ਕਿਰਤੀਆਂ ਦੇ ਬੱਚੇ ਮਾਪਿਆਂ ਨਾਲ ਵਟਾ ਰਹੇ ਨੇ ਹੱਥ !    ਗੁਰੂ ਨਾਨਕ ਦੇਵ ਜੀ ਦੀ ਬਾਣੀ : ਸਮਾਜਿਕ ਸੰਘਰਸ਼ ਦੀ ਸਾਖੀ !    ਝਾਰਖੰਡ ਚੋਣਾਂ: ਭਾਜਪਾ ਵੱਲੋਂ 52 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ !    ਸ਼੍ਰੋਮਣੀ ਕਮੇਟੀ ਵੱਲੋਂ ਪੰਥਕ ਸ਼ਖ਼ਸੀਅਤਾਂ ਦਾ ਸਨਮਾਨ !    ਕਸ਼ਮੀਰ ’ਚ ਪੰਜਵੀਂ ਤੇ ਨੌਵੀਂ ਜਮਾਤ ਦੇ ਦੋ ਪੇਪਰ ਮੁਲਤਵੀ !    ਹਿਮਾਚਲ ਵਿੱਚ 14 ਤੋਂ ਬਰਫ਼ਬਾਰੀ ਅਤੇ ਮੀਂਹ ਦੇ ਆਸਾਰ !    ਭਾਜਪਾ ਵਿਧਾਇਕ ਦੀ ਵੀਡੀਓ ਵਾਇਰਲ, ਜਾਂਚ ਮੰਗੀ !    ਗੂਗਲ ਮੈਪ ’ਤੇ ਪ੍ਰੋਫਾਈਲ ਅਪਡੇਟ ਕਰਨ ਦੀ ਸੁਵਿਧਾ ਸ਼ੁਰੂ !    ਵਾਤਾਵਰਨ ਤਬਦੀਲੀ ਦੇ ਰੋਸ ਵਜੋਂ ਮਕਾਨ ਦਾ ਮਾਡਲ ਡੋਬਿਆ !    ਕੱਚੇ ਤੇਲ ਦੇ ਖੂਹ ਮਿਲੇ: ਰੂਹਾਨੀ !    

ਦਸਹਿਰਾ

Posted On October - 17 - 2010

ਬੁਰਾਈ ਉੱਤੇ ਅੱਛਾਈ ਦੀ ਜਿੱਤ ਦਾ ਪ੍ਰਤੀਕ

ਦਲਵੀਰ ਸਿੰਘ ਲੁਧਿਆਣਵੀ
ਭਾਰਤ ਇੱਕ ਕਮਲ ਦੇ ਫੁੱਲ ਦੀ ਤਰ੍ਹਾਂ ਹੈ ਅਤੇ ਇਸ ਦੀਆਂ ਪੱਤੀਆਂ ਇਥੋਂ ਦੇ ਮੇਲੇ-ਤਿਉਹਾਰ ਹਨ ਜੋ ਇਸ ਨੂੰ ਹਮੇਸ਼ਾ ਤਰੋ-ਤਾਜ਼ਾ ਰੱਖਦੇ ਹਨ।  ਇਹ ਮੇਲੇ-ਤਿਉਹਾਰ ਮਨੁੱਖ ਨੂੰ ‘ਕੱਲੀਆਂ ਖੁਸ਼ੀਆਂ ਹੀ ਨਹੀਂ, ਸਗੋਂ ਸਮਾਜਿਕ ਪ੍ਰਵਿਰਤੀਆਂ ਤੇ ਕੁਵਿਰਤੀਆਂ ਤੋਂ ਵੀ ਸਚੇਤ ਕਰਦੇ ਹਨ।  ਇਥੋਂ ਤੱਕ ਕਿ ਇਹ ਆਪਸੀ ਮਿਲਵਰਤਨ, ਏਕਤਾ ਤੇ ਅਖੰਡਤਾ ਦੀ ਭਾਵਨਾ ਨੂੰ ਪ੍ਰਫੁੱਲਤ ਕਰਦੇ ਅਤੇ ਜਾਤ-ਪਾਤ ਤੇ ਫਿਰਕਾਪ੍ਰਸਤੀ ਦੇ ਭੇਦ-ਭਾਵ ਨੂੰ ਮਿਟਾਉਂਦੇ ਹਨ, ਯਾਨੀ ਅਨੇਕਤਾ ਨੂੰ ਏਕਤਾ ਵਿੱਚ ਬਦਲ ਦਿੰਦੇ ਹਨ। ਇਹ ਸਾਰੇ ਤਿਉਹਾਰ ਭਾਰਤ ਵਿੱਚ ਬੜੀ ਧੂਮ-ਧਾਮ ਨਾਲ ਮਨਾਏ ਜਾਂਦੇ ਹਨ। ਇਸ ਤਿਉਹਾਰਾਂ ਦੇ ਗੁਲਦਸਤੇ ਵਿੱਚ ਇੱਕ ਤਿਉਹਾਰ ਆਉਂਦਾ ਹੈ ਦਸਹਿਰਾ, ਜੋ ਬੁਰਾਈ ਉੱਤੇ ਅੱਛਾਈ ਦੀ ਜਿੱਤ ਦਾ ਪ੍ਰਤੀਕ ਹੈ, ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ।
ਭਾਵੇਂ ਅੱਜ ਵਿਗਿਆਨ ਨੇ ਬਹੁਤ ਤਰੱਕੀ ਕਰ ਲਈ ਹੈ, ਪਰ ਮਨੁੱਖ ਦੀ ਸੋਚ ਨਹੀਂ ਬਦਲੀ। ਲੋਕ ਤਾਂ ਲਕੀਰ ਦੇ ਫ਼ਕੀਰ ਹੋਈ ਬੈਠੇ ਹਨ। ਜੋ ਕੰਮ ਇਕ ਵਾਰ ਸ਼ੁਰੂ ਹੋ ਜਾਂਦਾ ਹੈ, ਭਾਵੇਂ ਉਹ ਗ਼ਲਤ ਹੋਵੇ ਜਾਂ ਠੀਕ, ਫਿਰ ਤਾਂ ਕੋਈ ਮਾਈ ਦਾ ਲਾਲ ਉਸ ਨੂੰ ਬੰਦ ਕਰਾਉਣ ਵਾਲਾ ਨਹੀਂ ਜੰਮਦਾ। ਰੀਤੀ-ਰਿਵਾਜ ਸਮਾਜ ਵਿਚ ਇਕ ਅਹਿਮ ਰੋਲ ਅਦਾ ਕਰਦੇ ਹਨ, ਜਿਸ ਨੂੰ ਉਸ ਦੇਸ਼ ਦਾ ਸਭਿਆਚਾਰ ਕਹਿੰਦੇ ਹਨ। ਇਹ ਵੀ ਇਕ ਕਾਨੂੰਨ ਦੀ ਤਰ੍ਹਾਂ ਹੀ ਹੁੰਦੇ ਹਨ, ਜਿਨ੍ਹਾਂ ਦੇ ਸਿਰ ‘ਤੇ ਉਥੋਂ ਦਾ ਸਮਾਜ ਚਲਦਾ ਹੈ। ਜਿੰਨੇ ਰੀਤੀ-ਰਿਵਾਜ ਵੱਧ ਹੋਣਗੇ, ਉਨੇ ਹੀ ਸਰਕਾਰ ਨੂੰ ਕਾਨੂੰਨ ਘੱਟ ਬਣਾਉਣੇ ਪੈਂਦੇ ਹਨ।  ਫਿਰ ਤਾਂ ਉਹ ਸਮਾਜ ਇਕ ਬਿਹਤਰ ਸਮਾਜ ਬਣ ਜਾਂਦਾ ਹੈ, ਜਿਵੇਂ ਕਿ ਇੰਗਲੈਂਡ ਵਿਚ ਹੈ। ਉੱਥੇ ਤਾਂ ਕਾਨੂੰਨ ਘੱਟ ਹਨ, ਪਰ ਰਾਜ-ਭਾਗ ਦਾ ਜ਼ਿਆਦਾ ਕੰਮ ਪ੍ਰੰਪਰਾਵਾਂ ਦੇ ਆਧਾਰ ‘ਤੇ ਚਲਦਾ ਹੈ, ਤੇ ਲੋਕ ਵੀ ਇਨ੍ਹਾਂ ਪ੍ਰੰਪਰਾਵਾਂ ਨੂੰ ਪੂਰੀ ਇੱਜ਼ਤ-ਮਾਣ ਦੇਂਦੇ ਹਨ। ਵਰਡਜ਼ਵਰਥ ਦਾ ਕਹਿਣਾ ਹੈ, ”ਲੋਕਾਂ ਦੀ ਸੰਤੁਸ਼ਟੀ ਹੀ ਚੰਗੇ ਸਮਾਜ ਦੀ ਨੀਂਹ ਬਣਦੀ ਹੈ”।
ਰਾਵਣ ਇਕ ਮਹਾਨ ਵਿਦਵਾਨ ਹੋਇਆ ਹੈ। ਸ਼ਾਇਦ ਇਹੋ ਜਿਹਾ ਵਿਦਵਾਨ ਦੁਬਾਰਾ ਪੈਦਾ ਹੀ ਨਾ ਹੋਵੇ।  ਚਾਰੇ ਵੇਦ ਉਸ ਨੂੰ ਜ਼ੁਬਾਨੀ ਯਾਦ ਸਨ ਜੋ ਕਿ ਅਸੰਭਵ ਜਿਹਾ ਜਾਪਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ ਇਕ ਮਹਾਨ ਯੋਧਾ, ਸੂਰਬੀਰ, ਦੂਰ-ਅੰਦੇਸ਼ੀ ਤੇ ਉੱਚੇ ਖਿਆਲਾਂ ਦਾ ਵਿਦਵਾਨ ਹੋਇਆ ਹੈ। ਤਾਹੀਓਂ ਤਾਂ ਭਗਵਾਨ ਸ੍ਰੀ ਰਾਮ ਚੰਦਰ ਜੀ ਨੇ ਲਕਸ਼ਮਣ ਨੂੰ ਇਹ ਆਦੇਸ਼ ਦਿੱਤਾ ਸੀ, ”ਰਾਵਣ ਮਰਨ ਕਿਨਾਰੇ ਬੈਠਾ ਹੈ। ਜਾਉ ਲਕਸ਼ਮਣ, ਜਾ ਕੇ ਇਸ ਮਹਾਨ ਵਿਦਵਾਨ ਕੋਲੋਂ ਸਿੱਖਿਆ ਪ੍ਰਾਪਤ ਕਰੋ।”  ਦੱਸਦੇ ਹਨ ਕਿ ਚਾਰ ਸਿੱਖਿਆਵਾਂ ਰਾਵਣ ਨੇ ਲਕਸ਼ਮਣ ਨੂੰ ਪ੍ਰਦਾਨ ਕੀਤੀਆਂ ਸਨ ਜੋ ਉਸ ਦੀ ਜ਼ਿੰਦਗੀ ਦਾ ਨਿਚੋੜ ਸਨ ਤੇ ਜਿਨ੍ਹਾਂ ਵਿਚ ਇਕ ਇਹ ਵੀ ਸੀ ਕਿ ਜੋ ਵੀ ਕੰਮ ਕਰਨਾ ਹੈ, ਆਪਣੇ ਬਲਬੂਤੇ ‘ਤੇ ਕਰਨਾ ਹੈ।
ਜਦੋਂ ਸ਼ਕਤੀ ਆਉਂਦੀ ਹੈ ਤਾਂ ਹੰਕਾਰ ਆਪ ਮੁਹਾਰੇ ਹੀ ਆ ਜਾਂਦਾ ਹੈ।  ਇਸ ਨੂੰ ਸਰਾਪ ਜਾਂ ਵਰਦਾਨ ਕਹਿ ਲਵੋ ਜੋ ਮਨੁੱਖ ਨੂੰ ਉਸ ਰੱਬੀ ਨੂਰ ਦੁਆਰਾ ਹੀ ਮਿਲਿਆ ਹੁੰਦਾ ਹੈ। ਇਸ ਬਾਰੇ ਤਾਂ ਮਨੁੱਖ ਕੁਝ ਨਹੀਂ ਕਹਿ ਸਕਦਾ।  ਇਹ ਤਾਂ ਉਸ ਸਿਰਜਣਹਾਰ ਦੀ ਲੀਲਾ ਦਾ ਇਕ ਅੰਸ਼ ਹੈ।
ਰਾਵਣ ਦੀ ਭੈਣ, ਸਰੂਪਨਖਾ ਦਾ ਲਕਸ਼ਮਣ ਦੁਆਰਾ ਨੱਕ ਵੱਢ ਦੇਣਾ, ਜੋ ਕਿ ਲੰਕਾ ਦਾ ਰਾਜਾ ਹੋਣ ਦੇ ਨਾਲ-ਨਾਲ ਇਕ ਸੂਰਬੀਰ, ਯੋਧਾ ਅਤੇ ਇਕ ਉੱਚ ਕੋਟੀ ਦਾ ਵਿਦਵਾਨ ਵੀ ਹੋਵੇ, ਭਾਵੇਂ ਕਾਰਨ ਕੋਈ ਵੀ ਹੋਵੇ, ਪਰ ਉਸ ਲਈ ਇਹ ਨਮੋਸ਼ੀ ਵਾਲੀ ਗੱਲ ਸੀ।  ਉਹ ਇਸ ਦਾ ਬਦਲਾ ਲੈਣ ਲਈ ਭਾਰਤ ਪਹੁੰਚਿਆ ਅਤੇ ਸੀਤਾ ਮਈਆ ਜੋ ਸ੍ਰੀ ਰਾਮ ਚੰਦਰ ਜੀ ਦੀ ਸੁਪਤਨੀ ਸੀ, ਨੂੰ ਜ਼ਬਰਦਸਤੀ ਆਪਣੇ ਨਾਲ ਲੈ ਗਿਆ।  ਇਹ ਵੀ ਕਿਹਾ ਜਾਂਦਾ ਹੈ ਕਿ ਰਾਵਣ ਨੇ ਪੂਰੇ ਆਦਰ-ਸਤਿਕਾਰ ਨਾਲ ਸੀਤਾ ਮਈਆ ਨੂੰ ਅਸ਼ੋਕ ਵਾਟਿਕਾ ਵਿਚ ਰੱਖਿਆ ਸੀ।    ਉਹ ਇਹ ਨਹੀਂ ਸੀ ਜਾਣਦਾ ਕਿ ਸੀਤਾ ਮਈਆ ਇਕ ਲਕਸ਼ਮੀ ਦੇਵੀ ਹੈ ਅਤੇ ਸ੍ਰੀ ਰਾਮ ਚੰਦਰ ਜੀ ਜੋ ਭਗਵਾਨ ਦਾ ਰੂਪ ਹਨ।
ਅੱਜ ਤਾਂ ਲੋਕ ਅਨੇਕਾਂ ਹੀ ਅਪਰਾਧ ਕਰਦੇ ਅਤੇ ਪਤਾ ਵੀ ਨਹੀਂ ਲੱਗਣ ਦੇਂਦੇ ਕਿ ਇਹ ਕਾਰਾ ਕਿਸ ਨੇ ਕੀਤਾ ਹੈ?  ਜੇ ਪਤਾ ਲੱਗ ਵੀ ਜਾਵੇ ਤਾਂ ਫਿਰ ਕਿਹੜਾ ਪਹਾੜ ਡਿੱਗ ਪਵੇਗਾ? ਲੈ ਦੇ ਕਰ ਕੇ ਕੇਸ ਦਾ ਇਕ ਦਮ ਨਿਪਟਾਰਾ ਹੋ ਜਾਂਦਾ ਹੈ ਅਤੇ  ਉਹ ਅਪਰਾਧੀ ਇਕ ਹੀਰੋ ਵਜੋਂ ਚਮਕਦਾ ਹੈ। ਗੱਲ ਕੀ, ਸਮਾਜ ਤਾਂ ਸਮਾਜਿਕ ਬੁਰਾਈਆਂ ਨਾਲ ਨੱਕੋ-ਨੱਕ ਭਰਿਆ ਪਿਆ ਹੈ।
ਅੱਜ ਤਾਂ ਸਾਰੇ ਹੀ ਰਾਵਣ ਦੇ ਵੀ ਉਸਤਾਦ ਤੁਰੇ ਫਿਰਦੇ ਨੇ ਅਤੇ ਇਨ੍ਹਾਂ ਦੇ ਚਿਹਰੇ ਵੀ ਕਈ ਗੁਣਾਂ ਹਨ। ਉਸ ਨੇ ਤਾਂ ਇਕ ਅਪਰਾਧ ਕੀਤਾ ਸੀ, ਤਦ ਵੀ ਲੋਕ ਉਸ ਦਾ ਖਹਿੜਾ ਨਹੀਂ ਛੱਡਦੇ।  ਪਰ, ਇਹ ਤਾਂ ਇਕ ਦਿਨ ਵਿਚ ਹੀ ਅਪਰਾਧਾਂ ਦੇ ਢੇਰ ਲਾ ਦਿੰਦੇ ਨੇ। ਇਕ ਅਪਰਾਧੀ ਦੂਸਰੇ ਨੂੰ ਕਿਵੇਂ ਸਜ਼ਾ ਦੇ ਸਕਦਾ ਹੈ? ਹੇ ਮਾਨਵ! ਰਾਵਣ ਨੇ ਤਾਂ ਇਕ ਅਪਰਾਧ ਕੀਤਾ ਸੀ, ਤਦ ਵੀ ਲੋਕ ਉਸ ਦਾ ਖਹਿੜਾ ਨਹੀਂ ਛੱਡਦੇ।  ਕੀ ਹਾਲ ਹੋਵੇਗਾ ਇਨ੍ਹਾਂ ਦਾ, ਜ਼ਰਾ ਇਹ ਵੀ ਆਪਣਾ ਹਿਸਾਬ-ਕਿਤਾਬ ਲਗਾ ਲੈਣ?
ਸਵਾਮੀ ਵਿਵੇਕਾਨੰਦ ਜੀ ਦਾ ਕਥਨ ਹੈ, ”ਸਮਰਥਾ ਕਥਨਾਂ ਨਾਲ ਨਹੀਂ, ਕਰਮਾਂ ਨਾਲ ਸਿੱਧ ਹੁੰਦੀ ਹੈ”। ਇਹ ਮੇਲੇ-ਤਿਉਹਾਰ ਮਨਾਉਣ ਦਾ ਤਾਂ ਹੀ ਫਾਇਦਾ ਹੈ ਜੇ ਕਰ ਅਸੀਂ ਆਪਣੇ-ਆਪ ਨੂੰ ਸੁਧਾਰੀਏ, ਸਮਾਜਿਕ ਬੁਰਾਈਆਂ ਦੀ ਜੜ੍ਹ ਮੁਕਾਈਏ, ਸੰਤੁਸ਼ਟੀ ਭਰਿਆ ਜੀਵਨ ਹੰਢਾਈਏ ਅਤੇ ਸਾਰੀ ਲੋਕਾਈ ਦਾ ਭਲਾ ਸੋਚੀਏ।


Comments Off on ਦਸਹਿਰਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.