ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ !    ਗਰੀਨ ਕਾਰਡ: ਅਮਰੀਕਾ ਵਿੱਚ ਲਾਗੂ ਹੋਿੲਆ ਨਵਾਂ ਕਾਨੂੰਨ !    

ਚੱਪੜਚਿੜੀ ’ਚ ਬਣੇਗੀ 300 ਫੁੱਟ ਉੱਚੀ ਮਨਾਰ-ਏ-ਫਤਹਿ

Posted On October - 9 - 2010

ਦਰਸ਼ਨ ਸਿੰਘ ਸੋਢੀ

ਮੁਹਾਲੀ ਨੇੜਲੇ ਇਤਿਹਾਸਕ ਪਿੰਡ ਚੱਪੜਚਿੜੀ ਹੁਣ ਸੈਕਟਰ-91 ਵਿਖੇ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਢੁਕਵੀਂ ਯਾਦਗਾਰ (ਫਤਹਿ-ਏ-ਮਿਨਾਰ) ਬਣਨ ਜਾ ਰਹੀ ਹੈ। ਇਸ ਪ੍ਰਾਜੈਕਟ ’ਤੇ 9 ਅਕਤੂਬਰ ਨੂੰ ਬਾਕਾਇਦਾ ਤੌਰ ’ਤੇ ਉਸਾਰੀ ਦਾ ਕੰਮ ਸ਼ੁਰੂ ਹੋ ਜਾਵੇਗਾ। ਇਸ ਦਿਨ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਿੰਡ ਚੱਪੜਚਿੜੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਆਪਣੀ ਨਿਵੇਕਲੀ ਕਿਸਮ ਦੀ ਯਾਦਗਾਰ ਫਤਹਿ-ਏ-ਮਿਨਾਰ ਦਾ ਨੀਂਹ ਪੱਥਰ ਰੱਖਣਗੇ। ਇਹ ਯਾਦਗਾਰ 300 ਸਾਲਾਂ ਦੇ ਲੰਮੇ ਅਰਸੇ ਬਾਅਦ ਬਣਾਈ ਜਾ ਰਹੀ ਹੈ। ਇਸ ਸਬੰਧੀ ਤਿਆਰੀਆਂ ਬੜੇ ਜ਼ੋਰਾਂ ’ਤੇ ਚੱਲ ਰਹੀਆਂ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਅਕਾਲੀ ਲੀਡਰਸ਼ਿਪ ਪੱਬਾਂ ਭਾਰ ਹੋਈ ਪਈ ਹੈ। ਇਸ ਪ੍ਰਾਜੈਕਟ ਦਾ ਸਾਰਾ ਕੰਮ ਨਾਮੀ ਕੰਪਨੀ ਲਾਰਸਨ ਐਂਡ ਟੁਬਰੋ (ਐਲ. ਐਂਡ. ਟੀ) ਨੂੰ ਸੌਂਪਿਆ ਗਿਆ ਹੈ ਅਤੇ ਪੰਜਾਬ ਸਰਕਾਰ ਵੱਲੋਂ ਇਸ ਕੰਪਨੀ ਨੂੰ ਇਹ ਪ੍ਰਾਜੈਕਟ ਇਕ ਸਾਲ ਦੇ ਅੰਦਰ-ਅੰਦਰ ਮੁਕੰਮਲ ਕਰਨ ਲਈ ਆਖਿਆ ਗਿਆ ਹੈ। ਸਰਕਾਰ ਇਸ ਪ੍ਰਾਜੈਕਟ ਦੀ ਉਸਾਰੀ ਦੇ ਕੰਮ ਵਿਚ ਹੁਣ ਹੋਰ ਦੇਰੀ ਕਰਨਾ ਨਹੀਂ ਚਾਹੁੰਦੀ ਕਿਉਂਕਿ ਹੁਕਮਰਾਨਾਂ ਅਤੇ ਪੰਥਕ ਲੀਡਰਸ਼ਿਪ ਦੀ ਅਣਦੇਖੀ ਦੇ ਕਾਰਨ ਪਹਿਲਾਂ ਹੀ ਇਹ ਯਾਦਗਾਰ ਬਣਾਉਣ ਦਾ ਫੈਸਲਾ ਲੈਣ ਲਈ 300 ਸਾਲ ਬੀਤ ਚੁੱਕੇ ਹਨ। ਇਸ ਕੰਮ ’ਤੇ ਸਰਕਾਰ ਵੱਲੋਂ 25 ਕਰੋੜ ਰੁਪਏ ਖਰਚੇ ਜਾਣਗੇ। ਉਂਜ ਇਹ ਪ੍ਰਾਜਕੈਟ 52 ਕਰੋੜ ਰੁਪਏ ਦਾ ਹੈ। ਇਸ ਵਿਚ ਗਮਾਡਾ ਵੱਲੋਂ 27 ਕਰੋੜ ਰੁਪਏ ਦੀ ਲਾਗਤ ਨਾਲ 20 ਏਕੜ ਜ਼ਮੀਨ ਮੁਹੱਈਆ ਕਰਵਾਈ ਗਈ ਹੈ ਬਾਕੀ 25 ਕਰੋੜ ਰੁਪਏ ਯਾਦਗਾਰ ਦੀ ਉਸਾਰੀ ’ਤੇ ਖਰਚ ਹੋਣਗੇ।
ਜ਼ਿਕਰਯੋਗ ਹੈ ਕਿ ‘ਪੰਜਾਬੀ ਟ੍ਰਿਬਿਊਨ’ ਅਖ਼ਬਾਰ ਨੇ ਪਹਿਲਕਦਮੀ ਕਰਦੇ ਹੋਏ ਚੱਪੜਚਿੜੀ ਦੇ ਮੈਦਾਨੇ ਜੰਗ ਸਬੰਧੀ ਸਮੇਂ ਸਮੇਂ ਸਿਰ ਪੱਤਰਾ ਫਰੋਲ ਕੇ ਸਿੱਖਾਂ ਨੂੰ ਹਲੂਣਾ ਦੇ ਕੇ ਜਗਾਇਆ ਹੈ ਜਦੋਂ ਕਿ ਇਸ ਤੋਂ ਪਹਿਲਾਂ ਸਰਕਾਰਾਂ ਜਾਂ ਸਾਡੇ ਪੰਥਕ ਆਗੂਆਂ ਨੂੰ ਚੱਪੜਚਿੜੀ ਦੇ ਸਿੱਖ ਇਤਿਹਾਸ ਨੂੰ ਸਾਂਭਣ ਲਈ ਚੇਤਾ ਨਹੀਂ ਸੀ। ਅਖ਼ਬਾਰ ਪੜ੍ਹ ਕੇ ਹੀ ਜਿਥੇ ਪੰਥਕ ਆਗੂ ਤੇ ਸਿੱਖ ਸੰਸਥਾਵਾਂ ਇਕਜੁਟ ਹੋਈਆਂ ਹਨ, ਉਥੇ ਬਾਅਦ ਵਿਚ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਚੱਪੜਚਿੜੀ ਦੇ ਵਿਰਾਸਤੀ ਟਿੱਬਿਆਂ ਅਤੇ ਮੈਦਾਨੇ ਜੰਗ ਵਾਲੀ ਜਗ੍ਹਾ ਦਾ ਦੌਰਾ ਕਰਨ ਲਈ ਮਜਬੂਰ ਹੋਣਾ ਪਿਆ ਸੀ। ਹਾਲਾਂਕਿ ਗਮਾਡਾ ਵੱਲੋਂ ਇਸ ਤੋਂ ਪਹਿਲਾਂ ਇਸ ਧਰਤੀ ’ਤੇ ਗੋਲਫ ਕਲੱਬ ਬਣਾਏ ਜਾਣ ਦੀ ਯੋਜਨਾ ਉਲੀਕੀ ਜਾ ਰਹੀ ਸੀ, ਜਿਸ ਦਾ ‘ਪੰਜਾਬੀ ਟ੍ਰਿਬਿਊਨ’ ਵੱਲੋਂ ਸਤੰਬਰ 2009 ਨੂੰ ਖੁਲਾਸਾ ਕੀਤਾ ਗਿਆ। ਇਸ ਦਾ ਸਿੱਖ ਸੰਸਥਾਵਾ ਵੱਲੋਂ ਗੰਭੀਰ ਨੋਟਿਸ ਲੈਂਦਿਆਂ ਜ਼ਬਰਦਸਤ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਬਾਅਦ ਵਿਚ ਇਸ ਮਾਮਲੇ ਨੂੰ ਪੰਥਕ ਧਿਰਾਂ ਵੱਲੋਂ ਸਿੱਖ ਇਤਿਹਾਸਕਾਰ ਬੀਬੀ ਬਲਜੀਤ ਕੌਰ ਗਿੱਲ ਦੀ ਅਗਵਾਈ ਹੇਠ ਇਕ 31 ਮੈਂਬਰੀ ਕਮੇਟੀ ਦਾ ਗਠਨ ਕਰਕੇ ਬੜੇ ਜ਼ੋਰਾਂ-ਸ਼ੋਰਾਂ ਨਾਲ ਚੱਪੜਚਿੜੀ ਦਾ ਇਤਿਹਾਸ ਸਾਂਭਣ ਅਤੇ ਇਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਢੁੱਕਵੀਂ ਯਾਦਗਾਰ ਬਣਾਉਣ ਦਾ ਮੁੱਦਾ ਉਠਾਇਆ ਗਿਆ ਸੀ। ਇਸ ਤਰ੍ਹਾਂ ਅੱਜ ਇਥੇ ਸਦੀਆਂ ਬਾਅਦ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਬਣਨ ਜਾ ਰਹੀ ਹੈ।
ਪੰਜਾਬ ਸਰਕਾਰ ਵੱਲੋਂ ਮੁਹਾਲੀ ਜ਼ਿਲ੍ਹਾ ਪ੍ਰਸ਼ਾਸਨ ਦੇ ਰਾਹੀਂ ਇਸ ਪ੍ਰਾਜੈਕਟ ਲਈ 20 ਏਕੜ ਜ਼ਮੀਨ ਐਕਵਾਇਰ ਕਰ ਲਈ ਗਈ ਹੈ, ਜਿਥੇ ਇਹ ਯਾਦਗਾਰ ਉਸਾਰੀ ਜਾਣੀ ਹੈ। ਯੋਜਨਾ ਮੁਤਾਬਕ ਮੈਦਾਨੇ ਜੰਗ ਵਾਲੀ ਧਰਤੀ ’ਤੇ 300 ਫੁੱਟ ਉੱਚੀ ਮਨਾਰੇ-ਏ-ਫਤਹਿ ਦਾ ਨਿਰਮਾਣ ਕੀਤਾ ਜਾਵੇਗਾ ਅਤੇ ਇਥੇ ਨੇੜੇ ਹੀ 5 ਏਕੜ ਜ਼ਮੀਨ ਦੇ ਰਕਬੇ ਵਿਚ ਮੁੜ ਤੋਂ ਰੇਤ ਦੇ ਟਿੱਬੇ ਉਸਾਰੇ ਜਾਣਗੇ ਅਤੇ ਸਭ ਤੋਂ ਉੱਚੇ 40 ਫੁੱਟ ਦੀ ਉਚਾਈ ਵਾਲੇ ਟਿੱਬੇ ਉਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 18 ਫੁੱਟ ਉੱਚਾ ਬੁੱਤ ਲਗਾਇਆ ਜਾਵੇਗਾ, ਜਦੋਂ ਕਿ ਛੋਟੇ ਟਿੱਬਿਆਂ ਉਤੇ ਦੂਸਰੇ ਸਿੰਘ ਸ਼ਹੀਦਾਂ ਜਿਨ੍ਹਾਂ ’ਚ ਸ਼ਹੀਦ ਭਾਈ ਬਾਜ਼ ਸਿੰਘ, ਭਾਈ ਫਤਿਹ ਸਿੰਘ ਜੋ ਕਿ ਸ੍ਰੀਮਤੀ ਸੁਰਿੰਦਰ ਕੌਰ ਬਾਦਲ ਦੇ ਪੇਕੇ ਘਰ ਦੇ ਪੁਰਖਿਆਂ ਵਿਚੋਂ ਹਨ, ਜਦੋਂ ਕਿ ਨਗਾਹੀਆ ਸਿੰਘ ਚੱਪੜਚਿੜੀ ਖੁਰਦ ਦੇ ਸਾਬਕਾ ਸਰਪੰਚ ਅਤੇ ਤਾਲਮੇਲ ਕਮੇਟੀ ਦੇ ਮੈਂਬਰ ਜੋਰਾ ਸਿੰਘ ਭੁੱਲਰ ਦੇ ਪੁਰਖਿਆਂ ਵਿਚੋਂ ਹਨ, ਧਰਮ ਸਿੰਘ, ਅਲੀ ਸਿੰਘ, ਭਾਈ ਮਨੀ ਸਿੰਘ ਸਮੇਤ ਹੋਰਨਾਂ ਸ਼ਹੀਦਾਂ ਦੇ ਬੁੱਤ ਲਗਾਏ ਜਾਣਗੇ ਅਤੇ ਬੁੱਤਾਂ ਦੇ ਥੱਲੇ ਉਨ੍ਹਾਂ ਦੀ ਜੀਵਨੀ ਲਿਖੀ ਜਾਵੇਗੀ ਤਾਂ ਕਿ ਸਿੱਖ ਸੰਗਤਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਜਗ੍ਹਾਂ ਦੇ ਇਤਿਹਾਸ ਬਾਰੇ ਜਾਣਕਾਰੀ ਮਿਲ ਸਕੇ। ਇਹ ਬੁੱਤ 20-20 ਫੁੱਟ ਉੱਚੇ ਹੋਣਗੇ। ਇਨ੍ਹਾਂ ਸਾਰੇ ਹੀ ਟਿੱਬਿਆਂ ਉਤੇ ਰੇਤ ਦੀ ਮੋਟੀ ਪਰਤ ਚੜ੍ਹਾਈ ਜਾਵੇਗੀ ਤਾਂ ਕਿ ਇਨ੍ਹਾਂ ਦੀ ਦਿੱਖ ਬਿਲਕੁਲ ਅਸਲ ਰੇਤ ਦੇ ਟਿੱਬਿਆਂ ਵਰਗੀ ਜਾਪਦੀ ਹੋਵੇ। ਇਸ ਰਕਬੇ ਦੇ ਆਲੇ-ਦੁਆਲੇ ਅੱਠ ਫੁੱਟ ਉੱਚੀ ਦੀਵਾਰ ਉਸਾਰੀ ਜਾਵੇਗੀ ਜੋ ਕਿਲ੍ਹੇ ਦੇ ਆਕਾਰ ਵਰਗੀ ਹੋਵੇਗੀ। ਇਕੱਤਰ ਜਾਣਕਾਰੀ ਅਨੁਸਾਰ ਇਹ ਪ੍ਰਾਜੈਕਟ ਸਮੁੱਚੇ ਉਤਰੀ ਖੇਤਰ ਵਿਚ ਇਕ ਵੱਖਰਾ ਤੇ ਨਿਵੇਕਲੀ ਕਿਸਮ ਦਾ ਹੋਵੇਗਾ। ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਬੀਰ ਆਸਣ ਵਾਲਾ ਹੋਵੇਗਾ ਜਦੋਂ ਕਿ ਬਾਕੀ ਸਿੰਘਾਂ ਦੇ ਬੁੱਤ ਘੋੜਿਆਂ ’ਤੇ ਸਵਾਰ ਵਾਲੇ ਹੋਣਗੇ। ਚੇਤੇ ਰਹੇ ਇਹ ਯਾਦਾਗਾਰ 300 ਸਾਲਾਂ ਬਾਅਦ ਹੋਂਦ ਵਿਚ ਆ ਰਹੀ ਹੈ। ਇਸ ਤੋਂ ਪਹਿਲਾਂ ਕਿਸੇ ਵੀ ਸਰਕਾਰ ਨੇ ਚੱਪੜਚਿੜੀ ਵਿਖੇ ਬਾਬਾ ਜੀ ਅਤੇ ਹੋਰਨਾਂ ਸ਼ਹੀਦ ਸਿੰਘਾਂ ਦੀਆਂ ਯਾਦਗਾਰਾਂ ਬਣਾਉਣ ਦਾ ਯਤਨ ਤੱਕ ਨਹੀਂ ਕੀਤਾ।    ਇਸ ਤੋਂ ਇਲਾਵਾ ਕੁਝ ਜ਼ਮੀਨ ਵਿਚ ਝਿੜੀ, ਜਿਥੇ ਦਰਖਤਾਂ ਦੇ ਝੁੰਡ ਹਨ, ਨੂੰ ਵੀ ਵਿਰਾਸਤ ਵਜੋਂ ਸਾਂਭਿਆ ਜਾਵੇਗਾ ਅਤੇ ਇਸ ਪਵਿੱਤਰ ਧਰਤੀ ’ਤੇ ਸਰਕਾਰ ਵੱਲੋਂ ਨੇੜ ਭਵਿੱਖ ਵਿਚ ਥੀਮ ਪਾਰਕ ਬਣਾਏ ਜਾਣ ਦੀ ਯੋਜਨਾ ਹੈ। ਇਸ ਤੋਂ ਇਲਾਵਾ ਬਾਬਾ ਬੰਦਾ ਸਿੰਘ ਬਹਾਦੁਰ ਦੀ ਯਾਦ ਵਿੱਚ ਚੱਪੜਚਿੜੀ ’ਚ ਅਤਿ ਆਧੁਨਿਕ ਸਿੱਖ ਅਜਾਇਬਘਰ, ਲਾਈਟ ਐਂਡ ਸਾਊਂਡ ਲਈ ਓਪਨ ਏਅਰ ਥੀਏਟਰ ਆਦਿ ਇਹ ਸਾਰੀਆਂ ਯਾਦਗਾਰਾਂ ਵਿਸ਼ਵ ਪੱਧਰੀ ਵਿਰਾਸਤ ਵਜੋਂ ਸਥਾਪਤ ਹੋਣਗੀਆਂ ਅਤੇ ਅਗਲੇ ਇਕ ਸਾਲ ਦੇ ਅੰਦਰ-ਅੰਦਰ ਬਣਾ ਕੇ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ। ਇਸ ਦਾ ਨਕਸ਼ਾ ਵਿਸ਼ਵ ਪੱਧਰ ਦੇ ਆਰਕੀਟੈਕਟਾਂ ਦੀ ਟੀਮ ਤੋਂ ਤਿਆਰ ਕਰਵਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਮੁਹਾਲੀ ਨੇੜਲੇ ਪਿੰਡ ਚੱਪੜਚਿੜੀ ਖੁਰਦ ਸਮੇਤ ਨੇੜਲੇ ਪਿੰਡ ਮੁਸਲਮਾਨਾਂ ਦੀ ਬੈਲਟ ਸਨ। ਇਥੇ 12 ਮਈ 1710 ਈਸਵੀ ਨੂੰ ਪਿੰਡ ਚੱਪੜਚਿੜੀ ਦੇ ਇਸ ਮੈਦਾਨ ਵਿਚ ਸ਼੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦੀ ਸੂਬਾ ਸਰਹਿੰਦ ਵਜ਼ੀਰ ਖਾਨ ਨਾਲ ਜ਼ਬਰਦਸਤ ਜੰਗ ਹੋਈ ਸੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਫਤਹਿ ਕਰਦੇ ਹੋਏ ਇਸ ਪਿੰਡ ਨੂੰ ਸੂਬਾ ਸਰਹਿੰਦ ਦੇ ਕਬਜ਼ੇ ਵਿਚੋਂ ਆਜ਼ਾਦ ਕਰਵਾਇਆ ਸੀ। ਸੂਬਾ ਸਰਹਿੰਦ ਨਾਲ ਲੋਹਾ ਲੈਣ ਲਈ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਾਲੀ ਸਿੱਖਾਂ ਦੀ ਫੌਜ ਨੇ ਇਥੇ ਰੇਤ ਦੇ ਕਰੀਬ 30 ਫੁੱਟ ਉਚੇ ਟਿੱਬਿਆਂ ਦਾ ਸਹਾਰਾ ਲਿਆ ਸੀ। ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਾਲੀ ਸਿੱਖਾਂ ਦੀ ਫੌਜ ਵਿਚ ਕੁਰਬਾਨੀ ਦੇਣ ਵਾਲਾ ਇਕ ਸਿੱਖ ਭਾਈ ਫਤਹਿ ਸਿੰਘ ਮੁਕਤਸਰ ਜ਼ਿਲੇ ਦੇ ਪਿੰਡ ਫਤਿਹ ਸਿੰਘ ਵਾਲਾ ਦਾ ਵਾਸੀ ਸੀ, ਜਿਥੇ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਧਰਮ ਪਤਨੀ ਬੀਬੀ ਸੁਰਿੰਦਰ ਕੌਰ ਬਾਦਲ ਦੇ ਪੇਕੇ ਹਨ। ਇਹ ਸਿੰਘ ਸ੍ਰੀਮਤੀ ਬਾਦਲ ਦੇ ਪੁਰਖਿਆਂ ਵਿੱਚੋਂ ਸੀ। ਜਾਣਕਾਰੀ ਅਨੁਸਾਰ ਪਿੰਡ ਦੇ ਬਾਹਰ ਵਾਰ ਕਰੀਬ 30 ਫੁੱਟ ਉਚੇ ਰੇਤ ਦੇ ਟਿੱਬੇ ਇਸ ਘਮਾਸਾਨ ਜੰਗ ਦੌਰਾਨ ਸਿੰਘਾਂ ਦੇ ਸਹਾਈ ਹੋਏ ਸਨ। ਸੰਨ 1947 ਵਿਚ ਇਥੋਂ ਮੁਸਲਮਾਨ ਰਾਤੋ-ਰਾਤ ਆਪਣਾ ਬੋਰੀ ਬਿਸਤਰਾ ਚੁੱਕ ਕੇ ਭੱਜ ਗਏ ਸਨ ਅਤੇ ਇਸ ਤੋਂ ਬਾਅਦ ਸਮੇਂ ਦੀ ਹਕੂਮਤ ਨੇ ਸਿੱਖ ਆਰਮੀ ਦੇ ਸੂਰਬੀਰ ਸਿਪਾਹੀਆਂ ਨੂੰ ਯੋਗਤਾ ਅਨੁਸਾਰ ਇਸ ਪਿੰਡ ਵਿਚ ਲੋੜੀਂਦੀ ਜ਼ਮੀਨ ਦੇ ਕੇ ਵਸਾਇਆ ਸੀ।
ਹੁਣ ਤੱਕ ਇਸ ਇਤਿਹਾਸਕ ਨਗਰੀ ਵਿਚ 12 ਮਈ 1957 ਨੂੰ ਮਾਸਟਰ ਤਾਰਾ ਸਿੰਘ, ਸਾਲ 1978 ਵਿਚ ਅਤੇ ਫਿਰ 2000 ਵਿਚ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੋ ਵਾਰ ਇਥੇ ਫੇਰੀ ਪਾ ਚੁਕੇ ਹਨ। ਜਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਇਸ ਤੋਂ ਪਹਿਲਾਂ ਲਗਪਗ ਸਾਲ 1983 ਵਿਚ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਵੀ ਇਥੇ ਸਭਾ ਭਰਨ ਦੇ ਮੌਕਿਆਂ ’ਤੇ ਆ ਕੇ ਆਪਣੀ ਹਾਜ਼ਰੀ ਭਰ ਕੇ ਗਏ ਹਨ, ਲੇਕਿਨ ਹੁਣ ਤੱਕ ਪਿੰਡ ਵਾਸੀਆਂ ਨੂੰ ਝੂਠੇ ਵਾਅਦਿਆਂ ਦੇ ਸਿਵਾਏ ਕੁਝ ਪੱਲੇ ਨਹੀਂ ਪਿਆ ਹੈ। ਇਥੋਂ ਤੱਕ ਪਿੰਡ ਚੱਪੜਚਿੜੀ ਨੂੰ ਹਾਲੇ ਤੱਕ ਇਤਿਹਾਸਕ ਨਗਰ ਦਾ ਦਰਜਾ ਵੀ ਨਸੀਬ ਨਹੀਂ ਹੋਇਆ ਹੈ।


Comments Off on ਚੱਪੜਚਿੜੀ ’ਚ ਬਣੇਗੀ 300 ਫੁੱਟ ਉੱਚੀ ਮਨਾਰ-ਏ-ਫਤਹਿ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.