ਕਿਰਤੀਆਂ ਦੇ ਬੱਚੇ ਮਾਪਿਆਂ ਨਾਲ ਵਟਾ ਰਹੇ ਨੇ ਹੱਥ !    ਗੁਰੂ ਨਾਨਕ ਦੇਵ ਜੀ ਦੀ ਬਾਣੀ : ਸਮਾਜਿਕ ਸੰਘਰਸ਼ ਦੀ ਸਾਖੀ !    ਝਾਰਖੰਡ ਚੋਣਾਂ: ਭਾਜਪਾ ਵੱਲੋਂ 52 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ !    ਸ਼੍ਰੋਮਣੀ ਕਮੇਟੀ ਵੱਲੋਂ ਪੰਥਕ ਸ਼ਖ਼ਸੀਅਤਾਂ ਦਾ ਸਨਮਾਨ !    ਕਸ਼ਮੀਰ ’ਚ ਪੰਜਵੀਂ ਤੇ ਨੌਵੀਂ ਜਮਾਤ ਦੇ ਦੋ ਪੇਪਰ ਮੁਲਤਵੀ !    ਹਿਮਾਚਲ ਵਿੱਚ 14 ਤੋਂ ਬਰਫ਼ਬਾਰੀ ਅਤੇ ਮੀਂਹ ਦੇ ਆਸਾਰ !    ਭਾਜਪਾ ਵਿਧਾਇਕ ਦੀ ਵੀਡੀਓ ਵਾਇਰਲ, ਜਾਂਚ ਮੰਗੀ !    ਗੂਗਲ ਮੈਪ ’ਤੇ ਪ੍ਰੋਫਾਈਲ ਅਪਡੇਟ ਕਰਨ ਦੀ ਸੁਵਿਧਾ ਸ਼ੁਰੂ !    ਵਾਤਾਵਰਨ ਤਬਦੀਲੀ ਦੇ ਰੋਸ ਵਜੋਂ ਮਕਾਨ ਦਾ ਮਾਡਲ ਡੋਬਿਆ !    ਕੱਚੇ ਤੇਲ ਦੇ ਖੂਹ ਮਿਲੇ: ਰੂਹਾਨੀ !    

ਜੇਰੇ ਵਾਲਾ ਜਗਰਾਜ ਧੌਲਾ

Posted On October - 10 - 2010

ਦਵੀ ਦਵਿੰਦਰ ਕੌਰ
ਪੰਜਾਬੀ ਯੂਨੀਵਰਸਿਟੀ ਦੇ ਥੀਏਟਰ ਤੇ ਟੈਲੀਵਿਜ਼ਨ ਵਿਭਾਗ ਵੱਲੋਂ ਨਾਟਕ ‘ਮੇਰਾ ਮਿਰਜ਼ਾ ਯਾਰ’ ਤਿਆਰ ਕੀਤਾ ਗਿਆ ਸੀ। ਮੈਂ ਇਸ ‘ਚ ਮਿਰਜ਼ੇ ਦੀ ਮਾਂ ਦੀ ਸੰਖੇਪ ਜਿਹੀ ਭੂਮਿਕਾ ਨਿਭਾਈ ਸੀ। ਮਿਰਜ਼ੇ ਦੇ ਮਾਰੇ ਜਾਣ ‘ਤੇ ਉਹਦੀ ਮਾਂ ਅੰਤਾਂ ਦੇ ਦੁੱਖ ‘ਚ ਭਰੀ ਮੰਚ ਤੋਂ ਲੰਘਦੀ ਹੈ ਤੇ ਨਾਟਕ ‘ਚ ਗੀਤ ਗਾ ਰਹੇ ਜਗਰਾਜ ਧੌਲਾ ਦੀ ਧੂਹ ਪਾਉਂਦੀ ਲੰਮੀ ਹੇਕ ਸੀ…”ਮਾਂ ਮਿਰਜ਼ੇ ਦੀ ਰੋਂਵਦੀ, ਲੱਗੀ ਗਲ ਬੱਕੀ ਦੇ ਆਣ, ਹਾਏ ਕਿੱਥੇ ਐ ਨੀ ਬੱਕੀਏ, ਮੇਰਾ ਮਿਰਜ਼ਾ ਪੁੱਤ ਜੁਆਨ…।” ਹਮੇਸ਼ਾ ਕਾਮਰੇਡਾਂ ਦੀਆਂ ਸਟੇਜਾਂ ‘ਤੇ ਆਮ ਲੋਕਾਂ ਦੇ ਦੁੱਖਾਂ-ਦਰਦਾਂ ਦੀ ਬਾਤ ਪਾਉਂਦੇ ਗੀਤ ਗਾਉਣ ਵਾਲੇ ਜਗਰਾਜ ਧੌਲਾ ਦੀ ਆਵਾਜ਼ ਵਿਚ ਅੰਤਾਂ ਦੀ ਸੋਜ਼ ਤੇ ਲਚਕ ਸੀ। ਅਸਲ ‘ਚ ਇਸ ਨਾਟਕ ਦਾ ਸੰਗੀਤ ਜਗਰਾਜ ਧੌਲਾ ਨੇ ਦਿੱਤਾ ਸੀ। ਮਾਨਸਾ ਵਾਲੇ ਪਾਸੇ ਦੇ ਵਿਭਾਗ ਦੇ ਵਿਦਿਆਰਥੀਆਂ ਨੇ ਧੌਲਾ ਦਾ ਨਾਮ ਸੁਝਾਇਆ ਸੀ ਤੇ ਉਹ ਉਹਨੂੰ ਉੱਥੇ ਲੈ ਕੇ ਆਏ ਸਨ।
ਉਦੋਂ ਨੱਬੇਵਿਆਂ ਦਾ ਸਮਾਂ ਸੀ। ਪਰਿਵਾਰ ਤੇ ਨੌਕਰੀ ਦੀਆਂ ਤਮਾਮ ਜ਼ਿੰਮੇਵਾਰੀਆਂ ਨਾਲ ਜੂਝਦਿਆਂ ਬੰਦਾ ਸੁਹਜ ਤੇ ਸ਼ੌਕ ਜਿਹਾ ਬੜਾ ਕੁਝ ਗੁਆ ਬਹਿੰਦਾ ਹੈ। ਮੈਨੂੰ ਜਗਰਾਜ ਧੌਲਾ ਦੀ ਆਵਾਜ਼ ਸਬਰ ਸੰਤੋਖ ਤੇ ਸਾਦਗੀ ਪ੍ਰਭਾਵਿਤ ਕਰਦੀ ਸੀ। ਇਸੇ ਦੌਰਾਨ ਜੇਕਰ ਕਿਤੇ ਧੌਲੇ ਦੀ ਗੱਲ ਤੁਰਦੀ ਤਾਂ ਕਿਸੇ ਨਾ ਕਿਸੇ ਨੇ ਕਹਿਣਾ ਉਹਨੇ ਤਾਂ ਸਟੇਜਾਂ ‘ਤੇ ਗਾ-ਗਾ ਕੇ ਆਪਣੀ ਆਵਾਜ਼ ਖਰਾਬ ਕਰ ਲਈ। ਫਿਰ ਪਤਾ ਲੱਗਿਆ ਉਹਨੇ ਕਦੇ ਵੀ ਕਮਰਸ਼ੀਅਲ ਗਾਉਣ ਦੀ ਕੋਸ਼ਿਸ਼ ਨਹੀਂ ਕੀਤੀ।
ਖੈਰ ਪਿਛਲੇ ਕੁਝ ਅਰਸੇ ਤੋਂ ਕਦੀ ਕਦੀ ਉਹਦੇ ਨਾਲ ਸੰਪਰਕ ਦਾ ਸਬੱਬ ਬਣ ਜਾਂਦਾ ਹੈ। ਪਿਤਾ ਮੁਹੰਮਦ ਨਜੀਰ ਤੇ ਮਾਤਾ ਚਰਾਗ ਬੀਬੀ ਦੇ ਘਰ ਪਿੰਡ ਧੌਲਾ (ਜ਼ਿਲ੍ਹਾ ਬਰਨਾਲਾ) ‘ਚ 10 ਜਨਵਰੀ 1948 ਨੂੰ ਜਨਮੇ ਜਗਰਾਜ ਧੌਲਾ ਨੇ ਪਿੰਡੋਂ ਹੀ ਸਕੂਲ ‘ਚ ਸਿੱਖਿਆ ਪ੍ਰਾਪਤ ਕੀਤੀ। 1966-68 ‘ਚ ਜੇ.ਬੀ.ਟੀ. ਕੀਤੀ। ਪੂਰੇ ਪੰਜ ਸਾਲ ਰੁਜ਼ਗਾਰ ਨਾ ਮਿਲਣ ਕਰਕੇ ਉਹਨੂੰ ਖੇਤ ਮਜ਼ਦੂਰੀ ਕਰਨੀ ਪਈ। ਕੱਚੀ ਨੌਕਰੀ ਦੌਰਾਨ ਉਹਨੇ ਬੇਰੁਜ਼ਗਾਰ ਟੀਚਰਜ਼ ਯੂਨੀਅਨ ਦੇ ਘੋਲ ਲੜੇ। 1976 ਵਿਚ ਪੱਕੀ ਨੌਕਰੀ ਮਿਲਣ ‘ਤੇ ਵੀ ਉਹਦੀਆਂ ਦਿੱਕਤਾਂ ਖਤਮ ਨਹੀਂ ਹੋਈਆਂ ਸਨ। ਸ਼ਹੀਦ ਹਾਕਮ ਸਿੰਘ ਸਮਾਓ, ਜਿਸ ਨੂੰ ਉਹ ਆਪਣਾ ਸਿਆਸੀ ਗੁਰੂ ਮੰਨਦਾ ਹੈ, ਕਾਰਨ ਉਹ ਗਰਮਖਿਆਲੀ ਖੱਬੇਪੱਖੀ ਲਹਿਰ ‘ਚ ਸ਼ਾਮਲ ਹੋ ਗਿਆ। ਅਸਲ ‘ਚ ਜਦੋਂ ਉਹ ਅੱਠਵੀਂ ਨੌਵੀਂ ਜਮਾਤ ‘ਚ ਪੜ੍ਹਦਾ ਸੀ ਤਾਂ ਉਹਦੇ ਮਨ ‘ਚ ਕਈ ‘ਕਿਉਂ’ ਉੱਗ ਪਏ ਸਨ, ਮਸਲਨ, ”ਅਸੀਂ ਹੀ ਗਰੀਬ ਕਿਉਂ ਹਾਂ? ਸਾਨੂੰ ਹੀ ਦਿਹਾੜੀ ਕਿਉਂ ਕਰਨੀ ਪੈਂਦੀ ਹੈ? ਐਨੀ ਮੁਸ਼ੱਕਤ ਮਗਰੋਂ ਵੀ ਰੱਜਵੀਂ ਰੋਟੀ ਕਿਉਂ ਨਹੀਂ ਜੁੜਦੀ? ਇਨ੍ਹਾਂ ਸਾਰੇ ਸੁਆਲਾਂ ਦੇ ਜਵਾਬ ਭਾਵੇਂ ਸਿੱਧੇ ਨਹੀਂ ਮਿਲੇ, ਪਰ ਹਾਕਮ ਸਮਾਓ ਰਾਹੀਂ ਉਹਨੂੰ ਇਸ ਨਜ਼ਾਮ ਦੀ ਕੁਝ-ਕੁਝ ਸਮਝ ਪੈਣ ਲੱਗ ਪਈ ਸੀ ਤੇ ਉਹਨੂੰ ਕਿਰਤ, ਕਿਰਤ ਦੀ ਲੁੱਟ ਜਿਹਾ ਬੜਾ ਕੁਝ ਪਤਾ ਲੱਗਿਆ ਤੇ ਉਹਦਾ ਝੁਕਾਅ ਇਸ ਪਾਸੇ ਹੋ ਗਿਆ।
ਇਸੇ ਰੁਝਾਨ ਕਾਰਨ ਉਹਨੂੰ ਬਰਨਾਲਾ ਜੇਲ੍ਹ ਲੱਡਾ ਕੋਠੀ (ਸੰਗਰੂਰ), ਮਾਈ  ਦੀ ਸਰਾਂ (ਪਟਿਆਲਾ) ਵਿਚ ਪੁਲੀਸ ਦੇ ਤਸੀਹੇ ਝੱਲਣੇ ਪਏ। ਆਪਣੇ ਸੁਆਲਾਂ ਦੀ ਥਾਹ ਪਾਉਣ ਦੇ ਰਾਹ ਤੁਰਨ ਕਾਰਨ ਉਹ ਸਾਢੇ ਤਿੰਨ ਸਾਲ ਸਸਪੈਂਡ ਰਿਹਾ। ਪੂਰਾ ਸਾਲ ਤਨਖਾਹ ਨਾ ਮਿਲੀ ਤੇ ਫਿਰ ਖੇਤ ਮਜ਼ਦੂਰੀ ਵੱਲ ਪਰਤਣਾ ਪਿਆ। ਉਹਦੀ ਪਤਨੀ ਭਰਪੂਰ ਕੌਰ ਵੀ ਉਹਦੇ ਨਾਲ ਹੀ ਖੇਤ ਮਜ਼ਦੂਰੀ ਕਰਦੀ ਤੇ ਫਾਕੇ ਕੱਟਦੀ।
ਜਗਰਾਜ ਧੌਲਾ ਦੇ ਅੰਦਰ ਕਵਿਤਾ ਦੀ, ਲੈਅ ਦੀ ਸੁਰਾਂ ਦੀ ਨੈਂਅ ਵਹਿੰਦੀ ਹੈ। ਉਹਨੇ ਸੂਹੀ ਕਿਰਨ ਬੇਅੰਤ (ਕਿੱਸਾ ਕਾਵਿ ਸ਼ਹੀਦ ਬੇਅੰਤ ਸਿੰਘ ਮੂੰਮ), ‘ਰੋਹ ਦਾ ਨਗਮਾ’, (ਗੀਤ-ਸੰਗ੍ਰਹਿ), ਮੈਨੂੰ ਦੱਸ ਸੱਜਣਾ (ਗੀਤ) ਤੇ ਨਾਵਲ ਲਿਖੇ ਅੱਗ ਦਾ ਗੀਤ ਲਿਖੇ। ਉਹ ਦੇ ਰਚੇ ਅੱਠ ਨਾਵਲ 33 ਕਹਾਣੀਆਂ, 400 ਦੇ ਲਗਪਗ ਦੋਹੇ, 250 ਗੀਤ ਅਸਾਵੀਂ ਆਰਥਿਕਤਾ ਕਾਰਨ ਅਣਛਪੇ ਪਏ ਹਨ। ਉਹਦੀ ਸਾਰੀ ਸਿਰਜਣਾ ਲੋਕ ਪੱਖੀ ਹੈ।
‘ਮੈਂ ਬੋਲਦੀ ਹਾਂ ਮਿੱਟੀ ਵੇ ਪੰਜਾਬ ਦੀ’ ਉਹਦੀ ਆ ਰਹੀ ਕੈਸੇਟ ਹੈ। ਉਹਨੇ ਕਈ ਟੈਲੀਫਿਲਮਾਂ ਬਣਾਈਆਂ ਤੇ ਅਦਾਕਾਰ, ਨਿਰਦੇਸ਼ਕ, ਗੀਤਕਾਰ, ਗਾਇਕ ਤੇ ਸੰਵਾਦ ਲੇਖਕ ਦੀਆਂ ਕਈ ਭੂਮਿਕਾਵਾਂ ਅਦਾ ਕੀਤੀਆਂ। ਕਈ ਦਸਤਾਵੇਜ਼ੀ ਫਿਲਮਾਂ ਵੀ ਉਹਦਾ ਹਾਸਲ ਹਨ।
ਉਸਦੀ ਆਵਾਜ਼ ਦੀ ਲੋਚ ਸਦਕਾ ਉਹਨੂੰ ਕਮਰਸ਼ੀਅਲ ਗਾਇਕੀ ਦੀਆਂ ਤਮਾਮ ਪੇਸ਼ਕਸ਼ਾਂ ਆਈਆਂ। ਸ਼ੋਹਰਤ ਤੇ ਧਨ ਉਹ ਜਿੰਨੀ ਚਾਹੁੰਦਾ, ਕਮਾ ਲੈਂਦਾ ਪਰ ਉਹਦੀ ਮਿੱਟੀ ਦੀ ਖਸਲਤ ਅਜਿਹੀ ਹੈ ਕਿ ਇਕ ਵਾਰ ਉਹਨੂੰ ਲੋਕਪੱਖੀ ਤੇ ਲੋਕਦਰਦੀ ਹੋਣ ਦਾ ਐਸਾ ਮਜੀਠ ਰੰਗ ਚੜ੍ਹਿਆ ਕਿ ਉਹ ਇਸੇ ਰਾਹ ਦਾ ਪੱਕਾ ਪਾਂਧੀ ਹੋ ਤੁਰਿਆ ਹੈ। ਸਾਵੇ ਪੱਕੇ ਰੰਗ ਦਾ, ਪੋਚਵੀਂ ਪੱਗ ਤੇ ਸਾਦੇ ਸੂਟ ਵਾਲਾ ਧੌਲਾ ਅਡੋਲ ਹੈ, ਧਰਤੀ ਹੇਠਲੇ ਧੌਲੇ ਬਲਦ ਵਾਂਗ।
ਮੁਸਲਮਾਨ ਪਰਿਵਾਰ ‘ਚ ਜਨਮਿਆ ਧੌਲਾ ਸੋਹਣੀ ਪੋਚਵੀਂ ਪੱਗ਼ ਬੰਨ੍ਹਦਾ ਹੈ। ਉਹ ਆਖਦਾ ਹੈ, ”ਮੈਂ ਪੰਜਾਬੀ ਹਾਂ, ਪੱਗ਼ ਮੇਰਾ ਮਾਣ ਹੈ।” ਉਹਦੇ ਨਾਨੇ ਸ਼ੇਰ ਮੁਹੰਮਦ ਭਗਤਾ ਭਾਈ ਨੇ ਉਹਦਾ ਨਾਮ ਜਗਰਾਜ ਸਿੰਘ ਧੌਲਾ ਰੱਖਿਆ, ਕਿਉਂਕਿ ਉਹਦਾ ਸਿੱਖੀ ਵੱਲ ਵਧੇਰੇ ਧਿਆਨ ਸੀ। ਉਂਜ ਧੌਲੇ ਦਾ ਬਾਕੀ ਪਰਿਵਾਰ ਅੱਲਾ ਤਾਲਾ ਦੀ ਰਜ਼ਾ ਮੰਨਣ ਵਾਲਾ ਹੈ।
ਇੰਡੀਅਨ ਵਰਕਰਜ਼ ਐਸੋਸੀਏਸ਼ਨ ਇੰਗਲੈਂਡ, ਤਾਰਾ ਵਿਵੇਕ ਕਾਲਜ ਗੱਜਣ ਮਾਜਰਾ, ਲੋਹਮਣੀ ਇੰਟਰਨੈਸ਼ਨਲ ਲੇਖਕ ਪਾਠਕ ਮੰਚ, ਸੰਤ ਰਾਮ ਉਦਾਸੀ ਇੰਟਰਨੈਸ਼ਨਲ ਟਰੱਸਟ ਤੇ 45 ਹੋਰ ਸਾਹਿਤਕ ਸਭਾਵਾਂ ਉਹਦਾ ਸਨਮਾਨ ਕਰ ਕਰ ਚੁੱਕੀਆਂ ਹਨ। ਹੁਣ 10 ਅਕਤੂਬਰ 2010 ਨੂੰ ਪੰਜਾਬ ਰਾਜ ਬਿਜਲੀ ਬੋਰਡ ਲੇਖਕ ਸਭਾ ਪੰਜਾਬ ਵੱਲੋਂ ਉਹਨੂੰ ਸਫਦਰ ਹਾਸ਼ਮੀ ਸਨਮਾਨ ਦਿੱਤਾ ਜਾ ਰਿਹਾ ਹੈ।


Comments Off on ਜੇਰੇ ਵਾਲਾ ਜਗਰਾਜ ਧੌਲਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.