ਤਿੰਨ ਵਰ੍ਹਿਆਂ ਦਾ ਬੱਚਾ ਬੋਰਵੈੱਲ ਵਿੱਚ ਡਿੱਗਿਆ !    10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਜੱਦੀ ਜ਼ਿਲ੍ਹਿਆਂ ਤੋਂ ਦੇ ਸਕਦੇ ਹਨ ਵਿਦਿਆਰਥੀ: ਨਿਸ਼ੰਕ !    ਕਿਸਾਨ ਨੇ 10 ਪਰਵਾਸੀ ਕਾਮਿਆਂ ਲਈ ਕੀਤਾ ਹਵਾਈ ਟਿਕਟਾਂ ਦਾ ਪ੍ਰਬੰਧ !    ਤਬਲੀਗੀ ਮਾਮਲਾ: 294 ਵਿਦੇਸ਼ੀਆਂ ਖ਼ਿਲਾਫ਼ 15 ਨਵੇਂ ਦੋਸ਼-ਪੱਤਰ ਦਾਖ਼ਲ !    ਪਿੰਡ ਖੁਰਾਲਗੜ ਵਿੱਚ ਇਕ ਹੋਰ ਮਜ਼ਦੂਰ ਨੇ ਫਾਹਾ ਲਿਆ !    ਹਿਮਾਚਲ ਦੇ ਭਾਜਪਾ ਪ੍ਰਧਾਨ ਦਾ ਅਸਤੀਫ਼ਾ !    ਖਾਲੀ ਜੇਬਾਂ ਨਾਲ ਪੰਜਾਬੀ ’ਵਰਸਿਟੀ ਦੇ ਪੈਨਸ਼ਨਰਾਂ ਵੱਲੋਂ ਧਰਨਾ !    ਬਦਨਾਮੀ ਖੱਟੀ ਤੇ ਜੇਲ੍ਹ ਵੀ ਗਿਆ ਪਰ ਫੌਜੀ ਨੇ ਮੈਦਾਨ ਨਾ ਛੱਡਿਆ !    ਹੁਣ ਭਾਰਤ-ਚੀਨ ਮਾਮਲੇ ’ਚ ਟਰੰਪ ਨੇ ਮਾਰਿਆ ‘ਜੰਪ’ !    ਪਛਾਣ ਦੀ ਫ਼ਿਕਰ ਦੂਰ !    

ਨਾਮਧਾਰੀਆਂ ਦਾ ਅੱਸੂ ਦਾ ਮੇਲਾ

Posted On October - 13 - 2010

ਡਾ. ਲਖਵੀਰ ਸਿੰਘ ਨਾਮਧਾਰੀ
19ਵੀਂ ਸਦੀ ਦੇ ਅੱਧ ਵਿਚ 2 ਮਹਾਨ ਇਨਕਲਾਬੀ ਚਿੰਤਕਾਂ ਕਾਰਲ ਮਾਰਕਸ ਅਤੇ ਫਰੈਡਰਿਕ ਏਂਗਲਜ਼ ਦੀ ਅਗਵਾਈ ਹੇਠ ਪਹਿਲੀ ਵਾਰ ਕਮਿਊਨਿਸਟ ਪਾਰਟੀ ਦਾ ਮੈਨੀਫੈਸਟੋ ਜਾਰੀ ਹੋਇਆ। ਕਮਿਊਨਿਸਟ ਲਹਿਰ ਦਾ ਨਿਸ਼ਾਨਾ ਸੀ ਕਿ ਸਰਮਾਏਦਾਰੀ ਹਕੂਮਤ ਦਾ ਤਖ਼ਤਾ ਪਲਟ ਕੇ ਕਿਰਤੀਆਂ ਦਾ ਰਾਜ ਸਥਾਪਤ ਕਰਨਾ ਹੈ। ਦੁਨੀਆਂ ਦੇ ਇਤਿਹਾਸ ਵਿਚ ਸ਼ਾਇਦ ਹੀ ਕੋਈ ਅਜਿਹੀ ਲਹਿਰ ਹੋਵੇ ਜਿਸ ਨੇ ਆਪਣੇ ਸਮੇਂ ਵਿਚ ਲੋਕਾਂ ਦੇ ਜੀਵਨ ਨੂੰ ਏਨਾ ਪ੍ਰਭਾਵਿਤ ਕੀਤਾ ਹੋਵੇ। ਕਮਿਊਨਿਸਟ ਲਹਿਰ ਦਾ ਨਿਸ਼ਾਨਾ ਹੈ ਕਿ ਕਿਰਤ ਕਰੋ ਅਤੇ ਵੰਡ ਕੇ ਛਕੋ। ਜੇਕਰ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦਾ ਅਧਿਐਨ ਕਰੀਏ ਤਾਂ ਸਿੱਖ ਲਹਿਰ ਦਾ ਨਿਸ਼ਾਨਾ ਵੀ ਕਿਰਤ ਕਰੋ ਅਤੇ ਵੰਡ ਕੇ ਛਕੋ ਹੈ। ਪਰ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦਾ ਤੀਸਰਾ ਮੁੱਖ ਅਤੇ ਅਹਿਮ ਪੱਖ ਹੈ ਕਿ ਕਿਰਤ ਕਰਨ ਅਤੇ ਵੰਡ ਛਕਣ ਦੇ ਨਾਲ-ਨਾਲ ਨਾਮ ਜਪੋ। ਨਾਮ ਜਪਣ ਨਾਲ ਆਤਮਾ ਉੱਚੀ ਹੋਵੇਗੀ, ਆਦਮੀ ਰੂਹਾਨੀਅਤ ਪੱਖ ਤੋਂ ਉੱਚਾ ਹੋਵੇਗਾ। ਜੇ ਸਾਡੀ ਜ਼ਮੀਰ ਉੱਚੀ, ਸੁੱਚੀ, ਪਾਕਿ ਅਤੇ ਪਵਿੱਤਰ ਹੋਵੇਗੀ ਫਿਰ ਹੀ ਕਿਰਤ ਕਰਨ, ਵੰਡ ਛਕਣ, ਸਮਾਜ ਨੂੰ ਵਿਕਾਸ ਦੀਆਂ ਲੀਹਾਂ ‘ਤੇ ਲਿਜਾਣ ਦਾ ਕੰਮ ਬਿਨਾਂ ਭੇਦ-ਭਾਵ ਤੋਂ ਹੋ ਸਕੇਗਾ। ਸ੍ਰੀ ਆਦਿ ਗ੍ਰੰਥ ਸਾਹਿਬ ਵਿਚ ਦਰਜ ਭਗਤਾਂ, ਭੱਟਾਂ ਅਤੇ ਗੁਰੂ ਸਾਹਿਬਾਂ ਦੀ ਗੁਰਬਾਣੀ ‘ਨਾਮ’ ਦੀ ਹੀ ਗੱਲ ਕਰਦੀ ਹੈ। ‘ਨਾਮ’ ਸਾਰੇ ਤੱਤਾਂ ਦੇ ਉਪਰ ਪਰਮ ਤੱਤ ਹੈ, ‘ਨਾਮ’ ਜੀਵਨ ਜੋਤ ਹੈ, ‘ਨਾਮ’ ਅਮੋਲਕ ਰਤਨ ਹੈ। ਸ੍ਰੀ ਆਦਿ ਗੁਰੂ ਗ੍ਰੰਥ ਸਾਹਿਬ ਦੇ ਸਫਾ 293 ‘ਤੇ ਦਰਜ ਹੈ ਕਿ:-
ਨਉ ਨਿਧਿ ਅੰਮ੍ਰਿਤ ਪ੍ਰਭ ਕਾ ਨਾਮੁ।।
ਦੇਹੀ ਮਹਿ ਇਸਕਾ ਬਿਸ੍ਰਾਮ।।

ਨਾਮਧਾਰੀ ਸਿੱਖਾਂ ਨੇ ਜਿੱਥੇ ਆਜ਼ਾਦੀ ਦੇ ਸੰਘਰਸ਼ ਦੀ ਨੀਂਹ ਰੱਖ ਕੇ ਆਜ਼ਾਦੀ ਦਾ ਬਿਗਲ ਵਜਾਇਆ ਉਥੇ ਗੁਰੂ ਸਾਹਿਬਾਨ ਦੇ ਦੱਸੇ ਸੱਚ ਦੇ ਮਾਰਗ ‘ਨਾਮ’ ਦੀ ਵੱਡੇ ਪੱਧਰ ‘ਤੇ ਅਰਾਧਨਾ ਕੀਤੀ। ਸਤਿਗੁਰੂ ਰਾਮ ਸਿੰਘ ਨੇ ਫੌਜ ਦੀ ਨੌਕਰੀ ਛੱਡ ਕੇ ਭੈਣੀ ਸਾਹਿਬ ਆ ਕੇ ਆਪਣੇ ਆਤਮਿਕ ਅਤੇ ਅਧਿਆਤਮਕ ਪੱਖ ਨੂੰ ਉੱਚਾ ਕਰਨ ਲਈ ਅਤੇ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਨੂੰ ਹੋਰ ਪ੍ਰਫੁੱਲਤ ਕਰਨ ਲਈ ਭੈਣੀ ਸਾਹਿਬ ਵਿਚ ਹੱਥੀਂ ਇਕ ਕੱਚੀ ਕੋਠੜੀ ਬਣਾਈ, ਵਿਚਕਾਰ ਥੜ੍ਹਾ ਬਣਾਇਆ ਉਸ ਦੇ ਚੁਫੇਰੇ ਖਾਈ ਪੁੱਟ ਕੇ ਪਾਣੀ ਭਰ ਕੇ ਇਸ ਥੜ੍ਹੇ ਉਪਰ 20 ਸਾਲ ‘ਨਾਮ’ ਦੇ ਜਾਪ ਦੀ ਤਪੱਸਿਆ ਕੀਤੀ। ਅੰਗਰੇਜ਼ਾਂ ਵਿਰੁੱਧ ਛੇੜੇ ਆਜ਼ਾਦੀ ਸੰਘਰਸ਼ ਕਾਰਨ ਆਪ ਨੂੰ ਕਾਲੇ ਪਾਣੀ ਜਲਾਵਤਨ ਕਰ ਦਿੱਤਾ ਗਿਆ। ਕਾਲੇਪਾਣੀ ਤੋਂ ਉਨ੍ਹਾਂ ਸੰਗਤ ਦੇ ਨਾਮ 52 ਹੁਕਮਨਾਮੇ ਭੇਜੇ ਅਤੇ ਹਰ ਹੁਕਮਨਾਮੇ ਵਿਚ ਉਨ੍ਹਾਂ ਨਾਮ, ਭਜਨ ਅਤੇ ਗੁਰਬਾਣੀ ਪੜ੍ਹਨ ਦੀ ਹੀ ਗੱਲ ਕੀਤੀ ਹੈ।
ਸਤਿਗੁਰੂ ਪ੍ਰਤਾਪ ਸਿੰਘ ਨੇ ਨੀਲੋਂ ਨਹਿਰ ਦੇ ਕਿਨਾਰੇ ਇਕ ਕੱਖਾਂ ਕਾਨਿਆਂ ਦੀ ਕੁੱਲੀ ਬਣਵਾ ਕੇ ਉਸ ਵਿਚ ‘ਨਾਮ’ ਦਾ ਜਾਪੁ ਸ਼ੁਰੂ ਕੀਤਾ ਅਤੇ 1927 ਤੋਂ ਇਹ ਲਾਮ ਦਾ ਜਾਪ ਸਮੂਹਿਕ ਰੂਪ ਵਿਚ ਭੈਣੀ ਸਾਹਿਬ ਹੋਣ ਲੱਗਿਆ ਜਿਸ ਨੂੰ ਜਪੁ ਪ੍ਰਯੋਗ ਦਾ ਨਾਮ ਦਿੱਤਾ ਗਿਆ। ਸਤਿਗੁਰੂ ਜਗਜੀਤ ਸਿੰਘ ਨੇ ਨਾਮ ਦੇ ਖਜ਼ਾਨੇ ਨੂੰ ਭਰਨ ਲਈ ਇਸ ਜਪ ਪ੍ਰਯੋਗ ਨੂੰ ਹੋਰ ਵੀ ਵਿਸ਼ਾਲ ਰੂਪ ਦੇ ਦਿੱਤਾ। ਜਿੱਥੇ ਪਹਿਲਾਂ ਇਹ ਨਾਮ ਦਾ ਪ੍ਰਯੋਗ ਇਕੱਲੇ ਅੱਸੂ ਦੇ ਮਹੀਨੇ ਵਿਚ ਹੁੰਦਾ ਸੀ ਉਥੇ 1987 ਈਸਵੀ ਤੋਂ ਇਹ ਜਪੁ ਪ੍ਰਯੋਗ ਨਿਰੰਤਰ ਸ਼ੁਰੂ ਕਰ ਦਿੱਤਾ ਗਿਆ ਹੈ। ਸਮਾਪਤੀ ਦੀ ਅਰਦਾਸ ਅਤੇ ਅਗਲੇ ਸਾਲ ਦੇ ਜਪੁ ਪ੍ਰਯੋਗ ਸ਼ੁਰੂ ਕਰਨ ਦੀ ਅਰਦਾਸ ਇਕੱਠੀਆਂ ਹੀ ਹੁੰਦੀਆਂ ਹਨ।
ਨਾਮ ਸਿਮਰਨ ਦਾ ਪ੍ਰਤੀਕ ਅੱਸੂ ਦਾ ਮੇਲਾ ਪੂਰਾ ਇਕ ਮਹੀਨਾ ਚਲਦਾ ਹੈ। ਭੈਣੀ ਸਾਹਿਬ ਵਿਖੇ ਇਹ ਜਪੁ ਪ੍ਰਯੋਗ ਸਵੇਰੇ 2 ਵਜੇ ਸ਼ੁਰੂ ਹੋ ਜਾਂਦਾ ਹੈ। ਨਾਮਧਾਰੀ ਸਿੰਘ ਮਰਿਆਦਾ ਮੁਤਾਬਕ ਕੇਸੀਂ ਇਸ਼ਨਾਨ ਕਰਕੇ, ਸੁੱਚੇ ਕੱਪੜੇ ਪਹਿਨ ਕੇ, ਹੱਥ ਵਿਚ ਗੜਵਾ, ਉਨ ਦੀ ਮਾਲਾ, ਆਸਣ ਅਤੇ ਪੈਰਾਂ ਵਿਚ ਪਊਏ ਜਾਂ ਖੜਾਂਵਾਂ ਪਹਿਨ ਕੇ ਹਰੀ ਮੰਦਰ ਵੱਲ ਚਾਲੇ ਪਾ ਦਿੰਦੇ ਹਨ। 5 ਵਜੇ ਆਸਾ ਦੀ ਵਾਰ ਦਾ ਕੀਰਤਨ ਤੰਤੀ ਸਾਜਾਂ ਨਾਲ ਅਤੇ ਗੁਰਬਾਣੀ ਦੇ ਰਾਗਾਂ ਮੁਤਾਬਕ ਹੁੰਦਾ ਹੈ। 6.30 ਵਜੇ ਸਮਾਪਤੀ ਦੀ ਅਰਦਾਸ ਹੁੰਦੀ ਹੈ। ਇਸੇ ਤਰ੍ਹਾਂ ਹੀ ਦੁਪਹਿਰ 12 ਤੋਂ 4 ਵਜੇ ਤਕ ਦੁਬਾਰਾ ਇਸ਼ਨਾਲ ਕਰਕੇ ਆਸਣ ਵਿਛਾ ਕੇ ਸਿੰਘ ਅਤੇ ਬੀਬੀਆਂ ਸਿਮਰਨ ਵਿਚ ਗੜੂੰਦ ਹੋ ਜਾਂਦੀਆਂ ਹਨ। 12 ਤੋਂ 4 ਵਜੇ ਦੇ ਦਰਮਿਆਨ ਸਿਮਰਨ ਦੇ ਨਾਲ-ਨਾਲ ਭਾਈ ਸੰਤੋਖ ਸਿੰਘ ਦੇ ਗ੍ਰੰਥਾਂ ਅਤੇ ਗੁਰਬਾਣੀ ਦੀ ਕਥਾ ਹੁੰਦੀ ਹੈ। ਸਮਾਪਤੀ ਦੌਰਾਨ ਜੋਟੀਆਂ ਦੇ ਸ਼ਬਦ ਪੜ੍ਹੇ ਜਾਂਦੇ ਹਨ।
ਅੱਸੂ ਦੇ ਇਸ ਮਹੀਨੇ ਦੇ ਜਪੁ ਪ੍ਰਯੋਗ ਵਿਚ ਜਿਹੜੇ ਆਦਮੀ ਆਪਣੇ ਕੰਮਾਂ-ਕਾਰਾਂ ਦੇ ਰੁਝੇਵਿਆਂ ਕਾਰਨ ਭੈਣੀ ਸਾਹਿਬ ਨਹੀਂ ਪਹੁੰਚ ਸਕਦੇ ਉਨ੍ਹਾਂ ਲਈ ਜਪੁ ਪ੍ਰਯੋਗ ਦੇ ਦਿਨਾਂ ਲਈ ਹੁਕਮ ਹੈ ਕਿ ਉਹ ਆਪਣੇ-ਆਪਣੇ ਪਿੰਡਾਂ, ਸ਼ਹਿਰਾਂ ਵਿਚ ਸਮੂਹਿਕ ਰੂਪ ਵਿਚ ਰੋਜ਼ਾਨਾ ਘੱਟੋ-ਘੱਟ 2 ਘੰਟੇ ਸਵਾ ਪਹਿਰ ਰਹਿੰਦੀ ਰਾਤ ਨਾਮ ਸਿਮਰਨ ਕਰਨ। ਭਾਰਤ ਦੇ ਪਿੰਡਾਂ ਸ਼ਹਿਰਾਂ ਤੋਂ ਇਲਾਵਾ ਦੇਸ਼-ਵਿਦੇਸ਼ ਕੈਨੇਡਾ, ਅਮਰੀਕਾ, ਥਾਈਲੈਂਡ, ਯੂ.ਕੇ., ਤਨਜਾਨੀਆਂ, ਆਸਟਰੇਲੀਆ, ਸਿੰਘਾਪੁਰ, ਕੀਨੀਆ ਜਿੱਥੇ ਜਿੱਥੇ ਵੀ ਨਾਮਧਾਰੀ ਰਹਿੰਦੇ ਹਨ ਉਥੇ ਅੱਸੂ ਦੇ ਮਹੀਨੇ ਦਾ ਜਪੁ ਪ੍ਰਯੋਗ ਹੁੰਦਾ ਹੈ। ਸਤਿਗੁਰੂ ਜਗਜੀਤ ਸਿੰਘ ਸਿਮਰਨ ਕਰਨ ਵਾਲਿਆਂ ਨੂੰ ਦੱਸਦੇ ਹਨ ਕਿ ”ਕਮਰ ਸਿੱਧੀ ਰੱਖ ਕੇ, ਧਿਆਨ ਬਾਹਰਮੁਖੀ ਚੀਜ਼ਾਂ ਤੋਂ ਹਟਾ ਕੇ, ਚੌ ਅੱਖਰੇ ਸਿਮਰਨ ਦੇ ਪੂਰੇ ਲਗ ਮਾਤਰਾਂ ਲਗਾ ਕੇ, ਜੋ ਦੂਸਰੇ ਨੂੰ ਨਾ ਸੁਣੇ, ਸਿਰਫ ਆਪਣੇ ਕੰਨਾਂ ਨੂੰ ਹੀ ਸੁਣੇ, ਰਸਨਾ ਹਿਲਾ ਕੇ ਭਜਨੁ ਕਰਨਾ ਚਾਹੀਦਾ ਹੈ।” ਜਪੁ ਪ੍ਰਯੋਗ ਵਿਚ ਸਿਰਫ ਉਹ ਹੀ ਨਾਮਧਾਰੀ ਹਿੱਸਾ ਲੈ ਸਕਦੇ ਹਨ ਜੋ ਪੂਰਨ ਤੌਰ ‘ਤੇ ਸੱਚ, ਸੰਜਮ ਅਤੇ ਮਰਿਯਾਦਾ ਦੇ ਧਾਰਨੀ ਹਨ।
ਇਸ ਸਾਲ ਅੱਸੂ ਦੇ ਮੇਲੇ ਦੇ ਪਾਠਾਂ ਦੇ ਭੋਗ 13 ਅਕਤੂਬਰ ਨੂੰ ਪੈਣਗੇ ਅਤੇ 13 ਤੋਂ 17 ਅਕਤੂਬਰ ਤਕ ਇਕ ਬਹੁਤ ਭਾਰੀ ਮੇਲਾ ਹੋਵੇਗਾ (ਜੋ ਰੁਟੀਨ ਮੁਤਾਬਕ ਅੱਸੂ ਦੇ ਮੇਲੇ ਦੇ ਨਾਮ ਨਾਲ ਮਸ਼ਹੂਰ ਹੈ) ਜਿਸ ਵਿਚ ਅੰਤਰਰਾਸ਼ਟਰੀ ਪੱਧਰ ਤੋਂ ਸੰਗਤਾਂ ਦੀਆਂ ਵਹੀਰਾਂ, ਧਾਰਮਿਕ ਨੇਤਾ, ਸਾਧੂ, ਸੰਤ, ਮਹਾਤਮਾ ਪਹੁੰਚਣਗੇ। ਗੁਰੂ ਨਾਨਕ ਦੇ ਨਾਮ ਦਾ ਇਹ ਅਨੋਖਾ ਨਜ਼ਾਰਾ ਸੰਸਾਰੀਕਰਨ ਦੇ ਜੀਵਨ ਵਿਚ ਚਿੱਟੀ ਚਾਦਰ ਦੀ ਤਰ੍ਹਾਂ ਸਵਰਗ ਦਾ ਭੁਲੇਖਾ ਪਾਉਂਦਾ ਹੈ।


Comments Off on ਨਾਮਧਾਰੀਆਂ ਦਾ ਅੱਸੂ ਦਾ ਮੇਲਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.