ਪੰਜਾਬ ਵੱਲੋਂ ਲੌਕਡਾਊਨ 5.0 ਸਬੰਧੀ ਦਿਸ਼ਾ ਨਿਰਦੇਸ਼ ਜਾਰੀ !    ਪਾਕਿ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਦੇਸ਼ ਛੱਡਣ ਦੇ ਹੁਕਮ !    ਬੀਜ ਘੁਟਾਲਾ: ਨਿੱਜੀ ਫਰਮ ਦਾ ਮਾਲਕ ਗ੍ਰਿਫ਼ਤਾਰ, ਸਟੋਰ ਸੀਲ !    ਦਿੱਲੀ ਪੁਲੀਸ ਦੇ ਦੋ ਏਐੱਸਆਈ ਦੀ ਕਰੋਨਾ ਕਾਰਨ ਮੌਤ !    ਸ਼ਰਾਬ ਕਾਰੋਬਾਰੀ ਦੇ ਘਰ ’ਤੇ ਫਾਇਰਿੰਗ !    ਪੰਜਾਬ ’ਚ ਕਰੋਨਾ ਦੇ 31 ਨਵੇਂ ਕੇਸ ਆਏ ਸਾਹਮਣੇ !    ਯੂਪੀ ’ਚ ਮਗਨਰੇਗਾ ਤਹਿਤ ਨਵਿਆਈਆਂ ਜਾਣਗੀਆਂ 19 ਨਦੀਆਂ !    ਕੈਬਨਿਟ ਮੰਤਰੀਆਂ ਨੇ ਸੰਘਵਾਦ ਦੇ ਮੁੱਦੇ ’ਤੇ ਬਾਦਲਾਂ ਨੂੰ ਘੇਰਿਆ !    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੀਵਨੀ ਰਿਲੀਜ਼ !    ਸਾਕਾ ਨੀਲਾ ਤਾਰਾ ਦੀ ਵਰ੍ਹੇਗੰਢ ਤੋਂ ਪਹਿਲਾਂ ਦਰਬਾਰ ਸਾਹਿਬ ਦੀ ਕਿਲੇਬੰਦੀ !    

ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ

Posted On October - 9 - 2010

ਅੱਜ ਪ੍ਰਕਾਸ਼ ਦਿਹਾੜੇ ’ਤੇ ਵਿਸ਼ੇਸ਼

ਮਨਜੀਤ ਸਿੰਘ ਕਲਕੱਤਾ

ਗੁਰ ਸਿੱਖੀ  ਦੀ ਹੀ ਇਹ ਕਰਾਮਾਤ ਹੈ ਕਿ ਘੁੰਗਣੀਆਂ ਵੇਚ ਕੇ ਗੁਜ਼ਰ ਕਰਨ ਵਾਲਾ, ਇਕ ਅਨਾਥ (ਭਾਈ) ਜੇਠਾ ਨਾਮ ਦਾ  ਬਾਲਕ ਜਦ ਗੁਰੂ ਅਮਰਦਾਸ ਜੀ ਪਾਸ ਪੁੱਜਦਾ ਹੈ ਤਾਂ ਪ੍ਰੇਮਾ ਭਗਤੀ ਤੇ ਸੰਗਤੀ ਸੇਵਾ ਨਾਲ ਸਤਿਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰ  ਸਿਖ ਪੰਥ ਦੇ ਚੌਥੇ ਸਤਿਗੁਰੂ ਹੋਣ ਦਾ ਮਾਣ ਪ੍ਰਾਪਤ ਕਰਦਾ ਹੈ। ‘‘ਗੁਰੂ ਸਿੱਖ ਸਿੱਖ ਗੁਰੂੁ ਹੈ ਏਕੋ ਗੁਰ ਉਪਦੇਸ਼ ਚਲਾਏ’’ (ਗੁਰੂ ਚੇਲਾ ਚੇਲਾ ਗੁਰੂ) ਦਾ ਅਗੰਮੀ, ਵਿਲੱਖਣ ਤੇ ਨਿਵੇਕਲਾ ਸਿਧਾਂਤ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਪਾਤਸ਼ਾਹ ਦੀ ਵਿਸ਼ਵ  ਨੂੰ  ਮਹਾਨ ਦੇਣ ਹੈ, ਜਿਸ ਦੀ ਮਿਸਾਲ ਧਰਮਾਂ ਅਤੇ ਮਜ਼ਹਬਾਂ ਦੇ ਇਤਿਹਾਸ ਵਿਚ ਹੋਰ ਕਿਤੇ ਨਹੀਂ ਮਿਲਦੀ। ਇਸੇ ਸਿਧਾਂਤ ਦੀ ਪਹਿਲੀ ਮਿਸਾਲ, ਦੇਵੀ ਪੂਜ ਭਾਈ ਲਹਿਣਾ  ਜਦ ਗੁਰੁ ਨਾਨਕ ਦੀ ਚਰਨ ਸ਼ਰਨ ਆਉਂਦੇ ਹਨ ਤਾਂ ਉਨ੍ਹਾਂ ਦੀ ਪ੍ਰੇਮਾ ਭਗਤੀ ਅਤੇ ਘਾਲ ਕਮਾਈ ਤੋਂ ਨਿਹਾਲ ਹੋ ਕੇ ਗੁਰੁ ਨਾਨਕ ਆਪਣਾ ਅੰਗ ਬਣਾ ਨਾਨਕ  ਜੋਤਿ ਕਾਇਆ ਪਲਟ ਗੁਰੂੁ ਅੰਗਦ ਦੇ ਰੂਪ ਵਿਚ ਪ੍ਰਗਟ ਹੰਦੀ ਹੈ, ਜਿਸ ਨੂੰ  ਦੁਨੀਆਂ ਨੇ ਅਮਰੂ ਨਿਥਾਵਾ ਕਿਹਾ, ਉਸ ਨੂੰ ਗੁਰੂ ਅੰਗਦ ਦੇਵ ਜੀ ਨੇ ਬਖਸ਼ਿਸ਼ਾਂ, ਨਿਥਾਵਿਆਂ ਦਾ ਥਾਵ, ਨਿਓਟਿਆਂ ਦੀ ਓਟ, ਨਿਆਸਰਿਆਂ ਦਾ ਆਸਰਾ, ਨਿਮਾਣਿਆ ਦਾ ਮਾਣ… ਦੀ ਰਹਿਮਤ ਕੀਤੀ। ਇਕ ਵਾਰ ਫੇਰ ਕਾਇਆ ਪਲਟੀ ਤੇ ਜਿਸ ਉਮਰ ਵਿਚ ਬੰਦੇ ਨੂੰ ਸਧਾਰਨ ਕਾਰਜਾਂ ਦੇ ਵੀ ਯੋਗ ਨਹੀਂ ਸਮਝਿਆ ਜਾਂਦਾ, ਗੁਰਿਆਈ ਦੀ ਬਖਸ਼ਿਸ਼  ਹੋਈ ਤੇ ਉਹ ਸਿੱਖ ਧਰਮ  ਦੇ ਤੀਸਰੇ ਸਤਿਗੁਰੂ ਪ੍ਰਵਾਨ ਚੜ੍ਹੇ। ਇਸੇ ਤਰ੍ਹਾਂ ਹੀ ਰੁਲਦੇ ਫਿਰਦੇ ਲਾਚਾਰਗੀ ਤੇ ਬੇਚਾਰਗੀ ’ਚ ਆਪਣਾ ਜੀਵਨ ਬਤੀਤ ਕਰਨ ਵਾਲੇ ਭਾਈ ਜੇਠਾ ਜਦੋਂ ਸਤਿਗਰੂ ਦੀ ਪਦਵੀ ਪ੍ਰਾਪਤ ਕਰਦੇ ਹਨ ਤਾਂ ਗੁਰਤਾ ਪ੍ਰਾਪਤ ਕਰਨ ਤੋਂ ਪਹਿਲੀ ਅਵਸਥਾ ਦਾ ਵਰਨਣ ਇਉਂ ਕਰਦੇ ਹਨ, ‘‘ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ਸਾ ਬਿਧਿ ਤੁਮ ਹਰਿ ਜਾਣਹੁ ਆਪੇ¨ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ’’ ਤੋਂ ‘‘ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ’’ ਤੀਕ ਦਾ ਸਫਰ ਗੁਰੁੂ ਸਿੱਖ ਸਿੱਖ ਗੁਰੂ ਹੈ ਦੇ ਅਲੌਕਿਕ ਸਿਧਾਂਤ ’ਤੇ ਮੋਹਰ ਲਗਾ ਦਿੰਦਾ ਹੈ।
ਹਿੰਦੂ ਧਰਮ ਦੇ ਅਵਤਾਰ ਸ੍ਰੀ ਰਾਮ ਦਾ ਹਨੂਮਾਨ ਜੀ ਨਾਲ ਬਹੁਤ ਪਿਆਰ ਸੀ ਜੋ ਕਿ ਸੰਜੀਵਨੀ ਬੂਟੀ ਲਈ ਪਰਬਤ ਹੀ ਉਠਾ ਲਿਆਏ, ਲੇਕਿਨ ਹਨੂਮਾਨ ਹਨੂਮਾਨ ਹੀ ਰਹੇ ਸ੍ਰੀ ਰਾਮ ਨਹੀਂ ਬਣ ਸਕੇ। ਭਗਵਾਨ ਕ੍ਰਿਸ਼ਨ ਦਾ ਅਰਜਨ ਨਾਲ ਅਥਾਹ ਪਿਆਰ ਹੀ ਸੀ ਕਿ  ਸ੍ਰੀ ਕ੍ਰਿਸ਼ਨ  ਖੁਦ ਅਰਜਨ ਦੇ ਸਾਰਥੀ ਬਣੇ, ਲੇਕਿਨ ਅਰਜਨ ਅਰਜਨ ਅਤੇ ਸ੍ਰੀ ਕ੍ਰਿਸ਼ਨ ਸ੍ਰੀ ਕ੍ਰਿਸ਼ਨ ਰਹੇ। ਕੋਈ ਈਸਾਈ ਈਸਾ ਜੀ ਦਾ ਅਤੇ ਕੋਈ ਮੁਸਲਮਾਨ ਹਜ਼ਰਤ ਮੁਹੰਮਦ ਸਾਹਿਬ ਦਾ ਰੂਪ ਨਹੀਂ ਕਹਾਇਆ। ਗੁਰਸਿਖੀ ਵਿਚ ਹੀ ਇਹ ਸਿਧਾਂਤ ਸਾਕਾਰ ਹੋਇਆ ਹੈ ਕਿ ਜੋਤਿ ਜੁਗਤਿ ਤਾਂ ਗੁਰੂ ਨਾਨਕ ਦੀ ਹੀ ਰਹੀ ਲੇਕਿਨ ਦਸ ਪਾਤਸ਼ਾਹੀਆਂ ਤੀਕ ਕਾਇਆ ਪਲਟਦੀ ਰਹੀ ‘‘ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ’’ ਧਰਮ ਪੰਥ ਦੀ ਸਿਧਾਂਤਕ ਅਤੇ ਜਥੇਬੰਦਕ ਪਰਪੱਕਤਾ ਅਤੇ ਪੰਥ ਪਰਚੁਰਿ ਕਰਨ ਹਿੱਤ ਇਹ ਅਗੰਮੀ ਸਚ ਇਉਂ ਪਰਿਪੂਰਨ ਹੁੰਦਾ ਰਿਹਾ। ‘‘ਸ੍ਰੀ ਨਾਨਕ ਅੰਗਦ ਕਰਿ ਮਾਨਾ, ਅਮਰਦਾਸ ਅੰਗਦ ਪਹਿਚਾਨਾ, ਅਮਰਦਾਸ ਰਾਮਦਾਸ ਕਹਾਇਉ, ਸਾਧਨ ਲਖਾ ਮੂੜ ਨਹੀ ਪਾਇਉ ਭਿੰਨ ਭਿੰਨ ਸਭਹੂੰ ਕਰ ਜਾਨਾ, ਏਕ ਰੂਪ ਕਿਨਹੁੰ ਪਹਿਚਾਨਾ, ਜਿਨ ਜਾਨਾ ਤਿਨ ਹੀ ਸਿਧ ਪਾਈ, ਬਿਨ ਸਮਝੇ ਸਿਧ ਹਾਥ ਨਾ ਆਈ।’’ ਪਰ ਕਾਇਆ ਪਲਟਣ ਤੋਂ ਪਹਿਲਾਂ ਪ੍ਰੇਮਾ ਭਗਤੀ ਦੇ ਬਿਖਮ ਮਾਰਗ ਅਤੇ ਅਗਨ  ਪ੍ਰੀਖਿਆ ’ਚੋਂ ਲੰਘਣਾ ਪਿਆ ਜਿਸ ਦੀ ਪਹਿਲੀ ਸ਼ਰਤ ਹੀ ‘‘ਮਨਿ ਕੀ ਮਤਿ ਤਿਆਗ’’…ਦੂਸਰੀ… ‘‘ਗੁਰ ਸੇਵਾ ਤੇ ਭਗਤਿ ਕਮਾਈ’’ ਤੀਸਰੀ ‘‘ਜੀਵਤ ਮਰੇ ਮਰੇ ਫੁਨਿ ਜੀਵੇ’’ ਆਖਿਰ ਵਿਚ ‘‘ਹੁਕਮਿ ਮੰਨਿਐ ਹੋਵੇ ਪਰਵਾਣਿ’’ ਦਾ ਮਾਰਗ ਤੈਅ  ਕਰ, ਸਿੱਖ ਦੀ ਕਾਇਆ ਕੰਚਨ ਹੋ, ਸਤਿਗੁਰੂ ਦੀ ਪਦਵੀ ਦਾ ਸਨਮਾਨ ਪ੍ਰਾਪਤ ਕਰਦੀ ਰਹੀ। ਇਸ ਦੀ ਜਵੰਤ ਉਦਾਹਰਣ ਭਾਈ ਜੇਠਾ ਜੀ ਹਨ।
ਗੁਰੂੁ ਅਮਰਦਾਸ ਜੀ ਦੀਆਂ ਦੋ ਬੇਟੀਆਂ ਬੀਬੀ ਦਾਨੀ ਅਤੇ ਬੀਬੀ ਭਾਨੀ ਕ੍ਰਮਵਾਰ ਭਾਈ ਰਾਮਾ ਜੀ ਤੇ ਭਾਈ ਜੇਠਾ ਜੀ ਨਾਲ ਵਿਆਹੀਆਂ ਹੋਈਆਂ ਸਨ। ਲੋਕ ਲਾਜ ਦਾ ਤਿਆਗ ਕਰ, ਰਿਸ਼ਤੇ ਦਾ ਮਾਣ ਤਜ, ਇਕ ਨਿਰਮਾਣ ਸਿੱਖ ਦੇ ਤੌਰ ’ਤੇ ਜੋ ਭਗਤ ਸੇਵ ਭਾਈ ਜੇਠਾ ਕਰ ਰਹੇ ਸਨ,ਗੁਰੂ ਅਮਰਦਾਸ ਜੀ ਨੇ ਉਸ ਵਿਚ ਇਕ ਸੱਚਾ ਤੇ ਸਫਲ ਸੇਵਕ ਵੇਖ ਲਿਆ ਸੀ ਲੇਕਿਨ ਆਖਿਰੀ ਪਰਖ ਅਜੇ ਬਾਕੀ ਸੀ। ਸਿੱਖ ਇਤਿਹਾਸ ਵਿਚ ਇਕ ਬੜੀ ਰਸਦਾਇਕ ਸਾਖੀ ਹੈ ਕਿ ਪਾਤਸ਼ਾਹ ਨੇ ਭਾਈ ਰਾਮਾ ਜੀ ਤੇ ਭਾਈ ਜੇਠਾ ਜੀ, ਦੋਹਾਂ ਨੂੰ ਥੜ੍ਹੇ ਉਸਾਰਨ ਦਾ ਹੁਕਮ ਕੀਤਾ। ਥੜ੍ਹੇ ਤਿਆਰ ਹੋਏ,ਪਹਿਲੀ ਵਾਰੀ ਸਤਿਗੁਰਾਂ ਵੇਖ ਕੇ ਕਿਹਾ, ‘‘ਠੀਕ ਨਹੀ’’। ਦੋਹਾਂ ਨੇ ਥੜ੍ਹੇ ਢਾਹ ਦਿੱਤੇ। ਦੁੂਸਰੀ ਵਾਰ ਫਿਰ ਗੁਰੂ ਅਮਰਦਾਸ ਜੀ ਵਲੋਂ, ‘‘ਠੀਕ ਨਹੀ’’, ਕਹਿਣ ’ਤੇ ਭਾਈ ਰਾਮਾ ਨੇ ਤਾਂ ਉਜਰ ਕੀਤਾ ਲੇਕਿਨ ਭਾਈ ਜੇਠਾ ਨੇ ਸਤਿ ਬਚਨ ਕਹਿ ਹੁਕਮ ਮੰਨਿਆ, ਅਤੇ ਥੜ੍ਹੇ ਮੁੜ ਬਣਾਏ ਗਏ। ਤੀਸਰੀ ਵਾਰ ਫਿਰ ਥੜ੍ਹੇ ਬਨਾਣ ਦਾ ਹੁਕਮ ਹੋਇਆ। ਜਦੋਂ ਇਹ ਵੀ ਪਰਵਾਨ ਨਾ ਹੋਏ ਤਾਂ ਭਾਈ ਰਾਮਾ ਦਾ ਜਵਾਬ ਸੀ, ਇਸ ਤੋਂ ਚੰਗੇ ਹੋਰ ਕਿਹੜੇ ਬਣ ਜਾਣਗੇ ‘‘ਗੁਰੂ ਸਾਹਿਬ ਨੇ ਭਾਈ ਜੇਠਾ ਨੂੰ ਜਦੋਂ ਥੜ੍ਹਾ ਢਾਹੁਣ ਦਾ ਹੁਕਮ ਕੀਤਾ ਤਾਂ ਪ੍ਰੇਮ ਵਿਚ ਖੀਵੇ ਅਤੇ ਸਿਦਕੀ ਭਾਈ ਜੇਠਾ ਜੀ ਨੇ ਅਤਿ ਨਿਮਰਤਾ ਨਾਲ ਭੁਲ ਇਨ੍ਹਾਂ ਸ਼ਬਦਾਂ ਰਾਹੀਂ ਸਵੀਕਾਰ ਕੀਤੀ ਅਤੇ ਥੜ੍ਹਾ ਢਾਹ ਦਿੱਤਾ, ‘‘ਮੈਂ ਮਤਿ ਮੰਦ ਅਭਾਗ ਬਿਚਾਰਾ। ਜਾਨਿ ਸਕਿਯੋ ਨਹਿ ਕਹਯੋ ਤੁਮਾਰਾ’’ ਤੇ ਫਿਰ ਕਿਹਾ, ‘‘ਹਉ ਅਜਾਨ ਨਿੱਤ ਭੁਲਨ ਹਾਰੋ। ਤੁਮ ਕ੍ਰਿਪਾਲ ਨਿਜ ਬਿਰਦ ਸਭਾਰੋ। ਬਾਰ ਬਾਰ ਬਖਸ਼ਤਿ ਹੋ ਮੋਹੀ ਅਪਰਾਧੀ ਅਰ ਮੂਰਖ ਦੋਹੀ।’’ ‘‘ਇਮ ਕਹਿ ਗਰਿ ਅੰਚਰ ਮਹਿ ਡਾਰਾ ਛਿਮਹੁ ਪ੍ਰਭੂ ਅਪਰਾਧ ਹਮਾਰਾ।’’ ਉੱਤਰ ਸੁਣ ਗੁਰੂ ਅਮਰਦਾਸ ਜੀ ਨੇ ਫੁਰਮਾਇਆ  ‘‘ਇਸ ਕੀ ਸੇਵਾ ਮੋ ਮਨ ਭਾਵਹਿ। ਆਪਾ ਕਰਹੁ ਨ ਕਰਹਿ ਜਨਾਵਹਿ।’’
ਅਸਲ ਵਿਚ ਇਹ ਥੜ੍ਹੇ ਨਹੀਂ ਸਨ ਬਣਾਏ ਜਾ ਰਹੇ, ਤਖਤ ’ਤੇ ਬਿਠਾਉਣ ਦੀ ਪ੍ਰੀਖਿਆ ਹੋ ਰਹੀ ਸੀ,ਸੇਵਾ ਪ੍ਰੀਭਾਸ਼ਿਤ ਕੀਤੀ ਜਾ ਰਹੀ ਸੀ। ਸੇਵਾ ਸਤਿਗੁਰੂ ਦੇ ਦਰ ਉਹੀ  ਪ੍ਰਵਾਨ ਹੈ,ਜਿਸ ਵਿਚ ‘‘ਹਊਮੈ’’, ਮੈਂ ਦੀ ਭਾਵਨਾ ਨਾ ਹੋਵੇ ਅਤੇ ਆਪਾ ਨਾ ਜਨਾਵਿਹ। ਜੇ ਅੱਜ ਗੁਰਦੁਆਰਿਆਂ ਦੇ ਪ੍ਰਬੰਧਕਾਂ, ਰਾਗੀਆਂ, ਪ੍ਰਚਾਰਕਾਂ ਅਤੇ ਕੌਮ ਦੇ ਆਗੂਆਂ ਨੂੰ ਗੁਰੂ ਘਰ ਦੀ ਹਊਮੈ ਰਹਿਤ ਸੇਵਾ ਦਾ ਸੰਕਲਪ ਸਮਝ ਆ ਜਾਵੇ ਤਾਂ ਕੌਮ ਦੀਆਂ ਬਹੁਤ ਸਾਰੀਆਂ ਉਲਝਣਾਂ ਆਪੇ ਹੀ ਸੁਲਝ ਜਾਣ। ਭਾਈ ਜੇਠਾ ਦੀ ਨਿਰਮਾਣਤਾ ਸਹਿਤ ਕੀਤੀ ਸੇਵਾ ਕਾਰਨ ਹੀ ਜੋਤਿ ਤੇ ਜੁਗਤਿ ਦਾ ਮਿਲਾਪ ਪ੍ਰਵਾਨ ਚੜ੍ਹਿਆ। ‘‘ਸਭ ਬਿਧਿ ਮਾਨਿਉ ਮਨੁ ਤਬ ਹੀ ਭਯਉ ਪ੍ਰਸੰਨ’’ ਅਨੁਸਾਰ ਭਾਈ ਜੇਠਾ, ‘‘ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ’’ ਗੁਰ ਜੋਤ ਕਾਇਆ ਪਲਟਦੀ ਰਹੀ ਅਤੇ ਨਾਲ ਹੀ ਧਰਮ ਕੇਂਦਰ ਵੀ ਬਦਲਦਾ ਰਿਹਾ ਤਾਂ ਅਜੋਕੇ ਸਮੇਂ ਦੇ ਨਕਲੀ ਗੁਰੂਆਂ ਤੇ ਡੇਰੇਦਾਰਾਂ ਵਾਂਗ ਡੇਰਿਆਂ ’ਤੇ ਕਬਜ਼ੇ ਦਾ ਝਗੜਾ ਨਾ ਪਵੇ। ਗੁਰੁ ਨਾਨਕ ਦੇਵ ਜੀ ਗੁਰੂ ਅੰਗਦ ਥਾਪ ਖਡੂਰ ਸਾਹਿਬ, ਗੁਰੂ ਅਮਰਦਾਸ ਜੀ ਗੋਇੰਦਵਾਲ ਅਤੇ ਗੁਰੂ ਰਾਮਦਾਸ ਜੀ ਅੰਮ੍ਰਿਤਸਰ ਨੂੰ  ਕਾਰਜ ਖੇਤਰ ਦਾ ਕੇਂਦਰ ਬਣਾਉਂਦੇ ਹਨ। ਗੁਰੂ ਰਾਮਦਾਸ ਭਰ ਜੁਆਨੀ ਤੇ ਜੋਬਨ ਵਿਚ ਪ੍ਰੇਮਾ ਭਗਤੀ ਅਤੇ ਬਿਰਹਾ ਦਾ ਸਾਕਾਰ ਰੂਪ ਹਨ, ‘‘ਹਰਿ ਅੰਮ੍ਰਿਤ ਭਿੰਨੇ ਲੋਇਣਾ ਮਨੁ ਪ੍ਰੇਮਿ ਰਤੰਨਾ ਰਾਮ ਰਾਜੇ ਮਨੁ ਰਾਮਿ ਕਸਵਟੀ ਲਾਇਆ ਕੰਚਨੁ ਸੋਵਿੰਨਾ’’, ‘‘ਹਰਿ ਪ੍ਰੇਮ ਬਾਣੀ ਮਨੁ ਮਾਰਿਆ ਅਣੀਆਲੇ ਅਣੀਆ ਰਾਮ ਰਾਜੇ’’ ਗੁਰੁ ਰਾਮ ਦਾਸ ਜੀ ਦਾ ਜੀਵਨ ਕਿਤਨਾ ਰਾਗਾਤਮਕ ਸੀ,  ਇਹ ਸਪਸ਼ਟ ਹੁੰਦਾ ਹੈ ਕਿ ਗੁਰੂੁ ਨਾਨਕ ਦੇਵ ਜੀ ਨੇ 19 ਰਾਗਾਂ ਵਿਚ ਬਾਣੀ ਉਚਾਰੀ, ਗੁਰੁੂ  ਅੰਗਦ ਤੇ ਗੁਰੁੂ ਅਮਰਦਾਸ ਜੀ ਨੇ ਕਿਸੇ ਨਵੇਂ ਰਾਗ ਦਾ ਪ੍ਰਯੋਗ ਨਹੀਂ ਕੀਤਾ, ਲੇਕਿਨ ਗੁਰੂੁ ਰਾਮਦਾਸ ਜੀ ਨੇ 11 ਹੋਰ ਰਾਗਾਂ ਦਾ ਵੀ ਪ੍ਰਯੋਗ ਕੀਤਾ। ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ 31 ਰਾਗਾਂ ਵਿੱਚ ਹੈ, ਜਿਸ ਵਿਚ 30 ਰਾਗਾਂ ਦਾ ਪ੍ਰਯੋਗ ਗੁਰੁੂੁ ਰਾਮਦਾਸ ਜੀ ਦੀ ਹਯਾਤੀ ਵਿਚ ਹੋਇਆ, ਇਕ ਰਾਗ ਜੈ ਜੈ ਵੰਤੀ ਗੁਰੁੂ ਤੇਗ ਬਹਾਦਰ ਜੀ ਨੇ ਹੋਰ ਉਚਾਰਿਆ ਹੈ। ਸ੍ਰੀ ਗੁਰੂੁ ਗ੍ਰੰਥ ਵਿਚ ਗੁਰੂੁ ਰਾਮਦਾਸ ਜੀ ਦੇ 679 ਸ਼ਬਦ ਦਰਜ ਹਨ। ਪ੍ਰਭੂ ਪਿਆਰ ਦੀ ਤੜਪ ਨਾਲ ਸਰਸ਼ਾਰ ਇਹ ਸ਼ਬਦ, ਰਾਗ ਦੇਵ ਗੰਧਾਰੀ, ਬਿਹਾਗੜਾ, ਜੈਤਸਰੀ, ਟੋਡੀ, ਬੈਰਾੜੀ, ਗੌਂਡ, ਨਟ ਨਰਾਇਣ, ਮਾਲੀ ਗਾਉੜਾ, ਕੇਦਾਰਾ, ਕਾਨੜਾ, ਕਲਿਆਣ ਰਾਗਾਂ ਵਿਚ ਹਨ।
ਮਨੁੱਖੀ ਸਮਾਜ ਨੂੰ ਗੁਰੂੁ ਦੀ ਲੋੜ ਹਰ ਸਮੇਂ ਹੈ। ਸਰੀਰ ਰੂਪ ਵਿਚ ਗੁਰੂ ਸਮੇਂ ਅਤੇ ਅਸਥਾਨ ਦੀ ਸੀਮਾ ਵਿਚ ਹੈ ਪਰ ਗੁਰ ਸ਼ਬਦ ਸਮੇਂ ਅਤੇ ਅਸਥਾਨ ਦੀ ਪਕੜ ਤੋਂ ਉਚੇਰਾ ਹੈ।
ਗੁਰੂ ਰਾਮਦਾਸ ਜੀ ਨੇ ਇਹ ਕੇਹੀ ਬਖਸ਼ਿਸ਼ ਕੀਤੀ ਕਿ ਸਿੱਖਾਂ ਦਾ ਕੌਮੀ  ਸੰਗਠਨ ਬਨਾਣ ਲਈ ਸ੍ਰੀ ਅੰਮ੍ਰਿਤਸਰ ਦੀ ਸਾਜਨਾ ਕਰਕੇ ਇਸ ਨੂੰ ਸਿੱਖਾਂ ਦਾ ‘‘ਅਹਿਲੇ ਮੁਕਾਮ’’ ਬਣਾ ਦਿੱਤਾ। ਜਿਵੇਂ ਗੰਗ ਬਨਾਰਸ ਹਿੰਦੂਆਂ, ਮੱਕਾ ਕਾਬਾ ਮੁਸਲਮਾਨਾਂ ਲਈ, ਯੇਰੂਸ਼ਲਮ ਈਸਾਈਆਂ ਲਈ ਹੈ, ਸ੍ਰੀ ਅੰਮ੍ਰਿਤਸਰ ਸਾਹਿਬ ਸਿੱਖਾਂ ਲਈ ਹੈ, ਜਿਸ ਦੇ ਦਰਸ਼ਨ ਇਸ਼ਨਾਨ ਲਈ ਦੂਰ-ਦੁਰਾਡੇ ਬੈਠਾ ਸਿੱਖ ਹਰ ਰੋਜ਼ ਅਰਦਾਸ ਬੇਨਤੀ ਕਰਦਾ ਹੈ। ਕਿਸੇ ਵੀ ਕੌਮ ਲਈ ਮਰਕਜ਼ ਤੋਂ ਜੁਦਾਈ ਕੌਮੀ ਤੌਰ ’ਤੇ ਮੌਤ ਦੇ ਤੁਲ ਹੈ, ਸ਼ਾਇਦ ਇਸੇ ਲਈ ਡਾ. ਸਰ ਮੁਹੰਮਦ ਇਕਬਾਲ ਲਿਖਦਾ ਹੈ, ‘‘ਕੌਮੋਂ ਕਿ ਲੀਏ ਮੌਤ ਹੈ ਮਰਕਜ਼ ਸੇ ਜੁਦਾਈ’’। ਇਸ ਸਬੰਧੀ ਗੁਰੂ ਪਾਤਸ਼ਾਹ ਨੇ ਵੀ ਸਪਸ਼ਟ ਕਿਹਾ ਹੈ ਕਿ ਇਕ ਦਰਖਤ ਤੋਂ ਵੱਖ ਹੋਈ ਟਹਿਣੀ ਦੇ ਪੱਤੇ ਝੜ ਜਾਂਦੇ ਹਨ,  ਖਤਮ ਹੋ ਜਾਂਦੇ ਹਨ, ‘‘ਪੇਡੁ ਮੁੰਢਾਹੂੰ ਕਟਿਆ ਤਿਸੁ ਡਾਲ ਸੁਕੰਦੇ’’ ਸ੍ਰੀ ਅੰਮ੍ਰਿਤਸਰ ਸਿਖਾਂ ਦਾ ਧਰਮ ਮਰਕਜ਼ ਅਤੇ ਰਾਜਧਾਨੀ ਵੀ ਹੈ। ਇਥੇ ਸਥਿਤ ਸਰੋਵਰ, ਹਰਿਮੰਦਰ ਸਾਹਿਬ ਅਤੇ ਲੰਗਰ ਸਰਬ ਸਾਂਝੀਵਾਲਤਾ ਦਾ ਸਦੀਵੀ ਪ੍ਰਤੀਕ ਹੈ। ਹਿੰਦੂ ਤੀਰਥਾਂ ਵਿਖੇ ਅਜੇ ਵੀ  ਕੇਵਲ ਸਵਰਨ ਜਾਤੀ ਹਿੰਦੂਆਂ ਨੂੰ ਇਸ਼ਨਾਨ ਦੀ ਇਜਾਜ਼ਤ ਹੈ, ਕੋਈ ਗੈਰ-ਮੁਸਲਮਾਨ ਮੱਕਾ ਮਦੀਨਾ ਦੀ ਜ਼ਿਆਰਤ ਨਹੀਂ ਕਰ ਸਕਦਾ, ਇਥੋਂ ਤੀਕ ਕਿ ਇਨ੍ਹਾਂ ਅਸਥਾਨਾਂ ’ਤੇ ਔਰਤ ਦਾ ਜਾਣਾ  ਵੀ ਵਿਵਰਜਤ ਹੈ। ਲੇਕਿਨ ਇਹ ਗੁਰ ਗਿਆਨ ਦੇ ਇਸ ਕੇਂਦਰ ਦੀ ਚੋਣ ਤੇ ਸਥਾਪਨਾ ਦਾ ਵਿਚਾਰ ਚਾਰ ਗੁਰੂ ਸਾਹਿਬਾਨ ਦੀ ਸਹਿਮਤੀ  ਅਰੰਭਤਾ ਤੇ ਪੰਜਵੇਂ ਗੁਰੂ ਦੀ ਸੰਪੂਰਨ ਕਰਨ ਦੀ ਘਾਲ ਹੈ।
‘‘ਗੁਰੁ ਨਾਨਕ ਗੁਰੁ ਅੰਗਦ ਖਾਸ ਅਮਰਦਾਸ ਸ੍ਰੀ ਗੁਰੁ ਰਾਮਦਾਸ,
ਚਾਰੋਂ ਗੁਰ ਕੀ ਮਰਜੀ ਸੰਗਾ,ਪ੍ਰਗਟਾਯੋ ਤੀਰਥ ਇਹ ਚੰਗਾ’’…
(ਮਹਿਮਾਂ ਪ੍ਰਕਾਸ਼)

ਸ੍ਰੀ ਅੰਮ੍ਰਿਤਸਰ  ਦੇ ਦਰਸ਼ਨ ਇਸ਼ਨਾਨ ਦਾ ਮਹਾਤਮ ਵੀ ਗੁਰਬਾਣੀ ਵਿਚ ਅੰਕਿਤ ਹੈ।
ਸੰਤਹੁ ਰਾਮਦਾਸ ਸਰੋਵਰੁ ਨੀਕਾ¨
ਜੋ ਨਾਵੈ ਸੋ ਕੁਲੁ ਤਰਾਵੈ ਉਧਾਰੁ ਹੋਆ ਹੈ ਜੀ ਕਾ ¨    (ਅੰਗ 1623)
ਰਾਮਦਾਸ ਸਰੋਵਰਿ ਨਾਤੇ¨ਸਭਿ ਉਤਰੇ ਪਾਪ ਕਮਾਤੇ¨
ਨਿਰਮਲ ਹੋਏ ਕਰਿ ਇਸਨਾਨਾ¨ਗੁਰਿ ਪੂਰੇ ਕੀਨੇ ਦਾਨਾ ¨                                                        (ਅੰਗ 625)

ਇਹ ਅਸਥਾਨ ਸ੍ਰੀ ਅੰਮ੍ਰਿਤਸਰ ਸਥਿਤ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਸਿਖ ਪੰਥ ਲਈ  ਸਰਬਉੱਚ ਅਤੇ ਸਦੀਵੀ ਏਕਤਾ ਦਾ ਜੀਵੰਤ ਪ੍ਰਤੀਕ ਹਨ। ਸਿੱਖ ਪੰਥ ਦੀ ਹਰ ਜਦੋ-ਜਹਿਦ ਦਾ ਕੇਂਦਰ ਹਨ। ਇਤਿਹਾਸ ਸਾਖੀ ਹੈ ਕਿ ਦੇਸੀ ਤੇ ਵਿਦੇਸ਼ੀ ਹਮਲਾਵਰ ਸ੍ਰੀ ਅੰਮ੍ਰਿਤਸਰ ਨੂੰ ਪੰਥਕ ਸੱਤਾ ਦਾ ਕੇਂਦਰ ਅਤੇ ਪ੍ਰੇਰਣਾ ਸਰੋਤ ਜਾਣ ਕੇ ਇਸ ਨੂੰ ਨੇਸਤੋ ਨਾਬੂਦ ਕਰਨ ਲਈ ਤਤਪਰ ਰਹੇ ਅਤੇ ਇਹ ਰੁਝਾਨ  1984 ਤੱਕ ਜਾਰੀ ਰਿਹਾ। ਜ਼ਿਕਰ ਹੈ ਕਿ ਜਦੋਂ ਨਾਦਰ ਸ਼ਾਹ ਨੇ ਜ਼ਕਰੀਆ ਖਾਨ ਨੂੰ ਹੁਕਮ ਕੀਤਾ ਕਿ ਇਹ ਲੋਕ (ਸਿੱਖ) ਕੌਣ ਹਨ, ਇਨ੍ਹਾਂ ਦਾ ਘਰ ਘਾਟ, ਸ਼ਕਤੀ ਦਾ ਸਰੋਤ ਕੀ ਹੈ? ਤਾਂ ਜ਼ਕਰੀਆ ਖਾਨ ਨੇ ਕਿਹਾ, ‘‘ਇਨ੍ਹਾਂ ਦੇ ਘਰ ਤਾਂ ਘੋੜਿਆਂ ਦੀਆਂ ਕਾਠੀਆਂ ’ਤੇ ਹਨ ਲੇਕਿਨ ਇਹ ਮਾਰੇ ਕੁੱਟੇ, ਵੱਢੇ ਅੰਮ੍ਰਿਤ ਸਰੋਵਰ ਵਿਚ ਇਸ਼ਨਾਨ ਕਰਕੇ ਨਵੇਂ ਨਰੋÂੋ ਹੋ ਜਾਂਦੇ ਹਨ। ਇਹੀ ਕਾਰਨ ਹੈ ਕਿ ਸਿੱਖ ਕੌਮ ਨੂੰ ਖਤਮ ਕਰਨ ਦੇ ਮਨਸੂਬੇ ਬਨਾਣ ਵਾਲਿਆਂ ਸਭ ਤੋਂ ਪਹਿਲਾਂ ਅੰਮ੍ਰਿਤਸਰ ਨੂੰ ਹੀ ਢਾਹੁਣ ਤੇ ਪੂਰਨ ਦਾ ਕੁਕਰਮ ਕੀਤਾ। ਦਰਸ਼ਨ-ਇਸ਼ਨਾਨ ਤੇ ਜੋਤ ਜਗਾਣ ’ਤੇ ਪਾਬੰਦੀ ਲਗਾਈ ਰੱਖੀ, ਪਰ ਕੋਈ ਦਿਨ ਐਸਾ ਨਹੀਂ ਗਿਆ ਜਿਸ ਦਿਨ ਜੰਗਲ ਵਿਚ ਆਪਣੇ ਨਿਵਾਸ  ਵਿਚੋਂ ਹਰ ਰੋਜ਼ ਕੋਈ ਸਿੱਖ ਉੱਠ ਕੇ ਨਾ ਆਇਆ ਤੇ ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਲਈ ਜਗਾਈ ਜੋਤ ਨੂੰ ਪ੍ਰਜਵਲਿਤ ਕਰਨ ਲਈ ਖਿੜੇ ਮੱਥੇ ਮੌਤ ਪ੍ਰਵਾਨ ਕੀਤੀ। ਅੱਜ ਵੀ ਜਦੋਂ ਅਸੀਂ ਕਾਹਲੀ ਕਾਹਲੀ  ਸ੍ਰੀ ਦਰਬਾਰ ਸਾਹਿਬ ਦੀਆਂ ਪਰਕਰਮਾ ਕਰਦੇ ਹਾਂ ਤਾਂ ਇਹ ਸਿਮਰਤੀ ਵਿਚ ਰਹੇ ਕਿ ਇਥੇ ਲੱਗੀ ਹਰ ਸਿੱਲ ਹੇਠ ਅਣਗਿਣਤ ਗੁਰਸਿੱਖਾਂ ਦੇ ਸੀਸ  ਲੱਗੇ ਹੋਏ ਹਨ।  1984 ਵਿਚ ਇਸੇ ਅਸਥਾਨ ’ਤੇ ਭਾਰਤੀ ਫੌਜ ਵਲੋਂ  ਹਮਲੇ ਉਪਰੰਤ ਹਾਲਾਤ ਦੀ ਮਜਬੂਰੀ ਕਾਰਨ  ਸੰਗਤਾਂ  ਦੀ ਘਟਦੀ ਗਿਣਤੀ ਵੇਖਦਿਆਂ, ਇਨ੍ਹਾਂ ਸਤਰਾਂ ਦੇ ਲਿਖਾਰੀ ਤੇ ਸਤਿਗੁਰਾਂ ਨੇ ਵਿਸ਼ੇਸ਼ ਬਖਸ਼ਿਸ਼ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਰਨ ਦਾ ਨਾਅਰਾ ਮੁੜ ਬੁਲੰਦ ਕਰਵਾਇਆ  ਤਾਂ ਜੋ ਪ੍ਰਤੀਕੂਲ ਹਾਲਾਤ ਵਿਚ ਵੀ ਸਿੱਖ ਸੰਗਤ ਦੀ ‘‘ਪ੍ਰਭੁ ਹਰਿਮੰਦਰੁ ਸੋਹਣਾ ਤਿਸੁ ਮਹਿ ਮਾਣਕ ਲਾਲ’’ ਤੇ  ‘‘ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ’’ ਦੀ ਰੀਝ ਨਿਰ ਵਿਘਨ ਪੂਰੀ ਹੋ ਸਕੇ ਅਤੇ ਅੱਜ ਗੁਰੂ ਦਰਬਾਰ ਦੀਆਂ ਰੌਣਕਾਂ ਵਰਨਣ ਨਹੀਂ ਕੀਤੀਆਂ ਜਾ ਸਕਦੀਆਂ।
ਸਿੱਖ ਰਹਿਤ ਮਰਿਆਦਾ ਨਿੱਜੀ ਅਤੇ ਸੰਗਤੀ ਹੈ। ਗੁਰੂੁ ਰਾਮਦਾਸ ਜੀ ਨੇ ਸਿੱਖ ਦੇ ਨਿਤਾਪ੍ਰਤੀ ਜੀਵਨ  ਦੀ ਮਰਿਆਦਾ, ਨੇਮ ਤੇ ਪ੍ਰੇਮ ਦੇ ਗੁਰ ਭਗਤੀ ਸਰੂਪ ਵਿਚ ਨਿਸਚਿਤ ਕਰ ਦਿੱਤੀ:-
ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ¨
ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ¨
ਉਪਦੇਸਿ ਗੁਰੁ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ¨
ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ¨
ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੁ ਮਨਿ ਭਾਵੈ¨
(ਅੰਗ 305)

ਹਰ ਕਾਰਜ  ਕਰਨ ਤੋਂ ਪਹਿਲਾਂ ਸਤਿਗੁਰ ਪਾਸ ਕਾਰਜ ਦੀ ਸਫਲਤਾ ਦੀ ਅਰਦਾਸ ਕਰਨ ਦੀ ਮਰਿਆਦਾ ਵੀ  ਕਾਇਮ ਕੀਤੀ :-
ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ¨ਕਾਰਜੁ ਦੇਇ ਸਵਾਰਿ ਸਤਿਗੁਰ ਸਚੁ ਸਾਖੀਐ¨
ਮਨੁੱਖਾ ਜੀਵਨ ਦੇ ਤਿੰਨ ਮੌਕਿਆਂ ’ਚੋਂ ਜਨਮ ਅਤੇ ਮੌਤ ਸਮੇਂ ਦੀ ਮਰਿਆਦਾ ਤਾਂ ਮਨੁੱਖ ਦੀ ਸਿਮਰਤੀ ਵਿਚ ਨਹੀਂ ਰਹਿੰਦੇ, ਸਿਰਫ ਗ੍ਰਹਿਸਤ ਜੀਵਨ ’ਚ ਪ੍ਰਵੇਸ਼ ਦੀ ਮਰਿਆਦਾ ਸਮੇਂ ਉਹ ਪੂਰੇ ਹੋਸ਼ੋ ਹਵਾਸ ਅਤੇ ਸਾਵਧਾਨੀ ’ਚ ਹੁੰਦਾ ਹੈ। ਗੁਰੂ ਸਾਹਿਬ ਨੇ ‘‘ਸਕਲੁ ਧਰਮ ਮੇਂ ਗ੍ਰਹਿਸਤ ਪ੍ਰਧਾਨ’’ ਹੈ ਤਾਂ ਪਹਿਲੇ ਜਾਮੇ ਵਿਚ ਹੀ  ਕਰ  ਦਿੱਤੀ ਸੀ। ਇਸ ਗ੍ਰਹਿਸਤ ਵਿਚ ਪ੍ਰਵੇਸ਼ ਲਈ ਆਨੰਦ ਵਿਆਹ ਦੀ ਮਰਿਆਦਾ ਦੀ ਸ਼ੁਰੂਆਤ ਗੁਰੂੁ ਰਾਮਦਾਸ ਜੀ ਨੇ ਕੀਤੀ। ਗ੍ਰਹਿਸਤ ਵਿਚ ਪ੍ਰਵੇਸ਼ ਕਰਨ ਲਈ ਬ੍ਰਾਹਮਣ ਜਾਂ ਪ੍ਰੋਹਤ ਦੀ ਮੁਹਤਾਜ਼ਗੀ ਨਹੀਂ ਰਹਿਣ ਦਿੱਤੀ, ਕਿਸੇ  ਯੱਗ ਹਵਨ ਅਤੇ ਸੰਸਕ੍ਰਿਤ ਦੇ ਮੰਤਰਾਂ ਦੇ ਉਚਾਰਣ (ਜੋ ਕਿਸੇ ਦਲਿਤ ਜਾਤੀ ਨੂੰ ਸੁਣਨ ਤੱਕ ਦੀ ਇਜਾਜ਼ਤ ਨਹੀਂ ਸੀ) ਕਰਨ, ਥਿੱਤ ਵਾਰ ਦੇ ਬੰਧਨ  ਤੋਂ ਵੀ ਮੁਕਤ ਕਰ ਦਿੱਤਾ। ਸੂਹੀ ਰਾਗ ਵਿਚ ਚਾਰ ਲਾਵਾਂ ਦਾ ਪਾਠ, ਕੀਰਤਨ ਉਪਰੰਤ ਤੋਂ ਵੀ ਅਰਦਾਸ,ਹੁਕਮਨਾਮਾ ਦੀ ਮਰਿਆਦਾ ਸਥਾਪਤ ਕੀਤੀ।
ਸਮੇਂ ਸਮੇਂ  ਵੰਡੀਆਂ ਤਾਂ ਹਰ ਧਰਮ ਵਿਚ ਪੈਂਦੀਆਂ ਆਈਆਂ ਹਨ, ਰਾਜਨੀਤਕ ਖਿੱਤੇ ਵਿਚ ਵੀ ਵੱਖਰੇਵੇਂ ਵੀ ਚਲਦੇ ਰਹੇ ਹਨ, ਸਿੱਖ ਕੌਮ ਵੀ ਸਿਆਸੀ ਤੌਰ ’ਤੇ ਪਾਟੋ ਧਾੜ ਦਾ ਸ਼ਿਕਾਰ ਰਹੀ ਹੈ, ਪਰ ਧਰਮ ਸਿਧਾਤਾਂ ਵਿਚ ਆਸਥਾ ਤੇ ਸਿਖ ਪੰਥ ਦੀ ਸਮਾਜਿਕ ਏਕਤਾ ਵਿਚ ਕੋਈ ਵਖਰੇਵਾਂ ਨਹੀਂ ਹੋ ਸਕਦਾ। ਪਰ ਅਜੋਕੇ ਸਮੇਂ ਵਿਚ ਮੰਨੂ ਦੀ ਜਾਤ ਪਾਤ ਦਾ ਵਰਤਾਰਾ ਸਿਖ ਧਰਮ ਦੇ ਸਿਧਾਂਤਾਂ ਦਾ ਖੰਡਨ ਤੇ ਉਲੰਘਣ ਹੈ। ਇਹ ਇਕ ਬਹੁਤ ਵੱਡੀ ਚੁਣੌਤੀ ਹੈ, ਇਸ ਵਿਚ ਕਿਸੇ ਕਿਸਮ ਦੀ ਪਾਟੋ ਧਾੜ ਜਾਂ ਵੱਖਰੇਵਾਂ ਕਰਨ ਵਾਲਿਆਂ ਨੂੰ ਗੁਰੂ ਪਾਤਸ਼ਾਹ ਨੇ ਸਪਸ਼ਟ ਕੀਤਾ ਹੈ।  ‘‘ਕਿਸ ਹੀ ਧੜਾ ਕੀਆ ਮਿਤ੍ਰ ਸੁਤ ਨਾਲਿ ਭਾਈ¨ ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲਿ ਜਵਾਈ ਕਿਸ ਹੀ ਧੜਾ ਕੀਆ ਸਿਕਦਾਰ ਚਉਧਰੀ ਨਾਲਿ ਆਪਣੈ ਸੁਆਈ ਹਮਾਰਾ ਧੜਾ ਹਰਿ ਰਹਿਆ ਸਮਾਈ 1 ਹਮ ਹਰਿ ਸਿਉ ਧੜਾ ਕੀਆ ਮੇਰੀ ਹਰਿ ਟੇਕ¨ ਮੈ ਹਰਿ ਬਿਨੁ ਪਖੁ ਧੜਾ ਅਵਰੁ ਨ ਕੋਈ ਹਉ ਹਰਿ ਗੁਣ ਗਾਵਾ ਅਸੰਖ ਅਨੇਕ’’ ਸਿੱਖ ਧਰਮ ਦੀ ਸਿਧਾਂਤਕ ਏਕਤਾ, ਗੁਰੂ ਜੋਤਿ ਨੂੰ ਸ੍ਰੀ ਗੁਰੂੁ ਗ੍ਰੰਥ ਸਾਹਿਬ ਵਿਚ ਪਰਤੱਖ ਰੂੁਪ ਪ੍ਰਵਾਨ ਕਰਦਿਆਂ, ਪੂਰਨ ਆਸਥਾ ਰੱਖਣਾ, ਖੰਡੇ ਬਾਟੇ ਦੇ ਅੰਮ੍ਰਿਤ, ਪੰਥ ਪ੍ਰਵਾਨਿਤ ਰਹਿਤ ਮਰਿਆਦਾ ਅਨੁਸਾਰ ਸਮਾਜਿਕ ਧਾਰਮਿਕ ਜੀਵਨ ਬਤੀਤ ਕਰਨ ਨਾਲ ਕਾਇਮ ਰਹਿ ਸਕਦੀ ਹੈ। ਪਾਤਸ਼ਾਹ ਬਖਸ਼ਿਸ਼ ਕਰਨ ਅਸੀਂ  ਜਾਤ ਪਾਤ ਊਚ ਨੀਚ ਦੇ ਭਰਮ ਜਾਲ ਤੋਂ ਉਤਾਂਹ  ਉਠ ਕੇ ਗੁਰਸਿੱਖੀ  ਮਾਰਗ ’ਤੇ ਸਾਬਤ ਕਦਮੀ ਨਾਲ ਚੱਲਣ ਲਈ ਅਰਦਾਸ ਕਰੀਏ,:-
‘‘ਹਮ ਅੰਧੁਲੇ ਅੰਧ ਬਿਖੈ ਬਿਖੁ ਰਾਤੇ ਕਿਉ ਚਾਲਹ ਗੁਰ ਚਾਲੀ ¨
ਸਤਗੁਰੁ ਦਇਆ ਕਰੇ ਸੁਖਦਾਤਾ ਹਮ ਲਾਵੈ ਆਪਨ ਪਾਲੀ 1¨
ਗੁਰਸਿਖ ਮੀਤ ਚਲਹੁ ਗੁਰ ਚਾਲੀ ¨
ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ।’’


Comments Off on ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.