ਭਾਰਤੀ ਮੂਲ ਦੇ ਸਰਜਨ ਦੀ ਕਰੋਨਾ ਵਾਇਰਸ ਕਾਰਨ ਮੌਤ !    ਸਰਬ-ਪਾਰਟੀ ਮੀਟਿੰਗ ਸੱਦਣ ਲਈ ਨਾ ਸਮਾਂ ਅਤੇ ਨਾ ਹੀ ਲੋੜ: ਕੈਪਟਨ !    ਪੰਚਾਇਤੀ ਜ਼ਮੀਨਾਂ ਦੀ ਬੋਲੀ ਸਬੰਧੀ ਪ੍ਰੋਗਰਾਮ ਉਲੀਕਣ ਦੀ ਹਦਾਇਤ !    ਵਿਸਾਖੀ ਮੌਕੇ ਧਾਰਮਿਕ ਮੁਕਾਬਲਿਆਂ ਦਾ ਐਲਾਨ !    ਬੱਬਰ ਅਕਾਲੀ ਲਹਿਰ: ਇਤਿਹਾਸਕ ਅਤੇ ਵਿਚਾਰਧਾਰਕ ਸੰਘਰਸ਼ !    ਗੌਰਵ ਦਾ ਪ੍ਰਤੀਕ ਖਾਲਸਾ ਸਾਜਨਾ ਦਿਵਸ !    1699 ਦੀ ਇਤਿਹਾਸਕ ਵਿਸਾਖੀ !    ਮੈਡੀਕਲ ਸਟੋਰ ਤੇ ਲੈਬਾਰਟਰੀਆਂ 10 ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦੇ ਹੁਕਮ !    ਸਪੁਰਦਗੀ ਨਾ ਲੈਣ ’ਤੇ ਪੁਲੀਸ ਕਰੇਗੀ ਸਸਕਾਰ !    ਆੜ੍ਹਤੀਆਂ ਵੱਲੋਂ ਸਬਜ਼ੀ ਦੇ ਬਾਈਕਾਟ ਦਾ ਐਲਾਨ !    

ਅਵਾਰਾ ਪਸ਼ੂ ਛੱਡਣ ਵਾਲਿਓ ਤੁਹਾਡਾ ਧੰਨਵਾਦ!

Posted On August - 6 - 2011

”ਨੱਕ ਨਾਲੋਂ ਪੂੰਝ ਕੇ, ਗੱਲ੍ਹਾਂ ਨਾਲ ਮਲ ਲੈਣਾ”, ਇਹ ਸਾਫ-ਸੁਥਰੇਪਣ ਦੇ ਲੱਛਣ ਨਹੀਂ, ਸਗੋਂ ਆਪਣੀ ਅਕਲ ਦਾ ਦੀਵਾਲਾ ਕੱਢਣ ਦਾ ਇਜ਼ਹਾਰ ਹੈ ਤੇ ਸਫਾਈ ਦਾ ਜਨਾਜ਼ਾ ਕੱਢਣ ਦੇ ਬਰਾਬਰ ਏ ਕਿ ਨਹੀਂ?
26 ਜੁਲਾਈ ਦੇ ਪੰਜਾਬੀ ਟ੍ਰਿਬਿਊਨ ਵਿਚ ”ਨਿੱਕੀ ਜਿਹੀ ਖਬਰ” ਜਿਸ ਵਿਚ ਰਹੱਸ ਬਹੁਤ ਵੱਡਾ ਸੀ, ਪੜ੍ਹਨ ਨੂੰ ਨਸੀਬ ਹੋਈ-
ਅਵਾਰਾ ਪਸ਼ੂ ਫੜੇ: ਚੰਡੀਗੜ੍ਹ 25 ਜੁਲਾਈ ਨਗਰ ਨਿਗਮ ਨੇ ਸ਼ਹਿਰ ‘ਚ ਅਵਾਰਾ ਪਸ਼ੂਆਂ ਨੂੰ ਫੜਨ ਲਈ ਅੱਜ ਮੁਹਿੰਮ ਚਲਾਈ। ਨਿਗਮ ਨੇ ਮਨੀਮਾਜਰਾ, ਧਨਾਸ, ਡੱਡੂਮਾਜਰਾ, ਇੰਦਰਾ ਕਲੋਨੀ, ਰਾਮ ਦਰਬਾਰ, ਸੈਕਟਰ-26, 47 ਤੇ 50 ‘ਚੋਂ ਅਵਾਰਾ ਘੁੰਮਦੇ 15 ਪਸ਼ੂ ਕਬਜ਼ੇ ‘ਚ ਲਏ।……..ਨਗਰ ਨਿਗਮ ਨੇ ਪਿਛਲੇ ਤਿੰਨ ਮਹੀਨਿਆਂ ‘ਚ 825 ਅਵਾਰਾ ਪਸ਼ੂ ਫੜੇ ਹਨ ਤੇ ਪਸ਼ੂ-ਪਾਲਕਾਂ ਨੂੰ ਪੰਜ ਲੱਖ ਛਿਆਸੀ ਹਜ਼ਾਰ ਜੁਰਮਾਨਾ ਲਾਇਆ ਗਿਆ ਪਰ ਅਸੀਂ ਕੀਹਦੀ ਮਾਂ ਨੂੰ ਮਾਸੀ ਆਖੀਏ? ਚੰਡੀਗੜ੍ਹ ਦੇ ਨੇੜੇ-ਤੇੜੇ ਦੇ ਪੰਜਾਬ ਰਾਜ ਦੇ ਖੇਤਰ, ਖਾਸਕਰ ਡੇਰਾਬਸੀ ਇਲਾਕੇ ਦੇ ਸਰਪੰਚ ਕਿਸ ‘ਤੇ ਜੁਰਮਾਨਾ ਠੋਕਣ? ਰਾਤ ਨੂੰ 9 ਵਜੇ ਤਕ ਪਿੰਡ ਵਿਚ ਇਕ ਵੀ ਅਵਾਰਾ ਪਸ਼ੂ ਨਹੀਂ ਹੁੰਦਾ, ਜਦੋਂ ਦਿਨ ਚੜ੍ਹਦਾ ਹੈ ਤਾਂ ਪੰਜ-ਸੱਤ ਵਲੈਤੀ ਵੱਛੇ, ਗਾਵਾਂ, ਸਾਨ੍ਹਾਂ ਦਾ ਮਾਰੂ ਟੋਲਾ ‘ਚੰਬਲ ਘਾਟੀ’ ਦੇ ਡਾਕੂਆਂ ਵਾਂਗ ਤਰਥੱਲੀ ਮਚਾਉਂਦਾ ਹੁੰਦਾ ਹੈ, ਮੁਬਾਰਕਪੁਰ ਕੈਂਪ ਦਾ ਵੇਚਾਰਾ ਬੁਢੜਾ ਰੱਬ ਨੂੰ ਪਿਆਰਾ ਬਣਾ ਛੱਡਿਆ। ਮੇਰੇ ਪਿੰਡ ਦਾ ਬਜ਼ੁਰਗ ਬਾਪੂ ਨਿਰੰਜਨ, ਜਵਾਲਾ ਤੇ ਦੋ-ਤਿੰਨ ਬੁੱਢੀਆਂ ਜਵਾਨ ਬੀਬੀਆਂ ਪਰੁੰਨ ਕੇ ਰੱਖ ਦਿੱਤੀਆਂ। ਪਿੰਡ ‘ਚ ਰੌਲਾ ਪਿਆ, ਸੂਝਵਾਨ ਗਰਾਮ ਪੰਚਾਇਤ ਤੁਰੰਤ ਲੋਕਾਂ ਦੇ ਸਹਿਯੋਗ ਨਾਲ ਹਰਕਤ ਵਿਚ ਆਈ, ਬਲਾਕ ਦੇ ਅਫਸਰਾਂ-ਦਫਤਰਾਂ ਵਿਚ ਦੌੜ-ਭੱਜ ਕੀਤੀ ਗਈ। ਅਫਸਰਾਂ ਨੇ ਅਰਜੋਈ ਪ੍ਰਵਾਨ ਕਰ ਲਈ। ਅਵਾਰਾ ਪਸ਼ੂਆਂ ਤੇ ‘ਮਾਰ-ਖੁੰਢ’ ਸਾਨ੍ਹਾਂ ਨੂੰ ਕਾਬੂ ਕਰਨ ਲਈ ਸਬੰਧਤ ਵਿਭਾਗ ਨੇ ਗੰਭੀਰਤਾ ਨਾਲ ਲੈਂਦਿਆਂ ਅਗਲੇ ਦਿਨ ਹੀ ਕਰਮਚਾਰੀ ਦਲ ਭੇਜਿਆ ਤੇ ਤਿੰਨ-ਚਾਰ ‘ਮਾਰ-ਖੁੰਢ’ ਸਾਨ੍ਹਾਂ ਨੂੰ ਟਰਾਲੀ ‘ਤੇ ਲੱਦ ਕੇ ਆਪਣੀ ਨਿਗਰਾਨੀ ਅਧੀਨ ਲੈ ਲਿਆ। ਲੋਕਾਂ ਦੇ ਚਿਹਰੇ ‘ਤੇ ਖੁਸ਼ੀ ਦੀ ਲਹਿਰ ਦੌੜੀ- ਸ਼ੁਕਰ ਮਨਾਇਆ ਰੱਬ ਦਾ, ਤੇ ਧੰਨਵਾਦ ਕੀਤਾ ਅਫਸਰ ਸਾਹਿਬਾਨਾਂ ਦਾ, ਹੱਕ ਵੀ ਬਣਦਾ ਸੀ।
ਬਾਬਾ ਨਿਰੰਜਨ ਤੇ ਜਵਾਲਾ ਅਜੇ ਮੰਜੇ ਤੋਂ ਨਹੀਂ ਉੱਠੇ, ਸੱਟਾਂ ਗੁੱਝੀਆਂ ਸਨ ਨਾ। ”ਪਿੰਡ ਵਸਿਆ ਵੀ ਅਜੇ ਨਹੀਂ, ਮੰਗਤੇ ਪਹਿਲੋਂ ਹੀ ਆ ਵੜੇ” ਵਾਲਾ ਭਾਣਾ ਵਰਤਿਆ। ਰਾਤ ਨੂੰ ਹੀ ਕੋਈ ‘ਲੋਕ ਸੇਵਕ’ ਫਿਰ ਭਾਣਾ ਵਰਤਾ ਗਿਆ- ਕਾਲੀਆਂ, ਚਿੱਟੀਆਂ, ਡੱਬ ਖੜੱਬੀਆਂ ਗਾਵਾਂ ਵੱਛੀਆਂ ਤੇ ਜਲਾਦਾਂ ਵਾਂਗ ਘੂਰ-ਘੂਰ ਤੱਕਣ ਵਾਲੇ ਮਾਰੂ-ਸਾਨ੍ਹਾਂ ਦਾ ਵੱਗ ਫਿਰ ਕੋਈ ਛੱਡ ਗਿਆ। ਕਾਰਸਤਾਨੀ ਕਿੰਨ੍ਹਾਂ ਵੱਲੋਂ ਕੀਤੀ ਜਾ ਰਹੀ ਹੈ? ਕੋਈ ਅਜੇ ਸ਼ਨਾਖਤ ਨਹੀਂ ਹੋਈ। ਮੇਰੇ ਪੁਆਧ ਖੇਤਰ ਦਾ ਲੋਕ ਗਾਇਕ ਅਖਾੜਿਆਂ ਦਾ ਪਿਤਾਮਾ ਆਸਾ ਰਾਮ ਬੈਦਵਾਣ ਇਕ ਬੋਲੀ ਪਾਇਆ ਕਰਦਾ ਹੁੰਦਾ ਸੀ-
ਚੋਰ ਫਸ ਗਿਆ ਪਾੜ ‘ਤੇ ਆਕੇ,
ਗਿਣ ਗਿਣ ਲੈ ਲਓ ਬਦਲੇ…
ਚੋਰ ਫਸ ਗਿਆ…………
ਇਕ ਮੁਹੰਮਦ ਸਦੀਕ ਦਾ ਗਾਇਆ ਗੀਤ ਵੀ ਚੇਤੇ ਵਿਚ ਆਇਆ-
ਤੇਰੇ ਗਿਣ-ਗਿਣ ਬਦਲੇ ਲਊਂ…
ਪਿਆਰਿਓ! ਸਾਡੇ ਇਲਾਕੇ ‘ਚ ਰਾਤ-ਬਰਾਤੇ ਅਵਾਰਾ ਪਸ਼ੂ ਛੱਡਣ ਵਾਲਿਓ ਇਸ ਨੂੰ ਧਮਕੀ ਸਮਝ ਕੇ ਡਰ ਨਾ ਜਾਣਾ। ਇਹ ਤਾਂ ਪਿਆਰ ਨਾਲ ਕੀਤੀ ਗਈ ਟਕੋਰ ਹੈ। ਉਂਜ ਲੋਕਾਂ ਵਿਚ ‘ਅਜਿਹੇ ਲੋਕਾਂ’ ਪ੍ਰਤੀ ਗੁੱਸਾ ਜ਼ਰੂਰ ਹੈ। ਉਸ ਤੋਂ ਮੈਂ ਮੁਨਕਰ ਨਹੀਂ ਹੋ ਸਕਦਾ-
ਆਵਾਜ਼ੇ-ਖਲਕਤ, ਨਗਾਰ-ਏ-ਖੁਦਾਅ…
ਰੱਬ ਖ਼ੈਰ ਕਰੇ…ਤੇ ਸਭ ਨੂੰ ਸੁਮੱਤ ਬਖਸ਼ੇ।
ਲੋਕ ਹਿਤਾਂ ਦੇ ਸਨਮੁਖ ਇਹੋ ਹੀ ਅਰਦਾਸ ਕਰਦੇ ਹਾਂ। ਮੱਕਿਓਂ ਪਰੇ…ਉਜਾੜ…। ਤੇ ਸਰਕਾਰ ਵੀ ਕੋਈ ਲੰਮੇ ਸਮੇਂ ਦਾ ਐਕਸ਼ਨ ਪਲਾਨ ਤਿਆਰ ਕਰੇ।

-ਗਿਆਨੀ ਧਰਮ ਸਿੰਘ ਭੰਖਰਪੁਰ


Comments Off on ਅਵਾਰਾ ਪਸ਼ੂ ਛੱਡਣ ਵਾਲਿਓ ਤੁਹਾਡਾ ਧੰਨਵਾਦ!
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.