ਦੇਸ਼ ਭਗਤ ਹੋਣ ਲਈ 27ਵੇਂ ਤੇ 28ਵੇਂ ਸਵਾਲ ਦੇ ਜਵਾਬ ਵਿੱਚ ਨਾਂਹ ਕਹਿਣੀ ਜ਼ਰੂਰੀ! !    ਮਹਾਂਪੁਰਖਾਂ ਦੇ ਉਪਦੇਸ਼ਾਂ ਨੂੰ ਵਿਸਾਰਦੀਆਂ ਸਰਕਾਰਾਂ !    ਸਾਹਿਰ ਲੁਧਿਆਣਵੀ: ਫ਼ਨ ਅਤੇ ਸ਼ਖ਼ਸੀਅਤ !    ਕਸ਼ਮੀਰ ਵਾਦੀ ’ਚ ਰੇਲ ਸੇਵਾ ਸ਼ੁਰੂ !    ਐੱਮਕਿਊਐੱਮ ਆਗੂ ਅਲਤਾਫ਼ ਨੇ ਮੋਦੀ ਤੋਂ ਭਾਰਤ ’ਚ ਪਨਾਹ ਮੰਗੀ !    ਪੀਐੱਮਸੀ ਘੁਟਾਲਾ: ਆਰਥਿਕ ਅਪਰਾਧ ਸ਼ਾਖਾ ਵੱਲੋਂ ਰਣਜੀਤ ਸਿੰਘ ਦੇ ਫਲੈਟ ਦੀ ਤਲਾਸ਼ੀ !    ਐੱਨਡੀਏ ਭਾਈਵਾਲਾਂ ਨੇ ਬਿਹਤਰ ਸਹਿਯੋਗ ’ਤੇ ਦਿੱਤਾ ਜ਼ੋਰ !    ਭਾਰਤੀ ਡਾਕ ਵੱਲੋਂ ਮਹਾਤਮਾ ਗਾਂਧੀ ਨੂੰ ਸਮਰਪਿਤ ‘ਯੰਗ ਇੰਡੀਆ’ ਦਾ ਮੁੱਖ ਪੰਨਾ ਰਿਲੀਜ਼ !    ਅਮਰੀਕਾ ਅਤੇ ਦੱਖਣੀ ਕੋਰੀਆ ਨੇ ਜੰਗੀ ਮਸ਼ਕਾਂ ਮੁਲਤਵੀ ਕੀਤੀਆਂ !    ਕਾਰ ਥੱਲੇ ਆ ਕੇ ਇੱਕ ਪਰਿਵਾਰ ਦੇ ਚਾਰ ਜੀਅ ਹਲਾਕ !    

ਪਾਣੀ ਦੀ ਸੰਭਾਲ ਇੰਜ ਵੀ…

Posted On September - 3 - 2010

ਡਾ. ਰਿਪੁਦਮਨ ਸਿੰਘ

ਸੋਕਾ ਕੇਵਲ ਸਰਕਾਰ ਦੇ ਨਜਿੱਠਣ ਦਾ ਕੰਮ ਨਹੀਂ ਸਾਡੇ ਸਾਰਿਆਂ ਲਈ ਵੰਗਾਰ ਹੈ। ਕਿਸੇ ਨੇ ਪਾਣੀ ਨੂੰ ਕਾਰਖ਼ਾਨੇ ਵਿਚ ਤਾਂ ਬਣਾ ਨਹੀਂ ਲੈਣਾ, ਇਹ ਕੁਦਰਤ ਦੀ ਦੇਣ ਹੈ। ਸਰਕਾਰ ਵੀ ਕਿਥੋਂ ਪੈਦਾ ਕਰੇ ਕਿਹੜਾ ਉਸ ਪਾਸ ਅਲਾਦੀਨੀ ਚਿਰਾਗ ਹੈ ਜਿਹੜਾ ਘਸਾਏ ਤੇ ਪਾਣੀ ਦੇ ਫਵਾਰੇ ਚਲਾ ਦੇਵੇ। ਕੁਦਰਤ ਨਾਲ ਦੋਸਤੀ ਹੀ ਕੰਮ ਆ ਸਕੇਗੀ, ਅਸਾਂ ਨੇ ਤਾਂ ਉਪਰਾਲਾ ਹੀ ਕਰਨਾ ਹੈ।
ਗੱਲ ਕਰੀਏ ਧਰਤੀ ਦਾ ਪਾਣੀ ਗਿਆ ਕਿੱਥੇ? ਧਰਤੀ ਦੇ ਪਾਣੀ ਨੂੰ ਕੋਈ ਬਾਹਰਲਾ ਗ੍ਰਹਿ ਤਾਂ ਚੋਰੀ ਨਹੀਂ ਕਰ ਲੈ ਗਿਆ। ਹਰ ਵਿਗਿਆਨੀ ਆਪਣੀ ਆਪਣੀ ਰਾਏ ਦਸ ਕੇ ਭਰਮਾ ਰਿਹਾ ਹੈ। ਕੋਈ ਕਹਿ ਰਿਹਾ ਹੈ ਕਿ ਪਾਣੀ ਦੀ ਦੁਰਵਰਤੋਂ ਹੋ ਰਹੀ ਹੈ ਕੋਈ ਦੱਸ ਰਿਹਾ ਹੈ ਪਾਣੀ ਦੀ ਵਰਤੋਂ ਵੱਧ ਗਈ ਹੈ ਇਸ ਲਈ ਪਾਣੀ ਦੀ ਘਾਟ ਹੋ ਗਈ ਹੈ, ਗੱਲਾਂ ਤਾਂ ਸਹੀ ਲੱਗਦੀਆਂ ਹਨ। ਇਹ ਵੀ ਗੱਲ ਮੰਨੀ ਜਾ ਸਕਦੀ ਹੈ ਕਿ ਧਰਤੀ ਪਾਣੀ ਦੀ ਮਿਕਦਾਰ ਹਿੱਲੀ ਨਹੀ ਕਿਤੇ। ਧਰਤੀ ਵਿੱਚੋਂ ਪਾਣੀ ਕੱਢਿਆ ਅਤੇ ਪਾਣੀ ਧਰਤੀ ’ਤੇ ਵਰਤਿਆ ਜਾ ਰਿਹਾ ਹੈ। ਫਿਰ ਬਈ ਕੋਈ ਇਹ ਤਾਂ ਦੱਸੇ ਪਾਣੀ ਗਿਆ ਕਿੱਥੇ ਕਿਉਂ ਹੋ ਗਈ ਘਾਟ? ਕਿਤੇ ਨਹੀ ਗਿਆ ਪਾਣੀ ਮਿੱਤਰੋ, ਸੱਚ ਹੈ ਧਰਤੀ ਵੀ ਇਥੇ ਹੀ ਹੈ ਤੇ ਪਾਣੀ ਵੀ। ਕਿਤੇ ਗੜਬੜ ਹੋ ਗਈ ਹੈ ਤਾਂ ਇੰਨ੍ਹਾਂ ਦੀ ਵਰਤੋਂ ਵਿਚ ਤੇ ਸੰਤੁਲਨ ਰੱਖਣ ਵਿੱਚ। ਇਸੇ ’ਤੇ ਜ਼ਰਾ ਕੁ ਸੋਚ ਵਿਚਾਰ ਕਰੋ। ਭਾਰਤੀਆਂ ਨੇ ਅਤੇ ਸਾਰੇ ਭਾਰਤੀਆਂ ਵਿਚੋਂ ਪੰਜਾਬੀਆਂ ਨੇ ਆਪਣੀ ਅਮੀਰੀ ਦਾ ਦਿਖਾਵਾ ਅਤੇ ਠੁੱਕ ਬਣਾਈ ਰੱਖਣ ਨੇ ਪਾਣੀ ਦੀ ਅਤੇ ਧਰਤੀ ਦੀ ਦੁਰਵਰਤੋਂ ਕੀਤੀ। ਧਰਤੀ ਨੂੰ ਮਾਂ ਕਹਿਣ ਵਾਲਾ ਪੰਜਾਬੀ ਆਪ ਹੀ ਮਾਂ ਤੋਂ ਦੂਰ ਹੁੰਦਾ ਗਿਆ ਤੇ ਇੰਨਾ ਦੂਰ ਹੋ ਗਿਆ ਕਿ ਸਾਰ ਵੀ ਲੈਣੀ ਭੁੱਲ ਗਿਆ ਉਸ ਦੀ। ਪਹਿਲੇ ਸਮਿਆਂ ਵਿਚ ਖੇਤੀ ਰਿਵਾਇਤੀ ਕੀਤੀ ਜਾਂਦੀ ਸੀ। ਖੇਤੀ ਨੂੰ ਵਪਾਰ ਨਹੀਂ, ਕਿਰਤ ਮੰਨਿਆ ਜਾਂਦਾ ਸੀ। ਵਿਦਿਆ ਦੇ ਫੈਲਾਅ ਤੇ ਮਸ਼ੀਨੀਕਰਨ ਵਾਤਾਵਰਣ ਨੇ ਵਾਧਾ ਤਾਂ ਕੀਤਾ ਪਰ ਰੋਲ ਵੀ ਦਿੱਤਾ ਸਾਡਾ ਸਭ ਕੁਝ।
ਵਿਕ ਚੁੱਕੀ ਜ਼ਮੀਨ ’ਤੇ ਪੱਕੇ ਪਥਰੀਲੇ ਮਕਾਨ ਬਣਾ ਦਿੱਤੇ ਗਏ, ਸਾਰਾ ਕੁਝ ਪੱਕਾ, ਸੰਗਮਰਮਰ ਦੇ ਫਰਸ਼। ਇਕ ਇੰਚ ਵੀ ਕੱਚੀ ਮਿੱਟੀ ਕਿਤੇ ਹੁਣ ਵਿਖਾਈ ਹੀ ਨਹੀ ਦਿੰਦੀ ਘਰਾਂ ਵਿਚ। ਨਵਾਂ ਜ਼ਮਾਨਾ ਮਿੱਟੀ ਨੂੰ ਗੰਦਗੀ ਦੱਸਦਾ ਹੈ ਜਿਉਂ ਸਵੇਰ ਤੋਂ ਸੌਣ ਤੱਕ ਸੈਂਕੜੇ ਲੀਟਰ ਪਾਣੀ ਬਰਬਾਦ ਕਰਦਾ ਹੈ ਘਰ ਦੇ ਵਿਹੜੇ ਅਤੇ ਸੜਕਾਂ ਧੋਣ ਵਿਚ। ਜੇਕਰ ਇਕ ਘਰ ਵਿਚ ਫਰਸ਼ ਧੋਣ ਵਿਚ 20 ਲੀਟਰ (ਘੱਟੋ-ਘੱਟ) ਪਾਣੀ ਦੀ ਵਰਤੋਂ ਹੁੰਦੀ ਹੋਵੇ ਤਾਂ ਇਕੱਲੇ ਪੰਜਾਬ ਵਿਚ ਦਸ ਕਰੋੜ ਲਿਟਰ ਪਾਣੀ ਬਰਬਾਦ ਕਰ ਦਿੱਤਾ ਜਾਂਦਾ ਹੈ ਸਿਰਫ਼ ਘਰ ਦੇ ਫਰਸ਼ ਧੋਣ ਵਿਚ। ਕੋਈ ਘੱਟ ਅੰਕੜੇ ਨਹੀਂ ਹਨ ਇਹ ਤਾਂ ਇਕ ਅੰਦਾਜ਼ਾ ਹੈ ਜੇ ਪੰਜਾਬ ਵਿਚ ਪੰਜਾਹ ਲੱਖ ਘਰ ਬਾਰ ਹਨ ਤਾਂ ਵਿਚਾਰ ਕਰ ਵੇਖੋ ਕਿ ਸਾਰਾ ਕੁਝ ਤਾਂ ਪੱਕਾ ਹੈ। 2 ਲਿਟਰ ਪਾਣੀ ਨਾਲ ਗਿੱਲਾ ਕਰ ਪੋਚਾ ਲਗਾਇਆ ਜਾ ਸਕਦਾ ਹੈ। ਜਿਹੜੇ ਆਪਣੇ ਘਰਾਂ ਦੀ ਚਾਰਦੀਵਾਰੀ  ਧੋਂਦੇ ਰਹਿੰਦੇ ਹਨ ਉਨ੍ਹਾਂ ਦਾ ਕੋਈ ਹਿਸਾਬ ਨਹੀਂ ਕਿੰਨਾ ਪਾਣੀ ਬਰਬਾਦ ਕਰਦੇ ਹਨ।
ਸ਼ਹਿਰੀ ਲੋਕ ਤਾਂ ਪਾਣੀ ਦੀ ਇੰਨੀ ਦੁਰਵਰਤੋਂ ਕਰਦੇ ਹਨ ਕਿ ਕਿਸੇ ਵੀ ਰੂਪ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਇਕ ਉਦਾਹਰਣ ਵਜੋਂ ਘਰ ਵਿਚ ਫਲੱਸ਼ ਹੀ ਲੈ ਲਵੋ। ਮੰਨ ਲਵੋ ਘਰ ਵਿਚ ਚਾਰ ਬੰਦੇ ਹਨ ਜੋ ਦਿਨ ਵਿਚ ਇਕ ਵਾਰ ਪਖਾਨੇ ਤਾਂ ਜਾਂਦੇ ਹੀ ਹਨ ਤਾਂ ਘੱਟੋ ਘੱਟ 60 ਲੀਟਰ ਸ਼ੁੱਧ ਪੀਣ ਵਾਲਾ ਪਾਣੀ  ਖਰਾਬ ਕਰ ਦਿੰਦੇ ਹਨ। ਹੋਰ ਵੀ ਕਿ ਦਿਨ ਵਿਚ ਚਾਰੇ ਜਣੇ ਛੇ ਜਾਂ ਅੱਠ ਵਾਰ ਫਲੱਸ਼ ਵਿਚ ਪਿਸ਼ਾਬ ਕਰਨ ਵੀ ਜਾਂਦੇ ਹੋਣਗੇ ਤੇ ਓਨੀ ਵਾਰ ਸਿਸਟਨ ਵੀ ਛੱਡਦੇ ਹੋਣਗੇ ਤਾਂ 80 ਲਿਟਰ ਪਾਣੀ ਪਿਸ਼ਾਬ ਨਾਲ ਹੀ ਬਹਾ ਦਿੰਦੇ ਹਨ। ਅਜਿਹੇ ਕੰਮ ਲਈ ਆਰ.ਓ. ਦਾ ਵੇਸਟ ਪਾਣੀ ਹੀ ਵਰਤ ਲੈਣਾ  ਅਕਲਮੰਦੀ ਹੋਵੇਗੀ।
ਇਕ ਸਰਵੇਖਣ ਮੁਤਾਬਿਕ ਪੰਜਾਬ ਦੇ ਹਰ ਇਕ ਘਰ ਵਿਚ ਏ.ਸੀ. ਤਾਂ ਹੈ ਹੀ, ਅੱਜ ਹਰ ਕੁੜੀ ਦੀ ਰੋਕ ਤੇ ਮੰਗਣੇ ’ਤੇ ਏ.ਸੀ. ਦੇਣ ਦਾ ਰਿਵਾਜ ਬਣਿਆ ਹੋਇਆ ਹੈ। ਪਿੰਡ ਵੀ ਪਿੱਛੇ ਨਹੀ, ਸ਼ਹਿਰਾਂ ਵਾਂਗ ਦੋ ਦੋ ਏ.ਸੀ. ਹੋ ਗਏ ਹਨ ਹਰ ਘਰ ਵਿਚ। ਅਮੀਰ-ਗਰੀਬ ਦਾ ਕੋਈ ਸਵਾਲ ਹੀ ਨਹੀਂ ਹੈ, ਨਾਲੇ ਗਰੀਬਾਂ ਨੂੰ ਤਾਂ ਬਿਜਲੀ ਮੁਫ਼ਤ ਮਿਲਦੀ ਹੈ ਫਿਰ ਕੀ ਫਿਕਰ ਹੈ ਖਰਚੇ ਦਾ। ਇਕ ਟਨ ਦਾ ਏ.ਸੀ. ਇਕ ਦਿਨ ਵਿਚ ਅੰਦਾਜ਼ਨ ਹਵਾ ਦੀ ਨਮੀ ਨੂੰ 12 ਕੁ ਲਿਟਰ ਪਾਣੀ ਵਿਚ ਤਬਦੀਲ ਕਰ ਦਿੰਦਾ ਹੈ। ਅਸੀਂ ਸਾਰੇ ਇਹ ਪਾਣੀ ਨਾਲੀਆਂ ਵਿਚ ਜਾਂ ਸੀਵਰ ਵਿਚ ਹੜ੍ਹਾ ਦਿੰਦੇ ਹਾਂ। ਜੇ ਸਾਰੇ ਮੇਰੇ ਅਤੇ ਮੇਰੇ ਮਿੱਤਰਾਂ ਵਾਂਗ ਇਸ ਪਾਣੀ ਨੂੰ ਘਰ ਧੋਣ ਜਾਂ ਘਰ ਦੇ ਬੂਟਿਆਂ ਨੂੰ ਜਾਂ ਫਿਰ ਸੜਕ ਕਿਨਾਰੇ ਲੱਗੇ ਬੂਟਿਆਂ ਲਈ ਇਸ ਪਾਣੀ ਨੂੰ ਵਰਤ ਲੈਣ ਤਾਂ ਲਗਭਗ ਹਰ ਰੋਜ਼ ਸਵਾ ਕਰੋੜ ਲਿਟਰ ਪਾਣੀ ਦਾ ਸਹੀ ਉਪਯੋਗ ਹੋ ਜਾਵੇਗਾ। ਸਵਾ ਕਰੋੜ ਲਿਟਰ ਘੱਟ ਨਹੀਂ ਹੁੰਦਾ ਜੇ ਇਕੱਠਾ ਡੋਲ ਦਿੱਤਾ ਜਾਵੇ ਤਾਂ ਹੜ੍ਹ ਆ ਜਾਵੇ। ਪਰ ਅਸੀਂ ਕਰਦੇ ਇੰਜ ਨਹੀਂ, ਇਕ ਵਾਰ ਕਰਕੇ ਤਾਂ ਵੇਖ ਲਿਆ ਜਾਵੇ ਕੀ ਹਰਜ਼ ਹੈ। ਇਕ ਹਫਤਾ ਹੀ ਕਰਕੇ ਵੇਖੋ ਪਤਾ ਲੱਗ ਜਾਵੇਗਾ ਸਚਾਈ ਦਾ। ਇਸ ’ਤੇ ਵੀ ਗੌਰ ਕਰੋ, ਅਸੀ ਪਾਣੀ ਤਾਂ ਇੱਕ ਗਿਲਾਸ ਪੀਣਾ ਹੁੰਦਾ ਹੈ, ਇਕ ਗਿਲਾਸ ਪਾਣੀ ਬਰਬਾਦ ਕਰ ਦਿੰਦੇ ਹਾਂ ਗਿਲਾਸ ਧੌਣ ਵਿਚ। ਕਿਹੜੀ ਅਕਲਮੰਦੀ ਹੈ ਬਈ ਇਸ ਵਿਚ, ਹੋਰ ਤਾਂ ਹੋਰ ਡੋਲ੍ਹਿਆ ਪਾਣੀ ਨਾਲੀ ਵਿਚ। ਜੇ ਇਸੇ ਪਾਣੀ ਨੂੰ ਦਫ਼ਤਰਾਂ ਵਿਚ ਲੱਗੇ ਗਮਲਿਆਂ ਵਿਚ ਜਾਂ ਲਾਨ ਵਿਚ ਵਰਤ ਲਿਆ ਜਾਵੇ ਤਾਂ ਹਰ ਬੂਟਾ ਖੁਸ਼ ਤੇ ਹਰਿਆਵਲ ਹੀ ਹਰਿਆਵਲ, ਅਤੇ ਮਣਾਂ  ਮੂੰਹ ਪਾਣੀ ਦੀ ਬੱਚਤ।
ਮੈ ਕਈ ਥਾਵਾਂ ’ਤੇ ਫਸਲਾਂ ਜਿਵੇਂ ਪਿਆਜ ਆਦਿ ਨੂੰ ਚੂਲੀ ਨਾਲ ਜਾਂ ਡੱਬਿਆਂ ਨਾਲ ਪਾਣੀ ਲਾਉਂਦੇ ਵੇਖਿਆ ਹੈ (ਮਹਾਂਰਾਸ਼ਟਰ ਵਿਚ) , ਪੰਜਾਬੀ ਤਾਂ ਅਮੀਰ ਹਨ, ਸਪਰਿੰਕਲ ਸਿਸਟਮ ਲਾ ਸਕਦੇ ਹਨ, ਇਸ ਨਾਲ ਪਾਣੀ ਵੇਸਟ ਨਹੀ ਹੋਵੇਗਾ। ਝੋਨਾ ਖਾਲਾਂ ਵਿਚ  ਲਗਾਉਣ ਦੀ ਤਰਕੀਬ ਵਰਤੀ ਜਾਵੇ ਘੱਟ ਪਾਣੀ ਵਿਚ ਚੰਗੀ ਫਸਲ ਤੇ ਖੇਤੀ ਹੋਵੇਗੀ। ਉਂਜ ਵੀ ਜੇ ਕੁਝ ਸਾਲਾਂ ਲਈ ਝੋਨਾ ਛੱਡ ਹੋਰ ਫਸਲਾਂ ਵਲ ਧਿਆਨ ਦੇ ਦਿੱਤਾ ਜਾਵੇ ਤਾਂ ਧਰਤੀ ਵਿਚ ਪਾਣੀ ਦਾ ਪੱਧਰ ਆਪੇ ਵੱਧ ਜਾਵੇਗਾ। ਪਿਸ਼ਾਬ ਘਰਾਂ ਵਿਚ ਆਟੋ ਫਲੱਸ਼ ਦੀ ਥਾਂ ਲੋੜ ’ਤੇ ਵਰਤੋਂ ਕੀਤੀ ਜਾਵੇ। ਨਹਾਉਣ ਧੌਣ ਲਈ ਬਾਥ ਟੱਬ ਦੀ ਵਰਤੋਂ ਨਾ ਕਰੋ, 300 ਲਿਟਰ ਪਾਣੀ ਲੱਗਦਾ ਹੈ ਇਕ ਵਾਰ ਵਿਚ। ਖੁੱਲ੍ਹੀ ਟੂਟੀ ਛੱਡ ਕੇ ਨਾ ਨਹਾਓ ਅਤੇ ਦਿਨ ਵਿਚ ਬਹੁਤੀ ਵਾਰ ਨਾ ਨਹਾਇਆ ਜਾਵੇ, ਨਹਾਉਣਾ ਇਕੋ ਵਾਰ ਹੀ ਕਾਫੀ ਹੁੰਦਾ ਹੈ।
ਘਰਾਂ, ਕੋਠੀਆਂ ਦੇ ਵਹਿੜੇ ਕੱਚੇ ਰੱਖੇ ਜਾਣ, ਗਾਰੇ ਤੋਂ ਪਰਹੇਜ਼ ਹੈ ਤਾਂ ਕੇਵਲ ਲੰਘਣ ਦਾ ਰਸਤਾ ਪੱਕਾ ਕੀਤਾ ਜਾ ਸਕਦਾ ਹੈ। ਇਸ ਨਾਲ ਨਾਲੇ ਲਾਨ ਤਿਆਰ ਹੋ ਜਾਵੇਗਾ ਤੇ ਮੀਂਹ ਦਾ ਪਾਣੀ ਧਰਤੀ ਵਿਚ ਸਮਾ ਜਾਵੇਗਾ। ਸ਼ਹਿਰਾਂ ਵਿਚ ਸੜਕਾਂ ਦੇ ਕਿਨਾਰੇ ਕੱਚੇ ਰੱਖੇ ਜਾਣ ਜਿਥੇ ਫੁੱਲਾਂ ਤੇ ਫਲਾਂ ਦੇ ਬੂਟੇ ਲਾਏ ਜਾ ਸਕਦੇ ਹਨ। ਪਿੰਡਾ ਸ਼ਹਿਰਾਂ ਵਿਚ ਟੋਭੇ ਤਿਆਰ ਕੀਤੇ ਜਾਣ। ਤਿਆਰ ਕਰਨਾ ਹੀ ਕਾਫੀ ਨਹੀ ਸਗੋਂ ਸੰਭਾਲੇ ਵੀ ਜਾਣ ਤਾਂ ਕਿ ਲੋੜ ਪੈਣ ਤੇ ਟੋਭਿਆਂ ਦਾ ਪਾਣੀ ਵਰਤਿਆ ਜਾ ਸਕੇ। ਪਾਣੀ ਦੀ ਰੀ-ਸਾਈਕਲਿੰਗ ਵੱਲ ਧਿਆਨ ਕਰਨ ਦੀ ਜ਼ਰੂਰਤ ਹੋ ਗਈ ਹੈ। ਸਕੂਲਾਂ ਵਿਚ ਬੱਚਿਆਂ ਨੂੰ ਗਿਆਨ ਦਿੱਤਾ ਜਾਵੇ, ਕੰਮ ਕਰਨ ਦੀ ਆਦਤ ਪਾਈ ਜਾਵੇ। ਕਿਹਾ ਜਾਂਦਾ ਹੈ ਬੱਚੇ ਭਵਿੱਖ ਹੁੰਦੇ ਹਨ ਜੇ ਇਹੋ ਸੰਭਲ ਗਏ ਤਾਂ ਘੱਟੋ ਘੱਟ ਭਵਿੱਖ ਹੀ ਸੁਧਰ ਜਾਵੇਗਾ। ਪਾਣੀ ਦੀ ਵਰਤੋਂ ਹਰ ਕੋਈ ਸੋਚ ਵਿਚਾਰ ਕੇ ਕਰੇ, ਡੂੰਘੇ ਬੋਰਾਂ ਦੀ ਥਾਂ ਮੁੜ ਹਲਟ ਖੂਹਾਂ ’ਤੇ ਆ ਜਾਓ ਕੁਝ ਘਟਣ ਨਹੀ ਲੱਗਾ, ਅਜਿਹੇ ਦਰਖਤ ਨਾ ਲਗਾਏ ਜਾਣ ਜਿਨ੍ਹਾਂ ਦੀਆਂ ਜੜ੍ਹਾਂ ਧਰਤੀ ਵਿਚ ਡੂੰਘੀਆਂ ਜਾਂਦੀਆਂ ਹਨ, ਉਹ ਪਾਣੀ ਜ਼ਿਆਦਾ ਖਿੱਚਦੇ ਹਨ। ਜਿਥੇ ਪਾਣੀ ਖਲੋਂਦਾ ਹੈ ਉਥੇ ਬੋਰ ਕਰ ਪਾਣੀ ਨੂੰ ਧਰਤੀ ਵਿਚ ਜਾਣ ਦਾ ਰਾਹ ਬਣਾਓ ਤਾਂ ਸ੍ਰਿਸ਼ਟੀ ਵੀ ਆਪਣੇ ਨਾਲ ਹੋ ਜਾਵੇਗੀ। ਜਦੋਂ ਸ੍ਰਿਸ਼ਟੀ ਆਪਣੀ ਦਯਾ ਦ੍ਰਿਸ਼ਟੀ ਦੀ ਬਰਸਾਤ ਕਰੇ ਤਾਂ ਰੱਬ ਦਾ ਧੰਨਵਾਦ ਵੀ ਜ਼ਰੂਰ ਕਰੋ ਆਉ ਇੰਜ ਸੋਕੇ ਨਾਲ ਨਜਿੱਠੀਏ।


Comments Off on ਪਾਣੀ ਦੀ ਸੰਭਾਲ ਇੰਜ ਵੀ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.