ਦੇਸ਼ ਭਗਤ ਹੋਣ ਲਈ 27ਵੇਂ ਤੇ 28ਵੇਂ ਸਵਾਲ ਦੇ ਜਵਾਬ ਵਿੱਚ ਨਾਂਹ ਕਹਿਣੀ ਜ਼ਰੂਰੀ! !    ਮਹਾਂਪੁਰਖਾਂ ਦੇ ਉਪਦੇਸ਼ਾਂ ਨੂੰ ਵਿਸਾਰਦੀਆਂ ਸਰਕਾਰਾਂ !    ਸਾਹਿਰ ਲੁਧਿਆਣਵੀ: ਫ਼ਨ ਅਤੇ ਸ਼ਖ਼ਸੀਅਤ !    ਕਸ਼ਮੀਰ ਵਾਦੀ ’ਚ ਰੇਲ ਸੇਵਾ ਸ਼ੁਰੂ !    ਐੱਮਕਿਊਐੱਮ ਆਗੂ ਅਲਤਾਫ਼ ਨੇ ਮੋਦੀ ਤੋਂ ਭਾਰਤ ’ਚ ਪਨਾਹ ਮੰਗੀ !    ਪੀਐੱਮਸੀ ਘੁਟਾਲਾ: ਆਰਥਿਕ ਅਪਰਾਧ ਸ਼ਾਖਾ ਵੱਲੋਂ ਰਣਜੀਤ ਸਿੰਘ ਦੇ ਫਲੈਟ ਦੀ ਤਲਾਸ਼ੀ !    ਐੱਨਡੀਏ ਭਾਈਵਾਲਾਂ ਨੇ ਬਿਹਤਰ ਸਹਿਯੋਗ ’ਤੇ ਦਿੱਤਾ ਜ਼ੋਰ !    ਭਾਰਤੀ ਡਾਕ ਵੱਲੋਂ ਮਹਾਤਮਾ ਗਾਂਧੀ ਨੂੰ ਸਮਰਪਿਤ ‘ਯੰਗ ਇੰਡੀਆ’ ਦਾ ਮੁੱਖ ਪੰਨਾ ਰਿਲੀਜ਼ !    ਅਮਰੀਕਾ ਅਤੇ ਦੱਖਣੀ ਕੋਰੀਆ ਨੇ ਜੰਗੀ ਮਸ਼ਕਾਂ ਮੁਲਤਵੀ ਕੀਤੀਆਂ !    ਕਾਰ ਥੱਲੇ ਆ ਕੇ ਇੱਕ ਪਰਿਵਾਰ ਦੇ ਚਾਰ ਜੀਅ ਹਲਾਕ !    

ਸਿੱਧਾ ਦਿਲ ਨੂੰ ਜਾਣ ਵਾਲਾ ਰਸਤਾ

Posted On October - 17 - 2010

ਡਾ. ਹਰਜਿੰਦਰ ਵਾਲੀਆ
ਹਰ ਸ਼ਖ਼ਸ ਜ਼ਿੰਦਗੀ ਵਿੱਚ ਪਿਆਰ, ਦੌਲਤ ਅਤੇ ਨਾਮ ਦੀ ਤਮੰਨਾ ਰੱਖਦਾ ਹੈ। ਹਰ ਦੌਲਤਮੰਦ ਸ਼ੋਹਰਤ ਖੱਟਣਾ ਚਾਹੁੰਦਾ ਹੈ ਅਤੇ ਰਾਜਸੀ ਨੇਤਾ ਵੀ ਲੋਕ ਮਨਾਂ ਵਿੱਚ ਆਪਣਾ ਬਸੇਰਾ ਚਾਹੁੰਦੇ ਹਨ। ਸ਼ੋਹਰਤ ਟਿਕ ਕੇ ਬੈਠਦੀ ਹੈ ਪਰ ਬਦਨਾਮੀ ਚਾਰੇ ਪਾਸੇ ਦੌੜਦੀ ਹੈ। ਜੇ ਤੁਸੀਂ ਸ਼ੋਹਰਤ ਨੂੰ ਖੰਭ ਲਾਉਣਾ ਚਾਹੁੰਦੇ ਹੋ ਤਾਂ ਸ਼ਹਿਦ ਦੀ ਮੱਖੀ ਤੋਂ ਸਬਕ ਸਿੱਖੋ। ਸ਼ਹਿਦ ਦੀ ਮੱਖੀ ਛੋਟੀ ਜਿਹੀ ਹੁੰਦੀ ਹੈ ਪਰ ਉਸ ਦਾ ਬਣਾਇਆ ਸ਼ਹਿਦ ਸਭ ਤੋਂ ਮਿੱਠਾ ਹੁੰਦਾ ਹੈ। ਉਸ ਤਰ੍ਹਾਂ ਤੁਹਾਡੀ ਛੋਟੀ ਜੀਭ ਤੋਂ ਨਿਕਲਿਆ ਕਿਸੇ ਦਾ ਨਾਮ ਇਸ ਦੁਨੀਆਂ ਦੀ ਸਭ ਤੋਂ ਮਿੱਠੀ ਚੀਜ਼ ਹੁੰਦੀ ਹੈ। ਜ਼ਿੰਦਗੀ ਵਿੱਚ ਜਿਨ੍ਹਾਂ ਲੋਕਾਂ ਨੇ ਉੱਚੀਆਂ-ਉੱਚੀਆਂ ਟੀਸੀਆਂ ਸਰ ਕੀਤੀਆਂ ਹਨ, ਉਨ੍ਹਾਂ ਨੇ ਇੱਕ ਸਬਕ ਚੰਗੀ ਤਰ੍ਹਾਂ ਯਾਦ  ਕੀਤਾ ਹੋਇਆ ਹੁੰਦਾ ਹੈ ਕਿ ਮਨੁੱਖ ਨੂੰ ਸਭ ਤੋਂ ਪਿਆਰਾ ਉਸ ਦਾ ਨਾਮ ਲੱਗਦਾ ਹੈ। ਜੇ ਕਿਸੇ ਨੂੰ ਉਸ ਦੇ ਨਾਮ ਨਾਲ ਬੁਲਾਓਗੇ ਤਾਂ ਸੁਣਨ ਵਾਲੇ ਦੇ ਮਨ ਵਿੱਚ ਆਪ ਮੁਹਾਰੇ ਤੁਹਾਡੇ ਪ੍ਰਤੀ ਪਿਆਰ ਪੈਦਾ ਹੋ ਜਾਵੇਗਾ। ਵੱਡੇ-ਵੱਡੇ ਵਪਾਰੀਆਂ, ਰਾਜਸੀ ਨੇਤਾਵਾਂ ਅਤੇ ਸਫ਼ਲ ਵਿਅਕਤੀਆਂ ਨੇ ਇਹ ਫ਼ਾਰਮੂਲਾ ਸਫ਼ਲਤਾ ਨਾਲ ਅਪਣਾਇਆ ਹੈ।
ਗਿਆਨੀ ਜ਼ੈਲ ਸਿੰਘ ਜੋ ਜ਼ਮੀਨ ਤੋਂ ਉੱਠ ਕੇ ਰਾਸ਼ਟਰਪਤੀ ਭਵਨ ਤੱਕ ਪਹੁੰਚਿਆ, ਇਸ ਕਲਾ ਵਿੱਚ ਨਿਪੁੰਨ ਸੀ। ਵਾਹ ਲੱਗਦੇ ਗਿਆਨੀ ਜੀ ਆਪਣੇ ਛੋਟੇ ਤੋਂ ਛੋਟੇ ਵਰਕਰ ਨੂੰ ਉਸ ਦੇ ਨਾਮ ਨਾਲ ਬੁਲਾਉਂਦੇ ਸਨ। ਭੋਇੰ ਤੋਂ ਭਵਨ ਤੱਕ ਦਾ ਸਫ਼ਰ ਉਨ੍ਹਾਂ ਦੀ ਸਿਆਸੀ ਸਿੱਖਿਆ, ਜਾਤੀ ਗੁਣਾਂ ਅਤੇ ਇੰਦਰਾ ਗਾਂਧੀ ਪ੍ਰਤੀ ਅਤੁੱਟ ਵਫ਼ਾਦਾਰੀ ਕਰ ਕੇ ਹੀ ਸੰਭਵ ਹੋ ਸਕਿਆ ਸੀ। ਗਿਆਨੀ ਜੀ ਦੇ ਜ਼ਾਤੀ ਗੁਣਾਂ ਵਿੱਚ ਉਨ੍ਹਾਂ ਤਾਕਤ ਵਿੱਚ ਹੁੰਦੇ ਹੋਏ ਵੀ ਆਪਣੇ ਵਿਰੋਧੀਆਂ ਨਾਲ ਹਮੇਸ਼ਾ ਨਰਮੀ ਨਾਲ ਵਰਤਾਓ ਕੀਤਾ ਜੋ ਕੈਪਟਨ ਅਮਰਿੰਦਰ ਸਿੰਘ ਵਿਚ ਨਜ਼ਰ ਨਹੀਂ ਆਉਂਦਾ। ਐਮਰਜੈਂਸੀ ਦੇ ਨਿਰੰਕੁਸ਼ ਸ਼ਕਤੀ ਦੇ ਦੌਰ ਵਿੱਚ ਵੀ ਗਿਆਨੀ ਜੀ ਨੇ ਬਤੌਰ ਮੁੱਖ ਮੰਤਰੀ ਪੰਜਾਬ ਵਿੱਚ ਉਹ ਕੁਝ ਨਹੀਂ ਹੋਣ ਦਿੱਤਾ ਜੋ ਕੁਝ ਗੁਆਂਢੀ ਰਾਜਾਂ ਵਿੱਚ ਹੋਇਆ ਅਤੇ ਇਸ ਦਾ ਨਤੀਜਾ ਕਾਂਗਰਸ ਨੂੰ ਭੁਗਤਣਾ ਪਿਆ। ਗਿਆਨੀ ਜੀ ਇਸ ਗੁਣ ਸਦਕੇ ਜਿੱਥੇ ਉਨ੍ਹਾਂ ਦੇ ਸ਼ਰਧਾਲੂ ਲੱਖਾਂ ਦੀ ਗਿਣਤੀ ਵਿੱਚ ਸਨ, ਉਥੇ ਉਨ੍ਹਾਂ ਦੇ ਕੱਟੜ ਵੈਰੀ ਸ਼ਾਇਦ ਉਂਗਲਾਂ ‘ਤੇ ਗਿਣੇ ਜਾਣ ਜੋਗੇ ਵੀ ਨਹੀਂ ਸਨ। ਇਸ ਗੱਲੋਂ ਗਿਆਨੀ ਦੀ ਸ਼ਖ਼ਸੀਅਤ ਪ੍ਰਤਾਪ ਸਿੰਘ ਕੈਰੋਂ, ਬੰਸੀ ਲਾਲ ਅਤੇ ਦਰਬਾਰਾ ਸਿੰਘ ਨਾਲੋਂ ਵੱਖਰੀ ਸੀ। ਖ਼ੈਰ, ਉਨ੍ਹਾਂ ਦੀ ਸ਼ਖ਼ਸੀਅਤ ਵਿੱਚ ਵਰਕਰ ਦਾ ਨਾਮ ਯਾਦ ਰੱਖਣਾ ਅਤੇ ਉਸ ਲਈ ਥੋੜ੍ਹਾ ਕੰਮ ਕਰਨ ਵਾਲੇ ਦਾ ਵੀ ਅਹਿਸਾਨ ਨਾ ਭੁੱਲਣਾ ਉਸ ਨੂੰ ਹਰਮਨਪਿਆਰਾ ਬਣਾਉਣ ਵਿੱਚ ਵੱਡਾ ਸਹਾਈ ਹੋਇਆ। ਗਿਆਨੀ ਜ਼ੈਲ ਸਿੰਘ 12 ਜੁਲਾਈ 1982 ਨੂੰ ਭਾਰਤ ਦੇ ਰਾਸ਼ਟਰਪਤੀ ਬਣੇ। ਮੈਂ ਉਨ੍ਹਾਂ ‘ਤੇ ਇੱਕ ਲੇਖ ਲਿਖਿਆ। 1983 ਵਿੱਚ ਮੈਂ ਡਾ. ਆਤਮ ਹਮਰਾਹੀ ਦੀ ਕਿਤਾਬ ਦੇ ਰਿਲੀਜ਼ ਸਮਾਰੋਹ ਦੇ ਸਬੰਧ ਵਿੱਚ ਉਨ੍ਹਾਂ ਨੂੰ ਰਾਸ਼ਟਰਪਤੀ ਭਵਨ ਵਿੱਚ ਮਿਲਣ ਗਿਆ। ਮੈਂ ਉਨ੍ਹਾਂ ਨੂੰ ਆਪਣਾ ਪ੍ਰੀਚੈ ਦਿੱਤਾ, ”ਹਾਂ, ਹਾਂ, ਹਰਜਿੰਦਰ ਵਾਲੀਆ, ਕਾਕਾ ਮੈਂ ਤੇਰਾ ਲੇਖ ਪੜ੍ਹਿਆ ਸੀ।”
ਮੈਨੂੰ ਬੜੀ ਹੈਰਾਨੀ ਹੋਈ ਆਪਣਾ ਨਾਮ ਸੁਣ ਕੇ। ਸ਼ਾਇਦ ਇਸ ਤਰ੍ਹਾਂ ਕਿੰਨੇ ਹੀ ਲੋਕਾਂ ਨੂੰ ਗਿਆਨੀ ਜੀ ਨੇ ਆਪਣਾ ਮੁਰੀਦ ਬਣਾਇਆ ਹੋਵੇਗਾ।
ਦਸਵੀਂ ਫੇਲ੍ਹ ਜੇਮਜ਼ ਫਾਰਲੇ ਛਿਆਲੀ ਵਰ੍ਹਿਆਂ ਵਿੱਚ ਅਮਰੀਕਾ ਦੀ ਡੈਮੋਕ੍ਰੇਟਿਕ ਨੈਸ਼ਨਲ ਕਮੇਟੀ ਦਾ ਚੇਅਰਮੈਨ ਅਤੇ ਯੂਨਾਈਟਿਡ ਸਟੇਟਸ ਦਾ ਪੋਸਟ ਮਾਸਟਰ ਜਨਰਲ ਬਣਿਆ। ਲੇਖਕ ਡੇਲ ਕਾਰਨੇਗੀ ਨੇ ਉਸ ਨੂੰ ਪੁੱਛਿਆ, ”ਤੇਰੀ ਸਫ਼ਲਤਾ ਦਾ ਕੀ ਰਾਜ਼ ਹੈ?”
ਉਸ ਨੇ ਕਿਹਾ, ”ਮੈਨੂੰ ਪੰਜਾਹ ਹਜ਼ਾਰ ਮਨੁੱਖਾਂ ਦੇ ਨਾਂ ਯਾਦ ਹਨ।”
ਉਸ ਨੇ ਅੱਗੇ ਦੱਸਿਆ ”ਜਦੋਂ ਵੀ ਮੈਂ ਕਿਸੇ ਨਵੇਂ ਵਿਅਕਤੀ ਨੂੰ ਮਿਲਦਾ, ਉਸ ਦਾ ਪੂਰਾ ਨਾਮ, ਉਸ ਦੇ ਬਾਲ-ਬੱਚਿਆਂ ਦੀ ਗਿਣਤੀ, ਉਸ ਦਾ ਵਪਾਰ ਅਤੇ ਉਸ ਦੇ ਰਾਜਨੀਤਕ ਅਤੇ ਦੂਸਰੇ ਵਿਚਾਰ ਸਭ ਗੱਲਾਂ ਪਤਾ ਕਰ ਲੈਂਦਾ। ਉਸ ਮਨੁੱਖ ਦੀ ਮਾਨਸਿਕ ਤਸਵੀਰ ਦੇ ਨਾਲ-ਨਾਲ ਉਹ ਇਨ੍ਹਾਂ ਸਭ ਗੱਲਾਂ ਨੂੰ ਯਾਦ ਰੱਖਦਾ। ਅਗਲੀ ਵਾਰ ਜਦੋਂ ਮੈਂ ਉਸ ਨੂੰ ਦੁਬਾਰਾ ਮਿਲਦਾ, ਚਾਹੇ ਇੱਕ ਸਾਲ ਦੇ ਬਾਅਦ ਹੀ ਕਿਉਂ ਨਾ ਹੋਵੇ, ਤਾਂ ਉਸ ਦੀ ਪਿੱਠ ਉੱਤੇ ਥਪਕੀ ਦਿੰਦਾ, ਉਸ ਦੇ ਪੁੱਤਰ ਅਤੇ ਖੇਤੀਬਾੜੀ ਦਾ ਹਾਲ ਪੁੱਛਦਾ। ਜੇ ਅਜਿਹੇ ਮਨੁੱਖ ਦੇ ਇੰਨੇ ਜ਼ਿਆਦਾ ਸ਼ਰਧਾਲੂ ਹੋਣ ਤਾਂ ਇਸ ਵਿੱਚ ਹੈਰਾਨੀ ਹੀ ਕੀ ਹੈ। ਅਮਰੀਕਾ ਦੇ ਲੋਕਾਂ ਨੂੰ ਪਤਾ ਹੈ ਕਿ ਇਸੇ ਯੋਗਤਾ ਦੀ ਸਹਾਇਤਾ ਨਾਲ ਮਿ. ਫਾਰਲੇ ਨੇ ਟ੍ਰੇਨਲਿਨ ਰੂਜ਼ਵੈਲਟ ਨੂੰ ਰਾਸ਼ਟਰਪਤੀ ਬਣਾਇਆ ਸੀ।
ਪੰਜਾਬ ਦੇ ਸਿਆਸੀ ਮੰਚ ‘ਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਵੀ ਇੱਕ ਵੱਡੇ ਨੇਤਾ ਦੇ ਤੌਰ ‘ਤੇ ਵਿਚਰਦੇ ਰਹੇ ਹਨ। ਟੌਹੜਾ ਸਾਹਿਬ ਦੀ ਯਾਦ ਸ਼ਕਤੀ ਵੀ ਬੜੀ ਕਮਾਲ ਸੀ ਅਤੇ ਉਨ੍ਹਾਂ ਦਾ ਜਨ ਸੰਪਰਕ ਵੀ। ਹਰ ਰੋਜ਼ ਸਵੇਰੇ ਪੰਜ ਵਜੇ ਤੋਂ ਦੇਰ ਰਾਤ ਤੱਕ ਲੋਕਾਂ ਨੂੰ ਮਿਲਣਾ ਅਤੇ ਉਨ੍ਹਾਂ ਦੇ ਦੁੱਖ-ਤਕਲੀਫਾਂ ਨੂੰ ਸੁਣਨਾ। ਇਹੀ ਕਾਰਨ ਹੈ ਕਿ ਉਹ ਅੱਧੀ ਸਦੀ ਤੱਕ ਅਕਾਲੀ ਰਾਜਨੀਤੀ ਰਾਹੀਂ ਪੰਜਾਬ ਦੇ ਰਾਜਸੀ ਮੰਚ ‘ਤੇ ਛਾਏ ਰਹੇ। ਉਨ੍ਹਾਂ ਵਿੱਚ ਇਹ ਸੁਭਾਵਿਕ ਗੁਣ ਸੀ ਕਿ ਮਿਲਣ-ਗਿਲਣ ਵਾਲਿਆਂ ਨੂੰ ਉਨ੍ਹਾਂ ਦੇ ਨਾਮ ਨਾਲ ਬੁਲਾਉਣਾ। ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜੋਗਿੰਦਰ ਸਿੰਘ ਪੁਆਰ ਖ਼ਿਲਾਫ਼ ਸੰਘਰਸ਼ ਵਿੱਢਿਆ ਹੋਇਆ ਸੀ। ਸ੍ਰੀ ਟੌਹੜਾ ਤੇ ਸ੍ਰੀ ਬਾਦਲ ਸਰਦਾਰਾ ਸਿੰਘ ਕੋਹਲੀ ਦੇ ਘਰ ਖਾਣਾ ਖਾ ਰਹੇ ਸਨ। ਸੁਰਜੀਤ ਸਿੰਘ ਕੋਹਲੀ ਨੇ ਸਾਰੇ ਮਿਲਣ ਆਏ ਪ੍ਰੋਫ਼ੈਸਰਾਂ ਦੀ ਜਾਣ-ਪਛਾਣ ਕਰਵਾਈ। ਮੇਰੀ ਸ੍ਰੀ ਟੌਹੜਾ ਨਾਲ ਇਹ ਪਹਿਲੀ ਮੁਲਾਕਾਤ ਸੀ। ਮੈਨੂੰ ਹੈਰਾਨੀ ਹੋਈ ਜਦੋਂ ਮੈਂ ਕੁਝ ਦਿਨਾਂ ਬਾਅਦ ਉਨ੍ਹਾਂ ਨੂੰ ਦੂਜੀ ਵਾਰ ਮਿਲਿਆ ਤਾਂ ਉਨ੍ਹਾਂ ਕਿਹਾ ਕਿ ”ਹਰਜਿੰਦਰ ਕਿਵੇਂ ਚੱਲਦੀ ਐ ਲੜਾਈ ਪਵਾਰ ਨਾਲ” ਮੈਨੂੰ ਉਦੋਂ ਪਤਾ ਲੱਗਾ ਕਿ 27 ਵਾਰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਲਈ ਕਿਹੜੇ ਗੁਣ ਕੰਮ ਕਰਦੇ ਹਨ।
ਪੱਤਰਕਾਰ ਦਰਸ਼ਨ ਸਿੰਘ ਦਰਸ਼ਕ ਉਦੋਂ ਸੰਪਾਦਕ ਨਹੀਂ ਸੀ। ਨਵਾਂ-ਨਵਾਂ ਪੱਤਰਕਾਰੀ ਵਿੱਚ ਆਇਆ ਸੀ। ਬਸੰਤ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਸੀ, ਉਨ੍ਹਾਂ ਦਿਨਾਂ ਵਿੱਚ। ਦਰਸ਼ਨ ਦੱਸਣ ਲੱਗਿਆ ਕਿ ਇੱਕ ਦਿਨ ਉਹ ਸੜਕ ‘ਤੇ ਖੜ੍ਹਾ ਸੀ ਕਿ ਲਾਟੂ ਵਾਲੀ ਕਾਰ ਆ ਕੇ ਰੁਕੀ ਅਤੇ ਖਾਲਸਾ ਜੀ ਨੇ ਦਰਸ਼ਕ ਨੂੰ ਪਿਆਰ ਨਾਲ ਬੁਲਾਇਆ ਅਤੇ ਲਿਫ਼ਟ ਦਿੱਤੀ। ਲਿਫ਼ਟ ਕਾਹਦੀ ਦਿੱਤੀ ਇੱਕ ਪੱਤਰਕਾਰ ਇੱਕ ਸੰਪਾਦਕ ਨੂੰ ਆਪਣਾ ਮੁਰੀਦ ਬਣਾ ਲਿਆ। ਮੰਡੀ ਅਹਿਮਦਗੜ੍ਹ ਇੱਕ ਟਕਸਾਲੀ ਕਾਂਗਰਸੀ ਭਗਵੰਤ ਸਿੰਘ ਨੂੰ ਮੈਂ ਪੁੱਛ ਬੈਠਾ ਕਿ ਤੁਸੀਂ ਸਾਰੀ ਉਮਰ ਦਰਬਾਰਾ ਸਿੰਘ ਦੇ ਮੁਰੀਦ ਕਿਉਂ ਬਣੇ ਰਹੇ? ਕਹਿਣ ਲੱਗੇ, ”ਇੱਕ ਦਿਨ ਸਰਦਾਰ ਸਾਹਿਬ ਡੇਹਲੋਂ ਆਏ ਸੀ। ਰੋਟੀ ਵਕਤ ਮੈਨੂੰ ਕਹਿਣ ਲੱਗੇ ਆ ਜਾ ਭਗਵੰਤ ਸਿੰਘ ਮੇਰੇ ਕੋਲ ਆ ਕੇ ਬੈਠ।” ਇਹ ਹੈ ਸਾਡੇ ਲੋਕਾਂ ਦੀ ਮਾਸੂਮੀਅਤ। ਇੱਕ ਨਾਮ ਲੈਣ ਬਦਲੇ ਸਾਰੀ ਜ਼ਿੰਦਗੀ ਦਾਅ ‘ਤੇ ਲਾ ਦਿੰਦੇ ਨੇ। ਇਹ ਗੁਣ ਬੇਅੰਤ ਸਿੰਘ ਵਿੱਚ ਵੀ ਸੀ। ਉਹ ਵੀ ਆਪਣੇ ਪੁਰਾਣੇ ਬੰਦਿਆਂ ਨੂੰ ਨਹੀਂ ਸੀ ਭੁੱਲਦਾ। ਬਾਦਲ ਸਾਹਿਬ ਵੀ ਮਾਹਿਰ ਹਨ, ਇਸ ਗੁਣ ਵਿੱਚ। ਜਿਹੜੇ ਜਿਹੜੇ ਨੇਤਾ ਆਪਣੇ ਹਲਕੇ ਦੇ ਲੋਕਾਂ ਨੂੰ ਨਾਮ ਲੈ ਕੇ ਮਿਲਦੇ ਹਨ, ਉਨ੍ਹਾਂ ਨੂੰ ਹਰਾਉਣ ਲਈ ਵਿਰੋਧੀਆਂ ਨੂੰ ਕਈ ਤਰ੍ਹਾਂ ਦੇ ਹੀਲੇ ਵਰਤਣੇ ਪੈਂਦੇ ਹਨ।
ਆਪਣੇ ਸਮਰਥਕਾਂ ਦੇ ਨਾਮ ਤਾਂ ਕੈਪਟਨ ਅਮਰਿੰਦਰ ਸਿੰਘ ਵੀ ਯਾਦ ਰੱਖਦਾ ਹੈ ਪਰ ਉਨ੍ਹਾਂ ਨੂੰ ਮਿਲਣ ਲਈ ਵਕਤ ਘੱਟ ਦਿੰਦੈ। ਰਾਜਨੀਤੀ ਵਿੱਚ ਇਹ ਛੋਟੀ ਗੱਲ ਬਹੁਤ ਵੱਡੀ ਹੈ। ਕੰਮ ਹੋਵੇ ਭਾਵੇਂ ਨਾ, ਬੰਦਾ ਮਿਲੇ ਤਾਂ ਬੰਦਿਆਂ ਵਾਂਗ। ਤਾਕਤ ਦੇ ਨਸ਼ੇ ਵਿੱਚ ਚੂਰ ਬੰਦਿਆਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜਿਹੜੀ ਉੱਚੀ ਕੁਰਸੀ ‘ਤੇ ਉਹ ਬੈਠੇ ਹਨ, ਜਦੋਂ ਉਹ ਖੁੱਸ ਜਾਵੇਗੀ ਤਾਂ ਹੱਥ ਅੱਡ ਕੇ ਫਿਰ ਲੋਕਾਂ ਦੀ ਕਚਹਿਰੀ ਵਿੱਚ ਆਉਣਗੇ। ਪਰ ਕਰੀਏ ਕੀ?


Comments Off on ਸਿੱਧਾ ਦਿਲ ਨੂੰ ਜਾਣ ਵਾਲਾ ਰਸਤਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.