ਮੁਕਾਬਲੇ ਵਿੱਚ ਜੈਸ਼-ਏ-ਮੁਹੰਮਦ ਦਾ ਕਮਾਂਡਰ ਹਲਾਕ !    ਤੁਰਕੀ ਬੰਬ ਹਮਲੇ ’ਚ ਪੰਜ ਹਲਾਕ !    ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਵਿਹਲੇ ਸਮੇਂ ਕਿਤਾਬਾਂ ਪੜ੍ਹਨਾ ਉੱਤਮ ਰੁਝੇਵਾਂ !    ਪੁਣੇ ’ਚ ਅੱਠ ਦੀ ਮੌਤ, ਮ੍ਰਿਤਕਾਂ ਦੀ ਗਿਣਤੀ 16 ਹੋਈ !    ਵਿਦਿਆਰਥੀਆਂ ’ਚ ਮੁਕਾਬਲੇ ਦੀ ਭਾਵਨਾ ਪੈਦਾ ਕਰਨੀ ਜ਼ਰੂਰੀ !    ਕਰੋਨਾ ਬਨਾਮ ਸਾਡਾ ਨਿੱਘਰ ਰਿਹਾ ਸਮਾਜਿਕ ਢਾਂਚਾ !    ਸੁਲਤਾਨਪੁਰ ਲੋਧੀ ਹਸਪਤਾਲ ’ਚੋਂ ਸਰਕਾਰ ਨੇ ਵੈਂਟੀਲੇਟਰ ‘ਚੁੱਕੇ’ !    ਜਹਾਂਗੀਰ ਵਾਸੀਆਂ ਦੀ ਪਹਿਲਕਦਮੀ: ਆਪਣਿਆਂ ਵੱਲੋਂ ਨਕਾਰਿਆਂ ਦੀ ਅਰਥੀ ਨੂੰ ਦੇਣਗੇ ਮੋਢਾ !    ਪਰਵਾਸੀ ਔਰਤ ਦੇ ਸਸਕਾਰ ਲਈ ਸ਼ਮਸ਼ਾਨ ਦੇ ਬੂਹੇ ਕੀਤੇ ਬੰਦ !    

ਖੇਤੀ ਵਿਰਾਸਤ ਮਿਸ਼ਨ

Posted On July - 23 - 2011

ਚਿਰੰਜੀਵੀ ਪੰਜਾਬ ਦਾ ਸੰਕਲਪ ਕਰਨ ਵਾਲੀ ਸੰਸਥਾ

ਹਰਮੇਲ ਪਰੀਤ

ਓਮੇਂਦਰ ਦੱਤ

ਹਰੀ ਕ੍ਰਾਂਤੀ ਦਾ ਧੁਰਾ ਕਹਾਉਣ ਵਾਲਾ ਪੰਜਾਬ ਪਿਛਲੇ ਕੁੱਝ ਅਰਸੇ ਤੋਂ ਗੰਭੀਰ ਖੇਤੀ ਸੰਕਟ ਵਿਚੋਂ ਗੁਜ਼ਰ ਰਿਹਾ ਹੈ। ਖੇਤੀ ਲਾਗਤਾਂ ਵਿਚ ਚੋਖੇ ਵਾਧੇ ਅਤੇ ਆਪਣੀਆਂ ਉਪਜਾਂ ਦਾ ਵਾਜਬ ਮੁੱਲ ਨਾ ਮਿਲਣ ਕਾਰਨ ਇਸ ਖੁਸ਼ਹਾਲ ਕਹਾਉਂਦੇ ਸੂਬੇ ਅੰਦਰ ਵੀ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋਏ। ਅੰਨਦਾਤਾ ਕਿਸਾਨ ਦੀਆਂ ਆਪਣੀਆਂ ਲੋੜਾਂ ਪੂਰੀਆਂ ਨਹੀਂ ਹੋ ਰਹੀਆਂ। ਉਹ ਕਰਜ਼ੇ ਦੇ ਚੱਕਰਵਿਊਹ ਵਿਚ ਬੁਰੀ ਤਰ੍ਹਾਂ ਫਸ ਚੁੱਕਿਆ ਹੈ। ਅੱਜ ਹਾਲਾਤ ਇਹ ਹਨ ਕਿ ਪੰਜਾਬ ਦਾ ਕੋਈ ਵਿਰਲਾ ਟਾਵਾਂ ਕਿਸਾਨ ਹੀ ਕਰਜ਼ ਮੁਕਤ ਹੋਵੇਗਾ। ਹਰੀ ਕ੍ਰਾਂਤੀ ਦੀ ਦੌੜ ਵਿਚ ਪੰਜਾਬ ਦੇ ਕਿਸਾਨ ਦੀ ਸਿਰਫ ਆਰਥਿਕ ਹਾਲਤ ਹੀ ਨਹੀਂ ਵਿਗੜੀ ਸਗੋਂ ਰਸਾਇਣਕ ਖੇਤੀ ਵਿਚ ਵਰਤੀਆਂ ਗਈਆਂ ਰਸਾਇਣਕ ਖਾਦਾਂ, ਨਦੀਨ ਨਾਸ਼ਕ ਤੇ ਕੀੜੇਮਾਰ ਜ਼ਹਿਰਾਂ ਕਾਰਨ ਇੱਥੋਂ ਦਾ ਵਾਤਾਵਰਣ ਵੀ ਭਿਅੰਕਰ ਵਿਗਾੜਾਂ ਦਾ ਸ਼ਿਕਾਰ ਹੋ ਗਿਆ ਹੈ। ਵਾਤਾਵਰਣ ਅਤੇ ਖੁਰਾਕ ਜ਼ਹਿਰਾਂ ਨਾਲ ਭਰੇ ਪਏ ਹਨ। ਇਹ ਜ਼ਹਿਰ ਪੰਜਾਬੀਆਂ ਦੇ ਖੂਨ ਅਤੇ ਮਾਵਾਂ ਦੇ ਦੁੱਧ ਵਿਚ ਵੀ ਜਾ ਰਲੇ ਹਨ। ਸਿੱਟੇ ਵਜੋਂ ਪੰਜਾਬ ਦੇ ਲੋਕ ਕੈਂਸਰ, ਚਮੜੀ ਰੋਗਾਂ, ਨਾਮਰਦੀ ਤੇ ਬਾਂਝਪਨ ਵਰਗੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਗਏ ਹਨ। ਮੰਦਬੁੱਧਂੀ ਤੇ ਸਰੀਰਕ ਅਪੰਗਤਾ ਦੇ ਸ਼ਿਕਾਰ ਬੱਚਿਆਂ ਦੀ ਜਨਮ ਦਰ ਵਿਚ ਚਿੰਤਾਜਨਕ ਇਜ਼ਾਫਾ ਹੋਇਆ ਹੈ। ਅਜਿਹਾ ਹੋਣਾ ਵੀ ਸੀ, ਕਿਉਂਕਿ ਅੰਕੜੇ ਦਸਦੇ ਹਨ ਕਿ ਪੰਜਾਬ ਜਿਹੜਾ ਕਿ ਪੂਰੇ ਦੇਸ਼ ਦਾ ਮਸਾਂ ਡੇਢ ਫੀਸਦੀ ਭੂਗੋਲਿਕ ਇਲਾਕਾ ਹੈ, ਓਥੇ ਦੇਸ਼ ਭਰ ਵਿੱਚ ਸਭ ਤੋਂ ਵੱਧ 18 ਫੀਸਦੀ ਕੈਮੀਕਲ ਪੈਸਟੀਸਾਈਡ ਅਤੇ 14 ਫੀਸਦੀ ਦੇ ਲਗਪਗ ਰਸਾਇਣਕ ਖਾਦਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।
ਚਿਰੰਜੀਵੀ ਪੰਜਾਬ ਦਾ ਉਦੇਸ਼ ਲੈ ਕੇ, ਪੰਜਾਬ ਅੰਦਰ ਕੁਦਰਤੀ ਤੇ ਜ਼ਹਿਰ ਮੁਕਤ ਖੇਤੀ ਦੇ ਪ੍ਰਚਾਰ-ਪ੍ਰਸਾਰ ਲਈ ਖੇਤੀ ਵਿਰਾਸਤ ਮਿਸ਼ਨ ਨਾਂ ਦੀ ਇੱਕ ਸੰਸਥਾ ਯਤਨਸ਼ੀਲ ਹੈ। ਮਾਰਚ 2005 ਵਿਚ ਹੋਂਦ ਵਿਚ ਆਈ ਇਹ ਸੰਸਥਾ, ਚੈਰੀਟੇਬਲ ਟਰਸਟ ਵਜੋਂ ਰਜਿਸਟਰਡ ਹੈ। ਅਸਲ ਵਿਚ ਇਹ ਸੰਸਥਾ ਸਿਰਫ ਇੱਕ ਟਰਸਟ ਨਹੀਂ ਸਗੋਂ ਇੱਕ ਅੰਦੋਲਨ ਹੈ।  ਪਿਛਲੇ 6 ਕੁ ਸਾਲਾਂ ਵਿਚ ਇਸ ਸੰਸਥਾ ਨੇ ਪੰਜਾਬ ਵਿਚ ਕੁਦਰਤੀ ਖੇਤੀ ਦੀ ਇੱਕ ਲਹਿਰ ਖੜ੍ਹੀ ਕੀਤੀ ਹੈ। ਸੰਸਥਾ ਨੇ ਆਪਣੇ ਸੀਮਤ ਆਰਥਿਕ ਸਾਧਨਾਂ ਦੇ ਬਾਵਜੂਦ ਪੰਜਾਬ ਵਿਚ ਕੁਦਰਤੀ ਢੰਗ ਨਾਲ ਸਫਲ ਖੇਤੀ ਦੀ ਗੱਲ ਤੋਰੀ ਹੈ। ਪੰਜਾਬ ਦੇ ਵੱਖ ਵੱੱਖ ਹਿੱਸਿਆਂ ਵਿਚ ਪੌਣੇ ਦੋ ਸੌ ਤੋਂ ਜ਼ਿਆਦਾ ਟ੍ਰੇਨਿੰਗ ਕੈਂਪ ਅਤੇ ਸੈਮੀਨਾਰ ਕਰਵਾਏ ਜਾ ਚੁੱਕੇ ਹਨ  ਅਤੇ ਦੇਸ਼ ਦੇ ਹੋਰ ਰਾਜਾਂ ਤੋਂ ਕੁਦਰਤੀ ਢੰਗਾਂ ਨਾਲ ਖੇਤੀ ਕਰ ਰਹੇ ਸਫਲ ਕਿਸਾਨਾਂ ਨੂੰ ਪੰਜਾਬ ਬੁਲਾਇਆ ਹੈ। ਤਿੰਨ-ਤਿੰਨ, ਚਾਰ-ਚਾਰ ਦਿਨਾਂ ਦੇ ਕੁਦਰਤੀ ਖੇਤੀ ਟ੍ਰੇਨਿੰਗ ਕੈਂਪ ਲਾਏ ਹਨ। ਖੇਤੀ ਵਿਗਿਆਨੀਆਂ ਤੇ ਆਰਥਿਕ ਮਾਹਿਰਾਂ ਨੂੰ ਪੰਜਾਬ ਦੇ ਕਿਸਾਨਾਂ ਦੇ ਰੂਬਰੂ ਕੀਤਾ ਹੈ। ਸੰਸਥਾ ਦੀ ਦਿਨ ਰਾਤ ਦੀ ਮਿਹਨਤ ਸਦਕਾ ਅੱੱਜ ਪੰਜਾਬ ਅੰਦਰ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਦੀ ਚੰਗੀ ਗਿਣਤੀ ਹੈ। ਪੰਜਾਬ ਭਰ ਵਿਚ ਕੁਦਰਤੀ ਖੇਤੀ ਦੇ ਸਫਲ ਮਾਡਲ ਸਥਾਪਿਤ ਹੋ ਚੁੱਕੇ ਹਨ। ਪੰਜਾਬ ਦੇ ਜਿਹੜੇ ਕਿਸਾਨ ਇਹ ਮੰਨਣ ਲਈ ਰਾਜ਼ੀ ਹੀ ਨਹੀਂ ਹੁੰਦੇ ਸਨ ਕਿ ਰੇਹਾਂ ਸਪ੍ਰੇਆਂ ਤੋਂ ਬਿਨਾਂ ਵੀ ਖੇਤੀ ਹੋ ਸਕਦੀ ਹੈ, ਹੁਣ ਉਹ ਇਸ ਸੱਚ ਨੂੰ ਸਵੀਕਾਰਨ ਲੱਗੇ ਹਨ। ਏਥੋਂ ਤੱਕ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਖੇਤੀਬਾੜੀ ਵਿਭਾਗ ਦੇ ਮਾਹਿਰ ਤੇ ਅਫਸਰ ਵੀ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਦੇ ਖੇਤਾਂ ਵਿਚ ਜਾ ਕੇ ਨਤੀਜੇ ਆਪਣੀ ਅੱਖੀਂ ਦੇਖ ਚੁੱਕੇ ਹਨ।
ਪਿਛਲੇ ਕੁਝ ਅਰਸੇ ਤੋਂ ਖੇਤੀ ਵਿਰਾਸਤ ਮਿਸ਼ਨ ਨੇ ਖੇਤੀ ਵਿਚੋਂ ਔਰਤਾਂ ਦੀ ਘਟ ਰਹੀ ਦਿਲਚਸਪੀ ਤੇ ਭੂਮਿਕਾ ਨੂੰ ਮੁੜ ਸੁਰਜੀਤ ਕਰਨ ਲਈ ਉਪਰਾਲੇ ਅਰੰਭੇ ਹਨ। ਇਸ ਦੇ ਬੇਹੱਦ ਚੰਗੇ ਨਤੀਜੇ ਦੇਖਣ ਨੂੰ ਮਿਲੇ ਹਨ। ਖੇਤੀ ਵਿਰਾਸਤ ਮਿਸ਼ਨ ਨੇ ਬੀਬੀਆਂ ਨੂੰ ਖੇਤੀ ਨਾਲ ਜੋੜਨ, ਵਿੱਸਰ ਚੁੱਕੇ ਰਵਾਇਤੀ ਖਾਣਿਆਂ ਦੀ ਮਹੱਤਤਾ, ਉਨ੍ਹਾਂ ਦੇ ਖੁਰਾਕੀ ਗੁਣਾਂ ਤੋਂ ਜਾਣੂੰ ਕਰਵਾਉਣ ਲਈ ‘ਨਵ-ਤ੍ਰਿੰਞਣ’ ਪ੍ਰੋਗਰਾਮਾਂ ਦੀ ਲੜੀ ਸ਼ੁਰੂ ਕੀਤੀ ਹੈ। ਖੇਤੀ ਵਿਰਾਸਤ ਮਿਸ਼ਨ ਦੇ ਇਸ ਉਪਰਾਲੇ ਤੋਂ ਪ੍ਰੇਰਤ ਹੋ ਕੇ  ਅਨੇਕ ਪਿੰਡਾਂ ਵਿਚ ਬੀਬੀਆਂ ਨੇ ਆਪਣੇ ਘਰਾਂ ਵਿਚ ਜ਼ਹਿਰ ਮੁਕਤ ਸਬਜ਼ੀਆਂ ਉਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਖੇਤੀ ਵਿਰਾਸਤ ਮਿਸ਼ਨ ਨੇ ਇਸ ਬਹੁਮੁਖੀ ਸੰਕਟ ਨਾਲ ਨਜਿੱਠਣ ਲਈ ਬਹੁਮੁਖੀ ਲਾਮਬੰਦੀ ਦਾ ਰਾਹ ਚੁਣਿਆ ਹੈ। ਪੰਜਾਬ ਦੇ ਗੰਭੀਰ ਹੁੰਦੇ ਜਾ ਰਹੇ ਸਿਹਤ ਸੰਕਟ ਨਾਲ ਨਜਿੱਠਣ ਲਈ ਇਨਵਾਇਰਨਮੈਂਟ ਹੈਲਥ ਐਕਸ਼ਨ ਗਰੁੱਪ ਡਾਕਟਰਾਂ ਦਾ ਮੰਚ ਹੈ। ਆਦੇਸ਼ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਬਠਿੰਡਾ ਦੇ ਡਾਇਰੈਕਟਰ ਪ੍ਰਿੰਸੀਪਲ ਡਾ: ਜੀ.ਪੀ.ਆਈ. ਸਿੰਘ ਇਸ ਦੇ ਕਨਵੀਨਰ ਹਨ। ਐਕਸ਼ਨ ਗਰੁੱਪ ਆਨ ਵਾਟਰ ਰਿਸੋਰਸਜ਼, ਲਿਟਰੇਰੀ ਫੋਰਮ ਫਾਰ ਇਨਵਾਇਰਨਮੈਂਟ, ਇਨਵਾਇਰਨਮੈਂਟਲ ਜਸਟਿਸ ਐਕਸ਼ਨ ਗਰੁੱਪ ਅਤੇ ਵਿਮੈਨ ਐਕਸ਼ਨ ਫਾਰ ਈਕੋਲਾਜੀ ਵੱਖ ਵੱਖ ਵਰਗਾਂ ਦੇ ਸਚੇਤ ਵਿਅਕਤੀਆਂ ਦੇ ਗਰੁੱਪ ਖੇਤੀ ਵਿਰਾਸਤ ਮਿਸ਼ਨ ਦਾ ਹਿੱਸਾ ਹਨ।  ਕੁਦਰਤੀ ਖੇਤੀ ਪੂਰੀ ਤਰ੍ਹਾਂ ਜ਼ਹਿਰ ਮੁਕਤ ਹੈ। ਇਸ ਖੇਤੀ ਤਕਨੀਕ ਵਿਚ ਕਿਸੇ ਵੀ ਰਸਾਇਣਕ ਖਾਦ ਜਾਂ ਕੀੜੇਮਾਰ ਜ਼ਹਿਰ ਦੀ ਵਰਤੋਂ ਨਹੀਂ ਕੀਤੀ ਜਾਂਦੀ। ਸਗੋਂ ਕੁਦਰਤ ਦੇ ਨਿਜ਼ਾਮ ਮੁਤਾਬਿਕ ਅੰਤਰ  ਫਸਲੀ ਚੱਕਰ ਰਾਹੀਂ ਫਸਲਾਂ ਨੂੰ ਲੋੜੀਂਦੇ ਤੱਤ ਮੁਹੱਈਆ ਕਰਵਾਏ ਜਾਂਦੇ ਹਨ। ਦਰਖ਼ਤਾਂ/ਝਾੜੀਆਂ ਦੇ ਪੱਤਿਆਂ ਤੋਂ ਕੀਟਨਾਸ਼ਕ ਬਣਾਏ ਜਾਂਦੇ ਹਨ। ਇਸ ਖੇਤੀ ਵਿਚ ਮਿੱਤਰ ਕੀੜਿਆਂ ਤੇ ਪੰਛੀਆਂ ਨੂੰ ਸੁਰੱਖਿਅਤ ਰੱਖਣ ਅਤੇ ਆਪਣੇ ਖੇਤਾਂ ਵੱਲ ਖਿੱਚਣ ਦੇ ਉਪਰਾਲੇ ਕੀਤੇ ਜਾਂਦੇ ਹਨ। ਅਜਿਹਾ ਕਰਨ ਨਾਲ ਕੁਦਰਤੀ ਨਿਯਮ ਮੁਤਾਬਿਕ ਹੀ ਇੱਕ ਸੰਤੁਲਨ ਕਾਇਮ ਹੁੰਦਾ ਹੈ। ਫਾਜ਼ਿਲਕਾ ਨੇੜਲੇ ਪਿੰਡ ਕਟੈਹੜਾ ਦੇ ਸਫਲ ਕਿਸਾਨ ਸ੍ਰੀ ਵਿਨੋਦ ਜਿਆਣੀ ਜਿਹੜੇ ਆਪਣੀ 140 ਕਿੱਲੇ ਪੈਲ਼ੀ ਵਿਚ ਨਿਰੋਲ ਕੁਦਰਤੀ ਖੇਤੀ ਕਰਦੇ ਹਨ ਅਤੇ ਆਪਣੀਆਂ ਉਪਜਾਂ ਨੂੰ ਰਾਸ਼ਟਰੀ ਬਾਜ਼ਾਰ ਵਿਚ ਵੇਚਦੇ ਹਨ, ਦਾ ਕਹਿਣਾ ਹੈ ਕਿ ਕੁਦਰਤੀ ਖੇਤੀ ਤਹਿਤ ਉਗਾਏ ਅਨਾਜਾਂ ਵਿਚ ਖੁਰਾਕੀ ਤੱਤ ਜ਼ਿਆਦਾ ਮਾਤਰਾ ਵਿਚ ਪਾਏ ਜਾਂਦੇ ਹਨ। ਇਸ ਕਰਕੇ ਇਨ੍ਹਾਂ ਦੀ ਕੀਮਤ ਜ਼ਿਆਦਾ ਮਿਲਦੀ ਹੈ। ਉਨ੍ਹਾਂ ਮੁਤਾਬਿਕ ਦੇਸ਼ -ਵਿਦੇਸ਼ ਅੰਦਰ ਕੁਦਰਤੀ ਢੰਗ ਨਾਲ ਉਗਾਏ ਅਨਾਜ ਦੀ ਮੰਗ ਵੱਧ ਰਹੀ ਹੈ। ਖੇਤੀ ਵਿਰਾਸਤ ਮਿਸ਼ਨ ਨਾਲ ਹਰ ਵਰਗ ਦੇ ਕਿਸਾਨ ਜੁੜੇ ਹੋਏ ਹਨ। ਛੋਟੇ ਵੀ, ਮੱਧਮ ਵੀ ਤੇ ਵੱਡੇ ਵੀ। ਕੁਝ ਲੋਕਾਂ ਨੂੰ ਤੌਖਲਾ ਹੈ ਕਿ ਕੁਦਰਤੀ ਖੇਤੀ ਛੋਟੇ ਕਿਸਾਨਾਂ ਲਈ ਫਾਇਦੇਮੰਦ ਨਹੀਂ, ਪਰ ਇਹਦਾ ਜਵਾਬ ਪਿੰਡ ਚੈਨੇ ਦੇ ਕਿਸਾਨ ਅਮਰਜੀਤ ਸ਼ਰਮਾ ਹਨ। ਉਹ ਪੰਜ ਏਕੜ ਜ਼ਮੀਨ ਦੇ ਮਾਲਕ ਹਨ। ਆਪਣੇ ਖੇਤ ਵਿਚ ਹਰ ਸੀਜ਼ਨ ਵਿਚ 30-35 ਫਸਲਾਂ ਬੀਜਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਦੇ ਉਹ ਕੁਦਰਤੀ ਖੇਤੀ ਕਰਨ ਲੱਗੇ ਹਨ, ਆਤਮ ਨਿਰਭਰ ਹੋ ਗਏ ਹਨ। ਬਾਜ਼ਾਰ ‘ਤੇ ਨਿਰਭਰਤਾ ਨਾਂ-ਮਾਤਰ ਰਹਿ ਗਈ ਹੈ। ਘਰੇਲੂ ਲੋੜ ਦੀ ਹਰ ਚੀਜ਼ ਆਪਣੇ ਖੇਤ ਵਿਚ ਪੈਦਾ ਹੋ ਰਹੀ ਹੈ। ਜ਼ਹਿਰ ਮੁਕਤ ਅਨਾਜਾਂ ਤੇ ਸਬਜ਼ੀਆਂ ਦੇ ਭਾਅ ਵੀ ਆਮ ਨਾਲੋਂ ਦੋ ਗੁਣਾ ਜ਼ਿਆਦਾ ਮਿਲ ਰਹੇ ਹਨ।
ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਉਮੇਂਦਰ ਦੱਤ ਕੁਦਰਤੀ ਖੇਤੀ ਨੂੰ ਸਰਬੱਤ ਦੇ ਭਲੇ ਦੀ ਖੇਤੀ ਆਖ਼ਦੇ ਹਨ। ਏਸੇ ਕਰਕੇ ਉਹ ਇਸ ਨੂੰ ਨਾਨਕ ਖੇਤੀ ਵਜੋਂ ਵੀ ਵਡਿਆਉਂਦੇ ਹਨ। ਉਨ੍ਹਾਂ ਮੁਤਾਬਕ ਕੁਦਰਤੀ ਖੇਤੀ ਵਾਤਾਵਰਣ ਤੇ ਸਿਹਤ ਨੂੰ ਬਚਾਉਣ ਵਾਲੀ ਖੇਤੀ ਹੈ। ਇਸ ਖੇਤੀ ਵਿਚ ਕੁਦਰਤ ਪ੍ਰਤੀ ਹਿੰਸਾ ਲਈ ਕੋਈ ਥਾਂ ਨਹੀਂ ਹੈ। ਸ੍ਰੀ ਦੱਤ ਦਸਦੇ ਹਨ ਕਿ ਰਸਾਇਣਕ ਖੇਤੀ ਦੇ ਦੌਰ ਵਿਚ ਬੀਜ, ਖਾਦ, ਖੇਤੀ ਮਸ਼ੀਨਰੀ ਬਣਾਉਣ ਵਾਲੀਆਂ ਕੰਪਨੀਆਂ ਨੇ ਕਿਸਾਨਾਂ ਨੂੰ ਦੋਹੀਂ ਹੱਥੀਂ ਲੁੱਟਿਆ ਹੈ। ਸੁਧਰੇ ਤੇ ਹਾਈਬ੍ਰਿਡ ਬੀਜਾਂ ਦੇ ਨਾਂ ਥੱਲੇ ਕਿਸਾਨਾਂ ਦੀ ਬੀਜ ਵਿਰਾਸਤ ਹੀ ਤਬਾਹ ਕਰ ਦਿੱਤੀ ਗਈ। ਇੱਥੇ ਹੀ ਬੱਸ ਨਹੀਂ ਸਗੋਂ ਹੁਣ ਤਾਂ ਸਰਕਾਰਾਂ ਅਤੇ ਬਹੁਕੌਮੀ ਕਾਰਪੋਰੇਸ਼ਨਾਂ ਦਾ ਗਠਜੋੜ ਦੁਨੀਆਂ ਭਰ ਦੇ ਬੀਜਾਂ ਨੂੰ ਕਬਜ਼ਾਉਣ ਲਈ ਜੀਨ ਪ੍ਰੀਵਰਤਿਤ ਬੀਜਾਂ ਦੀ ਕੋਝੀ ਖੇਡ ਵੀ ਖੇਡ ਰਿਹਾ ਹੈ, ਜਿਹਦੇ ਤਹਿਤ ਦੁਨੀਆਂ ਭਰ ਦੇ ਕਿਸਾਨ ਬੀਜਾਂ ਲਈ ਸਿਰਫ ਤੇ ਸਿਰਫ ਬਹੁਕੌਮੀ ਕੰਪਨੀਆਂ ਦੇ ਮੁਥਾਜ ਹੋ ਜਾਣਗੇ, ਗ਼ੁਲਾਮ ਹੋ ਜਾਣਗੇ। ਜੇ ਬਹੁਕੌਮੀ ਕਾਰਪੋਰੇਸ਼ਨਾਂ ਅਤੇ ਸਰਕਾਰਾਂ ਦਾ ਇਹ ਨਾਪਾਕ ਗਠਜੋੜ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਹੋ ਗਿਆ ਤਾਂ ਅਸੀਂ ਸਭ ਰੋਟੀ ਦੀ ਗ਼ੁਲਾਮੀ ਦੇ ਸ਼ਿਕਾਰ ਹੋ ਜਾਵਾਂਗੇ। ਸਾਡੇ ਦੇਸ਼ ਅੰਦਰ ਇੱਕ-ਇੱਕ ਫਸਲ ਦੀਆਂ ਹਜ਼ਾਰਾਂ-ਹਜ਼ਾਰਾਂ ਵੰਨਗੀਆਂ ਮੌਜੂਦ ਸਨ। ਪਰ ਇਨ੍ਹਾਂ ਕੰਪਨੀਆਂ ਨੇ ਸਭ ਕੁੱਝ ਆਪਣੇ ਹੱਥ ਵਿਚ ਕਰਨ ਲਈ ਅੱਜ ਸਭ ਕੁਝ ਲੁੱਟ ਲਿਆ ਹੈ। ਪੰਜਾਬ ਤੇ ਹਰਿਆਣੇ ਵਿਚੋਂ ਨਰਮੇ ਦੇ ਦੇਸੀ ਬੀਜ ਹੀ ਨਹੀਂ ਮਿਲ ਰਹੇ। ਉਨ੍ਹਾਂ ਕਿਹਾ ਕਿ ਜਦੋਂ ਕਿਸਾਨ ਕੋਲ ਆਪਣੇ ਬੀਜ ਹੀ ਨਾ ਰਹਿਣ ਤਾਂ ਉਸ ਦੀ ਖੇਤੀ ਬਚੀ ਰਹੇਗੀ, ਇਹ ਸੋਚਿਆ ਵੀ ਨਹੀਂ ਜਾ ਸਕਦਾ।  ਸੱਚਮੁੱਚ ਅੱਜ ਅਸੀਂ ਪੰਜਾਬ ਦੇ ਜਿਹੋ ਜਿਹੇ ਸਿਹਤ ਤੇ ਵਾਤਾਵਰਣ ਸੰਕਟ ਦਾ ਸਾਹਮਣਾ ਕਰ ਰਹੇ ਹਾਂ ਉਹ ਬਹੁਤ ਖ਼ਤਰਨਾਕ ਹੈ। ਕਦੇ ਸਿਹਤਮੰਦ ਲੋਕਾਂ ਦਾ ਖਿੱਤਾ ਕਹਾਉਣ ਵਾਲਾ ਪੰਜਾਬ ਅੱਜ ਬੀਮਾਰਾਂ ਦਾ ਪ੍ਰਦੇਸ਼ ਬਣਦਾ ਜਾ ਰਿਹਾ ਹੈ। ਸਾਨੂੰ ਖੇਤੀ ਦੇ ਅਜਿਹੇ ਬਦਲਵੇਂ ਢੰਗ ਤਰੀਕਿਆਂ ਦੀ ਬੇਹੱਦ ਲੋੜ ਹੈ ਜਿਹੜੇ ਕੁਦਰਤ ਪੱਖੀ ਹੋਣ, ਮਨੁੱਖਤਾ ਪੱਖੀ ਹੋਣ। ਜਿਹੜੇ ਵਾਤਾਵਰਣ ਨੂੰ ਨੁਕਸਾਨ ਨਾ ਕਰਨ। ਜਿਹੜੇ ਪਵਨ ਨੂੰ ‘ਗੁਰੂ’, ਪਾਣੀ ਨੂੰ ‘ਪਿਤਾ’ ਤੇ ਧਰਤੀ ਨੂੰ ‘ਮਾਤਾ’ ਬਣਾਈ ਰੱਖਣ ਵਾਲੇ ਹੋਣ। ਕੁਦਰਤੀ ਖੇਤੀ ਅਜਿਹਾ ਹੀ ਸੁਚੱਜਾ ਬਦਲ ਹੈ।   * ਮੋਬਾਈਲ: 94173-33316


Comments Off on ਖੇਤੀ ਵਿਰਾਸਤ ਮਿਸ਼ਨ
1 Star2 Stars3 Stars4 Stars5 Stars (1 votes, average: 5.00 out of 5)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.