ਕੇਂਦਰੀ ਮੰਤਰੀ ਵੱਲੋਂ ਦੁਬਈ ਵਿਚ ਫੂਡ ਪੈਵੇਲੀਅਨ ਦਾ ਉਦਘਾਟਨ !    ਪੰਜਾਬ ਦਾ ਬਜਟ ਵਧਣ ਦੀ ਥਾਂ ਘਟਿਆ !    ਦਮਨ ਸਿੰਘ ਨੇ 50 ਕਿਲੋਮੀਟਰ ਪੈਦਲ ਚਾਲ ਟਰਾਫ਼ੀ ਜਿੱਤੀ !    ਅਦਨਿਆਂ ਦੀ ਆਵਾਜ਼ ਅਤਰਜੀਤ !    ਘਿੱਕਾਂ ਪਾਸੇ ਵਾਲਾ ਧੰਨਾ ਸਿੰਘ !    ਸੀਏਏ : ਬੁੱਲ੍ਹੇ ਸ਼ਾਹ ਦੀ ਤਫ਼ਤੀਸ਼ !    ਭਾਰਤ ਦੇ ਪਹਿਲੇ ਅਖ਼ਬਾਰ ਬੰਗਾਲ ਗਜ਼ਟ ਦੀ ਕਹਾਣੀ !    ਕੈਨੇਡਾ ਵਿਚ ਮਿਨੀ ਪੰਜਾਬ !    ਭਾਰਤੀ ਪੱਤਰਕਾਰੀ ਦਾ ਯੁੱਗ ਪੁਰਸ਼ ਆਰ.ਕੇ. ਕਰੰਜੀਆ !    ਆਪਣੀ ਮੱਝ ਦਾ ਦੁੱਧ !    

ਅਣਖ ਲਈ ਸ਼ਹੀਦੀਆਂ ਪਾਉਣ ਵਾਲੇ ਸਿੰਘ ਸੂਰਮੇ

Posted On October - 20 - 2010

ਭਾਈ ਮਹਿਤਾਬ ਸਿੰਘ ਅਤੇ ਸੁੱਖਾ ਸਿੰਘ ਮੱਸੇ ਰੰਘੜ ਦਾ ਸਿਰ ਕਤਲ ਕਰ ਕੇ ਲਿਜਾਂਦੇ ਹੋਏ

ਸਫ਼ੀ ਮੁਹੰਮਦ ਮੂੰਗੋ

8 ਜੂਨ, 1716 ਈ. ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖ ਕੌਮ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਮੇਂ ਦੀ ਮੁਗ਼ਲ ਹਕੂਮਤ ਨੇ ਸਿੱਖਾਂ ਨੂੰ ਕਸ਼ਟ ਦੇਣ ਤੇ ਉਨ੍ਹਾਂ ਦਾ ਮੂਲੋਂ ਹੀ ਖਾਤਮਾ ਕਰਨ ਵਿੱਚ ਕੋਈ ਕਸਰ ਬਾਕੀ ਨਾ ਛੱਡੀ, ਪ੍ਰੰਤੂ ਪੰਜਾਬ ਦੇ ਬਹਾਦਰ ਸਿੱਖਾਂ ਨੇ ਆਪਣੀ ਜੁਰਅਤ ਤੇ ਦ੍ਰਿੜ੍ਹਤਾ ਨਾਲ ਮੁਗ਼ਲਾਂ ਦਾ ਡਟ ਕੇ ਟਾਕਰਾ ਕੀਤਾ। 1716 ਤੋਂ 1766 ਈ. ਤੱਕ ਅੱਧੀ 18ਵੀਂ ਸਦੀ ਦੌਰਾਨ ਸਿੱਖਾਂ ਨੇ ਆਪਣੀ ਸੁਤੰਤਰ ਹੋਂਦ ਕਾਇਮ ਰੱਖਦਿਆਂ ਮੁਗ਼ਲਾਂ ਦੇ ਤਸੀਹੇ ਅਤੇ ਕਰੜੇ ਅੱਤਿਆਚਾਰ ਖਿੜੇ ਮੱਥੇ ਝੱਲ ਕੇ ਸ਼ਹੀਦੀਆਂ ਦਿੱਤੀਆਂ। ਸਿੱਖਾਂ ਨੇ ਆਪਣੇ ਨਿਸ਼ਾਨੇ ਉਤੇ ਦ੍ਰਿੜ੍ਹਤਾ ਅਤੇ ਸਿਦਕ ਨਾਲ ਪਹਿਰਾ ਦਿੱਤਾ। ਜਿੰਨੀਆਂ ਵੱਡੀਆਂ ਮੁਸੀਬਤਾਂ ਅਤੇ ਮੁਸ਼ਕਲਾਂ ਸਿੱਖਾਂ ਨੂੰ ਆਈਆਂ ਓਨੀ ਹੀ ਵੱਡੀ ਦਲੇਰੀ, ਜੋਸ਼ ਤੇ ਹਿੰਮਤ ਨਾਲ ਉਨ੍ਹਾਂ ਨੇ ਉਨ੍ਹਾਂ ਦਾ ਸਾਹਮਣਾ ਕੀਤਾ।
ਮੁਗ਼ਲ ਸਮਰਾਟ ਫਰਖਸੀਅਰ ਨੇ 1716 ਈ. ‘ਚ ਇਕ ਫਰਮਾਨ ਜਾਰੀ ਕਰ ਦਿੱਤਾ ਕਿ ਸਿੱਖਾਂ ਨੂੰ ਲੱਭ-ਲੱਭ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ। ਸਮੇਂ ਦੀ ਨਜ਼ਾਕਤ ਨੂੰ ਵੇਖਦਿਆਂ ਸਿੱਖਾਂ ਨੇ ਜੰਗਲਾਂ, ਪਹਾੜਾਂ, ਰਾਜਸਥਾਨ ਦੇ ਮਾਰੂਥਲਾਂ ਆਦਿ ਟਿਕਾਣਿਆਂ ਉਤੇ ਜਾ ਕੇ ਮੁਗ਼ਲਾਂ ਦਾ ਸਾਹਮਣਾ ਕਰਨ ਦੀਆਂ ਵਿਉਂਤਬੰਦੀਆਂ ਬਣਾਈਆਂ। ਇਹ ਹਾਲਾਤ ਬਹੁਤਾ ਸਮਾਂ ਨਾ ਰਹੇ ਕਿਉਂਕਿ 1719ਈ. ਵਿੱਚ ਫਰਖਸੀਅਰ ਦੀ ਮੌਤ ਹੋ ਗਈ। ਅਬਦੁਲ ਸਮੱਦ ਲਾਹੌਰ ਦਾ ਗਵਰਨਰ ਬਣ ਗਿਆ ਜਿਹੜਾ ਕਿ ਬਹੁਤ ਬੁੱਢਾ ਸੀ, ਜਿਸ ਕਾਰਨ ਉਹ ਸਿੱਖਾਂ ਵੱਲ ਬਹੁਤਾ ਧਿਆਨ ਨਾ ਦੇ ਸਕਿਆ। ਇਹ ਉਹੀ ਅਬਦੁਲ ਸਮੱਦ ਸੀ ਜਿਸ ਨੇ ਆਪਣੇ ਪੁੱਤਰ ਜ਼ਕਰੀਆ ਖਾਨ ਦੀ ਸਹਾਇਤਾ ਨਾਲ ਸ਼ੇਰ ਮਰਦ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ ਨੰਗਲ ਤੋਂ 17 ਦਸੰਬਰ, 1715 ਈ. ਨੂੰ ਹੋਰ 740 ਸਿੰਘਾਂ ਸਮੇਤ ਗ੍ਰਿਫਤਾਰ ਕਰਕੇ ਦਿੱਲੀ ਭਿਜਵਾਇਆ ਸੀ।

ਭਾਈ ਬੋਤਾ ਸਿੰਘ ਅਤੇ ਭਾਈ ਗਰਜਾ ਸਿੰਘ ਮੁਗ਼ਲ ਫੌਜਾਂ ਦਾ ਡਟ ਕੇ ਮੁਕਾਬਲਾ ਕਰਦੇ ਹੋਏ

ਜ਼ਕਰੀਆ ਖਾਨ ਨੇ ਇਸੇ ਘਟਨਾ ਦਾ ਲਾਹਾ ਲੈ ਕੇ ਆਪਣੇ ਪਿਤਾ ਦੀ ਥਾਂ 1726 ਈ. ਵਿੱਚ ਲਾਹੌਰ ਦੀ ਗਵਰਨਰੀ ਪ੍ਰਾਪਤ ਕਰ ਲਈ ਜਿਹੜਾ 1745 ਈ. ਤੱਕ ਲਾਹੌਰ ਦਾ ਗਵਰਨਰ (ਸੂਬੇਦਾਰ) ਬਣਿਆ ਰਿਹਾ। ਜ਼ਕਰੀਆ ਖਾਨ ਦੇ ਕਾਰਜਕਾਲ ਦੌਰਾਨ ਸਿੱਖਾਂ ਉਤੇ ਦਰਦਨਾਕ ਅੱਤਿਆਚਾਰ ਹੁੰਦੇ ਰਹੇ, ਜਿਸ ਕਰਕੇ ਜ਼ਕਰੀਆ ਖਾਨ ਇਤਿਹਾਸ ਵਿੱਚ ਖਾਨ ਬਹਾਦਰ ਕਰਕੇ ਪ੍ਰਸਿੱਧ ਹੋਇਆ। ਉਸ ਨੇ ਸਿੱਖਾਂ ਨੂੰ ਪਹਾੜਾਂ, ਜੰਗਲਾਂ ਵਿੱਚੋਂ ਗ੍ਰਿਫਤਾਰ ਕਰਨ ਲਈ ਵਿਸ਼ੇਸ਼ ਜਥੇਬੰਦੀਆਂ ਕਾਇਮ ਕੀਤੀਆਂ ਜਿਹੜੀਆਂ ਸਿੱਖਾਂ ਨੂੰ ਲੱਭ ਕੇ ਲਾਹੌਰ ਦਿੱਲੀ ਦਰਵਾਜ਼ੇ ਦੇ ਬਾਹਰ ਨਖਾਸ ਨਾਂ ਦੇ ਸਥਾਨ ‘ਤੇ ਲਿਜਾ ਕੇ ਬੜੀ ਬੇਰਹਿਮੀ ਨਾਲ ਸ਼ਹੀਦ ਕਰ ਦਿੰਦੀਆਂ। ਅੱਜ-ਕੱਲ੍ਹ ਇਹ ਥਾਂ ‘ਸ਼ਹੀਦ ਗੰਜ’ ਦੇ ਨਾਂ ਨਾਲ ਪ੍ਰਸਿੱਧ ਹੈ।
ਇਸ ਸੰਕਟ ਦੇ ਸਮੇਂ ਲਾਹੌਰ ਜ਼ਿਲ੍ਹੇ ਦੇ ਪਿੰਡ ਦਾ ਇਕ ਸਿੱਖ ਭਾਈ ਤਾਰਾ ਸਿੰਘ ਜੰਗਲਾਂ, ਪਹਾੜਾਂ ਵਿੱਚ ਰਹਿੰਦੇ ਸਿੱਖਾਂ ਲਈ ਅੰਨ, ਪਾਣੀ ਪਹੁੰਚਾਉਂਦਾ ਹੁੰਦਾ ਸੀ। ਉਸ ਦਾ ਵਾੜਾ ਸਿੱਖਾਂ ਦੀ ਪਨਾਹਗਾਹ ਸੀ। ਜ਼ਕਰੀਆ ਖਾਂ ਨੇ ਪੱਟੀ ਦੇ ਫੌਜਦਾਰ ਨੂੰ 50 ਘੋੜਸਵਾਰ ਤੇ ਕੁਝ ਪਿਆਦੇ ਦੇ ਕੇ ਭਾਈ ਤਾਰਾ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਭੇਜਿਆ। ਜਦ ਘੋੜਸਵਾਰਾਂ ਨੇ ਭਾਈ ਤਾਰਾ ਸਿੰਘ ਦੀ ਪਨਾਹਗਾਹ ਉਤੇ ਹਮਲਾ ਕੀਤਾ ਤਾਂ ਅੱਗੋਂ ਇਕ ਸਿੱਖ ਬਘੇਲ ਸਿੰਘ ਨੇ ਹੀ ਇਨ੍ਹਾਂ 50 ਘੋੜਸਵਾਰਾਂ ਅਤੇ ਪਿਆਦਿਆਂ ਦਾ ਅਰਾਦਸਾ ਸੋਧ ਦਿੱਤਾ।
ਜ਼ਕਰੀਆ ਖਾਂ ਨੇ ਫਿਰ ਦੁਬਾਰਾ ਇਕ ਚੋਟੀ ਦੇ ਜਰਨੈਲ ਮੋਮਨ ਖਾਂ ਨੂੰ 2200 ਘੋੜਸਵਾਰ, 5 ਹਾਥੀ, 40 ਜੰਬੂਰੇ ਤੇ 4 ਰਹਿਕਲੇ ਦੇ ਕੇ ਭਾਈ ਤਾਰਾ ਸਿੰਘ ਦੀ ਗ੍ਰਿਫਤਾਰੀ ਲਈ ਭੇਜਿਆ। ਵਾੜੇ ਵਿੱਚ ਕੇਵਲ ਗਿਣਤੀ ਦੇ 22 ਸਿੰਘਾਂ ਨੇ ਇਸ ਭਾਰੀ ਲਾਮ ਲਸ਼ਕਰ ਦਾ ਡਟ ਕੇ ਟਾਕਰਾ ਕੀਤਾ। ਬੁਲਾਕਾ ਸਿੰਘ ਨਾਂ ਦੇ ਇਕ ਸਿੱਖ ਨੇ ਮੁਗ਼ਲ ਫੌਜਾਂ ਉਤੇ ਪਹਿਲਾਂ ਤੀਰਾਂ ਦੀ ਵਰਖਾ ਕੀਤੀ ਤੇ ਫਿਰ ਤਲਵਾਰ ਨਾਲ ਸੈਂਕੜੇ ਮੁਗ਼ਲਾਂ ਨੂੰ ਮਾਰ ਕੇ ਸ਼ਹੀਦ ਹੋ ਗਿਆ। ਮੁਗ਼ਲ ਫੌਜ ਦਾ ਇਕ ਹੋਰ ਫੌਜਦਾਰ ਤੱਕੀ ਖਾਂ ਜਦ ਭਾਈ ਤਾਰਾ ਸਿੰਘ ਦੇ ਸਾਹਮਣੇ ਆਇਆ ਤਾਂ ਯੋਧੇ ਨੇ ਉਹ ਦੇ ਮੂੰਹ ਵਿੱਚ ਨੇਜੇ ਦਾ ਐਸਾ ਨਿਸ਼ਾਨਾ ਮਾਰਿਆ ਕਿ ਮੂੰਹ ਖੂਨੋਂ-ਖੂਨ ਹੋ ਗਿਆ ਤਾਂ ਜਰਨੈਲ ਮੋਮਨ ਖਾਂ ਨੇ ਤੱਕੀ ਖਾਂ ਨੂੰ ਪੁੱਛਿਆ, ”ਕਿਉਂ! ਤੱਕੀ ਖਾਂ ਪਾਨ ਖਾ ਰਿਹੈਂ?” ਅੱਗੋਂ ਤੱਕੀ ਖਾਂ ਨੇ ਜਵਾਬ ਦਿੱਤਾ, ”ਹਾਂ ਖਾਨ ਸਾਹਿਬ, ਭਾਈ ਤਾਰਾ ਸਿੰਘ ਪਾਨ ਵੰਡ ਰਿਹਾ ਹੈ ਤੂੰ ਵੀ ਜਾ ਕੇ ਲੈ ਆ।” ਜਦ ਮੋਮਨ ਖਾਂ ਨੇ ਸਿੱਖਾਂ ਦੀ ਐਨੀ ਦਲੇਰੀ ਦੇਖੀ ਤਾਂ ਉਸ ਨੇ ਇਕ ਹਾਥੀ ਅੱਗੇ ਭੇਜਿਆ। ਅੱਗੋਂ ਸਿੰਘ ਸੂਰਮਾ ਭਾਈ ਭੀਮ ਸਿੰਘ ਨੇ ਸਮੇਤ ਮੁਹਾਵਤ ਹਾਥੀ ਨੂੰ ਮਾਰ ਦਿੱਤਾ। ਇਸ ਵਾੜੇ ਵਿੱਚ 22 ਸਿੰਘ ਉਦੋਂ ਤੱਕ ਲੜਦੇ ਰਹੇ ਜਿੰਨਾ ਚਿਰ ਸਾਰੇ ਸ਼ਹੀਦ ਨਾ ਹੋ ਗਏ। ਇਸੇ ਦੌਰਾਨ 1727 ਈ. ਨੂੰ ਭਾਈ ਤਾਰਾ ਸਿੰਘ ਵੀ ਸ਼ਹੀਦ ਹੋ ਗਏ।
ਸਿੱਖਾਂ ਦੇ ਇਸ ਦਲੇਰਾਨਾ ਕਾਰਨਾਮੇ ਕਾਰਨ ਜੰਗਲਾਂ, ਪਹਾੜਾਂ ਵਿੱਚ ਛੁਪ ਕੇ ਰਹਿੰਦੇ ਸਿੱਖਾਂ ਨੂੰ ਭਾਰੀ ਉਤਸ਼ਾਹ ਮਿਲਿਆ। 7 ਸਾਲਾਂ ਦੀ ਲੰਮੀ ਲੜਾਈ ਤੋਂ ਬਾਅਦ ਜ਼ਕਰੀਆ ਖਾਂ ਨੇ ਸਿੱਖਾਂ ਨੂੰ ਸ਼ਾਂਤ ਕਰਨ ਲਈ ਇਕ ਸਿੱਖ ਸੁਬੇਗ ਸਿੰਘ ਰਾਹੀਂ ਸਿੱਖਾਂ ਦੇ ਮੁਖੀ ਕਪੂਰ ਸਿੰਘ ਫੈਜ਼ਲਪੁਰੀਏ ਨੂੰ 1733 ਈ. ਵਿੱਚ ਇਕ ਲੱਖ ਰੁਪਏ ਦੀ ਜਾਗੀਰ ਤੇ ਨਵਾਬ ਦੀ ਪਦਵੀ ਦੇ ਦਿੱਤੀ। ਸਿੰਘਾਂ ਤੋਂ ਪਾਬੰਦੀਆਂ ਹਟਾ ਲਈਆਂ। ਸਿੱਖਾਂ ਨੇ ਇਸ ਨਵਾਬੀ ਨੂੰ ਵੀ ਆਪਣੀ ਜਥੇਬੰਦਕ ਸ਼ਕਤੀ ਨੂੰ ਮਜ਼ਬੂਤ ਕਰਨ ਲਈ ਹੀ ਵਰਤਿਆ। ਕਪੂਰ ਸਿੰਘ ਦੀ ਜਥੇਦਾਰੀ ਹੇਠ ਬੁੱਢਾ ਦਲ, ਤਰੁਣਾ ਦਲ ਆਦਿ ਸਾਰੇ ਦਲ ਇਕੱਠੇ ਹੋ ਕੇ ਦਲ ਖਾਲਸਾ ਨਾਂ ਦੀ ਇਕ ਵਿਸ਼ਾਲ ਸਿੱਖ ਜਥੇਬੰਦੀ ਹੋਂਦ ਵਿੱਚ ਆ ਗਈ, ਜਿਸ ਦੇ ਮੈਂਬਰਾਂ ਦੀ ਗਿਣਤੀ 10 ਹਜ਼ਾਰ ਤੋਂ ਵੀ ਵਧੇਰੇ ਸੀ। ਕਪੂਰ ਸਿੰਘ ਦੇ ਬੁੱਢਾ ਹੋ ਜਾਣ ‘ਤੇ ਇਸ ਦੀ ਕਮਾਨ ਜੱਸਾ ਸਿੰਘ ਆਹਲੂਵਾਲੀਏ ਨੂੰ ਸੌਂਪੀ ਗਈ। ਇਸ ਨੇ ਸਤਲੁਜ ਪਾਰ ਜਾ ਕੇ ਬਾਬਾ ਆਲਾ ਸਿੰਘ ਨੂੰ ਪਟਿਆਲਾ ਰਿਆਸਤ ਸਥਾਪਤ ਕਰਨ ਵਿੱਚ ਮਦਦ ਕੀਤੀ।
ਸਿੱਖਾਂ ਦੀ ਦਿਨੋ-ਦਿਨ ਵਧਦੀ ਲੋਕਪ੍ਰਿਅਤਾ ਤੇ ਵਿਸ਼ਾਲਤਾ ਨੇ ਜ਼ਕਰੀਆ ਖਾਂ ਦੇ ਅੜਾਟ ਕਢਾ ਦਿੱਤੇ। ਉਸ ਨੇ 2 ਸਾਲ ਬਾਅਦ ਹੀ 1735 ਈ. ਵਿੱਚ ਸਿੱਖਾਂ ਤੋਂ ਜਾਗੀਰ ਤੇ ਨਵਾਬੀ ਵਾਪਸ ਲੈ ਕੇ ਮੁੜ ਸਿੱਖਾਂ ‘ਤੇ ਸਖ਼ਤੀ ਸ਼ੁਰੂ ਕਰ ਦਿੱਤੀ। ਅੰਮ੍ਰਿਤਸਰ ਦਰਬਾਰ ਸਾਹਿਬ ਵਿਖੇ ਦੀਵਾਲੀ ਵਾਲੇ ਦਿਨ ਮੇਲਾ ਲੱਗਣ ਉਤੇ ਪਾਬੰਦੀ ਲਗਾ ਦਿੱਤੀ, ਪ੍ਰੰਤੂ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਮਨੀ ਸਿੰਘ ਨੇ ਸਿੱਖ ਜਥੇਬੰਦੀ ਦੀ ਮਜ਼ਬੂਤੀ ਲਈ ਸਾਲ ਵਿੱਚ ਇਕ ਵਾਰੀ ਦਰਬਾਰ ਸਾਹਿਬ ਵਿਖੇ ਇਕੱਠੇ ਹੋ ਕੇ ਵਿਚਾਰ-ਵਟਾਂਦਰਾ ਕਰਨ ਲਈ ਜ਼ਕਰੀਆ ਖਾਂ ਨੂੰ 10 ਹਜ਼ਾਰ ਰੁਪਏ ਸਾਲਾਨਾ ਦੇਣ ਦੀ ਪੇਸ਼ਕਸ਼ ਕਰਕੇ ਰਾਜ਼ੀ ਕਰ ਲਿਆ। ਜ਼ਕਰੀਆ ਖਾਂ ਨੇ ਇਹ ਪੇਸ਼ਕਸ਼ ਪ੍ਰਵਾਨ ਤਾਂ ਕਰ ਲਈ ਪ੍ਰੰਤੂ ਉਹ ਦੇ ਮਨ ਦੀ ਮੈਲ ਖਤਮ ਨਾ ਹੋਈ। ਉਸ ਨੇ ਦੀਵਾਲੀ ਵਾਲੇ ਦਿਨ ਸਿੰਘਾਂ ਨੂੰ ਇਕੱਠੇ ਹੋਣ ਤੇ ਮੌਤ ਦੇ ਘਾਟ ਉਤਾਰਨ ਦੀ ਸਾਜ਼ਿਸ਼ ਰਚ ਲਈ। ਇਸ ਸਾਜ਼ਿਸ਼ ਦਾ ਭਾਈ ਮਨੀ ਸਿੰਘ ਨੂੰ ਪਹਿਲਾਂ ਹੀ ਪਤਾ ਲੱਗ ਗਿਆ। ਉਸ ਨੇ ਵੱਖ-ਵੱਖ ਥਾਵਾਂ ‘ਤੇ ਸੁਨੇਹੇ ਭੇਜ ਕੇ ਸਿੰਘਾਂ ਨੂੰ ਦੀਵਾਲੀ ਮੌਕੇ ਦਰਬਾਰ ਸਾਹਿਬ ਇਕੱਠੇ ਹੋਣ ਤੋਂ ਰੋਕ ਦਿੱਤਾ। ਫਿਰ ਵੀ ਖ਼ਬਰ ਨਾ ਮਿਲਣ ਕਾਰਨ ਕੁਝ ਸਿੰਘ ਦਰਬਾਰ ਸਾਹਿਬ ਵਿਖੇ ਪਹੁੰਚ ਗਏ ਜਿਹੜੇ ਮੁਗ਼ਲਾਂ ਦਾ ਸ਼ਿਕਾਰ ਹੋ ਕੇ ਸ਼ਹੀਦੀਆਂ ਪਾ ਗਏ। ਭਾਈ ਮਨੀ ਸਿੰਘ ਨੇ ਜ਼ਕਰੀਆ ਖਾਂ ਦੇ ਇਸ ਵਿਸ਼ਵਾਸਘਾਤ ਦੇ ਵਿਰੁੱਧ ਸਖ਼ਤ ਰੋਸ ਪ੍ਰਗਟ ਕੀਤਾ ਤੇ 10 ਹਜ਼ਾਰ ਰੁਪਏ ਦੇਣ ਤੋਂ ਇਨਕਾਰ ਕਰ ਦਿੱਤਾ। ਗੁੱਸੇ ਵਿੱਚ ਆਏ ਜ਼ਕਰੀਆ ਖਾਂ ਨੇ ਭਾਈ ਮਨੀ ਸਿੰਘ ਨੂੰ ਗ੍ਰਿਫਤਾਰ ਕਰਕੇ ਲਾਹੌਰ ਮੰਗਵਾ ਲਿਆ ਤੇ ਉਸ ਦਾ ਬੰਦ ਬੰਦ ਕੱਟ ਕੇ ਸ਼ਹੀਦ ਕਰਨ ਦਾ ਫਤਵਾ ਲਗਾ ਦਿੱਤਾ। ਭਾਈ ਮਨੀ ਸਿੰਘ ਨੇ ਖਿੜੇ ਮੱਥੇ ਇਹ ਫਤਵਾ ਪ੍ਰਵਾਨ ਕਰ ਲਿਆ, ਧਰਮ ਨਹੀਂ ਛੱਡਿਆ ਤੇ ਆਪਣੇ ਬੰਦ ਬੰਦ ਕਟਵਾ ਕੇ 1738 ਈ. ਵਿੱਚ ਸ਼ਹੀਦ ਹੋ ਗਏ।
ਇਸ ਸਮੇਂ ਦੌਰਾਨ ਮੁਗ਼ਲਾਂ ਨੇ ਦਰਬਾਰ ਸਾਹਿਬ ਉਤੇ ਕਬਜ਼ਾ ਕਰਕੇ ਪਵਿੱਤਰ ਸਰੋਵਰ ਨੂੰ ਮਿੱਟੀ ਨਾਲ ਭਰ ਦਿੱਤਾ। ਇਕ ਫੌਜਦਾਰ ਚੌਧਰੀ ਮੱਸਾ ਰੰਘੜ ਨੇ ਦਰਬਾਰ ਸਾਹਿਬ ‘ਤੇ ਕਾਬਜ਼ ਹੋ ਕੇ ਇਸ ਦੀ ਪਵਿੱਤਰਤਾ ਭੰਗ ਕਰ ਦਿੱਤੀ। ਜਦ ਇਹ ਖ਼ਬਰ ਬੀਕਾਨੇਰ ਦੇ ਮਾਰੂਥਲਾਂ ਵਿੱਚ ਰਹਿੰਦੇ ਸਿੰਘਾਂ ਤੱਕ ਪਹੁੰਚੀ ਤਾਂ ਸੂਰਮਿਆਂ ਦਾ ਖੂਨ ਖੌਲਣ ਲੱਗ ਪਿਆ। ਮੀਰਾਂ ਕੋਟੀਏ ਭਾਈ ਮਹਿਤਾਬ ਸਿੰਘ ਅਤੇ ਮਾੜੀ ਕੰਬੋਕੀ ਵਾਲੇ ਭਾਈ ਸੁੱਖਾ ਸਿੰਘ ਨੇ ਇਸ ਬੇਅਦਬੀ ਦਾ ਬਦਲਾ ਲੈਣ ਦਾ ਪ੍ਰਣ ਕਰਕੇ ਅੰਮ੍ਰਿਤਸਰ ਦਰਬਾਰ ਸਾਹਿਬ ਵੱਲ ਨੂੰ ਘੋੜਿਆਂ ‘ਤੇ ਸਵਾਰ ਹੋ ਕੇ ਚਾਲੇ ਪਾ ਦਿੱਤੇ। ਨੇੜੇ ਪਹੁੰਚ ਕੇ ਉਨ੍ਹਾਂ ਠੀਕਰੀਆਂ ਇਕੱਠੀਆਂ ਕਰਕੇ ਦੋ ਥੈਲੇ ਭਰ ਲਏ। ਦਰਬਾਰ ਸਾਹਿਬ ਦੇ ਬਾਹਰ ਖੜੇ ਪਹਿਰੇਦਾਰਾਂ ਨੂੰ ਸਰਕਾਰ ਦਾ ਮਾਲੀਆ ਉਗਰਾਹੁਣ ਵਾਲੇ ਕਹਿ ਕੇ ਸਿੱਧੇ ਮੱਸੇ ਰੰਘੜ ਪਾਸ ਠੀਕਰੀਆਂ ਵਾਲੇ ਥੈਲੇ ਰੱਖ ਕੇ ਕਿਹਾ ਕਿ ਅਸੀਂ ਮਾਲੀਆ ਤਾਰਨ ਆਏ ਹਾਂ। ਮੱਸਾ ਰੰਘੜ ਪਲੰਘ ‘ਤੇ ਬੈਠਾ ਹੁੱਕਾ ਪੀ ਰਿਹਾ ਸੀ। ਜਦ ਮੱਸਾ ਰੰਘੜ ਝੁਕ ਕੇ ਦੇਖਣ ਲੱਗਾ ਤਾਂ ਭਾਈ ਮਹਿਤਾਬ ਸਿੰਘ ਨੇ ਝੱਟ ਤਲਵਾਰ ਦੇ ਇਕੋ ਵਾਰ ਨਾਲ ਮੱਸੇ ਦਾ ਸਿਰ ਵੱਢ ਕੇ ਚੁੱਕ ਲਿਆ ਤੇ ਨੇਜੇ ਉਤੇ ਟੰਗ ਕੇ ਦੋਵੇਂ ਸਿੰਘ ਘੋੜਿਆਂ ‘ਤੇ ਸਵਾਰ ਹੋ ਕੇ ਹਵਾ ਹੋ ਗਏ। ਰੌਂਗਟੇ ਖੜ੍ਹੇ ਕਰਨ ਵਾਲੀ ਇਹ ਪ੍ਰਭਾਵਸ਼ਾਲੀ ਘਟਨਾ ਅਗਸਤ, 1740 ਈ. ਵਿੱਚ ਵਾਪਰੀ।
ਮੱਸੇ ਰੰਘੜ ਦੇ ਕਤਲ ਦੇ ਇਸ ਦਲੇਰਾਨਾ ਕਾਰਨਾਮੇ ਨਾਲ ਸਿੱਖਾਂ ਦੇ ਹੌਂਸਲੇ ਬੁਲੰਦ ਹੋ ਗਏ। ਮੁਗ਼ਲ ਹਾਕਮਾਂ ਵਿੱਚ ਸਹਿਮ ਤੇ ਡਰ ਪੈਦਾ ਹੋ ਗਿਆ। ਜ਼ਕਰੀਆ ਖਾਂ ਨੇ ਸਿੱਖਾਂ ‘ਤੇ ਹੋਰ ਸਖ਼ਤੀ ਵਧਾ ਦਿੱਤੀ। ਉਸ ਨੇ ਸਾਰੇ ਫੌਜਦਾਰ, ਜਾਗੀਰਦਾਰ ਤੇ ਇਲਾਕਿਆਂ ਦੇ ਚੌਧਰੀਆਂ ਨੂੰ ਲਾਹੌਰ ਬੁਲਾ ਕੇ ਹੁਕਮ ਦਿੱਤਾ ਕਿ ਸਿੱਖਾਂ ਨੂੰ ਜ਼ਿੰਦਾ ਜਾਂ ਮੁਰਦਾ ਫੜ ਕੇ ਲਿਆਉ। ਸਿੱਖਾਂ ਦੀ ਮਦਦ ਕਰਨ ਵਾਲਿਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ। ਫੜ ਕੇ ਲਿਆਉਣ ਵਾਲਿਆਂ ਨੂੰ ਭਾਰੀ ਇਨਾਮ ਦਿੱਤੇ ਜਾਣਗੇ। ਪਿੰਡ-ਪਿੰਡ ਜਾ ਕੇ ਜ਼ਾਲਮ ਮੁਗ਼ਲਾਂ ਨੇ ਸਿੱਖਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਸਿੱਖਾਂ ਦੇ ਘਰ ਸਾੜ ਦਿੱਤੇ।
ਅਜਿਹੇ ਹਾਲਾਤ ਵਿੱਚ ਜਿਊਣ ਨਾਲੋਂ ਸ਼ਹੀਦੀਆਂ ਪਾਉਣ ਨੂੰ ਵਧੇਰੇ ਤਰਜੀਹ ਦੇਣ ਵਾਲੇ ਸਿੰਘ ਸੂਰਮੇ ਮੁਗ਼ਲਾਂ ਦੇ ਦਬਾਅ ਅੱਗੇ ਨਹੀਂ ਝੁਕੇ। ਇਸ ਸਮੇਂ ਮਾਝੇ ਦੇ ਪਿੰਡ ਭੜਾਣਾ ਦੇ ਸੰਧੂ ਜੱਟ ਪਰਿਵਾਰ ਵਿੱਚੋਂ ਭਾਈ ਬੋਤਾ ਸਿੰਘ ਜੀ ਹੋਏ ਹਨ। ਉਹ ਆਪਣੇ ਸਾਥੀ ਭਾਈ ਗਰਜਾ ਸਿੰਘ ਰੰਘਰੇਟਾ ਨਾਲ ਹਰ ਰੋਜ਼ ਅੰਮ੍ਰਿਤਸਰ ਜਾ ਕੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਆਇਆ ਕਰਦੇ ਸਨ। ਇਕ ਦਿਨ ਉਨ੍ਹਾਂ ਨੇ ਕੁਝ ਚੌਧਰੀਆਂ ਨੂੰ ਗੱਲਾਂ ਕਰਦਿਆਂ ਸੁਣਿਆ ਕਿ ਸਿੰਘ ਤਾਂ ਹੁਣ ਖਤਮ ਹੋ ਗਏ ਹਨ, ਜੇ ਉਹ ਜਿਉਂਦੇ ਹੁੰਦੇ ਤਾਂ ਸਾਹਮਣੇ ਨਾ ਆਉਂਦੇ। ਇਨ੍ਹਾਂ ਬੋਲਾਂ ਨੇ ਦੋਵੇਂ ਸੂਰਮਿਆਂ ਦੀ ਅਣਖ ਨੂੰ ਝੰਜੋੜਿਆ। ਉਨ੍ਹਾਂ ਨੇ ਆਮ ਲੋਕਾਂ ਸਾਹਮਣੇ ਪ੍ਰਗਟ ਹੋ ਕੇ ਜ਼ਕਰੀਆ ਖਾਂ ਨੂੰ ਚੈਲੰਜ ਕਰਨ ਦਾ ਫੈਸਲਾ ਕਰ ਲਿਆ। ਤਰਨ ਤਾਰਨ ਦੇ ਨੇੜੇ ਜੀ.ਟੀ. ਰੋਡ ਉਤੇ ਨੂਰਦੀਨ ਦੀ ਸਰਾਏ ਵਿੱਚ ਡੇਰਾ ਲਾ ਲਿਆ। ਉਥੇ ਹੀ ਇਕ ਮਸੂੁਲ (ਕਰ) ਚੌਕੀ ਸਥਾਪਤ ਕਰ ਲਈ। ਹਰ ਲੰਘਣ ਵਾਲੇ ਮਾਲ ਦੇ ਗੱਡੇ ਤੋਂ ਇਕ ਆਨਾ ਅਤੇ ਖੋਤੇ ਤੋਂ ਇਕ ਪੈਸਾ ਮਸੂਲ (ਕਰ) ਭਾਵ ਟੈਕਸ ਵਸੂਲ ਕੀਤਾ ਜਾਣ ਲੱਗ ਪਿਆ। ਕਰ ਤੋਂ ਇਕੱਠੇ ਹੋਏ ਧਨ ਨਾਲ ਸਰਾਏ ਵਿੱਚ ਲੰਗਰ ਚਲਾ ਦਿੱਤਾ, ਜਿੱਥੇ ਹਰ ਰਾਹੀ ਪਾਂਧੀ ਨੂੰ ਲੰਗਰ ਛਕਾਇਆ ਜਾਂਦਾ ਸੀ। ਭਾਈ ਬੋਤਾ ਸਿੰਘ ਨੇ ਜ਼ਕਰੀਆ ਖਾਂ ਨੂੰ ਚੈਲੰਜ ਕਰ ਦਿੱਤਾ ਤੇ ਇਕ ਚਿੱਠੀ ਲਿਖ ਕੇ ਆਪਣੀ ਇਹ ਸਾਰੀ ਕਾਰਵਾਈ ਦੀ ਇਤਲਾਹ ਦਿੱਤੀ ਤਾਂ ਕਿ ਜ਼ਕਰੀਆ  ਖਾਂ ਨੂੰ ਪਤਾ ਲੱਗ ਜਾਵੇ ਕਿ ਸਿੰਘ ਅਜੇ ਜਿਊਂਦੇ ਹਨ ਤੇ ਚੜ੍ਹਦੀ ਕਲਾ ਵਿੱਚ ਹਨ। ਭਾਈ ਰਤਨ ਸਿੰਘ ਭੰਗੂ ਦੁਆਰਾ ਲਿਖੀ ਪੁਸਤਕ ‘ਪੰਥ ਪ੍ਰਕਾਸ਼’ ਵਿੱਚ ਭਾਈ ਬੋਤਾ ਸਿੰਘ ਨੇ ਜ਼ਕਰੀਆ ਖਾਂ ਨੂੰ ਮਖੌਲ ਵਜੋਂ ਭਾਬੀ ਖਾਨੋ ਦੇ ਨਾਂ ਨਾਲ ਸੰਬੋਧਨ ਕਰਕੇ ਲਿਖੀ ਚਿੱਠੀ ਦਾ ਹਵਾਲਾ ਮਿਲਦਾ ਹੈ:-
”ਚਿੱਠੀ ਲਿਖੇ ਸਿੰਘ ਬੋਤਾ।
ਹੱਥ ਵਿੱਚ ਸੋਟਾ।   ਵਿੱਚ ਰਾਹੇ ਖਲੋਤਾ।
ਆਨਾ ਲਾਵੇ ਗੱਡੇ ਨੂੰ, ਤੇ ਪੈਸਾ ਲਾਵੇ ਖੋਤਾ।
ਆਖੋ ਭਾਬੀ ਖਾਨੋ ਨੂੰ, ਇਉਂ ਆਖੇ ਸਿੰਘ ਬੋਤਾ।”
ਜ਼ਕਰੀਆ ਖਾਂ ਨੇ ਆਪਣੇ ਜਰਨੈਲ ਜਲਾਲੂਦੀਨ ਨੂੰ ਇਕ ਸੌ ਘੋੜ ਸਵਾਰ ਦੇ ਕੇ ਭਾਈ ਬੋਤਾ ਸਿੰਘ ਅਤੇ ਭਾਈ  ਗਰਜਾ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਨੂਰਦੀਨ ਦੀ ਸਰਾਏ ਭੇਜਿਆ। ਦੋਵੇਂ ਸਿੰਘਾਂ ਨੇ ਡਟਵੀਂ ਲੜਾਈ ਕੀਤੀ, ਗ੍ਰਿਫਤਾਰ ਨਹੀਂ ਹੋਏ। ਆਪਣੀ ਜੁਰਅਤ ਤੇ ਅਣਖ ਦਾ ਸਬੂਤ ਦਿੰਦੇ ਹੋਏ ਸ਼ਹੀਦੀ ਪਾ ਗਏ। ਭਗਤ ਲਛਮਣ ਸਿੰਘ ਦੀ ਲਿਖਤ ਮੁਤਾਬਕ ਭਾਈ ਬੋਤਾ ਸਿੰਘ ਦੀ ਸ਼ਹੀਦੀ 1739 ਈ.  ਨੂੰ ਹੋਈ। ਇਨ੍ਹਾਂ ਦੀ ਸ਼ਹੀਦੀ ਯਾਦਗਾਰ ਅੰਮ੍ਰਿਤਸਰ ਵਿਖੇ ਗੁਰਦੁਆਰਾ ਸ਼ਹੀਦਾਂ ਦੇ ਨਾਲ ਬਣੀ ਹੋਈ ਹੈ।
ਜ਼ੁਲਮ ਦੀ ਅੱਗ ਠੰਢੀ ਨਾ ਹੋਈ। ਹਰ ਰੋਜ਼ ਸੈਂਕੜੇ ਸਿੱਖਾਂ ਨੂੰ ਗ੍ਰਿਫਤਾਰ ਕਰਕੇ ਬੇਦਰਦੀ ਨਾਲ ਸ਼ਹੀਦ ਕੀਤਾ ਜਾਂਦਾ ਰਿਹਾ। ਭਾਈ ਤਾਰੂ ਸਿੰਘ ਪੂਹਲਾ, ਭਾਈ ਹਕੀਕਤ ਰਾਏ, ਭਾਈ ਸੁਬੇਗ ਸਿੰਘ, ਭਾਈ ਸਹਿਬਾਜ਼ ਸਿੰਘ ਆਦਿ ਅਨੇਕ ਚੋਟੀ ਦੇ ਸਿੱਖ ਆਗੂਆਂ ਨੂੰ ਕਿਸੇ ਨਾ ਕਿਸੇ ਬਹਾਨੇ ਸ਼ਹੀਦ ਕੀਤਾ ਗਿਆ। 1745 ਈ. ਵਿੱਚ ਜ਼ਕਰੀਆ ਖਾਂ ਦੀ ਮੌਤ ਹੋ ਗਈ। ਉਸ ਦਾ ਪੁੱਤਰ ਯਾਹਯਾ ਖਾਂ ਲਾਹੌਰ ਦਾ ਸੂਬੇਦਾਰ ਬਣ ਗਿਆ। ਉਸ ਨੇ ਵੀ ਸਿੱਖਾਂ ‘ਤੇ ਜ਼ੁਲਮ ਜਾਰੀ ਰੱਖਿਆ। ਸਿੱਖਾਂ ਨੇ ਵੀ ਆਪਣੀ ਦ੍ਰਿੜ੍ਹਤਾ ਤੇ ਬਾਹੁ ਬਲ ਨਾਲ ਮੁਗ਼ਲ ਸ਼ਕਤੀ ਦਾ ਹੰਕਾਰ ਤੋੜ ਕੇ ਰੱਖ ਦਿੱਤਾ। ਪੰਜਾਬ ਦੇ ਮਹਾਨ ਸਿੱਖਾਂ ਨੇ ਖੁਸ਼ੀ ਖੁਸ਼ੀ ਬੇਅੰਤ ਤਸੀਹੇ ਤੇ ਕਸ਼ਤ ਸਹਿ ਕੇ ਅਤੇ ਸ਼ਹੀਦੀਆਂ ਤੇ ਕੁਰਬਾਨੀਆਂ ਦੇ ਕੇ ਇਹ ਸਿੱਧ ਕਰ ਦਿੱਤਾ ਕਿ ਆਪਣੇ ਨਿਸ਼ਾਨੇ ਉਤੇ ਦ੍ਰਿੜ੍ਹਤਾ ਤੇ ਸਿਦਕ ਨਾਲ ਚੱਲਣ ਵਾਲਿਆਂ ਨੂੰ ਸੰਸਾਰ ਦੀ ਕੋਈ ਵੀ ਤਾਕਤ ਹਰਾ ਨਹੀਂ ਸਕਦੀ।


Comments Off on ਅਣਖ ਲਈ ਸ਼ਹੀਦੀਆਂ ਪਾਉਣ ਵਾਲੇ ਸਿੰਘ ਸੂਰਮੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.