ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਬੇਰੁਜ਼ਗਾਰ ਨੌਜਵਾਨਾਂ ਦੇ ਇਕਜੁੱਟ ਸੰਘਰਸ਼ ਦੀ ਲੋੜ !    ਮੈਕਸੀਕੋ ਤੋਂ ਵਤਨ ਪਰਤਾਏ ਪੰਜਾਬੀ ਤੇ ਪਰਵਾਸ !    ਮੱਧ ਪ੍ਰਦੇਸ਼: ਸਰਕਾਰੀ ਤੀਰਥ ਯਾਤਰਾ ਯੋਜਨਾ ’ਚ ਗੁਰਦੁਆਰਾ ਕਰਤਾਰਪੁਰ ਸਾਹਿਬ ਵੀ ਸ਼ਾਮਲ !    ਮਹਿਲਾ ਪੁਲੀਸ ਮੁਲਾਜ਼ਮ ਦਾ ਪਿੱਛਾ ਕਰਨ ਵਾਲਾ ਆਈਬੀ ਮੁਲਾਜ਼ਮ ਗ੍ਰਿਫ਼ਤਾਰ !    ਆਈਐੱਨਐਕਸ: ਚਿਦੰਬਰਮ ਦੀ ਹਿਰਾਸਤ 27 ਤੱਕ ਵਧੀ !    ਜਸਟਿਸ ਰਵੀ ਰੰਜਨ ਝਾਰਖੰਡ ਹਾਈ ਕੋਰਟ ਦੇ ਚੀਫ ਜਸਟਿਸ ਬਣੇ !    ਅੰਮ੍ਰਿਤਸਰ ਬਣਿਆ ਗਲੋਬਲ ਸ਼ਹਿਰੀ ਹਵਾ ਪ੍ਰਦੂਸ਼ਣ ਅਬਜ਼ਰਵੇਟਰੀ ਦਾ ਮੈਂਬਰ !    ਕਾਰੋਬਾਰੀ ਦੀ ਪਤਨੀ ਨੂੰ ਬੰਦੀ ਬਣਾ ਕੇ ਨੌਕਰ ਨੇ ਲੁੱਟੇ 60 ਲੱਖ !    

ਰੁੱਖਾਂ ਦੀ ਜੀਰਾਂਦ

Posted On December - 11 - 2010

ਛੱਪੜ ਕਿਨਾਰੇ ਖੜ੍ਹਾ ਬੋਹੜ ਦਾ ਰੁੱਖ

ਅਵਿਨਾਸ਼ ਕੌਰ ਮੁਹਾਲੀ

ਰੁੱਖ ਸਾਡੀ ਜ਼ਿੰਦਗੀ ਦਾ ਇਕ ਅਹਿਮ ਹਿੱਸਾ ਹਨ। ਇਹ ਰੁੱਖ ਹੀ ਹਨ ਜੋ ਸਾਡੇ ਜਨਮ ਮੌਕੇ ਪੰਘੂੜੇ ਦੀਆਂ ਲੋਰੀਆਂ ਤੋਂ ਲੈ ਕੇ ਅਰਥੀ ਤਕ ਮਨੁੱਖ ਦਾ ਸਾਥ ਦਿੰਦੇ ਹਨ। ਤਾਂ ਹੀ ਤਾਂ ਪ੍ਰੋਫੈਸਰ ਮੋਹਨ ਸਿੰਘ ਨੇ ਕਿਹਾ ਰੁੱਖ ਤੇ ਮਨੁੱਖ ਇਕੋ ਸਿੱਕੇ ਦੇ ਦੋ ਪਾਸੇ ਹਨ। ਜੇ ਰੁੱਖ ਨਹੀਂ ਤਾਂ ਮਨੁੱਖ ਨਹੀਂ। ਸੋ ਰੁੱਖ ਤੇ ਇਨਸਾਨ ਦੀ ਜ਼ਿੰਦਗੀ ਦਾ ਅਟੁੱਟ ਰਿਸ਼ਤਾ ਮੁੱਢ-ਕਦੀਮ ਤੋਂ ਚਲਿਆ ਜਾ ਰਿਹਾ ਹੈ। ਅੱਜ ਵਧਦੀ ਹੋਈ ਆਬਾਦੀ ਦੇ ਨਾਲ-ਨਾਲ ਦਰਖਤਾਂ ਦੀ ਬੇ-ਤਹਾਸ਼ਾ ਕਟਾਈ ਮਨੁੱਖਤਾ ਲਈ ਚਿੰਤਾਂ ਦਾ ਵਿਸ਼ਾ ਬਣ ਗਈ ਹੈ। ਦਰਖਤਾਂ ਦੀ ਕਟਾਈ ਨਾਲ ਸਾਡੇ ਹਵਾ, ਪਾਣੀ, ਮੌਸਮ ਤੇ ਹਰਿਆਲੀ ਤੋਂ ਸੱਖਣੇ ਵਾਤਾਵਰਣ ’ਤੇ ਜੋ ਅਸਰ ਪੈ ਰਿਹਾ ਹੈ ਜੇਕਰ ਇਸ ਦੇ ਬਦਲਵੇਂ ਹੱਲ ਨਾ ਕੱਢੇ ਗਏ ਜਾਂ ਦਰਖਤਾਂ ਦੀ ਕਟਾਈ ਨੂੰ ਰੋਕਣ ਦੇ ਠੋਸ ਉਪਰਾਲੇ ਨਾ ਕੀਤੇ ਗਏ ਤਾਂ ਕਈ ਕੁਦਰਤੀ ਸੌਗਾਤਾਂ ਤੋਂ ਅਸੀਂ ਵਾਂਝੇ ਹੋ ਜਾਵਾਂਗੇ, ਜਿਸ ਦੇ ਗੰਭੀਰ ਸਿੱਟੇ ਨਿਕਲਣਗੇ।
ਪੰਜਾਬ ਦੇ ਪੰਜਾਬੀ ਸਭਿਆਚਾਰ ਵਿਚ ਤਾਂ ਵੱਖ-ਵੱਖ ਰੁੱਖਾਂ ਦੀ ਵਿਸ਼ੇਸ਼ਤਾ ਦਾ ਵੱਡਮੁਲਾ ਪੱਖ ਸਾਡੇ ਲੋਕ ਗੀਤਾਂ ਰਾਹੀਂ ਜੋ ਉਜਾਗਰ ਹੁੰਦਾ ਹੈ। ਉਸ ਦੀ ਸਾਡੇ ਪੰਜਾਬੀ ਸਭਿਆਚਾਰ ਵਿਚ ਇਕ ਵਿਲੱਖਣ ਪਹਿਚਾਣ ਹੈ ਜਗ੍ਹਾ ਹੈ। ਪੰਜਾਬੀ ਮੁਟਿਆਰਾਂ ਅਤੇ ਗੱਭਰੂ ਆਪਦੇ ਮਨ ਦੇ ਦੱਬੇ ਹੋਏ ਵਲਵਲਿਆਂ ਨੂੰ ਦਰਖਤਾਂ ਦੇ ਲੋਕ ਗੀਤਾਂ ਰਾਹੀਂ ਉਭਾਰਦੇ ਹਨ ਜਿਸ ਦੀਆਂ ਕੁਝ ਵੰਨਗੀਆਂ ਪੇਸ਼ ਹਨ:-
ਪਿੱਪਲ:
ਪਿੱਪਲ ਦਿਆਂ ਪੱਤਿਆਂ ਵੇ,
ਕੀ ਖੜ ਖੜ ਲਾਈਆ,
ਪੱਤ ਝੜੇ ਪੁਰਾਣੇ ਮਾਹੀ ਵੇ,
ਰੁੱਤ ਨਵਿਆਂ ਦੀ ਆਈਆ।
ਉੱਚੀ ਪਿੱਪਲੀ ਪੀਂਘਾਂ ਪਾਈਆਂ,
ਦੋ ਮੁਟਿਆਰਾਂ ਝੂਟਣ ਆਈਆਂ।
ਪੀਂਘ ਚੜ੍ਹਾਈ, ਵੰਗ ਤੁੜਾਈ,
ਜੋੜਾ ਟੁੱਟਿਆ ਵੰਗਾਂ ਦਾ।
ਮੈਂ ਆਸ਼ਕ ਹੋ ਗਈ ਵੇ,
ਰਾਂਝਣਾ ਪੀੜ੍ਹ ਦੇਖ ਤੇਰੇ ਦੰਦਾਂ ਦਾ।
ਟਾਹਲੀ:
ਉੱਚੀਆਂ ਲੰਮੀਆਂ ਟਾਹਲੀਆਂ ਵ ਓਏ
ਵਿਚ ਗੁਜਰੀ ਦੀ ਪੀਂਘ ਵੇ ਮਾਹੀਆ
ਪੀਂਘ ਝੂਟੇਂਦੇ ਦੋ ਜਣੇ ਵੇ,
ਆਸ਼ਕ ਤੇ ਮਾਸ਼ੂਕ ਵੇ ਮਾਹੀਆ
ਕਿੱਥੇ ਤੇ ਲਾਵਾਂ ਮੈਂ ਟਾਹਲੀਆਂ
ਨੀ ਪੱਤਾਂ ਵਾਲੀਆਂ ਨੀ
ਮੇਰਾ ਪਤਲਾ ਮਾਹੀਂ,
ਕਿੱਥੇ ਤੇ ਲਾਵਾਂ ਸ਼ਹਿਤੂਤ,
ਬੇਸਮਝੇ ਨੂੰ ਸਮਝ ਨਾ ਆਈ
ਉੱਚੀਏ ਟਾਹਲੀਏ ਨੀ ਹਰੇ
ਪੱਤਾਂ ਵਾਲੀਏ,
ਕਿੰਨੇ ਤੈਨੂੰ ਪਾਲਿਆ।
ਨੀ ਕਿੰਨੇ ਪਾਣੀ ਪਾਇਆ,
ਕਿੰਨੇ ਤੈਨੂੰ ਦੇ ਦਿੱਤਾ
ਐਨੀ ਦੂਰ ਨੀ।
ਤੂਤ:
ਚਰਖੀ ਮੇਰੀ ਟਾਹਲੀ ਦੀ,
ਗੁੱਝ ਪਵਾਵਾਂ ਤੂਤ ਦੀ
ਮੈਂ ਕੱਤਾ ਤੇ ਚਰਖੀ ਘੂਕਦੀ।
ਜੱਟ ਦੀ ਦੋਸਤੀ ਨੂੰ ਤੂਤ ਦੀ ਨਿੱਗਰ
ਪੱਕੀ ਲੱਕੜੀ ਵਰਗਾ ਸਮਝਿਆ ਗਿਆ
ਜਿਵੇਂ: ਯਾਰੀ ਜੱਟ ਦੀ ਤੂਤ ਦਾ ਮੋਛਾ,
ਕਦੇ ਨਾ ਵਿਚਾਲਿਓਂ ਟੁੱਟਦੀ।
ਅੰਬ:
ਅੰਬ ਦਾ ਲੋਕ ਗੀਤਾਂ ਵਿਚ ਵਿਸ਼ੇਸ਼ ਸਥਾਨ ਹੈ ਜਿਵੇਂ ਕਿ ਪ੍ਰੋ. ਮੋਹਨ ਸਿੰਘ ਆਪਣੀ ਇਕ ਕਵਿਤਾ ਵਿਚ ਲਿਖਦੇ ਹਨ-
ਇਕ ਬੂਟਾ ਅੰਬੀ ਦਾ ਘਰ ਸਾਡੇ ਲੱਗਾ ਨੀ,
ਪੰਜਾਬ ਦੇ ਦੁਆਬੇ ਇਲਾਕੇ ਦਾ ਇਕ ਗੱਭਰੂ ਆਪਣੀ ਪ੍ਰਦੇਸ਼ ਜਾਂਦੀ ਮਹਿਬੂਬਾ ਨੂੰ ਅੰਬਾਂ ਦਾ ਵਾਸਤਾ ਪਾ ਕੇ ਰੋਕਣ ਦਾ ਯਤਨ ਕਰਦਾ ਹੈ:
ਅੰਬੀਆਂ ਨੂੰ ਤਰਸੇਂਗੀ ਨੀ,
ਤੂੰ ਛੱਡ ਕੇ ਦੇਸ਼ ਦੁਆਬਾ।
ਬੇਰੀ:
ਬੇਰੀ ਦਾ ਜ਼ਿਕਰ ਵੀ ਇਕ ਗੀਤ ਰਾਹੀਂ ਇਕ ਪ੍ਰੇਮਿਕਾ ਆਪਣੇ ਪ੍ਰੇਮੀ ਨੂੰ ਨਾ ਆਉਣ ਦੀ ਮਜਬੂਰੀ ਦਾ ਵਾਸਤਾ ਪਾ ਕੇ ਦੱਸਦੀ ਹੈ:
ਦੱਸ ਕਿਹੜੇ ਵੇ ਬਹਾਨੇ ਮੈਂ ਆਵਾਂ,
ਵੇ ਬੇਰੀਆਂ ਦੇ ਬੇਰ ਮੁੱਕ ਗਏ।
ਇਸੇ ਤਰ੍ਹਾਂ ਇਕ ਗੱਭਰੂ ਮੁਟਿਆਰ ਨੂੰ ਗੀਤ ਰਾਹੀਂ ਆਪਣੇ ਦਿਲ ਦੀ ਆਵਾਜ਼ ਦਿੰਦਾ ਹੈ ਕਿ
‘‘ਸਾਨੂੰ ਗਿਟਕਾਂ ਚੁੱਗਣ ਲਈ ਰੱਖ ਲੈ, ਨੀ ਬੇਰੀਆਂ ਦੇ ਬੇਰ ਖਾਣੀਏਂ।
ਧਰੇਕਾਂ:
ਧਰੇਕਾਂ ਨੂੰ ਧੀਆਂ ਨਾਲ ਜੋੜਿਆ ਹੈ:
ਧੀਆਂ ਅਤੇ ਧਰੇਕਾਂ ਹੁੰਦੀਆਂ ਰੌਣਕ ਵਿਹੜੇ ਦੀ।
ਬੋਹੜ:
ਬੋਹੜ ਦੇ ਦਰਖਤ ਬਾਰੇ ਮਸ਼ਹੂਰ ਲੋਕ-ਗਾਥਾ ਵਿਚ ਕਿਹਾ ਗਿਆ ਹੈ :
‘‘ਜੱਗਾ ਮਾਰਿਆ ਬੋਹੜ ਦੀ ਛਾਵੇਂ,
ਨੌਂ ਮਣ ਰੇਤ ਭਿੱਜ ਗਈ।’’
ਕਿੱਕਰ:
ਕਿੱਕਰਾਂ ਦਾ ਵੀ ਲੋਕ ਗੀਤਾਂ ਵਿਚ ਵਿਸ਼ੇਸ਼ ਸਥਾਨ ਹੈ ਜਿਵੇਂ:
ਕਿੱਕਰਾਂ ਦਿਆਂ ਫੁੱਲਾਂ ਦੀ,
ਅੜਿਆਂ ਕੌਣ ਕਰੂਗਾ ਰਾਖੀ,
ਜਾਂ, ਕਿੱਕਰੇ ਨੀ ਕੰਡਿਆਲੀਏ,
ਤੇਰੀ ਠੰਢੜੀ ਛਾਂ।
ਸੋ ਇਹ ਹਨ ਕੁਝ ਕੁ ਵੰਨਗੀਆਂ ਜੋ ਸਾਡੇ ਸਭਿਆਚਾਰ ਵਿਚ, ਪੰਜਾਬੀ ਲੋਕ ਗੀਤਾਂ ਵਿਚ ਰੁੱਖਾਂ ਦੀ ਵਿਸ਼ੇਸ਼ ਮਹੱਤਤਾ ਰੱਖਦੇ ਹਨ। ਇਸੇ ਤਰ੍ਹਾਂ ਹੀ ਸਾਡੇ ਪਰਿਵਾਰਕ ਤੇ ਸਮਾਜਕ ਰਿਸ਼ਤਿਆਂ ਵਿਚ ਵੀ ਦਰਖਤਾਂ ਦੀ ਮਿਸਾਲ ਦਿੱਤੀ ਗਈ ਹੈ। ਬੋਹੜ ਦੇ ਦਰਖਤ ਨੂੰ ਬਾਬੇ ਦੇ ਰਿਸ਼ਤੇ ਨਾਲ ਜੋੜਿਆ ਗਿਆ ਹੈ ਜਿਵੇਂ ਕਿ ਸਿੱਖ ਰਾਜਨੀਤੀ ਦੇ ਬਾਬਾ ਬੋਹੜ ਹੋਏ ਹਨ। ਪੰਜਾਬੀ ਸਾਹਿਤ ਦੇ ਬਾਬਾ ਬੋਹੜ ਸ੍ਰੀ ਜਸਵੰਤ ਸਿੰਘ ਕੰਵਲ ਪੰਜਾਬੀ ਗਾਇਕੀ ਦਾ ਬਾਬਾ ਬੋਹੜ ਤੇ ਲਾਲ ਚੰਦ ਯਮਲਾ ਜੱਟ।
ਪਿੱਪਲ:
ਪਿੱਪਲ ਦੇ ਦਰਖਤ ਦੀ ਪਿਤਾ ਸਮਾਨ ਪੂਜਾ ਕੀਤੀ ਜਾਂਦੀ ਹੈ। ਪਿੱਪਲ ਦੀ ਛਾਵੇਂ ਸੱਥ ਵਿਚ ਬੈਠ ਕੇ ਪੰਚਾਇਤਾਂ ਜਾਂ ਸਿਆਣੇ ਪਿੰਡਾਂ ਦੇ ਅਹਿਮ ਫੈਸਲੇ ਕਰਦੀਆਂ ਹਨ।
ਟਾਹਲੀ:
ਟਾਹਲੀ ਦੀ ਸੰਘਣੀ ਛਾਂ ਨੂੰ ਮਾਂ ਦੀ ਮਮਤਾ ਦੀ ਮਿੱਠੀ ਸੰਘਣੀ ਛਾਂ ਦਾ ਨਾਂ ਦਿੱਤਾ।
ਅੰਬ:
ਅੰਬਾਂ ਦੇ ਦਰਖਤ ਨੂੰ ਪੁੱਤਰ ਦੇ ਰਿਸ਼ਤੇ ਨਾਲ ਜੋੜਿਆ ਹੈ  ਤਾਂ ਹੀ ਤਾਂ ਕਹਿੰਦੇ ਹਨ ਕਿ ਪੁੱਤ ਤੇ ਅੰਬ ਦੇ ਬੂਟੇ ਔਖੇ ਪਲਦੇ ਹਨ। ਸੋ ਇਸ ਤਰ੍ਹਾਂ ਰੁੱਖ ਸਾਡੀ ਸਮਾਜਕ, ਆਰਥਿਕ, ਪਰਿਵਾਰਕ ਜ਼ਿੰਦਗੀ ਦਾ ਇਕ ਅਨਮੋਲ ਖਜ਼ਾਨਾ ਹੈ। ਆਓ ਸਾਰੇ ਰਲ ਕੇ ਦਰਖਤਾਂ ਦੀ ਕਟਾਈ ਨੂੰ ਰੋਕਣ ਅਤੇ ਨਵੇਂ ਰੁੱਖ ਲਾਉਣ ਲਈ ਆਪੋ-ਆਪਣਾ ਅਹਿਮ ਯੋਗਦਾਨ ਪਾਈਏ ਤਾਂ ਜੋ ਸਾਫ-ਸੁਥਰੇ ਤੇ ਪ੍ਰਦੂਸ਼ਿਣ ਰਹਿਤ ਵਾਤਾਵਰਣ ਨੂੰ ਸਿਰਜ ਸਕੀਏ ਤੇ ਸ਼ਿਵ ਕੁਮਾਰ ਬਟਾਲਵੀ ਦੇ ਰੁੱਖਾਂ ਪ੍ਰਤੀ ਹਮਦਰਦੀ ਵਿਚ ਲਿਖੇ ਕਵਿਤਾ ਦੇ ਬੋਲਾਂ ’ਤੇ ਫੁੱਲ ਚੜ੍ਹਾ ਕੇ ਬਿਰਹਾ ਦੇ ਸੁਲਤਾਨ ਮਹਿਰੂਮ ਕਵੀ ਨੂੰ ਸ਼ਰਧਾਂਜਲੀ ਅਰਪੱਤ ਕਰੀਏ:
ਕੁਝ ਰੁੱਖ ਮੈਨੂੰ ਪੁੱਤਰ ਲਗਦੇ,
ਕੁਝ ਰੁੱਖ ਲਗਦੇ ਮਾਵਾਂ
ਕੁਝ ਰੁੱਖ ਮੇਰੇ ਬਾਬੇ ਵਰਗੇ,
ਪੱਤਰ ਟਾਵਾਂ ਟਾਵਾਂ
ਕੁਝ ਰੁੱਖ ਮੇਰੀ ਦਾਦੀ ਵਰਗੇ,
ਚੂਰੀ ਪਾਵਣ ਕਾਵਾਂ
ਕੁਝ ਰੁੱਖ ਯਾਰਾਂ ਵਰਗੇ ਲਗਦੇ,
ਚੁੰਮਾਂ ਤੇ ਗਲ ਲਾਵਾਂ,
ਇਕ ਮੇਰੀ ਮਹਿਬੂਬਾ ਵਰਗਾ,
ਮਿੱਠਾ ਅਤੇ ਦੁਖਾਵਾਂ
ਕੁਝ ਰੁੱਖ ਮੇਰਾ ਦਿਲ ਕਰਦਾ ਏ,
ਮੋਢੇ ਚੁੱਕ ਖਿਡਾਵਾਂ
ਕੁਝ ਰੁੱਖ ਮੇਰਾ ਦਿਲ ਕਰਦਾ ਏ,
ਚੁੰਮਾਂ ਤੇ ਮਰ ਜਾਵਾਂ
ਸਾਂਵੀ ਬੋਲੀ ਸਭ ਰੁੱਖਾਂ ਦੀ
ਦਿਲ ਕਰਦਾ ਲਿਖ ਜਾਵਾਂ
ਜੇ ਤੁਸੀਂ ਮੇਰਾ ਮੀਤ ਹੈ ਸੁਣਨਾ,
ਮੈਂ ਰੁੱਖਾਂ ਵਿਚ ਗਾਵਾਂ
ਰੁੱਖ ਤਾਂ ਮੇਰੀ ਮਾਂ ਵਰਗੇ ਨੇ,
ਜਿਉਣ ਰੁੱਖਾਂ ਦੀਆਂ ਛਾਵਾਂ।
* * *


Comments Off on ਰੁੱਖਾਂ ਦੀ ਜੀਰਾਂਦ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.