ਕੈਨੇਡਾ ਚੋਣਾਂ ’ਚ ਫ਼ੈਸਲਾਕੁਨ ਹੋਣਗੇ ਪੰਜਾਬੀ ਵੋਟਰ !    ਡਿਊਟੀ ਦੌਰਾਨ ਦਵਾਈ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਨਹੀਂ ਮਿਲ ਸਕਣਗੇ ਸਰਕਾਰੀ ਡਾਕਟਰ !    ਧਨੇਰ ਦੀ ਸਜ਼ਾ ਮੁਆਫ਼ੀ ਦਾ ਮਾਮਲਾ ਮੁੜ ਮੁੱਖ ਮੰਤਰੀ ਦਰਬਾਰ ਪੁੱਜਾ !    ਕੈਪਟਨ ਸੰਧੂ ਦੇ ਦਾਅਵਿਆਂ ਦੀ ਅਕਾਲੀ ਦਲ ਨੇ ਖੋਲ੍ਹੀ ਪੋਲ !    ਆਰਫ਼ ਕਾ ਸੁਨ ਵਾਜਾ ਰੇ !    ਰਾਹੋਂ ਦਾ ‘ਦਿੱਲੀ ਦਰਵਾਜ਼ਾ’ !    ਗ਼ਦਰ ਲਹਿਰ ਨੂੰ ਸ਼ਬਦਾਂ ’ਚ ਪਰੋਣ ਵਾਲਾ ਗਿਆਨੀ ਕੇਸਰ ਸਿੰਘ !    ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟੀ ਦਾ ਕੰਧ ਚਿੱਤਰ !    ਸ੍ਰੀ ਭੈਣੀ ਸਾਹਿਬ ਦਾ ਅੱਸੂ ਮੇਲਾ !    ਵੋਟਰ ਸੂਚੀ ’ਚ ਨਾਮ ਹੋਣ ਵਾਲਾ ਵਿਅਕਤੀ ਹੀ ਪਾ ਸਕੇਗਾ ਵੋਟ !    

ਪਿਛਲ ਖੁਰੀ ਕਿਉਂ ਮੁੜਨ ਲੱਗ ਪਏ ਸਾਡੇ ਪਿੰਡ

Posted On September - 3 - 2010

ਅੱਜ ਜੋ ਵੀ ਸਿਆਸੀ ਪਾਰਟੀ ਚੋਣ ਲੜਦੀ ਐ ਉਹ ਪਿੰਡਾਂ ਦੀ ਨੁਹਾਰ ਬਦਲਣ ਦੀ ਗੱਲ ਕਰਦੀ ਹੈ। ਪਿੰਡਾਂ ਲਈ ਗਰਾਂਟਾਂ ਦੇ ਗੱਫੇ ਦੇਣ ਦੀ ਗੱਲ ਕਰਦੀ ਐ। ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ, ਪਰ ਅੱਜ ਜੋ ਅਸਲ ਪਿੰਡਾਂ ਦੀ ਤਰੱਕੀ ਹੋਈ ਐ ਮੈਂ ਅੱਜ ਉਸ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਹਾਂ। ਮੈਂ ਗੱਲ ਆਪਣੇ ਪਿੰਡ ਤੋਂ ਹੀ ਸ਼ੁਰੂ ਕਰ ਰਿਹਾ ਹਾਂ। ਮੇਰੇ ਪਿੰਡ ਨੇ ਕਿੰਨੀ ਤਰੱਕੀ ਕੀਤੀ ਹੈ ਇਹੋ ਹਾਲ ਦੂਜੇ ਪਿੰਡਾਂ ਦਾ ਹੈ। ਮੇਰਾ ਪਿੰਡ ਅੱਜ ਤੋਂ ਵੀਹ ਸਾਲ ਪਹਿਲਾਂ ਪਿੰਡ ਵਿਚ ਦੋ ਸਰਕਾਰੀ ਪ੍ਰਾਇਮਰੀ ਸਕੂਲ ਲੜਕੇ-ਲੜਕਿਆਂ ਦੇ ਵੱਖ-ਵੱਖ ਬਣੇ ਹੋਏ ਸਨ ਤੇ ਇਕ ਹਾਈ ਸਕੂਲ ਵੀ ਸੀ। ਤਿੰਨਾਂ ਸਕੂਲਾਂ ਵਿਚ ਹੀ ਸਟਾਫ ਪੂਰਾ ਸੀ ਅਤੇ ਇਕ ਮਿੰਨੀ ਹੈਲਥ ਸੈਂਟਰ ਵੀ ਹੋਂਦ ਵਿਚ ਆ ਚੁੱਕਾ ਸੀ। ਜਿਥੇ ਦੋ ਲੇਡੀ ਡਾਕਟਰ ਤੇ ਜੈਂਟ ਹਰ ਵਕਤ ਹਾਜ਼ਰ ਰਹਿੰਦੇ ਸਨ। ਡਾਕਟਰਾਂ ਦੇ ਰਹਿਣ ਲਈ ਅੱਡ ਕੋਠੀ ਤੇ ਦੂਜੇ ਸਟਾਫ ਦੇ ਰਹਿਣ ਲਈ ਵੀ ਹਸਪਤਾਲ ਵਿਚ ਛੋਟੇ ਕੁਆਟਰ ਬਣੇ ਹੋਏ ਸਨ। ਪਿੰਡ ਦੀ ਕੋਈ ਗਲੀ ਨਾਲੀ ਪੱਕੀ ਨਹੀਂ ਸੀ। ਹਰ ਘਰ ਆਪਣਾ ਵਾਧੂ ਪਾਣੀ ਆਪ ਹੀ ਸਾਂਭਦਾ ਸੀ। ਕਿਸੇ ਵੀ ਗਲੀ ਵਿਚ ਚਿੱਕੜ ਨਹੀਂ ਸੀ ਹੁੰਦਾ। ਪਿੰਡਾਂ ਵਿਚ ਭਾਈਚਾਰਕ ਸਾਂਝ ਭੈਣ-ਭਰਾਵਾਂ ਦੇ ਪਿਆਰ ਵਾਂਗ ਸੀ। ਆਮ ਹੀ ਕਿਹਾ ਜਾਂਦਾ ਸੀ ਸਕਾ ਕੌਣ, ‘‘ਗੁਆਂਢ’’। ਇਸ ਗੱਲ ਦਾ ਸਬੂਤ ਇਹ ਸੀ ਕੇ ਪਿੰਡਾਂ ਵਿਚ ਪੰਚਾਇਤ ਚੋਣ ਪਿੰਡ ਦੇ ਕੁਝ ਸਿਆਣੇ ਬੰਦੇ ਆਪ ਹੀ ਕਰ ਦਿੰਦੇ ਸਨ। ਪਿੰਡਾਂ ਦੀ ਸੱਥਾਂ ਛੱਪੜਾਂ-ਪਿੱਪਲ-ਬੋਹੜ, ਧਰਮਸ਼ਾਲਾ ਆਦਿ ਭਾਈਚਾਰਕ ਸਾਂਝ ਦੇ ਪ੍ਰਤੀਕ ਸਨ। ਉਸ ਟਾਈਮ ਪਿੰਡਾਂ ਵਿਚ ਰੱਬ ਵਸਦਾ ਹੁੰਦਾ ਸੀ।
ਅੱਜ ਬਦਲ ਰਹੇ ਸਮੇਂ ਨਾਲ ਪਿੰਡਾਂ ਦੀ ਨੁਹਾਰ ਬਦਲ ਗਈ ਹੈ। ਲੀਡਰਾਂ ਅਨੁਸਾਰ ਪਿੰਡ ਤਰੱਕੀ ਕਰ ਗਏ ਹਨ। ਪਰ ਮੇਰੀ ਸਮਝ ਅਨੁਸਾਰ ਪਿੰਡ ਪਿਛਲ ਖੁਰੀ ਮੁੜਨ ਲੱਗ ਪਏ ਹਨ। ਭਾਵ 1947 ਤੋਂ ਪਹਿਲਾਂ ਵੱਲ ਜਾ ਰਹੇ ਹਨ। ਹੁਣ ਸਾਡੇ ਪਿੰਡ ਵਿਚ ਨਾ ਉਹ ਪਹਿਲਾਂ ਵਾਲਾ ਪਿਆਰ ਹੈ ਤੇ ਨਾ ਉਹ ਮੋਹ ਮੁਹੱਬਤ ਹੈ। ਹੁਣ ਪਿੰਡਾਂ ਦੇ ਸਰਕਾਰੀ ਸਕੂਲਾਂ ਦੀ ਹਾਲਤ ਏਨੀ ਗਰਕ ਹੋ ਚੁੱਕੀ ਹੈ ਕਿ ਇਨ੍ਹਾਂ ਦੀਆਂ ਇਮਾਰਤਾਂ ਡਿਗੂੰ-ਡਿਗੂੰ ਕਰਦੀਆਂ। ਸਕੂਲਾਂ ਵਿਚ ਸਟਾਫ ਪੂਰਾ ਨਹੀਂ ਹੈ। ਬੱਚੇ ਖੁੱਲ੍ਹੀ ਛੱਤ ਥੱਲੇ ਪੜ੍ਹਨ ਲਈ ਮਜਬੂਰ ਹਨ। ਅਜਿਹੀ ਹਾਲਤ ਵੇਖ ਕੇ ਆਮ ਆਦਮੀ ਤਾਂ ਇਨ੍ਹਾਂ ਸਕੂਲਾਂ ਵਿਚ ਆਪਣੇ ਬੱਚੇ ਪੜ੍ਹਨ ਹੀ ਨਹੀਂ ਪਾਉਂਦਾ। ਇਹ ਸਕੂਲ ਸਿਰਫ ਗਰੀਬਾਂ ਦੇ ਬੱਚਿਆਂ ਦਾ ਸਮਾਂ ਪਾਸ ਕਰਨ ਜੋਗੇ ਹੀ ਰਹਿ ਗਏ ਹਨ। ਪੜ੍ਹਾਈ ਇਨ੍ਹਾਂ ਵਿਚ ਘੱਟ ਹੀ ਮਿਲਦੀ ਹੈ। ਸੱਤਰ-ਅੱਸੀ ਦੇ ਦਹਾਕੇ ਵਿਚ ਸਾਰੇ ਪਿੰਡਾਂ ਦੇ ਬੱਚੇ ਸਰਕਾਰੀ ਸਕੂਲਾਂ ਵਿਚ ਹੀ ਪੜ੍ਹਦੇ ਸਨ। ਉਹ ਹੁਣ ਚੰਗੀਆਂ ਪੋਸਟਾਂ ਉਪਰ ਸੈੱਟ ਵੀ ਹਨ।
ਦੂਜੀ ਸਰਕਾਰੀ ਸਹੂਲਤ ਪਿੰਡਾਂ ਵਿਚ ਡਿਸਪੈਂਸਰੀਆਂ ਦੀ ਸੀ। ਇਨ੍ਹਾਂ ਦੀ ਹਾਲਤ ਵੀ ਤਰਸਯੋਗ ਬਣੀ ਹੋਈ ਹੈ। ਸਾਡੇ ਪਿੰਡ ਦੇ ਮਿੰਨੀ ਪੀ.ਐਚ.ਡੀ. ਵਿਚ ਹੀ ਕੋਈ ਸਟਾਫ ਨਹੀਂ ਹੈ। ਇਕ-ਦੋ ਮੁਲਾਜ਼ਮ ਹੀ ਸਾਰਾ ਹਸਪਤਾਲ ਚਲਾ ਰਹੇ ਹਨ। ਹਸਪਤਾਲ ਵਿਚ ਪਿਆ ਕੀਮਤੀ ਸਾਮਾਨ ਵਰਤਣ ਖੁਣੋਂ ਹੀ ਖਰਾਬ ਹੋ ਰਿਹਾ ਹੈ। ਹਸਪਤਾਲ ਵਿਚ ਡਾਕਟਰ ਨਾ ਹੋਣ ਕਾਰਨ ਕੋਈ ਦਵਾਈ ਲੈਣ ਨਹੀਂ ਆਉਂਦਾ ਪ੍ਰੰਤੂ ਪਸ਼ੂ ਜ਼ਰੂਰ ਘਾਹ ਚਰਨ ਲਈ ਆ ਜਾਂਦੇ ਹਨ। ਡਾਕਟਰ ਦੇ ਰਹਿਣ ਲਈ ਬਣੀ ਸਰਕਾਰੀ ਕੋਠੀ ਹੁਣ ਅਵਾਰਾ ਕੁੱਤੇ ਤੇ ਹੋਰ ਪੰਛੀਆਂ ਦੇ ਕੰਮ ਆਉਂਦੀ ਹੈ। ਇਹ ਹਾਲਤ ਇਕੱਲੇ ਮੇਰੇ ਪਿੰਡ ਦੀ ਹੀ ਨਹੀਂ ਸਗੋਂ ਹੋਰ ਵੀ ਬਹੁਤ ਪਿੰਡਾਂ ਦਾ ਇਹੀ ਹਾਲ ਹੈ।  ਹੁਣ ਪਿੰਡਾਂ ਵਿਚ ਅੱਧ-ਪਚੱਧ ਗਲੀਆਂ-ਨਾਲੀਆਂ ਤਾਂ ਪੱਕੀਆਂ ਹੋ ਗਈਆਂ ਹਨ। ਪਰ ਇਹ ਹਨ ਕੱਚੀਆਂ ਤੋਂ ਵੀ ਭੈੜੀਆਂ। ਹੁਣ ਕੋਈ ਵੀ ਆਪਣੇ ਬੂਹੇ ਅੱਗੋਂ ਲੰਘਦੀ ਨਾਲੀ ਨੂੰ ਆਪਣੀ ਨਹੀਂ ਸਮਝਦਾ ਨਾ ਹੀ ਕੋਈ ਗਲੀ ਦੀ ਪੱਟੀ ਇੱਟ ਨੂੰ ਲਾਉਣ ਦੀ ਕੋਸ਼ਿਸ਼ ਕਰਦਾ ਹੈ। ਨਾਲੀਆਂ ਦੇ ਗੰਦੇ ਪਾਣੀ ਨੇ ਛੱਪੜਾਂ ਦੀ ਹਾਲਤ ਵਿਗਾੜ ਦਿੱਤੀ ਹੈ। ਨਾਲੀ ਵਿਚ ਖੜ੍ਹੇ ਪਾਣੀ ਦੀ ਉਠ ਰਹੀ ਸੜ੍ਹਿਆਂਦ (ਬੁਦਬੋ) ਨੱਕ ਸਾੜ ਰਹੀ ਹੈ। ਹਰ ਗਲੀ ਦੀ ਨਾਲੀ ਤੇ ਪਿੰਡ ਦੇ ਛੱਪੜਾਂ ਦਾ ਇਹੀ ਹਾਲ ਹੈ।
ਜੇ ਕੋਈ ਸਰਕਾਰ ਪਿੰਡਾਂ ਨੂੰ ਗਰਾਂਟ ਭੇਜਦੀ ਵੀ ਹੈ ਤਾਂ ਉਹ ਸਿਆਸਤ ਦੀ ਭੇਟ ਚੜ੍ਹ ਜਾਂਦੀ ਹੈ ਤੇ ਬਿਨਾਂ ਵਰਤੇ ਹੀ ਵਾਪਸ ਹੋ ਜਾਂਦੀ ਹੈ। ਜੇ ਕੋਈ ਗਰਾਂਟ ਲਗਦੀ ਵੀ ਹੈ ਤਾਂ ਉਹ ਆਪਣੀ ਪਾਰਟੀ ਦੇ ਕਾਰਕੁਨਾਂ ਦੇ ਹਿੱਤਾਂ ਵਿਚ ਹੀ ਲਗਦੀ ਹੈ ਜਿਸ ਦਾ ਫਾਈਦਾ ਘੱਟ ਤੇ ਨੁਕਸਾਨ ਵੱਧ ਹੁੰਦਾ ਹੈ। ਇਥੇ ਪਿੰਡਾਂ ਵਿਚ ਸਿਆਸਤ ਨੇ ਇਸ ਤਰ੍ਹਾਂ ਪੈਰ ਪਸਾਰ ਲਏ ਹਨ ਕਿ ਪਿੰਡਾਂ ਦੇ ਲੋਕ ਆਪਸੀ ਭਾਈਚਾਰਾ ਭੁੱਲ ਕੇ ਆਪਣੀ-ਆਪਣੀ ਸਿਆਸੀ ਪਾਰਟੀ ਦੇ ਹੀ ਗੁਣ-ਗਾਣ ਕਰਨ ਲੱਗ ਪਏ ਹਨ। ਲੀਡਰਾਂ ਪਿੱਛੇ ਲੱਗ ਭਾਈ-ਭਾਈ ਨਾਲ ਵੈਰ ਕਮਾ ਰਹੇ ਹਨ। ਲੋਕਾਂ ਦਾ ਪਿੰਡਾਂ ਨੂੰ ਸੰਵਾਰਨ ਵੱਲ ਘੱਟ ਤੇ ਵਿਗਾੜਨ ਵੱਲ ਵੱਧ ਧਿਆਨ ਹੋ ਗਿਆ ਹੈ। ਅਨੇਕਾਂ ਪਿੰਡ ਅਜਿਹੇ ਹਨ ਜਿਥੇ ਜ਼ਮੀਨ ਹੇਠਲਾ ਪਾਣੀ ਜ਼ਹਿਰੀਲਾ ਹੋ ਚੁੱਕਾ ਹੈ। ਜੋ ਵਾਟਰ ਵਰਕਸ ਬਣੇ ਸਨ ਉਹ ਕੰਮ ਕਰਨੋਂ ਹਟ ਗਏ ਹਨ ਜਿਸ ਕਰਕੇ ਲੋਕ ਗੰਦਾ ਪਾਣੀ ਪੀਣ ਲਈ ਮਜਬੂਰ ਹਨ। ਪਿੰਡਾਂ ਵਿਚਲਾ ਸ਼ੁੱਧ ਵਾਤਾਵਰਨ ਵੀ ਹੁਣ ਅਲੋਪ ਹੋ ਗਿਆ ਹੈ। ਕਿਸਾਨਾਂ ਸਿਰ ਚੜ੍ਹੇ ਕਰਜ਼ੇ ਨੇ ਉਨ੍ਹਾਂ ਦੇ ਖੇਤਾਂ ਤੇ ਘਰਾਂ ਵਿਚ ਖੜ੍ਹੇ ਦਰੱਖਤ ਵੀ ਵਿਕਾ ਦਿੱਤੇ ਹਨ ਤੇ ਨਰਮੇ ਦੇ ਘਟਣ ਨਾਲ ਸਾਂਝੀਆਂ ਥਾਵਾਂ ’ਤੇ ਲੱਗੇ ਦਰੱਖਤ ਗਰੀਬ ਤੇ ਨਸ਼ੱਈ ਲੋਕਾਂ ਨੇ ਪੁੱਟ ਲਏ ਹਨ। ਪਿੰਡਾਂ ਵਿਚ ਬਣੀਆਂ ਸੜਕਾਂ ਲੋਕਾਂ ਦੀ ਅਣਗਹਿਲੀ ਕਾਰਨ ਤੇ ਕੁਝ ਠੇਕੇਦਾਰਾਂ ਵੱਲੋਂ ਵਰਤੇ ਘਟੀਆ ਮਟੀਰੀਅਲ ਕਾਰਨ ਪੱਕੀ ਹੋਣ ਤੋਂ ਕੁਝ ਦਿਨ ਬਾਅਦ ਹੀ ਟੁੱਟਣੀਆਂ ਸ਼ੁਰੂ ਹੋ ਗਈਆਂ ਸਨ। ਹੁਣ ਪਿੰਡਾਂ ਵਿਚ ਵਧੀ ਮਸ਼ੀਨਰੀ ਹਰ ਵਕਤ ਧੂੜ ਹੀ ਉਡਾ ਰਹੀ ਹੈ। ਨਾ ਹੀ ਪਿੰਡਾਂ ਵਿਚ ਸ਼ੁੱਧ ਹਵਾ ਰਹੀ, ਨਾ ਹੀ ਸ਼ੁੱਧ ਪਾਣੀ ਤੇ ਨਾ ਹੀ ਹੁਣ ਸਵੇਰੇ-ਸਵੇਰੇ ਪੰਛੀਆਂ ਦੀ ਚਹਿ-ਚਹਾਟ ਸੁਣਾਈ ਦਿੰਦੀ ਹੈ ਸਗੋਂ ਧਾਰਮਿਕ ਸਥਾਨਾਂ ਦੇ ਲਾਊਡ ਸਪੀਕਰਾਂ ਦੀ ਕੰਨ ਪਾੜ੍ਹਵੀਂ ਆਵਾਜ਼ ਜ਼ਰੂਰ ਸ਼ੋਰ ਪ੍ਰਦੂਸ਼ਣ ਕਰਦੀ ਸੁਣਾਈ ਦਿੰਦੀ ਹੈ।  ਜੇ ਮੇਰੇ ਪਿੰਡਾਂ ਦੇ ਤਰੱਕੀ ਕੀਤੀ ਹੈ ਤਾਂ ਪਿੰਡ ਦੀ ਫਿਰਨੀ ’ਤੇ ਬਣੇ ਠੇਕੇ ਨੇ ਜ਼ਰੂਰ ਤਰੱਕੀ ਕਰ ਲਈ ਹੈ। ਜਿਥੇ ਹੁਣ ਠੰਢੀ ਬੀਅਰ ਨਾਲ ਹੀ ਹਾਤਾ ਜਿਥੇ ਆਂਡਾ-ਮੀਟ ਹਰ ਵਕਤ ਤਿਆਰ ਮਿਲਦਾ ਹੈ। ਪਿੰਡ ਦੀ ਹਰ ਦੁਕਾਨ ’ਤੇ ਹੁਣ ਜਰਦਾ, ਬੀੜੀ-ਸਿਗਰਟ, ਤੰਬਾਕੂ ਆਦਿ ਨਸ਼ੇ ਜ਼ਰੂਰ ਮਿਲਣ ਲੱਗ ਪਏ ਹਨ। ਸਾਰੇ ਹੀ ਪਿੰਡਾਂ ਵਿਚ ਮੈਡੀਕਲ ਸਟੋਰ ਖੁੱਲ੍ਹ ਗਏ ਹਨ ਜਿਥੇ ਦਵਾਈਆਂ ਘੱਟ ਤੇ ਨਸ਼ੇ ਵੱਧ ਵਿਕ ਰਹੇ ਹਨ ਜਿਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਦੀ ਜਵਾਨੀ ਨੂੰ ਮਿੱਟੀ ਵਿਚ ਰੋਲ ਕੇ ਰੱਖ ਦਿੱਤਾ ਹੈ। ਇਨ੍ਹਾਂ ਨਸ਼ਿਆਂ ਦਾ ਕਾਰਨ ਹੀ ਪੰਜਾਬ ਵਿਚ ਵੱਧ ਰਹੀ ਬੇਰੁਜ਼ਗਾਰੀ ਹੈ। ਹੁਣ ਪਿੰਡਾਂ ਦੇ ਲੋਕ ਬਿਜਲੀ ਦੇ ਦਰਸ਼ਨ ਕਰਨ ਨੂੰ ਵੀ ਤਰਸਦੇ ਹਨ। ਇਸ ਕਰਕੇ ਪਿੰਡ ਮੈਨੂੰ ਪਿਛਲ ਖੁਰੀ ਮੁੜਦੇ ਨਜ਼ਰ ਆ ਰਹੇ ਹਨ।

– ਜਸਕਰਨ ਲੰਡੇ


Comments Off on ਪਿਛਲ ਖੁਰੀ ਕਿਉਂ ਮੁੜਨ ਲੱਗ ਪਏ ਸਾਡੇ ਪਿੰਡ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.