ਭਾਰਤੀ ਮੂਲ ਦੇ ਸਰਜਨ ਦੀ ਕਰੋਨਾ ਵਾਇਰਸ ਕਾਰਨ ਮੌਤ !    ਸਰਬ-ਪਾਰਟੀ ਮੀਟਿੰਗ ਸੱਦਣ ਲਈ ਨਾ ਸਮਾਂ ਅਤੇ ਨਾ ਹੀ ਲੋੜ: ਕੈਪਟਨ !    ਪੰਚਾਇਤੀ ਜ਼ਮੀਨਾਂ ਦੀ ਬੋਲੀ ਸਬੰਧੀ ਪ੍ਰੋਗਰਾਮ ਉਲੀਕਣ ਦੀ ਹਦਾਇਤ !    ਵਿਸਾਖੀ ਮੌਕੇ ਧਾਰਮਿਕ ਮੁਕਾਬਲਿਆਂ ਦਾ ਐਲਾਨ !    ਬੱਬਰ ਅਕਾਲੀ ਲਹਿਰ: ਇਤਿਹਾਸਕ ਅਤੇ ਵਿਚਾਰਧਾਰਕ ਸੰਘਰਸ਼ !    ਗੌਰਵ ਦਾ ਪ੍ਰਤੀਕ ਖਾਲਸਾ ਸਾਜਨਾ ਦਿਵਸ !    1699 ਦੀ ਇਤਿਹਾਸਕ ਵਿਸਾਖੀ !    ਮੈਡੀਕਲ ਸਟੋਰ ਤੇ ਲੈਬਾਰਟਰੀਆਂ 10 ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦੇ ਹੁਕਮ !    ਸਪੁਰਦਗੀ ਨਾ ਲੈਣ ’ਤੇ ਪੁਲੀਸ ਕਰੇਗੀ ਸਸਕਾਰ !    ਆੜ੍ਹਤੀਆਂ ਵੱਲੋਂ ਸਬਜ਼ੀ ਦੇ ਬਾਈਕਾਟ ਦਾ ਐਲਾਨ !    

ਮਿਆਰੀ ਝਾੜ ਲਈ ਮੱਕੀ ਵਿੱਚ ਖਾਦਾਂ ਦੀ ਸੰਤੁਲਿਤ ਵਰਤੋਂ ਕਰੋ

Posted On July - 23 - 2011

ਪ੍ਰਿਤਪਾਲ ਸਿੰਘ

ਮੱਕੀ ਪੰਜਾਬ ਵਿੱਚ ਸਾਉਣੀ ਰੁੱਤ ਦੀ ਅਹਿਮ ਫ਼ਸਲ ਹੈ, ਜਿਸ ਦੀ ਕਾਸ਼ਤ ਰਾਜ ਵਿੱਚ ਲਗਪਗ 153 ਹਜ਼ਾਰ ਹੈਕਟੇਅਰ ਰਕਬੇ ‘ਤੇ ਕੀਤੀ ਜਾਂਦੀ ਹੈ। ਮੱਕੀ ਰਸਾਇਣਕ ਖ਼ਾਦਾਂ ਦੀ  ਵਰਤੋਂ ਨੂੰ ਬਹੁਤ ਮੰਨਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਮੱਕੀ ਦੀਆਂ ਵੱਖ-ਵੱਖ ਕਿਸਮਾਂ ਲਈ ਰਸਾਇਣਕ ਖ਼ਾਦਾਂ ਦੀ ਵੱਖੋ-ਵੱਖ ਮਾਤਰਾ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਸੇਂਜੂ ਇਲਾਕੇ ਵਿੱਚ ਮੱਕੀ ਨੂੰ ਰਸਾਇਣਕ ਖ਼ਾਦਾਂ ਦੀ ਲੋੜ ਬਰਾਨੀ ਇਲਾਕੇ ਨਾਲੋਂ ਵੱਧ ਹੈ। ਪਰ ਕਿਸਾਨ ਵੀਰ ਇਲਾਕੇ ਅਤੇ ਕਿਸਮ ਨੂੰ ਬਿਨਾਂ ਧਿਆਨ ਵਿੱਚ ਰੱਖਿਆਂ, ਮੱਕੀ ਵਿੱਚ ਖ਼ਾਦਾਂ ਦੀ ਵਰਤੋਂ ਲਗਪਗ ਇੱਕੋ ਜਿਹੀ ਹੀ ਕਰਦੇ ਹਨ, ਜਿਸ ਕਾਰਨ ਮੱਕੀ ਦਾ ਮਿਆਰੀ ਝਾੜ ਨਹੀਂ ਮਿਲਦਾ। ਖ਼ਾਦਾਂ ਦੀ ਸੁਚੱਜੀ ਅਤੇ ਸੰਤੁਲਿਤ ਵਰਤੋਂ ਲਈ ਮਿੱਟੀ ਪਰਖ਼ ਜ਼ਰੂਰ ਕਰਵਾ ਲੈਣੀ ਚਾਹੀਦੀ ਹੈ, ਤਾਂ ਕਿ ਫਸਲ ਵਿੱਚ ਲੋੜ ਮੁਤਾਬਕ ਖ਼ੁਰਾਕੀ ਤੱਤਾਂ ਦੀ ਪੂਰਤੀ ਹੋ ਸਕੇ। ਜੇਕਰ ਮਿੱਟੀ ਪਰਖ  ਨਹੀਂ ਕਰਵਾਈ ਗਈ ਤਾਂ ਦਰਮਿਆਨੀਆਂ ਉਪਜਾਊ ਜ਼ਮੀਨਾਂ ਵਿੱਚ ਕਿਸਮ ਅਤੇ ਇਲਾਕੇ, ਜਿਸ ਵਿੱਚ ਬਿਜਾਈ ਕਰਨੀ ਹੋਵੇ ਮੁਤਾਬਕ ਹੇਠਾਂ ਸੁਝਾਈਆਂ ਸਿਫਾਰਸ਼ਾਂ  ਨੂੰ ਅਪਣਾਉਣ, ਤਾਂ ਕਿ ਮਿਆਰੀ ਝਾੜ ਲਿਆ ਜਾ ਸਕੇ।
ਸੇਂਜੂ ਮੱਕੀ: ਸੇਂਜੂ ਇਲਾਕੇ ਵਿੱਚ  ਕਾਸ਼ਤ ਲਈ ਸਿਫਾਰਸ਼ ਪੀ.ਐਮ.ਐਚ.-1, ਪਾਰਸ, ਐਫ.-9572 ਏ, ਅਤੇ ਪ੍ਰਭਾਤ ਕਿਸਮਾਂ ਨੂੰ 50 ਕਿਲੋ ਨਾਈਟਰੋਜਨ ਦੀ ਲੋੜ ਹੁੰਦੀ ਹੈ, ਜਿਸ ਦੀ ਪੂਰਤੀ ਲਈ 110 ਕਿਲੋ ਯੂਰੀਆ ਦੀ ਵਰਤੋਂ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੋ। ਜੇਕਰ ਮੱਕੀ ਤੋਂ ਪਹਿਲਾਂ ਬੀਜੀ ਗਈ ਕਣਕ ਨੂੰ ਸਿਫਾਰਸ਼ ਕੀਤੀ ਫਾਸਫੋਰਸ ਦੀ ਮਾਤਰਾ ਪਾਈ ਗਈ ਹੋਵੇ, ਤਾਂ ਮੱਕੀ ਨੂੰ ਫਾਸਫੋਰਸ ਖ਼ਾਦ ਪਾਉਣ ਦੀ ਲੋੜ ਨਹੀਂ। ਪਰ ਜੇਕਰ ਮਿੱਟੀ ਪਰਖ਼ ਮੁਤਾਬਕ ਜ਼ਮੀਨ ਵਿੱਚ ਫਾਸਫੋਰਸ ਦੀ ਘਾਟ ਹੋਵੇ ਤਾਂ ਮੱਕੀ  ਨੂੰ 24 ਕਿੱਲੋ ਫਾਸਫੋਰਸ ਦੀ ਲੋੜ ਹੁੰਦੀ ਹੈ, ਜਿਸ ਦੀ ਪੂਰਤੀ ਲਈ ਪ੍ਰਤੀ ਏਕੜ 150 ਕਿਲੋ ਸਿੰਗਲ ਸੁਪਰਫਾਸਫੇਟ ਵਰਤੋ। ਮੱਕੀ ਗੰਧਕ ਦੀ ਵਰਤੋਂ ਵੀ ਮੰਨਦੀ ਹੈ, ਇਸ ਲਈ ਸਿੰਗਲ ਸੁਪਰ ਫਾਸਫੇਟ  ਨੂੰ ਹੀ ਤਰਜੀਹ ਦੇਣੀ ਚਾਹੀਦੀ ਹੈ। ਪਰ ਜੇਕਰ ਮੰਡੀ ਵਿੱਚ ਸਿੰਗਲ ਸੁਪਰਫਾਸਫੇਟ ਉਪਲਬਧ ਨਾ ਹੋਵੇ ਤਾਂ ਡਾਇਆ ਖ਼ਾਦ ਵੀ 55 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੀ ਜਾ ਸਕਦੀ ਹੈ। ਜੇਕਰ ਡਾਇਆ ਖ਼ਾਦ ਵਰਤਣੀ ਹੋਵੇ ਤਾਂ ਯੂਰੀਆ 20 ਕਿਲੋ ਪ੍ਰਤੀ ਏਕੜ ਘੱਟ ਪਾਓ। ਜੇਕਰ ਜ਼ਮੀਨ ਵਿਚ ਪੋਟਾਸ਼ ਦੀ ਘਾਟ ਹੋਵੇ ਤਾਂ ਮੱਕੀ ਨੂੰ ਲੋੜੀਂਦੀ 12 ਕਿਲੋ ਪੋਟਾਸ਼ ਦੀ ਪੂਰਤੀ ਲਈ 20 ਕਿਲੋ ਮਿਉਰੇਟ ਆਫ ਪੋਟਾਸ਼ ਵੀ ਪਾਓ।
ਮੱਕੀ ਦੀਆਂ ਜੇ. ਐਚ.-3459, ਕੇਸਰੀ ਅਤੇ ਪਰਲ ਪੋਪਕੋਰਨ ਕਿਸਮਾਂ ਨੂੰ ਪ੍ਰਤੀ ਏਕੜ 35 ਕਿਲੋ ਨਾਈਟਰੋਜਨ ਦੀ ਲੋੜ ਹੁੰਦੀ ਹੈ, ਜਿਸ ਦੀ ਪੂਰਤੀ ਲਈ 75 ਕਿਲੋ ਯੂਰੀਆ  ਦੀ ਵਰਤੋਂ ਕਰੋ। ਜੇਕਰ ਜ਼ਮੀਨ ਵਿੱਚ ਫਾਸਫੋਰਸ ਅਤੇ ਪੋਟਾਸ਼ ਦੀ ਘਾਟ ਹੋਵੇ ਤਾਂ ਇਨ੍ਹਾਂ ਦੀ ਪੂਰਤੀ ਲਈ ਕ੍ਰਮਵਾਰ 75 ਕਿਲੋ ਸਿੰਗਲ ਸੁਪਰਫਾਸਫੇਟ ਅਤੇ 15 ਕਿਲੋ ਮਿਉਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਓ। ਜੇਕਰ ਡਾਇਆ ਵਰਤਣੀ ਹੋਵੇ ਤਾਂ ਪ੍ਰਤੀ ਏਕੜ 27 ਕਿਲੋ ਹੀ ਪਾਓ ਅਤੇ ਇਸ ਮਾਤਰਾ ਪਿੱਛੇ 10 ਕਿਲੋ ਯੂਰੀਆ ਘੱਟ ਪਾਓ।
ਪੰਜਾਬ ਸੱਠੀ-1 ਕਿਸਮ ਨੂੰ ਪ੍ਰਤੀ ਏਕੜ 25 ਕਿਲੋ ਨਾਈਟਰੋਜਨ ਦੀ ਲੋੜ ਹੁੰਦੀ ਹੈ, ਜਿਸ ਦੀ ਪੂਰਤੀ ਲਈ 55 ਕਿਲੋ ਯੂਰੀਆ ਵਰਤੋ। ਫਾਸਫੋਰਸ ਦੀ ਘਾਟ ਵਾਲੀ ਜ਼ਮੀਨ ਵਿਚ 75 ਕਿਲੋ ਸਿੰਗਲ ਸੁਪਰਫਾਸਫੇਟ ਦੀ ਵਰਤੋਂ ਕਰੋ। ਜੇ ਡਾਇਆ ਵਰਤਣੀ ਹੋਵੇ ਪ੍ਰਤੀ ਏਕੜ 27 ਕਿਲੋ ਪਾਓ ਅਤੇ ਯੂਰੀਆ 10 ਕਿਲੋ ਘਟਾ ਦਿਓ। ਪੋਟਾਸ਼ ਦੀ ਘਾਟ ਵਾਲੀਆਂ ਜ਼ਮੀਨਾਂ ਵਿਚ ਇਸ ਕਿਸਮ ਨੂੰ 8 ਕਿਲੋ ਪੋਟਾਸ਼ ਦੀ ਜ਼ਰੂਰਤ ਹੈ ਜਿਸ ਲਈ ਪ੍ਰਤੀ ਏਕੜ 15 ਕਿਲੋ ਮਿਉਰੇਟ ਆਫ ਪੋਟਾਸ਼ ਵੀ ਪਾਓ।
ਖ਼ਾਦਾਂ ਵਰਤਣ ਦਾ ਢੁਕਵਾਂ ਸਮਾਂ:  ਪੰਜਾਬ ਸੱਠੀ-1 ਤੋਂ ਬਿਨਾਂ ਬਾਕੀ ਸਾਰੀਆਂ ਕਿਸਮਾਂ ਨੂੰ ਤੀਜਾ ਹਿੱਸਾ ਨਾਈਟਰੋਜਨ ਅਤੇ ਸਾਰੀ ਫਾਸਫੋਰਸ ਤੇ ਪੋਟਾਸ਼ ਬਿਜਾਈ ਸਮੇਂ ਪਾਓ। ਬਾਕੀ ਰਹਿੰਦੀ ਨਾਈਟਰੋਜਨ ਦੋ ਬਰਾਬਰ  ਕਿਸ਼ਤਾਂ ਵਿਚ ਪਾਓ। ਇਕ ਹਿੱਸਾ ਜਦੋਂ ਫਸਲ ਗੋਡੇ-ਗੋਡੇ ਹੋ ਜਾਏ ਉਦੋਂ ਪਾ ਦਿਓ ਅਤੇ ਦੂਜਾ ਹਿੱਸਾ ਫਸਲ ਨੂੰ  ਬੂਰ ਪੈਣ ਤੋਂ ਪਹਿਲਾਂ ਪਾ ਦਿਓ। ਪੰਜਾਬ ਸੱਠੀ-1 ਕਿਸਮ ਨੂੰ ਅੱਧੀ ਨਾਈਟਰੋਜਨ ਅਤੇ ਸਾਰੀ ਫਾਸਫੋਰਸ ਤੇ ਪੋਟਾਸ਼ ਬਿਜਾਈ ਸਮੇਂ ਪਾ ਦਿਓ। ਬਾਕੀ ਰਹਿੰਦੀ ਅੱਧੀ ਨਾਈਟਰੋਜਨ ਬਿਜਾਈ ਤੋਂ ਇਕ ਮਹੀਨਾ ਬਾਅਦ ਪਾਓ।
ਜ਼ਿੰਕ ਦੀ ਘਾਟ: ਜੇਕਰ ਮਿੱਟੀ ਪਰਖ ਮੁਤਾਬਕ ਜ਼ਮੀਨ ਵਿਚ ਜ਼ਿੰਕ ਦੀ ਘਾਟ ਹੋਵੇ ਜਾਂ ਇਸ ਤੋਂ ਪਹਿਲਾਂ ਬੀਜੀ ਫਸਲ ‘ਤੇ ਜ਼ਿੰਕ ਦੀ ਘਾਟ ਦੇ ਲੱਛਣ ਨਜ਼ਰ ਆਏ ਹੋਣ ਤਾਂ ਬਿਜਾਈ ਵੇਲੇ ਹੀ 10 ਕਿਲੋ ਜ਼ਿੰਕ ਸਲਫੇਟ ਹੈਪਟਾਹਾਈਡਰੇਟ (21 ਫੀਸਦੀ ਜ਼ਿੰਕ) ਪ੍ਰਤੀ ਏਕੜ ਦੇ ਹਿਸਾਬ ਨਾਲ ਜ਼ਮੀਨ ਵਿਚ ਮਿਲਾ ਦਿਓ। ਜੇਕਰ ਮੰਡੀ ਵਿੱਚ ਜ਼ਿੰਕ ਸਲਫੇਟ ਮੋਨੋਹਾਈਡਰੇਟ (33 ਫੀਸਦੀ ਜ਼ਿੰਕ) ਉਪਲਬਧ ਹੋਵੇ ਤਾਂ ਪ੍ਰਤੀ ਏਕੜ 6.5 ਕਿਲੋ ਹੀ ਵਰਤੋ। ਜੇਕਰ ਖੜ੍ਹੀ ਫਸਲ ‘ਤੇ ਜ਼ਿੰਕ ਦੀ ਘਾਟ ਦੀਆਂ ਨਿਸ਼ਾਨੀਆਂ ਨਜ਼ਰ ਆਉਣ ਤਾਂ 10 ਕਿਲੋ ਜ਼ਿੰਕ ਸਲਫੇਟ ਹੈਪਟਾਹਾਈਡਰੇਟ ਜਾਂ 6.5 ਕਿਲੋ ਜ਼ਿੰਕ ਸਲਫੇਟ ਮੋਨੋਹਾਈਡਰੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਲਗਪਗ ਏਨੀ ਹੀ ਸੁੱਕੀ ਮਿੱਟੀ ਵਿੱਚ ਰਲਾ ਕੇ ਮੱਕੀ ਦੀਆਂ ਕਤਾਰਾਂ ਦੇ ਨਾਲ-ਨਾਲ ਪਾਓ, ਅਤੇ ਗੋਡੀ ਕਰਕੇ ਜ਼ਮੀਨ ਵਿਚ ਰਲਾਉਣ ਮਗਰੋਂ ਪਾਣੀ ਲਾ ਦਿਓ। ਕਈ ਵਾਰ ਮੱਕੀ ਵਿੱਚ ਜ਼ਿੰਕ  ਦੀ ਘਾਟ ਉਸ ਸਮੇਂ ਨਜ਼ਰ ਆਉਂਦੀ ਹੈ ਜਦੋਂ ਫਸਲ ਦੀ ਗੋਡੀ ਕਰਨੀ ਔਖੀ ਹੋਵੇ। ਅਜਿਹੇ ਸਮੇਂ ਜ਼ਿੰਕ ਦੀ ਪੂਰਤੀ, ਜ਼ਿੰਕ ਸਲਫੇਟ ਦੇ ਘੋਲ ਦਾ ਛਿੜਕਾਅ ਕਰਕੇ ਵੀ ਕੀਤੀ ਜਾ ਸਕਦੀ ਹੈ। ਇਹ ਘੋਲ 1200 ਗ੍ਰਾਮ ਜ਼ਿੰਕ ਸਲਫੇਟ ਹੈਪਟਾਹਾਈਡਰੇਟ ਅਤੇ 600 ਗ੍ਰਾਮ ਅਣਬੁੱਝਿਆ ਚੂਨਾ, 200 ਲੀਟਰ ਪਾਣੀ ਵਿਚ ਜਾਂ 750 ਗ੍ਰਾਮ ਜਿੰਕ ਸਲਫੇਟ ਮੋਨੋਹਾਈਡ੍ਰੇਟ ਅਤੇ 375 ਗ੍ਰਾਮ ਅਣਬੁੱਝਿਆ ਚੂਨਾ, 200 ਲਿਟਰ ਪਾਣੀ ਵਿਚ ਘੋਲ ਕੇ ਤਿਆਰ ਕਰੋ।
ਬਰਾਨੀ ਮੱਕੀ: ਬਰਾਨੀ ਇਲਾਕੇ ਵਿਚ ਮੱਕੀ ਦੀਆਂ ਸਿਫਾਰਸ਼ਾਂ ਪੀ.ਐਮ.ਐਚ.-2, ਜੇ.ਐਚ. 3459, ਪ੍ਰਕਾਸ਼ ਅਤੇ ਮੇਘਾ ਕਿਸਮਾਂ ਨੂੰ ਖਾਦਾਂ ਦੀ ਸਿਫਾਰਸ਼ ਜ਼ਮੀਨ ਦੀ ਕਿਸਮ ‘ਤੇ ਨਿਰਭਰ ਕਰਦੀ ਹੈ। ਕਾਫੀ ਪਾਣੀ ਸੰਭਾਲਣ ਦੀ ਸਮਰੱਥਾ ਰੱਖਣ ਵਾਲੀਆਂ ਜ਼ਮੀਨਾਂ ਵਿਚ ਮੱਕੀ ਨੂੰ 32 ਕਿਲੋ ਨਾਈਟਰੋਜਨ ਦੀ ਲੋੜ ਹੁੰਦੀ ਹੈ ਅਤੇ ਜਿਸ ਦੀ ਪੂਰਤੀ ਲਈ 70 ਕਿਲੋ ਯੂਰੀਆ ਪ੍ਰਤੀ ਏਕੜ ਪਾਓ। ਜੇਕਰ ਜ਼ਮੀਨ ਵਿਚ ਫਾਸਫੋਰਸ ਦੀ ਘਾਟ ਹੋਵੇ ਤਾਂ ਮੱਕੀ ਲਈ ਜ਼ਰੂਰੀ 16 ਕਿਲੋ ਫਾਸਫੋਰਸ ਦੀ ਪੂਰਤੀ ਲਈ 100 ਕਿਲੋ ਸਿੰਗਲ ਸੁਪਰਫਾਸਫੇਟ ਵੀ ਪਾਓ। ਜੇਕਰ ਫਾਸਫੋਰਸ ਦੀ ਪੂਰਤੀ ਲਈ ਡਾਇਆ ਵਰਤਣੀ ਹੋਵੇ ਤਾਂ ਪ੍ਰਤੀ ਏਕੜ 35 ਕਿਲੋ ਪਾਓ ਅਤੇ ਯੂਰੀਆ 15 ਕਿਲੋ ਘਟਾ ਦਿਓ। ਜੇਕਰ ਜ਼ਮੀਨ ਵਿਚ ਪੋਟਾਸ਼ ਦੀ ਘਾਟ ਹੋਵੇ ਤਾਂ ਪ੍ਰਤੀ ਏਕੜ 15 ਕਿਲੋ ਮਿਉਰੇਟ ਆਫ ਪੋਟਾਸ਼ ਵੀ ਪਾਓ। ਜਿਹੜੀਆਂ ਜ਼ਮੀਨਾਂ ਦੀ ਪਾਣੀ ਸੰਭਾਲਣ ਦੀ  ਸਮਰੱਥਾ ਘੱਟ ਹੁੰਦੀ ਹੈ, ਉਨ੍ਹਾਂ ਵਿਚ ਮੱਕੀ ਦੀਆਂ ਇਨ੍ਹਾਂ ਕਿਸਮਾਂ ਨੂੰ ਪ੍ਰਤੀ ਏਕੜ 16 ਕਿਲੋ ਨਾਈਟਰੋਜਨ ਦੀ ਲੋੜ ਹੁੰਦੀ ਹੈ ਜਿਸ ਦੀ ਪੂਰਤੀ ਲਈ 35 ਕਿਲੋ ਯੂਰੀਆ ਵਰਤੋ। ਫਾਸਫੋਰਸ ਦੀ ਘਾਟ ਵਾਲੀ ਜ਼ਮੀਨ ਵਿਚ ਮੱਕੀ ਨੂੰ 50 ਕਿਲੋ ਪ੍ਰਤੀ ਏਕੜ ਸਿੰਗਲ ਸੁਪਰਫਾਸਫੇਟ ਵੀ ਪਾਓ। ਜੇਕਰ ਫਾਸਫੋਰਸ ਲਈ ਡਾਇਆ    ਵਰਤਣੀ ਹੋਵੇ ਤਾਂ ਪ੍ਰਤੀ ਏਕੜ 18 ਕਿਲੋ ਪਾਓ, ਪਰ ਡਾਇਆ ਦੀ ਇਸ ਮਾਤਰਾ ਪਿੱਛੇ 8 ਕਿੱਲੋ ਯੂਰੀਆ ਘਟਾ ਦਿਓ। ਇਨ੍ਹਾਂ ਜ਼ਮੀਨਾਂ ਵਿਚ, ਜੇਕਰ ਪੋਟਾਸ਼ ਦੀ ਘਾਟ ਹੋਵੇ ਤਾਂ 8 ਕਿਲੋ ਮਿਉਰੇਟ ਆਫ ਪੋਟਾਸ਼         ਵੀ ਪਾਓ।
ਖਾਦਾਂ ਪਾਉਣ ਦਾ ਸਹੀ ਸਮਾਂ: ਬਰਾਨੀ ਖੇਤਰ ਲਈ ਸਿਫਾਰਸ਼ ਸਾਰੀਆਂ ਕਿਸਮਾਂ ਨੂੰ ਅੱਧੀ ਨਾਈਟਰੋਜਨ ਸਾਰੀ ਫਾਸਫੋਰਸ ਅਤੇ ਸਾਰੀ ਪੋਟਾਸ਼ ਬਿਜਾਈ ਸਮੇਂ ਹੀ ਪਾਓ। ਬਾਕੀ ਰਹਿੰਦੀ ਨਾਈਟਰੋਜਨ, ਬਿਜਾਈ ਤੋਂ ਇਕ ਮਹੀਨਾ ਬਾਦ  ਪਾ ਦਿਓ।


Comments Off on ਮਿਆਰੀ ਝਾੜ ਲਈ ਮੱਕੀ ਵਿੱਚ ਖਾਦਾਂ ਦੀ ਸੰਤੁਲਿਤ ਵਰਤੋਂ ਕਰੋ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.