ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ !    ਗਰੀਨ ਕਾਰਡ: ਅਮਰੀਕਾ ਵਿੱਚ ਲਾਗੂ ਹੋਿੲਆ ਨਵਾਂ ਕਾਨੂੰਨ !    

ਭਾਈ ਬਲਬੀਰ ਸਿੰਘ

Posted On October - 13 - 2010

ਗੁਰਮਤਿ ਸੰਗੀਤ ਦੇ ਅਨਮੋਲ ਰਤਨ

ਭਾਈ ਨਿਰਮਲ ਸਿੰਘ ਖਾਲਸਾ

ਭਾਈ ਬਲਬੀਰ ਸਿੰਘ ਜੀ ਦਾ ਨਾਮ ਸੁਣਦੇ ਤੇ ਲੈਂਦਿਆਂ ਹੀ ਜਿਸਮ ‘ਚ ਸੰਗੀਤਕ ਝਰਨਾਹਟਾਂ ਛਿੜਨ ਲੱਗ ਪੈਂਦੀਆਂ ਨੇ। ਆਪ ਜੀ ਦਾ ਵੱਜਦਮਈ ਕੀਰਤਨ, ਸਰੋਤਿਆਂ ਨੂੰ ਹਿਲਾਅ ਕੇ ਰੱਖ ਦੇਂਦਾ ਹੈ, ਕਿਉਂਕਿ ਬੀਰ ਰਸੀ ਗਾਇਕੀ ਦੇ ਆਪ ਜੀ ਪਿਤਾਮਾ ਜੋ ਹੋਏ। 15 ਮਾਰਚ, 1933 ਵਿਚ ਮਾਤਾ ਪ੍ਰਸੰਨ ਕੌਰ ਜੀ ਦੀ ਕੁੱਖੋਂ ਪਿਤਾ ਸੰਤਾ ਸਿੰਘ ਜੀ ਦੇ ਸਪੁੱਤਰ ਭਾਈ ਬਲਬੀਰ ਸਿੰਘ ਜੀ ਆਪਣੇ ਨਾਨਕੇ ਪਿੰਡ ਮਰਗਿੰਦਪੁਰਾ, ਤਹਿਸੀਲ ਪੱਟੀ ਅੰਮ੍ਰਿਤਸਰ ਜਿਲ੍ਹੇ ਵਿਚ ਪੈਦਾ ਹੋਏ। ਆਪ ਜੀ ਦੇ ਪਿਤਾ ਭਾਈ ਸੰਤਾ ਸਿੰਘ ਜੀ ਖ਼ੁਦ ਵੀ ਆਪਣੇ ਵਕਤਾਂ ਦੇ ਚੰਗੇ ਕੀਰਤਨੀਏਂ ਸਨ ਜੋ ਕਿ ਖਾਲਸਾ ਪ੍ਰਚਾਰਕ ਵਿਦਿਆਲੇ ਤਰਨ ਤਾਰਨ ਵਿਖੇ ਬਤੌਰ ਸੰਗੀਤ ਅਧਿਆਪਕ ਸਨ ਅਤੇ ਉੱਘੇ ਤਬਲਾ ਨਿਵਾਜ਼ ਵੀ ਸਨ। ਪੰਜਾਂ ਸਾਲਾਂ ਦੀ ਬਚਪਨੀ ਉਮਰ ਵਿਚ ਹੀ ਆਪ ਜੀ ਦੇ ਮਾਤਾ ਜੀ ਚਲਾਣਾ ਕਰ ਗਏ ਅਤੇ ਆਪ ਜੀ ਮਾਂ ਮੇਹਟਰ ਹੀ ਬਣ ਗਏ ਅਤੇ ਆਪ ਜੀ ਇਕ ਤਰ੍ਹਾਂ ਨਾਲ ਯਤੀਮ ਜਿਹੇ ਹੋ ਗਏ। ਲੱਖ ਵਾਰ ਪਿਤਾ ਦਾ ਸਹਾਰਾ ਹੋਵੇ ਪਰ ਜਿਨ੍ਹਾਂ ਦੇ ਸਿਰਾਂ ਤੋਂ ਮਾਂ ਦਾ ਸਾਇਆ ਉੱਠ ਜਾਵੇ ਉਨ੍ਹਾਂ ਦੀ ਹਾਲਤ ਡਾਹਢੀ ਤਰਸਯੋਗ ਹੋ ਜਾਇਆ ਕਰਦੀ ਹੈ ਤੇ ਇਹੋ ਕੁਝ ਹੀ ਭਾਈ ਬਲਬੀਰ ਸਿੰਘ ਜੀ ਨਾਲ ਵੀ ਵਾਪਰਿਆ। ਬਾਲ ਉਮਰੇ ਕਦੀ ਤਿੰਨਾਂ ਹੀ ਭਰਾਵਾਂ ਭਾਈ ਮਹਿੰਦਰ ਸਿੰਘ ਜੀ ਜੋੜੀ ਵਾਲੇ ਤੇ ਭਾਈ ਚਤੁਰ ਸਿੰਘ ਜੀ ਸਹਾਇਕ ਨੇ ਗੁਰੂ ਕੇ ਲੰਗਰ ਦਰਬਾਰ ਸਾਹਿਬ ਜੀ ਤਰਨ ਤਾਰਨ ਅਤੇ ਕਦੀ ਭੂਰੀ ਵਾਲੇ ਡੇਰੇ ਤੋਂ ਪ੍ਰਸ਼ਾਦਾ ਛੱਕ ਕੇ ਪੇਟ ਨੂੰ ਝੁਲਕਾ ਦੇ ਲੈਣਾ ਅਤੇ ਕਈ ਵਾਰ ਲਾਂਗਰੀਆਂ ਵੱਲੋਂ ਮਨ੍ਹਾਂ ਕਰਨ ਅਤੇ ਝਿੜਕਾਂ ਦੇਣ ਕਾਰਨ ਰਾਤ ਭੁੱਖਿਆਂ ਹੀ ਗੁਜ਼ਾਰ ਛੱਡਣੀ। ਔਰ ਇਹ ਸਭ ਤ੍ਰਾਸਦੀ ਤੇ ਆਪ ਹੁਦਰਾਪਣ ਮਾਂ ਦੇ ਸਿਰ ਉੱਤੇ ਨਾ ਹੋਣ ਕਾਰਨ ਹੀ ਵਾਪਰਦਾ ਰਿਹਾ। ਪਿਤਾ ਭਾਈ ਸੰਤਾ ਸਿੰਘ ਜੀ ਨੇ ਬੱਚਿਆਂ ਦੇ ਸ਼ੌਕ ਤੇ ਲਗਨ ਨੂੰ ਤੱਕਦਿਆਂ ਮੁੱਢਲੀ ਸੰਗੀਤਕ ਸਿੱਖਿਆ ਹਾਸਲ ਕਰਨ ਲਈ ਪ੍ਰਸਿੱਧ ਸੰਗੀਤ ਉਸਤਾਦ ਪੰਡਤ ਨੱਥੂ ਰਾਮ ਜੀ ਪਾਸ ਭੇਜਣਾ ਸ਼ੁਰੂ ਕਰ ਦਿੱਤਾ। ਸੁਰ ਲੈਅ ਦੀ ਸਮਝ ਤਾਂ ਖੂਨ ਵਿਚ ਹੀ ਸੀ ਸੋ ਚਾਰ ਪੰਜ ਸਾਲ ਦੀ ਸਿਖਲਾਈ ਉਪਰੰਤ ਹੀ ਆਪ ਜੀ ਨੇ ਕੀਰਤਨ ਕਰਨਾ ਆਰੰਭ ਕਰ ਦਿੱਤਾ। ਮਸੀਂ ਆਪ ਜੀ ਦੀ ਉਮਰ 10-11 ਸਾਲ ਦੀ ਹੋਵੇਗੀ ਜਦੋਂ ਆਪ ਜੀ ਨੇ ਗੁਰਦੁਆਰਾ ਚਉਬਾਰਾ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਹਾਜ਼ਰੀ ਭਰ ਕੇ ਸੰਗਤਾਂ ਤੋਂ ਵਾਹ-ਵਾਹ ਤੇ ਅਸੀਸ ਵੀ ਲਈ। ਨਾਲ-ਨਾਲ ਆਪਣੇ ਪਿਤਾ ਸ੍ਰੀ ਪਾਸੋਂ ਦਿਲਰੁਬਾ ਵਜਾਉਣ ਦੀ ਜਾਚ ਵੀ ਸਿੱਖਦੇ ਰਹੇ ਅਤੇ ਫਿਰ ਸੰਨ 1955 ਵਿਚ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਜੀ ਵਿਖੇ ਆਪ ਜੀ ਨੇ ਬਕਾਇਦਾ ਮੁਲਾਜ਼ਮਤ ਕਰਦਿਆਂ ਕੀਰਤਨ ਦੀ ਸੇਵਾ ਸ਼ੁਰੂ ਕਰ ਦਿੱਤੀ ਅਤੇ ਨਾਲੋ-ਨਾਲ ਉਸ ਵਕਤ ਦੇ ਪ੍ਰਸਿੱਧ ਰਬਾਬੀ ਭਾਈ ਮੁਖਤਾਰ ਪਾਸੋਂ ਵੀ ਕੀਰਤਨ ਦੇ ਗੁਰ ਸਿੱਖਣੇ ਸ਼ੁਰੂ ਕਰ ਦਿੱਤੇ, ਕਿਉਂਕਿ ਭਾਈ ਮੁਖਤਾਰ ਤਰਨ ਤਾਰਨ ਵਿਖੇ ਹੀ ਕੀਰਤਨ ਦੀ ਸੇਵਾ ਨਿਭਾਉਂਦੇ ਸਨ। ਭਾਈ ਸਾਹਿਬ ਜੀ ਦੱਸਦੇ ਹਨ ਕਿ ਨੌਕਰੀ ਦੀ ਸ਼ੁਰੂਆਤੀ ਤਨਖਾਹ ਸਾਡੀ ਪਰ ਬੰਦੇ ਸੌ-ਸੌ ਰੁਪਿਆ ਹੁੰਦੀ ਸੀ।
ਆਪ ਜੀ ਨੇ ਆਪਣੇ ਭਰਾਵਾਂ ਨਾਲ ਰਾਗੀ ਜੱਥੇ ਸਮੇਤ ਤਰਨ ਤਾਰਨ ਸਾਹਿਬ ਵਿਖੇ ਲਗਪਗ 1965 ਤੱਕ ਕੋਈ ਦਸ ਵਰ੍ਹਿਆਂ ਤੱਕ ਸੇਵਾ ਨਿਭਾਈ, ਜਦੋਂ ਆਪ ਜੀ ਦੀ ਗਾਇਕੀ ਅਤੇ ਕੀਰਤਨ ਵਿਚ ਅੰਤਾਂ ਦਾ ਨਿਖਾਰ ਤੇ ਸਿਖਰ ਆ ਗਿਆ ਤਾਂ ਆਪ ਜੀ ਫਿਰ ਜਥੇ ਸਮੇਤ ਹੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਸੇਵਾ ਨਿਭਾਉਣ ਲੱਗੇ ਜੋ ਕਿ ਨਿਰੰਤਰ 1991 ਤੱਕ ਨਿਭਾਈ ਹੈ। ਸ੍ਰੀ ਦਰਬਾਰ ਸਾਹਿਬ ਜੀ ਦੇ ਸਰਬਰਾਹਾਂ ਵੱਲੋਂ ਆਪ ਜੀ ਨੂੰ ਕੁਝ ਸਮੇਂ ਲਈ ਦਿੱਲੀ ਦੀਆਂ ਸਿੱਖ ਸੰਗਤਾਂ ਅਤੇ ਦਿਲੀ ਸਿੱਖ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਮੰਗ ਕਰਨ ਤੇ ਡੈਪੂਟੇਸ਼ਨ ‘ਤੇ ਵੀ ਭੇਜਿਆ ਗਿਆ।
ਆਪ ਜੀ ਦੀ ਮਨਮੋਹਕ ਆਵਾਜ਼ ਵਿਚ ਇਕ ਖਾਸ ਤਰ੍ਹਾਂ ਦੀ ਲਚਕ ਸੀ, ਜੋ ਕਿ ਗਾਇਨ ਕਰਦਿਆਂ ਰਬੜ ਦੀ ਤਰ੍ਹਾਂ ਵਧ ਘਟ ਜਾਂਦੀ ਅਤੇ ਅਤਿ ਸੁਰ ਲੈਅ ‘ਚ ਰਹਿਣਾ ਆਪ ਦੇ ਪਰਪੱਕ ਗਾਇਕ ਤੇ ਕੀਰਤਨੀਏ ਹੋਣ ਦਾ ਇਹ ਸਬੂਤ ਸੀ। ਮੈਂ 1974-76 ‘ਚ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ (ਸ਼੍ਰੋਮਣੀ ਗੁ. ਪ੍ਰ. ਕਮੇਟੀ) ਵਿਚ ਜਦੋਂ ਸੰਗੀਤ ਦੀ ਮੁੱਢਲੀ ਸਿਖਲਾਈ ਪ੍ਰਾਪਤ ਕਰ ਰਿਹਾ ਸਾਂ ਤਾਂ ਹਫਤੇ ਬਾਅਦ ਛੁੱਟੀ ਵਾਲੇ ਦਿਨ ਵਾਹੋ-ਵਾਹੀ ਸ੍ਰੀ ਦਰਬਾਰ ਸਾਹਿਬ ਜੀ ਵਿਖੇ ਪੁੱਜ ਜਾਣਾ ਅਤੇ ਭਾਈ ਬਲਬੀਰ ਸਿੰਘ ਜੀ ਰਾਗੀ ਜਥੇ ਦੀ ਡਿਊਟੀ ਦਾ ਬੇਸਬਰੀ ਨਾਲ ਇੰਤਜ਼ਾਰ ਕਰਨਾ। ਆਪ ਜੀ ਡਿਊਟੀ ‘ਤੇ ਬੈਠਦੇ ਹੀ ਪਰੰਪਰਕ ਸ਼ੈਲੀ ਅਨੁਸਾਰ ਧਰੁਪਦ, ਧਮਾਰ, ਜਾਂ ਕਿਸੇ ਵੱਡੇ ਤਾਲ ਅਤੇ ਵਕਤੀ ਰਾਗ ਮੁਤਾਬਕ ਕੀਰਤਨ ਦੀ ਆਰੰਭਤਾ ਕਰਕੇ ਸੁੰਨ ਪਾ ਦਿੰਦੇ, ਆਪ ਦੇ ਭਰਾਤਾ ਭਾਈ ਮਹਿੰਦਰ ਸਿੰਘ ਵੱਲੋਂ ਜੋੜੀ ਦਾ ਸਾਥ ਕਮਾਲਾਂ ਭਰਿਆ ਹੁੰਦਾ ਸੀ ਜਿਸ ਦਾ ਕੋਈ ਤੋੜ ਹੀ ਨਹੀਂ ਸੀ। ਭਾਈ ਮਹਿੰਦਰ ਸਿੰਘ ਵਾਂਗ ਚੌਕੰਨੇ ਹੋ ਕੇ ਤਬਲਾ ਵਜਾਉਂਦਾ ਮੈਂ ਨਹੀਂ ਕੋਈ ਡਿੱਠਾ। ਭਾਈ ਸਾਹਿਬ ਭਾਈ ਬਲਬੀਰ ਸਿੰਘ ਜੀ ਦੇ ਧੁਰ ਅੰਦਰ ਰਾਗਾਂ, ਤਾਲਾਂ, ਬੰਧਸ਼ਾਂ ਦਾ ਕੋਈ ਅਮੁੱਕ ਖਜ਼ਾਨਾ ਸਮੋਇਆ ਹੋਇਆ ਹੈ। ਮੌਜੂਦਾ ਵਕਤ ਸ਼ਾਇਦ ਹੀ ਕਿਸੇ ਪਾਸ ਗੁਰਮਤਿ ਸੰਗੀਤ ਦੀ ਇਤਨੀ ਧਰੋਹਰ ਹੋਵੇ। ਇਕ ਗੱਲ ਖਾਸ ਜੋ ਕਿ ਮੈਂ ਕਹਿਣ ਲੱਗਾ ਝਿਜਕਾਂਗਾ ਨਹੀਂ ਉਹ ਇਹ ਸੀ ਕਿ ਭਾਈ ਸਾਹਿਬ ਜੀ ਦੀ ਸਮੁੱਚੀ ਹੀ ਗਾਇਕੀ ਉਪਰ ਪਾਕਿਸਤਾਨ ਦੀ ਸੁਪ੍ਰਸਿੱਧ ਗਾਇਕਾ ਇਕਬਾਲ ਬਾਨੋਂ ਦਾ ਡਾਹਢਾ ਪ੍ਰਭਾਵ ਤੇ ਛਾਪ ਹੈ। ਆਪ ਜਦੋਂ ਵੀ ਖੁੱਭ ਕੇ ਆਵਾਜ਼ ਲਗਾਉਂਦੇ ਹਨ ਤਾਂ ਸੁਣਨ ਵਾਲੇ ਅਸਲੀ ਸਰੋਤੇ ਦੇ ਅੰਦਰ ਇਕ ਧੂਹ ਜਿਹੀ ਪੈ ਜਾਂਦੀ ਹੈ, ਔਰ ਇਹ ਉਹ ਹੀ ਅਲਾਪਕਾਰੀਆਂ ਨੇ ਜਿਹੜੀਆਂ ਮੁੱਦਤਾਂ ਤੋਂ ਸ੍ਰੀ ਦਰਬਾਰ ਸਾਹਿਬ ਜੀ ਦੇ ਧੁਰ ਅੰਦਰੋਂ ਗੂੰਜਦੀਆਂ ਰਹੀਆਂ ਨੇ, ਪਰ ਅਫ਼ਸੋਸ ਕਿ ਅੱਜ-ਕੱਲ੍ਹ ਉਹ ਰਿਆਜ਼ੀ ਲਚਕਦਾਰ ਤੇ ਖ਼ੁਦਾਈ ਆਵਾਜ਼ਾਂ ਖਵਰੇ ਕਿਥੇ ਗੁੰਮ ਹੋ ਗਈਆਂ ਨੇ, ਖ਼ੈਰ! ਇਹ ਤਾਂ ਸਾਡੇ ਸਤਿਕਾਰਤ ਪ੍ਰਬੰਧਕ ਹੀ ਦੱਸ ਸਕਦੇ ਨੇ? ਆਪ ਦੇ ਕਾਲ ਦੌਰਾਨ ਵੀ ਸ੍ਰੀ ਦਰਬਾਰ ਸਾਹਿਬ ਵਿਖੇ ਅੰਤਾਂ ਦੇ ਗੁਣੀ ਜਨ ਚੋਟੀ ਦੇ ਰਾਗੀ ਜਥੇ ਰਹੇ ਨੇ, ਮਿਸਾਲ ਵਜੋਂ ਭਾਈ ਹਰੀ ਸਿੰਘ ਮਰਹੂਮ ਸ਼ਖਸੀਅਤ, ਭਾਈ ਬਲਦੇਵ ਸਿੰਘ ਪ੍ਰਿੰਸੀਪਲ, ਮਰਹੂਮ ਭਾਈ ਅਮਰੀਕ ਸਿੰਘ, ਮਰਹੂਮ ਤੇ ਘਾਗ ਰਾਗੀ ਭਾਈ ਬਖਸ਼ੀਸ਼ ਸਿੰਘ, ਭਾਈ ਗੁਰਮੇਲ ਸਿੰਘ, ਮਰਹੂਮ ਭਾਈ ਪ੍ਰਿਥੀਪਾਲ ਸਿੰਘ ਮਹੂ ਵਾਲੇ ਇਤਿਆਦਕ, ਯਾਨੀ ਕਿ ਸਭ ਦੇ ਸਭ ਹੀ ਰਾਗੀ ਜੱਥੇ ਆਪੋ-ਆਪਣੇ ਫਨ ਵਿਚ ਪਰਪੱਕ ਸਨ, ਲੇਕਿਨ ਇਹ ਵੀ ਇਕ ਨੰਗਾ ਸੱਚ ਹੈ ਕਿ ਇਨ੍ਹਾਂ ਹੀ ਦਹਾਕਿਆਂ ਵਿਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਚਲ ਰਹੀ ਸਦੀਆਂ ਪੁਰਾਣੀ ਗੁਰਮਤਿ ਸ਼ੈਲੀ ਨੂੰ ਜਿਵੇਂ ਇੱਕੋ-ਇਕ ਸਾਧਾਰਨ ਰਾਗੀ ਜਥੇ ਰਾਹੀਂ ਢਾਹ ਲਾਈ ਗਈ ਤੇ ਕਿਵੇਂ ਵਕਤੀ ਪ੍ਰਬੰਧਕਾਂ ਦੀ ਬੇਲੋੜੀ ਦਖਲ-ਅੰਦਾਜ਼ੀ ਨਾਲ ਮਰਿਆਦਾ ਦਾ ਘਾਣ ਕੀਤਾ ਗਿਆ, ਇਹ ਇਕ ਵੱਖਰਾ ਵਿਸ਼ਾ ਹੈ, ਜਿਸ ਬਾਰੇ ਮੈਂ ਕਿਸੇ ਅਲੱਗ ਲੇਖ ‘ਚ ਜ਼ਰੂਰ ਜ਼ਿਕਰ ਕਰਾਂਗਾ। ਖ਼ੈਰ! ਮੈਂ ਆਪਣੇ ਮੂਲ ਵਿਸ਼ੇ ਵੱਲ ਆਵਾਂ, ਅੱਜ ਦੀ ਸਦੀ ਵਿਚ ਇਕੋ ਇਕ ਭਾਈ ਬਲਬੀਰ ਸਿੰਘ ਜੀ ਜੀਵਤ ਕੀਰਤਨੀਏ ਨੇ ਜਿਨ੍ਹਾਂ ਨੂੰ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਮਾਮ ਹੀ ਇਕੱਤੀ ਰਾਗਾਂ ਅਤੇ ਉਪ-ਰਾਗਾਂ ਨੂੰ ਗਾਉਣ ‘ਚ ਮੁਹਾਰਤ ਹਾਸਲ ਹੈ, ਔਰ ਨਿਰੀ ਪੂਰੀ ਮੁਹਾਰਿਤ ਹੀ ਨਹੀਂ ਬਲਕਿ ਆਪ ਨੇ ਇਕੱਤੀ ਰਾਗਾਂ ਨੂੰ ਬਾਖੂਬੀ ਨਾਲ ਗਾਇਣ ਕਰਦਿਆਂ ਕੌਮ ਨੂੰ ਕੈਸਟਾਂ ਵੀ ਦਿੱਤੀਆਂ ਨੇ, ਅਜੇ ਹੁਣੇ-ਹੁਣੇ ਹੀ ਆਪ ਨੇ ਇਕ ਵਿਲੱਖਣ ਕਾਰਨਾਮਾ ਕੀਤਾ ਹੈ ਜੋ ਕਿ ਨਾਯਾਬ ਹੈ। ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਪੰਚਵੰਜਾ ਹੀ ਪੜਤਾਲਾਂ ਨੂੰ ਬਹੁਤ ਹੀ ਆਹਲਾ ਢੰਗ ਨਾਲ ਗਾਇਨ ਕਰਕੇ ਰਿਕਾਰਡ ਕਰਵਾ ਦਿਤਾ ਹੈ, ਜੋ ਕਿ ਗੁਰਮਤਿ ਸੰਗੀਤ ਅਤੇ ਸਿੱਖ ਪੰਥ ਨੂੰ ਆਪ ਦੀ ਵੱਡੀ ਤੇ ਦੁਰਲੱਭ ਦੇਣ ਹੈ। ਇਸ ਦੇ ਬਦਲੇ ਮੈਂ ਤਾਂ ਆਪ ਜੀ ਦਾ ਰੋਮ-ਰੋਮ ਤੋਂ ਰਿਣੀ ਹਾਂ, ਕਿਉਂਕਿ ਐਡੇ-ਐਡੇ ਵੱਡੇ ਕੰਮ ਕਰਨੇ ਸਾਡੇ ਜਿਹੇ ਹਾਰੀ-ਸਾਰੀ ਦਾ ਕੰੰਮ ਨਹੀਂ।
ਇਨ੍ਹਾਂ ਹੀ ਉਪਰੋਕਤ ਗੁਣਾਂ ਨੂੰ ਤੱਕਦਿਆਂ, ਭਾਈ ਬਲਬੀਰ ਸਿੰਘ ਜੀ ਨੂੰ ਹੁਣ ਤੱਕ ਵੱਖ-ਵੱਖ ਸੰਸਥਾਵਾਂ ਤੇ ਸਿਰਮੌਰ ਜਥੇਬੰਦੀਆਂ ਤਰਫ਼ੋਂ ਕੋਈ ਵੀਹ ਕੁ ਵਾਰ ਤਾਂ ਸ਼੍ਰੋਮਣੀ ਰਾਗੀ ਦਾ ਹੀ ਐਵਾਰਡ ਪ੍ਰਾਪਤ ਹੋ ਚੁੱਕੈ, ਜਿਨ੍ਹਾਂ ਵਿਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਭਾਸ਼ਾ ਵਿਭਾਗ ਪੰਜਾਬ ਸਰਕਾਰ ਅਤੇ ਸਾਬਕਾ ਰਾਸ਼ਟਰਪਤੀ ਕੇ.ਆਰ. ਨਾਰਾਇਣ ਵੱਲੋਂ ਵੀ ਸ਼੍ਰੋਮਣੀ ਐਵਾਰਡ ਦਿੱਤਾ ਹੋਇਆ ਸ਼ਾਮਲ ਹੈ। ਇਤਨੀ ਵਾਰ ਕਿਸੇ ਰਾਗੀ ਨੂੰ ਐਵਾਰਡਾਂ ਦਾ ਨਸੀਬ ਹੋਣਾ ਕੋਈ ਮਾੜੀ ਮੋਟੀ ਪ੍ਰਾਪਤੀ ਨਹੀਂ ਹੈ, ਔਰ ਇਹ ਸਭ ਭਾਈ ਸਾਹਿਬ ਦੀ ਕੀਤੀ ਹੋਈ ਬੇਹੱਦ ਮਿਹਨਤ ਤੇ ਲਗਨ ਦਾ ਸਿੱਟਾ ਹੈ। ਇਕ ਆਪ ਵਿਚ ਹੋਰ ਖਾਸ ਗੱਲ ਹੈ, ਆਪ ਬਿਲਕੁਲ ਫੱਕਰ ਕਿਸਮ ਦੇ ਦਰਵੇਸ਼ੀ ਇਨਸਾਨ ਨੇ। ਆਪ ਨੇ ਕਦੀ ਵੀ ਕਿਸੇ ਪ੍ਰਬੰਧਕ ਜਾਂ ਫਨੇ ਖਾਂਵਾਂ ਦੀ ਕਦੀ ਈਨ ਨਹੀਂ ਜੇ ਮੰਨੀ, ਬੱਸ ਇਹੋ ਹੀ ਸੁਭਾਅ ਰੱਖਿਆ ਕਿ ਪਰਵਾਹ ਨਾਹੀ ਕਿਸੇ ਕੇਰੀ ਬਾਝੁ ਸਚੈ ਨਾਹਿ  ਆਪ ਜੀ ਜਿਥੇ ਸਟੇਜ ਦੇ ਧਨੀ ਹਨ, ਉਥੇ ਬੋਲਦੇ ਵੀ ਬੇਬਾਕੀ ਨਾਲ ਹਨ। ਮੈਂ ਆਪ ਜੀ ਨੂੰ ਬਚਪਨ ਤੋਂ ਹੀ ਵੇਂਹਦਾ ਆਇਆਂ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਦਰਬਾਰ ਸਾਹਿਬ ਵੱਲੋਂ ਸਦੀਆਂ ਪੁਰਾਣੀ ਪਰੰਪਰਾ ਮੁਤਾਬਿਕ ਜੋ ਹਰ ਸਾਲ ਅਕਤੂਬਰ ਮਹੀਨੇ ‘ਚ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਮੇਂ ਜੋ ਮੰਜੀ ਸਾਹਿਬ ਹਾਲ ਦੀਵਾਨ ਵਿਖੇ ਨਿਰਧਾਰਤ ਰਾਗਾਂ ‘ਚ ਕੀਰਤਨ ਦਰਬਾਰ ਕਰਵਾਇਆ ਜਾਂਦਾ ਹੈ, ਆਪ ਦਾ ਇਸ ਰਾਗ ਦਰਬਾਰ ‘ਚ ਸ਼ਾਮਲ ਹੋਣਾ ਜ਼ਰੂਰੀ ਸਮਝਿਆ ਜਾਂਦਾ ਰਿਹਾ ਹੈ ਅਤੇ ਜਦੋਂ ਵੀ ਆਪ ਦਾ ਟਾਈਮ ਹੁੰਦਾ ਹੈ ਤਾਂ ਤਮਾਮ ਸੰਗਤਾਂ ਵਿਚ ਖੁਸ਼ੀ ਦੀ ਲਹਿਰ ਦੌੜ ਪੈਂਦੀ ਹੈ, ਕਿ ਹੁਣ ਅਨੰਦ ਬਣੇਗਾ, ਕਿਉਂਕਿ ਭਾਈ ਬਲਬੀਰ ਸਿੰਘ ਜੋ ਆ ਗਏ ਨੇ ਤੇ ਫਿਰ ਭਾਈ ਬਲਬੀਰ ਸਿੰਘ ਹੁਰਾਂ ਨੇ ਵੀ ਸੰਗਤਾਂ ਦਾ ਕਦੀ ਹੱਕ ਨਹੀਂ ਰੱਖਿਆ। ਜਦੋਂ ਵੀ ਆਪ ਸਟੇਜ ਦਾ ਸ਼ਿੰਗਾਰ ਬਣਣੇ ਹਨ ਤਾਂ ਕੇਹਰੀ ਸ਼ੇਰ ਦੀ ਤਰ੍ਹਾਂ ਗੜਗੱਜਾਂ ਪਾਉਂਦੇ ਹੋਏ ਛਾਅ ਜਿਹੇ ਜਾਂਦੇ ਨੇ। ਫਿਰ ਤਮਾਮ ਸੰਗਤਾਂ ਜੈਕਾਰਿਆਂ ਦੀ ਗੂੰਜ ਨਾਲ ਆਪ ਜੀ ਦੀ ਹੋਰ ਜ਼ਿਆਦਾ ਹੌਂਸਲਾ ਅਫਜ਼ਾਈ ਕਰਦੀਆਂ ਨਜ਼ਰ ਆਉਂਦੀਆਂ ਨੇ।
ਆਪ ਇਸ ਸਮੇਂ ਤੇਹਤਰਾਂ ਚੌਹਤਰਾਂ ਵਰ੍ਹਿਆਂ ਦੇ ਹੋ ਗਏ ਨੇ, ਪ੍ਰੰਤੂ ਆਵਾਜ਼ ਦੀ ਬੁਲੰਦੀ ਵਿਚ ਅਜੇ ਰਤਾ ਭਰ ਵੀ ਫ਼ਰਕ ਨਹੀਂ ਜੇ ਪਿਆ। ਅਜੇ ਵੀ ਸਿੱਖ ਸੰਗਤਾਂ ਦੀ ਮੰਗ ਉੱਪਰ ਗਾਹੇ ਬਗਾਹੇ ਕੀਰਤਨ ਦੀ ਸੇਵਾ ਕਰਨ ਲਈ ਟੁਰ ਜਾਂਦੇ ਨੇ। ਸਰੀਰ ਭਾਵੇਂ ਕੁਝ ਆਪ ਜੀ ਦਾ ਭਾਰੀ ਹੋ ਗਿਆ ਹੈ, ਪ੍ਰੰਤੂ ਆਪ ਦੀ ਹਿੰਮਤ ਵਿਚ ਕੋਈ ਫ਼ਰਕ ਨਹੀਂ ਪਿਆ। ਸਦਾ ਚੜ੍ਹਦੀ ਕਲਾ ‘ਚ ਹੀ ਰਹਿੰਦੇ ਨੇ। ਭਾਵੇਂ ਆਪ ਦੇ ਨਾਲੋਂ ਦੋਵੇਂ ਹੀ ਭਰਾਤਾ ਸਦਾ ਲਈ ਵਿਛੜ ਚੁੱਕੇ ਨੇ ਅਤੇ ਆਪ ਉਨ੍ਹਾਂ ਦਾ ਘਾਟਾ ਵੀ ਬਥੇਰਾ ਮਹਿਸੂਸ ਕਰਦੇ ਨੇ, ਪਰ ਰੱਬੀ ਰਜ਼ਾ ਨੂੰ ਮੰਨਦਿਆਂ ਕੀਰਤਨ ‘ਚ ਖੜੋਤ ਨਹੀਂ ਜੇ ਆਉਣ ਦਿੱਤੀ, ਆਪ ਦੀ ਪਰਿਵਾਰਕ ਪੀੜ੍ਹੀ ਦੇ ਰੌਸ਼ਿਨ-ਏ-ਚਿਰਾਗ ਆਪ ਦੇ ਫਰਜ਼ੰਦ (ਪੁੱਤਰ) ਭਾਈ ਬਹਾਦਰ ਸਿੰਘ ਅਤੇ ਭਾਈ ਸੌਦਾਗਰ ਸਿੰਘ ਆਪ ਦੇ ਹੀ ਪਦ੍ਹ ਚਿੰਨ੍ਹਾਂ ‘ਤੇ ਟੁਰਦੇ ਹੋਏ ਤਨਦੇਹੀ ਨਾਲ ਕੀਰਤਨ ਕਰਨ ‘ਚ ਜੁੱਟੇ ਹੋਏ ਨੇ। ਰੱਬ ਕਰੇ! ਆਪ ਆਪਣੇ ਗੁਣੀਂ ਬਾਪ ਦੇ ਪਾਏ ਹੋਏ ਪੂਰਨਿਆਂ ਉੱਤੇ ਟੁਰ ਕੇ ਸਿੱਖ ਪੰਥ ਦੀ ਸੇਵਾ ‘ਚ ਤਨਦੇਹੀ ਨਾਲ ਜੁੱਟੇ ਰਹਿਣ, ਮੇਰੀ ਇਹ ਦੁਆ ਹੈ। J


Comments Off on ਭਾਈ ਬਲਬੀਰ ਸਿੰਘ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.