ਭਾਰਤੀ ਮੂਲ ਦੇ ਸਰਜਨ ਦੀ ਕਰੋਨਾ ਵਾਇਰਸ ਕਾਰਨ ਮੌਤ !    ਸਰਬ-ਪਾਰਟੀ ਮੀਟਿੰਗ ਸੱਦਣ ਲਈ ਨਾ ਸਮਾਂ ਅਤੇ ਨਾ ਹੀ ਲੋੜ: ਕੈਪਟਨ !    ਪੰਚਾਇਤੀ ਜ਼ਮੀਨਾਂ ਦੀ ਬੋਲੀ ਸਬੰਧੀ ਪ੍ਰੋਗਰਾਮ ਉਲੀਕਣ ਦੀ ਹਦਾਇਤ !    ਵਿਸਾਖੀ ਮੌਕੇ ਧਾਰਮਿਕ ਮੁਕਾਬਲਿਆਂ ਦਾ ਐਲਾਨ !    ਬੱਬਰ ਅਕਾਲੀ ਲਹਿਰ: ਇਤਿਹਾਸਕ ਅਤੇ ਵਿਚਾਰਧਾਰਕ ਸੰਘਰਸ਼ !    ਗੌਰਵ ਦਾ ਪ੍ਰਤੀਕ ਖਾਲਸਾ ਸਾਜਨਾ ਦਿਵਸ !    1699 ਦੀ ਇਤਿਹਾਸਕ ਵਿਸਾਖੀ !    ਮੈਡੀਕਲ ਸਟੋਰ ਤੇ ਲੈਬਾਰਟਰੀਆਂ 10 ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦੇ ਹੁਕਮ !    ਸਪੁਰਦਗੀ ਨਾ ਲੈਣ ’ਤੇ ਪੁਲੀਸ ਕਰੇਗੀ ਸਸਕਾਰ !    ਆੜ੍ਹਤੀਆਂ ਵੱਲੋਂ ਸਬਜ਼ੀ ਦੇ ਬਾਈਕਾਟ ਦਾ ਐਲਾਨ !    

ਗੀਤ (ਸ਼ਹਿਰੀਕਰਨ)

Posted On July - 30 - 2011

ਬਣ ਗਈਆਂ ਨੇ ਕਲੋਨੀਆਂ ਤੇ ਰਹੇ ਨਈਉਂ ਖੇਤ।
ਕਿਤੇ ਨਜ਼ਰ ਨਾ ਆਉਂਦੀ ਭੂਰੀ ਟਿੱਬਿਆਂ ਦੀ ਰੇਤ।
ਖੋਹੀ ਜਾਂਦਾ ਹੈ ਜ਼ਮੀਨ-ਪੈਸੇ ਵਾਲਾ ਜੋ ਪਰੇਤ।
ਪੁੜੀਆਂ ਪਲਾਟਾਂ ਦੀਆਂ ਖੇਤਾਂ ਵਿੱਚੋਂ ਬੰਨ-ਵੱਢ
ਰੁੱਖਾਂ ਨੂੰ ਪਰਿੰਦਿਆਂ ਦੇ ਘਰ ਢਾ ਗਿਆ।
ਚਾਲੀ ਪਿੰਡਾਂ ਦੀ ਜ਼ਮੀਨ ਲੁਧਿਆਣਾ ਖਾ ਗਿਆ।

ਪਹੁੰਚੇ ਚਿੜੀ ਦੇ ਜਿੰਨਾ ਸੀ- ਜਿਹੜਾ ਹੁੰਦਾ ਕਦੇ ਸ਼ਹਿਰ।
ਇਹਨੇ ਕੱਸੀ ਹੈ ਬਣਾਤੀ- ਹੁਣ ਸਿਧਵਾਂ ਦੀ ਨਹਿਰ।
ਮੈਨੂੰ ਬਚੇ-ਖੁਚੇ ਪਿੰਡਾਂ ਦੀ ਵੀ- ਦਿੱਸਦੀ ਨਾ ਖੈਰ।
ਸ਼ਹਿਰੀਕਰਨ ਉਜਾੜੇ ਬਾਬੇ ਦਾਦਿਆਂ ਦੇ ਘਰ-ਕੱਚੇ
ਕੋਠਿਆਂ ਨੂੰ ਪੈਸੇ ਦਾ ਦਿਉ ਢਾਅ ਗਿਆ।
ਚਾਲੀ ਪਿੰਡਾਂ ਦੀ ….

ਜਦੋਂ ਜੱਟ ਕੋਲੇ ਬਚਿਆ ਨਾ ਇਕ ਵੀ ਸਿਆੜ।
ਢਿੱਡੋਂ ਭੁੱਖਾ ਏਹ ਪੰਜਾਬ ਕਰੂ ਰੋਟੀ ਲਈ ਰਿਹਾੜ।
ਖੁੱਲੀ ਮੰਡੀ-ਪੂੰਜੀਵਾਦ ਦੇਣਾ ਮੁਲਕ ਉਜਾੜ।
ਵੇਚੀ ਹੋਈ ਜ਼ਮੀਨ ਮੁੜ ਹੱਥ ਨਈਉਂ ਆਉਣੀ-
ਮਾਰ ਮਿਠੀਆਂ ਦਲਾਲ ਜੇ ਕੋਈ ਦਾਅ ਲਾ ਗਿਆ।
ਚਾਲੀ ਪਿੰਡਾਂ ਦੀ…

ਜੱਟ ਗਮਲੇ ’ਚ ਕਣਕ ਉਗਾਇਆ ਕਰੂਗਾ।
ਚੜ੍ਹ ਕੋਠੀ ਉਤੇ ਚਿੜੀਆਂ ਉਡਾਇਆ ਕਰੂਗਾ।
ਥੈਲੀ ਆਟੇ ਵਾਲੀ ਹੱਟੀਉਂ ਲਿਆਇਆ ਕਰੂਗਾ।
ਆਲੂ-ਗੰਢੇ-ਸਬਜ਼ੀਆਂ ਮੰਡੀ ’ਚੋਂ ਖਰੀਦ- ਕਿਹਾ
ਕਰੂ ਪੁੱਠਾ ਹੈ ਜ਼ਮਾਨਾ ਆ ਗਿਆ।
ਚਾਲੀ ਪਿੰਡਾਂ ਦੀ…

ਇਕ ਜੱਟ ਦੀ ਤਾਂ ਅਕਲ ਗੁਆਚ ਹੈ ਗਈ।
ਮੱਝ ਵੇਚ ਕੇ ਤਾਂ ਭੜੂਏ ਨੇ ਘੋੜੀ ਹੈ ਲਈ।
ਦੁੱਧ ਪੀਣ ਤੋਂ ਗਿਆ- ਤੇ ਲਿੱਦ ਸਿੱਟਣੀ ਪਈ।
ਡੋਗਰ ਛਪਾਰ ਵਾਲਾ ਪੈਂਹਠ ਵਰ੍ਹੇ ਪਹਿਲੋਂ- ਏਸ ਗੱਲ
ਨੂੰ ਅਖਾੜਿਆਂ ਦੇ ਵਿਚ ਗਾ ਗਿਆ।
ਚਾਲੀ ਪਿੰਡਾਂ ਦੀ…

ਵਿਕ ਗਈ ਹੈ ਜ਼ਮੀਨ- ਜੱਟ ਹੋਇਆ ਬੇਕਾਰ।
ਸੱਤ ਮੰਜਲੀ ਹੈ ਕੋਠੀ-ਹੇਠਾਂ ਨੌਂ ਲੱਖੀ ਕਾਰ।
ਬੰਤੂ ਬਣ ਗਿਆ ਹੁਣ- ਬੰਤ ਸਿੰਘ ਸਰਦਾਰ।
ਪੰਡਤਾਂ ਦੀ ਦੁਰਗੀ ਨੂੰ ਲੱਭਣਾ ਨਾ ਘਰ- ਝਾਂਡੇ-ਲਲਤੋਂ-ਥਰੀਕੇ ਸ਼ਹਿਰ ਵਿੱਚ ਆ ਗਿਆ।
ਚਾਲੀ ਪਿੰਡਾਂ ਦੀ ਜ਼ਮੀਨ ਲੁਧਿਆਣਾ ਖਾ ਗਿਆ।

-ਦੇਵ ਥਰੀਕਿਆਂਵਾਲਾ


Comments Off on ਗੀਤ (ਸ਼ਹਿਰੀਕਰਨ)
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.