ਮੁਕਾਬਲੇ ਵਿੱਚ ਜੈਸ਼-ਏ-ਮੁਹੰਮਦ ਦਾ ਕਮਾਂਡਰ ਹਲਾਕ !    ਤੁਰਕੀ ਬੰਬ ਹਮਲੇ ’ਚ ਪੰਜ ਹਲਾਕ !    ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਵਿਹਲੇ ਸਮੇਂ ਕਿਤਾਬਾਂ ਪੜ੍ਹਨਾ ਉੱਤਮ ਰੁਝੇਵਾਂ !    ਪੁਣੇ ’ਚ ਅੱਠ ਦੀ ਮੌਤ, ਮ੍ਰਿਤਕਾਂ ਦੀ ਗਿਣਤੀ 16 ਹੋਈ !    ਵਿਦਿਆਰਥੀਆਂ ’ਚ ਮੁਕਾਬਲੇ ਦੀ ਭਾਵਨਾ ਪੈਦਾ ਕਰਨੀ ਜ਼ਰੂਰੀ !    ਕਰੋਨਾ ਬਨਾਮ ਸਾਡਾ ਨਿੱਘਰ ਰਿਹਾ ਸਮਾਜਿਕ ਢਾਂਚਾ !    ਸੁਲਤਾਨਪੁਰ ਲੋਧੀ ਹਸਪਤਾਲ ’ਚੋਂ ਸਰਕਾਰ ਨੇ ਵੈਂਟੀਲੇਟਰ ‘ਚੁੱਕੇ’ !    ਜਹਾਂਗੀਰ ਵਾਸੀਆਂ ਦੀ ਪਹਿਲਕਦਮੀ: ਆਪਣਿਆਂ ਵੱਲੋਂ ਨਕਾਰਿਆਂ ਦੀ ਅਰਥੀ ਨੂੰ ਦੇਣਗੇ ਮੋਢਾ !    ਪਰਵਾਸੀ ਔਰਤ ਦੇ ਸਸਕਾਰ ਲਈ ਸ਼ਮਸ਼ਾਨ ਦੇ ਬੂਹੇ ਕੀਤੇ ਬੰਦ !    

ਥੋੜ੍ਹੀ ਜ਼ਮੀਨ ਵਿਚੋਂ ਬਹੁਤਾ ਫ਼ਾਇਦਾ ਕਿਵੇਂ ਲਈਏ…

Posted On July - 30 - 2011

ਉੱਦਮ ਅੱਗੇ ਲੱਛਮੀ ਪੱਖੇ ਅੱਗੇ ਪੌਣ

ਬੇਮੌਸਮੀ ਸਬਜ਼ੀ ਦੀ ਪਨੀਰੀ ਲਾਉਂਦਾ ਹੋਇਆ ਕਿਸਾਨ , ਪਿੱਛੇ ਦੇਸੀ ਤਰੀਕੇ ਨਾਲ ਬਣਾਏ ਨੈੱਟ ਹਾਊਸ ਨਜ਼ਰ ਆ ਰਹੇ ਹਨ

ਅਵਤਾਰ ਸਿੰਘ ਸੈਣੀ

ਖੇਤੀਬਾੜੀ ਪਿਤਾ ਪੁਰਖੀ ਧੰਦਾ ਹੋਣ ਕਾਰਨ ਬਪਚਨ ਤੋਂ ਹੀ ਮੈਨੂੰ ਖੇਤੀਬਾੜੀ ਦੇ ਕਿੱਤੇ ਵਿਚ ਬਹੁਤ ਦਿਲਚਸਪੀ ਸੀ। ਪਿਤਾ ਸ. ਬੀਰ ਸਿੰਘ ਨਾਲ ਖੇਤੀ ਕੰਮਾਂ ਵਿਚ ਹੱਥ ਵਟਾਉਂਦਿਆਂ 1975 ਵਿਚ ਸਰਕਾਰੀ ਹਾਈ ਸਕੂਲ, ਮਲੋਆ (ਚੰਡੀਗੜ੍ਹ) ਤੋਂ ਸਕੂਲ ਵਿਚ ਪਹਿਲੇ ਸਥਾਨ ’ਤੇ ਰਹਿ ਕੇ ਦਸਵੀਂ ਪਾਸ ਕੀਤੀ ਅਤੇ 1976 ਵਿਚ ਆਈ.ਟੀ.ਆਈ. ਚੰਡੀਗੜ੍ਹ ਤੋਂ ਅੰਗਰੇਜ਼ੀ ਦੀ ਸਟੈਨੋਗਰਾਫੀ ਕਰਕੇ ਸਤੰਬਰ 1976 ਵਿਚ ਹੀ ਪੰਜਾਬ ਰਾਜ ਬਿਜਲੀ ਬੋਰਡ ਵਿਚ ਨੌਕਰੀ ਆਰੰਭੀ। ਨੌਕਰੀ ਦੇ ਨਾਲ-ਨਾਲ ਅੱਗੇ ਪੜ੍ਹਾਈ ਨੂੰ ਜਾਰੀ ਰੱਖਦਿਆਂ ਦੂਜੇ ਦਰਜੇ ਵਿਚ ਬੀ.ਏ., ਪ੍ਰਸਨਲ ਮੈਨੇਜਮੈਂਟ ਅਤੇ ਮਾਰਕੀਟਿੰਗ ਮੈਨੇਜਮੈਂਟ ਦੀ ਡਿਗਰੀ ਹਾਸਲ ਕੀਤੀ। ਪਿਛਲੇ 34 ਸਾਲਾਂ ਤੋਂ ਪੰਜਾਬ ਦੇ ਵੱਖ-ਵੱਖ 12 ਵਿਭਾਗਾਂ ਵਿਚ ਸੇਵਾ ਕੀਤੀ ਅਤੇ ਅੱਜ-ਕੱਲ੍ਹ ਪੰਜਾਬ ਵਿੱਤ ਨਿਗਮ ਵਿਚ ਬਤੌਰ ਨਿੱਜੀ ਸਕੱਤਰ ਕੰਮ ਕਰ ਰਿਹਾ ਹਾਂ।
1999 ਵਿਚ ਪੰਜਾਬ ਸਰਕਾਰ ਵੱਲੋਂ ਆਨੰਦਗੜ੍ਹ ਨਾਂ ਦਾ ਇਕ ਨਵਾਂ ਸ਼ਹਿਰ ਬਣਾਉਣ ਲਈ ਮੇਰੇ ਪਿੰਡ ਦੀ ਜ਼ਮੀਨ ਪ੍ਰਾਪਤ ਕਰਨ ਲਈ ਸਰਕਾਰੀ ਕਾਰਵਾਈ ਨੇ ਮੇਰਾ ਮਿੱਟੀ ਦਾ ਮੋਹ ਬਹੁਤ ਹੀ ਜ਼ਿਆਦਾ ਉਜਾਗਰ ਕਰ ਦਿੱਤਾ। ਮੈਂ ਆਪਣੀ ਤਿੰਨ ਏਕੜ ਜ਼ਮੀਨ ਵਿਚੋਂ ਸਵਾ ਦੋ ਏਕੜ ਵਿਚ ਪਾਪੂਲਰ ਦੀ ਖੇਤੀ ਸ਼ੁਰੂ ਕਰ ਦਿੱਤੀ। ਸੰਨ 2000 ਵਿਚ ਪਾਪੂਲਰ ਦੀ ਲੱਕੜ ਦੀਆਂ ਕੀਮਤਾਂ ਜ਼ਮੀਨ ਨੂੰ ਛੂਹ ਗਈਆਂ। ਮੇਰੇ ਪਿਤਾ ਅਤੇ ਭਰਾਵਾਂ ਨੇ ਬਹੁਤ ਨਾਰਾਜ਼ਗੀ ਦਿਖਾਈ। ਪਰ ਮੈਂ ਬਹੁਤ ਹੀ ਕਠਿਨਾਈ ਨਾਲ ਪਾਪੂਲਰ ਦੀ ਕਾਸ਼ਤ ਕੀਤੀ। ਮੰਡੀ ਅਤੇ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਨਾਲ ਗੱਲਬਾਤ ਕਰਦਿਆਂ 2006 ਵਿਚ ਆਪਣੇ ਪਾਪੂਲਰ ਦੀ ਆਪ ਕਟਵਾਈ ਕਰਾਈ ਅਤੇ ਯਮੁਨਾਨਗਰ ਵਿਖੇ ਆਪ ਵੇਚ ਕੇ ਪੰਜ ਲੱਖ ਰੁਪਏ ਵੱਟ ਕੇ ਆਪਣੇ ਮਾਤਾ-ਪਿਤਾ ਅਤੇ ਭਰਾਵਾਂ ਨੂੰ ਸਵਾ-ਸਵਾ ਲੱਖ ਰੁਪਏ ਵੰਡੇ।

ਅਵਤਾਰ ਸਿੰਘ ਸੈਣੀ

2005 ਵਿਚ ਮੈਂ ਦੋ ਕਨਾਲ ਵਿਚ ਸ਼ੈੱਡ ਬਣਾ ਕੇ ਗੰਡੋਇਆਂ ਦੀ ਖਾਦ ਤਿਆਰ ਕਰਨੀ ਸ਼ੁਰੂ ਕੀਤੀ। ਫਿਰ ਸਾਰੇ ਪਰਿਵਾਰ ਅਤੇ ਇਲਾਕੇ ਦੇ ਸੱਜਣਾਂ ਤੋਂ ਖੂਬ ਬੇਇੱਜ਼ਤੀ ਕਰਵਾਈ। ਪੜ੍ਹਿਆ-ਲਿਖਿਆ ਮੂਰਖ ਅਖਵਾਇਆ। ਲੋਕ ਆਖਦੇ ਸਨ, ‘‘ਵੇਖ ਜੱਟ ਦੀ ਅਕਲ ਗਈ, ਮੱਝ ਵੇਚ ਕੇ ਘੋੜੀ ਲਈ, ਦੁੱਧ ਪੀਣ ਤੋਂ ਗਿਆ ਤੇ ਲਿੱਦ ਚੁੱਕਣੀ ਪਈ।’’
ਪਰ ਮੈਨੂੰ ਵਿਸ਼ਵਾਸ ਸੀ ਕਿ ਮੈਂ ਸਮੇਂ ਦੇ ਨਾਲ ਬਦਲ ਕੇ ਇਕ ਅਗਾਂਹਵਧੂ ਕਿਸਾਨ ਜ਼ਰੂਰ ਬਣਾਂਗਾ। ਸਾਲ ਤੋਂ ਬਾਅਦ ਜਦੋਂ ਮੈਨੂੰ 300 ਕੁਇੰਟਲ ਗੰਡੋਇਆ ਖਾਦ ਦਾ ਹਿਮਾਚਲ ਪ੍ਰਦੇਸ਼ ਦੇ ਬਾਗਬਾਨੀ ਵਿਭਾਗ ਕਿਨੌਰ ਤੋਂ ਆਰਡਰ ਮਿਲਿਆ ਤਾਂ ਆਂਢੀ-ਗੁਆਂਢੀ ਹੈਰਾਨ ਹੋਣ ਲੱਗੇ। ਪਾਪੂਲਰ ਦੀ ਖੇਤੀ ਤੋਂ ਕਾਫੀ ਮੁਨਾਫਾ ਕਮਾਉਣ ਤੋਂ ਬਾਅਦ ਇਹ ਮੇਰੀ ਦੂਸਰੀ ਸਫਲਤਾ ਸੀ। ਫਿਰ ਨਾ ਹੀ ਲੋਕਾਂ ਦੇ ਤਾਅਨਿਆਂ ਦੀ ਪ੍ਰਵਾਹ ਕੀਤੀ ਤੇ ਨਾ ਹੀ ਪਿੱਛੇ ਮੁੜ ਕੇ ਵੇਖਿਆ। ਹੁਣ ਮੈਂ ਆਪਣੇ ਫਾਰਮ ਦੀ ਖਾਦ ਤੋਂ ਇਲਾਵਾ ਚਾਰ-ਪੰਜ ਹੋਰ ਕਿਸਾਨਾਂ ਦੁਆਰਾ ਪੈਦਾ ਕੀਤੀ ਖਾਦ ਵੀ ਵੇਚ ਦਿੰਦਾ ਹਾਂ। ਉਨ੍ਹਾਂ ਦੀ ਆਮਦਨ ਵਿਚ ਵੀ ਵਾਧਾ ਕਰਵਾ ਰਿਹਾ ਹਾਂ।
ਖੇਤਾਂ ਦੀ ਵਹਾਈ ਵਾਸਤੇ 95000 ਰੁਪਏ ਦਾ ਪਾਵਰ ਟਿੱਲਰ ਖਰੀਦ ਕੇ ਕਿਫਾਇਤ ਨਾਲ ਜ਼ਮੀਨ ਦੀ ਵਾਹ-ਵਹਾਈ ਆਰੰਭੀ। ਇੰਨਾ ਸਸਤਾ ਕਿ 50 ਰੁਪਏ  ਵਿਚ ਇਹ ਇਕ ਏਕੜ ਤਿਆਰ ਕਰ ਕੇ ਬਿਜਾਈ ਕਰ ਦਿੰਦਾ। ਜਾਲੀਦਾਰ ਘਰਾਂ ਦੀ ਵਹਾਈ ਅਤੇ ਬਹੁ-ਫਸਲੀ ਪ੍ਰਣਾਲੀ ਲਈ ਇਹ ਪਾਵਰ ਟਿੱਲਰ ਮੇਰੇ ਲਈ ਬਹੁਤ ਹੀ ਵਰਦਾਨ ਸਿੱਧ ਹੋਇਆ।
ਫਸਲੀ ਵਿਭਿੰਨਤਾ ਵੱਲ ਕਦਮ ਉਠਾਇਆ। ਖੇਤੀਬਾੜੀ ਮਹਿਕਮੇ ਦੇ ਮਾਹਿਰ ਡਾਕਟਰ ਰਾਹੇਜਾ ਦੀ ਅਗਵਾਈ ਹੇਠ ਇਕ ਏਕੜ ਜ਼ਮੀਨ ਠੇਕੇ ’ਤੇ ਲੈ ਕੇ ਕੁਆਰ ਗੰਦਲ (ਐਲੋਵੇਰਾ) ਦੀ ਖੇਤੀ ਕੀਤੀ। ਜਦੋਂ ਲੋਕ ਮੇਰੇ ਖੇਤ ਕੋਲੋਂ ਲੰਘਦੇ ਤਾਂ ਮਜ਼ਾਕ ਕਰਦੇ। ਜਦੋਂ ਇਕ ਸਾਲ ਬਾਅਦ ਮਲੇਰਕੋਟਲਾ ਦੇ ਦਵਾਈਆਂ ਬਣਾਉਣ ਵਾਲੇ ਉਦਯੋਗ ਦੀ ਗੱਡੀ ਕੁਆਰ ਗੰਦਲ ਦੇ ਪੱਠੇ ਲੈਣ ਲਈ ਆਉਣਾ ਸ਼ੁਰੂ ਹੋਈ ਫਿਰ ਮਜ਼ਾਕੀਆਂ ਨੂੰ ਨਿੰਮੋਝੂਣਾ ਹੁੰਦਿਆਂ ਵੇਖ ਕੇ ਮੈਂ ਮਜ਼ਾਕ ਕਰਨਾ ਸ਼ੁਰੂ ਕੀਤਾ। ਇਕ ਏਕੜ ਤੋਂ ਇਕ ਲੱਖ ਰੁਪਏ ਦਾ ਸ਼ੁੱਧ ਮੁਨਾਫਾ ਕਮਾਇਆ।
ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਦੀ ਸਲਾਹ ਨਾਲ ਇਕ ਏਕੜ ਵਿਚ ਹਲਦੀ ਦੀ ਕਾਸ਼ਤ ਸ਼ੁਰੂ ਕੀਤੀ। ਇਸ ਦੀ ਸਾਰੀ ਪ੍ਰਾਸੈਸਿੰਗ ਆਪ ਕਰਕੇ ਖਪਤਕਾਰਾਂ ਤਕ ਪਹੁੰਚਾਣ ਤਕ ਦਾ ਉੱਦਮ ਆਪ ਕਰ ਰਿਹਾ ਹਾਂ। ਹੁਣ ਮੇਰੀ ਹਲਦੀ ਕਾਫੀ ਲੋਕ ਖਰੀਦਦੇ ਹਨ ਅਤੇ ਮੈਂ ਇਕ ਏਕੜ ਵਿਚੋਂ 1.5 ਲੱਖ ਰੁਪਏ ਦਾ ਸ਼ੁੱਧ ਲਾਭ ਕਮਾ ਰਿਹਾ ਹਾਂ। ਜਦੋਂ ਲੋਕ ਇਸ ਦੀ ਲਿਫਾਫੇਬੰਦੀ ਨੂੰ ਅੰਤਰਰਾਸ਼ਟਰੀ ਪੱਧਰ ਦੀ ਆਖ ਕੇ ਤਾਰੀਫ ਕਰਦੇ ਹਨ ਤਾਂ ਮਨ ਬਹੁਤ ਖੁਸ਼ ਹੁੰਦਾ ਹੈ।
ਖੇਤੀਬਾੜੀ ਯੂਨੀਵਰਸਿਟੀ ਵੱਲੋਂ ਈਜਾਦ ਕੀਤੇ ਜਾਲੀਦਾਰ ਘਰਾਂ ਨੂੰ ਆਪਣੇ ਫਾਰਮ ਵਿਚ ਲਗਾਇਆ। ਇਨ੍ਹਾਂ ਜਾਲੀਦਾਰ ਘਰਾਂ ਵਿਚ ਬੇਮੌਸਮੀ ਟਮਾਟਰ, ਖੀਰਾ ਅਤੇ ਸ਼ਿਮਲਾ ਮਿਰਚ ਦੀ ਕਾਸ਼ਤ ਕੀਤੀ ਜਾ ਰਹੀ ਹੈ। ਡੇਢ ਕਨਾਲ ਦੇ ਦੋ ਜਾਲੀਦਾਰ ਘਰਾਂ ਤੋਂ ਤਕਰੀਬਨ 75000 ਰੁਪਏ ਸਾਲਾਨਾ ਦੀ ਆਮਦਨ ਕਰ ਰਿਹਾ ਹਾਂ। ਇਸ ਸਾਲ ਇਕ ਜਾਲੀਦਾਰ ਘਰ ਵਿਚ ਅਗਸਤ ਦੇ ਮਹੀਨੇ ਖੀਰੇ ਦੀ ਖੇਤੀ ਕਰਨ ਦੀ ਤਜਵੀਜ਼ ਹੈ ਜੋ ਕਿ ਬੇਮੌਸਮੀ ਹੋਵੇਗਾ ਅਤੇ ਆਮ ਖੀਰੇ ਦੀ ਫਸਲ ਤੋਂ ਦੁੱਗਣੀ ਪੈਦਾਵਾਰ ਦੇਵੇਗਾ। ਇਸ ਲਈ ਨਾਮਧਾਰੀ ਕੰਪਨੀ ਤੋਂ ਬੀਜ ਪ੍ਰਾਪਤ ਕਰ ਲਿਆ ਗਿਆ ਹੈ। ਇਕ ਬੀਜ ਦਾ ਮੁੱਲ ਤਕਰੀਬਨ ਚਾਰ ਰੁਪਏ ਹੈ।
ਟਮਾਟਰ ਕਿਸਾਨ ਮੰਡੀ ਵਿਚ ਉਚੇਰੇ ਭਾਅ ’ਤੇ ਵੇਚਦਾ ਹਾਂ ਅਤੇ ਜਦੋਂ ਪੰਜ ਰੁਪਏ ਤੋਂ ਘੱਟ ਮੰਡੀ ਵਿਚ ਟਮਾਟਰ ਦਾ ਭਾਅ ਗਿਰ ਜਾਂਦਾ ਹੈ ਤਾਂ ਉਸ ਦੀ ਪ੍ਰਾਸੈਸਿੰਗ ਕਰਕੇ ਪਿਊਰੀ ਅਤੇ ਚਟਣੀ ਬਣਾ ਕੇ ਬੋਤਲਬੰਦ ਕਰ ਲੈਂਦਾ ਹਾਂ ਅਤੇ ਆਪਣੇ ਨਿੱਜੀ ਗਾਹਕਾਂ ਕੋਲ ਅੱਛੇ ਭਾਅ ’ਤੇ ਵੇਚ ਦਿੱਤਾ ਜਾਂਦਾ ਹੈ।
ਇਸੇ ਤਰ੍ਹਾਂ ਖੇਤੀਬਾੜੀ ਯੂਨੀਵਰਸਿਟੀ ਦੇ ਊਰਜਾ ਵਿਭਾਗ ਤੋਂ ਦੋ ਸੂਰਜੀ ਊਰਜਾ ਨਾਲ ਸਬਜ਼ੀਆਂ ਸੁਕਾਉਣ ਵਾਲੇ ਯੰਤਰ ਖਰੀਦੇ ਹਨ ਜਿਨ੍ਹਾਂ ਵਿਚ ਮੇਥੀ, ਧਨੀਆ, ਸਾਗ, ਪੁਦੀਨਾ, ਗੋਭੀ, ਗੁਲਾਬ ਦੇ ਫੁੱਲ, ਅੰਬਚੂਰ ਆਦਿ ਸੁਕਾਇਆ ਜਾਂਦਾ ਹੈ ਅਤੇ ਮੰਡੀ ਵਿਚ ਚੰਗੇ ਭਾਅ ’ਤੇ ਵੇਚ ਰਿਹਾ ਹਾਂ।
ਮੈਂ ਖੇਤ ਵਿਚ ਇਕ ਫੁੱਟ ਦੀ ਜਗ੍ਹਾ ਖਾਲੀ ਨਹੀਂ ਰੱਖਦਾ। ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਘਰ ਦੀ ਖਪਤ ਲਈ ਹਰੀਆਂ ਸਬਜ਼ੀਆਂ ਅਤੇ ਫਲ ਆਪਣੇ ਖੇਤ ਵਿਚ ਹੀ ਤਿਆਰ ਕੀਤਾ ਜਾਵੇ। ਪਪੀਤਾ, ਨਾਸ਼ਪਤੀ, ਨਿੰਬੂ, ਅਮਰੂਦ, ਕੇਲਾ, ਕਿੰਨੂ, ਕਟਲ, ਚੀਕੂ, ਆਂਵਲਾ, ਬਿਲ ਚਕੋਤਰਾ ਆਦਿ ਦੇ ਰੁੱਖ ਫਲ ਦੇ ਰਹੇ ਹਨ। ਖੇਤੀ ਉਪਯੋਗ ਲਈ ਬਾਂਸ ਦੇ ਬੂਟੇ ਵੀ ਲਗਾਏ ਹਨ। ਇਮਾਰਤੀ ਲੱਕੜ ਅਤੇ ਬਾਲਣ ਲਈ ਧਰੇਕ ਅਤੇ ਸੁਬਾਬੂਲ ਦੇ ਕੁਝ ਬੂਟੇ ਉਚਿਤ ਜਗ੍ਹਾ ’ਤੇ ਲਗਾਏ ਹੋਏ ਹਨ ਜੋ ਕਿ ਹਲਦੀ ਉਬਾਲਣ ਅਤੇ ਮਜਦੂਰਾਂ ਦੀ ਰਸੋਈ ਲਈ ਬਹੁਤ ਲਾਹੇਵੰਦ ਹਨ।
ਫਸਲ ਵਿਭਿੰਨਤਾ ਵਿਚ ਲਸਣ ਦੀ ਖੇਤੀ ਵੀ ਸ਼ੁਰੂ ਕੀਤੀ ਜੋ ਕਿ ਕਾਫੀ ਲਾਹੇਵੰਦ ਹੈ।
ਸਾਲ 2008-09 ਵਿਚ ਚਾਰ ਕਨਾਲ ਜਗ੍ਹਾ ਵਿਚ ਸਬਜ਼ੀਆਂ ਦੀ ਬਹੁਫਸਲੀ ਖੇਤੀ ਕੀਤੀ ਜਿਸ ਵਿਚੋਂ 75000 ਰੁਪਏ ਦਾ ਨਫਾ ਕਮਾਇਆ। ਇਸ ਅਧੀਨ ਕੱਦੂ ਦੀਆਂ ਵੇਲਾ ਲਗਾਈਆਂ। ਵਿਚਕਾਰ ਦੋ-ਦੋ ਲਾਈਨਾਂ ਮਿਰਚ ਦੀਆਂ ਲਗਾਈਆਂ। ਅਗਸਤ ਵਿਚ ਫਿਰ ਖਾਲੀ ਜਗ੍ਹਾ ਵਿਚ ਲੰਬੀ ਬੈਂਗਣੀ ਬੀਜੀ ਗਈ। ਕੱਦੂ ਦੀਆਂ ਵੇਲਾਂ ਅਗਸਤ ਵਿਚ ਖਤਮ ਹੋ ਗਈਆਂ ਫਿਰ ਉਸ ਖਾਲੀ ਜਗ੍ਹਾ ਵਿਚ ਬਰਸਾਤੀ ਪਿਆਜ਼ ਲਗਾਇਆ ਗਿਆ।
‘ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ।।’ ਪਾਣੀ ਦੇ ਸਦਉਪਯੋਗ ਲਈ ਪੰਜਾਬ ਸਰਕਾਰ ਬਹੁਤ ਉਪਰਾਲੇ ਕਰ ਰਹੀ ਹੈ। 75 ਪ੍ਰਤੀਸ਼ਤ ਸਬਸਿਡੀ ਕਿਸਾਨਾਂ ਨੂੰ ਦੇ ਰਹੀ ਹੈ। ਇਸ ਸਕੀਮ ਅਨੁਸਾਰ ਮੈਂ ਆਪਣੇ ਦੋ ਏਕੜ ਵਿਚ ਤੁਪਕਾ ਸਿਸਟਮ ਲਗਵਾ ਕੇ ਉਪਜ ਵਿਚ ਚੋਖਾ ਵਾਧਾ ਪਾ ਰਿਹਾ ਹਾਂ ਅਤੇ ਮਜ਼ਦੂਰੀ ਵਿਚ ਕਾਫੀ ਕਿਫਾਇਤ ਕਰ ਰਿਹਾ ਹਾਂ।
ਧਰਤੀ ਮਾਤਾ ਦੀ ਵਿਗੜ ਰਹੀ ਸਿਹਤ ਨੂੰ ਸੁਧਾਰਨ ਲਈ ਪੁਰਜ਼ੋਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਜ਼ਿਆਦਾਤਰ ਗੰਡੋਇਆਂ ਦੀ ਖਾਦ ਵਰਤੀ ਜਾਂਦੀ ਹੈ। ਜੈਵਿਕ ਤਰੀਕੇ ਨਾਲ ਕੀਟਨਾਸ਼ਕ ਤਿਆਰ ਕੀਤੇ ਜਾਂਦੇ ਹਨ ਜਿਸ ਵਿਚ ਨਿੰਮ, ਪਹਾੜੀ ਅੱਕ, ਧਤੂਰਾ, ਲਸਣ, ਲੱਸੀ ਆਦਿ ਨੂੰ ਇਕ ਡਰੰਮ ਵਿਚ 45 ਦਿਨ ਰੱਖ ਕੇ ਮਿਸ਼ਰਣ ਤਿਆਰ ਕੀਤਾ ਜਾਂਦਾ ਹੈ ਜਿਸ ਦਾ ਸਮੇਂ-ਸਮੇਂ ਅਨੁਸਾਰ ਫਸਲਾਂ ’ਤੇ ਛਿੜਕਾਅ ਕੀਤਾ ਜਾਂਦਾ ਹੈ। ਇਸ ਤੋਂ ਕਾਫੀ ਚੰਗੇ ਨਤੀਜੇ ਵੇਖੇ ਜਾ ਸਕਦੇ ਹਨ। ਰੋਗ ਫੈਲਾਉਣ ਵਾਲੀਆਂ ਮੱਖੀਆਂ ਨੂੰ ਕੰਟਰੋਲ ਕਰਨ ਲਈ ਫੈਰੋਮੈਨ ਟਰੈਪ ਵਰਤੇ ਜਾਂਦੇ ਹਨ ਤਾਂ ਕਿ ਫਸਲਾਂ ਤੇ ਰਸਾਇਣਕ ਜ਼ਹਿਰਾਂ ਦੇ ਛਿੜਕਾਅ ਦੀ ਘੱਟ ਤੋਂ ਘੱਟ ਲੋੜ ਪਵੇ। ਸੀ.ਆਈ.ਐਸ.ਐਚ. ਲਖਨਊ ਤੋਂ ਬਾਇਓਡਾਇਨਮਿਕ ਖੇਤੀ ਦੀ ਸਿਖਲਾਈ ਲੈ ਕੇ ਆਪਣੇ ਖੇਤਾਂ ਵਿਚ ਪ੍ਰਣਾਲੀ ਨੂੰ ਅਪਣਾ ਰਿਹਾ ਹਾਂ ਜਿਸ ਵਿਚ ਗਾਂ ਦੇ ਸਿੰਗਾਂ ਵਿਚ ਤਿਆਰ ਕੀਤੀ ਖਾਦ, ਸਿਲਕਾ ਪਾਊਡਰ, ਸੀ.ਪੀ.ਪੀ. ਵਰਮੀ ਵਾਸ਼ ਤਿਆਰ ਕੀਤਾ ਜਾਂਦਾ ਹੈ।
ਖੇਤਾਂ ਵਿਚ ਪੈਦਾ ਹੋਏ ਜੈਵਿਕ ਮਾਦੇ ਨੂੰ, ਜਿਸ ਨੂੰ ਲੋਕ ਸਾੜ ਦਿੰਦੇ ਹਨ, ਵਿਧੀ ਅਨੁਸਾਰ ਇਕੱਠਾ ਕਰਕੇ ਜੈਵਿਕ ਖਾਦ ਤਿਆਰ ਕੀਤੀ ਜਾਂਦੀ ਹੈ। ਝੋਨੇ ਦੀ ਪਰਾਲੀ ਨੂੰ ਸਬਜ਼ੀਆਂ ਅਤੇ ਹਲਦੀ ਦੀ ਮਲਚਿੰਗ ਲਈ ਵਰਤਿਆ ਜਾਂਦਾ ਹੈ।
ਅਗਾਂਹਵਧੂ ਖੇਤੀ ਕਰਨ ਲਈ ਆਪਣੇ ਗਿਆਨ ਵਿਚ ਵਾਧਾ ਕਰਨਾ ਬਹੁਤ ਹੀ ਜ਼ਰੂਰੀ ਹੈ। ਖੇਤੀਬਾੜੀ ਮੇਲਿਆਂ, ਅਗਾਂਹਵਧੂ ਕਿਸਾਨਾਂ, ਯੂਨੀਵਰਸਿਟੀਆਂ ਅਤੇ ਖੋਜ ਕੇਂਦਰਾਂ ਦਾ ਦੌਰਾ ਕਰਨਾ ਮੇਰਾ ਸ਼ੁਗਲ ਹੈ। ਨੈਸ਼ਨਲ ਹਾਰਟੀਕਲਚਰ ਸੈਂਟਰ ਪੂਨਾ, ਇੰਸਟੀਚਿਊਟ ਆਫ ਮਾਈਕਰੋ ਟੈਕਨਾਲੋਜੀ ਪੂਨਾ, ਭਾਰਤੀ ਬਾਗਬਾਨੀ ਖੋਜ ਸੰਸਥਾ ਬੰਗਲੌਰ, ਆਈ.ਐਚ.ਬੀ. ਟੀ., ਪਾਲਮਪੁਰ ਪਾਮੇਤੀ ,ਲੁਧਿਆਣਾ, ਖੁੰਬਾਂ ਦੀ ਕਾਸ਼ਤ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਜਾਲੀਦਾਰ ਘਰਾਂ ਦੀ ਜਾਣਕਾਰੀ ਲਈ ਪੂਸਾ ਇੰਡੋ-ਇਜ਼ਰਾਈਲ ਪ੍ਰਾਜੈਕਟ ਨਵੀਂ ਦਿੱਲੀ ਆਦਿ ਵਿਚ ਮੈਂ ਹਫਤੇ-ਹਫਦਤ ਦੇ ਕੋਰਸ ਕਰ ਚੁੱਕਾ ਹਾਂ, ਜਿਸ ਨਾਲ ਖੇਤੀ ਨੂੰ ਆਧੁਨਿਕ ਅਤੇ ਅਗਾਂਹਵਧੂ ਤਰੀਕੇ ਨਾਲ ਚਲਾਉਣ ਲਈ ਬਹੁਤ ਉਤਸ਼ਾਹ ਮਿਲਿਆ। ਆਪਣੇ ਨਾਲ ਮੈਂ 8-10 ਕਿਸਾਨਾਂ ਨੂੰ ਵੀ ਲੈ ਜਾਂਦਾ ਹਾਂ ਅਤੇ ਖਰਚੇ ਦਾ ਪ੍ਰਬੰਧ ਪੰਜਾਬ ਖੇਤੀਬਾੜੀ ਵਿਭਾਗ, ਨਬਾਰਡ, ਮੰਡੀਬੋਰਡ ਪੰਜਾਬ ਅਤੇ ਆਪਣੇ ਕਲੱਬ ਦੇ ਖਾਤੇ ਤੋਂ ਕਰ ਲੈਂਦਾ ਹਾਂ।
ਪਿੰਡ ਤੀੜਾ ਅਤੇ ਸੰਗਾਲਾਂ ਦੇ ਜ਼ਿਮੀਦਾਰਾਂ ਅਤੇ ਆਮ ਜਨਤਾ ਦੀ ਭਲਾਈ ਲਈ ਅਕਾਲ ਸਹਾਇ ਫਾਰਮਜ਼ ਕਲੱਬ ਦਾ ਗਠਨ ਕੀਤਾ। ਇਹ ਕਲੱਬ ਨਾਬਾਰਡ ਤੋਂ ਮਾਨਤਾ ਪ੍ਰਾਪਤ ਹੈ। ਇਸ ਅਧੀਨ ਜ਼ਿਮੀਦਾਰਾਂ ਨੂੰ ਚੰਗੇ ਬੀਜ, ਸਿਖਲਾਈ, ਚੰਗੇ ਕਿਸਾਨਾਂ ਦੇ ਫਾਰਮਾਂ ਦਾ ਦੌਰਾ ਆਦਿ ਦਾ ਪ੍ਰਬੰਧ ਕੀਤਾ ਜਾਂਦਾ ਹੈ। ਰਨਬੈਕਸੀ ਲੈਬਾਰਟਰੀ ਦੇ ਸਹਿਯੋਗ ਨਾਲ ਪਿੰਡ ਵਿਚ ਹਰ ਹਫਤੇ ਪਿਛਲੇ ਚਾਰ ਸਾਲ ਤੋਂ ਮੁਫਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਵਿਚ ਹਜ਼ਾਰਾਂ ਹੀ ਮਰੀਜ਼ਾਂ ਦਾ ਭਲਾ ਹੋ ਚੁੱਕਾ ਹੈ। ਮਹਿੰਦਰਾ ਐਂਡ ਮਹਿੰਦਰਾ ਦੀ ਸਹਾਇਤਾ ਨਾਲ ਟਰੈਕਟਰਾਂ ਦੀ ਮੁਫਤ ਕਲੀਨਿਕ ਲਗਵਾਈ ਗਈ। ਬਾਗਬਾਨੀ ਵਿਭਾਗ ਤੋਂ ਸਬਜ਼ੀਆਂ ਅਤੇ ਫਸਲਾਂ ਦੇ ਰੱਖ-ਰਖਾਵ ਲਈ 1000 ਕਰੇਟ 50 ਪ੍ਰਤੀਸ਼ਤ ਸਬਸਿਡੀ ’ਤੇ ਵੰਡੇ ਗਏ। ਕਾਫੀ ਪਿੰਡਾਂ ਦੇ ਚਾਹਵਾਨ ਕਿਸਾਨਾਂ ਨੂੰ ਗੰਡੋਇਆਂ ਦੀ ਖਾਦ ਤਿਆਰ ਕਰਨ ਲਈ ਮੁਫਤ ਸਿਖਲਾਈ ਦਿੱਤੀ ਗਈ।
ਨਬਾਰਡ ਅਤੇ ਨਿਟਕੌਨ ਦੀ ਸਹਾਇਤਾ ਨਾਲ ਦੋਹਾਂ ਪਿੰਡਾਂ ਦੀਆਂ 35 ਔਰਤਾਂ ਨੂੰ ਦੋ ਮਹੀਨੇ ਦੀ ਬੈਗ ਅਤੇ ਪਰਸ ਬਣਾਉਣ ਦੀ ਮੁਫਤ ਸਿਖਲਾਈ ਕਰਵਾਈ ਗਈ ਅਤੇ ਬੈਂਕ ਤੋਂ 5000 ਪ੍ਰਤੀ ਔਰਤ ਨੂੰ ਕਰਜ਼ਾ ਦੁਆ ਕੇ ਸਿਲਾਈ ਮਸ਼ੀਨਾਂ ਦਾ ਪ੍ਰਬੰਧ ਕੀਤਾ ਗਿਆ। ਹੁਣ ਇਹ ਔਰਤਾਂ ਇਕ ਸਵੈ-ਸਹਾਇਤਾ ਗਰੁੱਪ ਦੇ ਰੂਪ ਵਿਚ ਕੰਮ ਕਰ ਕੇ ਆਪਣੀ ਆਮਦਨ ਵਿਚ ਵਾਧਾ ਕਰ ਰਹੀਆਂ ਹਨ।
ਮੇਰੇ ਵੱਲੋਂ ਚਲਾਏ ਕਿਸਾਨ ਕਲੱਬ ਦੀਆਂ ਗਤੀਵਿਧੀਆਂ ਨੂੰ ਵੇਖ ਕੇ ਨਬਾਰਡ ਨੇ 2006-07 ਦਾ ਰਾਜ ਪੱਧਰੀ ਇਨਾਮ (ਤੀਜਾ ਦਰਜਾ) ਅਕਾਲ ਸਹਾਇ ਕਿਸਾਨ ਕਲੱਬ ਨੂੰ ਦਿੱਤਾ ਅਤੇ 4500 ਰੁਪਏ ਦੀ ਰਾਸ਼ੀ ਵੀ ਦਿੱਤੀ। ਪੰਜਾਬ ਸਰਕਾਰ ਨੇ ਮੇਰੇ ਕਲੱਬ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਸਾਲ 2008-09 ਵਿਚ 2.5 ਲੱਖ ਰੁਪਏ ਦੀ ਗਰਾਂਟ ਦਿੱਤੀ, ਜਿਸ ਨਾਲ ਇਕ ਰੀਪਰ-ਥਾਈਡਰ ਖਰੀਦਿਆ ਗਿਆ। ਇਹ ਮਸ਼ੀਨ ਇਕ ਘੰਟੇ ਵਿਚ ਇਕ ਏਕੜ ਕਣਕ ਦੀ ਵਢਾਈ ਅਤੇ ਬੰਨਾਈ ਇਕੋ ਵਾਰ ਕਰ ਦਿੰਦੀ ਹੈ। ਵਾਜਬ ਰੇਟ ’ਤੇ ਜ਼ਿਮੀਦਾਰਾਂ ਨੂੰ ਇਹ ਮਸ਼ੀਨ ਕਿਰਾਏ ’ਤੇ ਦਿੱਤੀ ਜਾਂਦੀ ਹੈ ਅਤੇ ਇਸ ਤੋਂ ਪ੍ਰਾਪਤ ਆਮਦਨ ਫਿਰ ਕਲੱਬ ਦੀਆਂ ਗਤੀਵਿਧੀਆਂ ’ਤੇ ਹੀ ਕਿਸਾਨਾਂ ਦੀ ਭਲਾਈ ਲਈ ਖਰਚ ਕਰ ਦਿੱਤੀ ਜਾਂਦੀ ਹੈ।
ਸਾਲ 2009 ਵਿਚ ਖੇਤੀਬਾੜੀ ਵਿਭਾਗ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਮੇਰੀ ਖੇਤੀਬਾੜੀ ਦੀ ਕਾਰਗੁਜ਼ਾਰੀ ਨੂੰ ਵੇਖਦਿਆਂ ਅਗਾਂਹਵਧੂ ਕਿਸਾਨ ਦਾ ਇਨਾਮ ਦਿੱਤਾ ਜਿਸ ਨਾਲ 10000 ਰੁਪਏ ਦੀ ਰਾਸ਼ੀ ਵੀ ਸੀ।
ਦਸੰਬਰ 2009 ਵਿਚ ਆਈ.ਆਈ.ਐਚ.ਆਰ. ਵਿਚ ਇਕ ਹਫਤੇ ਦੀ ਟਰੇਨਿੰਗ ਦੌਰਾਨ ਪਿਆਜ਼ ਨੂੰ ਸੁਕਾ ਕੇ ਪਾਊਡਰ ਤਿਆਰ ਕਰਨਾ ਅਤੇ ਲਸਣ ਦੇ ਪੇਸਟ ਤਿਆਰ ਕਰਨ ਦੀ ਮੁਹਾਰਤ ਵੀ ਹਾਸਲ ਕੀਤੀ ਹੈ। ਇਸ ਨੂੰ ਅਮਲੀ ਰੂਪ ਵਿਚ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਖੇਤੀਬਾੜੀ ਵਿਭਾਗ ਰੋਪੜ ਤੋਂ 20-20 ਕਿਸਾਨਾਂ ਦੇ ਦੋ ਗਰੁੱਪ ਮੇਰੇ ਫਾਰਮ ’ਤੇ ਇਸ ਲਈ ਭੇਜੇ ਗਏ ਕਿ ਕਿਵੇਂ ਸਿਰਫ ਦੋ ਏਕੜ ਵਿਚੋਂ 4-5 ਲੱਖ ਰੁਪਏ ਪ੍ਰਤੀ ਸਾਲ ਦੀ ਆਮਦਨ ਕੀਤੀ ਜਾ ਰਹੀ ਹੈ।
ਹੁਸ਼ਿਆਰਪੁਰ ਦੀ ਸਹਿਕਾਰੀ ਸੰਸਥਾ ਫੈਪਰੋ ਨਾਲ ਗੱਲਬਾਤ ਚੱਲ ਰਹੀ ਹੈ ਕਿ ਉਹ ਅਤੇ ਅਕਾਲ ਸਹਾਇ ਫਾਰਮਜ਼ ਕਲੱਬ ਇਕ ਮੰਡੀਕਰਨ ਦੀ ਸਕੀਮ ਬਣਾਏ, ਜਿਸ ਵਿਚ ਮੈਂਬਰ ਜ਼ਿਮੀਦਾਰਾਂ ਦੇ ਉਤਪਾਦ ਦਾ ਮੁੱਲਵਧਾਂਕਣ ਕਰਨ ਉਪਰੰਤ ਡੱਬਾ-ਬੰਦੀ ਕਰਕੇ ਸ਼ਹਿਰਾਂ ਵਿਚ ਸਿੱਧਾ ਖਪਤਕਾਰਾਂ ਨੂੰ ਵੇਚਿਆ ਜਾਵੇ ਤਾਂ ਕਿ ਖਪਤਕਾਰ ਸ਼ੁੱਧ ਵਸਤਾਂ ਪ੍ਰਾਪਤ ਕਰ ਸਕਣ ਅਤੇ ਜ਼ਿਮੀਦਾਰ ਵਿਚੋਲਿਆਂ ਵੱਲੋਂ ਕੀਤੀ ਜਾ ਰਹੀ ਖੱਟੀ ਨੂੰ ਆਪ ਕਮਾਵੇ।

ਮੋਬਾਈਲ: 0-98550-098728


Comments Off on ਥੋੜ੍ਹੀ ਜ਼ਮੀਨ ਵਿਚੋਂ ਬਹੁਤਾ ਫ਼ਾਇਦਾ ਕਿਵੇਂ ਲਈਏ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.