ਕੈਨੇਡਾ ਚੋਣਾਂ ’ਚ ਫ਼ੈਸਲਾਕੁਨ ਹੋਣਗੇ ਪੰਜਾਬੀ ਵੋਟਰ !    ਡਿਊਟੀ ਦੌਰਾਨ ਦਵਾਈ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਨਹੀਂ ਮਿਲ ਸਕਣਗੇ ਸਰਕਾਰੀ ਡਾਕਟਰ !    ਧਨੇਰ ਦੀ ਸਜ਼ਾ ਮੁਆਫ਼ੀ ਦਾ ਮਾਮਲਾ ਮੁੜ ਮੁੱਖ ਮੰਤਰੀ ਦਰਬਾਰ ਪੁੱਜਾ !    ਕੈਪਟਨ ਸੰਧੂ ਦੇ ਦਾਅਵਿਆਂ ਦੀ ਅਕਾਲੀ ਦਲ ਨੇ ਖੋਲ੍ਹੀ ਪੋਲ !    ਆਰਫ਼ ਕਾ ਸੁਨ ਵਾਜਾ ਰੇ !    ਰਾਹੋਂ ਦਾ ‘ਦਿੱਲੀ ਦਰਵਾਜ਼ਾ’ !    ਗ਼ਦਰ ਲਹਿਰ ਨੂੰ ਸ਼ਬਦਾਂ ’ਚ ਪਰੋਣ ਵਾਲਾ ਗਿਆਨੀ ਕੇਸਰ ਸਿੰਘ !    ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟੀ ਦਾ ਕੰਧ ਚਿੱਤਰ !    ਸ੍ਰੀ ਭੈਣੀ ਸਾਹਿਬ ਦਾ ਅੱਸੂ ਮੇਲਾ !    ਵੋਟਰ ਸੂਚੀ ’ਚ ਨਾਮ ਹੋਣ ਵਾਲਾ ਵਿਅਕਤੀ ਹੀ ਪਾ ਸਕੇਗਾ ਵੋਟ !    

ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ

Posted On September - 28 - 2010

ਇਕਬਾਲ ਸਿੰਘ ਲਾਲਪੁਰਾ

ਭਾਰਤ ਭਾਵੇਂ ਇੱਕ ਹਜ਼ਾਰ ਸਾਲ ਤੋਂ ਵੀ ਜ਼ਿਆਦਾ ਸਮੇਂ ਤੱਕ ਵਿਦੇਸ਼ੀਆਂ ਦਾ ਗੁਲਾਮ ਰਿਹਾ ਹੈ, ਪਰ ਅੰਗਰੇਜ਼ਾਂ ਵਿਰੁੱਧ ਬਗਾਵਤ ਹੀ ਆਜ਼ਾਦੀ ਦੀ ਲੜਾਈ ਮੰਨੀ ਜਾਂਦੀ ਹੈ। 1857 ਈ. ਵਿੱਚ ਆਜ਼ਾਦੀ ਦੀ ਪਹਿਲੀ ਲੜਾਈ ਤੋਂ 1947 ਈ. ਤੱਕ ਦੇ ਸਮੇਂ ਦੌਰਾਨ, ਭਾਰਤ ਮਾਂ ਦੀ ਆਜ਼ਾਦੀ ਲਈ ਅਣਗਿਣਤ ਭਾਰਤੀਆਂ ਨੇ ਸਿੱਧੇ ਰੂਪ ਵਿੱਚ ਹਿੱਸਾ ਲਿਆ। ਲੱਖਾਂ ਦੀ ਗਿਣਤੀ ਵਿੱਚ ਜੇਲ੍ਹਾਂ ਵਿਚ ਗਏ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਵਿਦੇਸ਼ੀ ਹਕੂਮਤ ਵੱਲੋਂ ਸ਼ਹੀਦ ਵੀ ਕੀਤੇ ਗਏ। ਆਜ਼ਾਦੀ ਦੀ ਭਾਵਨਾ ਨਾਲ ਵਿਦੇਸ਼ੀ ਹਕੂਮਤ ਵਿਰੁੱਧ ਜਦੋ-ਜਹਿਦ ਵਿੱਚ ਕਿਸੇ ਦੀ ਸੇਵਾ, ਕੈਦ ਦੀ ਸਜ਼ਾ ਜਾਂ ਸ਼ਹਾਦਤ ਨੂੰ ਇਕ ਦੂਜੇ ਨਾਲੋਂ ਘੱਟ ਜਾਂ ਵੱਧ ਅੰਕਿਤ ਨਹੀਂ ਕੀਤਾ ਜਾ ਸਕਦਾ। ਪਰ ਸ਼ਹੀਦਾਂ ਦਾ ਸਿਰਤਾਜ ਤੇ ਮਹਾਨ ਸ਼ਹੀਦ ਹੋਣ ਦਾ ਮਾਣ ਕੇਵਲ ਸਰਦਾਰ ਭਗਤ ਸਿੰਘ ਨੂੰ ਹੀ ਪ੍ਰਾਪਤ ਹੋਇਆ ਹੈ। ਸਰਦਾਰ ਭਗਤ ਸਿੰਘ ਦਾ ਜੀਵਨ ਕਾਲ 28 ਸਤੰਬਰ 1907 ਈ. ਤੋਂ 23 ਮਾਰਚ 1931 ਈ. ਤੱਕ ਦਾ ਹੈ, ਜੋ ਕਰੀਬ 23 ਸਾਲ 6 ਮਹੀਨੇ 16 ਦਿਨ ਦਾ ਬਣਦਾ ਹੈ। ਇਸ ਛੋਟੇ ਜਿਹੇ ਜੀਵਨ ਕਾਲ ਵਿਚ ਸ਼ਹੀਦਾਂ ਦਾ ਸਰਦਾਰ ਹੋਣਾ ਕੋਈ ਆਮ ਜਿਹੀ ਗੱਲ ਨਹੀਂ ਹੈ।
ਮਿਤੀ 15 ਅਗਸਤ 2010 ਦੀ ਇੱਕ ਅੰਗਰੇਜ਼ੀ ਅਖਬਾਰ ਨੇ ਆਜ਼ਾਦੀ ਦੇ 63 ਸਾਲ ਪੂਰੇ ਹੋ ਜਾਣ ‘ਤੇ ਵੱਖ-ਵੱਖ ਸਮਾਜਿਕ, ਆਰਥਿਕ, ਰਾਜਨੀਤਕ, ਵਿੱਦਿਆ ਦੇ ਖੇਤਰ ਵਿਚੋਂ ਉੱਚ ਅਹੁਦਿਆਂ ‘ਤੇ ਬਿਰਾਜਮਾਨ ਲੋਕਾਂ ਦੀਆਂ ਦੇਸ਼ ਦੀਆਂ ਸਮੱਸਿਆਵਾਂ ਬਾਰੇ ਪ੍ਰਤੀਕਿਰਿਆਂਵਾਂ ਲਈਆਂ ਜਿਸ ਵਿਚ ਇੱਕ ਸਵਾਲ ਇਹ ਵੀ ਪੁੱਛਿਆ ਗਿਆ ਕਿ ਉਹ ਦੇਸ਼ ਦੀ ਆਜ਼ਾਦੀ ਦੇ ਕਿਸ ਹੀਰੋ ਨੂੰ ਦੁਬਾਰਾ ਮਿਲਣਾ ਚਾਹੁਣਗੇ।  ਆਜ਼ਾਦੀ ਦੇ ਸੰਘਰਸ਼ ਵਿਚ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਸਰਦਾਰੀ ਦੀ ਪ੍ਰੋੜਤਾ ਕਰਦੇ ਹੋਏ 63 ਵਿਚੋਂ 25 ਰਾਜਨੀਤਕ, ਵਿੱਦਿਅਕ, ਫੌਜੀ ਅਫਸਰ ਅਤੇ ਖਿਡਾਰੀਆਂ ਨੇ ਭਗਤ ਸਿੰਘ ਨੂੰ ਮਿਲਣ ਦੀ ਇੱਛਾ ਜ਼ਾਹਿਰ ਕੀਤੀ। ਮਹਾਤਮਾ ਗਾਂਧੀ ਨੂੰ ਮਿਲਣ ਲਈ 16 , ਸੁਭਾਸ਼ ਚੰਦਰ ਬੋਸ ਨੂੰ ਮਿਲਣ ਲਈ 5, ਪੰਡਿਤ ਜਵਾਹਰ ਲਾਲ ਨਹਿਰੂ ਲਈ 1, ਲਾਲ ਬਹਾਦਰ ਸ਼ਾਸਤਰੀ ਨੂੰ ਮਿਲਣ ਲਈ  1,  ਸ੍ਰੀ ਅਰਬਿੰਦ ਜੀ ਨੂੰ  ਮਿਲਣ ਲਈ 1,  ਡਾ. ਸਰਵਪਾਲੀ ਰਾਧਾ ਕ੍ਰਿਸ਼ਨ ਨੂੰ ਮਿਲਣ ਲਈ 1, ਰਾਣੀ ਲਕਸ਼ਮੀ ਬਾਈ ਨੂੰ ਮਿਲਣ ਲਈ 1, ਕੂਕਾ ਰਾਮ ਸਿੰਘ ਨੂੰ ਮਿਲਣ ਲਈ 1, ਸ਼ਯਾਮ ਪ੍ਰਸਾਦ ਮੁਖਰਜੀ ਨੂੰ ਮਿਲਣ ਲਈ 1, ਡਾ. ਕੇਸ਼ਵ ਹੈਡਗਵੇਇਰ ਨੂੰ ਮਿਲਣ ਲਈ 1,  ਸਰਦਾਰ ਵੱਲਭ ਭਾਈ ਪਟੇਲ ਨੂੰ ਮਿਲਣ ਲਈ 2 ਵਿਅਕਤੀਆਂ ਨੇ ਇੱਛਾ ਜ਼ਾਹਿਰ ਕੀਤੀ ਅਤੇ 7 ਵਿਅਕਤੀ ਕਿਸੇ ਇੱਕ ‘ਤੇ ਮਨ ਨਹੀਂ ਬਣਾ ਸਕੇ।
ਫੇਰ ਕਿਉਂ ਅੱਜ ਭਾਰਤ ਦਾ ਹਰ ਵਰਗ ਸਰਦਾਰ ਭਗਤ ਸਿੰਘ ਨੂੰ ਆਪਣਾ ਹੀਰੋ ਦੱਸਦਾ ਹੈ?  ਕਿਉਂ ਉਸ ਵਰਗੀ ਦਸਤਾਰ ਸਜਾਉਣ, ਮੇਰਾ ਰੰਗ ਦੇ ਬਸੰਤੀ ਗੀਤ ਗਾਉਣ, ਟਰੱਕਾਂ, ਬੱਸਾਂ, ਕਾਰਾਂ ‘ਤੇ ਉਸ ਦੇ ਪੋਸਟਰ ਲਾਉਣ ਵਿਚ ਹਰ ਇੱਕ ਮਾਣ ਮਹਿਸੂਸ ਕਰਦਾ ਹੈ?  ”ਇਨਕਲਾਬ ਜ਼ਿੰਦਾਬਾਦ” ਅੱਜ ਕਿਉਂ ਹਰ ਇੱਕ ਇਨਸਾਫ ਲਈ ਜਦੋ-ਜਹਿਦ ਕਰ ਰਹੀ ਹਰ ਸੰਸਥਾ ਦਾ ਨਾਅਰਾ ਹੈ? ਵਿਚਾਰ ਦਾ ਵਿਸ਼ਾ ਹੈ।
ਭਗਤ ਸਿੰਘ ਦਾ ਸ਼ਹੀਦੇ ਆਜ਼ਮ ਹੋਣ ਵਿੱਚ ਸਭ ਤੋਂ ਪਹਿਲੀ ਗੱਲ ਉਸ ਦਾ ਗਿਆਨਵਾਨ ਹੋਣਾ ਸੀ। ਦੁਨੀਆਂ ਦੇ ਇਤਿਹਾਸਕ, ਰਾਜਨੀਤਕ, ਸਮਾਜਿਕ, ਆਰਥਿਕ, ਵਿਗਿਆਨਕ ਅਤੇ ਆਜ਼ਾਦੀ ਬਾਰੇ ਜਿੰਨਾ ਗਿਆਨ ਭਗਤ ਸਿੰਘ ਨੇ ਕਿਤਾਬਾਂ ਤੇ ਅਖਬਾਰਾਂ ਰਾਹੀਂ ਹਾਸਲ ਕੀਤਾ, ਇਕ ਅਚੰਭਾ ਹੀ ਹੈ। ਉਸ ਦੀ ਜੇਲ੍ਹ ਡਾਇਰੀ, ਜੋ 12 ਸਤੰਬਰ 1929 ਤੋਂ 7 ਅਕਤੂਬਰ 1930 ਈ. ਤੱਕ ਉਸ ਦੇ ਕੋਲ ਸੀ, ਗਵਾਹੀ ਭਰਦੀ ਹੈ ਕਿ ਸ਼ਹੀਦ ਭਗਤ ਸਿੰਘ ਨੇ ਉਸ ਸਮੇਂ ਤੱਕ ਦੁਨੀਆਂ ਦੇ ਹਰ ਵੱਡੇ ਲੇਖਕ ਦੀਆਂ ਕਿਤਾਬਾਂ ਉਪਰੋਕਤ ਵਿਸ਼ਿਆਂ ਬਾਰੇ ਪੜ੍ਹੀਆਂ ਹੀ ਨਹੀਂ, ਬਲਕਿ ਉਨ੍ਹਾਂ ਦੇ ਨੋਟ ਵੀ ਤਿਆਰ ਕੀਤੇ।
ਇਨਕਲਾਬ ਬਾਰੇ ਸਰਦਾਰ ਭਗਤ ਸਿੰਘ ਨੇ ਲਿਖਿਆ ਕਿ ਮੈਂ 1926 ਈ. ਵਿੱਚ ਦੁਨੀਆਂ ਭਰ ਦੇ ਇਨਕਲਾਬੀ ਤਜਰਬੇ ਨੂੰ ਘੋਖਣਾ ਸ਼ੁਰੂ ਕੀਤਾ, ਜਿਸ ਆਦਰਸ਼ ਲਈ ਜੂਝਣਾ ਹੈ, ਉਸ ਦਾ ਸਪੱਸ਼ਟ ਸੰਕਲਪ ਸਾਡੇ ਸਾਹਮਣੇ ਹੋਵੇ, ਉਸ ਤੋਂ ਪਹਿਲਾਂ ਤਾਂ ”ਮੈਂ ਕੇਵਲ ਰੋਮਾਂਟਿਕ ਵਿਚਾਰਵਾਦੀ ਇਨਕਲਾਬੀ ਹੀ ਸੀ। ਉਦੋਂ ਤੱਕ ਤਾਂ ਅਨੁਆਈ ਹੀ ਸਾਂ। ਫੇਰ ਸਾਰੀ ਜ਼ਿੰਮੇਵਾਰੀ ਆਪਣੇ ਮੋਢਿਆਂ ‘ਤੇ ਲੈਣ ਦਾ ਸਮਾਂ ਆਇਆ। ਸ਼ਹੀਦ ਭਗਤ ਸਿੰਘ ਦੀ ਸੋਚ ਮੁਤਾਬਕ ਇਨਕਲਾਬੀ ਹੋਣ ਦਾ ਮਤਲਬ ਸੀ, ਨਾਸਾਜ਼ ਹਾਲਤਾਂ ਨੂੰ ਅਨੁਕੂਲ ਹਾਲਤਾਂ ਵਿਚ ਤਬਦੀਲ ਕਰਨਾ।
ਕਾਂਗਰਸ ਬਾਰੇ: ”ਭਾਰਤੀ ਰਾਸ਼ਟਰੀ ਕਾਂਗਰਸ ਦਾ ਉਦੇਸ਼ ਭਾਰਤੀ ਜਨਤਾ ਨੂੰ ਸਰਕਾਰ ਦੀ ਇਕ ਅਜਿਹੀ ਪ੍ਰਣਾਲੀ ਦੇਣਾ ਹੈ ਜਿਹੜੀ ਠੀਕ ਉਹੋ ਜਿਹੀ ਹੀ ਹੈ ਜੈਸੀ ਬ੍ਰਿਟਿਸ਼ ਸਾਮਰਾਜ ਦੇ ਥੱਲੇ ਸਵੈ-ਸ਼ਾਸਤ ਦੇਸ਼ ਚਲਾ ਰਹੇ ਹਨ, ਜਿਸ ਵਿਚ ਉਹ ਸਾਮਰਾਜ ਦੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਵਿੱਚ ਬਰਾਬਰ ਦੇ ਹਿੱਸੇਦਾਰ ਹੋਣਗੇ।” ਸਿੱਖਿਆ ਬਾਰੇ: ”ਭਾਰਤ ਵਿੱਚ ਪੱਛਮੀ ਸਿੱਖਿਆ ਨੂੰ ਚਾਲੂ ਕਰਨ ਦਾ ਮੂਲ ਮੰਤਵ ਨੌਜਵਾਨ ਭਾਰਤੀਆਂ ਦੀ ਇੱਕ ਚੰਗੀ ਗਿਣਤੀ ਨੂੰ ਸਿਖਿਅਤ ਕਰਨਾ ਸੀ ਤਾਂ ਜੋ ਸਰਕਾਰੀ ਦਫਤਰਾਂ ਵਿੱਚ ਅਧੀਨ ਪਦਾਂ ਨੂੰ ਅੰਗਰੇਜ਼ੀ ਬੋਲਣ ਵਾਲੇ ਦੇਸੀ ਲੋਕਾਂ ਨਾਲ ਭਰਿਆ ਜਾ ਸਕੇ।” ਅੰਗਰੇਜ਼ਾਂ ਵੱਲੋਂ ਸਵਰਾਜ ਦੇਣ ਬਾਰੇ: ”ਜੇ ਸਰਕਾਰ ਮੈਨੂੰ ਆ ਕੇ ਕਹੇ ਕਿ ਸਵਰਾਜ ਲੈ ਲਓ, ਤਾਂ ਇਸ ਤੋਹਫੇ ਲਈ ਧੰਨਵਾਦ ਤਾਂ ਕਰੂੰਗਾ ਪਰ ਉਸ ਚੀਜ਼ ਨੂੰ ਸਵੀਕਾਰ ਨਹੀਂ ਕਰੂੰਗਾ ਜਿਸ ਨੂੰ ਮੈਂ ਆਪ ਖੁਦ ਆਪਣੇ ਹੱਥਾਂ ਨਾਲ ਨਹੀਂ ਕਮਾਇਆ, ਬੁਨਿਆਦੀ ਚੀਜ਼ ਸਰਕਾਰ ਦੀ ਗੌਰਵਤਾ ਹੈ।”  ਗੁਲਾਮੀ ਬਾਰੇ: ”ਦਾਸ ਆਪਣੀਆਂ ਬੇੜੀਆਂ ਵਿੱਚ ਸਭ ਕੁਝ ਗੁਆ ਦਿੰਦੇ ਹਨ, ਇੱਥੋਂ ਤੱਕ ਕਿ ਇਸ ਤੋਂ ਨਿਜਾਤ ਪਾਉਣ ਦੀ ਇੱਛਿਆ ਵੀ।” ਨੌਜਵਾਨਾਂ ਲਈ, ”ਨੌਜਵਾਨਾਂ ਨੂੰ ਸੱਚੇ ਦਿਲੋਂ ਤੇ ਸੰਜੀਦਗੀ ਨਾਲ ਸੇਵਾ, ਬਿਪਤਾ ਸਹਾਰਨ ਤੇ ਕੁਰਬਾਨੀ ਦਾ ਤੀਹਰਾ ਆਦਰਸ਼ ਅਪਨਾਉਣਾ ਚਾਹੀਦਾ ਹੈ।” ਦੱਬੇ-ਕੁਚਲੇ ਵਰਗ ਲਈ: ”ਜੇਕਰ ਮੈਲਾ ਚੁੱਕਣ ਵਾਲਾ ਅਛੂਤ ਹੈ ਤਾਂ ਮੇਰੀ ਮਾਂ ਵੀ ਅਛੂਤ ਹੋਈ। ਏਕਤਾ ਬਾਰੇ: ”ਜਿਸ ਦਿਨ ਅਸੀਂ ਵੱਡੀ ਗਿਣਤੀ ਵਿਚ ਮਰਦ ਅਤੇ ਔਰਤ ਮਨੁੱਖਤਾ ਦੇ ਦੁੱਖ ਦੂਰ ਕਰਨ ਅਤੇ ਸੇਵਾ ਲਈ ਇਕੱਠੇ ਹੋ ਜਾਵਾਂਗੇ, ਉਸ ਦਿਨ ਆਜ਼ਾਦੀ ਦੀ ਸ਼ੁਰੂਆਤ ਦਾ ਦਿਨ ਹੋਵੇਗਾ।” ਕੁਰਬਾਨੀ ਬਾਰੇ ਉਸ ਦਾ ਸਵਾਲ ਸੀ: ”ਕੀ ਜੀਵਨ ਐਨਾ ਪਿਆਰਾ ਅਤੇ ਸ਼ਾਂਤੀ ਐਨੀ ਮਿੱਠੀ ਹੈ ਕਿ ਉਸ ਨੂੰ ਬੇੜੀਆਂ ਅਤੇ ਗੁਲਾਮੀ ਦੀ ਕੀਮਤ ‘ਤੇ ਵੀ ਖਰੀਦ ਲਿਆ ਜਾਵੇ?” ਸ਼ੋਸ਼ਣ ਬਾਰੇ: ”ਉਦੋਂ ਤੱਕ ਜੱਦੋ-ਜਹਿਦ ਜਾਰੀ ਰਹੇਗੀ, ਜਦੋਂ ਤੱਕ  ਕੁਝ ਲੋਕ ਮਜ਼ਦੂਰਾਂ ਤੇ ਆਮ ਆਦਮੀਆਂ ‘ਤੇ ਆਪਣੇ ਫਾਇਦੇ ਲਈ ਸ਼ੋਸ਼ਣ ਕਰਦੇ ਰਹਿਣਗੇ, ਇਹ ਮਾਇਨੇ ਨਹੀਂ ਰੱਖਦਾ ਕਿ ਉਹ ਵਿਦੇਸ਼ੀ ਸਰਮਾਏਦਾਰ ਹਨ ਜਾਂ ਭਾਰਤੀ।” ਕੁਰਬਾਨੀ ਬਾਰੇ: ਜਿਉਣ ਦੀ ਲਾਲਸਾ ਬਾਰੇ ਫਾਂਸੀ ਤੋਂ ਇੱਕ ਦਿਨ ਪਹਿਲਾਂ ਪੁੱਛਣ ‘ਤੇ ਉਸ ਦਾ ਜਵਾਬ ਸੀ; ”ਇਨਸਾਨੀ ਜੀਵਨ ਬੜੀ ਮੁਸ਼ਕਲ ਨਾਲ ਮਿਲਦਾ ਹੈ ਅਤੇ ਜੀਵਨ ਦਾ ਇਸ ਤਰ੍ਹਾਂ ਅੰਤ ਮੇਰੇ ਲਈ ਦੁਖਦਾਈ ਹੈ। ਜੀਵਨ ਇਨਸਾਨ ਦੀ ਕੁਦਰਤੀ ਲਾਲਸਾ ਹੈ, ਜੋ ਮੇਰੇ ਵਿਚ ਵੀ ਹੈ। ਮੈਂ ਇਸ ਨੂੰ ਛੁਪਾਉਣਾ ਨਹੀਂ ਚਾਹੁੰਦਾ। ਮੈਨੂੰ ਦੁੱਖ ਹੈ ਕਿ ਮੈਂ ਲੋਕਾਂ ਦੇ ਕੁਝ ਹੋਰ ਚੰਗੇ ਕੰਮ ਆਉਂਦਾ।” ਧਰਮ ਬਾਰੇ: ”ਧਰਮ ਲੋਕਾਂ ਨੂੰ ਵੰਡਦਾ ਹੈ ਅਤੇ ਉਨ੍ਹਾਂ ਦੀ ਮਾਨਸਿਕਤਾ ਨੂੰ ਵੀ ਕਮਜ਼ੋਰ ਕਰਦਾ ਹੈ।
ਸਰਦਾਰ ਭਗਤ ਸਿੰਘ ਦੂਜਿਆਂ ਦੀਆਂ ਦੇਸ਼ ਵਾਸਤੇ ਸੇਵਾਵਾਂ ਦਾ ਵੀ ਦਿਲੋਂ ਸਤਿਕਾਰ ਕਰਦਾ ਸੀ, ਭਾਵੇਂ ਉਨ੍ਹਾਂ ਨਾਲ ਉਸ ਦਾ ਵਿਚਾਰਧਾਰਕ ਵਿਰੋਧ ਹੀ ਕਿਉਂ ਨਾ ਹੋਵੇ।  ਗਾਂਧੀ ਜੀ, ਹਿੰਸਾ ਨੂੰ ਤਰੱਕੀ ਅਤੇ ਆਜ਼ਾਦੀ ਦੇ ਰਸਤੇ ਵਿੱਚ ਰੁਕਾਵਟ ਦੱਸਦੇ ਸਨ। ਸਰਦਾਰ ਭਗਤ ਸਿੰਘ ਨੇ ਉਨ੍ਹਾਂ ਦੇ ਇਸ ਕਥਨ ‘ਤੇ ਟਿੱਪਣੀ ਕਰਦਿਆਂ ਕਿਹਾ ਸੀ ਕਿ, ”ਅਹਿੰਸਾ ਭਾਵੇਂ ਇਕ ਨੇਕ ਆਦਰਸ਼ ਹੈ, ਪਰ ਸਿਰਫ ਅਹਿੰਸਾ ਦੇ ਰਸਤੇ ‘ਤੇ ਚੱਲ ਕੇ ਕਦੇ ਵੀ ਆਜ਼ਾਦੀ ਹਾਸਲ ਨਹੀਂ ਹੋ ਸਕਦੀ।” ਉਹ ਕਹਿੰਦੇ ਸਨ ਮਹਾਤਮਾ ਗਾਂਧੀ ਮਹਾਨ ਹੈ। ਉਸ ਵੱਲੋਂ ਦੇਸ਼ ਦੀ ਮੁਕਤੀ ਲਈ ਜਿਨ੍ਹਾਂ ਢੰਗ-ਤਰੀਕਿਆਂ ਦੀ ਵਰਤੋਂ ਕੀਤੀ ਜਾਂਦੀ ਹੈ, ਜੇ ਅਸੀਂ ਜ਼ੋਰ ਦੇ ਕੇ, ਉਨ੍ਹਾਂ ਨੂੰ ਨਾ-ਮਨਜ਼ੂਰ ਕਰਦੇ ਹਾਂ, ਤਾਂ ਇਸ ਦਾ ਅਰਥ ਇਹ ਨਹੀਂ ਕਿ ਗਾਂਧੀ ਜੀ ਦਾ ਅਸੀਂ ਸਤਿਕਾਰ ਨਹੀਂ ਕਰਦੇ। ਨਾ-ਮਿਲਵਰਤਣ ਲਹਿਰ ਨੇ ਦੇਸ਼ ਵਿਚ ਜਿਹੜੀ ਜਾਗ੍ਰਿਤੀ ਪੈਦਾ ਕੀਤੀ ਹੈ, ਜੇ ਅਸੀਂ ਉਸ ਨੂੰ ਸਲਾਮ ਨਾ ਕਰੀਏ ਤਾਂ ਅਸੀਂ ਉਨ੍ਹਾਂ ਦਾ ਕੀਤਾ ਭੁਲਾ ਰਹੇ ਹੋਵਾਂਗੇ। ਪਰ ਸਾਡੇ ਲਈ ਮਹਾਤਮਾ ਗਾਂਧੀ ਅਜਿਹੇ ਸੁਪਨੇ ਦੇਖਣ ਵਾਲਾ ਹੈ ਜੋ ਪੂਰੇ ਹੋਣੇ ਸੰਭਵ ਨਹੀਂ।
ਸ਼ਹੀਦੇ-ਆਜ਼ਮ ਭਗਤ ਸਿੰਘ ਦੀ ਰੂਸ ਦੀ ਕ੍ਰਾਂਤੀ, ਫਰਾਂਸ, ਜਰਮਨੀ ਅਤੇ ਆਇਰਲੈਂਡ ਦੇ ਕ੍ਰਾਂਤੀਕਾਰੀਆਂ ਦੇ ਜੀਵਨ ਤੋਂ  ਪ੍ਰਭਾਵਿਤ ਹੋਇਆ, ਜੋ ਉਸ ਸਮੇਂ ਸੰਸਾਰ ਵਿੱਚ ਇੱਕ ਨਵੇਂ ਬਦਲ ਤੇ ਲੋਕ ਸ਼ਕਤੀ ਤੇ ਸਮਾਜਵਾਦੀ ਦੀ ਗਵਾਹੀ ਭਰਦੀਆਂ ਸਨ।  ਉਸ ਦੀਆਂ ਲਿਖਤਾਂ ਤੇ ਨੋਟਾਂ ਵਿੱਚ ਗੁਰਮਤਿ ਗਿਆਨ ਬਾਰੇ ਦਰਜ ਨਹੀਂ ਹੈ। ਲੇਕਿਨ ਗੁਰਦੁਆਰਾ ਸੁਧਾਰ ਲਹਿਰ ਵਿੱਚ ਜੈਤੋ ਦੇ ਮੋਰਚੇ ਦੇ ਲੰਗਰ ਦਾ ਪ੍ਰਬੰਧ ਕਰਨ ਦੇ ਸਬੰਧ ਵਿਚ ਉਸ ਦੇ ਗ੍ਰਿਫਤਾਰੀ ਵਾਰੰਟ ਵੀ ਨਿਕਲੇ ਸਨ। ਵਿਅਕਤੀਗਤ ਜੀਵਨ ਵਿੱਚ ਸ਼ਹੀਦੇ ਆਜ਼ਮ ਸ. ਭਗਤ ਸਿੰਘ ਇੱਕ ਸੁੱਘੜ ਤੇ ਪੂਰਨ ਮਨੁੱਖ ਸੀ। ਉਹ ਬਹੁਤ ਵਧੀਆ ਸਟੇਜ ਕਲਾਕਾਰ ਸੀ, ਜਿਸ ਨੇ ਮਹਾਰਾਣਾ ਪ੍ਰਤਾਪ, ਕ੍ਰਿਸ਼ਨ ਵਿਜੇ, ਭਾਰਤ ਦੁਰਦਸ਼ਾ ਵਰਗੇ ਡਰਾਮਿਆਂ ਵਿੱਚ ਵਧੀਆ ਕਲਾਕਾਰੀ ਕੀਤੀ ਤੇ ਹੀਰੋ ਦਾ ਕਿਰਦਾਰ ਨਿਭਾਇਆ। ਇੱਕ ਬਹੁਤ ਹੀ ਸੁਰੀਲਾ ਗਾਇਕ ਸੀ ਅਤੇ ਮੇਰਾ ਰੰਗ ਦੇ ਬਸੰਤੀ ਚੋਲਾ ਉਸ ਦੇ ਪਸੰਦੀਦਾ ਗੀਤ ਸਨ। ਚਾਰਲੀ ਚੈਪਲਿਨ ਦੀਆਂ ਫਿਲਮਾਂ ਵੇਖਣ, ਤਾਸ਼ ਖੇਡਣ, ਕਿਸ਼ਤੀ ਵਿਚ ਸੈਰ ਕਰਨ, ਕੁਦਰਤ ਦੇ ਨਜ਼ਾਰੇ ਲੈਣ, ਕਵਿਤਾਵਾਂ ਪੜ੍ਹਨ, ਲਿਖਣ ਆਦਿ ਵੀ ਉਸ ਦੇ ਪਸੰਦੀਦਾ ਸ਼ੌਕ ਸਨ।
ਕੀ ਅੱਜ ਦਾ ਭਾਰਤ ਉਸ ਦੇ ਸੁਪਨਿਆਂ ਦਾ ਭਾਰਤ ਹੈ, ਜਿਸ ਦੀ ਤਸਵੀਰ ਆਜ਼ਾਦੀ ਤੋਂ ਉਪਰੰਤ ਉਸ ਦੇ ਖਿਆਲਾਂ ਵਿਚ ਸੀ? ਨਸ਼ਿਆਂ ਵਿਚ ਡੁੱਬੇ, ਗਿਆਨ ਤੋਂ ਸੱਖਣੇ ਨੌਜਵਾਨ, ਗਰੀਬੀ ਤੇ ਕਰਜ਼ੇ ਕਾਰਨ ਖੁਦਕੁਸ਼ੀਆਂ ਕਰਦੇ ਕਿਸਾਨ ਤੇ ਮਜ਼ਦੂਰ, ਭ੍ਰਿਸ਼ਟ ਸਰਕਾਰੀ ਅਧਿਕਾਰੀ ਤੇ ਰਾਜਨੇਤਾ ਅਤੇ ਗੁਲਾਮਾਂ ਵਾਂਗ ਜੀਵਨ ਜਿਉਂਦੀ ਜਨਤਾ ਵੇਖ ਕੇ, ਕੀ ਉਸ ਨੂੰ ਨਿਰਾਸ਼ਤਾ ਨਹੀਂ ਹੋਵੇਗੀ? ਸਮਾਂ ਹੈ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਆਦਰਸ਼ਾਂ ਵਰਗੇ ਇਨਸਾਨ ਬਣਨ ਦੀ, ਨੌਜਵਾਨਾਂ ਨੂੰ ਘੱਟੋ-ਘੱਟ ਉਸ ਦੀ ਪੁਕਾਰ, ”ਨੌਜਵਾਨੋ ਤੁਸੀਂ ਮੁਕਤੀ ਦਾ ਸੋਮਾ ਹੋ, ਦੇਸ਼ ਦੀ ਆਸ ਹੋ…..ਮਾਂ ਧਰਤੀ ਦੇ ਰਖਵਾਲੇ ਹੋ”, ਨੂੰ ਮਨ ਵਿਚ ਵਸਾੳਣ ਦੀ ਤੇ ਉਸ ਦੇ ਜੀਵਨ ਦਾ ਗੁਣ, ”ਗਿਆਨਵਾਨ ਤੇ ਬਹਾਦਰ ਹੋਣਾ”, ਜ਼ਰੂਰ ਅਪਣਾਉਣਾ ਚਾਹੀਦਾ ਹੈ, ਤਾਂ ਜੋ ਉਸ ਦੇ ਸੁਪਨੇ ਸਾਕਾਰ ਹੋਣ ਤੇ ਭਾਰਤ ਇੱਕ ਮਜ਼ਬੂਤ ਵਿਸ਼ਵ ਸ਼ਕਤੀ ਬਣੇ ਜਿੱਥੇ ਅਮੀਰ ਵੱਲੋਂ ਗਰੀਬ ਦਾ ਸ਼ੋਸ਼ਣ ਨਾ ਹੋਵੇ।    ਸੀਨੀਅਰ ਪੁਲੀਸ ਕਪਤਾਨ


Comments Off on ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.