ਕਿਰਤੀਆਂ ਦੇ ਬੱਚੇ ਮਾਪਿਆਂ ਨਾਲ ਵਟਾ ਰਹੇ ਨੇ ਹੱਥ !    ਗੁਰੂ ਨਾਨਕ ਦੇਵ ਜੀ ਦੀ ਬਾਣੀ : ਸਮਾਜਿਕ ਸੰਘਰਸ਼ ਦੀ ਸਾਖੀ !    ਝਾਰਖੰਡ ਚੋਣਾਂ: ਭਾਜਪਾ ਵੱਲੋਂ 52 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ !    ਸ਼੍ਰੋਮਣੀ ਕਮੇਟੀ ਵੱਲੋਂ ਪੰਥਕ ਸ਼ਖ਼ਸੀਅਤਾਂ ਦਾ ਸਨਮਾਨ !    ਕਸ਼ਮੀਰ ’ਚ ਪੰਜਵੀਂ ਤੇ ਨੌਵੀਂ ਜਮਾਤ ਦੇ ਦੋ ਪੇਪਰ ਮੁਲਤਵੀ !    ਹਿਮਾਚਲ ਵਿੱਚ 14 ਤੋਂ ਬਰਫ਼ਬਾਰੀ ਅਤੇ ਮੀਂਹ ਦੇ ਆਸਾਰ !    ਭਾਜਪਾ ਵਿਧਾਇਕ ਦੀ ਵੀਡੀਓ ਵਾਇਰਲ, ਜਾਂਚ ਮੰਗੀ !    ਗੂਗਲ ਮੈਪ ’ਤੇ ਪ੍ਰੋਫਾਈਲ ਅਪਡੇਟ ਕਰਨ ਦੀ ਸੁਵਿਧਾ ਸ਼ੁਰੂ !    ਵਾਤਾਵਰਨ ਤਬਦੀਲੀ ਦੇ ਰੋਸ ਵਜੋਂ ਮਕਾਨ ਦਾ ਮਾਡਲ ਡੋਬਿਆ !    ਕੱਚੇ ਤੇਲ ਦੇ ਖੂਹ ਮਿਲੇ: ਰੂਹਾਨੀ !    

‘ਪੰਜਾਬੀਅਤ ਦਾ ਅਲਮ-ਬਰਦਾਰ ਬਰਜਿੰਦਰ ਸਿੰਘ ਹਮਦਰਦ’

Posted On October - 17 - 2010

ਸੰਪਾਦਕ: ਅਮਰਜੀਤ ਸਿੰਘ
ਪੰਨੇ: 328, ਮੁੱਲ: 350 ਰੁਪਏ,
ਪ੍ਰਕਾਸ਼ਕ: ਵਰਤਮਾਨ ਪ੍ਰਕਾਸ਼ਨ ਨਵੀਂ ਦਿੱਲੀ
‘ਲਫਜ਼ਾਂ ਦਾ ਜਾਦੂਗਰ’ ਤੇ ‘ਬੋਲੀ ਦਾ ਬਾਦਸ਼ਾਹ’ ਕਹੇ ਜਾਂਦੇ ਪੰਜਾਬੀ ਦੇ ਉੱਘੇ ਵਾਰਤਾਕਾਰ ਗੁਰਬਖਸ਼ ਸਿੰਘ ਪ੍ਰੀਤਲੜੀ ਨੇ 1936 ਵਿਚ ਆਈ ਆਪਣੀ ਪਹਿਲੀ ਪੁਸਤਕ ‘ਪ੍ਰੀਤ ਮਾਰਗ’ ਵਿਚ ਇਕ ਥਾਂ ਲਿਖਿਆ ਹੈ ਕਿ ‘ਸਰਗਰਮੀ, ਜੋਸ਼, ਜ਼ਿੰਦਗੀ, ਸ਼ੌਕ, ਹਿੰਮਤ, ਚੁਸਤੀ, ਉੱਦਮ, ਹੌਸਲਾ, ਜ਼ਿੰਦਾਦਿਲੀ, ਚਾਅ, ਉਮੰਗ, ਮਿਲਣਸਾਰੀ- ਮਨੁੱਖੀ ਸੁਭਾਅ ਦੀਆਂ ਉਪਰੋਕਤ ਸਾਰੀਆਂ ਸਿਫਤਾਂ ਜੀਵਨ-ਉਤਸ਼ਾਹ ਦੇ ਸੂਰਜ ਦੀਆਂ ਭਿੰਨ-ਭਿੰਨ ਕਿਰਨਾਂ ਹਨ। ਇਨ੍ਹਾਂ ਸਿਫਤਾਂ ਵਾਲੀ ਸ਼ਖਸੀਅਤ ਦੇ ਦੁਆਲੇ ਇਕ ਖਾਸ ਕਿਸਮ ਦਾ ਉਜਾਲਾ ਹੁੰਦਾ ਹੈ।’ ਨਿਰਸੰਦੇਹ ਇਹ ਸਾਰੀਆਂ ਸਿਫਤਾਂ ਸਰਦਾਰ ਬਰਜਿੰਦਰ ਸਿੰਘ ਹਮਦਰਦ ਵਿਚ ਹਨ ਤੇ ਇਹ ਉਜਾਲਾ ਵੀ ਇਸ ਸ਼ਖਸੀਅਤ ਵਿੱਚੋਂ ਪਹਿਲੀ ਨਜ਼ਰੇ ਹੀ ਦੇਖਿਆ ਜਾ ਸਕਦਾ ਹੈ। ਇਨ੍ਹਾਂ ਗੁਣਾਂ ਸਦਕਾ ਹੀ ਇਹ ਸ਼ਖੀਸਅਤ ਆਏ ਦਿਨ ਹੋਰ ਹਰਮਨਪਿਆਰੀ ਹੋ ਰਹੀ ਹੈ। ਐਸੀ ਮਕਬੂਲ ਤੇ ਹਰਦਿਲ ਅਜ਼ੀਜ਼ ਸ਼ਖਸੀਅਤ ਨੂੰ ਜੇ ਇਸ ਪੁਸਤਕ ਦਾ ਸੰਪਾਦਕ ਪੰਜਾਬੀਅਤ ਦਾ ਅਲਮ-ਬਰਦਾਰ ਆਖਦਾ ਹੈ ਤਾਂ ਇਹ ਸੋਲਾਂ ਆਨੇ ਸੱਚ ਹੈ।
ਪੁਸਤਕ ਦੇ ਅਧਿਐਨ ਤੋਂ ਜਾਣਿਆ ਜਾ ਸਕਦਾ ਹੈ ਕਿ ਬਰਜਿੰਦਰ ਸਿੰਘ ਹਮਦਰਦ ਦਾ ਜਨਮ 20 ਅਗਸਤ, 1944 ਈ. ਨੂੰ ਨਾਮਵਰ ਪੱਤਰਕਾਰ/ਗ਼ਜ਼ਲਕਾਰ ਡਾ. ਸਾਧੂ ਸਿੰਘ ਹਮਦਰਦ ਤੇ ਮਾਤਾ ਸ੍ਰੀਮਤੀ ਨਰਿੰਜਨ ਕੌਰ ਦੇ ਘਰ ਹੋਇਆ। ਬਰਜਿੰਦਰ ਸਿੰਘ ਦੀ ਵਿੱਦਿਅਕ ਯੋਗਤਾ ਐਮ.ਏ. ਪੰਜਾਬੀ ਹੈ। ਉਹ ਫਰਵਰੀ, 1968 ਤੋਂ ਅਗਸਤ 1974 ਤੱਕ ਰੋਜ਼ਾਨਾ ‘ਅਜੀਤ’ ਦੇ ਪ੍ਰਬੰਧਕੀ ਸੰਪਾਦਕ ਰਹੇ ਹਨ। 1974 ਤੋਂ 1978 ਤੱਕ ਸਾਹਿਤਕ ਮਾਸਿਕ ਪੱਤਰ ‘ਦ੍ਰਿਸ਼ਟੀ’ ਤੇ ਖੇਤੀਬਾੜੀ ਬਾਰੇ ਮਾਸਿਕ ਪੱਤਰ ‘ਅੰਨਦਾਤਾ’ ਦੀ ਸੰਪਾਦਨਾ ਵੀ ਉਨ੍ਹਾਂ ਕੀਤੀ ਹੈ। 1976 ਤੋਂ 1978 ਤੱਕ ਮਾਸਿਕ ‘ਅੱਪਸਰਾ’ ਦੇ ਮੁੱਖ ਸੰਪਾਦਕ ਵੀ ਉਹ ਰਹੇ ਹਨ। 1970 ਤੋਂ ਮਾਸਿਕ ‘ਤਸਵੀਰ’ ਦੇ ਬਾਨੀ ਸੰਪਾਦਕ ਵੀ ਹਨ। ਬਰਜਿੰਦਰ ਸਿੰਘ ਹਮਦਰਦ ਨੂੰ ਜੁਲਾਈ 1978 ਤੋਂ ਅਗਸਤ 1984 ਤੱਕ ਰੋਜ਼ਾਨਾ ‘ਪੰਜਾਬੀ ਟ੍ਰਿਬਿਊਨ’ ਚੰਡੀਗੜ੍ਹ ਦਾ ਪਹਿਲਾ ਮੁੱਖ ਸੰਪਾਦਕ ਹੋਣ ਦਾ ਮਾਣ ਵੀ ਪ੍ਰਾਪਤ ਹੈ। ਅਗਸਤ 1984 ਤੋਂ ਉਹ ‘ਅਜੀਤ’ ਜਲੰਧਰ ‘ਅਜੀਤ ਸਮਾਚਾਰ’ (ਹਿੰਦੀ) ਦੇ ਮੁੱਖ ਸੰਪਾਦਕ ਹਨ। ਹੁਣ ਤੱਕ ਪਾਠਕ ਉਨ੍ਹਾਂ ਦੀਆਂ ਪੁਸਤਕਾਂ ‘ਕੁਝ ਪੱਤਰੇ’ (ਨਾਵਲ), ‘ਛੋਟੇ ਛੋਟੇ ਦਾਇਰੇ’ (ਲੇਖ ਸੰਗ੍ਰਹਿ), ‘ਧਰਤੀਆਂ ਦੇ ਗੀਤ’ (ਸਫ਼ਰਨਾਮਾ), ‘ਜੋਤ ਜਗਦੀ ਰਹੇਗੀ’, ‘ਵਿਰਸੇ ਦਾ ਗੌਰਵ’, ‘ਪੈਂਡਾ ਬਾਕੀ ਹੈ’, ‘ਮੋਮਬੱਤੀਆਂ ਦੀ ਲੋਅ’, ‘ਦੋਸਤੀ ਦੇ ਗੀਤ’, ‘ਮਿੱਟੀ ਦਾ ਮੋਹ’ ਅਤੇ ਤਰਕਸ਼ੀਲਤਾ ਦਾ ਚਾਨਣ ਪੜ੍ਹ ਚੁੱਕੇ ਹਨ। 1991 ਵਿਚ ‘ਕੁੱਝ ਪੱਤਰੇ’ ਨਾਵਲ ਅੱਠ ਕਿਸ਼ਤਾਂ ਵਿਚ ਦੂਰਦਰਸ਼ਨ ਕੇਂਦਰ ਜਲੰਧਰ ਨੇ ਫ਼ਿਲਮਾ ਕੇ ਟੈਲੀਕਾਸਟ ਵੀ ਕੀਤਾ ਸੀ। ‘ਜਜ਼ਬਾਤ’, ‘ਸਿਜਦਾ’, ‘ਆਹਟ’, ‘ਖੁਸ਼ਬੂ’ ਤੇ ‘ਸ਼ਰਧਾਂਜਲੀ’ ਬਰਜਿੰਦਰ ਸਿੰਘ ਦੀਆਂ ਗਾਈਆਂ ਗ਼ਜ਼ਲਾਂ ਦੀਆਂ ਇਹ ਪੰਜ ਸੀ.ਡੀਜ਼ ਵੀ ਸਰੋਤਿਆਂ/ਸੰਗੀਤ ਪ੍ਰੇਮੀਆਂ ਨੂੰ ਨਿਰੰਤਰ ਸਰਸ਼ਾਰ ਕਰ ਰਹੀਆਂ ਹਨ। ਬਰਜਿੰਦਰ ਸਿੰਘ ਪੰਜਾਬ ਤੋਂ ਮਾਰਚ 1998 ਤੋਂ ਦਸੰਬਰ 2000 ਤੱਕ ਰਾਜ ਸਭਾ ਦੇ ਮੈਂਬਰ ਵੀ ਰਹੇ ਹਨ। ਭਾਸ਼ਾ ਵਿਭਾਗ ਪੰਜਾਬ ਵੱਲੋਂ 1983-84 ਦੇ ਸ਼੍ਰੋਮਣੀ ਪੱਤਰਕਾਰ ਵਜੋਂ ਵੀ ਬਰਜਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਭਾਰਤ ਸਰਕਾਰ ਨੇ 1990 ਵਿਚ ਉਨ੍ਹਾਂ ਨੂੰ ‘ਪਦਮਸ਼੍ਰੀ’ ਐਵਾਰਡ ਨਾਲ ਵੀ ਸਨਮਾਨਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਵੀ 1992 ਵਿਚ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ ਤੇ 2001 ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸਾਹਿਤਕ ਅਤੇ ਪੱਤਰਕਾਰੀ ਸੇਵਾਵਾਂ ਲਈ ਉਨ੍ਹਾਂ ਨੂੰ ਡੀ.ਲਿਟ. ਦੀ ਉਪਾਧੀ ਨਾਲ ਸਨਮਾਨਤ ਕੀਤਾ।
ਹਥਲੀ ਪੁਸਤਕ ਦੇ ਸੰਪਾਦਕ ਸਣੇ ਜਿਨ੍ਹਾਂ 41 ਵਿਦਵਾਨ ਸੱਜਣਾਂ ਨੇ ਬਰਜਿੰਦਰ ਸਿੰਘ ਹਮਦਰਦ ਦੇ ਅਨੇਕ ਗੁਣਾਂ ਨੂੰ ਆਪੋ-ਆਪਣੇ ਨੁਕਤਾ-ਨਿਗਾਹ ਤੋਂ ਦਰਸਾਇਆ ਹੈ ਉਹ ਇਹ ਹਨ; ਆਈ.ਕੇ. ਗੁਜਰਾਲ, ਕੁਲਦੀਪ ਨਈਅਰ, ਗੁਰਦਿਆਲ ਸਿੰਘ (ਨਾਵਲਕਾਰ), ਪ੍ਰੋ. ਨਰਿੰਜਨ ਤਸਨੀਮ, ਪਿਆਰਾ ਸਿੰਘ ਭੋਗਲ, ਪ੍ਰੇਮ ਸਿੰਘ ਐਡਵੋਕੇਟ, ਇੰਦਰਜੀਤ ਹਸਨਪੁਰੀ, ਡਾ. ਜਸਬੀਰ ਸਿੰਘ ਆਹਲੂਵਾਲੀਆ, ਅਜੀਤ ਰਾਹੀ, ਕਰਤਾਰ ਸਿੰਘ ਸੂਰੀ, ਤਰਲੋਚਨ ਸਿੰਘ ਐਮ.ਪੀ., ਡਾ. ਮਹੀਪ ਸਿੰਘ, ਗੁਲਜ਼ਾਰ ਸਿੰਘ ਸੰਧੂ, ਹਰਵਿੰਦਰ ਸਿੰਘ ਹੰਸਪਾਲ, ਸੁਖਦੇਵ ਮਾਦਪੁਰੀ, ਬਲਵੰਤ ਸਿੰਘ ਰਾਮੂਵਾਲੀਆ, ਗੁਰਬਚਨ ਸਿੰਘ ਭੁੱਲਰ, ਡਾ. ਸ਼ਰਨਜੀਤ ਕੌਰ, ਇਕਬਾਲ ਸਿੰਘ, ਸਰਦਾਰ ਪੰਛੀ, ਸ਼ੇਰ ਸਿੰਘ ਕੰਵਲ, ਸ਼ੰਗਾਰਾ ਸਿੰਘ ਭੁੱਲਰ, ਮਿੰਦਰ, ਸਿੱਧੂ ਦਮਦਮੀ, ਡਾ. ਅਮਰਜੀਤ ਸਿੰਘ ਕਾਂਗ, ਜਸਬੀਰ ਭੁੱਲਰ, ਪ੍ਰਮਿੰਦਰਜੀਤ, ਕੁਲਬੀਰ ਸਿੰਘ ਸੂਰੀ, ਗੁਰਭਜਨ ਗਿੱਲ, ਕੇ.ਕੇ. ਸ਼ਰਮਾ, ਡਾ. ਸੁਰਿੰਦਰ ਗਿੱਲ, ਦੇਵਿੰਦਰ ਸਿੰਘ, ਬਲਜੀਤ ਸਿੰਘ ਬਰਾੜ, ਡਾ. ਸਤੀਸ਼ ਕੁਮਾਰ ਵਰਮਾ, ਸ੍ਰੀ ਇਰਵਿਨ ਖੰਨਾ, ਮਲਕੀਅਤ ਸਿੰਘ ਆਰਟਿਸਟ, ਗੁਰਮੀਤ ਸਿੰਘ, ਡਾ. ਦਰਸ਼ਨ ਸਿੰਘ ਆਸ਼ਟ, ਡਾ. ਹਰਸ਼ਿੰਦਰ ਕੌਰ, ਅਮਰਜੀਤ ਸਿੰਘ ਤੇ ਬਲਦੇਵ ਸਿੰਘ।
ਬਲਦੇਵ ਸਿੰਘ (ਸੜਕਨਾਮਾ) ਨੇ ਸਰਦਾਰ ਬਰਜਿੰਦਰ ਸਿੰਘ ਹਮਦਰਦ ਨਾਲ ਲੰਬੀ ਇੰਟਰਵਿਊ ਕੀਤੀ ਹੈ ਜਿਹੜੀ ਬਰਜਿੰਦਰ ਸਿੰਘ ਦੇ ਜੀਵਨ, ਕਾਰਜ ਸ਼ੈਲੀ, ਜੀਵਨ ਫਲਸਫਾ ਤੇ ਉਸ ਦੀ ਪੱਤਰਕਾਰੀ ਉੱਪਰ ਭਾਵਪੂਰਤ ਪ੍ਰਕਾਸ਼ ਪਾਉਂਦੀ ਹੈ। ਬਰਜਿੰਦਰ ਸਿੰਘ ਦਾ ਡਲਹੌਜ਼ੀ ਤੋਂ 1963 ਵਿਚ ਅਮਰਜੀਤ ਸਿੰਘ ਦੇ ਨਾਂ ਲਿਖਿਆ ਇਕ ਖ਼ਤ ਵੀ ਪੁਸਤਕ ਵਿਚ ਦਰਜ ਹੈ ਜਿਸ ਵਿਚ ਸਬੰਧਤ ਸਥਾਨ ਦਾ ਬੜਾ ਟੁੰਬਵਾਂ ਸ਼ਾਬਦਿਕ ਚਿੱਤਰ ਖਿੱਚਿਆ ਗਿਆ ਹੈ। ਬਰਜਿੰਦਰ ਸਿੰਘ ਦੇ ਮਾਂ-ਬੋਲੀ ਪੰਜਾਬੀ ਸਬੰਧੀ ਸਮੇਂ-ਸਮੇਂ ਲਿਖੇ ਕੁਝ ਸੰਪਾਦਕੀ ਲੇਖ ਵੀ ਪੁਸਤਕ ਵਿਚ ਸ਼ਾਮਲ ਹਨ। ‘ਪੰਜਾਬੀ ਟ੍ਰਿਬਿਊਨ’ ਦਾ ਸੰਪਾਦਕ ਹੋਣ ਸਮੇਂ ਬਰਜਿੰਦਰ ਸਿੰਘ ਵੱਲੋਂ ਲਿਖੇ ਮਨੁੱਖੀ ਸੰਵੇਦਨਾ ਨਾਲ ਸਬੰਧਤ ਕੁਝ ਚੋਣਵੇਂ ਸੰਪਾਦਕੀਆਂ ਦੇ ਅੰਸ਼ ਵੀ ਇਸ ਪੁਸਤਕ ਵਿਚੋਂ ਪੜ੍ਹੇ ਜਾ ਸਕਦੇ ਹਨ। ਪੁਸਤਕ ਦੇ ਅੰਤ ਵਿਚ ਬਰਜਿੰਦਰ ਸਿੰਘ ਦਾ ਜੀਵਨ ਬਿਉਰਾ ਤੇ 41 ਲੇਖਕਾਂ ਦੇ ਪਤੇ ਦਰਜ ਕੀਤੇ ਗਏ ਹਨ। ਇੰਜ ਪੁਸਤਕ ਨੂੰ ਬੜੀ ਗੁੰਦਵੀਂ ਤੇ ´ਮਬਧ ਤਰਤੀਬ ਨਾਲ ਸੰਪਾਦਿਤ ਕੀਤਾ ਗਿਆ ਹੈ।
ਸ੍ਰੀ ਬਰਜਿੰਦਰ ਹਮਦਰਦ ਬਾਰੇ ਪੁਸਤਕ ਅੰਦਰ ਦਰਜ ਵਿਚਾਰਾਂ/ਖਿਆਲਾਂ ਨਾਲ ਸਾਂਝ ਪੁਆਉਣ ਹਿੱਤ ‘ਪੰਜਾਬੀ ਟ੍ਰਿਬਿਊਨ’ ਦੇ ਪਾਠਕਾਂ ਲਈ ਕੁਝ ਅੰਸ਼ ਇੱਥੇ ਲਿਖੇ ਜਾਂਦੇ ਹਨ:-
-‘ਮੇਰੇ ਨਾਲ ਬਰਜਿੰਦਰ ਦੀ ਕੋਈ 34 ਸਾਲ ਪੁਰਾਣੀ ਸਾਂਝ ਹੈ। ਹੋਰ ਅਨੇਕਾਂ ਵਾਂਗ ਮੈਂ ਵੀ ਉਸ ਨੂੰ ਨੇੜਿਓਂ ਵੇਖਿਆ ਹੈ। ਕਿਹਾ ਜਾਂਦਾ ਹੈ ਕਿ ਹਰ ਬੰਦਾ, ਖਾਸ ਕਰ ਲੇਖਕ, ਦੋ ਜੀਵਨ ਜਿਊਂਦਾ ਹੈ- ਇਕ ਆਪਣੀ ਰਚਨਾ ਵਿਚ ਤੇ ਇਕ ਅਸਲ ਜੀਵਨ ਪਰ ਬਰਜਿੰਦਰ ਬਾਰੇ ਕਿਹਾ ਜਾ ਸਕਦਾ ਹੈ ਕਿ ਉਹ ਕਥਨੀ-ਕਰਨੀ ਵਿਚ ਇੱਕੋ ਹੈ।’     (ਅਮਰਜੀਤ ਸਿੰਘ ਸੰਪਾਦਕ ‘ਅਕਸ’)
-‘ਪੰਜਾਬੀ ਪੱਤਰਕਾਰੀ ਵਿਚ ਮੈਨੂੰ ਤਾਂ ਕੋਈ ਅਜਿਹਾ ਨਹੀਂ ਲੱਭਦਾ ਜਿਹੜਾ ਬਰਜਿੰਦਰ ਦੇ ਨੇੜੇ ਵੀ ਢੁੱਕਦਾ ਹੋਵੇ।’         (ਕੁਲਦੀਪ ਨਈਅਰ)
-‘ਜ਼ਿੰਦਗੀ ਜਿਊਣ ਲਈ ਸਾਨੂੰ ਕਈ ਵਾਰ ਨਿੱਕੇ-ਵੱਡੇ ਸਮਝੌਤੇ ਕਰਨੇ ਪੈਂਦੇ ਹਨ। ਬਰਜਿੰਦਰ ਨੂੰ ਵੀ ਸੰਪਾਦਕ ਵਜੋਂ, ਅਨੇਕਾਂ ਵਾਰ ਤਲਵਾਰ ਦੀ ਧਾਰ ਉੱਤੇ ਤੁਰਨਾ ਪਿਆ ਹੈ ਪਰ ਇਹ ਹੈਰਾਨੀ ਵਾਲੀ ਹੀ ਗੱਲ ਹੈ ਕਿ ਉਹਨੇ ਆਪਣੇ ਪੈਰ ‘ਜ਼ਖ਼ਮੀ’ ਨਹੀਂ ਹੋਣ ਦਿੱਤੇ।’       (ਗੁਰਦਿਆਲ ਸਿੰਘ)
-‘ਬਰਜਿੰਦਰ ਸਿੰਘ ਹਮਦਰਦ ਪੰਜਾਬੀਅਤ ਦੇ ਅਲਮ-ਬਰਦਾਰ ਹਨ। ਇਨ੍ਹਾਂ ਦੀ ਨਜ਼ਰ ਵਿਚ ਪੰਜਾਬੀ ਭਾਸ਼ਾ ਅਤੇ ਸਾਹਿਤ ਮਾਧਿਅਮ ਹਨ, ਪੰਜਾਬੀਅਤ ਨੂੰ ਪ੍ਰੋਤਸਾਹਨ ਦੇਣ ਲਈ।’           (ਪ੍ਰੋ. ਨਰਿੰਜਨ ਤਸਨੀਮ)
-‘ਮੈਂ ਅੱਖੀਂ ਪਾਕਿਸਤਾਨ ਵਿਚ ਸ. ਬਰਜਿੰਦਰ ਸਿੰਘ ਦੀ ਕਦਰ ਵੇਖੀ ਹੈ। ਲਾਹੌਰ ਵਿਚ ਇਹਨਾਂ ਦੇ ਸਵਾਗਤੀ ਸਮਾਰੋਹ ਵਿਚ 200 ਪੱਤਰਕਾਰ ਤੇ ਸਾਹਿਤਕਾਰ ਸ਼ਾਮਲ ਸਨ।’               (ਤਰਲੋਚਨ ਸਿੰਘ ਐਮ.ਪੀ.)
¸‘ਪੱਤਰਕਾਰੀ ਵਿਚ ਬਰਜਿੰਦਰ ਸਿੰਘ ਹਮਦਰਦ ਇਸ ਤਰ੍ਹਾਂ ਇਕਮਿਕ ਹੋ ਗਿਆ ਕਿ ਉਸ ਅੰਦਰਲਾ ਨਿਰੋਲ ਸਾਹਿਤਕਾਰ ਪੱਤਰਕਾਰ ਦੀ ਛਾਵੇਂ ਤੁਰਨ ਲੱਗਾ ਹੈ।                          (ਹ.ਸ. ਹੰਸਪਾਲ)
¸‘ਦੋ ਦਹਾਕੇ ਪਹਿਲਾਂ ਸਾਧੂ ਸਿੰਘ ਹਮਦਰਦ ਬਾਰੇ ਇਕ ਲੇਖ ਵਿਚ ਮੈਂ ਕਿਹਾ ਸੀ, ‘ਹਮਦਰਦ ਜੀ ਦੀ ‘ਅਜੀਤ’ ਜਿੱਡੀ ਹੀ ਵੱਡੀ ਇਕ ਹੋਰ ਦੇਣ ਬਰਜਿੰਦਰ ਸਿੰਘ ਹਮਦਰਦ ਹੈ ਜਿਸ ਨੇ ਪੰਜਾਬੀ ਪੱਤਰਕਾਰੀ ਅਤੇ ਪੰਜਾਬੀਅਤ ਦੀ ਉਸਾਰੀ ਦੀ ਡੋਰ ਐਨ ਉੱਥੋਂ ਮਜ਼ਬੂਤੀ ਨਾਲ ਫੜ ਲਈ ਜਿੱਥੋਂ ਇਹ ਹਮਦਰਦ ਜੀ ਦੇ ਹੱਥੋਂ ਛੁੱਟੀ ਸੀ।’    (ਗੁਰਬਚਨ ਸਿੰਘ ਭੁੱਲਰ)
¸‘ਬਚਪਨ ਤੋਂ ਹੀ ਬਰਜਿੰਦਰ ਸਿੰਘ ਨੂੰ ਲੰਬੀਆਂ ਸੈਰਾਂ ਕਰਨ ਦਾ ਸ਼ੌਕ ਹੈ।… ਮੈਂ ਅੱਜ ਤੱਕ ਬਰਜਿੰਦਰ ਨੂੰ ਕਿਸੇ ਨਾਲ ਲੜਦਿਆਂ ਜਾਂ ਉੱਚਾ ਬੋਲਦਿਆਂ ਨਹੀਂ ਸੁਣਿਆ।’                          (ਇਕਬਾਲ ਸਿੰਘ)
¸‘ਇਕ ਉਦਯੋਗਪਤੀ, ਅਖਬਾਰ ਮਾਲਕ, ਸੰਪਾਦਕ, ਸਾਹਿਤਕਾਰ, ਫਨਕਾਰ, ਫੱਕਰ ਤੇ ਯਾਰਾਂ ਦਾ ਯਾਰ ਮਨੁੱਖ ਦੇ ਸ਼ਖਸੀ ਗੁਣਾਂ ਦੀ ਸਤਰੰਗੀ ਹੈ ਬਰਜਿੰਦਰ ਸਿੰਘ ਹਮਦਰਦ।’                       (ਸਿੱਧੂ ਦਮਦਮੀ)
¸‘ਭਾਅ ਜੀ ਬਰਜਿੰਦਰ ਸਿੰਘ ਦੀ ਸ਼ਖਸੀਅਤ ਨੂੰ ਮੈਂ ਜੇ ਅੱਖਾਂ ਮੀਟ ਕੇ ਨਿਹਾਰਨਾ ਹੋਵੇ ਤਾਂ ਮੈਨੂੰ ਉਹ ਸਿਖਰ ਬਨੇਰੇ ’ਤੇ ਜਗਦੇ ਚੌਮੁਖੀਏ ਚਿਰਾਗ ਵਾਂਗ ਦਿਸਦੇ ਹਨ।’     (ਗੁਰਭਜਨ ਗਿੱਲ)
¸‘ਇਕ ਖਾਸ ਮਰਿਆਦਾ ਅਤੇ ਦੂਰੀ ਬਣਾ ਕੇ ਜਿਊਣ ਦੀ ਜਾਚ ਦਾ ਇਕ ਜਿਊਂਦਾ-ਜਾਗਦਾ ਉਦਾਹਰਣ ਹਨ ਡਾ. ਬਰਜਿੰਦਰ ਸਿੰਘ।’     (ਇਰਵਿਨ ਖੰਨਾ)
¸‘ਬਰਜਿੰਦਰ ਸਿੰਘ ਦੀ ਪਲੇਠੀ ਧੀ ਡੌਲ (ਸਰਵਿੰਦਰ ਕੌਰ) ਜਦ ਆਪਣੀ ਬਾਲ-ਵਰੇਸ ਵਿਚ ਉਭਰ ਰਹੀ ਸੀ ਤਾਂ ਇਕ ਦਿਨ ਸਹਿਜ-ਸੁਭਾ ਹੀ ਉਸ ਨੇ ਆਪਣੇ ਪਿਆਰੇ ਪਿਤਾ ਨੂੰ ਪੁੱਛ ਲਿਆ ਕਿ ‘ਪਾਪਾ, ਅੱਜ ਮੈਨੂੰ ਕੋਈ ਉਪਦੇਸ਼ ਦਿਓ ਜਿਸ ਦੀ ਮੈਂ ਜ਼ਿੰਦਗੀ ਭਰ ਪਾਲਣਾ ਕਰ ਸਕਾਂ…।’ ਬਰਜਿੰਦਰ ਸਿੰਘ ਨੇ ਗੰਭੀਰ ਹੁੰਦਿਆਂ ਜਿਹੜੀ ਜੀਵਨ-ਜਾਚ ਆਪਣੀ ਪਿਆਰੀ ਬੱਚੀ ਨੂੰ ਸਿਖਾਈ, ਉਹ ਸੀ (ਆਪਣੀ ਪੁੜਪੜੀ ਨੂੰ ਆਪਣੀ ਪਹਿਲੀ ਉਂਗਲ ਨਾਲ ਠਕੋਰਦਿਆਂ ‘ਇਕ ਤਾਂ ਇਹਨੂੰ ਠੀਕ ਰੱਖੋ ਤੇ ਇਕ ਆਪਣੀ ਸਿਹਤ ਵਧੀਆ ਬਣਾਈ ਰੱਖੋ… ਬਾਕੀ ਜੋ ਮਰਜ਼ੀ….।’     (ਗੁਰਮੀਤ ਸਿੰਘ)
¸‘ਮਹਾਤਮਾ ਬੁੱਧ, ਗੁਰੂ ਗੋਬਿੰਦ ਸਿੰਘ, ਮਹਾਰਾਜਾ ਰਣਜੀਤ ਸਿੰਘ ਤੇ ਲਿਉ ਟਾਲਸਟਾਏ ਬਰਜਿੰਦਰ ਦੇ ਰੋਲ ਮਾਡਲ ਹਨ।’     (ਅਮਰਜੀਤ ਸਿੰਘ)
¸‘ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਜਿਹੜੀ ਖਾਹਿਸ਼ ਸੀ ਅਤੇ ਰਹੀ ਹੈ, ਉਹ ਹੈ, ਬਹੁਤ ਕੁਝ ਜਾਨਣ ਦੀ, ਬਹੁਤ ਕੁਝ ਪੜ੍ਹਨ ਦੀ। ਪਰ ਅਫਸੋਸ ਹੈ, ਜਿਵੇਂ ਮੇਰੇ ਰੁਝੇਵੇਂ ਨੇ, ਮੇਰੀ ਇਹ ਖਾਹਿਸ਼ ਪੂਰੀ ਨਹੀਂ ਹੋ ਸਕੀ। ਪਰ ਇਕ ਗੱਲ ਦੀ ਸੰਤੁਸ਼ਟੀ ਹੈ, ਖੁਸ਼ੀ ਹੈ ਕਿ ਮੇਰੇ ਅੰਦਰ ਜਿਹੜੀ ਮੌਲਿਕ ਗਿਆਨ ਦੀ ਭੁੱਖ ਹੈ, ਉਹ ਖਤਮ ਨਹੀਂ ਹੋਈ। ਅਜੇ ਵੀ ਮੇਰਾ ਮਨ ਉਧਰ ਹੀ ਰਹਿੰਦਾ ਹੈ। ਮੈਨੂੰ ਜਦੋਂ ਵੀ ਵਕਤ ਮਿਲਦਾ ਹੈ, ਮੈਂ ਉਹਦੇ ਪਿੱਛੋਂ ਹੀ ਜਾਣ ਦਾ ਯਤਨ ਕਰਦਾਂ। ਏਸ ਗਿਆਨ ਵਿਚੋਂ ਮੈਂ ਕੁਝ ਨਾ ਕੁਝ ਜੇ ਆਪਣਾ ਦੇ ਸਕਾਂ ਤਾਂ ਇਹ ਮੇਰੀ ਸਭ ਤੋਂ ਵੱਡੀ ਸੰਤੁਸ਼ਟੀ ਹੋਵੇਗੀ।’
(ਸਰਦਾਰ ਬਰਜਿੰਦਰ ਸਿੰਘ ਹਮਦਰਦ)
ਇਨ੍ਹਾਂ ਤੋਂ ਇਲਾਵਾ ਇਸ ਪੁਸਤਕ ਵਿਚ ਦਰਜ ਗੁਰ ਪਰਵਾਸੀ ਗਿਆਨੀ ਲਾਲ ਸਿੰਘ, ਜੀਤ ਸਿੰਘ ਸੀਤਲ, ਵਿਸ਼ਵਾਨਾਥ ਤਿਵਾੜੀ, ਡਾ. ਅਤਰ ਸਿੰਘ, ਓਮ ਪ੍ਰਕਾਸ਼ ਗਾਸੋ, ਟੀ.ਆਰ. ਵਿਨੋਦ, ਪ੍ਰੋ. ਕਿਰਪਾਲ ਸਿੰਘ ਬਡੂੰਗਰ, ਜਥੇਦਾਰ ਸੁੱਚਾ ਸਿੰਘ ਲੰਗਾਹ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਅਜੀਤ ਸਿੰਘ ਸਰਹੱਦੀ, ਡਾ. ਖੇਮ ਸਿੰਘ ਗਿੱਲ, ਡਾ. ਐਸ.ਐਸ. ਜੌਹਲ, ਸਵਰਗਵਾਸੀ ਰਵੇਲ ਸਿੰਘ ਤੇ ਸਵਰਗਵਾਸੀ ਬਲਵਿੰਦਰ ਸਿੰਘ ਦੇ ਵਿਚਾਰ ਵੀ ਵੱਡਮੁੱਲੇ ਹਨ।
ਇਸ ਤਰ੍ਹਾਂ ਪੰਜਾਬੀਅਤ ਦੇ ਅਲਮ-ਬਰਦਾਰ ਬਰਜਿੰਦਰ ਸਿੰਘ ਹਮਦਰਦ ਬਾਰੇ ਤੇ ਉਨ੍ਹਾਂ ਦੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨਾਲ ਪਿਆਰ ਬਾਰੇ ਇਸ ਪੁਸਤਕ ਵਿਚ ਵਿਚਾਰਾਂ ਦਾ ਅਨੰਤ ਪ੍ਰਵਾਹ ਚਲਦਾ ਹੈ। ਆਧੁਨਿਕ ਪੰਜਾਬੀ ਨਾਵਲ ਦੇ ਪਿਤਾਮਾ ਨਾਨਕ ਸਿੰਘ ਦੀ ਇਹ ਗੱਲ ਬਰਜਿੰਦਰ ਸਿੰਘ ਹੋਰਾਂ ’ਤੇ ਪੂਰੀ ਢੁੱਕਦੀ ਹੈ ਕਿ ‘ਜੇ ਕਿਸੇ ਕੋਲ ਦਿਲ ਦੀ ਕੋਮਲਤਾ, ਸਰੀਰ ਦੀ ਸੁੰਦਰਤਾ ਤੇ ਵਿਚਾਰਾਂ ਦੀ ਦ੍ਰਿੜਤਾ ਹੋਵੇ ਤਾਂ ਉਸ ਦੇ ਭਾਗਾਂ ਨੂੰ ਸਲਾਹੁਣਾ ਚਾਹੀਦਾ ਹੈ।’ ਸੋ ਇਹ ਗੱਲ ਪੂਰਨ ਵਿਸ਼ਵਾਸ ਨਾਲ ਆਖੀ ਜਾ ਸਕਦੀ ਹੈ ਕਿ ਇਸ ਹਰਮਨ ਪਿਆਰੀ ਸ਼ਖਸੀਅਤ ਦੀ ਤਹਿ-ਦਿਲੋਂ ਤਾਰੀਫ ਕਰਨ ਦਾ ਹਰ ਕੋਈ ਹਾਮੀ ਹੋਵੇਗਾ। ਪੁਸਤਕ ਦੇ ਸੰਪਾਦਕ ਸਰਦਾਰ ਅਮਰਜੀਤ ਸਿੰਘ ਕੋਲ ਪੰਜਾਬੀ ਦਾ ਮਕਬੂਲ ਮੈਗਜ਼ੀਨ ‘ਅਕਸ’ (ਮਹੀਨਾਵਾਰ) ਸੰਪਾਦਿਤ ਕਰਨ ਦਾ ਵਸੀਹ ਅਨੁਭਵ ਹੈ। ਆਪਣੇ ਅਨੁਭਵ ਨਾਲ ਉਨ੍ਹਾਂ ਇਹ ਪੁਸਤਕ ਛਪਵਾਈ ਵੀ ਬਹੁਤ ਖੂਬਸੂਰਤ ਹੈ। ਸਮੂਹ ਪੰਜਾਬੀਆਂ ਨੂੰ ਇਹ ਪੁਸਤਕ ਪੜ੍ਹਨੀ ਚਾਹੀਦੀ ਹੈ।

-ਹਰਮੀਤ ਸਿੰਘ ਅਟਵਾਲ


Comments Off on ‘ਪੰਜਾਬੀਅਤ ਦਾ ਅਲਮ-ਬਰਦਾਰ ਬਰਜਿੰਦਰ ਸਿੰਘ ਹਮਦਰਦ’
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.