ਭਾਰਤੀ ਮੂਲ ਦੇ ਸਰਜਨ ਦੀ ਕਰੋਨਾ ਵਾਇਰਸ ਕਾਰਨ ਮੌਤ !    ਸਰਬ-ਪਾਰਟੀ ਮੀਟਿੰਗ ਸੱਦਣ ਲਈ ਨਾ ਸਮਾਂ ਅਤੇ ਨਾ ਹੀ ਲੋੜ: ਕੈਪਟਨ !    ਪੰਚਾਇਤੀ ਜ਼ਮੀਨਾਂ ਦੀ ਬੋਲੀ ਸਬੰਧੀ ਪ੍ਰੋਗਰਾਮ ਉਲੀਕਣ ਦੀ ਹਦਾਇਤ !    ਵਿਸਾਖੀ ਮੌਕੇ ਧਾਰਮਿਕ ਮੁਕਾਬਲਿਆਂ ਦਾ ਐਲਾਨ !    ਬੱਬਰ ਅਕਾਲੀ ਲਹਿਰ: ਇਤਿਹਾਸਕ ਅਤੇ ਵਿਚਾਰਧਾਰਕ ਸੰਘਰਸ਼ !    ਗੌਰਵ ਦਾ ਪ੍ਰਤੀਕ ਖਾਲਸਾ ਸਾਜਨਾ ਦਿਵਸ !    1699 ਦੀ ਇਤਿਹਾਸਕ ਵਿਸਾਖੀ !    ਮੈਡੀਕਲ ਸਟੋਰ ਤੇ ਲੈਬਾਰਟਰੀਆਂ 10 ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦੇ ਹੁਕਮ !    ਸਪੁਰਦਗੀ ਨਾ ਲੈਣ ’ਤੇ ਪੁਲੀਸ ਕਰੇਗੀ ਸਸਕਾਰ !    ਆੜ੍ਹਤੀਆਂ ਵੱਲੋਂ ਸਬਜ਼ੀ ਦੇ ਬਾਈਕਾਟ ਦਾ ਐਲਾਨ !    

ਹੁਣ ਬੀ.ਟੀ. ਨਰਮਾ ਕਰੂ ਜੱਟਾਂ ਨੂੰ ਸਾਧ

Posted On July - 16 - 2011

ਗੁਰਦੀਪ ਸਿੰਘ ਦੌਲਾ

ਜੱਟ ਭਾਦੋਂ ਦੀ ਤਿੜਕੀ ਧੁੱਪ ਤੋਂ ਡਰਦਾ ਸਾਧ ਹੋ ਜਾਂਦਾ ਸੀ। ਭਾਦੋਂ ਮਹੀਨੇ ਦੀ ਹੁੰਮਸ ਭਰੀ ਗਰਮੀ ਤੇ ਫਸਲ ਦਾ ਤਾਅ ਉਸ ਨੂੰ ਸਾਧਾਂ ਦੇ ਡੇਰੇ ਜਾਣ ਲਈ ਮਜਬੂਰ ਕਰ ਦਿੰਦਾ ਸੀ। ਲੱਗਦੈ, ਜਿਵੇਂ ਹੁਣ ਬੀ.ਟੀ. ਨਰਮਾ ਜੱਟ ਨੂੰ ਭਗਵੇਂ ਭੇਸ ਧਾਰਨ ਕਰਨ ਲਈ ਮਜਬੂਰ ਕਰ ਦੇਵੇਗਾ। ਪਹਿਲਾਂ ਨਰਮੇ-ਕਪਾਹ ਦੇ ਆਮ ਬੀਜ ਸਨ। ਇਕ ਕਿੱਲੇ ‘ਚ ਦਸ ਕਿਲੋ ਬੀਜ ਬੀਜਣ ‘ਤੇ ਨਰਮਾ ਧਾਰਾਂ ਵਾਂਗ ਪੁੰਗਰਦਾ ਸੀ। ਇਸ ਨੂੰ ਬਾਅਦ ‘ਚ ਵਿਰਲਾ ਕਰਨਾ ਪੈਂਦਾ ਸੀ। ਅੱਸੀਵੇਂ ਦੇ ਦਹਾਕੇ ਦੌਰਾਨ ਨਰਮੇ ਦੀ ਫਸਲ ‘ਤੇ ਅਮਰੀਕਨ ਸੁੰਡੀ ਨੇ ਵਾਰ-ਵਾਰ ਧਾਵਾ ਬੋਲਿਆ ਤਾਂ ਨਰਮਾ ਪੱਟੀ ਦੇ ਕਿਸਾਨਾਂ ਦੀ ਕਮਰ ਤੋੜ ਦਿੱਤੀ। ਸੁੰਡੀ ਦਾ ਮੁਕਾਬਲਾ ਕਰਨ ਲਈ ਕਿਸਾਨਾਂ ਨੇ ਦਿਨ ‘ਚ ਦੋ-ਦੋ ਵਾਰ ਕੀਟਨਾਸ਼ਕਾਂ ਦਾ ਛਿੜਕਾ ਕੀਤਾ। ਅਲੱਗ-ਅਲੱਗ ਤਾਸੀਰਾਂ ਵਾਲੇ ਜ਼ਹਿਰਾਂ ਦਾ ਰਲੇਵਾ ਕਰਕੇ ਛਿੜਕਾਓ ਕੀਤਾ। ਅਮਰੀਕਨ ਸੁੰਡੀ ‘ਤੇ ਹੋਰ ਦੁਸ਼ਮਣ ਕੀਟਾਂ ਦੀ ਸਹਿਣ ਸ਼ਕਤੀ ਐਨੀ ਵੱਧ ਚੁੱਕੀ ਸੀ ਕਿ ਕੀਟਨਾਸ਼ਕ ਸੁੰਡੀ ਨੂੰ ਖੁਰਾਕ ਵਾਂਗ ਲੱਗਦੇ ਸਨ। ਕਿਸਾਨਾਂ ਨੂੰ ਨਰਮੇ ਦੀਆ ਦੇਸੀ ਕਿਸਮਾਂ ਛੱਡ ਕੇ ਨਰਮੇ ਦੇ ਬੀ.ਟੀ. ਕਿਸਮ ਦੇ ਬੀਜਾਂ ਵੱਲ ਮੁੜਨਾ ਪਿਆ। ਇਕ ਸਮਾਂ ਸੀ ਜਦੋਂ ਨਰਮੇ ਦੀ ਭਰਵੀਂ ਫਸਲ ਹੋਣ ਕਰਕੇ ਕਪਾਹ-ਪੱਟੀ ਦੇ ਕਿਸਾਨਾਂ ਦੀ ਆਰਥਿਕਤਾ ਬਹੁਤ ਖੁਸ਼ਹਾਲ ਹੁੰਦੀ ਸੀ। ਉਦੋਂ ਮਾਲਵਾ ਖੇਤਰ ਦਾ ਕੋਈ ਵੀ ਜੱਟ ਜ਼ਿੰਮੀਦਾਰ ਆਪਣੇ ਪੁੱਤ ਨੂੰ ਨਿੱਕੀ-ਮੋਟੀ ਸਰਕਾਰੀ ਨੌਕਰੀ ਲਈ ਭੇਜਣ ਲਈ ਤਿਆਰ ਨਹੀਂ ਹੁੰਦਾ ਸੀ। ਨਰਮਾ ਪੰਜਾਬੀ ਲੋਕ ਗੀਤਾਂ ‘ਚ ਵੀ ਸ਼ੁਮਾਰ ਹੁੰਦਾ ਸੀ।
ਇਕ ਗੀਤ ਦੇ ਬੋਲ ਸਨ:
ਚਿੱਟੀਆਂ ਕਪਾਹ ਦੀ ਫੁੱਟੀਆਂ
ਹਾੜਾ ਵੇ ਪੱਤ ਹਰੇ ਹਰੇ।
ਆਖ ਨੀ ਨਣਾਨੇ ਤੇਰੇ ਵੀਰ ਨੂੰ
ਕਦੇ ਤਾਂ ਭੈੜਾ ਹੱਸਿਆ ਕਰੇ।
ਹੁਣ ਮਾਲਵਾ ਦੀ ਕਪਾਹ ਪੱਟੀ ‘ਤੇ ਸੌ ਫੀਸਦੀ ਬੀ.ਟੀ. ਕਾਟਨ ਦੀ ਬਿਜਾਈ ਕੀਤੀ ਜਾ ਰਹੀ ਹੈ। ਆਧੁਨਿਕ ਜੈਵਿਕ-ਤਕਨੀਕ ਨਾਲ ਨਰਮੇ ਦੇ ਪੌਦੇ ‘ਚ ਨਵੇਂ ਜੀਨਜ਼ ਦਾ ਸੰਚਾਰਨ ਕੀਤਾ ਜਾਂਦਾ ਹੈ ਜਿਸ ਕਾਰਨ ਪੌਦੇ ਦੇ ਅਨੁਵੰਸ਼ਕ ਗੁਣ ਤਬਦੀਲ ਹੋ ਜਾਂਦੇ ਹਨ ਇਸ ਤਰ੍ਹਾਂ ਨਰਮੇ ਦਾ ਬੀ.ਟੀ. ਪੌਦਾ ਬਹੁ-ਗਿਣਤੀ ਦੁਸ਼ਮਣ ਕੀਟ-ਮਕੌੜਿਆਂ ਵਿਰੁੱਧ ਸਹਿਣ ਸ਼ਕਤੀ ਪੈਦਾ ਕਰ ਲੈਂਦਾ ਹੈ। ਇਸੇ ਤਰ੍ਹਾਂ ਬੀ.ਟੀ. ਤਕਨੀਕ ਵਿਕਸਤ ਪੌਦੇ ਕੀਟਾਂ ‘ਤੇ ਪ੍ਰਤੀਕੂਲ ਪ੍ਰਭਾਵ ਪਾਉਂਦੇ ਹਨ। ਬੀ.ਟੀ. ਨਰਮੇ ਨਾਲ ਕਿਸਾਨਾਂ ਨੂੰ ਰਾਹਤ ਜ਼ਰੂਰ ਮਿਲੀ ਹੈ। ਪਰ ਬੀਜ ਦੀ ਕੀਮਤ ਨੇ ਉਨ੍ਹਾਂ ਦੀ ਜੇਬ ਢਿੱਲੀ ਕਰ ਦਿੱਤੀ ਹੈ। ਕਿਸਾਨ ਪੈਸੇ ਚੁੱਕੀ ਫਿਰਦੇ ਨੇ ਪਰ ਪਸੰਦ ਦਾ ਬੀਜ ਉਪਲਬੱਧ ਨਹੀਂ ਹੁੰਦਾ। ਕਣਕ ਦੀ ਬਿਜਾਈ ਕਰਕੇ ਮਾਲਵਾ ਖੇਤਰ ਦੇ ਕਿਸਾਨ ਹੁਣ ਗੁਜਰਾਤ ਤੇ ਮਹਾਂਰਾਟਰ ਵੱਲ ਬੀ.ਟੀ. ਨਰਮੇ ਦਾ ਬੀਜ ਲੈਣ ਲਈ ਚਾਲੇ ਪਾ ਲੈਂਦੇ ਨੇ।
ਜਿਵੇਂ ਵੀ ਹੋ ਸਕੇ ਬੀ.ਟੀ. ਬੀਜ ਦਾ ਪ੍ਰਬੰਧ ਕਰਨਾ ਪੈਂਦਾ। ਪੈਕਟ ‘ਚ ਗਿਣਵੇਂ ਬੀਜ ਹੁੰਦੇ ਨੇ। ਨਰਮਾ ਬਿਜਾਈ ਮਸ਼ੀਨ ਨਾਲ ਓੜੇ ਮਾਰ ਕੇ ਬੀਜ ਚੂੰਡੀਆਂ ਨਾਲ ਬੀਜਣ ‘ਤੇ ਮਸਾਂ ਪੂਰੇ ਆਉਂਦੇ ਹਨ। ਜੇ ਬਿਜਾਈ ਮਸ਼ੀਨ ਨਾਲ ਕਰੋ ਤਾਂ ਬੀਜ ਦੇ ਦੋ ਪੈਕਟ ਖਪਤ ਹੁੰਦੇ ਹਨ। ਉਤੋਂ ਹੱਥ ਵੈਰੀ ਬਣ ਜਾਂਦੈ। ਨਰਮਾ ਬੀਜਣ ਤੋਂ ਬਾਅਦ ਜਾਂ ਤਾਂ ਅੰਤਾਂ ਦੀ ਧੁੱਪ ਸੁੱਟ ਦਿੰਦਾ ਜਿਸ ਨਾਲ ਕੋਮਲ ਪੱਤੀਆਂ ਮੁਰਝਾ ਕੇ ਸੁੱਕ ਜਾਂਦੀਆਂ ਹਨ। ਜੇ ਧੁੱਪ ਨਾ ਹੋਵੇ ਤਾਂ ਕਣੀਆਂ ਦੀ ਮਾਰ ਪੈ ਜਾਂਦੀ ਹੈ। ਜੇਕਰ ਨਰਮਾ ਪੂੰਗਰਣ ਤੋਂ ਇਕ ਦੋ ਦਿਨ ਪਹਿਲਾਂ ਮੀਂਹ ਦੀਆਂ ਛਿੱਟਾਂ ਪੈ ਜਾਣ ਤਾਂ ਨਰਮਾ ਕਰੰਡ ਹੋ ਜਾਂਦੈ। ਸਾਧਾਰਨ ਜਿਹੇ ਸੋਟੇ ‘ਤੇ ਦੋ ਕਿੱਲ ਜੜਾ ਕੇ ਫੇਰ ਕਰੰਡ ਭੰਨੋ। ਕਣੀਆਂ ਕਾਰਨ ਸਖ਼ਤ ਹੋਈ ਮਿੱਟੀ ਦੀ ਉਪਰਲੀ ਪਰਤ ਨੂੰ ਤੋੜਨਾ ਜ਼ਰੂਰੀ ਹੁੰਦੈ। ਕਰੰਡ ‘ਚ ਆਇਆ ਨਰਮਾ ਘੱਟ ਈ ਰਾਸ ਆਉਂਦੈ। ਇੰਜ ਕਰੋ ਕਿ ਜਿੰਨਾ ਔਖਾ ਪਹਿਲਣ ਝੋਟੀ ਦਾ ਸੂਆ ਹੁੰਦੈ ਓਨਾ ਕਠਿਨ ਕੰਮ ਬੀ.ਟੀ. ਨਰਮਾ ਉਗਰਾਉਣਾ ਹੈ। ਦੁਬਾਰਾ ਨਰਮੇ ਦੀ ਬਿਜਾਈ ਮਰਦੇ ਦੇ ਅੱਕ ਚੱਬਣ ਵਾਂਗੂੰ ਕਹੀ ਜਾ ਸਕਦੀ ਹੈ। ਜੇ ਨਰਮਾ ਵਿਰਲਾ ਤੇ ਕੱਦ ਘੱਟ ਕਰੇ ਤਾਂ ਇਹੀ ਕਹੇਗੀ:-
ਨਰਮਾ ਬੀਜ ਲਿਆ ਕੜਮਾ।
ਮੈਂ ਕੌਡੀ-ਕੌਡੀ ਚੁੱਗਦਾ ਫਿਰਾਂ।
ਡੱਕ-ਡੱਕ ਲਾ ਕੇ ਜੱਟ ਨਰਮਾ ਓੜਿਆਂ ‘ਚ ਦਿੱਸਣ ਲਾ ਲੈਂਦਾ। ਨਰਮੇ ਦੇ ਬੂਟੇ ਨੂੰ ਪੁੱਤਾਂ-ਧੀਆਂ ਵਾਂਗ ਪਾਲਣਾ ਪੈਂਦਾ ਹੈ। ਕਦੇ-ਕਦੇ ਘਾਹ ਜਾਂ ਹੋਰ ਨਦੀਨਾਂ ਨੂੰ ਕੱਤ ਕੇ ਵਕਤ ਕਮੀਏ ਦੀ ਚੁੰਜ ਜੇ ਬੀ.ਟੀ. ਨਰਮੇ ਦਾ ਬੂਟਾ ਕੱਟ ਦੇਵੇ ਤਾਂ ਮਨ ਨੂੰ ਠੇਸ ਜਿਹੀ ਲੱਗਦੀ ਹੈ। ਉਂਜ ਨਰਮਾ ਬੇਸ਼ਰਮ ਜਿਹੀ ਫਸਲ ਹੈ ਇਹ ਜੇਠ ਹਾੜ ਦੀਆਂ ਧੁੱਪਾਂ ਆਪਣੇ ਪਿੰਡੇ ‘ਤੇ ਹੰਢਾ ਲੈਂਦੀ ਹੈ। ਇਹ ਕਮਲਾ ਵੀ ਛੇਤੀ ਜਾਂਦਾ। ਜੇਕਰ ਜੜ੍ਹਾਂ ‘ਚ ਪਾਣੀ ਜ਼ਿਆਦਾ ਦੇਰ ਖੜ੍ਹ ਜਾਵੇ ਤਾਂ ਵੀ ਕੰਨ ਸੁੱਟ ਲੈਂਦੈ। ਜ਼ਿਆਦਾ ਗਰਮੀ ‘ਚ ਮੁਰਝਾ ਜਾਂਦੈ। ਇਹ ਨਾ ਬਹੁਤੀ ਠੰਢੀ ਹਵਾ ਭਾਲਦੈ। ਨਰਮੇ ਨੂੰ ਬੰਦਿਆਂ ਵਾਂਗੂੰ ਬਿਮਾਰੀਆਂ ਚਿੰਬੜਦੀਆਂ ਹਨ। ਨਰਮੇ ਦਾ ਇਲਾਜ ਬਹੁਤ ਮਹਿੰਗਾ ਪੈਂਦਾ ਹੈ।
ਪੰਜਾਬ ਦੀ ਮਾਲਵਾ ਪੱਟੀ ਲਈ ਨਰਮੇ ਦੀ ਫਸਲ ਚਿੱਟਾ ਸੋਨਾ ਸਾਬਤ ਹੋਈ ਹੈ। ਤਾਹੀਓਂ ਕਿਸਾਨ ਇਸ ਨੂੰ ਪੈਦਾ ਕਰਨ ਲਈ ਜਿੰਦ-ਜਾਨ ਤੱਕ ਦੀ ਬਾਜ਼ੀ ਲਾ ਦਿੰਦਾ ਹੈ। ਕਿਸਾਨ ਤੋਂ ਲੈ ਕੇ ਕੱਪੜੇ ਦੇ ਰੂਪ ‘ਚ ਦਰਜੀ ਦੇ ਹੱਥਾਂ ਪਹੁੰਚਣ ਲਈ ਇਹ ਉਤਪਾਦਨ ਕਈ ਚਰਨਾਂ ‘ਚੋਂ ਗੁਜਰਦਾ ਹੈ। ਇਹ ਫਸਲ ਅਣਗਿਣਤ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰ ਰਹੀ ਹੈ। ਪਿਛਲੇ ਚਾਰ ਪੰਜ ਵਰ੍ਹਿਆਂ ਦੌਰਾਨ ਬੀ.ਟੀ. ਨਰਮੇ ਨੇ ਕਿਸਾਨਾਂ ਦੀ ਆਰਥਿਕਤਾ ਨੂੰ ਮੁੜ ਲੀਹੇ ਪਾ ਦਿੱਤਾ ਹੈ।
ਪਿਛਲੇ ਵਰ੍ਹੇ ਨਰਮੇ ਦੇ ਝਾੜ ਅਤੇ ਭਾਅ ਨੇ ਜੱਟ ਦੇ ਵਾਰੇ-ਨਿਆਰੇ ਕਰ ਦਿੱਤੇ ਸਨ। ਬੀਜਾਂ ਤੇ ਦਵਾਈਆਂ ‘ਤੇ ਖਰਚੇ ਜਿੰਨੇ ਮਰਜੀ ਹੋ ਗਏ ਪਰ ਨੋਟਾਂ ਦੀਆਂ ਪੰਡਾਂ ਬੱਝ ਗਈਆਂ ਸਨ। ਇਸੇ ਲਈ ਕਿਸਾਨ ਜੂਨ ਦੀ ਤਪਦੀ ਧੁੱਪ ‘ਚ ਵਿਰਲਾ ‘ਚ ਡੱਕ ਲਾਉਂਦਾ ਤੇ ਮੁਰਝਾ ਰਹੇ ਬੂਟਿਆਂ ਦੀਆਂ ਜੜ੍ਹਾਂ ‘ਚ ਚੂਲੀਆਂ ਭਰ-ਭਰ ਪਾਣੀ ਦੇ ਰਿਹਾ ਹੈ।
ਕਿਸਾਨ ਪਰਿਵਾਰਾਂ ‘ਚ ਸੁਖਦਅਹਿਸਾਸ ਉਤਪੰਨ ਹੋਏ ਹਨ ਜੋ ਰਸਮ-ਰਿਵਾਜਾਂ ਤੋਂ ਝਲਕਦੇ ਹਨ।
ਬੀ.ਟੀ. ਨਰਮੇ ਨੇ ਮਾਲਵਾ ਦੇ ਕਪਾਹ ਉਤਪਾਦਨ ਖੇਤਰ ਦੇ ਕਿਸਾਨਾਂ ਵਿਚ ਆਸ ਦੀ ਨਵੀਂ ਕਿਰਨ ਜਗਾਈ ਹੈ। ਬੀ.ਟੀ. ਬੀਜ ਉਤਪੰਨ ਕਰਨ ਵਾਲੀਆਂ ਫਰਮਾਂ ਨੇ ਵੀ ਮੋਟੀ ਕਮਾਈ ਕੀਤੀ ਹੈ। ਕੀਟਨਾਸ਼ਕ ਜ਼ਹਿਰਾਂ ਦੀ ਵਿਕਰੀ ‘ਚ ਵਾਧਾ ਹੋਇਆ ਹੈ। ਅਨੇਕਾਂ ਕਿਸਮਾਂ ਦੇ ਬੀ.ਟੀ.ਬੀਜਾਂ ਨੇ ਕਿਸਾਨਾਂ ਨੂੰ ਚੱਕਰਾਂ ‘ਚ ਪਾ ਰੱਖਿਆ ਹੈ। ਕਿਸਾਨ ਵੀ ਕਈ ਵੇਰ ਇਕੋ ਕਿਸਮ ਦੇ ਮਗਰ ਹੱਥ ਧੋ ਕੇ ਪੈ ਜਾਂਦੇ ਹਨ। ਇਕ ਬੀ.ਟੀ. ਕਿਸਮ ਦੀ ਥੁੜ੍ਹ ਪੈਦਾ ਹੋ ਜਾਂਦੀ ਹੈ ਤੇ ਦੂਜੇ ਬੀ.ਟੀ. ਬਾਜ਼ਾਰ ‘ਚ ਉਪਲਬਧ ਹੁੰਦੇ ਹੋਏ ਵੀ ਕੋਈ ਖਰੀਦਦਾਰ ਨਹੀਂ ਹੁੰਦਾ। ਪੰਜਾਬ ਖੇਤੀਬਾੜੀ ਵਿਭਾਗ ਤੇ ਪੰਜਾਬ ਖੇਤੀ ਯੂਨੀਵਰਸਿਟੀ ਨੇ ਪੰਜਾਬ ਦੇ ਕਿਸਾਨਾਂ ਦੀ ਯੋਗ ਅਗਵਾਈ ਨਹੀਂ ਕੀਤੀ। ਬੀ.ਟੀ. ਬੀਜ ਲਿਆਉਣ, ਬੀਜਣ ਤੇ ਇਸ ਨੂੰ ਸਫਲ ਬਣਾਉਣ ਪਿੱਛੇ ਪੰਜਾਬ ਦੇ ਮਿਹਨਤੀ ਕਿਸਾਨਾਂ ਦਾ ਮੁੱਖ ਯੋਗਦਾਨ ਹੈ। ਇਸ ਵਾਰ ਬਾਜ਼ਾਰਾਂ ‘ਚ ਬੀਜ ਦੀ ਆਰਜ਼ੀ ਥੁੜ੍ਹ ਪੈਦਾ ਕਰਕੇ ਬਲੈਕ ਜ਼ੋਰਾਂ ‘ਤੇ ਚੱਲਦੀ ਰਹੀ। ਛੋਟੇ ਤੇ ਮੱਧ ਵਰਗੀ ਕਿਸਾਨਾਂ ਦੀ ਆਰਥਿਕ ਲੁੱਟ ਹੋਈ ਹੈ। ਨਰਮੇ ਦੀ ਫਸਲ ਦਾ ਸਰਕਾਰ ‘ਤੇ ਕੋਈ ਬੋਝ ਨਹੀਂ ਹੁੰਦਾ। ਇਹ ਵਪਾਰਕ ਫਸਲ ਹੈ। ਸਰਕਾਰ ਜੇਕਰ ਬੀ.ਟੀ. ਬੀਜ, ਕੀਟਨਾਸ਼ਕ ਤੇ ਖਾਦ ਸਹੀ ਸਮੇਂ ‘ਤੇ ਵਾਜਬ ਕੀਮਤਾਂ ਉਪਰ ਕਿਸਾਨਾਂ ਨੂੰ ਉਪਲਬਧ ਕਰਵਾਏ ਤਾਂ ਇਸ ਨਾਲ ਕਿਸਾਨਾਂ ਦੀਆਂ ਸਮੱਸਿਆਵਾਂ ਘੱਟ ਸਕਦੀਆਂ ਹਨ। ਪੀ.ਏ.ਯੂ. ਆਪਣੇ ਸੀਡ ਫਾਰਮਾਂ ‘ਚ ਬੀ.ਟੀ. ਨਰਮਾ ਬੀਜ ਤਿਆਰ ਕਰਨ ਦੀ ਤਕਨੀਕ ਵਿਕਸਤ ਕਰਕੇ ਜ਼ਿਲ੍ਹੇ ਦੇ ਚੁਣਵੇਂ ਕਿਸਾਨਾਂ ਨੂੰ ਬੀ.ਟੀ. ਤਕਨੀਕ ਦੇ ਸਮਰੱਥ ਬਣਾਵੇ। ਪੰਜਾਬ ਸਰਕਾਰ ਬੀ.ਟੀ. ਕਾਟਨ ਬੀਜ ਖੇਤੀ ਵਿਭਾਗ ਰਾਹੀਂ ਲੋੜੀਂਦੀ ਮਾਤਰਾ ‘ਚ ਮੁਹੱਈਆ ਕਰਵਾਉਣ ਲਈ ਯਤਨ ਕਰੇ।
ਨਰਮੇ ਦੀ ਫਸਲ ਦੀ ਖਰੀਦੋ-ਫਰੋਖਤ ਨਿੱਜੀ ਖੇਤਰ ਰਾਹੀਂ ਕੀਤੀ ਜਾਂਦੀ ਹੈ। ਇਸ ਫਸਲ ਤੋਂ ਰੂੰ ਅਤੇ ਤੇਲ ਦੇ ਨਾਲ ਵੜ੍ਹੇਵਿਆਂ ਦੀ ਖਲ੍ਹ ਦਾ ਉਤਪਾਦਨ ਹੁੰਦਾ ਹੈ। ਇਸ ਤੋਂ ਵੱਡੇ ਪੱਧਰ ਦਾ ਪੂੰਜੀ ਨਿਰਮਾਣ ਹੁੰਦਾ ਹੈ ਤੇ ਵਿਦੇਸ਼ੀ ਮੁਦਰਾ ਵੀ ਅਰਜਤ ਹੁੰਦੀ ਹੈ। ਨਰਮੇ ਦੀ ਫਸਲ ਪੰਜਾਬ ਦੇ ਕਿਸਾਨਾਂ ਦੀ (ਲਾਈਫ ਲਾਈਨ) ਜੀਵਨ ਰੇਖਾ ਹੈ। ਖੇਤ ਮਜ਼ਦੂਰਾਂ ਲਈ ਨਰਮਾ ਰੁਜ਼ਗਾਰ ਪੈਦਾ ਕਰਦਾ ਹੈ। ਇਸ ਦੀ ਰਹਿੰਦ-ਖੂੰਹਦ ਛਟੀਆਂ ਭੱਠਿਆਂ ਤੇ ਛੋਟੇ ਬਿਜਲੀ ਉਤਪਾਦਕ ਯੂਨਿਟਾਂ ‘ਚ ਬਾਲਣ ਵਜੋਂ ਵਰਤੀ ਜਾ ਰਹੀ ਹੈ। ਪੰਜਾਬ ਸਰਕਾਰ ਮਾਲਵਾ ਦੇ ਕਿਸੇ ਸ਼ਹਿਰ ਨੇੜੇ ਨਰਮਾ ਖੋਜ ਕੇਂਦਰ ਸਥਾਪਤ ਕਰ ਸਕਦੀ ਹੈ। ਨਰਮਾ ਉਤਪਾਦਕਾਂ ਨੂੰ ਸਰਕਾਰ ਦੀ ਅਗਵਾਈ ਦੀ ਸਖ਼ਤ ਲੋੜ ਹੈ। J


Comments Off on ਹੁਣ ਬੀ.ਟੀ. ਨਰਮਾ ਕਰੂ ਜੱਟਾਂ ਨੂੰ ਸਾਧ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.