ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਕਰੋਨਾ ਵਾਇਰਸ ਤੇ ਸਮਾਜ: ਖ਼ਤਰਿਆਂ ਨਾਲ ਭਰਿਆ ਸਮਾਂ !    ਨੌਜਵਾਨ ਵਿਦਿਆਰਥੀਆਂ ਲਈ ਸਕਾਊਟਿੰਗ ਵਿਚ ਕਰੀਅਰ ਮੌਕੇ !    ਰਾਸ਼ਨ ਨਾ ਮਿਲਣ ਤੋਂ ਦੁਖੀ ਨੌਜਵਾਨ ਨੇ ਕੀਤੀ ਖੁਦਕੁਸ਼ੀ !    ਅਫ਼ਗਾਨਿਸਤਾਨ ਸਰਕਾਰ ਵੱਲੋਂ ਤਾਲਿਬਾਨ ਨਾਲ ਗੱਲਬਾਤ !    ਬੈਂਕਾਂ ਦਾ ਰਲੇਵਾਂ ਭਾਰਤੀ ਬੈਂਕਿੰਗ ਖੇਤਰ ਲਈ ਨਵੀਂ ਸਵੇਰ ਕਰਾਰ !    ਕਣਕ ਦੀ ਖ਼ਰੀਦ ਲਈ 26064.31 ਕਰੋੜ ਦੀ ਸੀਸੀਐੱਲ ਮੰਗੀ !    ਸੈਕਟਰ-35 ਵਾਸੀ ਕਰੋਨਾ ਪਾਜ਼ੇਟਿਵ !    ਕਰਫਿਊ: ਘਰਾਂ ’ਚ ਝਾਟਮ-ਝੀਟੀ !    ਬੇਅਦਬੀ ਮਾਮਲਾ: ਕਰਫਿਊ ਕਾਰਨ ਸੁਣਵਾਈ ਟਲੀ !    

ਸ਼ੂਗਰ ਰੋਗ ਮਿੱਠੇ ਰੋਗ ਦੀ ਕੌੜੀ ਸਚਾਈ

Posted On January - 4 - 2011

ਡਾ. ਮਨਜੀਤ ਸਿੰਘ ਬੱਲ

‘ਡਾਇਬਟੀ’ ਯੂਨਾਨੀ ਭਾਸ਼ਾ ‘ਚੋਂ ਨਿਕਲਿਆ ਇਕ ਸ਼ਬਦ ਹੈ, ਜਿਸ ਦਾ ਮਤਲਬ ਹੈ ‘ਸਾਇਫ਼ਨ’ ਯਾਨੀ ‘ਕਾਫੀ ਮਾਤਰਾ ਵਿੱਚ ਪਿਸ਼ਾਬ ਦਾ ਵਿਸਰਜਣ’। ਮੈਡੀਕਲ ਇਤਿਹਾਸ ਵਿੱਚ ਅੰਗਰੇਜ਼ੀ ਵਿੱਚ ਡਾਇਬਟੀਜ਼ ਸ਼ਬਦ, ਸਭ ਤੋਂ ਪਹਿਲਾਂ ਸੰਨ 1425 ਵਿੱਚ ਵਰਤਿਆ ਗਿਆ। ਡਾ. ਥਾਮਸ ਵਿਲਜ਼ ਨੇ 1675 ਵਿੱਚ ਡਾਇਬਟੀਜ਼ ਦੇ ਨਾਲ ‘ਮੇਲਾਇਟਿਸ’ ਜੋੜਿਆ, ਜੋ ਇਕ ਲਾਤੀਨੀ ਭਾਸ਼ਾ ਦਾ ਸ਼ਬਦ ਹੈ ਤੇ ਇਸ ਦਾ ਮਤਲਬ ਹੈ ‘ਸ਼ਹਿਦ ਜਾਂ ਮਧੂ’। ਸੰਨ 1776 ਵਿੱਚ ਮੈਥਿਊ ਡਾਬਸਨ ਨੇ ਇਸ ਗੱਲ ‘ਤੇ ਮੋਹਰ ਲਾ ਦਿੱਤੀ ਕਿ ਖੂਨ ਤੇ ਪਿਸ਼ਾਬ ਵਿੱਚ ਵਾਧੂ ਸ਼ੂਗਰ ਹੋਣ ਨਾਲ ਇਨ੍ਹਾਂ ਦਾ ਸਵਾਦ ਮਿੱਠਾ ਹੋ ਜਾਂਦਾ ਹੈ। ਸੁਸ਼ਰਤਾ ਨੇ ਛੇਵੀਂ ਸਦੀ ਬੀ.ਸੀ. ਵਿੱਚ ਹੀ ਡਾਇਬਟੀਜ਼ ਨੂੰ ਪਛਾਣ ਲਿਆ ਸੀ ਤੇ ਇਸ ਨੂੰ ਮਧੂਮੇਹ ਲਿਖਿਆ ਸੀ। ਇਸ ਰੋਗ ਦਾ ਸਬੰਧ, ਮੋਟਾਪੇ ਅਤੇ ਬੈਠੇ ਰਹਿਣ ਵਾਲੇ ਜੀਵਨ ਵਿਵਹਾਰ ਨਾਲ ਦੱਸਿਆ ਗਿਆ ਤੇ ਇਸ ਦੇ ਇਲਾਜ ਵਜੋਂ ਵਰਜ਼ਿਸ਼ ਕਰਨ ਦੇ ਮਸ਼ਵਰੇ ਦਿੱਤੇ ਗਏ। ਪ੍ਰਾਚੀਨ ਭਾਰਤ ਵਿੱਚ ਸ਼ੂਗਰ ਵਾਸਤੇ ਇਹ ਦਰਸਾਇਆ ਗਿਆ ਹੈ ਕਿ ਜੇਕਰ ਪਿਸ਼ਾਬ ਕੀਤੇ ਜਾਣ ਵਾਲੀ ਥਾਂ ‘ਤੇ ਕੀੜੀਆਂ ‘ਕੱਠੀਆਂ ਹੋ ਜਾਣ ਤਾਂ ਸਮਝੋ ਕਿ ਬੰਦੇ ਨੂੰ ਸ਼ੂਗਰ ਹੈ। ਇਸ ਨੂੰ ‘ਮਿੱਠਾ ਪਿਸ਼ਾਬ ਰੋਗ’ ‘sweet urine disease’ ਜਾਂ ਮਧੂਮੇਹ ਦਾ ਨਾਂ ਦਿੱਤਾ ਗਿਆ।
ਦਿਲ ਦਾ ਦੌਰਾ, ਗੁਰਦੇ-ਫੇਲ੍ਹ ਅਤੇ ਅੰਨ੍ਹਾਪਣ ਦੇ ਬਹੁਤ ਕੇਸ, ਸ਼ੂਗਰ ਰੋਗ ਕਰਕੇ ਹੁੰਦੇ ਹਨ। ਸ਼ੂਗਰ ਰੋਗ ਜਾਂ ਡਾਇਬਟੀਜ਼ ਮੇਲਾਇਟਿਸ ਨੂੰ ਆਮ ਲੋਕ ਡਾਇਬਿਟੀਜ਼ ਹੀ ਬੋਲਦੇ ਹਨ। ਇਸ ਵਿੱਚ ਰੋਗੀ ਦੇ ਖੂਨ ਵਿੱਚ ਸ਼ੂਗਰ ਦਾ ਪੱਧਰ ਸਾਧਾਰਨ ਨਾਲੋਂ ਵੱਧ ਹੁੰਦਾ ਹੈ ਤੇ ਪਿਸ਼ਾਬ ਵਿੱਚ ਵੀ ਸ਼ੂਗਰ ਆਉਂਦੀ ਹੈ, ਜੋ ਇਨਸੂਲਿਨ ਦੀ ਘਾਟ ਕਾਰਨ ਜਾਂ ਇਸ ਦੇ ਸਰੀਰ ਦੇ ਸੈੱਲਾਂ ਪ੍ਰਤੀ ਨਿਰਅਸਰ ਰਹਿਣ ਕਾਰਨ ਹੁੰਦੀ ਹੈ। ਅੰਕੜਿਆਂ ਅਨੁਸਾਰ ਸੰਸਾਰ ਵਿੱਚ 171 ਮਿਲੀਅਨ ਜਾਂ 2.8 ਫੀਸਦੀ ਤੋਂ ਵੱਧ ਲੋਕ, ਸ਼ੂਗਰ ਦੇ ਰੋਗੀ ਹਨ। ਕੁੱਲ ਰੋਗੀਆਂ ‘ਚੋਂ ਮੁੱਖ ਰੂਪ ਵਿੱਚ (90 ਤੋਂ 95%) ਦੂਸਰੀ ਕਿਸਮ ਦੇ ਸ਼ੂਗਰ ਰੋਗ ਦੇ ਹੁੰਦੇ ਹਨ। ਇਸ ਰੋਗ ਦੇ ਕਈ ਕਾਰਨਾਂ ਤੇ ਲੱਛਣਾਂ ਦਾ ਪਤਾ ਹੋਣ ਦੇ ਬਾਵਜੂਦ ਕਈ ਵਾਰ ਇਹ ਦੱਸਣਾ ਮੁਸ਼ਕਲ ਹੋ ਜਾਂਦਾ ਹੈ ਕਿ ਇਹ ਬਿਮਾਰੀ ਕਿਵੇਂ ਆਉਂਦੀ ਹੈ। ਹੋ ਸਕਦੈ ਇਹ, ਬਿੱਲੀ ਵਾਂਗ ਦੱਬੇ ਪੈਰੀਂ ਆ ਜਾਵੇ ਤੇ ਬੰਦੇ ਨੂੰ ਪਤਾ ਈ ਨਾ ਲੱਗੇ ਕਿ ਸ਼ੂਗਰ ਰੋਗ ਹੋ ਗਿਐ…! ਜਾਂ ਫਿਰ ਇਹ, ਇਕ ਭੂਤਰੇ ਸਾਨ੍ਹ ਵਾਂਗ ਆਵੇ ਯਾਨੀ ਕਿ ਕਈ ਤਰ੍ਹਾਂ ਦੀਆਂ ਤਕਲੀਫ਼ਾਂ ਇਕਦਮ ਸ਼ੁਰੂ ਹੋ ਜਾਣ, ਹਸਪਤਾਲ ਵਿੱਚ ਦਾਖ਼ਲ ਹੋਣਾ ਪਵੇ ਤੇ ਇਕਦਮ ਜਾਨ ਦਾ ਖ਼ਤਰਾ ਬਣ ਜਾਵੇ।
ਸ਼ੂਗਰ ਰੋਗ ਦੇ ਲੱਛਣ
* ਵਧੇਰੇ ਤੇਹ ਲੱਗਣਾ
* ਜ਼ਿਆਦਾ ਪਿਸ਼ਾਬ ਆਉਣਾ
* ਵਧੇਰੇ ਭੁੱਖ ਲੱਗਣਾ
* ਥੋੜ੍ਹੇ ਸਮੇਂ ਵਿੱਚ ਹੀ ਕਾਫੀ ਭਾਰ ਘਟ ਜਾਣਾ
* ਥਕਾਵਟ ਤੇ ਕਮਜ਼ੋਰੀ
* ਨਜ਼ਰ ਦਾ ਘਟਣਾ
* ਜ਼ਖ਼ਮ ਰਾਜੀ ਹੋਣ ਵਿੱਚ ਦੇਰੀ
* ਦੁਬਾਰਾ-ਦੁਬਾਰਾ ਇਨਫੈਕਸ਼ਨ ਜਿਵੇਂ:
-ਬੁੱਟਾਂ ‘ਤੇ ਜ਼ਖ਼ਮ ਤੇ ਚਮੜੀ ‘ਤੇ ਫੋੜੇ ਫਿਨਸੀਆਂ
-ਪਿਸ਼ਾਬ ਪ੍ਰਣਾਲੀ ਜਾਂ ਔਰਤਾਂ ਵਿੱਚ ਜਨਣ-ਅੰਗਾਂ ਦੀ ਇਨਫੈਕਸ਼ਨ
* ਨਜ਼ਰ ਦੀ ਕਮਜ਼ੋਰੀ ਤੇ ਮਰਦਾਨਾ ਕਮਜ਼ੋਰੀ
* ਲੱਤਾਂ-ਬਾਹਵਾਂ ਵਿੱਚ ਕੀੜੀਆਂ ਤੁਰਨੀਆਂ (Tingling sensations)

ਉਂਜ ਕਲਾਸੀਕਲ ਲੱਛਣਾਂ ਵਜੋਂ ਤਿੰਨ  ਮੁੱਖ ਹਨ:
1. ਜ਼ਿਆਦਾ ਮਾਤਰਾ ਵਿੱਚ ਤੇ ਘੜੀ-ਮੁੜੀ ਪਿਸ਼ਾਬ ਆਉਣਾ।
2. ਜ਼ਿਆਦਾ ਤੇਹ ਲੱਗਣੀ ਤੇ
3. ਜ਼ਿਆਦਾ ਭੁੱਖ ਲੱਗਣੀ
ਕਿਨ੍ਹਾਂ ਲੋਕਾਂ ਨੂੰ ਸ਼ੂਗਰ ਰੋਗ ਵਧੇਰੇ ਹੁੰਦਾ ਹੈ?
* ਸ਼ੂਗਰ ਰੋਗ ਦੀ ਪਰਿਵਾਰਕ ਵਿਰਾਸਤ ਅਤੇ ਜੀਨਜ਼ ਦੇ ਨੁਕਸ
* ਮੋਟਾਪਾ
* ਖੂਨ ਵਿੱਚ ਵਧੇਰੇ ਕੋਲੈਸਟਰੋਲ
* ਵਧੇਰੇ ਕਾਰਬੋਹਾਈਡ੍ਰੇਟ, ਮਿੱਠਾ ਅਤੇ ਘਿਓ ਖਾਣ ਵਾਲੇ ਲੋਕ
* ਫ਼ਿਕਰ, ਉਦਾਸੀ, ਤਣਾਅ ਵਿੱਚ ਗਰੱਸੇ ਲੋਕ
* ਸਾਰਾ ਦਿਨ ਬੈਠੇ ਰਹਿਣ ਤੇ ਵਰਜ਼ਿਸ਼ ਨਾ ਕਰਨ ਵਾਲੇ
* ਹਾਈ ਬਲੱਡ ਪ੍ਰੈਸ਼ਰ
* ਉਹ ਜੋ ਸਾਰਾ ਦਿਨ ਕੁਝ ਨਾ ਕੁਝ ਚਰਦੇ ਹੀ ਰਹਿੰਦੇ ਨੇ
* ਇਨਸੂਲਿਨ ਦੀ ਘਾਟ

ਪਹਿਲੀ ਕਿਸਮ ਵਿੱਚ ਇਹ ਲੱਛਣ ਛੇਤੀ ਹੀ (ਕੁਝ ਹਫ਼ਤਿਆਂ ਜਾਂ ਮਹੀਨਿਆਂ ਵਿੱਚ) ਉਤਪੰਨ ਹੋ ਜਾਂਦੇ ਹਨ, ਜਦਕਿ ਦੂਸਰੀ ਕਿਸਮ ਵਿੱਚ ਇਹ ਕਾਫੀ ਸਮੇਂ ਬਾਅਦ ਪੈਦਾ ਹੁੰਦੇ ਹਨ, ਹੋ ਸਕਦੈ ਨਾ ਵੀ ਹੋਣ। ਸਾਧਾਰਨ (ਨਾਰਮਲ) ਮਨੁੱਖ ਦੇ ਖੂਨ ਵਿੱਚ ਸ਼ੂਗਰ ਦਾ ਪੱਧਰ, ਖ਼ਾਲੀ ਪੇਟ ਟੈਸਟ ਕਰਨ ‘ਤੇ 80 ਤੋਂ 120 ਮਿਲੀਗ੍ਰਾਮ ਅਤੇ ਰੋਟੀ ਖਾਣ ਤੋਂ ਤਕਰੀਬਨ ਡੇਢ ਘੰਟਾ ਪਿੱਛੋਂ ਟੈਸਟ ਕਰਨ ‘ਤੇ 140 ਮਿਲੀਗ੍ਰਾਮ ਪ੍ਰਤੀਸ਼ਤ ਤੱਕ ਹੁੰਦਾ ਹੈ। ਇਸ ਪੱਧਰ ਨੂੰ ਨਿਯਮਤ ਰੱਖਣ ਵਾਸਤੇ ਇਕ ਕੁਦਰਤੀ ਰਸ ‘ਇਨਸੂਲਿਨ’ ਹੁੰਦਾ ਹੈ, ਜੋ ਲਬਲਬੇ (Pancreas) ਵਿੱਚ ਪੈਦਾ ਹੋ ਕੇ ਖੂਨ ਵਿੱਚ ਰਲ਼ਦਾ ਹੈ। ਇਹ ਅੰਗ ਪੇਟ ਦੇ ਕੇਂਦਰ ਵਿੱਚ, ਪਿੱਛੇ ਜਿਹੇ ਕਰਕੇ ਹੁੰਦਾ ਹੈ। ਗੁਰਦੇ ਜਾਂ ਕਿਡਨੀਆਂ, ਸ਼ੂਗਰ ਦੇ ਲੈਵਲ ਨੂੰ 180 ਮਿਲੀਗ੍ਰਾਮ ਤੱਕ ਬਰਦਾਸ਼ਤ ਕਰਨ ਦੇ ਸਮਰੱਥ ਹੁੰਦੇ ਹਨ। ਜਦ ਇਹ ਪੱਧਰ ਇਸ ਹੱਦ ਨੂੰ ਪਾਰ ਕਰ ਜਾਂਦਾ ਹੈ ਤਾਂ ਸ਼ੂਗਰ, ਪਿਸ਼ਾਬ ਵਿੱਚ ਆਉਣ ਲੱਗ ਪੈਂਦੀ ਹੈ। ਸ਼ੂਗਰ ਰੋਗੀਆਂ ਦੇ ਖੂਨ ਵਿੱਚ ਇਹ ਲੈਵਲ ਹਮੇਸ਼ਾ ਵਧੇਰੇ ਰਹਿਣ ਕਰਕੇ ਸਰੀਰ ਦੇ ਕਈ ਅੰਗ ਨੁਕਸਾਨੇ ਜਾਂਦੇ ਹਨ। ਆਧੁਨਿਕ ਮਸ਼ੀਨ (ਗਲੂਕੋਮੀਟਰ) ਨਾਲ ਉਂਗਲ ‘ਚੋਂ ਇਕ ਤੁਪਕਾ ਖੂਨ ਲੈ ਕੇ ਹੀ ਸ਼ੂਗਰ ਟੈਸਟ ਹੋ ਜਾਂਦਾ ਹੈ।
ਮੁੱਖ ਤੌਰ ‘ਤੇ ਇਸ ਰੋਗ ਦੀਆਂ ਦੋ  ਕਿਸਮਾਂ ਹਨ
ਪਹਿਲੀ ਕਿਸਮ: ਜਦ ਲਬਲਬਾ (Pancreas), ਲੋੜੀਂਦੀ ਮਾਤਰਾ ਵਿੱਚ ਇਨਸੂਲਿਨ ਰਸ, ਪੈਦਾ ਨਹੀਂ ਕਰ ਸਕਦਾ ਤਾਂ ਸ਼ੂਗਰ ਦਾ ਲੈਵਲ ਕੰਟਰੋਲ ਵਿੱਚ ਨਹੀਂ ਰਹਿੰਦਾ। ਕੰਟਰੋਲ ਵਿੱਚ ਰੱਖਣ ਲਈ ਇਨਸੂਲਿਨ ਦੇ ਟੀਕਿਆਂ ‘ਤੇ ਨਿਰਭਰ ਹੋਣਾ ਪੈਂਦਾ ਹੈ। ਇਸੇ ਕਰਕੇ ਇਸ ਨੂੰ ਇਨਸੂਲਿਨ ਨਿਰਭਰ ਸ਼ੂਗਰ ਰੋਗ (Insulin Dependent Diabetes mellitus) ਕਿਹਾ ਜਾਂਦਾ ਹੈ। ਇਸ ਕਿਸਮ ਦਾ ਸ਼ੂਗਰ ਰੋਗ ਛੋਟੀ ਉਮਰੇ ਹੀ ਹੋ ਜਾਂਦਾ ਹੈ, ਸੋ ਇਸ ਨੂੰ ਜੁਵੇਨਾਇਲ ਡਾਇਬਿਟੀਜ਼ (Juvenile diabetes) ਕਹਿੰਦੇ ਹਨ। ਇਸ ਕਿਸਮ ਦੇ ਰੋਗੀਆਂ ਨੂੰ, ਦੂਸਰੀ ਕਿਸਮ ਨਾਲੋਂ ਵਧੇਰੇ ਸਮੱਸਿਆਵਾਂ ਪੈਦਾ ਹੋਣ ਦਾ ਖ਼ਤਰਾ ਰਹਿੰਦਾ ਹੈ, ਜਿਵੇਂ ਗੁਰਦੇ ਖ਼ਰਾਬ ਹੋਣਾ ਤੇ ਡਾਇਬੈਟਿਕ ਕੋਮਾ ਆਦਿ। ਇਸ ਕਿਸਮ ਦੇ ਰੋਗੀ, ਕਈ ਵਾਰੀ ਕੋਮਾ (ਬੇਹੋਸ਼ੀ) ਵਿੱਚ ਹੀ ਆਉਂਦੇ ਹਨ। ਉਨ੍ਹਾਂ ਦਾ ਸਾਹ ਤੇਜ਼ ਚੱਲਦਾ ਹੈ, ਸਾਹ ‘ਚੋਂ ਐਸੀਟੋਨ ਵਰਗੀ ਬੋਅ ਆਉਂਦੀ ਹੈ, ਪੇਟ ਵਿੱਚ ਦਰਦ ਤੇ ਉਲਟੀ ਵੀ ਆਉਂਦੀ ਹੈ।
ਦੂਸਰੀ ਕਿਸਮ: ਇਸ ਕਿਸਮ ਵਿੱਚ ਇਨਸੂਲਿਨ ਦੀ ਕਮੀ ਨਹੀਂ ਹੁੰਦੀ, ਸਗੋਂ ਸਰੀਰ ਦੇ ਸੈੱਲ, ਇਨਸੂਲਿਨ ਨੂੰ ਵਰਤ ਸਕਣ ਦੇ ਅਸਮਰੱਥ ਹੁੰਦੇ ਹਨ। ਇਸ ਨੂੰ (Non Insulin Dependent Diabetes mellitus) ਕਿਹਾ ਜਾਂਦਾ ਹੈ। ਇਹ ਕੁਝ ਵਡੇਰੀ ਉਮਰ ਵਿੱਚ ਹੁੰਦੀ ਹੈ। ਇਸ ਲਈ ਇਸ ਨੂੰ ਅਡਲਟ ਟਾਇਪ ਡਾਇਬਿਟੀਜ਼ ਵੀ ਕਿਹਾ ਜਾਂਦਾ ਹੈ। ਜ਼ਿਆਦਾ ਪ੍ਰਤੀਸ਼ਤ ਲੋਕ ਇਸੇ ਕਿਸਮ ਦਾ ਸ਼ਿਕਾਰ ਹੁੰਦੇ ਹਨ।
ਇਕ ਹੋਰ ਕਿਸਮ ਹੈ: ਗਰਭ ਦੌਰਾਨ ਡਾਇਬਿਟੀਜ਼ ਅਰਥਾਤ Gestational diabetes. ਇਨ੍ਹਾਂ ਔਰਤਾਂ ਨੂੰ ਗਰਭ ਤੋਂ ਪਹਿਲਾਂ ਸ਼ੂਗਰ ਰੋਗ ਨਹੀਂ ਹੁੰਦਾ, ਪਰ ਗਰਭ ਅਵਸਥਾ ਦੌਰਾਨ ਖੂਨ ਵਿੱਚ ਸ਼ੂਗਰ ਦਾ ਪੱਧਰ ਵਧ ਜਾਂਦਾ ਹੈ, ਜੋ ਆਮ ਕਰਕੇ ਜਣੇਪੇ ਤੋਂ ਬਾਅਦ ਠੀਕ ਹੋ ਜਾਂਦਾ ਹੈ, ਪਰ ਕਈ ਕੇਸਾਂ ਵਿੱਚ, ਦੂਸਰੀ ਕਿਸਮ ਦਾ ਸ਼ੂਗਰ ਰੋਗ ਵੀ ਹੋ ਸਕਦਾ ਹੈ। ਉਂਜ, ਸ਼ੂਗਰ ਰੋਗੀ ਔਰਤ, ਜ਼ਿਆਦਾ ਮੋਟੇ ਬੱਚੇ ਨੂੰ ਜਨਮ ਦਿੰਦੀ ਹੈ।
ਕੁਝ ਹੋਰ ਕਿਸਮ ਦੀਆਂ ਡਾਇਬਿਟੀਜ਼ ਵੀ ਹੁੰਦੀਆਂ ਹਨ, ਜਿਵੇਂ ਜਮਾਂਦਰੂ (ਜੋ ਜੀਨਜ਼ ਦੇ ਨੁਕਸ ਕਾਰਨ ਹੁੰਦੀ ਹੈ), ਸਿਸਟਿਕ ਫਾਇਬਰੋਸਿਸ, ਲਬਲਬੇ ਦੀ ਇਨਫੈਕਸ਼ਨ ਜਾਂ ਕਿਸੇ ਹੋਰ ਰੋਗ ਲਬਲਬਾ ਨੁਕਸਾਨਿਆ ਜਾਣਾ (ਜਿਸ ਕਰਕੇ ਇਨਸੂਲਿਨ ਦੀ ਪੈਦਾਵਾਰ ਵਿੱਚ ਕਮੀ ਆਉਂਦੀ ਹੈ), ਵੱਡੀ ਮਾਤਰਾ ਵਿੱਚ ਗਲੂਕੋ-ਕੌਰਟੀਕੋਇਡ ਦਵਾਈਆਂ ਕਰਕੇ ਆਦਿ।
ਜੇਕਰ ਸ਼ੂਗਰ ਨੂੰ ਕੰਟਰੋਲ ਵਿੱਚ ਨਾ ਰੱਖਿਆ ਜਾਵੇ ਤਾਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਉਤਪੰਨ ਹੋ ਜਾਂਦੀਆਂ ਹਨ, ਜਿਵੇਂ ਡਾਇਬੈਟਿਕ ਕੋਮਾ (ਬੇਹੋਸ਼ੀ) ਤੇ ਇਲਾਜ ਨਾ ਕਰਵਾਉਣ ਦੀ ਸੂਰਤ ਵਿੱਚ ਮੌਤ।
ਲੰਬੇ ਸਮੇਂ ਦੇ (Chronic) ਸ਼ੂਗਰ ਰੋਗ ਵਿੱਚ ਪੈਦਾ ਹੋਣ ਵਾਲੀਆਂ ਸਮੱਸਿਆਵਾਂ:

  • ਹਾਈ ਬਲੱਡ ਪ੍ਰੈਸ਼ਰ
  • ਗੁਰਦੇ ਫੇਲ੍ਹ ਹੋ ਜਾਣੇ
  • ਦਿਲ ਦਾ ਦੌਰਾ
  • ਦਿਮਾਗ਼ੀ ਸਟਰੋਕ
  • ਅੰਨ੍ਹਾਪਣ (Retinal Damage)
  • ਚਮੜੀ ਦੇ ਰੋਗ
  • ਸੂਕਸ਼ਮ ਨਾੜੀਆਂ ‘ਤੇ ਅਸਰ ਕਾਰਨ ਲੱਤਾਂ-ਬਾਹਵਾਂ ਸੁੰਨ ਹੋਣਾ ਤੇ ਕੀੜੀਆਂ ਤੁਰਨੀਆਂ (Diabeteic Neuropathy)
  • ਪੈਰਾਂ ਦੀਆਂ ਉਂਗਲਾਂ ਕਾਲ਼ੀਆਂ ਹੋ ਕੇ ਝੜ ਜਾਣਾ- ਸ਼ੂਗਰ ਕਾਰਨ ਖੂਨ ਦੀਆਂ ਨਾੜੀਆਂ ਵਿੱਚ ਚਰਬੀ ਜੰਮਣ ਨਾਲ ਤੰਗ ਨਾੜੀਆਂ ‘ਚੋਂ ਪੂਰਾ ਖੂਨ ਨਹੀਂ ਜਾਂਦਾ, ਖੂਨ ਦੀ ਸਪਲਾਈ ਘਟ ਜਾਂਦੀ ਹੈ ਤੇ ਉਂਗਲਾਂ ਝੜ ਜਾਂਦੀਆਂ ਹਨ।

ਸ਼ੂਗਰ ਰੋਗੀਆਂ ਵਿੱਚ ਕਈ ਵਾਰ ਅਚਾਨਕ ਸ਼ੂਗਰ ਘਟ (8ypoglycemia) ਜਾਵੇ ਤਾਂ ਤਰੇਲੀਆਂ, ਘਬਰਾਹਟ, ਦਿਲ ਡੁੱਬਣਾ ਤੇ ਬੇਹੋਸ਼ੀ ਹੋ ਜਾਂਦੀ ਹੈ, ਜੋ ਖ਼ਤਰਨਾਕ ਹੁੰਦੀ ਹੈ, ਇਸ ਲਈ ਮਿੱਠੀ ਚੀਜ਼ (ਬਿਸਕੁਟ ਜਾਂ ਖੰਡ), ਆਪਣੇ ਕੋਲ ਰੱਖਣੀ ਚਾਹੀਦੀ ਹੈ।
ਸ਼ੂਗਰ ਰੋਗੀ ਜੇਕਰ ਸਿਗਰਟ ਪੀਂਦਾ ਹੋਵੇ ਤਾਂ ਬਲ਼ਦੀ ‘ਤੇ ਤੇਲ ਪਾਉਣ ਵਾਲੀ ਗੱਲ ਹੁੰਦੀ ਹੈ। ਇਸ ਲਈ ਸਿਗਰਟਨੋਸ਼ੀ ਤੋਂ ਬਚਣਾ ਚਾਹੀਦਾ ਹੈ ਤੇ ਆਪਣੇ ਸਰੀਰ ਦੇ ਭਾਰ ‘ਤੇ ਕੰਟਰੋਲ ਰੱਖਣਾ ਚਾਹੀਦਾ ਹੈ। ਜਿਹੜੇ ਲੋਕਾਂ ਦੇ ਦੋਵੇਂ ਮਾਪੇ ਸ਼ੂਗਰ ਰੋਗੀ ਹੋਣ, ਉਨ੍ਹਾਂ ਵਿੱਚ 100% ਅਤੇ ਜਿਸ ਦਾ ਇਕ ਮਾਪਾ (ਮਾਂ ਜਾਂ ਪਿਓ) ਸ਼ੂਗਰ ਰੋਗੀ ਹੋਵੇ, ਉਸ ਨੂੰ ਇਹ ਰੋਗ ਲੱਗਣ ਦੇ 50% ਚਾਂਸ ਹੁੰਦੇ ਹਨ। ਸੋ ਅਜਿਹੇ ਵਿਅਕਤੀਆਂ ਨੂੰ ਸਰੀਰ ਦੇ ਭਾਰ, ਖਾਣ-ਪੀਣ ਅਤੇ ਬਲੱਡ ਪ੍ਰੈਸ਼ਰ ਦਾ ਬਹੁਤ ਖਿਆਲ ਰੱਖਣਾ ਚਾਹੀਦਾ ਹੈ। ਸ਼ੂਗਰ ਰੋਗੀਆਂ ਦੇ ਇਲਾਜ ਵਾਸਤੇ, ਸੰਨ 1921 ਤੋਂ ਇਨਸੂਲਿਨ ਉਪਲਬਧ ਹੈ, ਕਈ ਕਿਸਮ ਦੀਆਂ ਦਵਾਈਆਂ ਵੀ ਹਨ, ਸੋ ਹਰੇਕ ਕਿਸਮ ਦੀ ਸ਼ੂਗਰ ਦਾ ਇਲਾਜ ਸੰਭਵ ਹੈ, ਪਰ ਇਹ ਇਲਾਜ ਕੰਟਰੋਲ ਵਾਸਤੇ ਹੀ ਹੈ; ਬਿਮਾਰੀ ਨੂੰ ਜੜ੍ਹੋਂ ਖ਼ਤਮ ਨਹੀਂ ਕੀਤਾ ਜਾ ਸਕਦਾ। ਇਨਸੂਲਿਨ ਪੈਦਾ ਕਰਨ ਵਾਲੇ ਅੰਗ (ਲਬਲਬੇ) ਦੇ ਟਰਾਂਸਪਲਾਂਟ ਕਰਨ ਨਾਲ, ਇਸ ਦੇ ਇਲਾਜ ਲਈ ਕੋਈ ਖ਼ਾਸ ਸਫ਼ਲਤਾ ਪ੍ਰਾਪਤ ਨਹੀਂ ਹੋਈ।
ਕੌੜੀਆਂ ਚੀਜ਼ਾਂ ਖਾਣ ਬਾਰੇ ਭੁਲੇਖੇ
ਆਮ ਜਨਸੰਖਿਆ ‘ਚੋਂ ਵੱਡੀ ਪ੍ਰਤੀਸ਼ਤ ਲੋਕਾਂ ਨੂੰ ਸ਼ੂਗਰ ਰੋਗ ਹੁੰਦਾ ਹੈ। ਜੋ ਲੋਕ ਪ੍ਰਹੇਜ਼, ਵਰਜ਼ਿਸ਼ ਤੇ ਇਲਾਜ ਨਾਲ ਆਪਣੀ ਸ਼ੂਗਰ ਨੂੰ ਕੰਟਰੋਲ ਵਿੱਚ ਰੱਖਦੇ ਨੇ, ਉਹ ਬਿਲਕੁਲ ਨਾਰਮਲ ਰਹਿੰਦੇ ਹਨ, ਉਨ੍ਹਾਂ ਦੀ ਜ਼ਿੰਦਗੀ ਦੀ ਕੁਆਲਿਟੀ ਅਤੇ ਕੁਆਂਟਿਟੀ (ਉਮਰ ਦੇ ਸਾਲ) ਠੀਕ-ਠਾਕ ਰਹਿੰਦੇ ਹਨ।
ਕੌੜੀਆਂ ਚੀਜ਼ਾਂ, ਜਿਵੇਂ ਨਿੰਮ, ਕਰੇਲਾ ਆਦਿ ਨੂੰ ਸਮਝਿਆ ਜਾਂਦਾ ਹੈ ਕਿ ਇਹ ‘ਮਿੱਠੀ ਸ਼ੂਗਰ’ ਦਾ ਤੋੜ ਹਨ। ਉਂਜ, ਵਿਸ਼ਵ ਪੱਧਰ ‘ਤੇ ਅਜਿਹਾ ਕੋਈ ਅਧਿਐਨ ਇਹ ਸਿੱਧ ਨਹੀਂ ਕਰਦਾ ਕਿ ਇਨ੍ਹਾਂ ਨਾਲ ਸ਼ੂਗਰ ਰੋਗ ਠੀਕ ਹੁੰਦਾ ਹੈ। ਇਨ੍ਹਾਂ ਦਾ ਸਿਰਫ਼ ਇੰਨਾ ਹੀ ਰੋਲ ਹੈ ਮਨੋਵਿਗਿਆਨਕ ਤੌਰ ‘ਤੇ ਬੰਦਾ ਕੌੜੀਆਂ ਚੀਜ਼ਾਂ ਖਾਂਦਾ ਹੈ ਤੇ ਮਿੱਠੇ ਤੋਂ ਖ਼ੁਦ-ਬ-ਖ਼ੁਦ ਪ੍ਰਹੇਜ਼ ਕਰ ਲੈਂਦਾ ਹੈ। ਸੋ ਖਾਣ-ਪੀਣ ਵਿੱਚ ਪ੍ਰਹੇਜ਼ ਅਤੇ ਦਵਾਈਆਂ, ਕਸਰਤ ਤੇ ਯੋਗਾ ਆਦਿ ਨਾਲ ਇਸ ‘ਮਿੱਠੀ ਬਿਮਾਰੀ’ ‘ਤੇ ਕੰਟਰੋਲ ਰੱਖਿਆ ਜਾ ਸਕਦਾ ਹੈ। ਸੰਸਾਰ ਪੱਧਰ ‘ਤੇ ਇਸ ਬਿਮਾਰੀ ਨੂੰ ਜੜ੍ਹੋਂ ਖ਼ਤਮ ਕਰਨ ਲਈ ਪੱਕਾ ਤੇ ਮੁਕੰਮਲ ਇਲਾਜ ਲੱਭਣ ਵਾਸਤੇ ਉਪਰਾਲੇ ਹੋ ਰਹੇ ਹਨ, ਪਰ ਅਜੇ ਅਜਿਹਾ ਇਲਾਜ ਨਹੀਂ ਲੱਭਾ, ਜੋ ਇਸ ਨੂੰ ਜੜ੍ਹੋਂ ਖ਼ਤਮ ਕਰ ਸਕੇ। ਇਸ ਲਈ ਅਖ਼ਬਾਰਾਂ ਦੀਆਂ ਮਸ਼ਹੂਰੀਆਂ ਪਿੱਛੇ ਲੱਗ ਕੇ, ਨੀਮ-ਹਕੀਮਾਂ ਦੇ ਚੱਕਰਾਂ ਵਿੱਚ ਪੈ ਕੇ ਰੋਗ ਨੂੰ ਵਿਗਾੜਨਾ ਨਹੀਂ ਚਾਹੀਦਾ।

balmanjit1953@yahoo. co.in


Comments Off on ਸ਼ੂਗਰ ਰੋਗ ਮਿੱਠੇ ਰੋਗ ਦੀ ਕੌੜੀ ਸਚਾਈ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.