ਤਿੰਨ ਵਰ੍ਹਿਆਂ ਦਾ ਬੱਚਾ ਬੋਰਵੈੱਲ ਵਿੱਚ ਡਿੱਗਿਆ !    10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਜੱਦੀ ਜ਼ਿਲ੍ਹਿਆਂ ਤੋਂ ਦੇ ਸਕਦੇ ਹਨ ਵਿਦਿਆਰਥੀ: ਨਿਸ਼ੰਕ !    ਕਿਸਾਨ ਨੇ 10 ਪਰਵਾਸੀ ਕਾਮਿਆਂ ਲਈ ਕੀਤਾ ਹਵਾਈ ਟਿਕਟਾਂ ਦਾ ਪ੍ਰਬੰਧ !    ਤਬਲੀਗੀ ਮਾਮਲਾ: 294 ਵਿਦੇਸ਼ੀਆਂ ਖ਼ਿਲਾਫ਼ 15 ਨਵੇਂ ਦੋਸ਼-ਪੱਤਰ ਦਾਖ਼ਲ !    ਪਿੰਡ ਖੁਰਾਲਗੜ ਵਿੱਚ ਇਕ ਹੋਰ ਮਜ਼ਦੂਰ ਨੇ ਫਾਹਾ ਲਿਆ !    ਹਿਮਾਚਲ ਦੇ ਭਾਜਪਾ ਪ੍ਰਧਾਨ ਦਾ ਅਸਤੀਫ਼ਾ !    ਖਾਲੀ ਜੇਬਾਂ ਨਾਲ ਪੰਜਾਬੀ ’ਵਰਸਿਟੀ ਦੇ ਪੈਨਸ਼ਨਰਾਂ ਵੱਲੋਂ ਧਰਨਾ !    ਬਦਨਾਮੀ ਖੱਟੀ ਤੇ ਜੇਲ੍ਹ ਵੀ ਗਿਆ ਪਰ ਫੌਜੀ ਨੇ ਮੈਦਾਨ ਨਾ ਛੱਡਿਆ !    ਹੁਣ ਭਾਰਤ-ਚੀਨ ਮਾਮਲੇ ’ਚ ਟਰੰਪ ਨੇ ਮਾਰਿਆ ‘ਜੰਪ’ !    ਪਛਾਣ ਦੀ ਫ਼ਿਕਰ ਦੂਰ !    

ਗੁਰੂ ਘਰ ਦੇ ਅਨਿਨ ਸੇਵਕ : ਬਾਬਾ ਬੁੱਢਾ ਜੀ

Posted On October - 20 - 2010

21 ਅਕਤੂਬਰ ; ਜਨਮ ਦਿਵਸ 'ਤੇ ਵਿਸ਼ੇਸ਼

ਰੂਪ ਸਿੰਘ

ਉਠੰਦਿਆ, ਬੰਹਦਿਆਂ ਸਵੰਦਿਆਂ ਨਾਮ ਸਿਮਰਨ ਵਿਚ ਲੀਨ, ਗੁਰਸਿੱਖ ਜੀਅੜੇ ਬਾਬਾ ਬੁੱਢਾ ਜੀ ਦਾ ਜਨਮ 21 ਅਕਤੂਬਰ, 1506 ਈ: ਨੂੰ ਮਾਤਾ ਗੌਰਾਂ ਜੀ ਦੀ ਕੁਖੋਂ, ਭਾਈ ਸੁੱਖੇ ਰੰਧਾਵੇ ਦੇ ਘਰ ਪਿੰਡ ਕੱਥੂ ਨੰਗਲ ਵਿਚ ਹੋਇਆ। ਆਪ ਜੀ ਦਾ ਪਹਿਲਾਂ ਨਾਂ ‘ਬੂੜਾ’ ਸੀ। ਤੇਜ ਬੁਧੀ, ਗੰਭੀਰ ਸੁਭਾਅ ਦੇ ਮਾਲਕ ਬਾਬਾ ਜੀ ਬਚਪਨ ਕੱਥੂ ਨੰਗਲ ਵਿਚ ਬਿਤਾ, ਆਪਣੇ ਮਾਤਾ ਪਿਤਾ ਨਾਲ ਰਮਦਾਸ ਆ ਗਏ। ਇਥੇ ਬਾਬਾ ਜੀ ਦਾ ਮਿਲਾਪ 1518 ਈ: ਵਿਚ ਜਗਤ-ਗੁਰੂ, ਗੁਰੂ ਨਾਨਕ ਸਾਹਿਬ ਨਾਲ ਹੋਇਆ। ਗੁਰੂ ਚਰਨਾਂ ਦੀ ਛੋਹ ਸਦਕਾ ਬਾਬਾ ਬੁੱਢਾ ਜੀ ਖੁਸ਼ੀਆਂ-ਖੇੜਿਆਂ ਵਿਚ ਜੀਵਨ ਬਿਤਾਉਣ ਲੱਗੇ। ਗੁਰੂ ਨਾਨਕ ਸਾਹਿਬ ਦੀ ਸੰਗਤ ਤੋਂ ਪਿਛੋਂ ਆਪ ਜੀ ਦਾ ਨਾਂ ਬਾਬਾ ਬੁੱਢਾ ਪ੍ਰਚਲਤ ਹੋ ਗਿਆ। ਉਸ ਸਮੇਂ ਬਾਬਾ ਜੀ ਦੀ ਉਮਰ 12 ਸਾਲ ਦੇ ਲਗਪਗ ਸੀ।
ਕੁਝ ਸਮੇਂ ਪਿਛੋਂ ਬਾਬਾ ਜੀ ਘਰ-ਪਰਿਵਾਰ ਨੂੰ ਛੱਡ ਕਰਤਾਰਪੁਰ ਵਿਚ ਗੁਰੂ-ਸੰਗਤ ਦੀ ਸੇਵਾ ਵਿਚ ਲੀਨ ਹੋ ਗਏ। ਇਸ ਤਰ੍ਹਾਂ ਗੁਰੂ ਘਰ ਦੀ ਸੇਵਾ ਕਰਦਿਆਂ ਕਾਫੀ ਸਮਾਂ ਬੀਤ ਗਿਆ। ਬਾਬਾ ਜੀ ਨੇ ਆਪਣਾ ਜੀਵਨ-ਮਿਸ਼ਨ ਗੁਰੂ ਘਰ ਦੀ ਸੇਵਾ ਤੇ ਸਿਮਰਨ ਕਰਦਿਆਂ ਜੀਵਨ-ਮੁਕਤ ਹੋਣ ਦਾ ਬਣਾ ਲਿਆ। ਬਾਬਾ ਜੀ ਗ੍ਰਹਿਸਤੀ ਮਾਰਗ ਦੇ ਪਾਂਧੀ ਨਹੀਂ ਸਨ ਬਣਨਾ ਚਾਹੁੰਦੇ, ਪਰ ਮਾਤਾ-ਪਿਤਾ ਦੀਆਂ ਇਛਾਵਾਂ ਦਾ ਸਤਿਕਾਰ ਕਰਦਿਆਂ 1538 ਈ: ਵਿਚ ਬੀਬੀ ਮਿਰੋਆ ਨਾਲ ਸ਼ਾਦੀ ਕਰ ਲਈ। ਇਹ ਵੀ ਕਿਹਾ ਜਾਂਦਾ ਹੈ ਕਿ ਬਾਬਾ ਜੀ ਦੀ ਬਰਾਤ ਵਿਚ ਕਿਸੇ ਕਾਰਨ-ਵਸ ਗੁਰੂ ਨਾਨਕ ਸਾਹਿਬ ਆਪ ਤਾਂ ਨਾ ਜਾ ਸਕੇ ਪਰ ਉਨ੍ਹਾਂ ਦੇ ਦੋਨੋਂ ਸਾਹਿਬਜ਼ਾਦੇ ਸ਼ਾਮਲ ਹੋਏ। ਬਾਬਾ ਜੀ ਦੇ ਘਰ ਚਾਰ ਪੁੱਤਰ ਪੈਦਾ ਹੋਏ। ਕੁਝ ਸਮਾਂ ਪਰਿਵਾਰ ਨਾਲ ਬਸਰ ਕਰ, ਬਾਬਾ ਜੀ ਫਿਰ ਗੁਰੂ-ਸੰਗਤ ਦੀ ਸੇਵਾ ਵਿਚ ਲਗ ਗਏ। ਇਸ ਸਮੇਂ ਤਕ ਭਾਈ ਲਹਿਣਾ ਜੀ (ਜੋ ਪਹਿਲਾਂ ਦੇਵੀ ਭਗਤ ਸਨ) ਵੀ ਗੁਰਮਤਿ ਮਾਰਗ ਦੇ ਪਾਂਧੀ ਬਣ ਚੁੱਕੇ ਸਨ।
ਗੁਰੂ ਨਾਨਕ ਦੇਵ ਜੀ ਨੇ ਆਪਣਾ ਅੰਤਮ ਸਮਾਂ ਨੇੜੇ ਜਾਣ ‘ਜੋਤਿ’ ਭਾਈ ਲਹਿਣੇ ਵਿਚ ਪਰਵਿਰਤ ਕਰ ਦਿੱਤੀ। ਜੂਨ, 1539 ਈ: ਵਿਚ ਉਨ੍ਹਾਂ ਨੂੰ ਆਪਣਾ ‘ਅੰਗ’ ਜਾਣ ‘ਗੁਰੂ ਅੰਗਦ ਦੇਵ’ ਬਣਾ ਦਿੱਤਾ। ਬਾਬਾ ਬੁੱਢਾ ਜੀ ਤੋਂ ਗੁਰਿਆਈ ਦਾ ਤਿਲਕ ਲਗਵਾ, ਆਪ ਗੁਰੂ ਨਾਨਕ ਸਾਹਿਬ ਜੀ ਨੇ ‘ਗੁਰੂ-ਜੋਤਿ’ ਨੂੰ ਮੱਥਾ ਟੇਕਿਆ। ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਹੁਕਮ ਦੀ ਪਾਲਣਾ ਕਰਦਿਆਂ ਹੋਇਆਂ ਖਡੂਰ ਸਾਹਿਬ ਵਿਖੇ ਨਵੀਂ ਧਰਮਸ਼ਾਲ ਸਥਾਪਤ ਕੀਤੀ। ਆਰੰਭ ਵਿਚ ਗੁਰੂ ਜੀ ‘ਗੁਰਗੱਦੀ’ ਦੇ ਝਗੜੇ ਕਾਰਨ ਮਾਤਾ ਵਿਰਾਈ ਪਾਸ ਗੁਪਤਵਾਸ ਹੋ ਗਏ। ਸੰਗਤਾਂ ਗੁਰੂ ਦਰਸ਼ਨਾਂ ਲਈ ਬਿਹਬਲ ਹੋ ਉਠੀਆਂ। ਸੰਗਤਾਂ ਬਾਬਾ ਬੁੱਢਾ ਜੀ ਦੀ ਸੁਚੱਜੀ ਅਗਵਾਈ ਵਿਚ ਗੁਰੂ ਹੁਕਮ ਸਦਕਾ ਗੁਰਮਤਿ ਮਾਰਗ ਦੇ ਪਾਂਧੀਆਂ ਨੂੰ ਗੁਰਮੁਖੀ ਲਿੱਪੀ ਵਿਚ ਵਿਦਿਆ ਦੇਣੀ ਤੇ ਲੰਗਰ ਦੀ ਸੇਵਾ ਕਰਨੀ ਸ਼ੁਰੂ ਕੀਤੀ।  ਆਪਣਾ ਅੰਤਮ ਸਮਾਂ ਨੇੜੇ ਆਇਆ ਜਾਣ, ਗੁਰੂ ਅੰਗਦ ਦੇਵ ਜੀ ਨੇ ਸ਼ਰਧਾ, ਪ੍ਰੇਮ, ਸੇਵਾ ਤੇ ਕੁਰਬਾਨੀ ਦੇ ਪੁੰਜ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪ, ਬਾਬਾ ਬੁੱਢਾ ਜੀ ਤੋਂ ਗੁਰਿਆਈ ਦਾ ਤਿਲਕ ਲਗਵਾਇਆ। ਗੁਰੂ ਅਮਰਦਾਸ ਜੀ ਨੇ ‘ਗੁਰੂ’ ਹੁਕਮ ਅਨੁਸਾਰੀ ਗੋਇੰਦਵਾਲ ਨੂੰ ਸਿੱਖੀ ਦਾ ਨਵਾਂ ਪ੍ਰਚਾਰ ਤੇ ਪ੍ਰਸਾਰ ਕੇਂਦਰ ਬਣਾਇਆ। ਗੁਰਗੱਦੀ ‘ਤੇ ਦਾਤੂ ਨੇ ਆਪਣਾ ਵਿਰਾਸਤੀ ਹੱਕ ਜਿਤਾਉਂਦਿਆਂ ਗੁਰੂ ਜੀ ਨਾਲ ਝਗੜਾ ਸ਼ੁਰੂ ਕਰ ਦਿੱਤਾ। ਗੁਰੂ ਜੀ ਗੋਇੰਦਵਾਲ ਛੱਡ ਬਾਸਰਕੇ ਆ ਗਏ ਤੇ ਇਕ ਕਮਰੇ ਵਿਚ ਬੈਠ ਬਾਹਰੋਂ ਬੂਹਾ ਬੰਦ ਕਰਵਾ, ਬੰਦਗੀ ਕਰਨ ਲਗ ਪਏ। ਗੋਇੰਦਵਾਲ ਸੰਗਤਾਂ ਗੁਰੂ ਦਰਸ਼ਨਾਂ ਲਈ ਹੁਮ-ਹੁਮਾ ਕੇ ਆਉਂਦੀਆਂ ਪਰ ਗੁਰੂ ਦਰਸ਼ਨਾਂ ਤੋਂ ਬਿਨਾਂ ਸੰਗਤਾਂ ਵਿਆਕੁਲ ਹੋ ਉੱਠਦੀਆਂ। ਸੰਗਤਾਂ ਨੇ ਬਾਬਾ ਬੁੱਢਾ ਜੀ  ਨੂੰ ਬੇਨਤੀ ਕੀਤੀ ਬਾਬਾ ਜੀ ਗੁਰੂ ਹੁਕਮ ਦੀ ਅਵੱਗਿਆ ਵੀ ਨਹੀਂ ਸਨ ਕਰਨੀ ਚਾਹੁੰਦੇ ਤੇ ਸੰਗਤਾਂ ਦੀ ਸਿੱਕ ਨੂੰ ਵੀ ਤ੍ਰਿਪਤ ਕਰਨਾ ਜ਼ਰੂਰੀ ਸੀ। ਕੁਝ ਸਮਾਂ ਸੋਚ-ਵਿਚਾਰ ਕਰ ਬਾਬਾ ਬੁੱਢਾ ਜੀ ਨੇ ਪਿਛਲੇ ਪਾਸਿਓਂ ਸੰਨ੍ਹ ਲਾ ਗੁਰੂ-ਚਰਨਾਂ ‘ਤੇ ਸੀਸ ਝੁਕਾਇਆ। ਗੁਰੂ ਜੀ ਬਾਬਾ ਜੀ ਦੀ ਸ਼ਰਧਾ ਤੇ ਸੂਖਮ ਸੂਝ ਅਤੇ ਲਿਆਕਤ ਤੋਂ ਬਹੁਤ ਪ੍ਰਭਾਵਿਤ ਹੋਏ। ਗੁਰੂ ਜੀ ਸੰਗਤ ਦੀ ਬੇਨਤੀ ਪਰਵਾਨ ਕਰ ਗੋਇੰਦਵਾਲ ਸਾਹਿਬ ਵਾਪਸ ਆ ਗਏ।  ਗੁਰੂ ਅਮਰਦਾਸ ਜੀ ਜਦ ਵੇਖਿਆ ਕਿ ਸੁਚ-ਭਿਟ, ਊਚ-ਨੀਚ ਤੇ ਛੂਤ-ਛਾਤ ਕਾਰਨ ਮਨੁੱਖ, ਮਨੁੱਖ ਨੂੰ ਘਿਰਣਾ ਕਰਦਾ ਹੈ, ਤਾਂ ਉਹਨਾਂ ਇਸ ਦੇ ਸਦੀਵੀ ਹੱਲ ਲਈ ਬਾਉਲੀ ਬਣਾਉਣੀ ਚਾਹੀ ਜਿਥੋਂ ਹਰ ਧਰਮ, ਹਰ ਜਾਤ, ਹਰ ਇਲਾਕੇ ਦਾ ਮਨੁੱਖ ਇਸ਼ਨਾਨ ਕਰ ਵਿਤਕਰਿਆਂ-ਰੂਪੀ ਚੌਰਾਸੀ ਤੋਂ ਮੁਕਤ ਹੋ ਸਕੇ। ਗੁਰੂ ਜੀ ਨੇ 1552 ਈ: ਵਿਚ ਬਾਬਾ ਬੁੱਢਾ ਜੀ ਪਾਸੋਂ ਬਾਉਲੀ ਦਾ ਆਦਿ ਟੱਕ ਲਗਵਾਇਆ।
ਗੁਰੂ ਅਮਰਦਾਸ ਜੀ ਨੇ ਸਿੱਖੀ ਦੇ ਪ੍ਰਚਾਰ ਖੇਤਰ ਨੂੰ ਵਧਾਉਣ ਤੇ ਨਿਯਮ-ਬੱਧ ਕਰਨ ਹਿਤ 22 ਮੰਜੀਆਂ ਦੀ ਅਸਥਾਪਨਾ ਕੀਤੀ। ਇਸ ਮੰਜੀ-ਪ੍ਰਥਾ ਦੇ ਮੁਖ ਪ੍ਰਬੰਧਕ ਵੀ ਬਾਬਾ ਬੁੱਢਾ ਜੀ ਹੀ ਸਨ।
ਬਾਦਸ਼ਾਹ ਅਕਬਰ ਜਦ ਪਹਿਲੀ ਵਾਰ ਗੁਰੂ-ਦਰਸ਼ਨਾਂ ਲਈ ਗੁਰੂ-ਦਰਬਾਰ ਵਿਚ ਹਾਜ਼ਰ ਹੋਇਆ ਤਾਂ ਬਾਬਾ ਬੁੱਢਾ ਜੀ ਨੇ ਹੀ ਬਾਦਸ਼ਾਹ ਨੂੰ ‘ਨਿਰਮਲ ਪੰਥ’ ਦੀ ਨਿਰਮਲਤਾ ਤੇ ਮਰਿਯਾਦਾ ਤੋਂ ਜਾਣੂ ਕਰਵਾਇਆ। ਬਾਦਸ਼ਾਹ ਗੁਰੂ ਕੇ ਲੰਗਰ ‘ਚੋਂ ਪ੍ਰਸ਼ਾਦ ਛਕ, ਗੁਰੂ ਸੰਗਤ” ਦੇ ਦਰਸ਼ਨ ਕਰ ਬਹੁਤ ਪ੍ਰਭਾਵਿਤ ਹੋਇਆ।
ਗੁਰੂ ਅਮਰਦਾਸ ਜੀ ਨੇ ਗਰੂ-ਘਰ ਦੀ ਮਰਿਯਾਦਾ ਅਨੁਸਾਰੀ ਗੁਰ-ਗੱਦੀ ਦੇ ਯੋਗ ਅਧਿਕਾਰੀ ਨਿਸ਼ਕਾਮ ਸੇਵਕ (ਗੁਰੂ) ਰਾਮਦਾਸ ਜੀ ਨੂੰ ਗੁਰਗੱਦੀ ‘ਤੇ ਬਿਰਾਜਮਾਨ ਕਰ ਬਾਬਾ ਬੁੱਢਾ ਜੀ ਪਾਸੋਂ ਗੁਰਿਆਈ ਦਾ ਤਿਲਕ ਲਗਵਾਇਆ। ਕੁਝ ਸਮੇਂ ਪਿਛੋਂ ਗੁਰੂ ਅਮਰਦਾਸ ਜੀ ‘ਜੋਤੀ-ਜੋਤਿ’ ਸਮਾ ਗਏ। ਬਾਬਾ ਬੁੱਢਾ ਜੀ ਨੇ ਗੁਰੂ ਅਮਰਦਾਸ ਜੀ ਦੀਆਂ ਅੰਤਮ ਰਸਮਾਂ ਆਪਣੇ ਹੱਥੀਂ ਕੀਤੀਆਂ।
ਗੁਰੂ ਰਾਮਦਾਸ ਜੀ ਨੇ ਗੁਰੂ ਹੁਕਮ ਦੀ ਪਾਲਣਾ ਕਰਦਿਆਂ ‘ਰਾਮਦਾਸਪੁਰ’ ਦੀ ਸਥਾਪਨਾ ਕਰ, ਬਾਬਾ ਬੁੱਢਾ ਜੀ ਤੋਂ ਅੰਮ੍ਰਿਤ ਸਰੋਵਰ ਦਾ ਟੱਕ ਲਗਵਾ, ਬਾਬਾ ਜੀ ਨੂੰ ਇਸ ਮਹਾਨ ਸੇਵਾ ਦਾ ਮੁਖ ਸੇਵਾਦਾਰ ਨਿਯੁਕਤ ਕੀਤਾ, ਜਿਸ ਸਥਾਨ ‘ਤੇ ਬੈਠ ਬਾਬਾ ਜੀ ਪਾਵਨ ਸਰੋਵਰ ਦੀ ਸੇਵਾ ਕਰਵਾਇਆ ਕਰਦੇ ਸਨ, ਉਹ ਥਾਂ ਸ੍ਰੀ ਦਰਬਾਰ ਸਾਹਿਬ ਵਿਚ ‘ਬੇਰ-ਬਾਬਾ ਬੁੱਢਾ’ ਜੀ ਦੀ ਇਤਿਹਾਸਕ ਯਾਦ ਵਜੋਂ ਅੱਜ ਵੀ ਸੁਰੱਖਿਅਤ ਹੈ।
ਗੁਰੂ ਰਾਮਦਾਸ ਜੀ ਨੇ ਆਪਣੇ ਛੋਟੇ ਸਪੁੱਤਰ (ਗੁਰੂ) ਅਰਜਨ ਦੇਵ ਜੀ ਨੂੰ ‘ਗੁਰਗੱਦੀ’ ਦੀ ਜ਼ਿੰਮੇਵਾਰੀ ਸੌਂਪ, ਬਾਬਾ ਬੁੱਢਾ ਜੀ ਤੋਂ ਗੁਰਿਆਈ ਦੀਆਂ ਰਸਮਾਂ ਪੂਰੀਆਂ ਕਰਵਾ ਆਪ ਪ੍ਰਭੂ-ਚਰਨਾਂ ਵਿਚ ਜਾ ਬਿਰਾਜੇ। ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ ਸਮੁੱਚੀ ਉਸਾਰੀ ਦੇ ਕੰਮਾਂ ਦਾ ਪ੍ਰਬੰਧ ਸੰਭਾਲ ਦਿੱਤਾ। ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾਤਾ ਪ੍ਰਿਥੀ ਚੰਦ ਨੇ ਗੁਰਗੱਦੀ ‘ਤੇ ਹੱਕ ਜਮਾਉਣਾ ਚਾਹਿਆ। ਇਸ ਸੁਆਰਥ ਲਈ ਉਸ ਨੇ ਹਰ ਹੀਲੇ ਸੰਗਤਾਂ ਨੂੰ ਗੁੰਮਰਾਹ ਕਰਨਾ ਚਾਹਿਆ। ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੇ ਇਸ ਗੁੰਮਰਾਹ-ਕੁੰਨ ਪ੍ਰਚਾਰ ਤੋਂ ਸੰਗਤਾਂ ਨੂੰ ਸੁਚੇਤ ਕਰ ਗੁਰੂ ਘਰ ਨਾਲ ਜੋੜੀ ਰੱਖਿਆ।
ਗੁਰੂ ਅਰਜਨ ਦੇਵ ਜੀ ਨੇ ਸਮੁੱਚੀ ਮਾਨਵਤਾ ਦੇ ਉਦਾਰ ਹਿਤ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਤਿਆਰ ਕੀਤੀ। ਕਾਫੀ ਸੋਚ-ਵਿਚਾਰ ਕਰ ਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ ਹੀ ਮੁਖ-ਗ੍ਰੰਥੀ ਦੀ ਸੇਵਾ ਸੌਂਪਣ ਦਾ ਫ਼ੈਸਲਾ ਲਿਆ। ਗੁਰ-ਬਿਲਾਸ ਪਾਤਸ਼ਾਹੀ ਛੇਵੀਂ ਦੇ ਸ਼ਬਦਾਂ ਵਿਚ –
ਕਰਤ ਵਿਚਾਰ ਇਹ ਠਹਰਾਈ।
ਬੁੱਢਾ ਜੀ ਸੇਵਾ ਨਿਪੁਨਾਈ।
ਗੁਰੂ ਨਾਨਕ ਇਨ ਦਰਸ਼ਨ ਕਰੇ।
ਸੇਵਾ ਮੈਂ ਅਤਿ ਹਿਤ ਇਹ ਧਰੇ।
ਜਦ ਪਾਵਨ ਆਦਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿਚ ਕੀਤਾ ਗਿਆ ਤਾਂ ਮੁੱਖ-ਗ੍ਰੰਥੀ ਬਾਬਾ ਬੁੱਢਾ ਜੀ ਨੇ ਹੀ ਪਹਿਲਾ ਵਾਕ ਸੰਗਤਾਂ ਨੂੰ ਸਰਵਣ ਕਰਵਾਇਆ।
ਜਿਸ ਸਮੇਂ ਗੁਰੂ ਅਰਜਨ ਦੇਵ ਜੀ ਨੇ ਮਾਝੇ-ਦੁਆਬੇ ਦਾ ਪ੍ਰਚਾਰ ਦੌਰਾ ਕੀਤਾ ਬਾਬਾ ਬੁੱਢਾ ਜੀ ਗੁਰੂ ਆਗਿਆ ਸਦਕਾ ਕੁਝ ਸਮੇਂ ਪਿਛੋਂ ‘ਬੀੜ’ ਵਿਚ ਚਲੇ ਗਏ- ਇਹ ਬੀੜ ਗੁਰੂ ਘਰ ਦੇ ਇਕ ਸ਼ਰਧਾਲੂ ਨੇ ਗੁਰੂ-ਘਰ ਦੇ ਮਾਲ ਲਈ ਰਾਖਵੀਂ ਰੱਖੀ ਸੀ।
ਮਾਤਾ ਗੰਗਾ ਜੀ ਦੀ ਖਾਹਸ਼ ਨੂੰ ਪੂਰਾ ਕਰਨ ਹਿਤ ਗੁਰੂ ਜੀ ਨੇ ਮਾਤਾ ਜੀ ਨੂੰ ਬਾਬਾ ਬੁੱਢਾ ਜੀ ਦੀ ਸੇਵਾ ਵਿਚ ਹਾਜ਼ਰ ਹੋਣ ਲਈ ਕਹਿ, ਬਾਬਾ ਜੀ ਦੀ ਮਹਾਨ ਸ਼ਖ਼ਸੀਅਤ ਨੂੰ ਸਤਿਕਾਰ ਬਖਸ਼ਿਆ। ਪ੍ਰਭੂ-ਕਿਰਪਾ ਸਦਕਾ ਮਾਤਾ ਜੀ ਦੀ ਖਾਹਸ਼ (ਗੁਰੂ) ਹਰਿਗੋਬਿੰਦ ਜੀ ਦੇ ਆਗਮਨ ਨਾਲ ਪੂਰੀ ਹੋਈ। ਜਦੋਂ ਬਾਲ ਹਰਿਗੋਬਿੰਦ ਪੰਜ ਸਾਲ ਦੇ ਹੋਏ ਤਾਂ ਉਨ੍ਹਾਂ ਨੂੰ ਹਰ ਖੇਤਰ ਵਿਚ ਪ੍ਰਬੀਨ ਬਣਾਉਣ ਲਈ ਬਾਬਾ ਬੁੱਢਾ ਜੀ ਦੀਆਂ ਹੀ ਸੇਵਾਵਾਂ ਲਈਆਂ ਗਈਆਂ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਪਿਛੋਂ ਗੁਰੂ ਹੁਕਮ ਅਨੁਸਾਰ ਬਾਬਾ ਬੁੱਢਾ ਜੀ ਨੇ (ਗੁਰੂ) ਹਰਿਗੋਬਿੰਦ ਜੀ ਨੂੰ ਗੁਰਿਆਈ ਦਾ ਤਿਲਕ ਦਿੱਤਾ ਤੇ ਮੀਰੀ ਪੀਰੀ ਦੀਆਂ ਤਲਵਾਰਾਂ ਪਹਿਨਾਈਆਂ ਤਾਂ ਜੋ ਜ਼ਾਲਮ ਤੇ ਜਾਬਰ ਹਕੂਮਤ ਦੀਆਂ ਵਧੀਕੀਆਂ ਦਾ ਮੁਕਾਬਲਾ ਕੀਤਾ ਜਾ ਸਕੇ। ਗੁਰੂ ਹਰਿਗੋਬਿੰਦ ਜੀ ਨੇ ਆਪਣੇ ਸ਼ਹੀਦ ਗੁਰੂ-ਪਿਤਾ ਦੀਆਂ ਇਛਾਵਾਂ ਅਨੁਸਾਰ ਹਰ ਤਰ੍ਹਾਂ ਤਿਆਰੀ ਸ਼ੁਰੂ ਕਰ ਦਿੱਤੀ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਨੀਂਹ ਬਾਬਾ ਬੁੱਢਾ ਜੀ ਤੋਂ ਰਖਵਾਈ ਤੇ ਸੰਗਤਾਂ ਨੂੰ ਫੁਰਮਾਨ ਜਾਰੀ ਕੀਤਾ ਗਿਆ ਕਿ ਗੁਰੂ-ਦਰਬਾਰ ਵਿਚ ਚੰਗੇ ਸ਼ਸਤਰ, ਵਧੀਆ ਘੋੜੇ ਤੇ ਉਠਦੀਆਂ ਜਵਾਨੀਆਂ ਦੀਆਂ ਭੇਟਾਵਾਂ ਲੈ ਕੇ ਹਾਜ਼ਰ ਹੋਣ। ਪਰ ਦੂਸਰੇ ਪਾਸੇ ਮੁਗਲ ਹਕੂਮਤ ਨੂੰ ਇਹ ਕਿਸ ਤਰ੍ਹਾਂ ਭਾ ਸਕਦਾ ਸੀ ਕਿ ਉਨ੍ਹਾਂ ਦੇ ਸਮਾਂਨਤਰ ਕੋਈ ਸਰਕਾਰ ਬਣਾ, ਫੁਰਮਾਨ ਜਾਰੀ ਕਰੇ। ਸਮੇਂ ਦੀ ਹਕੂਮਤ ਦੇ ਆਦੇਸ਼ ਮੁਤਾਬਕ ਗੁਰੂ ਜੀ ਨੂੰ ਕੈਦ ਕਰ ਗਵਾਲੀਅਰ ਦੇ ਕਿਲ੍ਹੇ ਵਿਚ ਬੰਦ ਕਰ ਦਿੱਤਾ ਗਿਆ। ਬਾਬਾ ਬੁੱਢਾ ਜੀ ਮਾਤਾ ਗੰਗਾ ਜੀ ਦੇ ਹੁਕਮ ਅਨੁਸਾਰ ਗਵਾਲੀਅਰ ਗਏ ਪਰ ਸਮੇਂ ਦੇ ਹਾਕਮਾਂ ਨੇ ਬਾਬਾ ਜੀ ਨੂੰ ਗੁਰੂ ਦਰਸ਼ਨ ਕਰਨ ਦੀ ਆਗਿਆ ਨਾ ਦਿੱਤੀ। ਬਾਬਾ ਜੀ ਗੁਰੂ ਜਸ ਕਰਦੇ ਹੋਏ ਕਿਲ੍ਹੇ ਦੀ ਪ੍ਰਕਰਮਾ ਕਰਨ ਲੱਗ ਪਏ। ਜਦ ਗੁਰੂ ਜੀ ਦੀ ਰਿਹਾਈ ਹੋਈ ਤਾਂ ਬਾਬਾ ਜੀ ਨੇ ਗੁਰੂ ਜੀ ਦੇ ਦਰਸ਼ਨ ਕਰ ਸੰਗਤਾਂ ਦੀ ਬਿਹਬਲਤਾ ਦਰਸਾਈ।
ਸਮੇਂ ਦੇ ਨਾਲ ਬਾਬਾ ਜੀ ਬਹੁਤ ਹੀ ਬਿਰਧ ਹੋ ਚੁੱਕੇ ਸਨ। ਗੁਰੂ ਜੀ ਤੋਂ ਬਾਬਾ ਬੁੱਢਾ ਜੀ ਆਗਿਆ ਪ੍ਰਾਪਤ ਕਰਕੇ ਆਪਣੇ ਪਿੰਡ ਰਮਦਾਸ ਆ ਗਏ। ਬਾਬਾ ਜੀ ਨੇ ਆਪਣਾ ਅੰਤਮ ਸਮਾਂ ਨੇੜੇ ਜਾਣ, ਗੁਰੂ ਦਰਸ਼ਨਾਂ ਦੀ ਇਛਿਆ ਕੀਤੀ ਤੇ ਇਕ ਆਦਮੀ ਰਾਹੀਂ ਗੁਰੂ ਜੀ ਨੂੰ ਦਰਸ਼ਨ ਦੇਣ ਲਈ ਬੇਨਤੀ ਕੀਤੀ। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਬਾਬਾ ਜੀ ਦੀ ਬੇਨਤੀ ਪ੍ਰਵਾਨ ਕਰ ਰਮਦਾਸ ਪਹੁੰਚੇ। ਪੰਜ ਗੁਰੂ ਸਾਹਿਬਾਨ ਨੂੰ ਹੱਥੀਂ ਗੁਰਿਆਈ ਦਾ ਤਿਲਕ ਦੇ, ਅੱਠ ਗੁਰੂ ਸਾਹਿਬਾਨ ਦੇ ਸ਼ਖ਼ਸੀ ਦਰਸ਼ਨ ਕਰ, 125 ਸਾਲ ਦੀ ਉਮਰ ਭੋਗ, ਬਾਬਾ ਬੁੱਢਾ ਜੀ ਨੇ 16 ਨਵੰਬਰ 1631 ਈ: ਨੂੰ ਗੁਰੂ ਹਰਿਗੋਬਿੰਦ ਜੀ ਦੇ ਪਾਵਨ ਹੱਥਾਂ ਵਿਚ ਅੰਤਮ ਸਵਾਸ ਲਏ। ਗੁਰੂ-ਪਾਤਸ਼ਾਹ ਬਾਬਾ ਜੀ ਦਾ ਅੰਤਮ ਸੰਸਕਾਰ ਆਪਣੇ ਹੱਥੀਂ ਕਰ ਪਰਿਵਾਰ ਨੂੰ ਭਾਣਾ ਮੰਨਣ ਤੇ ਸੰਗਤਾਂ ਨੂੰ ਬਾਬਾ ਜੀ ਦੇ ਜੀਵਨ ਤੋਂ ਪ੍ਰੇਰਣਾ ਲੈਣ ਦਾ ਉਪਦੇਸ਼ ਕਰ, ਅੰਮ੍ਰਿਤਸਰ ਵਾਪਸ ਆ ਗਏ।


Comments Off on ਗੁਰੂ ਘਰ ਦੇ ਅਨਿਨ ਸੇਵਕ : ਬਾਬਾ ਬੁੱਢਾ ਜੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.