ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਆਏ ਦਿਨ ਲੋਕ-ਨਾਇਕ ਬਣ ਕੇ ਉੱਭਰ ਰਿਹਾ ਸ਼ਹੀਦ ਭਗਤ ਸਿੰਘ

Posted On September - 28 - 2010

ਜਸਬੀਰ ਸਿੰਘ ਜੱਸ
15 ਅਗਸਤ 1947 ਦੇ ਆਜ਼ਾਦੀ ਦਿਨ ਤੋਂ ਲੈ ਕੇ ਸੰਸਾਰ ਦੇ ਸਭ ਤੋਂ ਵੱਡੇ ਭਾਰਤੀ ਲੋਕਤੰਤਰ ਦੇ ਲੰਮੇ ਅਰਸੇ ਦੌਰਾਨ ਨੈਤਿਕ ਕਦਰਾਂ-ਕੀਮਤਾਂ ਅਤੇ ਵਤਨਪ੍ਰਸਤੀ ਵਿਚ ਆਏ ਨਿਘਾਰ, ਦੇਸ਼ ਲਈ ਵੱਡਾ ਤੇ ਲਿਖਤੀ ਸੰਵਿਧਾਨ ਹੋਣ ਦੇ ਬਾਵਜੂਦ ਉਪਰਲੇ ਪੱਧਰ ਤੱਕ ਲਗਾਤਾਰ ਫੈਲ ਰਹੀ ਭ੍ਰਿਸ਼ਟਾਚਾਰੀ ਤੇ ਲਾ-ਕਾਨੂੰਨੀ ਅਤੇ ਅਮੀਰੀ-ਗਰੀਬੀ ਵਿਚ ਵਧ ਰਹੇ ਲਗਾਤਾਰ ਪਾੜੇ ਕਾਰਨ ਲੋਕ ਅਕਸਰ ਕਹਿੰਦੇ ਸੁਣੇ ਜਾਂਦੇ ਹਨ, ”ਏਸ ਅਜ਼ਾਦੀ ਨਾਲੋਂ ਤਾਂ ਅੰਗਰੇਜ਼ਾਂ ਦਾ ਰਾਜ ਚੰਗਾ ਸੀ” ਅਤੇ ਅਜ਼ਾਦ ਭਾਰਤ ਦੇ 50 ਸਾਲਾਂ ਜਸ਼ਨਾਂ ਤੱਕ ਸਮਾਜਿਕ ਨਾ- ਬਰਾਬਰੀ, ਦੇਸ਼ ਵਿਚ ਲਗਾਤਾਰ ਫੈਲ ਰਹੇ ਜਾਤ-ਪਾਤ, ਪ੍ਰਾਂਤਵਾਦ ਤੇ ਹਿੰਸਾਤਮਕ ਅੰਦੋਲਨਾਂ ਨਾਲ ਉਦਾਸੇ ਹੋਏ ਭਾਰਤ ਵਾਸੀਆਂ ਨੇ ਸ਼ਹੀਦ ਭਗਤ ਸਿੰਘ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤੈ। ਭਗਤ ਸਿੰਘ ਦੀ ਲਗਾਤਾਰ ਵਧ ਰਹੀ ਹਰਮਨਪਿਆਰਤਾ ਦਾ ਸਿਹਰਾ ਕਿਸੇ ਇਕ ਰਾਜਨੀਤਕ ਦਲ ਨੂੰ ਨਹੀਂ ਦਿੱਤਾ ਜਾ ਸਕਦਾ, ਇਹ ਭਾਰਤੀਆਂ ਦੇ ਮਨ ਵਿਚ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਲਗਾਤਾਰ ਢਾਹ ਲੱਗਣ, ਸ਼ਹੀਦ ਭਗਤ ਸਿੰਘ ਦੀ ਭਾਰਤੀਆਂ ਨੂੰ ਆਜ਼ਾਦੀ ਲਈ ਜਗਾਉਣ ਲਈ ਕੀਤੀ ਗਈ ਕੁਰਬਾਨੀ ਅਤੇ ਉਸ ਵੱਲੋਂ ਆਜ਼ਾਦੀ ਤੋਂ ਬਾਅਦ ਉਸਾਰੇ ਜਾਣ ਵਾਲੇ ਬਰਾਬਰੀ ‘ਤੇ ਆਧਾਰਿਤ ਰਾਜ ਪ੍ਰਬੰੰਧ ਦੇ ਸੁਪਨਿਆਂ ਬਾਰੇ ਜਨਤਕ ਸੋਝੀ ਆਉਣ ਦਾ ਪ੍ਰਤੀਫਲ ਹੈ ਕਿ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ, ”ਕਾਸ਼! ਅੱਜ ਸਰਦਾਰ ਭਗਤ ਸਿੰਘ ਜਿਊਂਦਾ ਹੁੰਦਾ।”
28 ਸਤੰਬਰ 2007 ਨੂੰ ਸਹੀਦ ਭਗਤ ਸਿੰਘ ਦੀ 100 ਸਾਲਾ ਜਨਮ ਸ਼ਤਾਬਦੀ ਰਾਸ਼ਟਰੀ ਪੱਧਰ ‘ਤੇ ਮਨਾਏ ਜਾਣਾ, ਰਾਜਧਾਨੀ ਦਿੱਲੀ ਦੇ ਸੰਸਦ ਭਵਨ ਵਿਖੇ ਉਸ ਦਾ ਬੁੱਤ ਸਥਾਪਤ ਹੋਣਾ, ਉਸ ਦੇ ਜੀਵਨ ਅਤੇ ਫਲਸਫੇ ਬਾਰੇ ਤਿੰਨ ਫਿਲਮਾਂ ਬਣਨਾ; ਉਸ ਦੀ ਮਹਾਨ ਕੁਰਬਾਨੀ ਅਤੇ ਭਵਿੱਖੀ ਸੋਚ ਪ੍ਰਤੀ ਆਏ ਲੋਕ-ਉਭਾਰ ਸਦਕਾ ਹੀ ਹੈ। ਇਵੇਂ 23 ਮਾਰਚ 1931 ਨੂੰ ਭਗਤ ਸਿੰਘ ਦੀ ਬੇਖੌਫ ਅਤੇ ਵਤਨ ਵਿਚ ਆਜ਼ਾਦੀ ਦੀ ਤੜਫ ਜਗਾਉਣ ਲਈ ਕੀਤੀ  ਕੁਰਬਾਨੀ ਦੇ 75 ਸਾਲਾਂ ਬਾਅਦ ਉਸ ਦੀ ਸ਼ਹਾਦਤ ਅਤੇ ਸ਼ਖਸੀਅਤ ਦੇ ਏਨੇ ਪਹਿਲੂ ਉਜਾਗਰ ਹੋ ਚੁੱਕੇ ਹਨ ਕਿ ਉਸ ਵਿਚੋਂ ਭਾਰਤ ਦੇ ਉਦਾਸੇ ਅਤੇ ਨਿਰਾਸ਼ੇ ਹੋਏ ਲੋਕਤੰਤਰ  ਨੂੰ ਚੰਗੇਰੇ ਭਵਿੱਖ ਦਾ ਧਰਵਾਸ ਲੱਭ ਰਿਹਾ ਹੈ। ਲੱਖਾਂ ਭਾਰਤੀਆਂ ਦੇ ਮਨਾਂ ਅਤੇ ਘਰਾਂ ਵਿਚ ਉਸ ਦੀਆਂ ਤਸਵੀਰਾਂ ਦੀ ਤਾਦਾਦ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਲੋਕ ਤਾਂ ਇਹ ਵੀ ਮਹਿਸੂਸ ਕਰਨ ਲੱਗ ਪਏ ਹਨ ਕਿ ਜੇਕਰ ਭਗਤ ਸਿੰਘ ਵਰਗਾ ਚਿੰਤਕ ਅਤੇ ਦੂਰ-ਦ੍ਰਿਸ਼ਟੀਵਾਨ ਨੇਤਾ ਜਿਊਂਦਾ ਹੁੰਦਾ ਤਾਂ ਅੱਜ ਭਾਰਤ ਦੀ ਤਸਵੀਰ ਹੋਰ ਹੋਣੀ ਸੀ।
ਸ਼ਹੀਦੇ ਆਜ਼ਮ ਭਗਤ ਸਿੰਘ ਦਾ ਨਾਂ ਲੈਂਦਿਆਂ ਹੀ ਸ਼ਹੀਦਾਂ ਦੀ ਤਿਕੜੀ ਭਾਵ ਇਕੋ ਵੇਲੇ ਫਾਂਸੀ ‘ਤੇ ਚੜ੍ਹਨ ਵਾਲੇ ਤਿੰਨ ਸ਼ਹੀਦਾਂ ਦੇ ਚਿਹਰੇ ਮਨ-ਮਸਤਕ ਵਿਚ ਉਕਰ ਜਾਂਦੇ ਹਨ। ਵਿਚਕਾਰ ਸ਼ਹੀਦਾਂ ਦਾ ਨਾਇਕ ਸ. ਭਗਤ ਸਿੰਘ ਅਤੇ ਸੱਜੇ ਖੱਬੇ ਸ਼ਹੀਦ ਸੁਖਦੇਵ ਅਤੇ ਰਾਜਗੁਰੂ। ਮਿਸਾਂ ਸਾਢੇ 23 ਸਾਲ ਦੀ ਉਮਰੇ ਦੇਸ਼ ਖਾਤਿਰ ਮਰ ਮਿਟਣ ਦੇ ਵਿਲੱਖਣ ਜਜ਼ਬੇ; ਦੁਨੀਆਂ ਭਰ ਦੇ ਇਨਕਲਾਬਾਂ ਦਾ ਅਧਿਐਨ ਅਤੇ ਦੇਸ਼ ਦੇ ਭਵਿੱਖ ਬਾਰੇ ਦੂਰਦਰਸ਼ੀ ਲਿਖਤਾਂ ਲਿਖਣ ਕਰਕੇ ਭਗਤ ਸਿੰਘ ਨੇ ਅਜ਼ਾਦੀ ਸੰਗਰਾਮ ਦੇ ਹੋਰਨਾਂ ਸ਼ਹੀਦਾਂ ਨਾਲੋਂ ਵਿਲੱਖਣ ਤੇ ਉੱਚਾ ਸਥਾਨ ਪ੍ਰਾਪਤ ਕਰ ਲਿਆ ਹੈ। ਵਰਣਨਯੋਗ ਹੈੇ ਕਿ ਉਸ ਸਮੇਂ ਦੇ ਤਕਰੀਬਨ ਦੋ ਲੱਖ ਭਾਰਤੀਆਂ ਨੇ ਭਗਤ ਸਿੰਘ ਨੂੰ ਫਾਂਸੀ ਨਾ ਲਗਾਏ ਜਾਣ ਦੀਆਂ ਲਿਖਤੀ ਅਪੀਲਾਂ ਕੀਤੀਆਂ ਸਨ ਅਤੇ ਉਸ ਦੀ ਹਰਮਨਪਿਆਰਤਾ ਉਸ ਸਮੇਂ ਦੇ ਸਿਰਮੌਰ ਰਾਜਸੀ ਆਗੂ ਮਹਾਤਮਾ ਗਾਂਧੀ ਨਾਲ ਮੁਕਾਬਲਾ ਕਰ ਰਹੀ ਸੀ। ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀ ਇਨਕਲਾਬੀ ਪਾਰਟੀ ਦਾ ਟੀਚਾ ਅੰਗਰੇਜ਼ਾਂ ਨੂੰ ਦੇਸ਼ ਵਿਚੋਂ ਹਿੱਕ ਦੇ ਜ਼ੋਰ ਬਾਹਰ ਕੱਢਣਾ ਹੀ ਨਹੀਂ ਸਗੋਂ ਆਜ਼ਾਦੀ ਉਪਰੰਤ ਸਰਵ ਸਾਂਝੇ ਸਮਾਜਵਾਦ ਦੀ ਸਥਾਪਨਾ ਕਰਨਾ ਸੀ। ਨੌਜਵਾਨ ਭਾਰਤ ਸਭਾ ਦੇ ਮੈਨੀਫੈਸਟੋ ਵਿਚ ਸਪੱਸ਼ਟ ਲਿਖਿਆ ਹੈ ਕਿ ਸਾਡੇ ਲਈ ਇਨਕਲਾਬ ਦਾ ਅਰਥ ਕੇਵਲ ਹਾਕਮਾਂ ਦੀ ਤਬਦੀਲੀ ਹੀ ਨਹੀਂ ਹੋਵੇਗੀ। ਸਾਡੇ ਲਈ ਇਹਦਾ ਅਰਥ ਹੋਵੇਗਾ ਬਿਲਕੁਲ ਨਵੇਂ ਢਾਂਚੇ ‘ਤੇ ਰਾਜ ਪ੍ਰਬੰਧ ਦੀ ਸਥਾਪਨਾ।
ਭਗਤ ਸਿੰਘ ਜ਼ੁਲਮ ਨੂੰ ਠੱਲ੍ਹਣ ਲਈ ਹਿੰਸਾ ਨੂੰ ਕਿਸੇ ਹੱਦ ਤਕ ਜਾਇਜ਼ ਮੰਨਦੇ ਸਨ ਪੰਤੂ ਅੰਨ੍ਹੀ ਕਤਲੋ-ਗਾਰਤ ਅਤੇ ਨਿਰਦੋਸ਼ਾਂ ਦੇ ਲਹੂ ਡੋਲ੍ਹਣ ਦੀ ਨਿੰਦਾ ਕਰਦੇ ਸਨ। ਉਨ੍ਹਾਂ ਦੀ ਨੌਜਵਾਨ ਭਾਰਤ ਸਭਾ ਅਤੇ ਹਿੰਦੋਸਤਾਨ ਸੋਸ਼ਲਿਸ਼ਟ ਰਿਪਬਲਿਕਨ ਪਾਰਟੀ ਦੇਸ਼ ਦੇ ਆਜ਼ਾਦ ਹੋਣ ਉਪਰੰਤ ਪੂਰਨ ਤੌਰ ‘ਤੇ ਬਰਾਬਰੀ ਦੇ ਸਮਾਜ ਦਾ ਸੰਕਲਪ ਰੱਖਦੀ ਸੀ; ਜਿਸ ਵਿਚ ਇਨਸਾਨੀ ਬਰਾਬਰੀ ਅਤੇ ਯੋਗਤਾ ਨੂੰ ਸਭ ਤੋਂ ਉੱਚੀ ਥਾਂ ਦਿੱਤੇ ਜਾਣ ਦਾ ਪ੍ਰਣ ਸੀ। ਜ਼ਾਹਿਰ ਹੈ ਕਿ ਜੇਕਰ ਭਗਤ ਸਿੰਘ ਹੋਰਾਂ ਦੀ ਸੋਚ ਦਾ ਨਿਜ਼ਾਮ ਹੁੰਦਾ ਤਾਂ ਭਾਰਤ ਵਿਚ ਜਾਤੀ ਆਧਾਰਿਤ ਰਿਜ਼ਰਵੇਸ਼ਨ ਦੀ ਥਾਂ ਆਰਥਿਕ ਨਾ-ਬਰਾਬਰੀ ਹੁੰਦਾ (ਸੰਵਿਧਾਨ ਘੜਨੀ ਸਭਾ ਦੇ ਚੇਅਰਮੈਨ ਅਤੇ ਦਲਿਤ ਸ਼੍ਰੇਣੀਆਂ  ਦੇ ਮਸੀਹਾ ਡਾ. ਭੀਮ ਰਾਉ ਅੰਬੇਦਕਰ ਵੀ 10 ਸਾਲਾਂ ਦੇ ਰਾਖਵੇਂਕਰਣ ਤੋਂ ਬਾਅਦ ਸ਼ਾਇਦ ਇਹੋ ਢੰਗ ਅਪਨਾਉਣ ‘ਤੇ ਜ਼ੋਰ ਦਿੰਦੇ) ਅਤੇ ਹੁਣ ਵਾਂਗ ਭਾਰਤ ਸਰਕਾਰ ਵੱਲੋਂ ਆਮ ਮਰਦਸ਼ੁਮਾਰੀ ਤੋਂ ਬਾਅਦ ਭਾਰਤ ਦੀਆਂ ਅਨੇਕ ਜਾਤੀਆਂ ਦੇ ਸਰਵੇਖਣ ਲਈ ਕਰੋੜਾਂ ਰੁਪਏ ਖਰਚ ਕੇ ਇਕ ਹੋਰ ਜਨਗਣਨਾ ਕਰਵਾਉਣੀ ਤਾਂ ਕਿਆਸੀ ਹੀ ਨਹੀਂ ਜਾ ਸਕਦੀ। ਦੇਸ਼ ਦੇ ਸ਼ੁਭਚਿੰਤਕਾਂ ਅਨੁਸਾਰ ਇਸ ਨਾਲ ਰਾਜਨੀਤਕਾਂ ਨੂੰ ਤਾਂ ਕਿਸੇ ਨਾ ਕਿਸੇ ਰੂਪ ਵਿਚ ਲਾਭ/ਹਾਣ ਹੋਵੇਗਾ ਹੀ ਪਰ ਦੇਸ਼ ਜਾਤ- ਪਾਤ ਦੀਆਂ ਲਕੀਰਾਂ ਵਿਚ ਵੰਡਿਆ ਜਾਵੇਗਾ। ਜੇਲ੍ਹ ਵਾਸ ਦੌਰਾਨ ਭਗਤ ਸਿੰਘ ਵੱਲੋਂ ਆਪਣੇ ਮੈਲਾ ਚੁੱਕਣ ਵਾਲੇ ਨੂੰ ”ਦੂਸਰੀ ਬੇਬੇ” ਦਾ ਖਿਤਾਬ ਅਤੇ ਆਦਰ ਦੇਣਾ ਉਨ੍ਹਾਂ ਵੱਲੋਂ ਇਨਸਾਨੀ ਰਿਸ਼ਤਿਆਂ ਨੂੰ ਬਰਾਬਰੀ ਦੇਣ ਦਾ ਜਿਊਂਦਾ ਜਾਗਦਾ ਸਬੂਤ ਹੈ।
ਸ਼ਹੀਦ ਭਗਤ ਸਿੰਘ ਨੇ ਭਵਿੱਖਬਾਣੀ ਕਰਦਿਆਂ ਕਿਹਾ ਸੀ ਕਿ ਅੰਗਰੇਜ਼ ਦੇਸ਼ ਨੂੰ ਪੂਰਨ ਸਵਰਾਜ ਦੇ ਕੇ ਨਹੀਂ ਸਗੋਂ ਸੱਤਾ ਦੀ ਤਬਦੀਲੀ ਕਰਕੇ ਜਾਣਗੇ ਅਤੇ ਦੇਸੀ ਹਾਕਮਾਂ ਨੂੰ ਠੀਕ ਲੀਹੇ ਪਾਉਣ ਲਈ ਲੋਕਾਂ ਖਾਸ ਕਰਕੇ ਨੌਜਵਾਨਾਂ ਨੂੰ ਪਹਿਰੇਦਾਰਾਂ ਵਾਂਗ ਜਗਾ ਕੇ ਰੱਖਣ ਦੀ ਜ਼ਿੰਮੇਵਾਰੀ ਸੰਭਾਲਣੀ ਪਵੇਗੀ। ਭਗਤ ਸਿੰਘ ਦੀ ਸ਼ਹਾਦਤ ਅੱਜ ਵੀ ਨਵੀਂ ਨਸਲ ਨੂੰ ਚੇਤਨ ਨਾਗਰਿਕ ਬਣਨ ਅਤੇ ਦੇਸ਼ ਵਿਚ ਬਰਾਬਰੀ ਦਾ ਨਿਜ਼ਾਮ ਕਾਇਮ ਕਰਨ ਦਾ ਸੁਨੇਹਾ ਦੇ ਰਹੀ ਹੈ, ਜਿਸ  ਵਿਚ ਕਿਰਤੀ ਦੀ ਕਿਰਤ ਦਾ ਪੂਰਾ ਮੁੱਲ ਪਵੇ। ਲੋਕਾਂ ਦਾ ਸ਼ੋਸ਼ਣ ਨਾ ਹੋਵੇ ਅਤੇ  ਹਰੇਕ ਨੂੰ ਮਿਹਨਤ ਅਤੇ ਯੋਗਤਾ ਦੇ ਅਧਾਰ ‘ਤੇ ਮਿਹਤਾਨਾ ਅਤੇ ਸਤਿਕਾਰ ਮਿਲੇ। ਨਾਟਕਾਂ, ਫਿਲਮਾਂ ਤੇ ਡਰਾਮਿਆਂ ਵਿਚ ਭਗਤ ਸਿੰਘ ਨੂੰ ਮਰਨ ਦਾ ਚਾਅ ਚੜ੍ਹੇ ਹੋਣ ਦੀ ਚਰਿੱਤਰਸਾਜ਼ੀ ਨਾਲ ਸ਼ਹੀਦ ਦੇ ਬੁਲੰਦ ਕਿਰਦਾਰ ਦੀ ਸਹੀ ਤਰਜਮਾਨੀ ਨਹੀਂ ਹੁੰਦੀ।
ਹੈਰਾਨੀ ਦੀ ਗੱਲ ਇਹ ਹੈ ਕਿ ਬਚਪਨ ਵਿਚ ਆਰੀਆ ਸਮਾਜ ਸਕੂਲ (ਡੀ.ਏ.ਵੀ.) ਵਿਚ ਪੜ੍ਹਿਆ ”ਪੱਗੜੀ ਸੰਭਾਲ ਜੱਟਾ”, ਲਹਿਰ ਦੇ ਮੋਢੀ ਆਪਣੇ ਚਾਚਾ ਸ. ਅਜੀਤ ਸਿੰਘ ਤੋਂ ਵਿਰਾਸਤੀ ਦੇਸ਼ ਪਿਆਰ ਦੀ ਗੁੜ੍ਹਤੀ ਜਲਿ੍ਹਆਂ ਵਾਲੇ ਬਾਗ ਦੇ ਸਾਕੇ ਉਪਰੰਤ ਸ਼ਹੀਦ ਹੋਏ ਭਾਰਤੀਆਂ ਦੇ ਸਾਂਝੇ ਖੂਨ ਨਾਲ ਰੰਗੀ ਮਿੱਟੀ ਦੀ ਮੁੱਠ ਲੈ ਕੇ ਉਦਾਸ ਪਰਤਿਆ ਬਾਲ ਭਗਤ ਸਿੰਘ ਅਤੇ 19 ਸਾਲ ਦੀ ਸਭ ਤੋਂ ਛੋਟੀ ਉਮਰ ਦੇ ਉਸ ਦੇ ਆਪਣੇ ਜਿਹੇ ਸੂਝਵਾਨ (ਅਤੇ ਅੰਗਰੇਜ਼ਾਂ ਲਈ ਸਭ ਤੋਂ ਖਤਰਨਾਕ) ਗ਼ਦਰੀ ਸ਼ਹੀਦ ਕਰਤਾਰ ਸਿੰਘ ਨੂੰ ਵਤਨਪ੍ਰਸਤੀ ਦਾ ਗੁਰੂ ਸਮਝ ਕੇ ਉਸ ਦੀ ਫੋਟੋ ਨੂੰ ਹਰ ਵਕਤ ਜੇਬ੍ਹ ਵਿਚ ਰੱਖਣ ਵਾਲਾ ਭਗਤ ਸਿੰਘ ਆਪਣੇ ਸਾਥੀਆਂ ਸਮੇਤ 1922 ਵਿਚ ਸਕੂਲੀ ਪੜ੍ਹਾਈ ਛੱਡ ਕੇ ਅਹਿੰਸਾ-ਵਾਦੀ ਨੇਤਾ ਮਹਾਤਮਾ ਗਾਂਧੀ ਦੇ ਪ੍ਰਭਾਵ ਸਦਕਾ ਭਾਰਤ ਛੱਡੋ ਅੰਦੋਲਨ ਵਿਚ ਕੁੱਦਿਆ ਸੀ। ਬਿਨਾਂ ਕਿਸੇ ਪ੍ਰਾਪਤੀ ਦੇ ਇਸ ਅੰਦੋਲਨ ਨੂੰ ਵਾਪਸ ਲੈਣਾ ਉਸ ਨੂੰ ਤੇ ਉਸ ਦੇ ਸਾਥੀਆਂ ਨੂੰ ਨਾ-ਖੁਸ਼ਗਵਾਰ ਲੱਗਾ। ਉਨ੍ਹਾਂ ਮੁਤਾਬਕ ਇਹ ਅੰਦੋਲਨ  ਮੁਲਤਵੀ ਨਹੀਂ ਸੀ ਕੀਤਾ ਜਾਣਾ ਚਾਹੀਦਾ। ਇਵੇਂ ਮਹਾਤਮਾ ਗਾਂਧੀ ਦੇ ਅੰਦੋਲਨ ਤੋਂ ਪ੍ਰਭਾਵਿਤ ਹੋਏ ਨੌਜਵਾਨਾਂ ਨੇ ਉਸ ਵੇਲੇ ਅੰਗਰੇਜ਼ਾਂ ਵਿਰੁੱਧ ਸੋਚ-ਸੋਚ ਕੇ ਪੈਰ ਅਗਾਂਹ ਧਰਨ ਵਾਲੇ ਅਹਿੰਸਾ ਵਾਦੀ ਅੰਦੋਲਨ ਤੋਂ ਰੱੁਸ ਕੇ ਜੋਸ਼ ਨਾਲ ਜ਼ਿੰਦਗੀ ਦੇਸ਼ ਦੇ ਲੇਖੇ ਲਾਉਣ ਦਾ ਰਾਹ ਫੜ ਲਿਆ ਅਤੇ ਜੋਸ਼ ਵਿਚ ਅੰਨ੍ਹੇ ਹੋ ਕੇ ਦੇਸ਼ ਲਈ ਮਰਨ ਦਾ ਚਾਅ ਪੂਰਾ ਨਹੀਂ ਕੀਤਾ ਸਗੋਂ ਦੁਨੀਆਂ ਭਰ ਦੇ ਇਨਕਲਾਬਾਂ ਤੇ ਰਾਜਸੱਤਾ ਤਬਦੀਲੀਆਂ ਦਾ ਵੱਧ ਤੋਂ ਵੱਧ ਸਾਹਿਤ ਪੜ੍ਹ ਕੇ ਅਤੇ ਨਿਸ਼ਚਾ ਕਰਕੇ ਆਪਣੀ ਕੁਰਬਾਨੀ ਤੋਂ ਬਾਅਦ ਆਜ਼ਾਦ ਹੋਣ ਵਾਲੇ ਭਾਰਤ ਦੀ ਭਵਿੱਖੀ ਰੂਪ-ਰੇਖਾ ਵੀ ਚਿੱਤਰੀ। ਉਨ੍ਹਾਂ ਦੇ ਸਾਥੀਆਂ ਨੇ ਉਸ ਸਮੇਂ ਦੇ ਉੱਘੇ ਰਾਜਸੀ ਨੇਤਾ ਲਾਲਾ ਲਾਜਪਤ ਰਾਏ ਦੀ ਸ਼ਹਾਦਤ ਨੂੰ ਭਾਰਤੀਆਂ ਦੀ ਅਣਖ ਦਾ ਸਵਾਲ ਸਮਝ ਕੇ ਇਕ ਅੰਗਰੇਜ਼ ਪੁਲੀਸ ਅਫਸਰ ਸਾਂਡਰਸ ਦਾ ਕਤਲ ਕਰ ਦਿੱਤਾ (ਜਿਸ ਕਰਕੇ ਉਸ ਨੂੰ ਆਪਣੇ ਦੋ ਸਾਥੀਆਂ ਸਮੇਤ ਫਾਂਸੀ ਹੋਈ) ਭਾਰਤ ਮਾਤਾ ਲਈ ਸ਼ਹੀਦੀਆਂ ਤਾਂ ਕਈ ਹੋਰਨਾਂ ਨੇ ਵੀ ਬੇਮਿਸਾਲ ਜੋਸ਼ ਤੇ ਉਤਸ਼ਾਹ ਨਾਲ ਦਿੱਤੀਆਂ ਪਰ ਭਾਰਤ ਦੇ ਭਵਿੱਖੀ ਸੁਪਨੇ- ਸਾਜ਼ ਅਤੇ ਉਸ ਦੀ ਦੀਰਘ ਦ੍ਰਿਸ਼ਟੀ  ਕਾਰਨ ਸ਼ਹੀਦਾਂ ਦੇ ਸਰਦਾਰ ਮੋਹਰੀ ਹੋਣ ਦਾ ਮਾਣ ਭਗਤ ਸਿੰਘ ਨੂੰ ਹੀ ਪ੍ਰਾਪਤ ਹੋਇਆਂ। ਜਿਉਂ ਜਿਉਂ ਭਾਰਤੀ ਲੋਕਤੰਤਰ ਜਾਤਾਂ-ਕੁਜਾਤਾਂ, ਭਾਸ਼ਾਈ, ਖੇਤਰੀ ਅਤੇ ਵੋਟਾਂ ਲੈਣ ਲਈ  ਅਨੈਤਿਕਤਾ ਵੱਲ ਵਧ ਰਿਹਾ ਹੈ, ਭਗਤ ਸਿੰਘ ਆਮ ਲੋਕਾਂ ਦੀ ਸੋਚ ਦਾ ਮਸੀਹਾ ਬਣ ਰਿਹਾ ਹੈ। ਉਸ ਦੀ ਹਰਮਨਪਿਆਰਤਾ ਲਗਾਤਾਰ ਵਧਦੀ ਜਾ ਰਹੀ ਹੈ। ਉਸ ਦੇ ਸ਼ਰਧਾਵਾਨ ਉਸ ਦੀ ਤਸਵੀਰ ਭਾਰਤੀ ਕਰੰਸੀ ‘ਤੇ ਉਕਰੀ ਹੋਈ ਵੇਖਣਾ ਕਿਆਸ ਰਹੇ ਹਨ ਅਤੇ ਭਾਰਤੀ ਨੋਟ ਵਿਚ ਉਸ ਦੀ ਤਸਵੀਰ ਨੈੱਟਵਰਕ ‘ਤੇ ਪਾ ਕੇ ਵੀ ਉਸ ਨੂੰ ਵੱਖਰੀ ਤਰ੍ਹਾਂ ਦੀ ਸ਼ਰਧਾਂਜਲੀ ਦੇਣ ਦਾ ਚਾਅ ਪੂਰਾ ਕਰ ਲਿਆ ਹੈ।
ਪੰਜਾਬੀ ਦੇ ਇਕ ਗੀਤਕਾਰ ਦੀ ਰਚਨਾ ਤੇ ਲੋਕ-ਗਾਇਕ ਨਿਸ਼ਾਨ ਭੁੱਲਰ ਨੇ ‘ਤੇਰੀ ਫੋਟੋ ਭਗਤ ਸਿਹਾਂ ਕਿਉਂ ਨਹੀਂ ਛਪਦੀ ਨੋਟਾਂ ‘ਤੇ’ ਗੀਤ ਗਾ ਕੇ ਲੋਕ ਮਨਾਂ ਵਿਚ ਨਿਰੰਤਰ ਸਥਾਨ ਬਣਾਈ ਜਾ ਰਹੇ ਭਗਤ ਸਿੰਘ ਬਾਰੇ ਵਲਵਲਿਆਂ ਨੂੰ ਸ਼ਬਦਾਂ ਅਤੇ ਲੋਕ-ਸੁਰਾਂ ਦਾ ਜਾਮਾ ਵੀ ਪਹਿਨਾ ਦਿੱਤਾ ਹੈ।


Comments Off on ਆਏ ਦਿਨ ਲੋਕ-ਨਾਇਕ ਬਣ ਕੇ ਉੱਭਰ ਰਿਹਾ ਸ਼ਹੀਦ ਭਗਤ ਸਿੰਘ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.