ਭਾਰਤੀ ਮੂਲ ਦੇ ਸਰਜਨ ਦੀ ਕਰੋਨਾ ਵਾਇਰਸ ਕਾਰਨ ਮੌਤ !    ਸਰਬ-ਪਾਰਟੀ ਮੀਟਿੰਗ ਸੱਦਣ ਲਈ ਨਾ ਸਮਾਂ ਅਤੇ ਨਾ ਹੀ ਲੋੜ: ਕੈਪਟਨ !    ਪੰਚਾਇਤੀ ਜ਼ਮੀਨਾਂ ਦੀ ਬੋਲੀ ਸਬੰਧੀ ਪ੍ਰੋਗਰਾਮ ਉਲੀਕਣ ਦੀ ਹਦਾਇਤ !    ਵਿਸਾਖੀ ਮੌਕੇ ਧਾਰਮਿਕ ਮੁਕਾਬਲਿਆਂ ਦਾ ਐਲਾਨ !    ਬੱਬਰ ਅਕਾਲੀ ਲਹਿਰ: ਇਤਿਹਾਸਕ ਅਤੇ ਵਿਚਾਰਧਾਰਕ ਸੰਘਰਸ਼ !    ਗੌਰਵ ਦਾ ਪ੍ਰਤੀਕ ਖਾਲਸਾ ਸਾਜਨਾ ਦਿਵਸ !    1699 ਦੀ ਇਤਿਹਾਸਕ ਵਿਸਾਖੀ !    ਮੈਡੀਕਲ ਸਟੋਰ ਤੇ ਲੈਬਾਰਟਰੀਆਂ 10 ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦੇ ਹੁਕਮ !    ਸਪੁਰਦਗੀ ਨਾ ਲੈਣ ’ਤੇ ਪੁਲੀਸ ਕਰੇਗੀ ਸਸਕਾਰ !    ਆੜ੍ਹਤੀਆਂ ਵੱਲੋਂ ਸਬਜ਼ੀ ਦੇ ਬਾਈਕਾਟ ਦਾ ਐਲਾਨ !    

ਭਲੂਰ

Posted On July - 23 - 2011

ਮੇਰੇ ਪਿੰਡ ਦੀਆਂ ਸੰਦਲੀ ਪੈੜਾਂ

ਗੁਰਜੰਟ ਕਲਸੀ ਲੰਡੇ

ਛੇ ਵਿੱਢਾ ਪੁਰਾਣਾ ਖੂਹ

ਮੋਗਾ ਜ਼ਿਲ੍ਹੇ ਦਾ ਆਖਰੀ ਪਿੰਡ ਭਲੂਰ ਮੋਗਾ ਤੋਂ ਲਗਪਗ 32 ਕਿਲੋਮੀਟਰ ਪੱਛਮ ਵੱਲ ਅਤੇ ਕੋਟਕਪੂਰਾ ਤੋਂ 20 ਕਿਲੋਮੀਟਰ ਪੂਰਬ ਵੱਲ ਸ਼ਾਹ ਮਾਰਗ 16 ‘ਤੇ ਪੈਂਦੇ ਸਟੇਸ਼ਨ ਸਮਾਲਸਰ ਤੋਂ ਉੱਤਰ ਵੱਲ 10 ਕੁ ਕਿਲੋਮੀਟਰ ‘ਤੇ ਸਥਿਤ ਹੈ। ਇਸ ਪਿੰਡ ਦੀ  ਸਿੱਖਾਂ ਦੇ 6ਵੇਂ ਗੁਰੁੂ ਸ੍ਰੀ ਗੁਰੁੂੁ ਹਰਗੋਬਿੰਦ ਸਾਹਿਬ ਜੀ ਦੇ ਸਾਢੂ ਦੇ ਲੜਕੇ ਦੇਸ ਰਾਜ ਜੀ ਨੇ 1740-50 ਦੇ ਕਰੀਬ ਡਰੋਲੀ ਭਾਈ ਤੋਂ ਆ ਕੇ ਮੋਹੜੀ ਗੱਡੀ ਸੀ। ਉਸ ਸਮੇਂ ਇੱਥੇ ਜੰਗਲ ਹੀ ਜੰਗਲ ਪਿਆ ਸੀ। ਅੱਜ ਇਸ ਜਗ੍ਹਾ ‘ਤੇ ਉਨ੍ਹਾਂ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ ਜਾ ਰਹੀ ਹੈ। ਇਸ ਗੁਰਦੁਆਰਾ ਸਾਹਿਬ ਦੀਆਂ ਨੀਂਹਾਂ ਪੁੱਟਣ ਸਮੇਂ ਸਾਲ ਕੁ ਪਹਿਲਾਂ ਮੁਗਲ ਕਾਲ, ਮਹਾਰਾਜਾ ਰਣਜੀਤ ਸਿੰਘ ਕਾਲ ਵੇਲੇ ਦੇ ਸਿੱਕੇ ਮਿਲੇ ਹਨ, ਜਿਨ੍ਹਾਂ ‘ਤੇ ਅਰਬੀ ਭਾਸ਼ਾ ਦੇ ਸ਼ਬਦ ਹਨ। ਇਹ 56 ਸਿੱਕੇ ਹਨ ਜੋ ਕਿ ਚਾਂਦੀ ਦੀ ਧਾਤ ਦੇ ਹਨ। ਅੱਜ ਇਹ ਸਿੱਕੇ ਗੁਰਦੁਆਰਾ ਸਾਹਿਬ ਦੀ ਕਮੇਟੀ ਕੋਲ ਸਾਂਭੇ ਪਏ ਹਨ। ਇਨ੍ਹਾਂ ਸਿੱਕਿਆਂ ‘ਤੇ ਮੁਗਲ ਕਾਲ ਵੇਲੇ ਦੀ ਖੂਬਸੂਰਤ ਝਲਕ ਪੈਂਦੀ ਹੈ। ਇਸੇ ਜਗਾ੍ਹ ‘ਤੇ ਹੀ ਪੁਰਾਣੀ ਰਬਾਬ ਅਤੇ ਸਾਰੰਗੀ ਸਾਂਭੀ  ਪਈ ਹੈ ਜੋ ਕਿ ਲਗਪਗ 250 ਸਾਲ ਹੀ  ਪੁਰਾਣੀ ਜਾਪਦੀ ਹੈ। ਰਬਾਬ ਦੀ ਲੰਬਾਈ 5 ਫੁੱਟ ਦੇ ਕਰੀਬ ਹੈ ਅਤੇ ਸਾਰੰਗੀ ਦੀ ਲੰਬਾਈ 3 ਫੁੱਟ ਦੇ ਕਰੀਬ ਹੈ। ਦੰਦ ਕਥਾ ਅਨੁਸਾਰ ਇਸ ਰਬਾਬ ਅਤੇ ਸਾਰੰਗੀ ਨੂੰ ਦੇਸ ਰਾਜ ਜੀ ਤੋਂ ਬਾਅਦ ਬਾਬਾ ਸੱਜਣ ਸਿੰਘ ਵੀ ਇਨ੍ਹਾਂ ਸਾਜ਼ਾਂ ਦੀ ਵਰਤੋਂ ਕੀਰਤਨ ਸਮੇਂ ਕਰਦੇ ਰਹੇ ਹਨ। ਪਿੰਡ ਦੇ ਗੁਰਦੁਆਰਾ ਸੁੱਖਸਾਗਰ ਵਿਖੇ ਇਕ ਤਖਤਪੋਸ਼ ਸਾਂਭਿਆ ਪਿਆ ਹੈ ਜੋ ਕਿ ਅੰਗਰੇਜ਼ਾਂ ਦੇ ਜ਼ਮਾਨੇ ਦਾ ਜਾਪਦਾ ਹੈ। ਇਸ ਤਖ਼ਤਪੋਸ਼ ‘ਤੇ ਕੀਤੀ ਉਕਰਾਈ ਹਸਤ ਕਲਾ, ਸ਼ਿਲਪ ਕਲਾ ਦਾ ਉੱਤਮ ਨਮੂਨਾ ਹੈ। ਪਿੰਡ ਦੇ ਬਜ਼ੁਰਗਾਂ ਦੇ ਦੱਸਣ ਅਨੁਸਾਰ ਦੁਆਬੇ ਤੋਂ ਕੋਈ ਕਾਰੀਗਰ ਇਥੇ  ਆਇਆ ਸੀ ਜਿਸ ਨੇ ਇਹ ਤਖਤਪੋਸ਼ ਤਿਆਰ ਕੀਤਾ। ਇਸ ਨੂੰ ਬਣਾਉਣ ਵਿਚ ਲਗਪਗ ਦੋ ਮਹੀਨੇ ਲੱਗੇ ਸਨ। ਇਹ ਤਖ਼ਤਪੋਸ਼ 10 ਕੁ ਫੁੱਟ ਲੰਬਾ, 6 ਕੁ ਫੁੱਟ ਚੌੜਾ, 4 ਕੁ ਫੁੱਟ ਉੱਚਾ ਹੈ। ਤਖ਼ਤਪੋਸ਼ ਦੇ ਦੁਆਲੇ ਮੀਨਾਕਾਰੀ ਕੀਤੇ ਨਮੂਨੇ ਬੇਹੱਦ ਖੂਬਸੂਰਤ ਹਨ। ਇਸ ‘ਤੇ ਹੀਰ ਰਾਂਝਾ, ਸੱਸੀ ਪੁਨੂੰ, ਸੋਹਣੀ ਮਹੀਂਵਾਲ, ਲੈਲਾ ਮਜਨੂੰ, ਮਿਰਜਾ ਸਾਹਿਬਾਂ, ਮੁੱਦਕੀ ਦੀ ਲੜਾਈ ਦੀਆਂ ਤਸਵੀਰਾਂ, ਸਰਵਣ ਪੁੱਤਰ, ਰਾਜੇ ਮਹਾਂਰਾਜਿਆਂ ਦੇ ਦਰਬਾਨ, ਪੂਰਨ ਭਗਤ ਆਦਿ ਦੀਆਂ ਤਸਵੀਰਾਂ ਮੂੰਹੋਂ ਬੋਲਦੀਆਂ ਹਨ। ਇਹ ਤਖਤਪੋਸ਼ 1955 ਦੇ ਲਾਗੇ ਬਣੀ ਧਰਮਸ਼ਾਲਾ ਵਿਚ  ਲੰਬਾ ਸਮਾਂ ਲਾਵਾਰਿਸ ਪਿਆ ਰਿਹਾ। ਪਿੰਡ ਦੀ ਨਵੀਂ ਪੀੜ੍ਹੀ ਨੇ ਉੱਠ ਕੇ ਇਸ ਇਤਿਹਾਸਕ ਵਿਰਸੇ ਨੂੰ ਸਾਂਭਿਆ। ਇਹ ਪਿੰਡ ਕੋਟਕਪੂਰਾ, ਫਰੀਦਕੋਟ, ਤਲਵੰਡੀ ਭਾਈ ਰੇਲਵੇ ਸਟੇਸ਼ਨਾਂ ਤੋਂ ਲਗਪਗ 20 ਕਿਲੋਮੀਟਰ ਦੀ ਦੂਰੀ ‘ਤੇ ਹੈ। ਇਸ ਪਿੰਡ ਦੀ ਆਬਾਦੀ ਤਕਰੀਬਨ 10,000 ਦੇ ਕਰੀਬ ਹੈ। ਪਿੰਡ ਦੀ ਜ਼ਮੀਨ 11000 ਕੁ ਹਜ਼ਾਰ ਏਕੜ ਦੇ ਕਰੀਬ ਹੈ। ਪਿੰਡ ਦੀ ਤਕਰੀਬਨ ਤੀਜਾ ਹਿੱਸਾ ਜ਼ਮੀਨ ਰੇਤਲੀ ਹੈ ਪਰ ਬਿਜਲੀ ਦੇ ਇਨਕਲਾਬ ਨੇ ਟਿੱਬਿਆਂ ‘ਤੇ ਪਾਣੀ ਚੜ੍ਹਾ ਦਿੱਤਾ ਹੈ। ਪਿੰਡ ਦੀਆਂ 6 ਪੱਤੀਆਂ ਹਨ। ਗੋਧਾ ਪੱਤੀ, ਅਰਲਾ ਪੱਤੀ, ਵਜ਼ੀਰ ਪੱਤੀ, ਸੁੱਖਾ ਪੱਤੀ, ਬੱਗਾ ਪੱਤੀ, ਦੁੱਨਾ ਪੱਤੀ। ਪਿੰਡ ਦੇ ਵਿਚਾਲੇ ਇਕ ਵੱਡਾ ਖੂਹ ਹੈ ਜੋ ਕਿ 1760-70 ਦੇ  ਕਰੀਬ ਬਣਾਇਆ ਗਿਆ ਸੀ। ਪਿੰਡ ਦੀਆਂ 6 ਪੱਤੀਆਂ ਮੁਤਾਬਿਕ ਇਸ ਦੇ 6 ਵਿੱਢ ਹਨ। ਇਸ ਪਿੰਡ ਦੇ ਵਿਰਾਸਤੀ ਖੂਹ ਦੀ ਸਾਂਭ ਸੰਭਾਲ ਵਾਸਤੇ ਪਿੰਡ ਦੇ ਹੀ ਜੰਮਪਲ ਮਹਾਂਪੁਰਸ਼ ਸੰਤ ਬਾਬਾ ਸਾਧੂ ਸਿੰਘ ਜੀ ਨੇ ਇਕ ਲੱਖ ਰੁਪਏ ਦਾ ਯੋਗਦਾਨ ਦਿੱਤਾ ਹੈ। ਪਿੰਡ ਦੀ ਨਵੀਂ ਪੀੜ੍ਹੀ ਨੇ ਇਸ ਖੂਹ ਨੂੰ ਆਧੁਨਿਕ ਰੂਪ ਦੇ ਕੇ ਸਾਂਭਿਆ ਹੋਇਆ ਹੈ। ਖੂਹ ਦੇ ਦੁਆਲੇ ਤਿੰਨ ਬੋਹੜ ਦੇ ਦਰਖਤ ਠੰਡੀ ਛਾਂ ਦੇ ਰਹੇ ਹਨ। ਅੱਜ ਇਹ ਖੂਹ ਅਤੇ ਬੋਹੜ ਪੁਰਾਣੇ ਜ਼ਮਾਨੇ ਦੀ ਜਿਉਂਦੀ ਜਾਗਦੀ ਤਸਵੀਰ ਪੇਸ਼ ਕਰ ਰਹੇ ਹਨ ਜਿੱਥੇ ਬੈਠ ਕੇ ਬਜ਼ੁਰਗ ਤਾਸ਼ ਖੇਲ ਰਹੇ ਹਨ। ਪਿੰਡ ‘ਚ ਇਕ ਲੋਕ ਚੇਤਨਾ ਲਾਇਬਰੇਰੀ ਬਣੀ ਹੋਈ ਹੈ, ਜਿਸ ‘ਚ 500 ਦੇ ਕਰੀਬ ਕਿਤਾਬਾਂ ਹਨ। ਇਸ ਲਾਇਬਰੇਰੀ ਦੀ ਸਥਾਪਨਾ ਮਾਸਟਰ ਬਿੱਕਰ ਸਿੰਘ,ਬੇਅੰਤ ਗਿੱਲ, ਡਾ. ਰਾਜਵੀਰ ਭਲੂਰੀਆ, ਕੁਲਦੀਪ ਚੰਦ ਮੈਗੀਂ ਆਦਿ ਨੇ ਮਿਲ ਕੇ ਕੀਤੀ ਸੀ ਤੇ ਅੱਜ ਜਸਵੀਰ ਭਲੂਰੀਆ ਲਾਇਬਰੇਰੀ ਦੀ ਕਮਾਨ ਸੰਭਾਲ ਰਹੇ ਹਨ ਜੋ ਕਿ ਖੁਦ ਵੀ ਪ੍ਰਸਿੱਧ ਲੇਖਕ ਹਨ, ਜਿਨ੍ਹਾਂ ਦੀ ਕਿਤਾਬ ਸਿੱਖਿਆ ਬੋਰਡ ‘ਚ ਲੱਗੀ ਹੋਈ ਹੈ। ਪਿੰਡ ‘ਚ ਸਹਿਤ ਸਭਾ ਭਲੂਰ  (ਰਜਿ.) ਵੀ ਬਣੀ ਹੋਈ ਹੈ, ਜਿਸ ਦੇ ਸ਼ਮਿੰਦਰ ਸਿੰਘ ਸਿੱਧੂ ਪ੍ਰਧਾਨ ਹਨ ਤੇ ਸਕੱਤਰ ਕੰਵਲਜੀਤ ਭੋਲਾ ਹਨ। ਤੇਜਾ ਸਿੰਘ ਸ਼ੌਕੀ,ਕਰਮਜੀਤ ਭਲੂਰੀਆ, ਕੁਲਦੀਪ ਚੰਦ ਮੈਗੀਂ, ਅਨੰਤ ਗਿੱਲ, ਕਰਮਜੀਤ ਸਿੰਘ, ਬਿੱਕਰ ਸਿੰਘ ਹਾਂਗਕਾਂਗ,ਬਲਜੀਤ ਭਲੂਰੀਆ, ਸ਼ਤੀਸ਼ ਧਵਨ, ਇਸੇ ਪਿੰਡ ਦੇ ਲੇਖਕ ਹਨ ਜੋ ਕਿ ਅਕਸਰ ਪੰਜਾਬੀ ਦੀਆਂ ਵੱਖ-ਵੱਖ ਅਖਬਾਂਰਾਂ ਵਿਚ ਛਪਦੇ ਰਹਿੰਦੇ ਹਨ। ਪਿੰਡ ‘ਚ ਸਿੱਖ, ਹਿੰਦੂ, ਮੁਸਲਮਾਨ, ਰਾਮਦਾਸੀਏ, ਰਾਧਾ ਸੁਆਮੀ, ਡੇਰਾ ਸੱਚਾ ਸੌਦਾ(ਪ੍ਰੇਮੀ) ਲੋਕ ਸਦਭਾਵਨਾ ਨਾਲ ਰਹਿ ਰਹੇ ਹਨ। ਸਮਾਜ ਸੇਵਾ ਵਾਸਤੇ 6 ਕਲੱਬ ਅਤੇ ਸੁਸਾਇਟੀਆਂ ਹਨ। ਇਸ ਪਿੰਡ ‘ਚੋਂ ਹੁਣ ਤੱਕ ਹਰੀਏ ਵਾਲਾ, ਨਾਥੇ ਵਾਲਾ, ਜਿਉਣ ਵਾਲਾ (ਦੂਜਾ), ਮਾਹਲਾ ਕਲਾਂ,ਹਸਨ ਭੱਟੀਆਦਿ ਪਿੰਡ ਬੱਝ ਚੁੱਕੇ ਹਨ। ਪਿੰਡ ‘ਚ ਬਰਾੜ, ਸਿੱਧੂ, ਸੰਧੂ, ਢਿੱਲੋਂ, ਵਿਰਕ, ਜਟਾਣੇ, ਗਿੱਲ, ਧਾਲੀਵਾਲ, ਕਲੇਰ, ਡਡਿਆਲਾ ਆਦਿ ਵੱਖ-ਵੱਖ ਗੋਤਾਂ ਦੇ ਲੋਕ ਰਹਿ ਰਹੇ ਹਨ। ਪਿੰਡ ‘ਚ 6 ਧਰਮਸ਼ਾਲਾਵਾਂ, 6 ਗੁਰਦੁਆਰੇ ਇਕ ਮੰਦਰ, ਇਕ ਮਸਜਿਦ ਹੈ। ਮਿਸਤਰੀਆਂ ਦੇ ਤਕਰੀਬਨ 110 ਘਰ ਹਨ। ਪਿੰਡ ਦਾ ਸਭ ਤੋਂ ਪੁਰਾਣਾ ਪੜ੍ਹਿਆ ਲਿਖਿਆ ਆਦਮੀ ਸਵ. ਕਿਸ਼ਨ ਸਿੰਘ ਸੀ ਜਿਸ ਨੇ ਤਕਰੀਬਨ 1925-30 ਦੇ ਕਰੀਬ ਰੇਲਵੇ ਦੀ ਸਟੇਸ਼ਨ ਮਾਸਟਰੀ ਦੀ ਨੌਕਰੀ ਕੀਤੀ ਸੀ। ਪਿੰਡ ਦੇ ਘੁੱਲਾ ਸਿੰਘ, ਉਜਾਗਰ ਸਿੰਘ ਜੈਤੋ ਦੇ ਮੋਰਚੇ ਵਿਚ ਸ਼ਹੀਦ ਹੋਏ। ਸਵ.ਦਲੀਪ ਸਿੰਘ ਖੋਸਾ ਸੁਭਾਸ਼ ਚੰਦਰ ਬੋਸ ਦੀ ਆਈ.ਐਨ.ਏ. ਦੀ ਫੌਜ ‘ਚ ਨੌਕਰੀ ਕਰਦਾ ਰਿਹਾ ਹੈ। ਪਿੰਡ ਦੀ ਲੜਕੀ ਕਿਰਨਜੀਤ ਕੌਰ ਮੋਗੇ ਵਿਖੇ ਵਕਾਲਤ ਕਰ ਰਹੀ ਹੈ। ਕੁਲਦੀਪ ਸਿੰਘ ਪੀ.ਏ. ਯੂ. ‘ਚੋਂ ਪਸ਼ੂ ਪਾਲਣ ਵਿਭਾਗ ‘ਚੋਂ ਡਿਪਟੀ ਡਾਇਰੈਕਟਰ ਰਿਟਾਇਰ ਹੋਏ ਹਨ। ਮਿਹਰ ਸਿੰਘ ਸੰਧੂ ਪ੍ਰਿੰਸੀਪਲ ਸਟੇਟ ਐਵਾਰਡੀ ਹਨ। ਸੁਖਵਿੰਦਰ ਸਿੰਘ ਐਮ.ਏ. ਸੋਸ਼ਿਆਲੋਜੀ ‘ਚੋਂ ਯੂਨੀਵਰਸਿਟੀ ‘ਚੋਂ ਪਹਿਲੇ ਸਥਾਨ ‘ਤੇ ਰਿਹਾ ਹੈ। ਪਿੰਡ ਚੋਂ ਜੀਵਨ ਵਾਲਾ, ਲੰਡੇ, ਔਲਖ, ਨਾਥੇ ਵਾਲਾ, ਡੇਮਰੂ ਕਲਾਂ, ਕੋਟ ਸੁਖੀਆ, ਧੂੜਕੋਟ, ਮਾਹਲਾ ਕਲਾਂ ਆਦਿ ਨੂੰ ਰਸਤੇ ਜਾਂਦੇ ਹਨ, ਜਿਨ੍ਹਾਂ ‘ਚੋਂ ਅਜੇ ਕਾਫੀ ਕੱਚੇ ਹਨ ਅਤੇ ਪੱਕਿਆਂ ਦੀ ਹਾਲਤ ਅਤਿ ਤਰਸਯੋਗ ਹੈ। ਗੁਰਬਖਸ਼ਿੰਦ ਸਿੰਘ ਸੈਂਟਰਲ ਜੇਲ੍ਹ ਲੁਧਿਆਣਾ ਵਿਖੇ ਜੇਲ੍ਹ ਸੁਪਰਡੈਂਟ ਹਨ। ਊਧਮ ਸਿੰਘ ਸੈਸ਼ਨ ਜੱਜ ਰਿਟਾਇਰ ਹੋਏ ਹਨ। ਜਸਵੰਤ ਸਿੰਘ ਵਿਜੀਲੈਂਸ ਅਤੇ ਸੀ.ਬੀ.ਆਈ. ਵਿਚੋਂ ਇੰਸਪੈਕਟਰ ਰਿਟਾਇਰ ਹੋਏ ਹਨ। ਜਲੌਰ ਸਿੰਘ ਸਰਕਾਰੀ ਡੇਅਰੀ ਰਿਸਰਚ ਸੈਂਟਰ ਕਰਨਾਲ ‘ਚੋਂ ਸੀਨੀਅਰ ਵਿਗਿਆਨੀ ਰਿਟਾਇਰ ਹੋਏ। ਸੂਬੇਦਾਰ ਅੱਛਰ ਸਿੰਘ ਕਿਸੇ ਸਮੇਂ ਹਾਕੀ ਦੇ ਜਾਦੂਗਰ ਧਿਆਨ ਚੰਦ ਨਾਲ ਹਾਕੀ ਖੇਡਦੇ ਰਹੇ ਹਨ। ਮਾਸਟਰ ਬਿੱਕਰ ਸਿੰਘ ਗੁਰਮੁਖੀ ਲਿੱਪੀ ਦੇ ਭਾਰਤ ਅਤੇ ਦੂਜੇ ਮੁਲਕਾਂ ਦੀਆਂ ਲਿੱਪੀਆਂ ਨਾਲ ਸਬੰਧਾਂ ਬਾਰੇ ਖੋਜ ਕਰ ਰਿਹਾ ਹੈ। ਪਿੰਡ ‘ਚ ਤਕਰੀਬਨ 24-25 ਸਾਲ ਪਹਿਲਾਂ ਜਲ ਘਰ ਬਣਾਇਆ ਗਿਆ ਸੀ ਜੋ ਕਿ ਸਾਲ ਕੁ ਭਰ ਚੱਲ ਕੇ ਚਿੱਟਾ ਹਾਥੀ ਬਣ ਗਿਆ। ਇਸ ਪਿੰਡ ਦੇ ਲੋਕਾਂ ਨੇ ਸ਼ਰਾਬ ਦਾ ਠੇਕਾ ਚੁੱਕਵਾਉਣ ਲਈ ਸੰਘਰਸ਼ ਕੀਤਾ ਅਤੇ ਠੇਕਾ ਪਿੰਡੋਂ ਬਾਹਰ ਕਰਵਾ ਦਿੱਤਾ। ਸਿਹਤ ਸਹੂਲਤਾਂ ਦੇ ਨਾਂ ‘ਤੇ ਸਿਰਫ ਡਿਸਪੈਂਸਰੀ ਹੈ ਜਿਸ ਨੂੰ ਉਧਾਰ ਲਈ ਧਰਮਸ਼ਾਲਾ ਵਿਚ ਚਲਾਇਆ ਜਾ ਰਿਹਾ ਹੈ। ਇਥੇ 40 ਕੁ ਸਾਲ ਪਹਿਲਾਂ ਡਿਸਪੈਂਸਰੀ ਬਣੀ ਸੀ ਜਿਸ ‘ਤੇ ਅੱਜ ਪ੍ਰਵਾਸੀ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਹੈ ਅਤੇ ਇਸ ਬਿਮਾਰ ਡਿਸਪੈਂਸਰੀ ਦੀ ਇਮਾਰਤ ਦੀ ਹਾਲਤ ਬੇਹੱਦ ਖਰਾਬ ਹੋਣ ਕਾਰਨ ਕਿਸੇ ਵੇਲੇ ਵੀ ਹਾਦਸੇ ਦਾ ਕਾਰਨ ਬਣ ਸਕਦੀ ਹੈ। ਪਿੰਡ ‘ਚ ਇਕ ਸਹਿਕਾਰੀ ਬੈਂਕ, ਪੰਜਾਬ ਐਂਡ ਸਿੰਧ ਬੈਂਕ, ਕੋਆਪਰੇਟਿਵ ਸੁਸਾਇਟੀ ਹੈ। ਪਿੰਡ ‘ਚ ਦੋ ਪ੍ਰਾਇਮਰੀ ਸਕੂਲ, ਇਕ ਸਰਕਾਰੀ  ਸੀਨੀਅਰ ਸੈਕੰਡਰੀ ਸਕੂਲ ਹਨ। ਇਥੇ ਦੇ ਜੀ.ਐਨ. ਕਾਨਵੈਂਟ ਸਕੂਲ ਜੋ ਕਿ ਉੱਚ ਪੱਧਰ ਦੇ ਸਕੂਲਾਂ ‘ਚੋਂ ਗਿਣਿਆਂ ਜਾਂਦਾ ਹੈ, ਵਿਚ ਸੀ.ਬੀ.ਐੱਸ.ਈ. ਸਿਲੇਬਸ ਪੜ੍ਹਾਇਆ ਜਾ ਰਿਹਾ ਹੈ। ਦੋ ਪ੍ਰਾਈਵੇਟ ਸਕੂਲ: ਜੀਵਨ ਪਬਲਿਕ ਸਕੂਲ, ਇਕ ਵਿਸ਼ਵਕਰਮਾਂ ਪਬਲਿਕ ਸਕੂਲ ਵੀ ਹਨ। ਕਿਸੇ ਸਮੇਂ ਇਥੋਂ ਪੰਜਾਬ ਰੋਡਵੇਜ਼ ਮੋਗਾ ਡਿੱਪੂ ਦੀ ਸਿੱਧੀ ਚੰਡੀਗੜ੍ਹ ਨੂੰ ਬੱਸ ਜਾਂਦੀ ਹੁੰਦੀ ਸੀ ਜੋ ਅੱਜ ਬੰਦ ਪਈ ਹੈ। ਸਮਾਲਸਰ ਤੋਂ ਫਿਰੋਜ਼ਪੁਰ ਤੱਕ ਜਾਂਦਾ ਫੌਜੀ ਰੋਡ ਇਸ ਪਿੰਡੋਂ ਹੋ ਕੇ ਲੰਘਦਾ ਹੈ। ਇਥੇ ਦੀ ਧਰਤੀ ਹੇਠਲਾ ਪਾਣੀ ਪੀਣਯੋਗ ਨਾ ਹੋਣ ਕਾਰਨ ਇਥੋਂ ਦੇ ਲੋਕ ਪੀਲੀਏ, ਕੈਂਸਰ, ਹੈਪੇਟਾਈਟਸ ਵਰਗੀਆਂ ਭਿਆਨਕ  ਬਿਮਾਰੀਆਂ ਦਾ ਸ਼ਿਕਾਰ ਹਨ। ਹੁਣ ਭਾਂਵੇਂ ਇਥੇ ਆਰ.ਓ.ਵਾਟਰ ਸਿਸਟਮ ਲਗਾਇਆ ਜਾ ਰਿਹਾ ਹੈ। ਪਿੰਡ ਦੀ ਸ਼ਾਮਲਾਟ ਦੀ ਜ਼ਮੀਨ Ð’ਤੇ ਅਨੇਕਾਂ ਲੋਕਾਂ ਵੱਲੋਂ ਕਬਜ਼ਾ ਕੀਤਾ ਹੋਇਆ ਹੈ। ਪਿੰਡ ਦੀਆਂ ਕਾਫੀ ਗਲੀਆਂ ਅਜੇ ਕੱਚੀਆਂ ਹਨ। ਪਿੰਡ ਔਲਖ, ਡੇਮਰੂ ਕਲਾਂ, ਹਰੀਏ ਵਾਲਾ ਨੂੰ ਜਾਂਦੇ ਰਸਤੇ ਅਜੇ ਵੀ ਕੱਚੇ ਹਨ। ਇਥੋਂ ਜੀਵਨ ਵਾਲਾ ਨੂੂੰ ਜਾਣ ਵਾਲੀ ਲਿੰਕ ਰੋਡ ‘ਤੇ ਪੈਂਦੀ ਲੰਗੇਆਣਾ ਡਰੇਨ ਉੱਤੇ ਅਜੇ ਤੱਕ ਪੁਲ ਨਹੀਂ ਬਣਿਆ ਜਿਸ ਕਾਰਨ ਬਾਰਸ਼ਾਂ ਵਿਚ ਇਹ ਰਸਤਾ ਲੰਬਾ ਸਮਾਂ ਬੰਦ ਰਹਿੰਦਾ ਹੈ। ਮਾਤਾ ਹਰਪਾਲ ਕੌਰ (104 ਸਾਲ) ਬਜ਼ੁਰਗ ਔਰਤ ਹਨ। ਮਿਸਤਰੀ ਸੁੱਚਾ ਸਿੰਘ (100) ਸਭ ਤੋਂ ਪੁਰਾਣੇ ਮਿਸਤਰੀ ਹਨ। ਭਾਗ ਸਿੰਘ, ਇਕਬਾਲ ਸਿੰਘ, ਮੇਜਰ ਸਿੰਘ, ਨਛੱਤਰ ਸਿੰਘ, ਕਰਮਜੀਤ ਸਿੰਘ, ਸਾਧੂ ਸਿੰਘ, ਨੰਬਰਦਾਰ ਹਨ। ਬੀਬੀ ਗੁਰਪਿੰਦਰ ਕੌਰ ਪਿੰਡ ਦੇ ਸਰਪੰਚ ਹਨ। ਡਾ. ਰਾਜਵੀਰ ਭਲੂਰੀਆ, ਬੇਅੰਤ ਗਿੱਲ, ਕਰਮਜੀਤ ਸਿੰਘ ਧਾਲੀਵਾਲ ਪੰਜਾਬੀ ਅਖਬਾਰਾਂ ਦੇ ਪੱਤਰਕਾਰ ਹਨ। ਇਹ ਪਿੰਡ ਕਿਸੇ ਵੀ ਸ਼ਹਿਰ ਤੋਂ ਲਗਪਗ 20 ਕਿਲੋਮੀਟਰ ਦੂਰ ਹੋਣ ਕਾਰਨ ਇਥੇ ਲੜਕੀਆਂ  ਲਈ ਡਿਗਰੀ ਕਾਲਜ, ਨਰਸਿੰਗ ਕਾਲਜ, ਐਜੂਕੇਸ਼ਨ ਕਾਲਜ ਦੀ ਲੋੜ ਹੈ। ਖੁਦਾਈ ਦੇ ਸਿੱਕਿਆਂ ਵੇਲੇ ਇਸ ਪਿੰਡ ਦੀ ਵਿਸ਼ਵ ਪੱਧਰ ਤੱਕ ਹੋਂਦ ਬਣੀ ਰਹੀ ਹੈ।
* ਮੋਬਾਈਲ: 94175-35916


Comments Off on ਭਲੂਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.