ਅੱਜ ਤੋਂ ਚੱਲਣਗੀਆਂ 200 ਵਿਸ਼ੇਸ਼ ਰੇਲਗੱਡੀਆਂ !    ਸਨਅਤਕਾਰਾਂ ਨੂੰ ਭਲਕੇ ਸੰਬੋਧਨ ਕਰਨਗੇ ਮੋਦੀ !    ਗ਼ੈਰ-ਜ਼ਰੂਰੀ ਉਡਾਣਾਂ ਨਾ ਚਲਾਉਣ ਦੀ ਚਿਤਾਵਨੀ !    ਪੰਜਾਬ ਵੱਲੋਂ ਲੌਕਡਾਊਨ 5.0 ਸਬੰਧੀ ਦਿਸ਼ਾ ਨਿਰਦੇਸ਼ ਜਾਰੀ !    ਪਾਕਿ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਦੇਸ਼ ਛੱਡਣ ਦੇ ਹੁਕਮ !    ਬੀਜ ਘੁਟਾਲਾ: ਨਿੱਜੀ ਫਰਮ ਦਾ ਮਾਲਕ ਗ੍ਰਿਫ਼ਤਾਰ, ਸਟੋਰ ਸੀਲ !    ਦਿੱਲੀ ਪੁਲੀਸ ਦੇ ਦੋ ਏਐੱਸਆਈ ਦੀ ਕਰੋਨਾ ਕਾਰਨ ਮੌਤ !    ਸ਼ਰਾਬ ਕਾਰੋਬਾਰੀ ਦੇ ਘਰ ’ਤੇ ਫਾਇਰਿੰਗ !    ਪੰਜਾਬ ’ਚ ਕਰੋਨਾ ਦੇ 31 ਨਵੇਂ ਕੇਸ ਆਏ ਸਾਹਮਣੇ !    ਯੂਪੀ ’ਚ ਮਗਨਰੇਗਾ ਤਹਿਤ ਨਵਿਆਈਆਂ ਜਾਣਗੀਆਂ 19 ਨਦੀਆਂ !    

ਨਸ਼ੱਈਆਂ ਦੀਆਂ ਪਤਨੀਆਂ ਦੁਖੀ ਸਾਰੀਆਂ…

Posted On September - 3 - 2010

ਨਸ਼ੇ ਵਾਲਿਆਂ ਨੂੰ ਔਕੜਾਂ ਬਥੇਰੀਆਂ।
ਜ਼ਿੰਦਗੀ ’ਚ ਖਾਂਦੇ ਨੇ ਘੁੰਮਣ-ਘੇਰੀਆਂ।
ਭਾਂਤ-ਭਾਂਤ ਦੀਆਂ ਲੱਗਣ ਬਿਮਾਰੀਆਂ।
ਨਸ਼ੱਈਆਂ ਦੀਆਂ ਪਤਨੀਆਂ ਦੁਖੀ ਸਾਰੀਆਂ…

ਇਕ ਦੱਸੇ ਸਾਡਾ ਨਿੱਤ ਚੱਬੇ ਜ਼ਰਦਾ।
ਥੁੱਕ-ਥੁੱਕ ਸਾਰਾ ਘਰ ਗਿੱਲਾ ਕਰਦਾ।
ਪਿਚਕ ਪਿਚਕ ਮਾਰੇ ਪਿਚਕਾਰੀਆਂ।
ਨਸ਼ੱਈਆਂ ਦੀਆਂ ਪਤਨੀਆਂ ਦੁਖੀ ਸਾਰੀਆਂ…

ਇਕ ਕਹਿੰਦੀ ਮੇਰਾ ਸ਼ੌਂਕੀ ਨਸਵਾਰ ਦਾ।
ਬੋਕ ਵਾਂਗੂੰ ਓਹਦੇ ’ਚੋਂ ਮੁਸ਼ਕ ਮਾਰਦਾ।
ਕੋਲ ਬੈਠਿਆਂ ਨੂੰ ਚੜ੍ਹਨ ਗੁਬਾਰੀਆਂ।
ਨਸ਼ੱਈਆਂ ਦੀਆਂ ਪਤਨੀਆਂ ਦੁਖੀ ਸਾਰੀਆਂ…

ਇਕ ਆਖੇ ਮੇਰਾ ਡੋਡਿਆਂ ਦਾ ਅਮਲੀ।
ਔਤ ਦੇ ਨੇ ਮੈਨੂੰ ਵੀ ਬਣਾਤਾ ਕਮਲੀ।
ਮੈਂ ਤਾਂ ਓਹਨੇ ਜਮਾਂ ਮਨ ’ਚੋਂ ਵਿਸਾਰੀਆਂ।
ਨਸ਼ੱਈਆਂ ਦੀਆਂ ਪਤਨੀਆਂ ਦੁਖੀ ਸਾਰੀਆਂ…

ਇਕ ਕਹਿੰਦੀ ਸਾਡਾ ਭੌਂਦੂ ਖਾਂਦਾ ਭੁੱਕੀ ਨੀਂ।
ਓਹਦੇ ਫਿਕਰਾਂ ’ਚ ਮੈਂ ਤਾਂ ਪਈਆਂ ਸੁੱਕੀ ਨੀਂ।
ਘਰ ਵਿਚ ਤਿੰਨ ਕੁੜੀਆਂ ਕੁਆਰੀਆਂ।
ਨਸ਼ੱਈਆਂ ਦੀਆਂ ਪਤਨੀਆਂ ਦੁਖੀ ਸਾਰੀਆਂ…

ਸਾਡਾ ਚੋਰੀ ਬੀੜੀਆਂ ਦੇ ਸੂਟੇ ਮਾਰਦਾ।
ਫੂਕ ਦਿੱਤਾ ਰਾਤੀਂ ਪਲੰਗ ਨਮਾਰ ਦਾ।
ਅੱਗ ਮੈਂ ਬੁਝਾਈ ਕਰ ਹੁਸ਼ਿਆਰੀਆਂ।
ਨਸ਼ੱਈਆਂ ਦੀਆਂ ਪਤਨੀਆਂ ਦੁਖੀ ਸਾਰੀਆਂ…

ਫੀਮ ਤੋਂ ਬਗੈਰ ਧਰਤੀ ’ਤੇ ਲਿਟਦਾ।
ਜਿਹੜੀ ਚੀਜ਼ ਹੱਥ ਲੱਗੇ ਹੱਟੀ ਸਿੱਟਦਾ।
ਜਾਂਦੀਆਂ ਨਾ ਸਿਰੋਂ ਰਕਮਾਂ ਉਤਾਰੀਆਂ।
ਨਸ਼ੱਈਆਂ ਦੀਆਂ ਪਤਨੀਆਂ ਦੁਖੀ ਸਾਰੀਆਂ…

ਇਕ ਕਹਿੰਦੀ ਦਾਰੂ ਪੀ ਕੇ ਖੌਰੂ ਪੱਟਦਾ।
ਕਰਤੀ ਕੰਗਾਲ ਨਹੀਂ ਪੀਣੋ ਹਟਦਾ।
ਗਹਿਣੇ ਕਰਤੀਆਂ ਮਹਿਲ ਅਟਾਰੀਆਂ।
ਨਸ਼ੱਈਆਂ ਦੀਆਂ ਪਤਨੀਆਂ ਦੁਖੀ ਸਾਰੀਆਂ…

ਗੋਲੀਆਂ ਨੂੰ ਮੇਰਾ ਟਾਂਡੇ ਵਾਂਗ ਚਰ ਗਿਆ।
ਉਮਰ ਨਿਆਣੀ ਮੈਨੂੰ ਰੰਡੀ ਕਰ ਗਿਆ।
ਖੜ੍ਹ ਗਈਆਂ ਚੱਲਣੋਂ ਕਬੀਲਦਾਰੀਆਂ।
ਨਸ਼ੱਈਆਂ ਦੀਆਂ ਪਤਨੀਆਂ ਦੁਖੀ ਸਾਰੀਆਂ…

‘ਮੂੰਗੋ ਵਾਲਿਆ’ ਜੋ ਨਸ਼ਿਆਂ ਤੋਂ ਹਟਜੂ।
ਚੰਗਾ ਉਹੋ ਸੱਜਣਾ ਵਕਤ ਕੱਟਜੂ।
ਗੱਲਾਂ ਸੱਚੀਆਂ ਨੇ ‘ਸ਼ਫ਼ੀ’ ਨੇ ਉਚਾਰੀਆਂ।
ਨਸ਼ੱਈਆਂ ਦੀਆਂ ਪਤਨੀਆਂ ਦੁਖੀ ਸਾਰੀਆਂ।…

– ਸ਼ਫ਼ੀ ਮੁਹੰਮਦ ਮੂੰਗੋ


Comments Off on ਨਸ਼ੱਈਆਂ ਦੀਆਂ ਪਤਨੀਆਂ ਦੁਖੀ ਸਾਰੀਆਂ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.