ਕੈਨੇਡਾ ਚੋਣਾਂ ’ਚ ਫ਼ੈਸਲਾਕੁਨ ਹੋਣਗੇ ਪੰਜਾਬੀ ਵੋਟਰ !    ਡਿਊਟੀ ਦੌਰਾਨ ਦਵਾਈ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਨਹੀਂ ਮਿਲ ਸਕਣਗੇ ਸਰਕਾਰੀ ਡਾਕਟਰ !    ਧਨੇਰ ਦੀ ਸਜ਼ਾ ਮੁਆਫ਼ੀ ਦਾ ਮਾਮਲਾ ਮੁੜ ਮੁੱਖ ਮੰਤਰੀ ਦਰਬਾਰ ਪੁੱਜਾ !    ਕੈਪਟਨ ਸੰਧੂ ਦੇ ਦਾਅਵਿਆਂ ਦੀ ਅਕਾਲੀ ਦਲ ਨੇ ਖੋਲ੍ਹੀ ਪੋਲ !    ਆਰਫ਼ ਕਾ ਸੁਨ ਵਾਜਾ ਰੇ !    ਰਾਹੋਂ ਦਾ ‘ਦਿੱਲੀ ਦਰਵਾਜ਼ਾ’ !    ਗ਼ਦਰ ਲਹਿਰ ਨੂੰ ਸ਼ਬਦਾਂ ’ਚ ਪਰੋਣ ਵਾਲਾ ਗਿਆਨੀ ਕੇਸਰ ਸਿੰਘ !    ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟੀ ਦਾ ਕੰਧ ਚਿੱਤਰ !    ਸ੍ਰੀ ਭੈਣੀ ਸਾਹਿਬ ਦਾ ਅੱਸੂ ਮੇਲਾ !    ਵੋਟਰ ਸੂਚੀ ’ਚ ਨਾਮ ਹੋਣ ਵਾਲਾ ਵਿਅਕਤੀ ਹੀ ਪਾ ਸਕੇਗਾ ਵੋਟ !    

ਇਕ ਸਦੀ ਦੇ ਵਿਕਾਸ ਦੀ ਗਾਥਾ ਹੈ ਰਾਮੂੰਵਾਲਾ ਪਰਿਵਾਰ

Posted On September - 3 - 2010

ਭਾਰਤ ਦੇ ਸਾਬਕਾ ਰੱਖਿਆ ਮੰਤਰੀ ਸਵਰਨ ਸਿੰਘ ਨਾਲ ਸ. ਮਹਿੰਦਰ ਸਿੰਘ

ਰਛਪਾਲ ਸਿੰਘ ਸੋਸਣ

ਮੋਗਾ ਦੇ ਪਿੰਡ ਰਾਮੰੂਵਾਲਾ ਕਲਾਂ ਦੇ ਸ. ਮੇਵਾ ਸਿੰਘ ਤੋਂ ਗੱਲ ਤੁਰਦੀ ਹੈ ਤੇ ਉਨ੍ਹਾਂ ਦੇ ਪੜਪੋਤੇ ਪੱਪੂ ਰਾਮੂੰਵਾਲਾ ’ਤੇ ਆ ਕੇ ਰੁਕਦੀ ਹੈ। ਇਹ ਪਰਿਵਾਰ ਆਪਣੇ ਆਪ ’ਚ 1900 ਤੋਂ 2010 ਤੱਕ ਦੇ 110 ਸਾਲਾਂ ਦੇ ਵਿਕਾਸ ਦੀ ਗਾਥਾ ਸਮੋਈ ਬੈਠਾ ਹੈ।
ਸੰਨ 1900 ਤੋਂ ਵਿਕਾਸ ਕਾਰਜਾਂ ਨੂੰ ਮੋਢਿਆਂ ’ਤੇ ਚੁੱਕਣ ਵਾਲੇ ਮੇਵਾ ਸਿੰਘ ਨੂੰ ਵਿਕਾਸ ਕਾਰਜਾਂ ਬਦਲੇ ਜਿੱਥੇ ਅੰਗਰੇਜ਼ੀ ਹਕੂਮਤ ਵਲੋਂ 1929 ’ਚ ਰੂਰਲ ਅੱਪਲਿਫਟਮੈਂਟ ਕਮੇਟੀ ਦੇ ਮੈਂਬਰ ਹੁੰਦਿਆਂ ਸਰਟੀਫਿਕੇਟ ਤੇ ਇਨਾਮ ਜਾਰੀ ਕੀਤੇ ਗਏ, ਉੱਥੇ ਉਨ੍ਹਾਂ ਵੱਲੋਂ 1927 ’ਚ ਫਜ਼ਲਦੀਨ ਨਾਂ ਦੇ ਵਿਅਕਤੀ ਤੋਂ ਫੜ੍ਹੇ ਗਏ ਅਸਲੇ ਦੇ ਕੇਸ ਨੂੰ ਹੱਲ ਕਰਨ ਕਰਕੇ 10 ਰੁਪਏ ਦਾ ਇਨਾਮ ਵੀ ਮਿਲਿਆ। ਇਸੇ ਤਰ੍ਹਾਂ ਉਨ੍ਹਾਂ ਵਲੋਂ ਗਲੀਆਂ ਨਾਲੀਆਂ ਪੱਕੀਆਂ ਕਰਵਾਉਣ ’ਤੇ 45 ਰੁਪਏ ਦਾ ਇਨਾਮ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵਲੋਂ ਦਿੱਤਾ ਗਿਆ। ਉਸ ਵੇਲੇ ਲੋਕਤਾਂਤਰਿਕ ਤੇ ਪੰਚਾਇਤੀ ਰਾਜ ਪ੍ਰਣਾਲੀ ਅਜੇ ਸ਼ੁਰੂ ਹੀ ਨਹੀਂ ਹੋਈ ਸੀ ਸਗੋਂ ਉਨ੍ਹਾਂ ਅੰਦਰ ਤਾਂ ਹਲਕੇ ਦਾ ਵਿਕਾਸ ਕਰਵਾਉਣ ਦਾ ਜਜ਼ਬਾ ਸੀ। ਕਾਲੀ ਘੋੜੀ ਦੀ ਸਵਾਰੀ ਕਰਨ ਵਾਲੇ ਸ. ਮੇਵਾ ਸਿੰਘ ਦੇ ਘਰ ਪਏ ਡਾਕੇ ਦੇ ਤਾਂ ਦੂਰ-ਦੂਰ ਤੱਕ ਕਿੱਸੇ ਸੁਣੇ ਜਾਂਦੇ ਸਨ। ਉਸ ਵੇਲੇ ਡਾਕੂ ਸਰਦੇ ਪੁੱਜਦੇ ਘਰਾਂ ਨੂੰ ਪਹਿਲਾਂ ਚੇਤਾਵਨੀ ਦੇ ਕੇ ਡਾਕਾ ਮਾਰਦੇ ਸਨ। ਨੇੜਲੇ ਲਿਹਾਜ਼ਦਾਰ ਨੂੰ ਉਨ੍ਹਾਂ ਦਾ ਦਰਵਾਜ਼ਾ ਖੁਲ੍ਹਵਾਉਣ ਲਈ ਲਿਆਂਦਾ ਗਿਆ ਤੇ ਡਾਕੂ ਘਰ ਦਾ ਸਾਰਾ ਸਾਮਾਨ ਤੇ ਨਗਦੀ ਤੇ ਕਿਲੋਆਂ ਦੇ ਹਿਸਾਬ ਸੋਨਾ ਲੁੱਟ ਕੇ ਲੈ ਗਏ। ਉਨ੍ਹਾਂ ਵਲੋਂ ਚਲਾਈਆਂ ਗੋਲੀਆਂ ਦੇ ਨਿਸ਼ਾਨ ਹਾਲੇ ਤੱਕ ਘਰ ਦੀਆਂ ਕੰਧਾਂ ’ਤੇ ਮੌਜੂਦ ਹਨ।
ਪੱਪੂ ਦੇ ਦਾਦੇ ਸ. ਮਹਿੰਦਰ ਸਿੰਘ ਨੇ ਪਿੰਡ ਰਾਮੂੰਵਾਲਾ ਕਲਾਂ ਨੂੰ ‘ਮਾਡਲ ਗ੍ਰਾਮ’ ਦਾ ਦਰਜਾ ਦਿਵਾ ਕੇ ਜਿੱਥੇ ਪਿੰਡ ਨੂੰ ਸਾਰੀਆਂ ਸਹੂਲਤਾਂ ਨਾਲ ਲੈਸ ਕੀਤਾ, ਉੱਥੇ ਪਿੰਡ ਦੀਆਂ ਗਲੀਆਂ, ਨਾਲੀਆਂ ਤੇ ਫਲ੍ਹੇ ਪੱਕੇ ਕਰਵਾਏ। ਬਲਾਕ ਮੋਗਾ ਇਕ ’ਚ ਬਣੀਆਂ ਸੜਕਾਂ ਹੁਣ ਵੀ ਉਨ੍ਹਾਂ ਦੀ ਯਾਦ ਤਾਜ਼ਾ ਕਰਵਾ ਦਿੰਦੀਆਂ ਹਨ। ਮਾਡਲ ਗ੍ਰਾਮ ਦਾ ਦਰਜਾ ਦਿਵਾਉਣ ਲਈ ਤਾਂ ਉਨ੍ਹਾਂ ਨੂੰ ਸੰਤ ਚੰਦਾ ਸਿੰਘ ਨਾਲ ਰਲ ਕੇ ਸੰਤ ਫਤਿਹ ਸਿੰਘ ਦੇ ਰਸਤੇ ’ਚ ਧਰਨਾ ਵੀ ਲਾਉਣਾ ਪਿਆ। ਹੋਇਆ ਇੰਝ ਕਿ ਮਾਡਲ ਗ੍ਰਾਮ ਵਜੋਂ ਪਿੰਡ ਰਾਮੂੰਵਾਲਾ ਕਲਾਂ ਦਾ ਨਾਂ ਪ੍ਰਸਤਾਵਿਤ ਸੀ ਪਰ ਕਾਗਜ਼ੀ ਕਾਰਵਾਈ ’ਚ ‘ਰਾਮੂੰਆਣਾ’ ਲਿਖਿਆ ਗਿਆ, ਜਿਸ ਤੋਂ ਬਾਅਦ ਰਾਮੂੰਵਾਲਾ ਖੁਰਦ ਕਰ ਦਿੱਤਾ ਗਿਆ। ਜਦੋਂ ਇਸ ਗੱਲ ਦਾ ਪਤਾ ਸੰਤ ਚੰਦਾ ਸਿੰਘ ਤੇ ਸ. ਮਹਿੰਦਰ ਸਿੰਘ ਨੂੰ ਲੱਗਾ ਤਾਂ ਪਿੰਡ ’ਚ ਰੋਸ ਫੈਲ ਗਿਆ। ਸੰਤ ਫਤਿਹ ਸਿੰਘ ਰਾਮੂੰਵਾਲਾ ਖੁਰਦ ਨੂੰ ਮਾਡਲ ਗ੍ਰਾਮ ਬਣਾਉਣ ਦਾ ਉਦਘਾਟਨ ਕਰਨ ਆਏ ਤਾਂ ਉਨ੍ਹਾਂ ਦੇ ਰਸਤੇ ’ਚ ਧਰਨਾ ਲਾ ਕੇ ਉਨ੍ਹਾਂ ਤੋਂ ਮੰਨਵਾਇਆ ਕਿ ਰਾਮੂੰਵਾਲਾ ਕਲਾਂ ਨੂੰ ਵੀ ਮਾਡਲ ਗ੍ਰਾਮ ਬਣਾਇਆ ਜਾਵੇਗਾ, ਜਿਸਦਾ ਅਸਰ ਇਹ ਹੋਇਆ ਕਿ ਦੋਵੇਂ ਗੁਆਂਢੀ ਪਿੰਡ ਮਾਡਲ ਗ੍ਰਾਮ ਬਣ ਗਏ। ਉਨ੍ਹਾਂ ਮੰਡੀ ਬੋਰਡ ਤੋਂ ਪਾਸ ਕਰਵਾ ਕੇ ਬਹੋਨਾ ਤੋਂ ਰਾਮੂੰਵਾਲਾ ਕਲਾਂ ਨੂੰ ਆਉਣ ਵਾਲੀ ਨਵੀਂ ਸੜਕ ਬਣਵਾਈ। ਉਨ੍ਹਾਂ ਨੇ ਪਿਉ ਦੀ ਘੋੜੀ ਦੀ ਥਾਂ ਜਾਵਾ ਮੋਟਰ ਸਾਈਕਲ ਲੈ ਲਿਆ ਤੇ ਪਿੰਡ ’ਚ ਪਹਿਲਾ ਟਰੈਕਟਰ ਮੈਸੀ ਫਰਗੂਸ਼ਨ ਵੀ ਉਨ੍ਹਾਂ ਦੇ ਖੇਤਾਂ ’ਚ ਹੀ ਵਗਿਆ। ਖੇਤੀ ਬਿਜਲੀ ਦਾ ਕੁਨੈਕਸ਼ਨ ਲੈ ਕੇ 15 ਹਾਰਸ ਦੀ ਮੋਟਰ ਵੀ ਪਹਿਲਾਂ ਉਨ੍ਹਾਂ ਦੇ ਖੇਤ ਦਾ ਸ਼ਿੰਗਾਰ ਬਣੀ, ਜਿਸਦਾ ਪਾਣੀ ਆਲੇ-ਦੁਆਲੇ ਦੇ ਪੰਜ ਪਿੰਡਾਂ ਦੀ ਜ਼ਮੀਨ ਸਿੰਜਦਾ ਸੀ। ਮੋਗੇ ਦੀ ਟਰੱਕ ਯੂਨੀਅਨ ਦਾ ਮੁੱਢ ਵੀ ਉਨ੍ਹਾਂ ਨੇ ਬੰਨ੍ਹਿਆਂ ਜਦੋਂ ਕੋਲੇ ਨਾਲ ਚੱਲਣ ਵਾਲੇ ਟਰੱਕ ਉਨ੍ਹਾਂ ਦੀ ਮਲਕੀਅਤ ਦਾ ਹਿੱਸਾ ਸਨ।
ਪੱਪੂ ਦੇ ਪਿਤਾ ਜਥੇਦਾਰ ਲਾਲ ਸਿੰਘ ਬਹੁਤ ਹੀ ਧਾਰਮਿਕ ਬਿਰਤੀ ਵਾਲੇ ਤੇ ਲੋਕ ਸੇਵਾ ਨੂੰ ਸਮਰਪਿਤ ਸਨ। ਉਹ ਗੁਰਦੁਆਰਾ ਕਮੇਟੀ ਦੇ 18 ਸਾਲ ਪ੍ਰਧਾਨ ਰਹੇ ਤੇ ਫੌਤ ਹੋਣ ਵੇਲੇ ਉਹ ਗੁਰਦੁਆਰਾ ਕਮੇਟੀ ਦੀ ਪ੍ਰਧਾਨਗੀ ਤੇ ਪਿੰਡ ਦੀ ਸਰਪੰਚੀ ਦੀਆਂ ਦੋਵੇਂ ਜ਼ਿੰਮੇਵਾਰੀਆਂ ਨਿਭਾਅ ਰਹੇ ਸਨ। ਵੱਡੇ ਭਰਾ ਨੂੰ ਪੜ੍ਹਨ ਲਾ ਕੇ ਖੁਦ 13 ਸਾਲ ਦੀ ਉਮਰ ’ਚ ਹੀ ਉਨ੍ਹਾਂ ਨੇ ਹਲ਼ ਦਾ ਮੁੰਨਾ ਫੜ੍ਹ ਲਿਆ। ਸਕੂਲ ਦੀ ਇਮਾਰਤ ਤੇ ਸਟੇਡੀਅਮ ਤੋਂ ਇਲਾਵਾ ਉਨ੍ਹਾਂ ਨੇ ਗਲੀਆਂ ਨਾਲੀਆਂ ਵੀ ਪੱਕੀਆਂ ਕਰਵਾਈਆਂ। ਗੁਰਦੁਆਰਾ ਸਾਹਿਬ ਦੀ ਇਮਾਰਤ ਸੰਤ ਚੰਦਾ ਸਿੰਘ ਦੀ ਯਾਦ ’ਚ ਸੰਤ ਅਜਮੇਰ ਸਿੰਘ ਰੱਬ ਜੀ ਦੀ ਰਹਿਨੁਮਾਈ ਹੇਠ ਬਣਵਾਈ। ਉਨ੍ਹਾਂ ਦਾ ਪਿੰਡ ਦੇ ਡੇਰੇ ਦੇ ਸੰਤ ਦਰਸ਼ਨਾਂ ਨੰਦ ਨਾਲ ਵੀ ਵਿਸ਼ੇਸ਼ ਸਨੇਹ ਸੀ। ਉਨ੍ਹਾਂ ਨੇ ਲੋੜਵੰਦਾਂ ਤੇ ਗਰੀਬਾਂ ਨੂੰ ਪੈਨਸ਼ਨਾਂ ਤਾਂ ਲਵਾਈਆਂ ਹੀ ਖੁਦ ਵੀ ਉਹ ਹਰੇਕ ਦੀ ਲੋੜ ਵੇਲੇ ਪੈਸੇ-ਧੇਲੇ ਦੀ ਮਦਦ ਕਰਦੇ ਰਹਿੰਦੇ। ਵੱਡਾ ਭਰਾ ਲਛਮਣ ਸਿੰਘ ਗਿੱਲ ਏਅਰ ਫੋਰਸ ’ਚ ਵਿੰਗ ਕਮਾਂਡਰ ਦੀਆਂ ਸ਼ਾਨਦਾਰ ਸੇਵਾਵਾਂ ਨਿਭਾਅ ਕੇ ਰਿਟਾਇਰ ਹੋ ਚੁੱਕਾ ਹੈ।
ਰਣਵਿੰਦਰ ਸਿੰਘ ਪੱਪੂ ਰਾਮੂੰਵਾਲਾ ਨੂੰ ਲਾਣੇ ’ਚੋਂ ਮਿਲੀ ਵਿਕਾਸ ਦੀ ਗੁੜ੍ਹਤੀ ਨੇ ਅਜਿਹਾ ਰੰਗ ਵਿਖਾਇਆ ਕਿ ਪਿੰਡ ਦੀ ਸਰਪੰਚੀ ਤੋਂ ਲੈ ਕੇ ਜ਼ਿਲਾ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਤੱਕ ਦਾ ਸਫਰ ਤੈਅ ਕੀਤਾ। ਲੋਕ ਸੇਵਾ ਦਾ ਜੇ ਕਿਸੇ ਅੰਦਰ ਜਜ਼ਬਾ ਹੋਵੇ ਤਾਂ ਜ਼ਰੂਰੀ ਨਹੀਂ ਕਿ ਉਹ ਐਮ.ਐਲ.ਏ. ਜਾਂ ਮੰਤਰੀ ਬਣ ਕੇ ਹੀ ਕਰ ਸਕਦਾ ਹੈ।
ਪੱਪੂ ਨੇ ਇਹ ਗੱਲ ਉਦੋਂ ਸਿੱਧ ਕਰਕੇ ਵਿਖਾ ਦਿੱਤੀ ਜਦੋਂ ਪ੍ਰਧਾਨਗੀ ਖੁਸਣ ’ਤੇ ਵੀ ਉਸਨੇ ਜ਼ਿਲ੍ਹੇ ’ਚ ਵਿਕਾਸ ਦੇ ਇੰਨੇ ਕੁ ਕੰਮ ਕਰਵਾ ਦਿੱਤੇ , ਜਿੰਨੇ ਮੋਗੇ ਦੇ ਸਿਆਸਤਦਾਨ ਦਹਾਕਿਆਂ ਦੀ ਸਿਆਸਤ ਦੌਰਾਨ ਵੀ ਨਹੀਂ ਕਰਵਾ ਸਕੇ ਸਨ। ਖੇਡ ਸਟੇਡੀਅਮ, ਸਕੂਲ, ਬਿਜਲੀ ਤੇ ਪਾਣੀ ਦੀ ਸਪਲਾਈ, ਸ਼ਮਸ਼ਾਨ ਘਾਟ, ਸੜਕਾਂ, ਗਲੀਆਂ ਨਾਲੀਆਂ, ਪਾਣੀ ਦੀਆਂ ਟੈਂਕੀਆਂ, ਗਰੀਬ ਪਰਿਵਾਰਾਂ ਨੂੰ ਪਲਾਟ, ਮਕਾਨ ਤੇ ਪਖਾਨੇ ਬਣਾਉਣ ਲਈ ਪੂਰੇ ਜ਼ਿਲ੍ਹੇ ਦੇ ਕਰੀਬ ਸਾਰੇ ਪਿੰਡਾਂ ਨੂੰ ਗ੍ਰਾਂਟਾਂ ਵੰਡੀਆਂ। ਖੇਡ ਕਲੱਬਾਂ ਨੂੰ ਖੇਡ ਕਿੱਟਾਂ ਤੇ ਗ੍ਰਾਂਟਾਂ ਦੇ ਕੇ ਨੌਜਵਾਨਾਂ ਨੂੰ ਖੇਡਾਂ ਵੱਲ ਤੋਰਿਆ ਤੇ ਕਬੱਡੀ ਟੂਰਨਾਮੈਂਟਾਂ ’ਚ ਵਿਸੇਸ਼ ਤੌਰ ’ਤੇ ਜਾ ਕੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ।
ਸੈਨਿਕ ਸਕੂਲ ਤੋਂ ਅੰਗਰੇਜ਼ੀ ਮਾਧਿਅਮ ’ਚ ਸਿੱਖਿਆ ਹਾਸਿਲ ਕਰਨ ਵਾਲੇ ਪੱਪੂ ਨੇ ਫੌਜੀ ਅਨੁਸ਼ਾਸਨ ਨੂੰ ਆਪਣੇ ਜੀਵਨ ’ਚ ਢਾਲਿਆ ਹੋਇਆ ਹੈ, ਜਿਸ ਕਾਰਨ ਉਸਦੀ ਕੈਪਟਨ ਅਮਰਿੰਦਰ ਸਿੰਘ ਨਾਲ ਬੜੀ ਜਲਦੀ ਨੇੜਤਾ ਹੋ ਗਈ।  ਸਕੂਲ ਦੇ ਅਨੁਸ਼ਾਸਨ ਤੇ ਲਾਣੇ ਦੀ ਗੁੜ੍ਹਤੀ ਨੇ ਉਸਨੂੰ ਵਿਕਾਸ ਤੇ ਅਨੁਸ਼ਾਸਨ ’ਚ ਪ੍ਰੋਅ ਕੇ ਰੱਖਿਆ ਹੋਇਆ ਹੈ।


Comments Off on ਇਕ ਸਦੀ ਦੇ ਵਿਕਾਸ ਦੀ ਗਾਥਾ ਹੈ ਰਾਮੂੰਵਾਲਾ ਪਰਿਵਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.