ਦੇਸ਼ ਭਗਤ ਹੋਣ ਲਈ 27ਵੇਂ ਤੇ 28ਵੇਂ ਸਵਾਲ ਦੇ ਜਵਾਬ ਵਿੱਚ ਨਾਂਹ ਕਹਿਣੀ ਜ਼ਰੂਰੀ! !    ਮਹਾਂਪੁਰਖਾਂ ਦੇ ਉਪਦੇਸ਼ਾਂ ਨੂੰ ਵਿਸਾਰਦੀਆਂ ਸਰਕਾਰਾਂ !    ਸਾਹਿਰ ਲੁਧਿਆਣਵੀ: ਫ਼ਨ ਅਤੇ ਸ਼ਖ਼ਸੀਅਤ !    ਕਸ਼ਮੀਰ ਵਾਦੀ ’ਚ ਰੇਲ ਸੇਵਾ ਸ਼ੁਰੂ !    ਐੱਮਕਿਊਐੱਮ ਆਗੂ ਅਲਤਾਫ਼ ਨੇ ਮੋਦੀ ਤੋਂ ਭਾਰਤ ’ਚ ਪਨਾਹ ਮੰਗੀ !    ਪੀਐੱਮਸੀ ਘੁਟਾਲਾ: ਆਰਥਿਕ ਅਪਰਾਧ ਸ਼ਾਖਾ ਵੱਲੋਂ ਰਣਜੀਤ ਸਿੰਘ ਦੇ ਫਲੈਟ ਦੀ ਤਲਾਸ਼ੀ !    ਐੱਨਡੀਏ ਭਾਈਵਾਲਾਂ ਨੇ ਬਿਹਤਰ ਸਹਿਯੋਗ ’ਤੇ ਦਿੱਤਾ ਜ਼ੋਰ !    ਭਾਰਤੀ ਡਾਕ ਵੱਲੋਂ ਮਹਾਤਮਾ ਗਾਂਧੀ ਨੂੰ ਸਮਰਪਿਤ ‘ਯੰਗ ਇੰਡੀਆ’ ਦਾ ਮੁੱਖ ਪੰਨਾ ਰਿਲੀਜ਼ !    ਅਮਰੀਕਾ ਅਤੇ ਦੱਖਣੀ ਕੋਰੀਆ ਨੇ ਜੰਗੀ ਮਸ਼ਕਾਂ ਮੁਲਤਵੀ ਕੀਤੀਆਂ !    ਕਾਰ ਥੱਲੇ ਆ ਕੇ ਇੱਕ ਪਰਿਵਾਰ ਦੇ ਚਾਰ ਜੀਅ ਹਲਾਕ !    

ਮਨੁੱਖੀ ਵੇਦਨਾ ਤੇ ਸੱਧਰਾਂ ਦਾ ਕਾਵਿ ਪ੍ਰਵਚਨ

Posted On October - 24 - 2010

ਮਲਕੀਅਤ ਬਸਰਾ ਪੰਜਾਬੀ ਦੀ ਹੋਣਹਾਰ ਤੇ ਸੰਵੇਦਨਸ਼ੀਲ ਸ਼ਾਇਰਾ ਹੈ। ‘ਖਾਮੋਸ਼ ਸੱਧਰਾਂ’ ਪੁਸਤਕ ਦੀ ਸਿਰਜਣਾ ਕਰਕੇ ਉਸ ਨੇ ਪੰਜਾਬੀ ਕਵਿਤਾ ਦੇ ਖੇਤਰ ਵਿਚ ਪ੍ਰਭਾਵੀ ਤੇ ਯਾਦਗਾਰੀ ਹਾਜ਼ਰੀ ਲੁਆਈ ਹੈ। ਉਸ ਨੇ ਗੀਤ, ਗਜ਼ਲ ਤੇ ਕਵਿਤਾਵਾਂ ਨੂੰ ਇਸ 104 ਪੰਨਿਆਂ ਦੀ ਪੁਸਤਕ ’ਤੇ ਬਾਖੂਬੀ ਚਿਤਰਿਆ ਹੈ। ਜੀਵਨ ਦੇ ਬਹੁਪੱਖੀ ਮੁੱਲ, ਪੁਸਤਕ ਸਭਿਆਚਾਰ, ਪਿਆਰ, ਸਤਿਕਾਰ, ਰਾਜਨੀਤੀ, ਧਰਮ, ਉਦਾਸੀ ਤੇ ਖੁਸ਼ੀ ਇਸ ਪੁਸਤਕ ਦੇ ਉਘੜਵੇਂ ਵਿਸ਼ੇ ਹਨ। ਬਚਪਨ ਤੇ ਜਵਾਨੀ ’ਚ ਦੁੱਖਾਂ ਤੇ ਕਸ਼ਟਾਂ ਵਿਚ ਘਿਰਿਆ ਜੀਵਨ ਨੀਰਸ, ਬੇਅਰਥ ਤੇ ਬੇਗਾਨਾ ਹੋ ਜਾਂਦਾ ਹੈ। ਜੀਵਨ ਵਿਚਲੇ ਸਭੇ ਚਾਅ, ਮਲ੍ਹਾਰਾਂ, ਲਾਡ ਤੇ ਪਿਆਰ ਖੰਭ ਲਾ ਕੇ ਉੱਡ ਜਾਂਦੇ ਹਨ। ਬਸ ਸਾਰੇ ਪਾਸੇ ਸਨਾਟਾ, ਓਪਰਾਪਣ ਤੇ ਖਾਲੀਪਣ ਨਜ਼ਰੀਂ ਪੈਂਦਾ ਹੈ। ਡੂੰਘੀ ਸੋਚ ’ਚ ਡੁੱਬੀ ਸ਼ਾਇਰੀ ਵਿਚਲੀ ਨਾਇਕਾਂ ਦੀ ਮਨੋਸਥਿਤੀ ਇਉਂ ਪੇਸ਼ ਹੋਈ ਮਿਲਦੀ ਹੈ:-
ਅਰਮਾਨਾਂ ਦੇ ਮੌਸਮ ’ਚ ਪੱਤਝੜ ਹੀ ਰਹੀ,
ਲੈਣਾ ਕੀ ਨਾਮ ਮੈਂ ਬਹਾਰਾਂ ਦੇ ਜਾਣਕੇ।
ਪੰਨਾ-30
ਸ਼ਾਇਰਾ ਸੋਚਦੀ ਹੈ ਕਿ ਮਨੁੱਖੀ ਜੀਵਨ ਵਿਚ ਨਫ਼ਰਤ ਤੇ ਵੈਰ ਵਿਰੋਧ ਖਤਮ ਹੋਣ ਨਾਲ ਹੀ ਭਲਾ ਸੰਭਵ ਹੈ। ਖੁਸ਼ਹਾਲ ਤੇ ਸੰਤੁਲਿਤ ਸਮਾਜ ਹੀ ਉਸ ਦੀ ਸ਼ਾਇਰੀ ਦਾ ਸੁਪਨਾ ਹੈ। ਉਹ ਚਾਹੁੰਦੀ ਹੈ ਕਿ ਸਮੁੱਚੀ ਮਾਨਵਤਾ ਅਦਬ, ਪਿਆਰ, ਸਤਿਕਾਰ ਤੇ ਭਾਈਚਾਰਕ ਏਕਤਾ ਨਾਲ ਖੂਬ ਹੱਸੇ, ਵੱਸੇ, ਰੱਸੇ ਤੇ ਖੁਸ਼ੀਆਂ ਮਾਣੇ। ਉਹ ਧਰਮ ਦੇ ਨਾਂ ’ਤੇ ਧੋਖਾ ਫਰੇਬ ਤੇ ਲੁੱਟ-ਖਸੁੱਟ ਕਰਨ ਵਾਲਿਆਂ ’ਤੇ ਕਰਾਰਾ ਵਿਅੰਗ ਕੱਸਦੀ ਹੈ। ਕਿਉਂਕਿ ਆਪਣੇ ਨਫੇ ਤੇ ਫਾਇਦੇ ਲਈ ਸੋਚਣ ਤੇ ਕਾਰਜ ਕਰਨ ਵਾਲੇ ਜਨਤਾ ਦੇ ਦੋਖੀ ਤੇ ਪਖੰਡੀ ਹਨ। ਦੇਖੋ ਸ਼ਾਇਰਾ ਉਨ੍ਹਾਂ ਬਾਰੇ ਕੀ ਕਹਿੰਦੀ ਹੈ:-
ਰੱਬ ਦੇ ਨਾਮ ਦਾ ਧੰਦਾ ਕਰਦੇ,
ਪੰਡਿਤ ਭਾਈ ਤੇ ਇਹ ਮੁੱਲੇ।
ਪੰਨਾ-38
ਸ਼ਾਇਰਾ ਨੂੰ ਪਤਾ ਹੈ ਕਿ ਧੀਆਂ ਦੀ ਆਮਦ ਤੇ ਹੋਂਦ ਤੋਂ ਬਿਨਾਂ ਪਰਿਵਾਰ ਤੇ ਸਮਾਜ ਅਧੂਰਾ ਤੇ ਨਿਗੂਣਾ ਹੈ। ਸਮਾਜ ਵਿਚਲੇ ਸਭ ਰਸਮੋਂ ਰਿਵਾਜ, ਤਿੱਥਾਂ ਤੇ ਤਿਉਹਾਰ ਫਿੱਕੇ ਤੇ ਅਧੂਰੇ ਹਨ। ਧੀ ਦੀ ਆਮਦ ਨਾਲ ਹੀ ਪਰਿਵਾਰ ’ਚ ਸਮਾਨਤਾ ਤੇ ਇਖ਼ਲਾਕ ਬਣਿਆ ਰਹਿ ਸਕਦਾ ਹੈ।
ਕੌਣ ਬੰਨੂ ਰੱਖੜੀ ਤੇ ਕੌਣ ਗੁੰਦੂ ਬਾਗ ਬਈ, ਕੌਣ ਗੁੰਦੂ ਬਾਗ ਬਈ,
ਗਾਊ ਕੌਣ ਘੋੜੀਆਂ ਤੇ ਸਿੱਠਣੀ ਸੁਹਾਗ ਬਈ ਸਿੱਠਣੀ ਸੁਹਾਗ ਬਈ।
ਕਿੱਦਾਂ ਹੱਸੂ ਵਿਹੜਾ ਦੱਸੇ ਮਾਰ ਕਿਲਕਾਰੀਆਂ…
ਜੇ ਮਾਰ ਦਿੱਤੀਆਂ….
ਪੰਨਾ-52
ਪੁਸਤਕ ਵਿਚ ਚੌਰਾਸੀ ਦੇ ਦੰਗਿਆਂ ਦਾ ਖੂਨ ਖਰਾਬਾ, ਮਾਰਧਾੜ ਤੇ ਲੁੱਟ-ਖਸੁੱਟ ਨੂੰ ਵਿਅੰਗੀ ਸੁਰ ’ਚ ਬਿਆਨਿਆ ਗਿਆ ਹੈ। ‘ਸ਼ਾਇਰੀ ਰਾਹੀਂ ਔਰਤ ਨੂੰ ਪੜ੍ਹ-ਲਿਖ ਕੇ ਚੇਤਨ ਤੇ ਆਪਣੇ ਪੈਰੀਂ ਸਿਰ ਖੜ੍ਹਨ ਦਾ ਸੰਦੇਸ਼ ਤੇ ਪਾਠ ਪੜ੍ਹਾਇਆ ਗਿਆ ਹੈ। ਸਖ਼ਤ ਮਿਹਨਤ ਕਰਨ ਵਾਲੀ ਮਜ਼ਦੂਰ ਸ਼੍ਰੇਣੀ ਦੀ ਬਿਹਤਰੀ ਤੇ ਸੁੱਖ ਸ਼ਾਂਤੀ ਲਈ ਇਸ ਸ਼ਾਇਰੀ ਰਾਹੀਂ ਹਾਅ ਦਾ ਨਾਅਰਾ ਮਾਰਿਆ ਗਿਆ ਹੈ। ਕਿਉਂਕਿ ਅਜੋਕੇ ਪਦਾਰਥਵਾਦੀ ਤੇ ਖਪਤਵਾਦੀ ਯੁੱਗ ਵਿਚ ਨਿੱਘਰ ਵਿਚਾਰਾਂ ਤੇ ਜਜ਼ਬਾਤਾਂ ਦੀ ਰੌਸ਼ਨੀ ਹੀ ਉਨ੍ਹਾਂ ਨੂੰ ਹਨੇਰੀ ’ਚੋਂ ਕੱਢ ਕੇ ਭਵਿੱਖ ਦੇ ਹਾਣ ਦਾ ਬਣਾ ਸਕਦੀ ਹੈ। ਸੰਘਰਸ਼ ਕਰਕੇ ਹੀ ਚੰਗੇਰੇ ਜੀਵਨ ਤੇ ਹੱਕ ਸੱਚ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਤਾਂ ਹੀ ਸ਼ਾਇਰਾ ਕਹਿੰਦੀ ਹੈ:-
ਉੱਠੋ ਮਜ਼ਦੂਰੋ ਹੁਣ ਖੜ੍ਹਨਾ ਪੈਣਾ ਏ,
ਹੱਕਾਂ ਲਈ ‘ਬਸਰਾ’ ਹੁਣ ਲੜਨਾ ਪੈਣਾ ਏ।
ਰੋੜੀ ਕੁੱਟ ਰਹੀਆਂ…
ਪੰਨਾ-69
ਸੋ ਪੁਸਤਕ ਵਿਚਲੀ ਸ਼ਾਇਰੀ ਦਾ ਪਾਠਗਤ ਅਧਿਐਨ ਕਰਨ ਤੋਂ ਬਾਅਦ ਕਿਹਾ ਜਾ ਸਕਦਾ ਹੈ ਕਿ ਇਸ ਸ਼ਾਇਰੀ ਵਿਚ ਚੇਤਨਾ ਤੇ ਸੰਵੇਦਨਾ ਦੀ ਸੁਰ ਭਾਰੂ ਹੈ। ਵੱਡੀ ਬਹਿਰ ਵਾਲੀਆਂ ਗ਼ਜ਼ਲਾਂ ਨਾਲੋਂ ਛੋਟੀ ਬਹਿਰ ਵਾਲੀਆਂ ਗ਼ਜ਼ਲਾਂ ਪ੍ਰਭਾਵੀ ਤੇ ਰੌਚਕ ਹਨ। ਸ਼ਾਇਰੀ ਵਿਚ ਰਵਾਨੀ, ਸੰਖੇਪਤਾ ਤੇ ਬੇਬਾਕੀ ਦੇ ਦਰਸ਼ਨ ਦੀਦਾਰੇ ਸਹਿਜੇ ਹੀ ਹੋ ਜਾਂਦੇ ਹਨ। ਪੁਸਤਕ ਵਿਚਲੀ ਸ਼ਾਇਰੀ ਦੇ ਵਿਸ਼ੇ ਨਿੱਜ ਤੋਂ ਲੈ ਕੇ ਪਰ ਤਕ ਦਾ ਸਫਰ ਤਹਿ ਕਰਦੇ ਹਨ। ਗਿਆਨਸ਼ੁਲਕ ਤੇ ਸੰਦੇਸ਼ਵਾਹਕ ਇਹ ਸ਼ਾਇਰੀ ਹਰ ਹਾਰੀ ਸਾਰੀ ਲਈ ਲਾਹੇਬੰਦ ਤੇ ਗੁਣਕਾਰੀ ਹੈ। ਅਜਿਹੀ ਅਰਥ ਭਰਪੂਰ ਤੇ ਚੰਗੇਰੇ ਮਨੋਰਥ ਵਾਲੀ ਸ਼ਾਇਰੀ ਦੀ ਸਿਰਜਣਾ ਕਰਨ ਲਈ ਸ਼ਾਇਰਾ ਵਧਾਈ ਦੀ ਹੱਕਦਾਰ ਹੈ।

-ਡਾ. ਗੁਰਦਰਪਾਲ ਸਿੰਘ


Comments Off on ਮਨੁੱਖੀ ਵੇਦਨਾ ਤੇ ਸੱਧਰਾਂ ਦਾ ਕਾਵਿ ਪ੍ਰਵਚਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.