ਮੁਕਾਬਲੇ ਵਿੱਚ ਜੈਸ਼-ਏ-ਮੁਹੰਮਦ ਦਾ ਕਮਾਂਡਰ ਹਲਾਕ !    ਤੁਰਕੀ ਬੰਬ ਹਮਲੇ ’ਚ ਪੰਜ ਹਲਾਕ !    ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਵਿਹਲੇ ਸਮੇਂ ਕਿਤਾਬਾਂ ਪੜ੍ਹਨਾ ਉੱਤਮ ਰੁਝੇਵਾਂ !    ਪੁਣੇ ’ਚ ਅੱਠ ਦੀ ਮੌਤ, ਮ੍ਰਿਤਕਾਂ ਦੀ ਗਿਣਤੀ 16 ਹੋਈ !    ਵਿਦਿਆਰਥੀਆਂ ’ਚ ਮੁਕਾਬਲੇ ਦੀ ਭਾਵਨਾ ਪੈਦਾ ਕਰਨੀ ਜ਼ਰੂਰੀ !    ਕਰੋਨਾ ਬਨਾਮ ਸਾਡਾ ਨਿੱਘਰ ਰਿਹਾ ਸਮਾਜਿਕ ਢਾਂਚਾ !    ਸੁਲਤਾਨਪੁਰ ਲੋਧੀ ਹਸਪਤਾਲ ’ਚੋਂ ਸਰਕਾਰ ਨੇ ਵੈਂਟੀਲੇਟਰ ‘ਚੁੱਕੇ’ !    ਜਹਾਂਗੀਰ ਵਾਸੀਆਂ ਦੀ ਪਹਿਲਕਦਮੀ: ਆਪਣਿਆਂ ਵੱਲੋਂ ਨਕਾਰਿਆਂ ਦੀ ਅਰਥੀ ਨੂੰ ਦੇਣਗੇ ਮੋਢਾ !    ਪਰਵਾਸੀ ਔਰਤ ਦੇ ਸਸਕਾਰ ਲਈ ਸ਼ਮਸ਼ਾਨ ਦੇ ਬੂਹੇ ਕੀਤੇ ਬੰਦ !    

65 ਸਾਲਾ ਚੰਦ ਸਿੰਘ ਅੱਜ ਵੀ ਬਲਦਾਂ ਨਾਲ ਹਲ ਵਾਹੁੰਦੈ

Posted On July - 23 - 2011

ਪਿੰਡ ਜੰਡ ਵਾਲਾ (ਫਰੀਦਕੋਟ) ਦਾ ਕਿਸਾਨ 65 ਸਾਲਾ ਚੰਦ ਸਿੰਘ ਬਲਦਾਂ ਨਾਲ ਹਲ ਵਾਹੁੰਦਾ ਹੋਇਆ (ਫੋਟੋ: ਚੌਹਾਨ)

ਅੱਜ ਪੰਜਾਬ ਦਾ ਸ਼ਾਇਦ ਹੀ ਕੋਈ ਅਜਿਹਾ ਪਿੰਡ ਰਹਿ ਗਿਆ ਹੋਵੇ ਜਿੱਥੇ ਕੋਈ ਕਿਸਾਨ ਬਲਦਾਂ ਨਾਲ ਹੱਲ ਵਾਹ ਕੇ ਖੇਤੀ ਕਰਦਾ ਹੋਵੇ, ਪਰ ਜ਼ਿਲ੍ਹਾ ਫਰੀਦਕੋਟ ਦਾ ਇਕ ਅਜਿਹਾ ਪਿੰਡ ਜੰਡ ਵਾਲਾ ਨੇੜੇ ਸਾਦਿਕ ਹੈ ਜਿੱਥੇ ਅਜੇ ਵੀ 65 ਸਾਲ ਦੀ ਉਮਰ ਨੂੰ ਢੁੱਕਿਆ ਚੰਦ ਸਿੰਘ ਪੁੱਤਰ ਅਰਜਨ ਸਿੰਘ 7 ਏਕੜ ਜ਼ਮੀਨ ਦੀ ਬੱਲਦਾਂ ਦਾ ਹੱਲ ਵਾਹ ਕੇ ਖੇਤੀ ਕਰਦਾ ਹੈ। ਇਹ ਉਸ ਦਾ ਸ਼ੌਕ ਨਹੀਂ ਮਜ਼ਬੂਰੀ ਹੈ ਅਤੇ ਇਹ ਮਜਬੂਰੀ ਹੈ ਗਰੀਬੀ, ਜਿਸ ਦਾ ਉਹ ਦ੍ਰਿੜਤਾ ਨਾਲ ਮੁਕਾਬਲਾ ਕਰ ਰਿਹਾ ਹੈ। ਇਸ ਇਲਾਕੇ ਵਿਚ ਪਿਛਲੇ 30-35 ਸਾਲ ਤੋਂ ਝੋਨੇ ਕਣਕ ਦੀ ਖੇਤੀ ਹੋ ਰਹੀ ਹੈ। ਚੰਦ ਸਿੰਘ ਦੇ ਖੇਤ ਦੇ ਆਲੇ ਦੁਆਲੇ ਵੀ ਕਿਸਾਨ ਝੋਨਾ ਲਗਾਉਂਦੇ ਹਨ। ਇਸ ਸਾਰੇ ਪਿੰਡ ‘ਚੋਂ ਚੰਦ ਸਿੰਘ ਦੇ ਖੇਤ ਵਿਚ ਝੋਨਾ ਨਹੀਂ ਲੱਗਦਾ,ਇਸ ਦਾ ਕਾਰਨ ਉਸ ਦੀ ਜ਼ਮੀਨ ਦਾ ਉੱਚੀ ਤੇ ਰੇਤਲੀ ਹੋਣਾ ਹੈ ਜਿਸ ਕਾਰਨ ਨਹਿਰੀ ਪਾਣੀ ਨਾਲ ਸਿੰਜਾਈ ਨਹੀਂ ਹੁੰਦੀ। ਉਸ ਨੇ ਟਿਊਬਵੈੱਲ ਲਗਾਇਆ ਹੋਇਆ ਹੈ ਜਿਸ ਨੂੰ ਮਹਿੰਗੇ ਭਾਅ ਦਾ ਡੀਜ਼ਲ ਬਾਲ ਕੇ ਕੁੱਝ ਖੇਤਾਂ ਵਿਚ ਪਸ਼ੂਆਂ ਲਈ ਚਾਰਾ ਤਿਆਰ ਕਰਦਾ ਹੈ ਅਤੇ ਬਾਕੀ ਨਰਮਾ ਅਤੇ ਮੂੰਗੀ ਬੀਜਦਾ ਹੈ ਜੋ ਕਦੇ ਚਾਰ ਪੈਸੇ ਛੱਡ ਜਾਂਦੀ ਹੈ ਅਤੇ ਕਦੇ ਘਾਟਾ ਵੀ ਦੇ ਜਾਂਦੀ ਹੈ।
ਚੰਦ ਸਿੰਘ ਨੇ ਦੱਸਿਆ ਕਿ 1976 ਵਿਚ ਉਹਦਾ ਮੋਟਰ ਦਾ ਕੁਨੈਕਸ਼ਨ ਨਿਕਲਿਆ ਸੀ ਪਰ ਗਰੀਬੀ ਕਾਰਨ ਉਹ ਕੁਨੈਕਸ਼ਨ ਚਾਲੂ ਨਹੀਂ ਕਰਵਾ ਸਕਿਆ। ਫੇਰ ਉਸ ਨੇ 26-4-1990 ਵਿਚ ਹੋਰ ਅਰਜ਼ੀ ਦਿੱਤੀ ਜਿਸ ਦਾ ਹੁਣ 20 ਸਾਲਾਂ ਬਾਅਦ ਡੀਮਾਂਡ ਨੋਟਿਸ ਆਇਆ ਹੈ ਅਤੇ ਐਸਟੀਮੇਟ ਵੀ ਲੱਗ ਚੁੱਕਾ ਹੈ ਪਰ ਅੱਗੇ ਫੇਰ ਕੋਈ ਕਾਰਵਾਈ ਨਹੀਂ ਹੋਈ।
ਉਸ ਨੇ ਕਿਹਾ ਕਿ ਜੇ ਮੇਰੇ ਮੋਟਰ ਲੱਗ ਜਾਵੇ ਤਾਂ ਮੈਂ ਵੀ ਝੋਨਾ ਲਗਾ ਕੇ ਚੰਗੀ ਆਮਦਨ ਲੈ ਕੇ ਪੈਰਾਂ ਸਿਰ ਹੋ ਸਕਦਾ ਹਾਂ। ਚੰਦ ਸਿੰਘ ਸਵੇਰੇ 7 ਵਜੇ ਬਲਦਾਂ ਦਾ ਹਲ ਜੋੜਦਾ ਹੈ ਅਤੇ 1 ਵਜੇ ਤੱਕ ਲਗਾਤਾਰ 6 ਘੰਟੇ ਵਾਹੁੰਦਾ ਹੈ। ਉਸ ਨੇ 6-7 ਮੱਝਾਂ ਵੀ ਰੱਖੀਆਂ ਹੋਈਆਂ ਹਨ,ਜਿਨ੍ਹਾਂ ਲਈ ਉਹ ਜੋਤਾ ਲਾ ਕੇ ਗੱਡੀ ਪੱਠਿਆਂ ਦੀ ਵੱਢਦਾ ਹੈ ਅਤੇ ਫੇਰ ਦੁਪਹਿਰਾ ਕੱਟ ਕੇ ਉਸ ਨੂੰ ਹੱਥਾਂ ਵਾਲੇ ਟੋਕੇ ਨਾਲ ਕੁਤਰਾ ਕਰਦਾ ਹੈ। ਉਹ ਆਪਣੇ ਬਲਦਾਂ ਨੂੰ ਪੁੱਤਾਂ ਵਾਂਗ ਪਿਆਰ ਕਰਦਾ ਹੈ ਅਤੇ ਉਸ ਨੇ ਇਕ ਦਾ ਨਾਂ ਗੋਰਾ ਅਤੇ ਇਕ ਦਾ ਨਾਂ ਕਾਲਾ ਰੱਖਿਆ ਹੋਇਆ ਹੈ।
ਚੰਦ ਸਿੰਘ ਨੇ ਦੱਸਿਆ ਕਿ ਉਹ 1961 ਤੋਂ ਪਸ਼ੂਆਂ ਨਾਲ ਹਲ ਵਾਹਕੇ ਖੇਤੀ ਕਰਦਾ ਆ ਰਿਹਾ ਹੈ। ਉਸ ਨੇ ਊਠ ਦਾ ਹਲ ਵੀ ਵਾਹਿਆ ਹੈ ਪਰ ਹੁਣ ਊਠ ਲਈ ਖੁਸ਼ਕ ਚਾਰਾ ਨਹੀਂ ਮਿਲਦਾ ਜਿਸ ਕਰਕੇ ਬਲਦ ਰੱਖੇ ਹਨ। ਨਾਲੇ ਇਕ ਬਲਦ ਪੱਠੇ ਢੋਣ ਲਈ ਰੱਖਣਾ ਹੁੰਦਾ ਹੈ ਨਾਲ ਇਕ ਹੋਰ ਰੱਖ ਲਿਆ। ਉਸਨੇ ਦੱਸਿਆ ਕਿ ਪਹਿਲਾਂ ਦੇਸੀ ਨਗੌਰੀ ਬਲਦ ਹੁੰਦੇ ਸੀ ਜੋ ਗਰਮੀ ਘੱਟ ਮੰਨਦੇ ਸੀ ਹੁਣ ਇਹ ਦੋਗਲੀ ਕਿਸਮ ਦੇ ਬਲਦ ਗਰਮੀਂ ਜਿਆਦਾ ਮੰਨਦੇ ਹਨ ਅਤੇ ਧੁੱਪ ਚੜ੍ਹੀ ਤੋਂ ਹੌਂਕਣ ਲੱਗ ਪੈਂਦੇ ਹਨ,ਜ਼ਿਆਦਾ ਦੇਰ ਹਲ ਨਹੀਂ ਖਿੱਚਦੇ। ਆਪਣੀ ਖਾਧ ਖੁਰਾਕ ਬਾਰੇ ਉਸ ਨੇ ਦੱਸਿਆ ਕਿ ਖਾਧ ਖੁਰਾਕ ਆਮ ਹੀ ਹੈ ਅਤੇ ਅਜੇ ਤੱਕ ਉਸਨੂੰ ਕੋਈ ਬੀਮਾਰੀ ਨਹੀਂ। ਇਹ ਪੁੱਛਣ ‘ਤੇ ਕਿ ਅੱਗੇ ਉਸ ਦੇ ਪੁੱਤ ਪੋਤਰੇ ਵੀ ਬਲਦਾਂ ਨਾਲ ਹਲ ਵਾਹੁਣਾ ਸਿੱਖੇ ਹਨ ਕਿ ਨਹੀਂ ਤਾਂ ਉਸ ਦਾ ਉੱਤਰ ਨਾਂਹ ਵਿਚ ਸੀ। ਉਸ ਨੇ ਕਿਹਾ ਕਿ ਆਉਣ ਵਾਲੇ ਸਮੇਂ ‘ਚ ਤਾਂ ਅਗਲੀਆਂ ਪੀੜ੍ਹੀਆਂ ਨੂੰ ਇਹ ਪਤਾ ਨਹੀਂ ਹੋਣਾ ਕਿ ਪੰਜਾਲੀ,ਹਰਨਾੜੀ,ਅਰਲੀ,ਮੁਹਾਰ ਕੀ ਚੀਜ਼ਾਂ ਹੁੰਦੀਆਂ ਸਨ। ਉਸਨੇ ਦੱਸਿਆ ਕਿ ਉਹ ਤਾਂ ਇਹ ਕਹਿੰਦੇ ਹਨ ਕਿ ਚਾਰ ਕਨਾਲਾਂ ਵੇਚ ਕੇ ਟਰੈਕਟਰ ਲੈ ਲਈਏ ਪਰ ਜ਼ਮੀਨ ਜੱਟ ਦੀ ਮਾਂ ਹੁੰਦੀ ਹੈ ਮੈਂ ਤਾਂ ਜਿਉਂਦੇ ਜੀਅ ਅਜਿਹਾ ਨਹੀਂ ਕਰ ਸਕਦਾ।

-ਗੁਰਭੇਜ ਸਿੰਘ ਚੌਹਾਨ
* ਮੋਬਾਈਲ: 98143 06545


Comments Off on 65 ਸਾਲਾ ਚੰਦ ਸਿੰਘ ਅੱਜ ਵੀ ਬਲਦਾਂ ਨਾਲ ਹਲ ਵਾਹੁੰਦੈ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.