ਪੰਜਾਬ ਵੱਲੋਂ ਲੌਕਡਾਊਨ 5.0 ਸਬੰਧੀ ਦਿਸ਼ਾ ਨਿਰਦੇਸ਼ ਜਾਰੀ !    ਪਾਕਿ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਦੇਸ਼ ਛੱਡਣ ਦੇ ਹੁਕਮ !    ਬੀਜ ਘੁਟਾਲਾ: ਨਿੱਜੀ ਫਰਮ ਦਾ ਮਾਲਕ ਗ੍ਰਿਫ਼ਤਾਰ, ਸਟੋਰ ਸੀਲ !    ਦਿੱਲੀ ਪੁਲੀਸ ਦੇ ਦੋ ਏਐੱਸਆਈ ਦੀ ਕਰੋਨਾ ਕਾਰਨ ਮੌਤ !    ਸ਼ਰਾਬ ਕਾਰੋਬਾਰੀ ਦੇ ਘਰ ’ਤੇ ਫਾਇਰਿੰਗ !    ਪੰਜਾਬ ’ਚ ਕਰੋਨਾ ਦੇ 31 ਨਵੇਂ ਕੇਸ ਆਏ ਸਾਹਮਣੇ !    ਯੂਪੀ ’ਚ ਮਗਨਰੇਗਾ ਤਹਿਤ ਨਵਿਆਈਆਂ ਜਾਣਗੀਆਂ 19 ਨਦੀਆਂ !    ਕੈਬਨਿਟ ਮੰਤਰੀਆਂ ਨੇ ਸੰਘਵਾਦ ਦੇ ਮੁੱਦੇ ’ਤੇ ਬਾਦਲਾਂ ਨੂੰ ਘੇਰਿਆ !    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੀਵਨੀ ਰਿਲੀਜ਼ !    ਸਾਕਾ ਨੀਲਾ ਤਾਰਾ ਦੀ ਵਰ੍ਹੇਗੰਢ ਤੋਂ ਪਹਿਲਾਂ ਦਰਬਾਰ ਸਾਹਿਬ ਦੀ ਕਿਲੇਬੰਦੀ !    

ਗੁਰੂ ਗਰੰਥ ਸਾਹਿਬ ਦਾ ਉਰਦੂ ਤਰਜਮਾ

Posted On October - 13 - 2010

ਚਰਨਜੀਤ ਭੁੱਲਰ

ਬਜ਼ੁਰਗ ਦੇਵਿੰਦਰਪਾਲ ਸਿੰਘ ਗੁਰੂ ਗ੍ਰੰਥ ਸਾਹਿਬ ਦਾ ਉਰਦੂ 'ਚ ਕੀਤਾ ਤਰਜਮਾ ਦਿਖਾਉਂਦਾ ਹੋਇਆ

ਜ਼ਿਲ੍ਹਾ ਬਠਿੰਡਾ ਦਾ ਬਜ਼ੁਰਗ ਦੇਵਿੰਦਰਪਾਲ ਸਿੰਘ ਉਹ ਸ਼ਖਸ ਹੈ ਜਿਸ ਨੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਉਰਦੂ ‘ਚ ਤਰਜਮਾ ਕੀਤਾ ਹੈ। ਇਕੱਲਾ ਤਰਜਮਾ ਨਹੀਂ ਕੀਤਾ ਬਲਕਿ ਵਿਆਖਿਆ ਵੀ ਕੀਤੀ ਹੈ। ਭਾਵੇਂ ਇਹ ਕਿਰਤ ਛੋਟੀ ਨਹੀਂ ਪ੍ਰੰਤੂ ਉਸ ਦੀ ਉਡੀਕ ਲੰਮੀ ਜ਼ਰੂਰ ਹੈ। ਚੁਰਾਸੀ ਸਾਲ ਦਾ ਬਜ਼ੁਰਗ ਹੁਣ ਹੋਰ ਉਡੀਕ ਦੇ ਸਮਰੱਥ ਵੀ ਨਹੀਂ ਰਿਹਾ। ਉਡੀਕਾਂ ‘ਤੇ ਹੁਣ ਫਿਕਰ ਭਾਰੂ ਹੋਣ ਲੱਗਾ ਹੈ। ਫਿਕਰ ਇੱਕੋ ਹੈ ਕਿ ਮਰਨ ਤੋਂ ਪਹਿਲਾਂ ਇਸ ਉਰਦੂ ਤਰਜਮੇ ਦੀ ਛਪਾਈ ਹੋ ਜਾਏ। ਜਦੋਂ 10 ਵਰ੍ਹਿਆਂ ਦੀ ਦਿਨ ਰਾਤ ਦੀ ਮਿਹਨਤ ਮਗਰੋਂ ਸ੍ਰੀ ਗੁਰੂ ਗਰੰਥ ਸਾਹਿਬ ਦਾ ਉਰਦੂ ਤਰਜਮਾ ਮੁਕੰਮਲ ਹੋਇਆ ਤਾਂ ਉਸ ‘ਚ ਇੱਕ ਹੌਸਲਾ ਸੀ। ਅਗਲੇ ਵਰ੍ਹੇ ਉਸ ਦਾ ਹੌਸਲਾ ਤੋੜਨ ਵਾਲੇ ਸਨ। ਉਸ ਨੂੰ ਕੋਈ ਨਹੀਂ ਲੱਭਾ ਜੋ ਉਸ ਦੀ ਕਿਰਤ ਦਾਮੁੱਲ ਪਾ ਸਕਦਾ। ਮਾਮਲਾ ਕੇਵਲ ਉਰਦੂ ਤਰਜਮੇ ਦੀ ਛਪਾਈ ਦਾ ਹੈ। ਇਹ ਬਜ਼ੁਰਗ ਉਰਦੂ ਤਰਜਮੇ ਵਾਲੇ ਖਰੜੇ ਨੂੰ ਆਖਰ ਕਦੋਂ ਤੱਕ ਸਾਂਭ ਸਾਂਭ ਕੇ ਰੱਖੇਗਾ। ਦੇਵਿੰਦਰਪਾਲ ਸਿੰਘ ਕਈ ਵਰ੍ਹੇ ਉਨ੍ਹਾਂ ਦੇ ਪਿਛੇ ਪਿਛੇ ਰਿਹਾ ਜੋ ਸਿੱਖ ਕੌਮ ਦੇ ਮੋਹਰੀ ਅਖਵਾਉਂਦੇ ਹਨ। ਉਸ ਨੂੰ ਕਿਧਰੋਂ ਵੀ ਲਾਰਿਆਂ ਤੋਂ ਸਿਵਾ ਕੁਝ ਪੱਲੇ ਨਹੀਂ ਪਿਆ। ਜਿਥੋਂ ਉਮੀਦ ਦਿਖੀ, ਉਸ ਨੇ ਉਹੀ ਬੂਹਾ ਖੜਕਾਇਆ। ਮੁਸਲਿਮ ਫਿਰਕੇ ‘ਚ ਸਿੱਖ ਧਰਮ ਨੂੰ ਪ੍ਰਫੁੱਲਤ ਕਰਨ ਵਾਸਤੇ ਇਹ ਇੱਕ ਵੱਡਾ ਉੱਦਮ ਹੈ ਜਿਸ ਨਾਲ ਸ੍ਰੀ ਗੁਰੂ ਗਰੰਥ ਸਾਹਿਬ ਦਾ ਘੇਰਾ ਹੋਰ ਵਿਸ਼ਾਲ ਹੋਣਾ ਸੀ। ਉਰਦੂ ਜਾਣਨ ਵਾਲਿਆਂ ਦੇ ਹੱਥਾਂ ਤੱਕ ਇਹ ਕਿਰਤ ਕਦੋਂ ਪੁੱਜੇਗੀ, ਕੋਈ ਪਤਾ ਨਹੀਂ ਹੈ।
ਪਿੰਡ ਰਾਮਪੁਰਾ ਦਾ ਇਹ ਬਜ਼ੁਰਗ ਕਾਨੂੰਗੋ ਵਜੋਂ ਸੇਵਾ ਮੁਕਤ ਹੋਇਆ ਹੈ ਜਿਸ ਨੇ ਸਾਲ 1947 ‘ਚ ‘ਮੁਨਸ਼ੀ ਫ਼ਾਜ਼ਿਲ’ ਦਾ ਕੋਰਸ ਕੀਤਾ। ਉਰਦੂ ਤੇ ਫਾਰਸੀ ਭਾਸ਼ਾ ਦਾ ਕਾਫੀ ਡੂੰਘਾ ਗਿਆਨ ਰੱਖਣ ਵਾਲਾ ਇਹ ਸ਼ਖਸ ਸਰਕਾਰੀ ਨਜ਼ਰ ‘ਚ ਅਗਿਆਨੀ ਬਣ ਗਿਆ ਹੈ। ਉਹ 22 ਵਰ੍ਹਿਆਂ ਦੀ ਉਮਰ ‘ਚ ਪਟਵਾਰੀ ਭਰਤੀ ਹੋਇਆ ਸੀ। ਦੇਵਿੰਦਰਪਾਲ ਸਿੰਘ ਨੇ ਸ੍ਰੀ ਗੁਰੂ ਗਰੰਥ ਸਾਹਿਬ ਦਾ ਅਨੁਵਾਦ ਕਰਨ ਤੋਂ ਪਹਿਲਾਂ ਕਰੀਬ 30 ਧਾਰਮਿਕ ਤੇ ਹੋਰ ਪੁਸਤਕਾਂ (ਉਰਦੂ ਤੇ ਪੰਜਾਬੀ) ‘ਚ ਪੜ੍ਹੀਆਂ, ਜਿਨ੍ਹਾਂ ਵਿਚ ਡਾ. ਮਨਮੋਹਨ ਸਿੰਘ ਦੀਆਂ ਅਨੁਵਾਦਿਤ ਪੁਸਤਕਾਂ, ਭਾਈ ਕਾਨ੍ਹ ਸਿੰਘ ਨਾਭਾ ਦਾ ਗੁਰੂਮਤ ਮਾਰਤੰਡ, ਗਿਆਨ ਰਤਨਾਵਲੀ, ਸ਼ਬਦਾਰਥ ਤੇ ਨਮਾਜ਼ ਨਾਲ ਸਬੰਧਿਤ ਪੁਸਤਕਾਂ ਸ਼ਾਮਲ ਹਨ। ਸ੍ਰੀ ਗੁਰੂ ਗਰੰਥ ਸਾਹਿਬ ਦਾ ਅਨੁਵਾਦ ਉਰਦੂ ਵਿਚ ਕਰਨ ਤੋਂ ਪਹਿਲਾਂ ਇਸ ਬਜ਼ੁਰਗ ਨੇ ਪਹਿਲੀ ਪਾਤਸ਼ਾਹੀ ਦੀ ਬਾਣੀ ਦਾ ਅਨੁਵਾਦ ਉਰਦੂ ਭਾਸ਼ਾ ਵਿਚ ਕੀਤਾ। ਫਿਰ ਇਸ ਨੇ ਸਾਲ 1994-95 ਵਿਚ ਸ੍ਰੀ ਗੁਰੂ ਗਰੰਥ ਸਾਹਿਬ ਨੂੰ ਅਨੁਵਾਦ ਕਰਨ ਦਾ ਕੰਮ ਸ਼ੁਰੂ ਕੀਤਾ, ਜੋ ਪੂਰੇ 9 ਵਰ੍ਹੇ ਲਗਾਤਾਰ ਚੱਲਦਾ ਰਿਹਾ। ਉਹ ਦੱਸਦਾ ਹੈ ਕਿ ਉਸ ਨੇ ਰੋਜ਼ਾਨਾ ਚਾਰ ਚਾਰ ਘੰਟੇ ਇਸ ਕਾਰਜ ‘ਤੇ ਲਗਾਏ। ਉਸ ਵਲੋਂ ਸ੍ਰੀ ਗੁਰੂ ਗਰੰਥ ਸਾਹਿਬ ਦੇ 1430 ਪੰਨਿਆਂ ਦੇ ਅਨੁਵਾਦ ਕਰਨ ਦਾ ਕਾਰਜ ਕਰੀਬ ਛੇ ਵਰ੍ਹੇ ਪਹਿਲਾਂ ਮੁਕੰਮਲ ਕਰ ਲਿਆ ਗਿਆ ਸੀ। ਛਪਾਈ ਹਾਲੇ ਤੱਕ ਨਹੀਂ ਹੋ ਸਕੀ ਹੈ ਕਿਉਂਕਿ ਕਿਸੇ ਵਲੋਂ ਇਸ ਛਪਾਈ ਵਾਸਤੇ ਹੁੰਗਾਰਾ ਹੀ ਨਹੀਂ ਭਰਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਉਸ ਵਲੋਂ ਇਸ ਅਨੁਵਾਦ ਰਾਹੀਂ ਉਰਦੂ ‘ਚ ਹਰ ਸ਼ਬਦ ਨੂੰ ਪੂਰੀ ਤਰ੍ਹਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਅਨੁਵਾਦ ਕੀਤਾ ਗਰੰਥ ਪੂਰੇ 14 ਭਾਗਾਂ ਵਿਚ ਵੰਡਿਆ ਗਿਆ ਹੈ। ਉਸ ਵਲੋਂ 36 ਰਾਗਾਂ ‘ਚ, 6 ਗੁਰੂਆਂ ਦੀ ਬਾਣੀ ਦਾ,15 ਭੱਟਾਂ ਦੀ ਬਾਣੀ ਦਾ ਅਤੇ 11 ਭਗਤਾਂ ਦੀ ਬਾਣੀ ਦਾ ਉਰਦੂ ਵਿਚ ਅਨੁਵਾਦ ਕੀਤਾ ਗਿਆ ਹੈ। ਦੇਵਿੰਦਰਪਾਲ ਸਿੰਘ 1948 ਵਿਚ ਬਤੌਰ ਪਟਵਾਰੀ ਭਰਤੀ ਹੋਇਆ ਤੇ ਨੌਕਰੀ ਦੌਰਾਨ ਉਸ ਨੂੰ ਇਮਾਨਦਾਰੀ ਵਜੋਂ ਕਈ ਇਨਾਮ ਵੀ ਮਿਲੇ। ਸਾਬਕਾ ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਸੰਤਾ ਸਿੰਘ ਨਾਲ ਬਿਤਾਏ ਦਿਨਾਂ ਨੂੰ ਉਹ ਕਾਫੀ ਅਹਿਮੀਅਤ ਦਿੰਦਾ ਹੈ। ਉਹ ਦੱਸਦਾ ਹੈ ਕਿ ਸਾਲ 1980 ਦੀ ਗੱਲ ਹੈ ਕਿ ਉਸ ਨੂੰ ਰਾਤ ਸਮੇਂ ਸੁਪਨੇ ਵਿਚ ਕੁਰਾਨ ਸ਼ਰੀਫ਼ ਦੀਆਂ ਆਇਤਾਂ ਦਿਖਾਈ ਦਿੱਤੀਆਂ। ਇਸ ਉਪਰੰਤ ਉਸ ਨੇ ਹੈਦਰਾਬਾਦ ਤੋਂ ਕੁਰਾਨ ਸ਼ਰੀਫ਼ ਲਿਆਂਦੀ ਤੇ ਪੂਰੀ ਪੜ੍ਹੀ।
ਜਦੋਂ ਦੇਵਿੰਦਰਪਾਲ ਸਿੰਘ ਸਾਲ 1992-93 ਵਿਚ ਇੱਕ ਜਥੇ ਨਾਲ ਪਾਕਿਸਤਾਨ ਗਿਆ ਤਾਂ ਉੱਥੋਂ ਉਸ ਨੇ ਇਸਲਾਮੀਆ ਕਾਲਜ ਲਾਹੌਰ ਦੇ ਪ੍ਰਿੰਸੀਪਲ ਖੁਆਜਾ ਦਿਲ ਮੁਹੰਮਦ ਦੀ ਕਿਤਾਬ ਪੜ੍ਹੀ, ਜੋ ਕਿ 1911 ਵਿਚ ਲਿਖੀ ਗਈ ਸੀ ਤੇ ਜਿਸ ਵਿਚ ਜਪੁਜੀ ਸਾਹਿਬ ਤੇ ਸੁਖਮਨੀ ਸਾਹਿਬ ਦਾ ਉਰਦੂ ਵਿਚ ਅਨੁਵਾਦ ਕੀਤਾ ਹੋਇਆ ਸੀ। ਇਨ੍ਹਾਂ ਦੋ ਘਟਨਾਵਾਂ ਨੂੰ ਉਹ ਆਪਣੇ ਇਸ ਮਿਸ਼ਨ ਦੀ ਸ਼ੁਰੂਆਤ ਦੱਸਦਾ ਹੈ। ਇਸ ਮਿਸ਼ਨ ਨੂੰ ਪੂਰਾ ਕਰਨ ਵਾਸਤੇ ਉਹ ਦੋ ਤਿੰਨ ਦਫ਼ਾ ਪਾਕਿਸਤਾਨ ਵੀ ਜਾ ਆਇਆ ਹੈ। ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼ਾਮ ਸਿੰਘ ਵਲੋਂ ਛਪਾਈ ਦੀ ਹਾਮੀ ਤਾਂ ਭਰੀ ਗਈ ਸੀ ਲੇਕਿਨ ਕੋਈ ਗੱਲ ਸਿਰੇ ਨਾ ਲੱਗ ਸਕੀ। ਹੁਣ ਮੁੜ ਉਸ ਨੇ ਪਾਕਿਸਤਾਨ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਖ਼ਤ ਲਿਖੇ ਹਨ ਕਿ ਉਹ ਹੀ ਇਸ ਛਪਾਈ ਦੇ ਕਾਰਜ ‘ਚ ਸਹਿਯੋਗ ਕਰ ਦੇਣ। ਉਹ ਅੰਮ੍ਰਿ੍ਰਤਸਰ ਦੇ ਇੱਕ ਪ੍ਰਾਈਵੇਟ ਪਬਲਿਸ਼ਰ ਕੋਲ ਗਿਆ ਜਿਨ੍ਹਾਂ ਇਸ ਛਪਾਈ ਦੇ 30 ਲੱਖ ਰੁਪਏ ਮੰਗ ਲਏ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਧਰਮ ਅਧਿਐਨ ਵਿਭਾਗ ਨੂੰ ਕਈ ਪੱਤਰ ਲਿਖੇ ਕੋਈ ਜੁਆਬ ਨਹੀਂ ਮਿਲਿਆ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਕਈ ਚੱਕਰ ਕੱਟ ਲਏ ਹਨ। ਆਖਰ ਉਸ ਨੂੰ ਖਰੜਾ ਦਿੱਲੀ ਕਮੇਟੀ ਤੋਂ ਵਾਪਸ ਲਿਆਉਣਾ ਪਿਆ। ਸ਼ੋ੍ਰਮਣੀ ਕਮੇਟੀ ਤੋਂ ਤਾਂ ਉਸ ਨੂੰ ਖਰੜਾ ਵਾਪਸ ਲੈਣ ਵਾਸਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਿਫਾਰਸ਼ ਕਰਾਉਣੀ ਪਈ  ਸੀ।
ਉਹ ਸ਼ੋ੍ਰਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨੂੰ ਕਈ ਦਫ਼ਾ ਅੰਮ੍ਰਿਤਸਰ ‘ਚ ਮਿਲਿਆ। ਖਰੜਾ ਲੈ ਕੇ ਕਮੇਟੀ ਨੇ ਰੱਖ ਲਿਆ। 6 ਮਹੀਨੇ ਮਗਰੋਂ ਇਹ ਆਖ ਦਿੱਤਾ ਕਿ ‘ਖਰੜਾ’ ਤਾਂ ਦਫ਼ਤਰ ਦਾਖਲ ਕਰ ਦਿੱਤਾ ਗਿਆ ਹੈ। ਫਿਰ ਬਜ਼ੁਰਗ ਨੂੰ ਖਰੜਾ ਵਾਪਸ ਕਰਾਉਣ ਵਾਸਤੇ ਕਾਫੀ ਤਰੱਦਦ ਕਰਨਾ ਪਿਆ। ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਨੂੰ ਵੀ ਮਿਲਿਆ, ਪਰ ਫਿਰ ਵੀ ਕਿਧਰੋਂ ਕੋਈ ਆਸ ਨਾ ਬੱਝੀ। ਛਪਾਈ ਤਾਂ ਦੂਰ ਦੀ ਗੱਲ, ਸ਼ੋ੍ਰਮਣੀ ਕਮੇਟੀ ਨੇ ਤਾਂ ਉਸ ਨੂੰ ਕਦੇ ਫੋਕਾ ਸਨਮਾਨ ਵੀ ਨਹੀਂ ਦਿੱਤਾ। ਪੰਥਕ ਸਰਕਾਰਾਂ ਨੂੰ ਵੀ ਇਹ ਕਈ ਦਫ਼ਾ ਮਿਲਿਆ। ਕਿਸੇ ਵਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ। ਸੋਚਣ ਵਾਲੀ ਗੱਲ ਹੈ ਕਿ ਅਗਰ ਸ਼ੋ੍ਰਮਣੀ ਕਮੇਟੀ ਇਸ ਤਰ੍ਹਾਂ ਦੀ ਕਿਰਤ ਦੀ ਕਦਰ ਨਹੀਂ ਕਰਦੀ ਤਾਂ ਹੋਰ ਕੌਣ ਕਰੂਗਾ। ਕੀ ਸਿੱਖ ਧਰਮ ਦੇ ਪ੍ਰਚਾਰ ਤੇ ਪਸਾਰ ਲਈ ਇਹ ਅਨੁਵਾਦ ਛੋਟਾ ਹੈ। ਬਜ਼ੁਰਗ ਦੇਵਿੰਦਰਪਾਲ ਸਿੰਘ ਆਪਣੀ ਆਖਰੀ ਇੱਕੋ ਇੱਛਾ ਦੱਸਦਾ ਹੈ ਕਿ ਮਰਨ ਤੋਂ ਪਹਿਲਾਂ ਇਸ ਖਰੜੇ ਦੀ ਛਪਾਈ ਹੋ ਜਾਵੇ। ਉਹ ਦੱਸਦਾ ਹੈ ਕਿ ਉਸ ਵਲੋਂ ਕੁਝ ਰਾਸ਼ੀ ਰਾਖਵੀਂ ਵੀ ਰੱਖੀ ਹੋਈ ਹੈ। ਉਹ ਭਰੋਸੇ ‘ਚ ਵੀ ਹੈ ਕਿ ਕੋਈ ਦਿਨ ਜ਼ਰੂਰ ਆਉੂ ਜਦੋਂ ਉਸ ਦੀ ਕਿਰਤ ਦਾ ਮੁੱਲ ਪਊ।
ਗੱਲਬਾਤ ਦੌਰਾਨ ਉਸ ਨੇ ਦੱਸਿਆ ਕਿ ਜਦੋਂ ਖੁਆਜਾ ਦਿਲ ਮੁਹੰਮਦ ਨੇ 1911 ਵਿਚ ਜਪੁਜੀ ਸਾਹਿਬ ਤੇ ਸੁਖਮਨੀ ਸਾਹਿਬ ਦਾ ਉਰਦੂ ਵਿਚ ਅਨੁਵਾਦ ਕੀਤਾ ਸੀ ਤਾਂ ਉਸ ਵੇਲੇ ਸਾਂਝੇ ਪੰਜਾਬ ਦੀ ਸਰਕਾਰ ਵਲੋਂ ਉਸ ਨੂੰ 1000 ਦਾ ਇਨਾਮ ਦਿੱਤਾ ਗਿਆ ਸੀ। ਉਸ ਦਾ ਕਹਿਣਾ ਸੀ ਕਿ ਸ਼ੋ੍ਰਮਣੀ ਕਮੇਟੀ ਨੇ ਤਾਂ ਉਸ ਵਲੋਂ ਕੀਤੇ ਕਾਰਜ ‘ਚ ਕੋਈ ਤੀਬਰ ਦਿਲਚਸਪੀ ਨਾ ਦਿਖਾ ਕੇ ਉਸ ਦਾ ਮਨ ਹੀ ਤੋੜ ਦਿੱਤਾ ਹੈ। ਉਹ ਦੱਸਦਾ ਹੈ ਕਿ ਉਹ ਹੁਣ ਆਪਣੀ ਮਿਲਦੀ ਪੈਨਸ਼ਨ ਦੇ ਸਹਾਰੇ ਆਸਾ ਦੀ ਵਾਰ, ਜਪੁਜੀ ਸਾਹਿਬ ਅਤੇ ਸੁਖਮਨੀ ਸਾਹਿਬ ਦੇ ਉਰਦੂ ‘ਚ ਕੀਤੇ ਅਨੁਵਾਦ ਨੂੰ ਛਪਾਏਗਾ। ਇਸ ਅਨੁਵਾਦ ਕੀਤੇ ਕਾਰਜ ਨੂੰ ਲੋਕਾਂ ਵਿਚ ਮੁਫ਼ਤ ਵੰਡਿਆ ਜਾਏਗਾ ਤਾਂ ਜੋ ਖਾਸ ਕਰਕੇ ਅਰਬ ਮੁਲਕਾਂ ਦੇ ਲੋਕੀ ਇਸ ਕਾਰਜ ਤੋਂ ਫਾਇਦਾ ਲੈ ਕੇ ਸਿੱਖ ਧਰਮ ਨਾਲ ਨੇੜਿਓਂ ਜੁੜ ਸਕਣ।  ਗੌਰਤਲਬ ਹੈ ਕਿ ਪਾਕਿਸਤਾਨ ਦੇ ਸੂਬਾ ਸਿੰਧ ਦੇ ਗੁਰੂ ਨਾਨਕ ਦੀ ਬਾਣੀ ਨਾਲ ਜੁੜੇ ਹਿੰਦੂਆਂ ਵਲੋਂ ਇਸ ਬਜ਼ੁਰਗ ਨੂੰ ਪਾਕਿ ਆਉਣ ਦਾ ਸੱਦਾ ਵੀ ਭੇਜਿਆ ਗਿਆ ਸੀ। ਸੰਤ ਵਰਿਆਮ ਸਿੰਘ ਧੂਰਕੋਟ ਵਾਲਿਆਂ ਦੇ ਸਮਾਰੋਹਾਂ ਵਿਚ ਇਸ ਬਜ਼ੁਰਗ ਨੂੰ ਇਸ ਕਾਰਜ ਬਦਲੇ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਸ ਦਾ ਕਹਿਣਾ ਸੀ ਕਿ ਇਸ ਅਨੁਵਾਦ ਨਾਲ ਅਰਬ ਮੁਲਕਾਂ ਵਿਚ ਸਿੱਖ ਧਰਮ ਦਾ ਪ੍ਰਚਾਰ ਹੋਣਾ ਸੀ।


Comments Off on ਗੁਰੂ ਗਰੰਥ ਸਾਹਿਬ ਦਾ ਉਰਦੂ ਤਰਜਮਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.