ਸਰਪੰਚ ਨੇ ਮਜ਼ਦੂਰ ਦੇ ਘਰ ਨੂੰ ਤਾਲਾ ਲਗਾਇਆ !    ਨੌਜਵਾਨ ਸੋਚ: ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੋ ਵਹੀਕਲ ਜ਼ੋਨ: ਅੱਧੀ ਤਿਆਰੀ ਕਾਰਨ ਦੁਕਾਨਦਾਰ ਤੇ ਲੋਕ ਹੋਏ ਪ੍ਰੇਸ਼ਾਨ !    ਜੇ ਪੰਜਾਬ ਦਾ ਪਾਣੀ ਰੋਕਿਆ ਤਾਂ ਰਾਜਸਥਾਨ ਦਾ ਵੀ ਬੰਦ ਕਰਾਂਗੇ: ਲੱਖੋਵਾਲ !    ਸੋਨੇ ਵਿੱਚ ਆਈ ਤੇਜ਼ੀ !    ਇਰਾਨ ਦੇ ਰਾਸ਼ਟਰਪਤੀ ਦਾ ਭਰਾ 5 ਸਾਲ ਲਈ ਜੇਲ੍ਹ ਵਿੱਚ ਬੰਦ !    ਹਰਿਆਣਾ ’ਚ ਜਜਪਾ ਨੂੰ ਹਮਾਇਤ ਦਿੱਤੀ: ਤੰਵਰ !    ਪੀਸਾ ਪ੍ਰੀਖਿਆ: ਨਿਰੀਖਣ ਕਮੇਟੀਆਂ ਵੱਲੋਂ ਸਕੂਲਾਂ ਦਾ ਜਾਇਜ਼ਾ !    ਮੁਹਾਲੀ ਦਾ ਬੱਸ ਅੱਡਾ: ਨਵਾਂ ਚੱਲਿਆ ਨਹੀਂ ਤੇ ਪੁਰਾਣਾ ਕੀਤਾ ਬੰਦ !    

ਦੇਸ਼ ਭਗਤ ਸੂਰਮੇ ਪੈਦਾ ਕਰਨ ਵਾਲਾ ਪਿੰਡ ਸਰਾਭਾ

Posted On May - 14 - 2011

ਮੇਰੇ ਪਿੰਡ ਦੀਆਂ ਸੰਦਲੀ ਪੈੜਾਂ

ਸਰਾਭਾ ਦੇ ਜੱਦੀ ਘਰ ਦਾ ਬਾਹਰੀ ਦ੍ਰਿਸ਼

ਜਗਦੇਵ ਸਿੰਘ ਗੁੱਜਰਵਾਲ

ਜੰਗੇ ਆਜ਼ਾਦੀ ਦੇ ਮਹਾਨ ਹੀਰੋ  ਤੇ ਗ਼ਦਰ ਪਾਰਟੀ ਦੇ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਕਰਤਾਰ ਸਿੰਘ ਦਾ ਜੱਦੀ ਪਿੰਡ ਸਰਾਭਾ ਦੇਸ਼-ਵਿਦੇਸ਼ ਵਸਦੇ ਪੰਜਾਬੀਆਂ ਲਈ ਵਿਸ਼ੇਸ਼ ਸਤਿਕਾਰ ਤੇ ਮਹੱਤਤਾ ਰੱਖਦਾ ਹੈ। ਕਰਤਾਰ ਸਿੰਘ ਦੀਆਂ ਦੇਸ਼ ਕੌਮ ਲਈ ਕੀਤੀਆਂ  ਕੁਰਬਾਨੀਆਂ ਕਰਕੇ ਅੱਜ ਸਰਾਭਾ ਪਿੰਡ ਸੰਸਾਰ ਭਰ ’ਚ ਪ੍ਰਸਿੱਧ ਤੇ ਚਰਚਿਤ ਪਿੰਡਾਂ ਦੀ ਕਤਾਰ ਵਿੱਚ ਗਿਣਿਆ ਜਾਂਦਾ ਹੈ, ਜੋ ਆਪਣੇ ਆਲੇ-ਦੁਆਲੇ ਦੇ ਅਨੇਕਾਂ ਪਿੰਡਾਂ ਲਈ ਚਾਨਣ-ਮੁਨਾਰਾ ਹੈ। ਸਰਾਭੇ ਪਿੰਡ ਦੇ ਵਸਣ ਤੇ ਇਸ ਦੇ ਇਤਿਹਾਸਕ ਪਿਛੋਕੜ ਬਾਰੇ ਪਤਾ ਲੱਗਿਆ ਕਿ 300 ਸਾਲ ਪਹਿਲਾਂ 15 ਕੁ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਪਿੰਡ ਆਸੀ ਕਲਾਂ ਤੋਂ ਦੋ ਸਕੇ ਭਰਾ ਰਾਮਾ ਤੇ ਸੱਦਾ ਇਸ ਪਿੰਡ ਵਿੱਚ ਆ ਕੇ ਵਸੇ ਸਨ। ਰਾਮੇ ਅਤੇ ਸੱਦਾ ਦੇ ਨਾਂ ਉਪਰ ਹੀ ਪਿੰਡ ਸਰਾਭਾ ਵਸਿਆ ਦੱਸਿਆ ਜਾਂਦਾ ਹੈ। ਇਸ ਕਾਰਨ ਸਰਾਭੇ ਨੂੰ ਅਕਸਰ ਦੋ ਭਰਾਵਾਂ ਦੇ ਨਾਂ ’ਤੇ ਵਸਿਆ ਪਿੰਡ ਵੀ ਆਖ ਦਿੱਤਾ ਜਾਂਦਾ ਹੈ। ਸਰਾਭਾ ਪਿੰਡ ਜ਼ਿਲ੍ਹਾ ਲੁਧਿਆਣਾ ਤੇ ਥਾਣਾ ਸੁਧਾਰ ਅਧੀਨ ਪੈਂਦਾ ਹੈ। ਸਰਾਭੇ ਪਿੰਡ ਦੀ ਬਹੁਤੀ ਮਹੱਤਤਾ ਸ਼ਹੀਦ ਕਰਤਾਰ ਸਿੰਘ ਕਰਕੇ ਹੀ ਮੰਨੀ ਜਾਂਦੀ ਹੈ। ਇਥੇ ਗੱਲ ਦੱਸਣਯੋਗ ਹੈ ਕਿ ਕਰਤਾਰ ਸਿੰਘ ਤੋਂ ਇਲਾਵਾ ਵੀ ਸਰਾਭਾ ਪਿੰਡ ਦੀ ਧਰਤੀ ਨੇ ਦੇਸ਼ ਕੌਮ ਨੂੰ ਅਨੇਕਾਂ ਦੇਸ਼-ਭਗਤ ਗ਼ਦਰੀ ਸੂਰਮੇ ਦਿੱਤੇ ਹਨ, ਜਿਨ੍ਹਾਂ ਨੇ ਸਮੇਂ-ਸਮੇਂ ’ਤੇ ਦੇਸ਼ ਦੀ ਆਜ਼ਾਦੀ ਪ੍ਰਾਪਤੀ ਲਈ ਕੁਰਬਾਨੀਆਂ ਦੇ ਕੇ ਆਪਣਾ ਬਣਦਾ ਯੋਗਦਾਨ ਪਾਇਆ ਹੈ। ਉਨ੍ਹਾਂ ਮਹਾਨ ਗ਼ਦਰੀ ਬਾਬਿਆਂ ਵਿੱਚ ਸਰਾਭੇ ਪਿੰਡ ਦੇ ਰੁਲੀਆ ਸਿੰਘ (ਅੰਡੇਮਾਨ ਸੰਗਰਾਮ ਦਾ ਸ਼ਹੀਦ), ਅਮਰ ਸਿੰਘ, ਅਰਜਨ ਸਿੰਘ, ਬਦਨ ਸਿੰਘ (ਕਰਤਾਰ ਸਿੰਘ ਦਾ ਦਾਦਾ ਜੀ), ਕੁੰਦਨ ਸਿੰਘ, ਨਾਰੰਗ ਸਿੰਘ, ਨੂਰ ਇਲਾਹੀ, ਤੇਜਾ ਸਿੰਘ ਸਫਰੀ ਤੇ ਪ੍ਰੇਮ ਸਿੰਘ (ਦੋਵੇਂ ਸਕੇ ਭਰਾ) ਦੇ ਨਾਂ ਜ਼ਿਕਰਯੋਗ ਹਨ।

ਸ਼ਹੀਦ ਕਰਤਾਰ ਸਿੰਘ ਸਰਾਭਾ

ਇਨ੍ਹਾਂ ਸਾਰਿਆਂ ਦੇਸ਼ ਭਗਤਾਂ ਦੇ ਨਾਵਾਂ ਉਪਰ ਗ਼ਦਰ ਡਾਇਰੈਕਟਰੀ ਦੇ ਵੇਰਵਿਆਂ ਅਨੁਸਾਰ ਅੰਗਰੇਜ਼ ਸਰਕਾਰ ਸਮੇਂ ਸੀ.ਆਈ.ਡੀ. ਰਿਕਾਰਡ ਵਿੱਚ ਫਾਈਲ ਨੰਬਰ ਪਾ ਕੇ ਮਾਮਲੇ ਦਰਜ ਕੀਤੇ ਹੋਏ ਸਨ। ਕਰਤਾਰ ਸਿੰਘ ਅਮਰੀਕਾ ਦੀ  ਪੜ੍ਹਾਈ ਦੌਰਾਨ ਅਕਸਰ ਆਪਣੇ ਪਿੰਡ ਸਰਾਭਾ ਦੇ ਰੁਲੀਆਂ ਸਿੰਘ ਨੂੰ ਮਿਲਦਾ ਰਹਿੰਦਾ ਸੀ ਜੋ ਪਹਿਲਾਂ ਹੀ ਦੇਸ਼ ਦੀ ਆਜ਼ਾਦੀ ਪ੍ਰਾਪਤੀ ਲਈ ਸੰਘਰਸ਼ ਕਰਦੇ ਯੋਧਿਆਂ ਦਾ ਸਾਥੀ ਬਣ ਚੁੱਕਿਆ ਸੀ। ਰੁਲੀਆ ਸਿੰਘ ਤੋਂ ਪ੍ਰਭਾਵਿਤ ਹੋ ਕੇ ਹੀ ਕਰਤਾਰ ਸਿੰਘ ਦੇ ਮਨ ਵਿੱਚ ਦੇਸ਼ ਪ੍ਰੇਮ ਜਾਗਿਆ ਸੀ। ਸਰਾਭੇ ਪਿੰਡ ਦੇ ਤੇਜਾ ਸਿੰਘ ਸਫ਼ਰੀ ਤੇ ਪ੍ਰੇਮ ਸਿੰਘ ਦੋਵੇਂ ਸਕੇ ਭਰਾ ਕਰਤਾਰ ਸਿੰਘ ਦੀਆਂ ਦੇਸ਼ ਕੌਮ ਲਈ ਕੀਤੀਆਂ ਜਾ ਰਹੀਆਂ ਕੁਰਬਾਨੀਆਂ ਤੋਂ ਬਹੁਤ ਪ੍ਰਭਾਵਿਤ ਸਨ। ਉਂਜ ਵੀ ਕਰਤਾਰ ਸਿੰਘ ਦਾ ਇਨ੍ਹਾਂ ਦੋਵੇਂ ਭਰਾਵਾਂ ਨਾਲ ਦਿਲੀ ਲਗਾਓ ਸੀ। ਇਸੇ ਕਰਕੇ ਕਰਤਾਰ ਸਿੰਘ ਅਕਸਰ ਇਨ੍ਹਾਂ ਦੋਵੇਂ ਭਰਾਵਾਂ ਕੋਲ ਆਉਂਦਾ ਜਾਂਦਾ ਸੀ। ਤੇਜਾ ਸਿੰਘ ਸਫ਼ਰੀ ਤੇ ਪ੍ਰੇਮ ਸਿੰਘ ਨੂੰ ਆਜ਼ਾਦੀ ਦੀ ਲੜਾਈ ਵਿੱਚ ਸਰਗਰਮ ਹਿੱਸਾ ਲੈਣ ਕਰਕੇ ਲੰਬਾ ਸਮਾਂ ਜੇਲ੍ਹ ਕੱਟਣੀ ਪਈ ਸੀ। ਇਹ ਦੋਵੇਂ ਭਰਾ ਆਖ਼ਰੀ ਦਮ ਤੱਕ ਦੇਸ਼ ਦੀ ਭਲਾਈ ਲਈ ਕਾਰਜ ਕਰਦੇ ਰਹੇ। ਸੰਨ 1932 ਵਿੱਚ ਪਹਿਲੀ ਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਪਿੰਡ ਵਿੱਚ ਸਲਾਨਾ ਬਰਸੀ ਮਨਾਉਣ ਦੀ ਸ਼ੁਰੂਆਤ ਵੀ ਇਨ੍ਹਾਂ ਦੋਵੇਂ ਭਰਾਵਾਂ ਨੇ ਮੂਹਰੇ ਲੱਗ ਕੇ ਕੀਤੀ ਸੀ, ਜਿਸ ਨੂੰ ਮੌਕੇ ਦੀ ਫਿਰੰਗੀ ਹਕੂਮਤ ਨੇ ਆਪਣੇ ਜ਼ੋਰ-ਜ਼ਬਰ ਨਾਲ ਸਾਬੋਤਾਜ ਕਰਨ ਲਈ ਅਨੇਕਾਂ ਕੋਸ਼ਿਸ਼ਾਂ ਕੀਤੀਆਂ ਸਨ। ਪ੍ਰਸਿੱਧ ਨਾਟਕਕਾਰ ਗੁਰਸ਼ਰਨ ਸਿੰਘ ਉਰਫ਼ ਭਾਈ ਮੰਨਾ ਸਿੰਘ ਦੀ ਨਾਟਕ ਟੀਮ ਵੀ ਹਰੇਕ ਸਾਲ ਸਰਾਭੇ ਪਿੰਡ ਵਿਖੇ ਸ਼ਹੀਦ ਕਰਤਾਰ ਸਿੰਘ ਦੀ ਬਰਸੀ ’ਤੇ ਇਨਕਲਾਬੀ ਨਾਟਕ ਕਰਿਆ ਕਰਦੇ ਸਨ। ਸ਼ਹੀਦ ਕਰਤਾਰ ਸਿੰਘ ਦੀ ਯਾਦ ਵਿੱਚ ਪਿੰਡ ਸਰਾਭਾ ਵਿਖੇ ਲੁਧਿਆਣਾ, ਰਾਏਕੋਟ ਵਾਲੀ ਮੁੱਖ ਸੜਕ ’ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਚੈਰੀਟੇਬਲ ਹਸਪਤਾਲ ਤੇ ਕਾਲਜ ਬਣਿਆ ਹੋਇਆ ਹੈ, ਜੋ ਇਲਾਕੇ ਦੇ ਲੋਕਾਂ ਨੂੰ ਮੁੱਢਲੀਆਂ ਡਾਕਟਰੀ ਸਹੂਲਤਾਂ ਦੇਣ ਤੋਂ ਇਲਾਵਾ ਲੜਕੀਆਂ ਨੂੰ ਜੀ.ਐਨ.ਐਮ., ਬੀ.ਐਸਸੀ. ਤੇ ਬੀ.ਡੀ.ਐਸ. ਤੋਂ ਇਲਾਵਾ ਹੋਰ ਕਿੱਤਾਮੁਖੀ ਕੋਰਸ ਕਰਾ ਕੇ ਆਤਮ-ਨਿਰਭਰ ਬਣਾਉਣ ਦਾ ਸਲਾਹੁਣਯੋਗ ਕੰਮ ਕਰ ਰਿਹਾ ਹੈ। ਪਿੰਡ ਵਿੱਚ ਸਰਕਾਰੀ ਸਕੂਲ ਤੋਂ ਇਲਾਵਾ ਇੱਕ ਸ਼ਹੀਦ ਕਰਤਾਰ ਸਿੰਘ ਇੰਟਰਨੈਸ਼ਲ ਪਬਲਿਕ ਸਕੂਲ ਵੀ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਕਿਸਾਨਾਂ ਦੀ ਫ਼ਸਲ ਦੀ ਖਰੀਦ ਲਈ ਦਾਣਾ ਮੰਡੀ ਤੇ ਪਸ਼ੂ ਹਸਪਤਾਲ ਵੀ ਬਣਿਆ ਹੋਇਆ ਹੈ। ਪਿੰਡ ’ਚ ਨੌਜਵਾਨਾਂ ਦੇ ਖੇਡਣ ਲਈ ਵਧੀਆ ਖੇਡ ਸਟੇਡੀਅਮ ਦੀ ਵੀ ਸਹੂਲਤ ਉਪਲੱਬਧ ਹੈ ਜਿੱਥੇ ਹਰੇਕ ਸਾਲ ਪਿੰਡ ਵਾਸੀ ਤੇ ਐਨ.ਆਰ.ਆਈ. ਮਿਲ ਕੇ ਸ਼ਹੀਦ ਕਰਤਾਰ ਸਿੰਘ ਦੀ ਬਰਸੀ ਦੇ ਸਬੰਧ ’ਚ ਖੇਡ ਮੇਲੇ  ਦਾ ਆਯੋਜਨ ਕਰਦੇ ਹਨ। ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ’ਤੇ ਲੁਧਿਆਣੇ ਸ਼ਹਿਰ ’ਚ ਸਰਾਭਾ ਨਗਰ ਵੀ ਬਣਾਇਆ ਹੋਇਆ ਹੈ। ਅਣਵੰਡੇ ਭਾਰਤ ਦਾ ਪਹਿਲਾ ਸਿੱਖਿਅਤ ਪਾਇਲਟ ਹੋਣ ਦਾ ਮਾਣ ਵੀ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਹਾਸਲ ਸੀ।  ਪੱਖੋਵਾਲ ਰੋਡ ’ਤੇ ਫਿਰੋਜ਼ ਗਾਂਧੀ ਮਾਰਕੀਟ ਲਾਗੇ ਸ਼ਹੀਦ ਕਰਤਾਰ ਸਿੰਘ ਦਾ ਬੁੱਤ ਵੀ ਲੱਗਿਆ ਹੋਇਆ ਹੈ। ਪਿੰਡ ਸਰਾਭਾ ਦੀਆਂ ਮੋਹਤਬਰ ਸ਼ਖ਼ਸੀਅਤਾਂ ਵਿੱਚ ਗਰੁੱਪ ਆਫ ਮੈਡੀਕਲ ਇੰਸਟੀਚਿਊਟ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸਾਬਕਾ ਸਵ. ਚੇਅਰਮੈਨ ਸੁਖਦੇਵ ਸਿੰਘ ਗਰੇਵਾਲ (ਹਸਪਤਾਲ ਬਣਾਉਣ ’ਚ ਮੋਢੀ ਮੈਂਬਰ), ਅਵਤਾਰ ਸਿੰਘ ਗਰੇਵਾਲ, ਸਾਬਕਾ ਚੇਅਰਮੈਨ, ਮੌਜੂਦਾ ਚੇਅਰਮੈਨ ਹੁਸ਼ਿਆਰ ਸਿੰਘ ਕੈਨੇਡਾ) ਲੇਖਕ ਤੇ ਸਾਬਕਾ ਬਲਾਕ ਸੰਮਤੀ ਮੈਂਬਰ ਸਿਕੰਦਰ ਸਿੰਘ ਸਰਾਭਾ, ਮਾਸਟਰ ਹਰਨੇਕ ਸਿੰਘ ਸਾਬਕਾ ਜ਼ਿਲ੍ਹਾ ਪ੍ਰਧਾਨ ਗੌਰਮਿੰਟ ਟੀਚਰ ਯੂਨੀਅਨ, ਗਿਆਨੀ ਸੁਰਜੀਤ ਸਿੰਘ) ਆਜ਼ਾਦੀ ਘੁਲਾਟੀਆ ਜਵਾਲਾ ਸਿੰਘ, ਸੈਕਟਰੀ ਇੰਦਰਜੀਤ ਸਿੰਘ ਗਰੇਵਾਲ, ਸਵ. ਕਾਮਰੇਡ ਭਾਗ ਸਿੰਘ, ਅਜਮੇਰ ਸਿੰਘ ਸਾਬਕਾ ਕਲੱਬ ਪ੍ਰਧਾਨ, ਜਤਿੰਦਰ ਸਿੰਘ, ਮੌਜੂਦਾ ਕਲੱਬ ਪ੍ਰਧਾਨ ਤੇ ਮਨਜੀਤ ਸਿੰਘ ਕੈਨੇਡਾ ਦੇ ਨਾਂ ਪ੍ਰਮੁੱਖ ਹਨ। ਇਨ੍ਹਾਂ ਤੋਂ ਇਲਾਵਾ ਪਿੰਡ ਸਰਾਭਾ ਦੇ ਬਹੁਤ ਸਾਰੇ ਬਾਸ਼ਿੰਦੇ ਫ਼ੌਜ ਤੇ ਹੋਰ ਮਹਿਕਮਿਆਂ ਵਿੱਚ ਵੱਡੇ ਅਹੁਦਿਆਂ ’ਤੇ ਬਿਰਾਜਮਾਨ ਰਹਿ ਚੁੱਕੇ ਹਨ। ਇਸ ਸਮੇਂ ਪਿੰਡ ਸਰਾਭਾ ਦੀ ਸਰਪੰਚੀ ਦੀ ਜ਼ਿੰਮੇਵਾਰੀ ਪ੍ਰੇਮਜੀਤ ਸਿੰਘ ਕੋਲ ਹੈ।     ਉਪਰੋਕਤ ਵੇਰਵਿਆਂ ਤੋਂ ਇਲਾਵਾ ਪਿੰਡ ਸਰਾਭਾ ਕਈ ਮੁਸ਼ਕਲਾਂ ਤੇ   ਘਾਟਾਂ ਨਾਲ ਵੀ ਜੂਝ ਰਿਹਾ ਹੈ, ਜਿਨ੍ਹਾਂ ਵਿੱਚੋਂ ਪਿੰਡ ਵਿੱਚ ਬਣੇ ਪਟਵਾਰਖਾਨੇ ਵਿੱਚ ਪਟਵਾਰੀ ਨਾ ਬੈਠਣ ਕਾਰਨ ਪਿੰਡ ਦੇ ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ ਦੀਆਂ ਜਮ੍ਹਾਂਬੰਦੀਆਂ ਵਗੈਰਾ ਲੈਣ ਲਈ ਜੋਧਾਂ ਦੇ ਪਟਵਾਰਖਾਨੇ ਜਾਣਾ ਪੈਂਦਾ ਹੈ। ਇਸ ਕਰਕੇ ਪਿੰਡ ਦੇ ਲੋਕਾਂ ਦੀ ਮੰਗ ਹੈ ਕਿ ਸਰਾਭੇ ਪਿੰਡ ਵਿੱਚ ਪਟਵਾਰੀ ਦੀ ਹਾਜ਼ਰੀ ਲਾਜ਼ਮੀ ਬਣਾਈ ਜਾਵੇ। ਪਿੰਡ ਵਿੱਚੋਂ ਲੰਘਦੇ ਪਾਣੀ ਵਾਲੇ ਸੂਏ ਦੀਆਂ ਪੰਧੀਆਂ ਬਣਾ ਕੇ ਸੂਏ ਦੇ ਪੱਕਾ ਹੋਣ ਦੀ ਉਡੀਕ ਵੀ ਸਰਾਭਾ ਵਾਸੀ ਕਾਫ਼ੀ ਸਮੇਂ ਤੋਂ ਕਰਦੇ ਆ ਰਹੇ ਹਨ।
ਚੈਰੀਟੇਬਲ ਹਸਪਤਾਲ ਵਿੱਚ ਮਿਲਦੀਆਂ ਡਾਕਟਰੀ ਸਹੂਲਤਾਂ ਦਾ ਸੁਧਾਰਨ ਕਰਨ ਦੀ ਵੀ ਸਖ਼ਤ ਲੋੜ ਹੈ।  ਉਪਰੋਕਤ ਛੋਟੀਆਂ-ਮੋਟੀਆਂ ਮੰਗਾਂ ’ਤੇ ਲੋੜਾਂ ਨੂੰ ਛੱਡ ਕੇ ਸਰਾਭਾ ਪਿੰਡ ਦੇ ਸਮੂਹ ਦੇਸ਼ ਭਗਤਾਂ ਦੀ ਢੁੱਕਵੀਂ ਯਾਦਗਾਰ ਬਣਾਉਣ ਦੀ ਪਿੰਡ ਵਾਸੀ ਹੀ ਨਹੀਂ ਬਲਕਿ ਸਮੁੱਚਾ ਇਲਾਕਾ ਪਿਛਲੇ ਲੰਬੇ ਸਮੇਂ ਤੋਂ ਸਰਕਾਰੇ-ਦਰਬਾਰੇ ਪਹੁੰਚ ਕਰਕੇ ਜ਼ੋਰਦਾਰ ਮੰਗ ਕਰਦਾ ਆ ਰਿਹਾ ਹੈ। ਇਸੇ ਮਨੋਰਥ ਦੀ ਪੂਰਤੀ ਲਈ ਸਰਾਭਾ ਵਾਸੀਆਂ ਨੇ ਕੋਈ 15 ਸਾਲ ਪਹਿਲਾਂ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਦੇਸ਼ ਭਗਤਾਂ ਦੀ ਯਾਦਗਾਰ ਬਣਾਉਣ ਲਈ ਜ਼ਮੀਨ ਦਿੱਤੀ ਸੀ ਪਰ ਇਹ ਯਾਦਗਾਰ ਲੰਬਾ ਸਮਾਂ ਬੀਤਣ ਉਪਰੰਤ ਅਜੇ ਤੱਕ ਵੀ ਅਧੂਰੀ ਪਈ ਹੈ ਜਿਸ ਨੂੰ ਜਲਦ ਤੋਂ ਜਲਦ ਪੂਰਾ ਕਰਕੇ  ਇਸ ਦੀ ਸਾਂਭ-ਸੰਭਾਲ ਲਈ ਲੋੜੀਂਦੇ ਕਰਮਚਾਰੀ ਤੇ ਸਹੂਲਤਾਂ ਦੇਣ ਦੀ ਲੋੜ ਹੈ। ਇਸ ਦੇ ਨਾਲ ਹੀ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਕੌਮੀ ਸ਼ਹੀਦ ਤੇ ਇਸ ਦੇ ਜੱਦੀ ਘਰ ਨੂੰ ਕੌਮੀ ਯਾਦਗਾਰ ਐਲਾਨ ਕੇ ਉਸ ਦੀ ਖਸਤਾ ਹਾਲਤ ਦੀ ਮੁਰੰਮਤ ਕਰਨ ਦੀ ਜ਼ਰੂਰਤ ਹੈ। ਸ਼ਹੀਦੇ-ਆਜ਼ਮ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਆਪਣੀ ਇਨਕਲਾਬੀ ਗੁਰੂ ਮੰਨਦਾ ਸੀ। ਜਿੰਨੀ ਖੋਜ ਤੇ ਜਾਣਕਾਰੀ ਸ਼ਹੀਦ ਭਗਤ ਸਿੰਘ ਬਾਰੇ ਮਿਲਦੀ ਹੈ, ਉਸ ਬਰਾਬਰ ਸ਼ਹੀਦ ਕਰਤਾਰ ਸਿੰਘ ਸਰਾਭੇ ਦੇ ਜੀਵਨ ਇਤਿਹਾਸ ਤੇ ਮਨੋਰਥ ਬਾਰੇ ਬਹੁਤ ਘੱਟ ਤੇ ਨਾਬਰਾਬਰ ਖੋਜ ਕੀਤੀ ਗਈ ਹੈ ਜਿਸ ਕਾਰਨ ਸ਼ਹੀਦ ਸਰਾਭੇ ਦੀ ਕੁਰਬਾਨੀ ਬਾਰੇ ਲੋਕਾਂ ਨੂੰ ਬਹੁਤ ਘੱਟ ਜਾਣਕਾਰੀ ਹੈ। ਇਸੇ ਕਰਕੇ ਕਰਤਾਰ ਸਿੰਘ ਸਰਾਭੇ ਦੇ ਜੀਵਨ ਸੰਘਰਸ਼ ਬਾਰੇ ਵਧੇਰੇ ਘੋਖ-ਪੜਤਾਲ ਕਰਨ ਲਈ ਕਿਸੇ ਯੂਨੀਵਰਸਿਟੀ ਵਿੱਚ ਸਰਾਭੇ ਦੇ ਨਾਂ ’ਤੇ ਚੇਅਰ ਸਥਾਪਤ ਕਰਨ ਦੀ ਲੋੜ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਦੇਸ਼ ਦੇ ਇਨਕਲਾਬੀ ਗ਼ਦਰੀ ਬਾਬਿਆਂ ਦੀਆਂ ਕੀਤੀਆਂ ਕੁਰਬਾਨੀਆਂ ਬਾਰੇ ਸਹੀ ਤੇ ਪੂਰੀ ਜਾਣਕਾਰੀ ਮਿਲ ਸਕੇ। ਇਸ ਦੇ ਨਾਲ ਹੀ ਸਰਾਭਾ ਪਿੰਡ ਦੇ ਦੂਜੇ ਇਨਕਲਾਬੀ ਯੋਧਿਆਂ ਦੀ ਯਾਦ ਨੂੰ ਸਦੀਵੀ ਬਣਾਉਣ ਲਈ ਪਿੰਡ ਵਿੱਚ ਨੌਜਵਾਨਾਂ ਲਈ ਕੋਈ ਕਿੱਤਾਮੁਖੀ ਸੰਸਥਾ ਬਣਾਉਣ ਦੀ ਸਖ਼ਤ ਲੋੜ ਹੈ। ਇਥੇ ਇਹ ਗੱਲ ਜ਼ੋਰ ਦੇ ਕੇ ਲਿਖਣੀ ਬਣਦੀ ਹੈ ਕਿ ਪਿਛਲੇ ਸਮੇਂ ਦੌਰਾਨ ਅਗਾਂਹਵਧੂ ਸੋਚ ਦੇ ਧਾਰਨੀ   ਮਾਸਟਰ ਹਰੀਸ਼ ਹੁਰਾਂ ਨੇ ਸਾਥੀਆਂ ਨਾਲ ਮਿਲ ਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਮਕਾਨ ਵਿੱਚ ਇੱਕ ਲਾਇਬਰੇਰੀ ਚਲਾਉਣ ਦੀ ਪਹਿਲ ਕੀਤੀ ਸੀ, ਜਿਸ ਲਈ ਦੋ ਅਲਮਾਰੀਆਂ ਤੇ ਕੁਝ ਕਿਤਾਬਾਂ ਵੀ ਲਿਆਂਦੀਆਂ ਗਈਆਂ ਸਨ। ਉਸ ਤੋਂ ਬਾਅਦ ਇਸ ਲਾਇਬਰੇਰੀ ਨੂੰ ਵਧੀਆ ਤਰੀਕੇ ਨਾਲ ਚਲਾਉਣ ਲਈ ਕੋਈ ਉਚੇਚਾ ਯਤਨ ਨਹੀਂ  ਕੀਤਾ ਗਿਆ। ਜਦਕਿ ਹੁਣ ਤਾਂ ਲਾਇਬਰੇਰੀ ਚਲਾਉਣ ਲਈ ਲਿਆਂਦੀਆਂ ਅਲਮਾਰੀਆਂ ਵੀ ਕਿਤਾਬਾਂ ਦੀ ਉਡੀਕ ’ਚ ਗਲਣ ਕੱਢੇ ਪਹੁੰਚ ਚੁੱਕੀਆਂ ਹਨ।
ਲਾਇਬਰੇਰੀ ਖੋਲ੍ਹਣ ਬਾਰੇ ਗੱਲ ਕਰਨ ’ਤੇ ਸਰਾਭੇ ਪਿੰਡ ਦੇ ਗਿਆਨੀ ਸੁਰਜੀਤ ਸਿੰਘ ਹੁਰਾਂ ਨੇ ਦੱਸਿਆ ਕਿ 1933 ਵਿੱਚ ਵੀ ਲਾਇਬਰੇਰੀ ਖੋਲ੍ਹਣ ਦਾ ਪ੍ਰੋਗਰਾਮ ਬਣਾਇਆ ਗਿਆ ਸੀ ਪਰ ਪ੍ਰਬੰਧਾਂ ਦੀ ਘਾਟ ਕਾਰਨ ਇਹ ਨੇਪਰੇ ਨਾ ਚੜ੍ਹ ਸਕਿਆ। ਸ਼ਹੀਦ ਕਰਤਾਰ ਸਿੰਘ ਤੇ ਦੂਜੇ ਦੇਸ਼ ਭਗਤਾਂ ਬਾਰੇ ਦੇਸ਼-ਵਿਦੇਸ਼ ਤੋਂ ਜਾਣਕਾਰੀ ਲੈਣ ਲਈ ਸਰਾਭੇ ਆਉਣ ਵਾਲੇ ਲੋਕਾਂ ਦੀ ਸਹਾਇਤਾ ਲਈ ਪਬਲਿਕ ਲਾਇਬਰੇਰੀ ਬਣਾ ਕੇ ਦੇਸ਼ ਭਗਤਾਂ ਨਾਲ ਸਬੰਧਤ ਜਾਣਕਾਰੀ ਭਰਪੂਰ ਦਸਤਾਵੇਜ਼ ਤੇ ਸਾਹਿਤ ਰੱਖਣ ਦੀ ਲੋੜ ਹੈ। ਜਿੱਥੇ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਉਸ ਦੇ ਸਾਥੀਆਂ ਦੀ ਅਸਲ ਸੋਚ, ਉਦੇਸ਼ ਤੇ ਮਨੋਰਥ ਅਜੋਕੀ ਲੱਚਰ ਗਾਇਕੀ ਤੇ ਮੌਕਾਪ੍ਰਸਤ ਰਾਜਨੀਤੀ ਦੀ ਭੇਟ ਚੜ੍ਹ ਕੇ ਲੋਕ ਚੇਤਿਆਂ ’ਚ  ਵਿਸਰਦੀ ਜਾ ਰਹੀ ਉੱਥੇ ਸ਼ਹੀਦ ਸਰਾਭੇ ਦੀ ਅਸਲ ਤਸਵੀਰ ਵੀ ਚਿੱਤਰਕਾਰ ਸ਼ੋਭਾ ਸਿੰਘ ਦੀ ਬਣਾਈ ਰੰਗ-ਬਰੰਗੀ ਕਲਪਨਿਕ ਪੇਂਟਿੰਗ ਦੀ ਚਮਕ ਹੇਠ ਲੋਕ ਮਨਾਂ ’ਚੋਂ ਅਲੋਪ ਹੋ ਚੁੱਕੀ ਹੈ,  ਜਿਸ ਨੂੰ ਬਚਾਉਣ ਲਈ ਤੁਰੰਤ ਸਖ਼ਤ ਉਪਰਾਲੇ ਕਰਨ ਦੀ ਲੋੜ ਹੈ।
ਉਥੇ ਹਰੇਕ ਸਾਲ ਵੱਖ-ਵੱਖ ਰਾਜਸੀ ਪਾਰਟੀਆਂ ਵੱਲੋਂ ਸਰਾਭੇ ਪਿੰਡ ਦੇ ਦੇਸ਼  ਭਗਤਾਂ ਦੀ ਬਰਸੀ ਤੇ ਜਨਮ ਦਿਹਾੜਾ   ਮਨਾਉਣ ਦੀ ਆੜ ’ਚ ਕੀਤੀ ਜਾਂਦੀ ਦੂਸ਼ਣਬਾਜ਼ੀ ਦੀ ਥਾਂ ਦੇਸ਼   ਭਗਤਾਂ ਦੀ ਸੋਚ ਤੇ ਕੁਰਬਾਨੀਆਂ ਬਾਰੇ ਗੱਲ ਕਰਨ ਦੀ ਰਵਾਇਤ ਪਾਉਣੀ ਚਾਹੀਦੀ ਹੈ।

* ਮੋਬਾਈਲ: 99149-28048


Comments Off on ਦੇਸ਼ ਭਗਤ ਸੂਰਮੇ ਪੈਦਾ ਕਰਨ ਵਾਲਾ ਪਿੰਡ ਸਰਾਭਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.