾਸਫ਼ੋਰਸ ਦੀ ਲੋੜ ਨਹੀਂ ਹੈ। ਨਾਈਟ੍ਰੋਜਨ ਵਾਲੀ ਖਾਦ ਲੋੜ ਤੋਂ ਵੱਧ ਨਹੀਂ ਪਾਉਣੀ ਚਾਹੀਦੀ। ਜੇਕਰ ਫਸਲ ਵਿੱਚ ਜਿੰਕ ਦੀ ਘਾਟ ਨਜ਼ਰ ਆਵੇ ਤਾਂ 10 ਕਿਲੋ ਜ਼ਿੰਕ ਸਲਫੇਟ ਹੈਪਟਾ-ਹਾਈਡਰੇਟ (21%) ਜਾਂ 6.5 ਕਿਲੋ ਜ਼ਿੰਕ ਸਲਫੇਟ ਮੋਨੋਹਾਈਡਰੇਟ (33%) ਇੰਨੀਂ ਹੀ ਮਿੱਟੀ ਵਿੱਚ ਰਲਾ ਕੇ ਕਤਾਰਾਂ ਦੇ ਨਾਲੋ-ਨਾਲ ਪਾ ਦੇਵੋ। ਗੋਡੀ ਕਰਕੇ ਮਿੱਟੀ ਵਿੱਚ ਰਲਾ ਕੇ ਮੁੜ ਪਾਣੀ ਦੇ ਦੇਵੋ।

* ਮੋਬਾਈਲ- 94170-87238


Comments Off on ਨਵੀਂ ਪੀੜ੍ਹੀ ਨੂੰ ਖੇਤਾਂ ਵੱਲ ਮੋੜਨ ਦੀ ਲੋੜ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.