ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ !    ਗਰੀਨ ਕਾਰਡ: ਅਮਰੀਕਾ ਵਿੱਚ ਲਾਗੂ ਹੋਿੲਆ ਨਵਾਂ ਕਾਨੂੰਨ !    

ਭਾਈ ਬਖਸ਼ੀਸ਼ ਸਿੰਘ

Posted On October - 9 - 2010

ਗੁਰਮਤਿ ਸੰਗੀਤ ਦੇ ਅਨਮੋਲ ਰਤਨ-18

ਭਾਈ ਨਿਰਮਲ ਸਿੰਘ ਖਾਲਸਾ

ਉਸਤਾਦ ਕੀਰਤਨੀਏ ਅਤੇ ਮਹਾਂ-ਬੁਲੰਦ ਆਵਾਜ਼ ਦੇ ਮਾਲਕ ਭਾਈ ਸਾਹਿਬ ਭਾਈ ਬਖਸ਼ੀਸ਼ ਸਿੰਘ ਦਾ ਜਨਮ ਆਪਣੇ ਨਾਨਕੇ ਪਿੰਡ ਮੱਖਣ ਵਿੰਡੀ (ਅੰਮ੍ਰਿਤਸਰ) ਵਿਖੇ  29 ਜੂਨ, 1933 ਨੂੰ ਹੋਇਆ। ਭਾਈ ਸਾਹਿਬ ਦੇ ਸਤਿਕਾਰਤ ਪਿਤਾ ਭਾਈ ਕਿਰਪਾਲ ਸਿੰਘ ਖ਼ੁਦ ਵੀ ਉੱਚ-ਕੋਟੀ ਦੇ ਕੀਰਤਨੀਏ ਸਨ। ਮਾਤਾ ਰਾਮ ਕੌਰ ਦੀ ਸੁਲੱਖਣੀ ਕੁੱਖ ਤੋਂ ਪੈਦਾ ਹੋਏ। ਇੰਜ ਕਰਕੇ ਆਪ ਆਪਣੇ ਦਾਦਕਾ ਪਿੰਡ ਸੈਦੋਲੇਲਾ (ਅੰਮ੍ਰਿਤਸਰ) ਵਿਖੇ ਜਵਾਨ ਹੋਏ। ਇਸ ਪਲੇਠੀ ਦੇ ਪੁੱਤਰ ਨੇ ਜਿਹੜਾ ਨਾਮਣਾ ਕਮਾਇਆ ਉਹ ਕਿਸੇ ਤੋਂ ਛੁਪਾਇਆ ਨਹੀਂ ਜਾ ਸਕਦਾ। ਛੇ ਫੁੱਟ ਲੰਮੇ ਕੱਦ ਅਤੇ ਸਾਫ ਰੰਗ ਵਾਲੇ ਭਾਈ ਸਾਹਿਬ ਚੌਹਾਂ ਭਰਾਵਾਂ ਤੇ ਤਿੰਨਾਂ ਭੈਣਾਂ ਦੇ ਭਰਾਤਾ ਸਨ। ਆਪ ਸਰੀਰਕ ਤੌਰ ਉਤੇ ਬੜੇ ਚੁਸਤ-ਫੁਰਤ ਤੇ ਗਠੀ ਹੋਈ ਡੀਲ-ਡੌਲ ਦੇ ਮਾਲਕ  ਸਨ। ਆਪ ਮਿਲਾਪੜੇ, ਮਿਠ-ਬੋਲੜੇ, ਅਤਿ ਦੀ ਹਲੀਮੀ ਤੇ ਸਾਦਗੀ ਪਸੰਦ, ਸਿਰੜੀ, ਮਿਹਨਤੀ ਅਤੇ ਉਤਸ਼ਾਹੀ ਹੋਣ ਦੇ ਨਾਲ-ਨਾਲ ਅਤਿ ਪ੍ਰਭਾਵਸ਼ਾਲੀ ਦਿੱਖ ਵਾਲੇ ਵੀ ਸਨ। ਪਰ ਕੁਝ ਮੂਡੀ ਵੀ ਸਨ। ਭਾਈ ਬਖਸ਼ੀਸ਼ ਸਿੰਘ ਨੇ 1954 ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਗਿਆਨੀ ਦੀ ਡਿਗਰੀ ਹਾਸਲ ਕੀਤੀ। ਪਰ ਸੰਗੀਤਕ ਤਾਲੀਮ ਆਪ ਨੇ ਕੋਈ ਵਿਧੀ-ਵਿਧਾਨ ਪੂਰਬਕ ਕਿਸੇ ਸੰਸਥਾ ਜਾਂ ਵਿਦਿਆਲੇ ਤੋਂ ਨਹੀਂ ਲਈ ਬਲਕਿ ਸੰਗੀਤਕ ਗੁੜ੍ਹਤੀ ਆਪ ਨੂੰ ਆਪਣੇ ਪਿਤਾ ਅਤੇ ਦਾਦਾ ਪਾਸੋਂ ਹੀ ਵਿਰਸੇ ’ਚ ਪ੍ਰਾਪਤ ਹੋਈ ਸੀ। ਠੀਕ ਇੰਜ ਹੀ ਉਨ੍ਹਾਂ ਦੇ ਭਰਾਤਾ ਰਾਗੀ ਗੁਰਦੀਪ ਸਿੰਘ  ਨੇ ਵੀ ਘਰੋਂ ਹੀ ਸੰਗੀਤ ਦੀ ਦਾਤ ਪ੍ਰਾਪਤ ਕੀਤੀ। ਭਾਈ ਸਾਹਿਬ ਨੇ ਇਕ ਵਾਰ ਬਾਲ ਅਵਸਥਾ ’ਚ ਜਦ ਪਿਤਾ ਕ੍ਰਿਪਾਲ ਸਿੰਘ ਅਤੇ ਦਾਦਾ ਰਾਗੀ ਜਵਾਲਾ ਸਿੰਘ ਨਾਲ ਕੀਰਤਨ ਕਰਦਿਆਂ, ਸੰਤ ਬਾਬਾ ਜਵਾਲਾ ‘ਹਰਖੋਵਾਲ’ ਵਾਲਿਆਂ ਸਨਮੁੱਖ ਮਾਈ ਗੁਰਚਰਣੀ ਚਿਤੁ ਲਾਈਐ ਸ਼ਬਦ ਨੂੰ ਬਹੁਤ ਹੀ ਮੰਤਰ ਮੁਗਧ ਹੋ ਉੱਚੇ ਸੁਰ ’ਚ ਗਾਇਆ ਤਾਂ ਮਹਾਂਪੁਰਸ਼ਾਂ ਨੇ ਸਿਰ ਪਲੋਸਦਿਆਂ ਅਤੇ ਥਾਪੜਾ ਦੇਂਦਿਆਂ ਕਿਹਾ ਕਿ ਇਹ ਬਾਲ ਵਡੇਰਾ ਹੋ ਕੇ ਗੁਰੂ ਘਰ ਦਾ ਨਾਮੀ ਕੀਰਤਨੀਆਂ ਬਣੇਗਾ। ਇਸ ਤੋਂ ਬਾਅਦ ਭਾਈ ਸਾਹਿਬ ਨੇ ਆਪਣੇ ਪਿਤਾ ਤੇ ਦਾਦਾ ਦੀ ਦੇਖ-ਰੇਖ ਹੇਠ ਸੰਗੀਤ ਵਿਦਿਆ ਦੀ ਸਾਧਨਾ ਕਰਨੀ ਆਰੰਭ ਕਰ ਦਿੱਤੀ। ਇਹ ਵੀ ਸੱਚ ਹੈ ਕਿ ਭਾਈ ਸਾਹਿਬ ਨੇ ਬਕਾਇਦਗੀ ਨਾਲ ਗੁਰਬਾਣੀ ਸੰਥਿਆ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦੇ ਰਾਗੀ ਭਾਈ ਰਣਜੀਤ ਸਿੰਘ ਕੋਲੋਂ ਪ੍ਰਾਪਤ ਕੀਤੀ। ਇਥੇ ਇਹ ਗੱਲ ਵਿਸ਼ੇਸ਼ ਕਰਕੇ ਜ਼ਿਕਰਯੋਗ ਹੈ ਕਿ ਭਾਈ ਸਾਹਿਬ ਦੀ ਗੁਰਬਾਣੀ ਸ਼ਬਦ ਉਚਾਰਣ ਉੱਤੇ ਅਤਿ ਦੀ ਪਕੇਰੀ ਪਕੜ ਸੀ ਜੋ ਕਿ ਸਹਿਜਤਾ ਨਾਲ ਹੀ ਸਰੋਤੇ ਦੇ ਅੰਦਰ ਤੱਕ ਲਹਿ ਜਾਂਦੀ ਸੀ। ਆਪ ਦੇ ਸਰੋਤਿਆਂ ਦੀ ਗਿਣਤੀ ਵਿਚ ਸਾਧਾਰਨ ਸੰਗਤ ਤੋਂ ਲੈ ਕੇ ਵੱਡੇ-ਵੱਡੇ ਰਜਵਾੜਿਆਂ, ਜਾਗੀਰਦਾਰਾਂ, ਸਰਮਾਏਦਾਰਾਂ, ਰਾਜਿਆਂ, ਮਹਾਂਰਾਜਿਆਂ ਅਤੇ ਸਰਕਾਰ ਦਰਬਾਰ ਤੱਕ ਦੇ ਸਰੋਤਿਆਂ ਤੱਕ ਸੀ। ਸ੍ਰੀਮਾਨ ਸੰਤ ਬਾਬਾ ਫਤਹਿ ਸਿੰਘ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਆਪ ਨੂੰ ਵਿਸ਼ੇਸ਼ ਮਾਣ ਦਿੰਦੇ ਰਹੇ ਨੇ। ਤਕਰੀਬਨ ਪੰਦਰਾਂ ਕੁ ਸਾਲ ਦੀ ਆਯੂ ਵਿਚ ਭਾਈ ਸਾਹਿਬ ਦੀ ਸ਼ਾਦੀ ਪਿੰਡ ਸਖੀਰਾ ਜ਼ਿਲਾ (ਅੰਮ੍ਰਿਤਸਰ) ਦੀ ਬੀਬੀ ਮਹਿੰਦਰ ਕੌਰ ਨਾਲ ਹੋਈ। ਦੋ ਪੁੱਤਰਾਂ ਅਤੇ ਚਾਰ ਬੇਟੀਆਂ ਵਾਲੇ ਭਾਈ ਸਾਹਿਬ ਦਾਦਾ ਤੇ ਨਾਨਾ ਵੀ ਅਖਵਾਏ। ਆਪ ਨੇ ਆਪਣੇ ਵੱਡੇ ਸਪੁੱਤਰ ਕੁਲਦੀਪ ਸਿੰਘ ਨੂੰ ਬਕਾਇਦਾ ਤਬਲੇ ਦੀ ਤਾਲੀਮ ਦਿਵਾਈ ਅਤੇ ਆਪਣੇ ਜਥੇ ਵਿਚ ਗ਼ਾਹੇ-ਬਗ਼ਾਹੇ ਸੇਵਾ ਵੀ ਲਈ। ਆਪ ਨੇ ਆਪਣੇ ਸਾਰੇ ਹੀ ਬੱਚਿਆਂ ਨੂੰ ਆਹਲਾ ਤਾਲੀਮ ਦਿਵਾਈ ਜਿੱਥੇ ਆਪ ਦਾ ਇਕ ਸਪੁੱਤਰ ਡਾਕਟਰ ਸੁਖਮਿੰਦਰ ਸਿੰਘ ਐਮ.ਡੀ., ਮੈਡੀਸਨ ਹੈ, ਉਥੇ ਇਕ ਪੁੱਤਰੀ ਜਸਬੀਰ ਕੌਰ ਪ੍ਰਿੰਸੀਪਲ ਮਨਜੀਤ ਕੌਰ ਬੈਂਕ ਅਫ਼ਸਰ, ਸੁਰਿੰਦਰ ਕੌਰ ਤੇ ਰਾਜਿੰਦਰ ਕੌਰ ਦੋਵੇਂ ਹੀ ਕਾਲਜ ਪ੍ਰੋਫੈਸਰ ਨੇ। ਆਪ ਦੀ ਪੁੱਤਰੀ ਰਾਜਿੰਦਰ ਕੌਰ ਆਪ ਦੇ ਹੀ ਪਦ ਚਿੰਨ੍ਹਾਂ ’ਤੇ ਟੁਰਦੀ ਹੋਈ ਸੰਗੀਤ ਜਗਤ ਨਾਲ ਜੁੜੀ ਹੋਈ ਹੈ ਜੋ ਕਿ ਮੇਰੀ ਜਾਚੇ ਅਤਿ ਦੀ ਸੁਰੀਲੀ ਆਵਾਜ਼ ਦੀ ਮਾਲਕ ਹੈ। ਭਾਈ ਬਖਸ਼ੀਸ਼ ਸਿੰਘ ਨੇ ਬਤੌਰ ਹਜ਼ੂਰੀ ਰਾਗੀ ਜਥਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਇਲਾਵਾ ਬਾਬਾ ਬਕਾਲਾ, ਤਰਨ ਤਾਰਨ ਸਾਹਿਬ, ਸ੍ਰੀ ਅਨੰਦਪੁਰ ਸਾਹਿਬ, ਮੁਕਤਸਰ ਸਾਹਿਬ ਅਤੇ ਦੂਖ ਨਿਵਾਰਨ ਪਟਿਆਲਾ ਵਿਖੇ ਵੀ ਤਨਦੇਹੀ ਨਾਲ ਸੇਵਾ ਕੀਤੀ।
ਹਿੰਦੁਸਤਾਨ ਭਰ ਦੀਆਂ ਅਨੇਕਾਂ ਥਾਵਾਂ ਤੋਂ ਇਲਾਵਾ, ਪਾਕਿਸਤਾਨ ਤੇ ਕੈਨੇਡਾ ਦੀਆਂ ਸੰਗਤਾਂ ਵਿਚ ਵੀ ਵਿਚਰਦਿਆਂ ਵਾਹ-ਵਾਹ ਲੁੱਟੀ।

ਭਾਈ ਸਾਹਿਬ  ਇਨਾਮਾਂ-ਸਨਮਾਨਾਂ ਦੀ ਚਾਹਤ ਤੋਂ ਬਹੁਤ ਉਪਰ ਸਨ। ਸਿੱਖ ਸੰਗਤਾਂ ’ਚੋਂ ਮਿਲਿਆ ਮਾਣ-ਸਨਮਾਨ ਹੀ ਉਨ੍ਹਾਂ ਲਈ ਸਭ ਤੋਂ ਵੱਡੀ ਜਾਗੀਰ ਸੀ। ਬੜੀ ਹੀ ਹਲੀਮੀ ਤੇ ਨੀਵੇਂ ਮਨ ਨਾਲ ਉਹ ਹਮੇਸ਼ਾਂ ਆਪਣੇ ਆਪ ਨੂੰ ਗੁਰੂ-ਘਰ ਦਾ ਕੂਕਰ ਤੇ ਢਾਡੀ ਹੀ ਆਖਦੇ ਸਨ। ਪ੍ਰੰਤੂ ਫਿਰ ਵੀ ਸਮੇਂ ਦੀਆਂ ਸਰਕਾਰਾਂ, ਧਾਰਮਿਕ ਜਥੇਬੰਦੀਆਂ, ਫੈਡਰੇਸ਼ਨਾਂ ਅਤੇ ਸੁਸਾਇਟੀਆਂ ਵੱਲੋਂ ਆਪ  ਨੂੰ ਮਾਣ ਪੱਤਰਾਂ ਅਤੇ ਸਨਮਾਨ ਚਿੰਨਾਂ ਦੁਆਰਾ ਕਈ ਕੁ ਵਾਰ ਨਿਵਾਜਿਆ ਗਿਆ। ਪੰਜਾਬ ਸਰਕਾਰ ਵੱਲੋਂ ਭਾਈ ਮਰਦਾਨਾ ਦੀ ਪਲੇਠੀ ਪ੍ਰਤੀਯੋਗਤਾ ਸਮੇਂ ਆਪ ਨੂੰ ਭਾਈ ਮਰਦਾਨਾ ਐਵਾਰਡ ਨਾਲ ਸਨਮਾਨਿਆ ਗਿਆ। ਭਾਸ਼ਾ ਵਿਭਾਗ ਪੰਜਾਬ ਵੱਲੋਂ ਵੀ ਆਪ ਨੂੰ ਸ਼੍ਰੋਮਣੀ ਰਾਗੀ ਐਵਾਰਡ ਨਾਲ ਨਿਵਾਜਿਆ ਗਿਆ। ਪੰਜਾਬ, ਪੰਜਾਬੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਬਾਬਾ ਫਰੀਦ ਮੈਮੋਰੀਅਲ ਸੁਸਾਇਟੀ, ਗੁਰੂ ਨਾਨਕ ਫਾਊਂਡੇਸ਼ਨ, ਕੈਨੇਡਾ ਅਤੇ ਪਾਕਿਸਤਾਨ ਦੀਆਂ ਕਈ ਕਮੇਟੀਆਂ ਅਤੇ ਜਥੇਬੰਦੀਆਂ ਵੱਲੋਂ ਵੀ ਆਪ ਦਾ ਵਿਸ਼ੇਸ਼ ਮਾਣ-ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਪ੍ਰਸਾਰ ਭਾਰਤੀ ਵੱਲੋਂ ਰੇਡੀਓ ਸਟੇਸ਼ਨ ਜਲੰਧਰ, ਦਿੱਲੀ, ਸ੍ਰੀਨਗਰ, ਚੰਡੀਗੜ੍ਹ ਤੇ ਸ਼ਿਮਲਾ ਤੋਂ ਵੀ ਅਨੇਕਾਂ ਵਾਰ ਕੀਰਤਨ ਕਰਦੇ ਰਹੇ। 1962 ਤੋਂ ਲੈ ਕੇ 1989 ਤੱਕ ਨਿਰੰਤਰ ਹਰ ਮਹੀਨੇ ਜਲੰਧਰ ਰੇਡੀਓ ਸਟੇਸ਼ਨ ਤੋਂ ਉਹ ਗਾਉਂਦੇ ਰਹੇ ਅਤੇ ਬੜੀ ਦੇਰ ਤੱਕ ਹਰ ਐਤਵਾਰ ਇਸੇ ਹੀ ਰੇਡੀਓ ਸਟੇਸ਼ਨ ਤੋਂ ਆਪ ਦੀ ਆਸਾ ਦੀ ਵਾਰ ਵੀ ਪ੍ਰਸਾਰਿਤ ਹੁੰਦੀ ਰਹੀ। ਦਿੱਲੀ ਦੂਰਦਰਸ਼ਨ ਤੋਂ ‘ਗਾਵਹੁ ਸਾਚੀ ਬਾਣੀ’ ਸਿਰਲੇਖ ਹੇਠ ਉਨ੍ਹਾਂ ਦੀ ਕਾਫ਼ੀ ਰਿਕਾਰਡਿੰਗ ਵੀ ਹੋਈ। ਰੇਡੀਓ ਤੇ ਟੀ.ਵੀ. ਦੇ ਉਹ ‘ਏ’ ਕਲਾਸ ਦੇ ਆਰਟਿਸਟ ਸਨ। ਭਾਈ ਬਖਸ਼ੀਸ਼ ਸਿੰਘ ਦੇ ਸਹਾਇਕ ਸਾਜਿੰਦੇ ਅੱਜ ਚੰਗੇ ਮੁਕਾਮ ’ਤੇ ਹਨ, ਜਿਨ੍ਹਾਂ ਵਿਚੋਂ ਰਾਗੀ ਭਾਈ ਗੁਰਦੀਪ ਸਿੰਘ, ਭਾਈ ਸੁਰਜੀਤ ਸਿੰਘ ਯੂ.ਐਸ.ਏ., ਭਾਈ ਕੁਲਵੰਤ ਸਿੰਘ, ਭਾਈ ਸੰਤੋਖ ਸਿੰਘ, ਭਾਈ ਬਲਦੇਵ ਸਿੰਘ, ਭਾਈ ਦੇਵਿੰਦਰ ਸਿੰਘ ਸੋਢੀ, ਭਾਈ ਹਰਜੀਤ ਸਿੰਘ, ਭਾਈ ਜਾਗੀਰ ਸਿੰਘ, ਭਾਈ ਕਿਰਪਾਲ ਸਿੰਘ, ਭਾਈ ਪਰਮਜੀਤ ਸਿੰਘ ਅਤੇ ਭਾਈ ਜਬਰਜੰਗ ਸਿੰਘ ਆਦਿਕ, ਇੰਜ ਹੀ ਭਾਈ ਸੁਖਦੇਵ ਸਿੰਘ, ਭਾਈ ਰਣਧੀਰ ਸਿੰਘ ਅਤੇ ਭਾਈ ਕੁਲਵੰਤ ਸਿੰਘ ਪਰਭਾਤ, ਉਨ੍ਹਾਂ ਨੂੰ ਗਾਉਣ ਦੀ ਕੋਸ਼ਿਸ਼ ਦਾ ਮਾਣ ਲੈ ਰਹੇ ਹਨ। ਇੰਜ ਹੀ ਆਪ ਵੱਲੋਂ ਕਈ ਕੰਪਨੀਆਂ ਜਿਵੇਂ ਕਿ ਐਚ.ਐਮ.ਵੀ., ਈ.ਆਈ.ਐਮ. ਨੇ ਆਪ ਦੇ ਬਹੁਤ ਸਾਰੇ ਸ਼ਬਦ ਰਿਕਾਰਡ ਕਰਵਾ ਕੇ ਘਰ-ਘਰ ਪਹੁੰਚਾਏ, ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਐਸ. ਮਹਿੰਦਰ ਵੱਲੋਂ ਵੀ ਨੌਵੀਂ ਪਾਤਸ਼ਾਹੀ ਦੇ ਦੋ ਸ਼ਬਦ ਨਿਰਧਾਰਤ ਰਾਗਾਂ ਵਿਚ ਰਿਕਾਰਡ ਕੀਤੇ। ਭਾਈ ਬਖਸ਼ੀਸ਼ ਸਿੰਘ  ਦੀਆਂ ਬਹੁਤ ਸਾਰੀਆ ਆਡੀਓ ਕੈਸਿਟਾਂ ਵੀ ਕਰਵਾਈਆਂ ਗਈਆਂ, ਜਿਨ੍ਹਾਂ ਦੀ ਗਿਣਤੀ ਪੰਜਾਹ ਦੇ ਕਰੀਬ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਇਕੇਰਾਂ ਡਾਹਢੀ ਦਿਲਚਸਪ ਘਟਨਾ ਵਾਪਰੀ। ਯੂਨੀਵਰਸਿਟੀ ਦੀ ਮੇਨ ਬਿਲਡਿੰਗ ਦਾ ਉਦਘਾਟਨ ਸਮਾਰੋਹ ਸੀ, ਜਿਸ ਵਿਚ ਭਾਈ ਸਾਹਿਬ  ਨੂੰ ਉਚੇਚੇ ਤੌਰ ’ਤੇ ਕੀਰਤਨ ਕਰਨ ਲਈ ਸੱਦਾ ਦਿੱਤਾ ਗਿਆ, ਉਸ ਵਕਤ ਪੰਜਾਬ ਦੇ ਗਵਰਨਰ ਜੋਗਿੰਦਰ ਪਾਲ ਪਾਂਡੇ ਨੇ ਉਦਘਾਟਨ ਕਰਨ ਦੀ ਰਸਮ ਅਦਾ ਕਰਨ ਲਈ ਆਉਣਾ ਸੀ। ਗਵਰਨਰ ਦੀ ਆਮਦ ਸਮੇਂ ਭਾਈ ਸਾਹਿਬ ਇਕ ਅਤਿ ਢੁੱਕਵਾਂ ਸ਼ਬਦ ਪੜ੍ਹ ਕੇ ਸੰਗਤਾਂ ਨੂੰ ਸਰਸ਼ਾਰ ਕਰ ਰਹੇ ਸਨ। ਸ਼ਬਦ ਸੀ ਆਜ ਮੋਰੇ ਆਏ ਹੈਂ, ਰਾਜਪਾਲ ਇਸ ਸ਼ਬਦ ਰੀਤ ਤੋਂ ਏਨੇ ਪ੍ਰਭਾਵਿਤ ਹੋਏ ਕਿ ਆਪ ਨੇ ਆਪਣੇ ਹੀ ਹੱਥ ਦੀ ਇਕ ਬੇਸ਼ਕੀਮਤੀ ਅੰਗੂਠੀ ਉਤਾਰ ਕੇ ਅਦਬ ਸਤਿਕਾਰ ਨਾਲ ਭਾਈ ਸਾਹਿਬ ਦੇ ਹੱਥ ਵਿਚ ਪਾ ਛੱਡੀ। ਮੈਨੂੰ ਯਾਦ ਹੈ ਕਿ 1974-76 ਦੌਰਾਨ ਮੈਂ ਜਦੋਂ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਵਿਖੇ ਸੰਗੀਤ ਦਾ ਡਿਪਲੋਮਾ ਕਰ ਰਿਹਾ ਸਾਂ, ਐਤਵਾਰ ਦੀ ਛੁੱਟੀ ਹੁੰਦੇ ਸਾਰ ਹੀ ਅਕਸਰ ਸਿੱਧੇ ਸ੍ਰੀ ਦਰਬਾਰ ਸਾਹਿਬ  ਵਿਖੇ ਪੁੱਜ ਜਾਣਾ ਅਤੇ ਵੱਧ ਤੋਂ ਵੱਧ ਕੀਰਤਨ ਸੁਣਨ ਦੀ ਕੋਸ਼ਿਸ਼ ਕਰਨੀ ਉਨ੍ਹਾਂ ਵੇਲਿਆਂ ’ਚ ਸ੍ਰੀ ਦਰਬਾਰ ਸਾਹਿਬ ਵਿਖੇ ਇਕ ਤੋਂ ਇਕ ਚੜ ਕੇ ਰਾਗੀ ਜਥੇ ਹੁੰਦੇ ਸਨ, ਜਿਨ੍ਹਾਂ ਦੀ ਗਿਣਤੀ ਮਸਾਂ ਦਸ ਕੁ ਸੀ। ਦਸ ਦੇ ਦਸ ਰਾਗੀ ਜਥੇ ਤਕਰੀਬਨ ਨਿਰਧਾਰਤ ਕੀਰਤਨ ਨੂੰ ਹੀ ਸਮਰਪਿਤ ਹੁੰਦੇ ਸਨ। ਇਸ ਦੌਰਾਨ ਜਦੋਂ ਕਦੀ ਵੀ ਭਾਈ ਬਖਸ਼ੀਸ਼ ਸਿੰਘ ਦੀ ਚੌਂਕੀ ਹੁੰਦੀ ਤਾਂ ਸਿੱਖ ਸੰਗਤਾਂ ਦਾ ਇਕੱਠ ਕੁਝ ਵਧੇਰੇ ਹੀ ਹੁੰਦਾ ਸੀ।  ਭਾਈ ਸਾਹਿਬ ਜਦੋਂ ਚੌਂਕੀ ਖਤਮ ਕਰਕੇ ਬਾਹਰ ਆਉਂਦੇ ਤਾਂ ਸਿੱਖ ਸੰਗਤਾ ਦਾ ਝੁਰਮਟ ਆਪ ਦੇ ਦਰਸ਼ਨਾਂ ਲਈ ਸੈਲਾਬ ਦੀ ਤਰ੍ਹਾਂ ਉਮੜ ਪੈਂਦਾ। ਭਾਈ ਸਾਹਿਬ ਅੱਗੋਂ ਡਾਹਢੀ ਨਿਮਰਤਾ ਨਾਲ ਪੇਸ਼ ਆਉਂਦਿਆਂ ਸੰਗਤਾਂ ਦੀਆਂ ਅਸੀਸਾਂ ਨਾਲ ਦਾਮਨ ਭਰ ਕੇ ਲੈ ਜਾਂਦੇ। ਮੈਂ ਤੇ ਉਨ੍ਹਾਂ ਵਕਤਾਂ ’ਚ ਬਚਪਨ ਦੇ ਦੌਰ ’ਚੋਂ ਗੁਜ਼ਰ ਰਿਹਾ ਸਾਂ ਪਰ ਮੇਰੇ ਚੰਗੇ ਭਾਗ ਸਨ ਕਿ ਅਕਸਰ ਹੀ ਆਪ ਦਾ ਕੀਰਤਨ ਸੁਣਨ ਦਾ ਮੌਕਾ ਮਿਲ ਜਾਂਦਾ ਅਤੇ ਦਿਲ ਵਿਚ ਇਕ ਤਾਂਘ ਉੱਠਦੀ ਤੇ ਉਤਸ਼ਾਹਤ ਵੀ ਹੁੰਦਾ ਕਿ ਕਦੀ ਮੈਂ ਵੀ ਕੀਰਤਨ ਕਰਨ ਦੇ ਯੋਗ ਹੋਵਾਂਗਾ। ਇਕੇਰਾਂ ਮੈਂ ਨਾਚੀਜ਼ ਨੇ ਹੌਂਸਲਾ ਜਿਹਾ ਕਰਕੇ ਹੈੱਡ ਗ੍ਰੰਥੀ ਗਿਆਨੀ ਚੇਤ ਸਿੰਘ (ਮਰਹੂਮ) ਦੀ ਆਗਿਆ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਇਕ ਸ਼ਬਦ ਪੜ੍ਹਨÐ ਦੀ ਬੇਨਤੀ ਕੀਤੀ, ਮੇਰੇ ਤੋਂ ਬਾਅਦ ਭਾਈ ਸਾਹਿਬ ਦੀ ਡਿਊਟੀ ਸੀ, ਭਾਈ ਸਾਹਿਬ ਨੇ ਬਾਅਦ ਵਿਚ ਆਪਣੇ ਸਹਾਇਕ ਨੂੰ ਕਿਹਾ ਕਿ ਓਏ ਇਹ ਮੁੰਡੂ ਜਿਹਾ ਕੌਣ ਸੀ, ਬੜੀ ਬੁਲੰਦ ਆਵਾਜ਼ ਨਾਲ ਇਸ ਨੇ ਸ਼ਬਦ ਪੜ੍ਹਿਆ ਹੈ। ਆਪ ਦਾ ਏਨਾ ਆਖਣਾ ਹੀ ਮੇਰੇ ਲਈ ਬਹੁਤ ਵੱਡੀ ਗੱਲ ਸੀ ਅਤੇ ਇਸ ਹੌਂਸਲਾ ਅਫਜ਼ਾਈ ਨੇ ਮੈਨੂੰ ਹੋਰ ਵੀ ਜ਼ਿਆਦਾ ਰਿਆਜ਼ ਕਰਨ ਵੱਲ ਪ੍ਰੇਰਿਤ ਕੀਤਾ। ਇਕ ਗੱਲ ਮੈਂ ਡਾਹਢੀ ਰੰਜਸ਼ ਤੇ ਅਫ਼ਸੋਸ ਨਾਲ ਲਿਖਣ ਲੱਗਾ ਹਾਂ ਕਿ ਸਿੱਖ ਪੰਥ ਦੇ ਇਤਨੇ ਵੱਡੇ ਘਾਗ ਤੇ ਸੁਪ੍ਰਸਿੱਧ ਰਾਗੀ ਨਾਲ ਜੋ ਆਖਰੀ ਪਲਾਂ ’ਚ ਧੱਕਾ ਹੋਇਆ ਉਹ ਅਤਿ ਦਾ ਘਿਨਾਉਣਾ ਸੀ। ਇਹ ਸੱਚ ਹੈ ਕਿ ਸਾਡੇ ਜ਼ਿੰਦਗੀ ਦੇ ਸਫ਼ਰ ਦੌਰਾਨ ਸਭਨਾਂ ਪਾਸੋਂ ਹੀ ਜਾਣੇ-ਅਣਜਾਣੇ ਕੁਝ ਭੁਲਾਂ-ਗਲਤੀਆਂ ਹੋ ਜਾਂਦੀਆਂ ਨੇ, ਕਿਉਂਕਿ ਮਨੁੱਖ ਅਧੂਰਾ ਹੈ ਅਤੇ ਪੂਰਾ ਤੇ ਗੁਰੂ ਹੀ ਹੈ।  ਪ੍ਰੰਤੂ ਦੇਖ ਕੇ ਅਣਡਿੱਠ ਕਰਨ ਵਾਲੀ ਕੌਮ ਦਾ ਕੋਈ ਭੁੱਲੜ, ਅਜਿਹੀ ਘਟਨਾ ਨੂੰ ਅੰਜ਼ਾਮ ਦੇ ਦੇਵੇ ਜਿਸ ਦੀ ਕਿ ਭਰਪਾਈ ਹੀ ਨਾ ਹੋ ਸਕੇ, ਤਾਂ ਮਾਨਸਿਕ ਤੌਰ ’ਤੇ ਬਹੁਤ ਪੀੜਾ ਹੁੰਦੀ ਹੈ। 27 ਨਵੰਬਰ 1991 ਨੂੰ ਭਾਈ ਸਾਹਿਬ ਨਿਯਮਤ ਤੌਰ ’ਤੇ ਪਾਰਕ ’ਚ ਸੈਰ ਕਰ ਰਹੇ ਸਨ ਜਦੋਂ ਕਿਸੇ ਸਿਰ-ਫਿਰੇ ਵਿਅਕਤੀ ਨੇ ਗੋਲੀ ਮਾਰ ਕੇ ਸਦਾ ਦੀ ਨੀਂਦਰ ਸੁਆ ਦਿੱਤਾ ਜੋ ਕਿ ਸਰਾਸਰ ਹੀ ਹਨੇਰਗਰਦੀ ਤੇ ਧੱਕਾ ਸੀ। ਠੀਕ ਹੈ ਉਪਰੋਕਤ ਵਿਅਕਤੀ ਵੱਲੋਂ ਭਾਈ ਬਖਸ਼ੀਸ਼ ਸਿੰਘ ਜਿਹੇ ਹੀਰੇ ਨੂੰ ਗੋਲੀ ਮਾਰਨੀ ਤੇ ਬੜੀ ਸੁਖੱਲੀ ਜਾਪੀ ਹੋਵੇਗੀ ਪਰ ਕੀ ਭਾਈ ਬਖਸ਼ੀਸ਼ ਸਿੰਘ ਵਰਗੇ ਮਹਾਂਰਥੀ ਕੀਰਤਨੀਏ ਪੈਦਾ ਕੀਤੇ ਜਾ ਸਕਦੇ ਹਨ? ਇਕ ਬਖਸ਼ੀਸ਼ ਸਿੰਘ ਪੈਦਾ ਹੋਣ ਲਈ ਪਤਾ ਨਹੀਂ ਕਿੰਨੀਆਂ ਕੁ ਹਯਾਤੀਆਂ ਲੱਗ ਜਾਂਦੀਆ ਨੇ। ਬੇਸ਼ਕ ਭਾਈ ਸਾਹਿਬ ਨੂੰ ਸਾਡੇ ਪਾਸੋਂ ਸਾਡੇ ਆਪਣਿਆਂ ਨੇ ਹੀ ਖੋਹ ਲਿਆ ਹੈ ਪਰ ਆਪ ਦੀ ਆਵਾਜ਼ ਨੂੰ ਤੇ ਕੋਈ ਨਹੀਂ ਖੋਹ ਸਕਦਾ। ਪਰਵਦਗਾਰ ਰਹਿਮਤ ਕਰੇ ਕਿ ਅਜਿਹੇ ਧਨੰਤਰ ਕੀਰਤਨੀਏ ਇਸ ਸੰਸਾਰ ਵਿਚ ਆਉਂਦੇ ਹੀ ਰਹਿਣ ਤੇ ਪੰਥ ਉਨ੍ਹਾਂ ਉੱਤੇ ਸਦਾ ਹੀ ਮਾਣ ਕਰਦਾ ਰਹੇ, ਇਹੀ ਹੀ ਉਨ੍ਹਾਂ ਨੂੰ ਮੇਰੀ ਸੱਚੀ ਤੇ ਸੁੱਚੀ ਸ਼ਰਧਾਂਜਲੀ ਹੈ।
ਨੋਟ : ਇਹ ਸਾਰੀ ਸੰਖੇਪ ਜਾਣਕਾਰੀ ਭਾਈ ਬਖਸ਼ੀਸ਼ ਸਿੰਘ ਦੀ ਬੇਟੀ ਜਸਬੀਰ ਕੌਰ ਅਤੇ ਬੀਬੀ ਰਾਜਿੰਦਰ ਕੌਰ ਪਾਸੋਂ ਹੀ ਪ੍ਰਾਪਤ ਹੋਈ  ਹੈ।


Comments Off on ਭਾਈ ਬਖਸ਼ੀਸ਼ ਸਿੰਘ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.