ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਕਰੋਨਾ ਵਾਇਰਸ ਤੇ ਸਮਾਜ: ਖ਼ਤਰਿਆਂ ਨਾਲ ਭਰਿਆ ਸਮਾਂ !    ਨੌਜਵਾਨ ਵਿਦਿਆਰਥੀਆਂ ਲਈ ਸਕਾਊਟਿੰਗ ਵਿਚ ਕਰੀਅਰ ਮੌਕੇ !    ਰਾਸ਼ਨ ਨਾ ਮਿਲਣ ਤੋਂ ਦੁਖੀ ਨੌਜਵਾਨ ਨੇ ਕੀਤੀ ਖੁਦਕੁਸ਼ੀ !    ਅਫ਼ਗਾਨਿਸਤਾਨ ਸਰਕਾਰ ਵੱਲੋਂ ਤਾਲਿਬਾਨ ਨਾਲ ਗੱਲਬਾਤ !    ਬੈਂਕਾਂ ਦਾ ਰਲੇਵਾਂ ਭਾਰਤੀ ਬੈਂਕਿੰਗ ਖੇਤਰ ਲਈ ਨਵੀਂ ਸਵੇਰ ਕਰਾਰ !    ਕਣਕ ਦੀ ਖ਼ਰੀਦ ਲਈ 26064.31 ਕਰੋੜ ਦੀ ਸੀਸੀਐੱਲ ਮੰਗੀ !    ਸੈਕਟਰ-35 ਵਾਸੀ ਕਰੋਨਾ ਪਾਜ਼ੇਟਿਵ !    ਕਰਫਿਊ: ਘਰਾਂ ’ਚ ਝਾਟਮ-ਝੀਟੀ !    ਬੇਅਦਬੀ ਮਾਮਲਾ: ਕਰਫਿਊ ਕਾਰਨ ਸੁਣਵਾਈ ਟਲੀ !    

ਗਰਮੀਆਂ ਵਿੱਚ ਦੁੱਧ ਉਤਪਾਦਨ ਨੂੰ ਕਿਵੇਂ ਕਾਇਮ ਰੱਖਿਆ ਜਾਵੇ

Posted On July - 16 - 2011

ਰਣਬੀਰ ਸਿੰਘ ਮਹਿਮੀ

ਪੰਜਾਬ ਵਿੱਚ ਚਿੱਟੇ ਇਨਕਲਾਬ ਨੇ ਵੈਸੇ ਤਾਂ ਮਿਥਿਆ ਟੀਚਾ ਪੂਰਾ ਕਰ ਲਿਆ ਹੈ ਪਰ ਗਰਮੀਆਂ ਵਿੱਚ ਇਸ ਇਨਕਲਾਬ ਨੂੰ ਖੋਰਾ ਲੱਗ ਜਾਂਦਾ ਹੈ। ਇਸ ਇਨਕਲਾਬ ਸਦਕਾ ਹੀ ਪੰਜਾਬ ਅੰਦਰ ਦੁੱਧ ਦੀ ਪ੍ਰਤੀ ਵਿਅਕਤੀ ਉਪਲੱਬਧਤਾ 923 ਗ੍ਰਾਮ ਤੱਕ ਪਹੁੰਚ ਗਈ ਹੈ, ਜੋ ਕਿ ਕੌਮੀ ਔਸਤ ਤੋਂ 3.88 ਗੁਣਾ ਜ਼ਿਆਦਾ ਹੈ ਜਿਸ ਦੇ ਕਾਰਨ ਹੀ ਰਾਜ ਅੰਦਰ ਵਪਾਰਕ ਡੇਅਰੀ ਫਾਰਮਿੰਗ ਨੂੰ ਇੱਕ ਵੱਡਾ ਹੁਲਾਰਾ ਮਿਲਿਆ ਹੈ। ਇਸ ਦੇ ਤਹਿਤ ਪੰਜਾਬ ਅੰਦਰ 3000 ਤੋਂ ਵੱੱਧ ਡੇਅਰੀ ਫਾਰਮਾਂ ਦੀ ਸਥਾਪਨਾ ਹੋਈ ਹੈ।
ਗਰਮੀਆਂ ਅੰਦਰ ਦੁੱਧ ਦੀ ਘਾਟ ਆ ਜਾਂਦੀ ਹੈ ਅਤੇ ਇਸ ਦਾ ਮੁੱਲ ਵੀ ਪਹਿਲਾਂ ਨਾਲੋਂ ਵਧ ਜਾਂਦਾ ਹੈ। ਇਸ ਘਾਟ ਨੂੰ ਪੂਰਾ ਕਰਨ ਲਈ ਕਦੇ-ਕਦੇ ਤਾਂ ਸਰਕਾਰ ਨੂੰ ਦੁੱਧ ਤੋਂ ਬਣਨ ਵਾਲੇ ਪਦਾਰਥਾਂ, ਜਿਵੇਂ ਖੋਆ, ਪਨੀਰ, ਮਿਠਾਈਆਂ ਆਦਿ ‘ਤੇ ਰੋਕ ਲਗਾਉਣੀ ਪੈ ਜਾਂਦੀ ਹੈ। ਸੂਬੇ ਅੰਦਰ ਇਸ ਸਮੇਂ ਕੋਈ 50 ਲੱਖ ਟਨ ਤੋਂ ਵੱਧ ਦਾ ਦੁੱਧ ਉਤਪਾਦਨ ਹੁੰਦਾ ਹੈ। ਗਰਮੀਆਂ ਵਿੱਚ ਦੁੱਧ ਉਤਪਾਦਨ ‘ਚ ਬਾਕੀ ਸਾਲ ਦੇ ਮੁਕਾਬਲੇ 10.40 ਫ਼ੀਸਦੀ ਕਮੀ ਆ ਜਾਂਦੀ ਹੈ। ਇਹ ਕਮੀ ਗਰਮੀਆਂ ਵਿੱਚ ਤਿੰਨ ਮੁੱਖ ਕਾਰਨਾਂ ਕਰਕੇ ਆਉਂਦੀ ਹੈ: ਹਰੇ ਚਾਰੇ ਦੀ ਘਾਟ, ਪਸ਼ੂਆਂ ‘ਤੇ ਗਰਮੀ ਦਾ ਅਸਰ ਪੈਣਾ ਅਤੇ ਪਸ਼ੂਆਂ ਦਾ ਗਰਮੀਆਂ ਤੱਕ ਤੋਕੜ ਹੋ ਜਾਣਾ। ਇਨ੍ਹਾਂ ਘਾਟਾਂ ਨੂੰ ਦੁੱਧ ਉਤਪਾਦਕ ਵੀਰ ਕਿਵੇਂ ਪੂਰਾ ਕਰ ਸਕਦੇ ਹਨ?
ਹਰੇ ਚਾਰੇ ਦੀ ਘਾਟ : ਆਮ ਦੁੱਧ ਵਾਲੇ ਪਸ਼ੂ ਨੂੰ ਇੱਕ ਦਿਨ ਵਿੱਚ 40-70 ਕਿਲੋਗ੍ਰਾਮ ਹਰੇ ਚਾਰੇ ਦੀ ਲੋੜ ਪੈਂਦੀ ਹੈ। ਆਪਣੇ ਬਾਕੀ ਸਾਰਾ ਸਾਲ ਤਾਂ ਹਰਾ ਚਾਰਾ ਮਿਲਦਾ ਰਹਿੰਦਾ ਹੈ, ਪਰ ਗਰਮੀਆਂ ਸ਼ੁਰੂ ਹੋਣ ਦੇ ਸਾਰ ਹੀ ਇਸ ਦੀ ਘਾਟ ਮਹਿਸੂਸ ਹੋਣ ਲੱਗ ਜਾਂਦੀ ਹੈ ਕਿਉਂਕਿ ਬਰਸੀਮ ਹਾੜ੍ਹੀ ਦਾ ਮੁੱਖ ਚਾਰਾ ਹੈ। ਸਾਉਣੀ ਦੇ ਚਾਰੇ ਵਾਢੀ ‘ਤੇ ਨਹੀਂ ਆਉਂਦੇ, ਸੋ ਦੁੱਧ ਉਤਪਾਦਕਾਂ ਨੂੰ ਅਜਿਹੀ ਵਿਉਂਤਬੰਦੀ ਕਰਨੀ ਚਾਹੀਦੀ ਹੈ ਕਿ ਬਰਸੀਮ ਖਤਮ ਹੋਣ ਸਾਰ ਹੀ ਅਗਲੀ ਫ਼ਸਲ ਤੋਂ ਪੱਠੇ ਮਿਲਣੇ ਸ਼ੁਰੂ ਹੋ ਜਾਣ। ਇਸ ਲਈ ਨੇਪੀਅਰ (ਹਾਈਬਰਿਡ) ਬਾਜਰਾ ਅਤੇ ਸੇਂਜੀ ਦੀ ਖੇਤੀ ਉੱਤਮ ਹੈ, ਕਿਉਂਕਿ ਇਹ ਅਪ੍ਰੈਲ ਮਹੀਨੇ ਵਿੱਚ ਵਾਢੀ ਦੇ ਯੋਗ ਹੋ ਜਾਂਦੇ ਹਨ। ਜੇ ਇਹ ਨਾ ਬੀਜੇ ਹੋਣ ਤਾਂ ਮਾਰਚ-ਅਪ੍ਰੈਲ ਵਿੱਚ ਗਿੰਨੀ ਘਾਹ (ਗਰਮੀਆਂ ਵਿੱਚ ਵੱਧ ਕਟਾਈਆਂ ਦੇਣ ਵਾਲੀ ਫ਼ਸਲ) ਜਾਂ ਮੱਕੀ, ਬਾਜਰਾ, ਰਵਾਂਹ ਜਾਂ ਗੁਆਰੇ ਨਾਲ ਰਲਾ ਕੇ ਬੀਜ ਲੈਣਾ ਚਾਹੀਦਾ ਹੈ। ਜ਼ਿਆਦਾਤਰ ਚਰੀ ਨੂੰ ਜੂਨ ਦੇ ਅੰਤ ਤੇ ਜੁਲਾਈ ਦੇ ਸ਼ੁਰੂ ਵਿੱਚ ਬੀਜੋ ਤਾਂ ਕਿ ਇਸ ‘ਤੇ ਮੱਖੀ ਦੇ ਹੋਣ ਵਾਲੇ ਹਮਲੇ ਤੋਂ ਫ਼ਸਲ ਨੂੰ ਬਚਾਇਆ ਜਾ ਸਕੇ।
ਤੂੜੀ ਦਾ ਸੋਧਣਾ: ਸਾਢੇ ਤਿੰਨ ਕਿਲੋਗ੍ਰਾਮ ਯੂਰੀਆ 50 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਕੁਇੰਟਲ ਤੂੜੀ ਵਿੱਚ ਚੰਗੀ ਤਰ੍ਹਾਂ ਮਿਲਾਉ। ਇਸ ਮਿਸ਼ਰਣ ਨੂੰ 8-9 ਦਿਨ ਰੱਖਣ ਤੋਂ ਬਾਅਦ ਤੂੜੀ ਨੂੰ ਚੰਗੀ ਤਰ੍ਹਾਂ ਮਿਲਾਉ। ਇਹ ਮਿਸ਼ਰਣ ਘੱਟੋ-ਘੱਟ 4 ਕੁਇੰਟਲ ਤੂੜੀ ਦਾ ਬਣਾਉਣਾ ਚਾਹੀਦਾ ਹੈ। ਇਹ ਤੂੜੀ ਇੱਕੋ ਵਾਰੀ ਸੋਧ ਕੇ ਬਾਹਰਲੇ ਪਾਣੀ ਤੋਂ ਬਚਾ ਕੇ ਰੱਖਣ ਨਾਲ ਸਾਰਾ ਸਾਲ ਵਰਤੀ ਜਾ ਸਕਦੀ ਹੈ। 2,3,5 ਕਿਲੋਗ੍ਰਾਮ ਯੂਰੀਆ 10.50 ਕਿਲੋ ਸੀਰੇ ਵਿੱਚ ਰਲਾ ਕੇ ਕੜਾਹੀ ਵਿੱਚ ਅੱਧਾ ਘੰਟਾ ਗਰਮ ਕਰੋ। ਫੇਰ ਇਸ ਨੂੰ 50 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਕੁਇੰਟਲ ਤੂੜੀ ਵਿੱਚ ਚੰਗੀ ਤਰ੍ਹਾਂ ਰਲਾ ਕੇ ਤੂੜੀ ਸੁਕਾ ਲਵੋ ਤੇ ਫਿਰ ਇਸ ਨੂੰ ਵਰਤੋ। ਇਹ ਮਿਸ਼ਰਣ ਸਿਰਫ਼ ਪਸ਼ੂਆਂ ਦੇ ਹਿਸਾਬ ਨਾਲ ਇੰਨੀ ਮਾਤਰਾ ਵਿੱਚ ਤਿਆਰ ਕੀਤਾ ਜਾਣਾ ਚਾਹੀਦਾ ਹੈ ਕਿ ਇਹ 7-8 ਦਿਨਾਂ ਵਿੱਚ ਸੁੱਕ ਜਾਵੇ। ਇਹ ਸੋਧੀ ਹੋਈ ਤੂੜੀ ਹਰੇ ਚਾਰੇ ਜਿੰਨੇ ਤੱਤ ਪ੍ਰਦਾਨ ਕਰਨ ਦੀ ਸਮਰੱਥ ਹੋ ਜਾਂਦੀ ਹੈ ਅਤੇ ਇਸ ਦੀ ਪਾਚਣ ਸ਼ਕਤੀ ਆਮ ਸੁੱਕੀ ਤੂੜੀ (35 ਫ਼ੀਸਦੀ) ਨਾਲੋਂ ਵਧ ਕੇ ਦੁੱਗਣੀ 70 ਤੋਂ 75 ਫ਼ੀਸਦੀ ਤੱਕ ਹੋ ਜਾਂਦੀ ਹੈ। ਹਰੇ ਚਾਰੇ ਦੀ ਘਾਟ ਪੂਰੀ ਕਰਨ ਲਈ ਮਾਰਚ  ਵਿੱਚ ਬਣਾਇਆ ਜਵੀ ਦਾ ਆਚਾਰ ਵੀ ਵਰਤਿਆ ਜਾ ਸਕਦਾ ਹੈ। ਇਸ ਢੰਗ ਨਾਲ ਪਸ਼ੂਆਂ ਲਈ ਪਹਿਲਾਂ ਵਰਤਿਆ ਜਾਣ ਵਾਲਾ ਦਾਣਾ, ਖਲ, ਵੜੇਵਿਆਂ ਆਦਿ ਦਾ ਖਰਚਾ ਵੀ ਘਟ ਜਾਂਦਾ ਹੈ। ਧਿਆਨ ਰਹੇ ਕਿ ਪੱਠੇ ਪਸ਼ੂਆਂ ਨੂੰ ਸਵੇਰੇ-ਸ਼ਾਮ ਹੀ ਖੁਆਉਣੇ ਚਾਹੀਦੇ ਹਨ।
ਪਸ਼ੂਆਂ ‘ਤੇ ਗਰਮੀ ਦਾ ਅਸਰ: ਗਰਮੀ ਦੁੱਧ ਦੇਣ ਵਾਲੇ ਪਸ਼ੂਆਂ ‘ਤੇ ਬਹੁਤ ਹੀ ਮਾੜਾ ਅਸਰ ਪਾਉਂਦੀ ਹੈ, ਇਸ ਤੋਂ ਬਚਣ ਲਈ ਠੰਡਾ ਵਾਤਾਵਰਣ, ਪੀਣ ਲਈ ਰੱਜਵਾਂ ਤੇ ਤਾਜ਼ਾ ਪਾਣੀ ਦਿਨ ਵਿੱਚ ਘੱਟੋ-ਘੱਟ ਦੋ ਵਾਰੀ ਪਿਆਉਣਾ ਜ਼ਰੂਰੀ ਹੈ। ਦਸ ਤੇ ਚਾਰ ਵਜੇ ਵਿਚਕਾਰ ਪਸ਼ੂਆਂ ਨੂੰ ਪਾਣੀ ਪਿਆਉਣਾ ਚਾਹੀਦਾ ਹੈ। ਠੰਢੇ ਵਾਤਾਵਰਣ ਲਈ ਸ਼ੈੱਡਾਂ ਦੀ ਲੰਬਾਈ ਚੜ੍ਹਦੇ ਅਤੇ ਲਹਿੰਦੇ ਵੱਲ ਨੂੰ ਅਤੇ ਛੱਤਾਂ 10-12 ਫੁੱਟ ਉਚੀਆਂ ਘੱਟੋ-ਘੱਟ ਹੋਣੀਆਂ ਚਾਹੀਦੀਆਂ ਹਨ। ਲੋ ਤੋਂ ਬਚਾਉਣ ਲਈ ਸ਼ੈੱਡਾਂ ਦੇ ਖੋੜੇ ਬੰਦ ਕਰ ਦੇਣੇ ਚਾਹੀਦੇ ਹਨ। ਸੈੱਡਾਂ ਦੇ ਆਲੇ-ਦੁਆਲੇ ਸੰਘਣੇ ਰੁੱਖ ਲਗਾਉਣ ਨਾਲ ਪਸ਼ੂਆਂ ਨੂੰ ਗਰਮੀ ਤੋਂ ਰਾਹਤ ਮਿਲਦੀ ਹੈ। ਬਿਜਲੀ ਵਾਲੇ ਪੱਖਿਆਂ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ।
ਪਸ਼ੂਆਂ ਦਾ ਤੋਕੜ ਹੋਣਾ: ਆਮ ਤੌਰ  ‘ਤੇ ਮੱਝਾਂ ਗਰਮੀਆਂ ਤੱਕ ਤੋਕੜ ਹੋ ਜਾਂਦੀਆਂ ਹਨ, ਇਸ ਨੂੰ ਦੂਰ ਕਰਨ ਲਈ ਡਾਕਟਰੀ ਸਹਾਇਤਾ ਨਾਲ ਅਜਿਹੀ ਵਿਉਂਤਬੰਦੀ ਕਰੋ ਕਿ ਕੁਝ ਪਸ਼ੂ ਅਪ੍ਰੈਲ ਤੇ ਮਈ ਵਿੱਚ ਸੂਣ। ਇਹ ਤਿੰਨ ਕਾਰਨ ਆਪਣਾ-ਆਪਣਾ 10 ਤੋਂ 15 ਫ਼ੀਸਦੀ ਯੋਗਦਾਨ ਪਾਉਂਦੇ ਹਨ, ਜੇ ਇਨ੍ਹਾਂ ‘ਤੇ ਕਾਬੂ ਪਾ ਲਿਆ ਜਾਵੇ ਤਾਂ ਦੁੱਧ ਉਤਪਾਦਨ ਵਿੱਚ ਆਉਣ ਵਾਲੀ ਕਮੀ 70 ਤੋਂ 80 ਫ਼ੀਸਦੀ ਤੱਕ ਪੂਰੀ ਕੀਤੀ ਜਾ ਸਕਦੀ ਹੈ ਅਤੇ ਦੁੱਧ ਉਤਪਾਦਨ ਬਾਕੀ ਸਾਰੇ ਸਾਲ ਵਾਂਗ ਹੀ ਕਾਇਮ ਰੱਖਿਆ ਜਾ ਸਕਦਾ ਹੈ।
ਮੋਬਾਈਲ: 93177-71731


Comments Off on ਗਰਮੀਆਂ ਵਿੱਚ ਦੁੱਧ ਉਤਪਾਦਨ ਨੂੰ ਕਿਵੇਂ ਕਾਇਮ ਰੱਖਿਆ ਜਾਵੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.